ਟਿਕਟਾਂ ਲਈ ਆਪਸ ਵਿਚ ਹੀ ਉਲਝੇ ਕਾਂਗਰਸੀ

ਚੰਡੀਗੜ੍ਹ: ਟਿਕਟਾਂ ਲਈ ਕਾਂਗਰਸੀ ਆਪਸ ਵਿਚ ਹੀ ਉਲਝੇ ਪਏ ਹਨ। ਲੋਕ ਸਭਾ ਹਲਕਾ ਚੰਡੀਗੜ੍ਹ ਦੀ ਸੀਟ ਲਈ ਮਾਰੋ-ਮਾਰੀ ਚੱਲ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਇਥੋਂ ਕਾਂਗਰਸ ਦੀ ਟਿਕਟ ਦਾ ਦਾਅਵਾ ਕਰਨ ਕਾਰਨ ਚੰਡੀਗੜ੍ਹ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਤੇ ਚਾਰ ਵਾਰ ਸੰਸਦ ਮੈਂਬਰ ਰਹੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੇ ਖੇਮੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

ਹਾਲਾਂਕਿ ਚੰਡੀਗੜ੍ਹ ਦੀ ਸਾਬਕਾ ਕਾਂਗਰਸੀ ਮੇਅਰ ਪੂਨਮ ਸ਼ਰਮਾ ਤੋਂ ਇਲਾਵਾ ਕਾਂਗਰਸ ਦਾ ਹੋਰ ਕੋਈ ਵੀ ਮੁੱਖ ਆਗੂ ਨਵਜੋਤ ਕੌਰ ਸਿੱਧੂ ਦੀ ਪਿੱਠ ‘ਤੇ ਨਹੀਂ ਆਇਆ। ਚੰਡੀਗੜ੍ਹ ਕਾਂਗਰਸ ਦੀ ਚੋਣ ਕਮੇਟੀ ਨੇ ਸਮੁੱਚੇ ਰੂਪ ਵਿੱਚ ਸ੍ਰੀ ਬਾਂਸਲ ਦੇ ਨਾਮ ਉਪਰ ਮੋਹਰ ਲਾ ਦਿੱਤੀ ਹੈ ਪਰ ਨਵਜੋਤ ਸਿੰਘ ਸਿੱਧੂ ਦੀ ਹਾਈਕਮਾਨ ਤੱਕ ਰਸਾਈ ਹੋਣ ਕਾਰਨ ਉਹ ਆਪਣੀ ਪਤਨੀ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਸਕਦੇ ਹਨ।
ਸਾਲ 2009 ‘ਚ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਹੇ ਮਨੀਸ਼ ਤਿਵਾੜੀ ਵੀ ਚੰਡੀਗੜ੍ਹ ਤੋਂ ਟਿਕਟ ਹਾਸਲ ਕਰਨ ਲਈ ਜ਼ੋਰ ਲਾ ਰਹੇ ਹਨ। ਉਹ ਸ੍ਰੀ ਬਾਂਸਲ ਦੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰਨ ਅਤੇ ਉਨ੍ਹਾਂ ਦਾ ਬਤੌਰ ਮੰਤਰੀ ਰੇਲ ਘੁਟਾਲੇ ਵਿੱਚ ਨਾਮ ਆਉਣ ਨੂੰ ਆਧਾਰ ਬਣਾ ਕੇ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਦੂਸਰੇ ਪਾਸੇ ਸ੍ਰੀ ਬਾਂਸਲ ਵੱਲੋਂ ਪਿਛਲੇ 5 ਸਾਲ ਪੂਰੀ ਤਰ੍ਹਾਂ ਪਾਰਟੀਆਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਰਹਿਣ ਅਤੇ ਚੰਡੀਗੜ੍ਹ ਯੂਨਿਟ ਦੇ ਸਮੁੱਚੇ ਰੂਪ ਵਿੱਚ ਉਨ੍ਹਾਂ ਦੀ ਪਿੱਠ ‘ਤੇ ਹੋਣ ਕਾਰਨ ਆਪਣੀ ਦਾਅਵੇਦਾਰੀ ਮਜ਼ਬੂਤ ਮੰਨ ਰਹੇ ਹਨ।
