ਵੱਡੇ ਘਰਾਣਿਆਂ ਦੀ ਬੱਸਾਂ ਨੂੰ ਬਰੇਕ ਲਾਉਣ ਵਿਚ ਕੈਪਟਨ ਸਰਕਾਰ ਨਾਕਾਮ

ਬਠਿੰਡਾ: ਵੱਡੇ ਘਰਾਣਿਆਂ ਦੀ ਬੱਸਾਂ ਨੂੰ ਬਰੇਕ ਲਾਉਣ ਵਿਚ ਕੈਪਟਨ ਸਰਕਾਰ ਨਾਕਾਮ ਰਹੀ ਹੈ। ਸਰਕਾਰ ਦੀ ਚੁੱਪ ਮਗਰੋਂ ਪ੍ਰਾਈਵੇਟ ਬੱਸ ਮਾਲਕ ਹੁਣ ਵੱਡੇ ਘਰਾਣੇ ਦੀ ਬੱਸ ਕੰਪਨੀ ਅੱਗੇ ਵਿਛਣ ਲੱਗੇ ਹਨ। ਪ੍ਰਾਈਵੇਟ ਬੱਸ ਮਾਲਕਾਂ ਨੂੰ ਉਮੀਦਾਂ ਸਨ ਕਿ ਕੈਪਟਨ ਸਰਕਾਰ ਬਣਨ ਮਗਰੋਂ ਉਨ੍ਹਾਂ ਦੇ ਦਿਨ ਬਦਲਣਗੇ। ਜਦੋਂ ਕੁਝ ਵੀ ਨਾ ਬਦਲਿਆ ਤਾਂ ਇਨ੍ਹਾਂ ਟਰਾਂਸਪੋਰਟਾਂ ਨੇ ਰੂਟ ਪਰਮਿਟ ‘ਤੇ ਬੱਸਾਂ ਵੱਡੇ ਘਰਾਣੇ ਦੇ ਹਵਾਲੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ ਮਾਲੀ ਵਰ੍ਹੇ ਤੋਂ ਹੀ ਜਰਨੈਲੀ ਸੜਕਾਂ ‘ਤੇ ਕੋਈ ਟਾਵੀਂ ਹੀ ਹੋਰ ਕੰਪਨੀ ਦੀ ਬੱਸ ਨਜ਼ਰ ਪਏਗੀ, ਨਹੀਂ ਤਾਂ ਇਕੋ ਕੰਪਨੀ ਦਾ ਏਕਾਧਿਕਾਰ ਹੋਵੇਗਾ। ਬਠਿੰਡਾ ਤੇ ਬਰਨਾਲਾ ਦੀਆਂ ਦੋ ਵੱਡੀਆਂ ਬੱਸ ਕੰਪਨੀਆਂ ਵੱਲੋਂ ਸਮੇਤ ਬੱਸਾਂ ਆਪਣੇ ਰੂਟ ਪਰਮਿਟਾਂ ਵਗੈਰਾ ਦਾ ਸੌਦਾ ਇੱਕ ਵੱਡੇ ਘਰਾਣੇ ਦੀ ਬੱਸ ਕੰਪਨੀ ਨਾਲ ਕਰਨ ਦੇ ਚਰਚੇ ਹਨ।

ਸੂਤਰ ਦੱਸਦੇ ਹਨ ਕਿ ਬਰਨਾਲਾ ਦੀ ਇੱਕ ਵੱਡੀ ਬੱਸ ਕੰਪਨੀ ਨੇ ਬਠਿੰਡਾ ਲੁਧਿਆਣਾ ਅਤੇ ਬਠਿੰਡਾ ਜਲੰਧਰ ਵਾਲੇ ਅਤੇ ਹੋਰ ਰੂਟ ਪਰਮਿਟ ਸਮੇਤ ਬੱਸਾਂ ਦਾ ਸੌਦਾ ਕੀਤਾ ਹੈ। ਇਵੇਂ ਬਠਿੰਡਾ ਦੀ ਇੱਕ ਵੱਡੀ ਬੱਸ ਕੰਪਨੀ ਨੇ ਹਥਿਆਰ ਸੁੱਟੇ ਹਨ, ਜਿਸ ਨੇ ਅੱਧੀ ਦਰਜਨ ਰੂਟ ਪਰਮਿਟ ‘ਤੇ ਬੱਸਾਂ ਦਾ ਸੌਦਾ ਕੀਤਾ ਹੈ। ਕੁਝ ਟਰਾਂਸਪੋਰਟਰਾਂ ਨੇ ਦੱਸਿਆ ਕਿ ਹੁਣ ਤਾਂ ਬਹੁਤੇ ਪ੍ਰਾਈਵੇਟ ਟਰਾਂਸਪੋਰਟਾਂ ਦਾ ਮਨੋਬਲ ਡਿੱਗ ਚੁੱਕਾ ਹੈ ਕਿਉਂਕਿ ਉਨ੍ਹਾਂ ਨੂੰ ਕੈਪਟਨ ਸਰਕਾਰ ਤੋਂ ਵੱਡੀਆਂ ਆਸਾਂ ਸਨ। ਇੱਕ ਟਰਾਂਸਪੋਰਟਰ ਨੇ ਦੱਸਿਆ ਕਿ ਹਾਲੇ ਵੀ ਬੱਸਾਂ ਦੇ ਟਾਈਮ ਟੇਬਲ ਵੱਡੇ ਘਰਾਣੇ ਦੇ ਜਰਨੈਲ ਹੀ ਬੈਠ ਕੇ ਤਿਆਰ ਕਰਦੇ ਹਨ। ਬਠਿੰਡਾ ਦੇ ਇੱਕ ਹੋਰ ਟਰਾਂਸਪੋਰਟਰ ਦੀਆਂ ਬੱਸਾਂ ‘ਤੇ ਵੀ ਇਨ੍ਹਾਂ ਜਰਨੈਲਾਂ ਦੀ ਅੱਖ ਹੈ। ਪੀ.