‘ਮਿਸ਼ਨ-13’: ਸੂਬੇ ਦੇ ਸਿਆਸੀ ਇਤਿਹਾਸ ਨੂੰ ਉਲਟਾਉਣ ਲਈ ਲੱਗਾ ਜ਼ੋਰ

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲ ਨੇ ਸੂਬੇ ਦੀਆਂ ਸਾਰੀਆਂ ਲੋਕ ਸਭਾ ਚੋਣਾਂ ਜਿੱਤਣ ਵਾਸਤੇ ‘ਮਿਸ਼ਨ-13’ ਮਿਥਿਆ ਹੈ। ਸੂਬੇ ਦੇ ਇਤਿਹਾਸ ਵਿਚ ਕਿਸੇ ਇਕ ਰਾਜਨੀਤਕ ਪਾਰਟੀ ਨੇ ਹਾਲੇ ਤੱਕ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਨਹੀਂ ਕੀਤੀ। ਇਹ ਹੁਣ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਆਪਣੇ ਮਿਸ਼ਨ ‘ਚ ਕਿੰਨਾ ਕਾਮਯਾਬ ਹੁੰਦੀ ਹੈ। ਕੈਪਟਨ ਸਰਕਾਰ ਨੂੰ ਸੱਤਾ ਵਿਚ ਆਇਆਂ ਦੋ ਸਾਲ ਦਾ ਸਮਾਂ ਬੀਤ ਚੁੱਕਾ ਹੈ ਤੇ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਦੇ ਸੁਆਲ ਅੱਜ ਵੀ ਖੜ੍ਹੇ ਹਨ।

ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਦੇ ਦਾਅਵੇ ਕਰ ਰਹੇ ਹਨ। ਇਸ ਦਾ ਵੱਡਾ ਕਾਰਨ ਵਿਰੋਧੀ ਧਿਰ ਆਪਸ ਵਿਚ ਬੁਰੀ ਤਰ੍ਹਾਂ ਵੰਡੀ ਹੋਈ ਹੈ ਅਤੇ ਕੋਈ ਵੀ ਵਿਰੋਧੀ ਪਾਰਟੀ ਇਕਜੁੱਟ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੋਂ ਖਹਿੜਾ ਨਹੀਂ ਛੁੱਟ ਰਿਹਾ। ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਬੇਅਦਬੀ ਦੇ ਮਾਮਲਿਆਂ ਸਬੰਧੀ ਠੋਸ ਕਾਰਵਾਈ ਕੀਤੀ ਹੁੰਦੀ ਤਾਂ ਇਸ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਕੇਡਰ ਵਿਚ ਅਜੇ ਵੀ ਨਾਰਾਜ਼ਗੀ ਬਰਕਰਾਰ ਹੈ ਤੇ ਇਸ ਮੁੱਦੇ ‘ਤੇ ਮਾਝੇ ਦੇ ਸੀਨੀਅਰ ਆਗੂਆਂ ਨੇ ਵੱਖ ਹੋ ਕੇ ਆਪਣੀ ਪਾਰਟੀ ਬਣਾ ਲਈ ਹੈ ਅਤੇ ਉਨ੍ਹਾਂ ਵੱਲੋਂ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨਾਲੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਦੀ ਹੈ, ਜਿਸ ਦੇ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਚਾਰ ਮੈਂਬਰ ਜਿੱਤੇ ਸਨ ਤੇ ਇਨ੍ਹਾਂ ਵਿਚੋਂ ਪਾਰਟੀ ਨਾਲ ਇਸ ਵੇਲੇ ਕੇਵਲ ਸੰਸਦ ਮੈਂਬਰ ਹਨ ਤੇ ਦੋ ਮੈਂਬਰ ਬਾਗੀ ਹੋ ਚੁੱਕੇ ਹਨ। ਬਾਗੀ ਮੈਂਬਰ ਪਾਰਟੀ ਤੋਂ ਏਨਾ ਦੂਰ ਜਾ ਚੁੱਕੇ ਹਨ, ਜਿਨ੍ਹਾਂ ਦਾ ਆਮ ਆਦਮੀ ਪਾਰਟੀ ਵੱਲ ਪਰਤਣਾ ਮੁਸ਼ਕਲ ਹੈ।
ਸੂਬੇ ਦੇ 13 ਲੋਕ ਸਭਾ ਹਲਕਿਆਂ ਵਿਚੋਂ ਬਹੁਤੇ ਹਲਕਿਆਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਤਿਆਰ ਬਰ ਤਿਆਰ ਹਨ ਪਰ ਕੁਝ ਵਿਚ ਦਿੱਕਤਾਂ ਹਨ ਤੇ ਇਸ ਕਰਕੇ ਮੰਜ਼ਿਲ ਸਰ ਕਰਨਾ ਆਸਾਨ ਨਹੀਂ ਹੈ। ਕਾਂਗਰਸ ਪਾਰਟੀ ਦੇ ਪੰਜ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਫੈਸਲਾ ਹੋ ਚੁੱਕਾ ਹੈ ਤੇ ਗੁਰਦਾਸਪੁਰ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਸੰਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮੁੜ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਚਾਰ ਮੌਜੂਦਾ ਸੰਸਦ ਮੈਂਬਰਾਂ ਤੇ ਪਟਿਆਲਾ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਨੂੰ ਟਿਕਟ ਮਿਲਣਾ ਤੈਅ ਹੈ। ਹੁਣ ਸੁਆਲ ਹੈ ਕਿ ਫਤਿਹਗੜ੍ਹ ਸਾਹਿਬ, ਖਡੂਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਬਠਿੰਡਾ ਅਤੇ ਹੁਸ਼ਿਆਰਪੁਰ ਹਲਕਿਆਂ ਤੋਂ ਕਿਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਨ੍ਹਾਂ ਹਲਕਿਆਂ ਲਈ ਉਮੀਦਵਾਰਾਂ ਦੀ ਕਮੀ ਨਹੀਂ ਹੈ ਪਰ ਯੋਗ ਉਮੀਦਵਾਰ ਕੌਣ ਹੋਵੇਗਾ? ਇਸ ਸਬੰਧੀ ਅਟਕਲਾਂ ਜਾਰੀ ਹਨ।
ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦੇ ਐਲਾਨ ਵਿਚ ਦੇਰੀ ਨਾਲ ਪਾਰਟੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਘੱਟੋ ਘੱਟ ਚਾਰ ਹਲਕਿਆਂ ਵਿਚ ਕਾਂਗਰਸ ਪਾਰਟੀ ਨੂੰ ਸਖਤ ਟੱਕਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਹਲਕਿਆਂ ਦੇ ਨਤੀਜੇ ਕੁਝ ਵੀ ਹੋ ਸਕਦੇ ਹਨ। ਇਕ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਸ ਵੇਲੇ ਸੂਬੇ ਵਿਚ ਸਥਿਤੀ ਚੰਗੀ ਹੈ ਪਰ ਕੁਝ ਹਲਕਿਆਂ ‘ਤੇ ਉਮੀਦਵਾਰਾਂ ਦੇ ਚੋਣ ਮੈਦਾਨ ਵਿਚ ਨਿੱਤਰਨ ਨਾਲ ਸਥਿਤੀ ਸਪੱਸ਼ਟ ਹੋਵੇਗੀ। ਇਸ ਲਈ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਜਿੱਤ ਹਾਰ ਦਾ ਅੰਦਾਜ਼ਾ ਲਾਇਆ ਜਾ ਸਕੇਗਾ।
ਕਾਂਗਰਸ ਪਾਰਟੀ ਨੇ ਮੋਗਾ ਜ਼ਿਲ੍ਹੇ ਵਿੱਚ ਵੱਡੀ ਰੈਲੀ ਕਰ ਕੇ ਆਗਾਮੀ ਲੋਕ ਸਭਾ ਚੋਣਾਂ ਲਈ ਬਿਗਲ ਵਜਾ ਦਿੱਤਾ ਹੈ ਪਰ ਰੈਲੀ ਵਿਚ ਪਹੁੰਚੇ ਕਾਂਗਰਸ ਵਰਕਰਾਂ ਨੇ ਸਟੇਜ ਤੋਂ ਲੁਆਏ ਜਾਂਦੇ ਨਾਅਰਿਆਂ ਨੂੰ ਗਰਮਜੋਸ਼ੀ ਨਾਲ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਰੈਲੀ ਵਿਚ ਸ਼ਿਰਕਤ ਤਾਂ ਕੀਤੀ ਪਰ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਰ੍ਹਾਂ ਉਤਸ਼ਾਹ ਨਹੀਂ ਦਿਖਾਇਆ। ਵਰਕਰਾਂ ਦਾ ਇਕ ਹਿੱਸਾ ਉਦਾਸੀਨ ਸੀ, ਜਿਸ ਦਾ ਕਾਰਨ ਸੂਬੇ ਦੀ ਅਫਸਰਸ਼ਾਹੀ ਨੂੰ ਮੰਨਿਆ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਅਫਸਰਸ਼ਾਹੀ ਛੋਟੇ ਛੋਟੇ ਕੰਮਕਾਰਾਂ ਵਿਚ ਅਜਿਹੇ ਰੋੜੇ ਅਟਕਾਉਂਦੀ ਹੈ, ਜਿਸ ਕਰਕੇ ਵਰਕਰਾਂ ਤੇ ਹੇਠਲੀ ਕਤਾਰ ਦੇ ਆਗੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਰਕਰ ਆਪਣੇ ਵਿਧਾਇਕਾਂ ਕੋਲ ਕੰਮਾਂ ਲਈ ਜਾਂਦੇ ਹਨ ਪਰ ਫਿਰ ਵੀ ਕੰਮ ਨਹੀਂ ਹੁੰਦੇ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵਿਚ ਕਈ ਵਾਰ ਉਠਾਇਆ ਜਾ ਚੁੱਕਾ ਹੈ ਪਰ ਪ੍ਰਣਾਲਾ ਉਥੇ ਦਾ ਉਥੇ ਹੀ ਹੈ। ਇਸ ਲਈ ਲੋਕ ਸਭਾ ਚੋਣਾਂ ਵਿਚ ਕਾਂਗਰਸ ਵਰਕਰਾਂ ਦੇ ਮਨੋਬਲ ਨੂੰ ਹੁਲਾਰਾ ਕਿਵੇਂ ਦਿੱਤਾ ਜਾਵੇ, ਉਨ੍ਹਾਂ ਦੀ ਸ਼ਮੂਲੀਅਤ ਕਿਵੇਂ ਵਧਾਈ ਜਾਵੇਗੀ ਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਿਵੇਂ ਕਰਵਾਇਆ ਜਾਵੇ ਕਿ ਸੂਬੇ ਵਿਚ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਦੀ ਸਰਕਾਰ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਤੇ ਸੂਬੇ ਦੇ ਵਿਕਾਸ ਵਿਚ ਤੇਜ਼ੀ ਲਿਆਂਦੇ ਬਗੈਰ ਹੱਲ ਕਰਨਾ ਆਸਾਨ ਕੰਮ ਨਹੀਂ ਹੈ। ਇਸ ਸਮੱਸਿਆ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਜ਼ਾਰਤੀ ਸਾਥੀ ਕਿਵੇਂ ਹੱਲ ਕਰਨਗੇ, ਇਸ ਦੀ ਉਡੀਕ ਰਹੇਗੀ।