ਉਧਰ ਸਾਲ 2014 ਦੀਆਂ ਚੋਣਾਂ ਦੌਰਾਨ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟਿਕਟ ਲੈ ਕੇ ਉੱਤਰੀ ਫਿਲਮੀ ਅਭਿਨੇਤਰੀ ਕਿਰਨ ਖੇਰ ਮੁੜ ਟਿਕਟ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਅੱਜ-ਕੱਲ੍ਹ ਉਸ ਨੇ ਸ਼ਹਿਰ ਵਿੱਚ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੀ ਹਨੇਰੀ ਲਿਆਂਦੀ ਹੋਈ ਹੈ। ਦੂਸਰੇ ਪਾਸੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਵੀ ਟਿਕਟ ਹਾਸਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ। ਕਿਰਨ ਖੇਰ ਦੀ ਖੁਦ ਜਿਥੇ ਹਾਈਕਮਾਨ ਤੱਕ ਰਸਾਈ ਹੈ, ਉਥੇ ਉਨ੍ਹਾਂ ਦੇ ਪਤੀ ਤੇ ਫਿਲਮੀ ਅਭਿਨੇਤਾ ਅਨੁਪਮ ਖੇਰ ਦੀ ਵੀ ਫਿਲਮ ‘ਐਕਸੀਡੈਂਟਲ ਪ੍ਰਧਾਨ ਮੰਤਰੀ’ ਬਣਾਉਣ ਸਮੇਤ ਮੋਦੀ ਸਰਕਾਰ ਵਿਰੁੱਧ ਪਿਛਲੇ ਸਮੇਂ ਇਕ ਵਰਗ ਦੇ ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਵੱਲੋਂ ਅਸਿਹਣਸ਼ੀਲਤਾ ਦੇ ਮੁੱਦੇ ਉਪਰ ਚਲਾਈ ਲਹਿਰ ਦਾ ਮੁਕਾਬਲਾ ਕਰਨ ਲਈ ਘੜੀ ਜੁਗਤ ਕਾਰਨ ਭਾਜਪਾ ਹਾਈਕਮਾਨ ਤੱਕ ਚੰਗੀ ਪਹੁੰਚ ਹੈ।
ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਇਸ ਵਾਰ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਲੈ ਕੇ ਮੈਦਾਨ ਵਿੱਚ ਨਿੱਤਰੇ ਹਨ, ਜਿਸ ਕਾਰਨ ਇਸ ਵਾਰ ਚੰਡੀਗੜ੍ਹ ਵਿਚ ਕਾਂਗਰਸ, ਭਾਜਪਾ ਅਤੇ ‘ਆਪ’ ਵਿਚਕਾਰ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ। ਚੰਡੀਗੜ੍ਹ ਦੀ ਆਵਾਜ਼ ਪਾਰਟੀ ਵੱਲੋਂ ਅਵਿਨਾਸ਼ ਸਿੰਘ ਸ਼ਰਮਾ ਤੇ ਆਜ਼ਾਦ ਉਮੀਦਵਾਰ ਵਜੋਂ ਪ੍ਰੋ. ਦੇਵੀ ਸਿਰੋਹੀ ਵੀ ਚੋਣ ਲੜ ਰਹੀ ਹੈ।
_______________________________
ਸਿਆਸੀ ਪਾਰੀ ਖੇਡਣ ਲਈ ਉਤਾਵਲੀ ਹੋਈ ਅਫਸਰਸ਼ਾਹੀ