ਆਰ.ਟੀ.ਸੀ. ਦੇ ਇੱਕ ਅਧਿਕਾਰੀ ਨੇ ਆਖਿਆ ਕਿ ਜਦੋਂ ਸਾਰੀ ਦਾਲ ਕਾਲੀ ਹੋਵੇ ਤਾਂ ਚੁੱਪ ਵਿਚ ਹੀ ਭਲੀ ਹੁੰਦੀ ਹੈ। ਪ੍ਰਾਈਵੇਟ ਟਰਾਂਸਪੋਰਟਰ ਆਖਦੇ ਹਨ ਕਿ ਮੌਜੂਦਾ ਸਰਕਾਰ ਏਦਾਂ ਹੀ ਚੁੱਪ ਰਹੀ ਤਾਂ ਹੋਰ ਵੀ ਕਾਫ਼ੀ ਟਰਾਂਸਪੋਰਟਰ ਮੁੜ ਖੇਤੀ ਕਰਨ ਲੱਗ ਜਾਣਗੇ।
___________________________________
ਬਾਦਲ ਖਰੀਦਣਗੇ ਹੋਰ ਬੱਸਾਂ
ਚੰਡੀਗੜ੍ਹ: ਪਿਛਲੇ ਸਾਲ 40 ਬੱਸਾਂ ਆਪਣੇ ਬੇੜੇ ‘ਚ ਸ਼ਾਮਲ ਕਰਨ ਮਗਰੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਏਵੀਏਸ਼ਨ ਲਿਮਟਿਡ ਅਤੇ ਸਹਾਇਕ ਕੰਪਨੀਆਂ ਆਪਣੇ 200 ਤੋਂ ਵੱਧ ਬੱਸਾਂ ਦੇ ਬੇੜੇ ਵਿਚ 28 ਹੋਰ ਬੱਸਾਂ ਸ਼ਾਮਲ ਕਰਨ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਇਹ ਬੱਸਾਂ ਓਂਕਾਰ ਬੱਸ ਸਰਵਿਸ ਦੀਆਂ ਹਨ ਜਿਨ੍ਹਾਂ ਕੋਲ 28 ਬੱਸ ਪਰਮਿਟ ਹਨ। ਬਾਦਲਾਂ ਦੀਆਂ ਕੰਪਨੀਆਂ ਹੋਰ ਬੱਸਾਂ ਖ਼ਰੀਦਣ ਲਈ ਕੁਝ ਹੋਰ ਟਰਾਂਸਪੋਰਟਰਾਂ ਦੇ ਸੰਪਰਕ ਵਿਚ ਵੀ ਹਨ। ਓਂਕਾਰ ਬੱਸ ਸੇਵਾ ਦੇ ਮੈਨੇਜਰ ਕਰਨਲ (ਸੇਵਾ ਮੁਕਤ) ਆਨੰਦ ਸ਼ਾਰਦਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਸਾਂ ਦੀ ਵਿਕਰੀ ਲਈ ਗੱਲਬਾਤ ਅੰਤਮ ਦੌਰ ਵਿਚ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦਾ ਕਾਰੋਬਾਰ ਹੁਣ ਮੁਨਾਫ਼ੇ ਦਾ ਸੌਦਾ ਨਹੀਂ ਰਿਹਾ, ਪਰ ਉਧਰ ਬਾਦਲ ਪਰਿਵਾਰ ਦੀਆਂ ਬੱਸਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਾਲ 2014 ਵਿਚ ਉਨ੍ਹਾਂ ਕੋਲ 60 ਬੱਸਾਂ ਸਨ ਪਰ ਹੁਣ 200 ਤੋਂ ਵੱਧ ਬੱਸਾਂ ਹੋ ਗਈਆਂ ਹਨ। ਬਾਦਲਾਂ ਦੀਆਂ ਵੱਖ-ਵੱਖ ਕੰਪਨੀਆਂ ਦੇ ਡਾਇਰੈਕਟਰਾਂ ਲਖਵੀਰ ਲੱਖੀ ਅਤੇ ਮੁਹੰਮਦ ਜਮੀਲ ਸਮੇਤ ਹੋਰਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਬੇਕਾਰ ਗਈਆਂ।