ਚੰਡੀਗੜ੍ਹ: ਪੰਜਾਬ ਵਿਚ ਕਿਸਮਤ ਅਜ਼ਮਾਉਣ ਵਾਲੇ ਸੇਵਾਮੁਕਤ, ਸੇਵਾ ਨਿਭਾਅ ਰਹੇ ਆਈ.ਏ.ਐਸ਼ ਅਤੇ ਸੂਬਾਈ ਕਾਡਰ ਦੇ ਅਧਿਕਾਰੀਆਂ ਦੀ ਟਿਕਟ ਲੈਣ ਲਈ ਕਤਾਰ ਲੰਮੀ ਹੁੰਦੀ ਜਾ ਰਹੀ ਹੈ। ਆਗਾਮੀ ਸੰਸਦੀ ਚੋਣਾਂ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਹੋਰ ਸਿਆਸੀ ਧਿਰਾਂ ਦਾ ਹਿੱਸਾ ਬਣਨ ਲਈ ਅੱਧੀ ਦਰਜਨ ਦੇ ਕਰੀਬ ਨੌਕਰਸ਼ਾਹਾਂ ਨੇ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਰਾਜ ਦੇ ਮੁੱਖ ਸੂਚਨਾ ਅਧਿਕਾਰੀ ਸਵਰਨ ਸਿੰਘ ਚੰਨੀ ਵੱਲੋਂ ਲੁਧਿਆਣਾ ਸੰਸਦੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲੈਣ ਲਈ ਸਰਗਰਮੀਆਂ ਆਰੰਭ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਪੀ.ਪੀ.ਐਸ਼ ਅਧਿਕਾਰੀ ਹਰਮੋਹਨ ਸਿੰਘ ਸੰਧੂ ਏ.ਆਈ.ਜੀ. ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਦੀ ਟਿਕਟ ਹਾਸਲ ਕਰਨ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਟਰਾਂਸਪੋਰਟ ਵਿਭਾਗ ਵਿਚ ਡੀ.ਟੀ.ਓ. ਵਜੋਂ ਸੇਵਾ ਨਿਭਾਅ ਚੁੱਕੇ ਕਰਨ ਸਿੰਘ, ਜਿਨ੍ਹਾਂ ਵੱਲੋਂ ਨੌਕਰੀ ਤੋਂ ਦਿੱਤਾ ਅਸਤੀਫਾ ਸਰਕਾਰ ਕੋਲ ਪ੍ਰਵਾਨਗੀ ਲਈ ਵਿਚਾਰ ਅਧੀਨ ਹੈ, ਨੂੰ ਵੀ ਅਕਾਲੀ ਦਲ ਵੱਲੋਂ ਹੀ ਫਤਿਹਗੜ੍ਹ ਸਾਹਿਬ ਸੰਸਦੀ ਹਲਕੇ ਤੋਂ ਟਿਕਟ ਦਿੱਤੇ ਜਾਣ ਦੇ ਆਸਾਰ ਹਨ। ਸੇਵਾਮੁਕਤ ਆਈ.ਏ.ਐਸ਼ ਖੁਸ਼ੀ ਰਾਮ ਨੂੰ ਬਸਪਾ ਨੇ ਉਮੀਦਵਾਰ ਐਲਾਨ ਦਿੱਤਾ ਹੈ ਤੇ ਜਨਵਰੀ ‘ਚ ਸੇਵਾਮੁਕਤ ਹੋਏ ਸੁੱਚਾ ਰਾਮ ਲੱਧੜ ਦੇ ਵੀ ਰਾਜਨੀਤੀ ‘ਚ ਆਉਣ ਦੇ ਚਰਚੇ ਹਨ।
ਮੱਧ ਪ੍ਰਦੇਸ਼ ਕਾਡਰ ਨਾਲ ਸਬੰਧਤ ਆਈ.ਏ.ਐਸ਼ ਡਾ. ਅਮਰ ਸਿੰਘ ਵੱਲੋਂ ਵਿਧਾਨ ਸਭਾ ਤੋਂ ਬਾਅਦ ਹੁਣ ਪਾਰਲੀਮਾਨੀ ਚੋਣਾਂ ਵਿਚ ਟਿਕਟ ਹਾਸਲ ਕਰਨ ਦਾ ਸੁਪਨਾ ਲਿਆ ਜਾਣ ਲੱਗਿਆ ਹੈ। ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਸੰਸਦੀ ਹਲਕੇ ਤੋਂ ਕਾਫੀ ਚਿਰ ਤੋਂ ਸਰਗਰਮੀ ਵੀ ਸ਼ੁਰੂ ਕੀਤੀ ਹੋਈ ਹੈ। ਇਹ ਅਧਿਕਾਰੀ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੁੰਦਿਆਂ ਪ੍ਰਮੁੱਖ ਸਕੱਤਰ ਵਜੋਂ ਸੇਵਾ ਨਿਭਾਅ ਚੁੱਕਾ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਇੰਜੀਨੀਅਰ ਮਨਮੋਹਨ ਸਿੰਘ ਵੀ ਇਸੇ ਸੰਸਦੀ ਹਲਕੇ ਤੋਂ ਟਿਕਟ ਹਾਸਲ ਕਰਨ ਦਾ ਚਾਹਵਾਨ ਹੈ। ਕੇਂਦਰ ਸਰਕਾਰ ਵਿਚ ਮੰਤਰੀ ਤੇ ਰਾਜ ਸਭਾ ਮੈਂਬਰ ਹਰਦੀਪ ਪੁਰੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦੀ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਏ ਜਾਣ ਦੇ ਚਰਚੇ ਹਨ। ਭਾਜਪਾ ਦੇ ਵਿਧਾਇਕ ਤੇ ਸੇਵਾਮੁਕਤ ਆਈਏਐਸ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਭਾਜਪਾ ਦੀ ਟਿਕਟ ਹਾਸਲ ਕਰਨ ਦੇ ਚਾਹਵਾਨ ਦੱਸੇ ਜਾਂਦੇ ਹਨ।
_____________________________
ਕੈਪਟਨ ਸਰਕਾਰ ਦੇ ਕੱਛੂਆ ਚਾਲ ‘ਵਿਕਾਸ’ ਉਤੇ ਭਾਰੀ ਪਿਆ ਚੋਣ ਜ਼ਾਬਤਾ
ਚੰਡੀਗੜ੍ਹ: ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਵਿਕਾਸ ਲਈ ਵੰਡੇ ਬਹੁਤੇ ਫੰਡ ਹੁਣ ਮਿੱਟੀ ਹੋ ਗਏ ਹਨ। ਕੈਪਟਨ ਸਰਕਾਰ ਦੀ ਕੱਛੂਆ ਚਾਲ ਉਤੇ ਵੀ ਚੋਣ ਜ਼ਾਬਤਾ ਭਾਰੂ ਪਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਲਈ 28 ਜਨਵਰੀ ਨੂੰ 28 ਕਰੋੜ ਦੇ ਫੰਡ ਐਲਾਨੇ ਗਏ ਸਨ। ਹੁਣ ਆਮ ਚੋਣਾਂ ਮਗਰੋਂ ਹੀ ਪਿੰਡ ਮਹਿਰਾਜ ਵਿਚ ਵਿਕਾਸ ਦਾ ਮਹੂਰਤ ਹੋ ਸਕੇਗਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਰਫੋਂ ਨਵੇਂ ਸਰਪੰਚਾਂ ਨੂੰ 15 ਫਰਵਰੀ ਨੂੰ 180 ਕਰੋੜ ਦੇ ਫੰਡ ‘ਸਮਾਰਟ ਪਿੰਡ ਮੁਹਿੰਮ’ ਤਹਿਤ ਜਾਰੀ ਕੀਤੇ ਗਏ ਸਨ। ਜੋ ਹਰ ਜ਼ਿਲ੍ਹੇ ਵਿਚ 25 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਵੰਡੇ ਗਏ ਹਨ। ਬਹੁਗਿਣਤੀ ਪਿੰਡਾਂ ਵਿਚ ਇਨ੍ਹਾਂ ਫੰਡਾਂ ਦੇ ਕੰਮ ਸ਼ੁਰੂ ਨਹੀਂ ਹੋਏ ਹਨ। ਚੋਣ ਜ਼ਾਬਤੇ ਕਰ ਕੇ ਹੁਣ ਇਨ੍ਹਾਂ ਫੰਡਾਂ ਦੀ ਵਰਤੋਂ ‘ਤੇ ਉਂਗਲ ਉੱਠੇਗੀ।
ਪੰਜਾਬ ਸਰਕਾਰ ਵੱਲੋਂ ਜਿਹੜੀ ਦੂਜੀ ਕਿਸ਼ਤ ਦਿੱਤੀ ਜਾਣੀ ਸੀ, ਉਹ ਵੀ ਵੇਲੇ ਸਿਰ ਨਹੀਂ ਆ ਸਕੇਗੀ। ਸਮਾਰਟ ਪਿੰਡ ਮੁਹਿੰਮ ਤਹਿਤ ਪਿੰਡਾਂ ਵਿਚ 14ਵੇਂ ਵਿੱਤ ਕਮਿਸ਼ਨ ਦਾ ਪੈਸਾ ਵੀ ਲਾਇਆ ਜਾਣਾ ਹੈ, ਉਹ ਵੀ ਰੁਕਣ ਦੀ ਸੰਭਾਵਨਾ ਹੈ।’ਸਮਾਰਟ ਪਿੰਡ ਮੁਹਿੰਮ’ ਤਹਿਤ ਸਭ ਤੋਂ ਵੱਧ ਫੰਡ ਜ਼ਿਲ੍ਹਾ ਲੁਧਿਆਣਾ ਨੂੰ 30.64 ਕਰੋੜ ਰੁਪਏ, ਹੁਸ਼ਿਆਰਪੁਰ ਨੂੰ 28 ਕਰੋੜ , ਬਠਿੰਡਾ ਨੂੰ 19.72 ਕਰੋੜ ਅਤੇ ਮੁਕਤਸਰ ਨੂੰ 14 ਕਰੋੜ ਰੁਪਏ ਮਿਲਣੇ ਸਨ ਜਿਨ੍ਹਾਂ ‘ਚੋਂ 50 ਫੀਸਦੀ ਜਾਰੀ ਹੋ ਚੁੱਕੇ ਸਨ। ਜਾਣਕਾਰੀ ਮਿਲੀ ਹੈ ਕਿ ਕਈ ਪਿੰਡਾਂ ਵਿਚ ਸਰਪੰਚਾਂ ਨੇ ਇਹ ਫੰਡ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਬਹੁਗਿਣਤੀ ਪੰਚਾਇਤਾਂ ਨੇ ਹਾਲੇ ਵਿਕਾਸ ਕੰਮ ਸ਼ੁਰੂ ਨਹੀਂ ਕੀਤੇ। ਹੁਣ ਵਿਰੋਧੀ ਧਿਰਾਂ ਨੇ ਇਨ੍ਹਾਂ ਫੰਡਾਂ ਦੀ ਵਰਤੋਂ ‘ਤੇ ਰੌਲਾ ਪਾਉਣਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਾਲ 2018-19 ਦੇ ਪੰਜ ਕਰੋੜ ਅਤੇ ਸੰਸਦ ਮੈਂਬਰ ਸਾਧੂ ਸਿੰਘ ਦੇ ਇਸੇ ਮਾਲੀ ਵਰ੍ਹੇ ਦੀ ਆਖਰੀ ਕਿਸ਼ਤ ਦੇ ਢਾਈ ਕਰੋੜ ਰੁਪਏ ਕੇਂਦਰ ਸਰਕਾਰ ਨੇ ਰਿਲੀਜ਼ ਨਹੀਂ ਕੀਤੇ। ਨਤੀਜੇ ਵਜੋਂ ਹੁਣ ਬੀਬਾ ਬਾਦਲ ਅਤੇ ਸਾਧੂ ਸਿੰਘ ਇਨ੍ਹਾਂ ਚੋਣਾਂ ਵਿਚ ਵੰਡੀ ਆਖਰੀ ਕਿਸ਼ਤ ਦੀ ਰਾਸ਼ੀ ਦਾ ਸਿਆਸੀ ਲਾਹਾ ਲੈਣ ਤੋਂ ਖੁੰਝ ਜਾਣਗੇ।
ਪੰਜਾਬ ਦੇ ਕਈ ਵਜ਼ੀਰਾਂ ਨੇ ਆਪਣੇ ਅਖਤਿਆਰੀ ਕੋਟੇ ਦੇ ਫੰਡ ਮਾਰਚ ਮਹੀਨੇ ਵਿਚ ਹੀ ਵੰਡੇ ਹਨ। ਭਾਵੇਂ ਪੰਚਾਇਤਾਂ ਨੂੰ ਇਹ ਫੰਡ ਮਿਲ ਜਾਣੇ ਹਨ ਪਰ ਇਨ੍ਹਾਂ ਦੀ ਵਰਤੋਂ ਹੁਣ ਆਮ ਚੋਣਾਂ ਮਗਰੋਂ ਹੀ ਹੋ ਸਕੇਗੀ। ਕੈਪਟਨ ਸਰਕਾਰ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਸਮਾਰਟ ਫੋਨ ਵੰਡਣ ਦੀ ਵਿਉਂਤ ਬਣਾਈ ਸੀ ਪਰ ਟੈਂਡਰ ਦਾ ਕੰਮ ਸਿਰੇ ਨਾ ਲੱਗਣ ਕਾਰਨ ਹੁਣ ਇਹ ਫੋਨ ਵੀ ਚੋਣਾਂ ਮਗਰੋਂ ਹੀ ਵੰਡੇ ਜਾ ਸਕਣਗੇ। ਇਸੇ ਤਰ੍ਹਾਂ ਖੇਡ ਵਿਭਾਗ ਵੱਲੋਂ 85 ਮਹਾਰਾਜਾ ਰਣਜੀਤ ਸਿੰਘ ਐਵਾਰਡ ਵੰਡੇ ਜਾਣੇ ਸਨ, ਉਹ ਵੀ ਰੁਕ ਗਏ ਹਨ। ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਖੁਸ਼ ਕਰਨ ਦੀ ਯੋਜਨਾ ਵੀ ਖੂਹ ਖਾਤੇ ਪੈ ਗਈ ਹੈ। ਦੂਜੇ ਪਾਸੇ ਚੋਣ ਜ਼ਾਬਤੇ ਨੇ ਕੈਪਟਨ ਸਰਕਾਰ ਨੂੰ ਰਾਹਤ ਵੀ ਦਿੱਤੀ ਹੈ।