ਵਿਸਾਖੀ ਪੰਜਾਬ ਲਈ ਸਦਾ ਵਿਸ਼ੇਸ਼ ਰਹੀ ਹੈ। ਇਸ ਦਾ ਸਿੱਧਾ ਸਬੰਧ ਫਸਲ ਦੀ ਆਮਦ ਨਾਲ ਜੁੜਿਆ ਹੋਇਆ ਹੈ। ਹੱਥੀਂ ਕਿਰਤ ਦੀ ਇਸ ਤੋਂ ਵੱਡੀ ਕੋਈ ਹੋਰ ਮਿਸਾਲ ਲੱਭਣੀ ਔਖੇਰੀ ਹੈ। ਇਹ ਗੱਲ ਵੱਖਰੀ ਹੈ ਕਿ ਵਕਤ ਦੇ ਬੀਤਣ ਨਾਲ ਸਾਰੇ ਖੇਤਰਾਂ ਵਿਚ ਹੋਈ ਚੰਗੀ-ਚੋਖੀ ਤਬਦੀਲੀ ਦੇ ਨਾਲ-ਨਾਲ ਇਸ ਪਾਸੇ ਵੀ ਵਾਹਵਾ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਕੁਝ ਰੀਤਾਂ-ਰਸਮਾਂ ਤਾਂ ਮੁੱਢੋਂ-ਸੁੱਢੋਂ ਹੀ ਬਦਲ ਗਈਆਂ ਹਨ, ਪਰ ਵਿਸਾਖੀ ਦਾ ਜਲੌਅ ਅੱਜ ਵੀ ਬਰਕਰਾਰ ਹੈ। ਇਹ ਅਸਲ ਵਿਚ ਮਨੁੱਖ ਦੀ ਜ਼ਿੰਦਗੀ ਦੇ ਜਸ਼ਨਾਂ ਨਾਲ ਜੁੜੀਆਂ ਉਹ ਤੰਦਾਂ ਹਨ ਜਿਹੜੀਆਂ ਬਹੁਤ ਦੂਰ-ਦੂਰ ਤੱਕ ਤਣੀਆਂ ਹੋਈਆਂ ਹਨ। ਇਨ੍ਹਾਂ ਤੰਦਾਂ ਦੀ ਇਕ ਲਿਸ਼ਕੋਰ 1699 ਦੀ ਵਿਸਾਖੀ ਨਾਲ ਜੁੜੀ ਹੋਈ ਹੈ ਜਦੋਂ ਦਸਮ ਪਾਤਿਸ਼ਾਹ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਖਾਲਸਾ ਪੰਥ ਸਾਜਿਆ। ਇਸ ਘਟਨਾ ਨੇ ਆਉਣ ਵਾਲੇ ਇਤਿਹਾਸ ਦਾ ਮੁਹਾਣ ਹੀ ਮੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਤਾਂ ਜੰਗ ਅਤੇ ਜ਼ਿੰਦਗੀ ਬੰਦੇ ਦੇ ਨਾਲ ਖਹਿ-ਖਹਿ ਕੇ ਚੱਲੀਆਂ। ਜੰਗ ਅਤੇ ਜ਼ਿੰਦਗੀ ਦੀਆਂ ਇਹ ਮਜ਼ਬੂਤ ਤੰਦਾਂ ਹੀ 18ਵੀਂ ਸਦੀ ਦੇ ਵਰਕਿਆਂ ਉਤੇ ਸੂਹੇ ਸ਼ਬਦ ਬਣ ਕੇ ਉਕਰੀਆਂ ਗਈਆਂ। ਅਜਿਹੇ ਹੀ ਸੂਹੇ ਸ਼ਬਦਾਂ ਦੀ ਇਕ ਧੂਣੀ 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਬਲੀ ਸੀ ਜਦੋਂ ਜੱਲਿਆਂਵਾਲੇ ਬਾਗ ਵਿਚ ਇਕੱਠੇ ਹੋਏ ਨਿਹੱਥੇ ਵਤਨ ਪ੍ਰੇਮੀਆਂ ਉਤੇ ਅੰਗਰੇਜ਼ ਸ਼ਾਸਕਾਂ ਨੇ ਗੋਲੀ ਚਲਾ ਦਿੱਤੀ ਸੀ। ਇਸ ਖੂਨੀ ਕਾਂਡ ਤੋਂ ਬਾਅਦ ਦਾ ਇਤਿਹਾਸ ਜੇ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਧਰਤੀ ਉਤੇ ਸਿਆਸੀ, ਧਾਰਮਿਕ, ਸਮਾਜਕ, ਸਭਿਆਚਾਰਕ ਅਤੇ ਕਲਾ ਦੇ ਖੇਤਰ ਵਿਚ ਕਿੰਨੀਆਂ ਵੱਡੀਆਂ ਤਬਦੀਲੀਆਂ ਲਈ ਰਾਹ ਮੋਕਲਾ ਹੋਇਆ। ਇਸ ਖੂਨੀ ਕਾਂਡ ਤੋਂ ਪੈਦਾ ਹੋਏ ਦਰਦ ਨੂੰ ਕਈ ਵਰ੍ਹਿਆਂ ਬਾਅਦ ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਨੌਜਵਾਨਾਂ ਨੇ ਇੰਨੀ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਅੰਗਰੇਜ਼ ਸ਼ਾਸਕਾਂ ਨੂੰ ਲੈਣੇ ਦੇ ਦੇਣੇ ਪੈ ਗਏ ਅਤੇ 20ਵੀਂ ਸਦੀ ਦਾ ਤੀਜਾ ਦਹਾਕਾ ਉਸ ਅੰਗਰੇਜ਼ ਹਕੂਮਤ ਦੇ ਕਫਨ ਲਈ ਕਿੱਲ ਸਾਬਤ ਹੋਇਆ ਜਿਸ ਦੇ ਰਾਜ ਵਿਚ ਕਦੀ ਸੂਰਜ ਨਹੀਂ ਸੀ ਛਿਪਦਾ। ਇਤਿਹਾਸ ਦੇ ਇਹ ਸੁਨਹਿਰੀ ਪੰਨੇ ਹਰ ਕਾਲ ਵਿਚ ਜੁਝਾਰੂਆਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਰਹੇ ਹਨ ਅਤੇ ਇਤਿਹਾਸ ਦਾ ਇਹ ਦੌਰ ਇਨ੍ਹਾਂ ਜੁਝਾਰੂਆਂ ਦੇ ਐਨ ਨਾਲੋ-ਨਾਲ ਮੜਕ ਨਾਲ ਤੁਰਦਾ ਰਿਹਾ ਹੈ।
ਇਸ ਲਿਹਾਜ਼ ਨਾਲ ਵਾਚੀਏ ਤਾਂ 2013 ਦੀ ਵਿਸਾਖੀ ਵੀ ਵਿਸ਼ੇਸ਼ ਬਣ ਗਈ ਜਾਪਦੀ ਹੈ। ਕਈ ਅਜਿਹੀ ਘਟਨਾਵਾਂ ਉਪਰੋਥਲੀ ਹੋਈਆਂ ਹਨ ਜਿਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ। ਪਹਿਲੀ ਘਟਨਾ ਸਿੱਖਾਂ ਦੀ ਸ਼੍ਰੋਮਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ। ਇਹ ਮਹਿਜ਼ ਇਤਫਾਕ ਹੀ ਹੈ ਕਿ ਜਥੇਬੰਦੀ ਦੇ ਕਰਤਾ-ਧਰਤਾ ਪੰਜਾਬ ਬਾਰੇ ਵਿਚਾਰਾਂ ਕਰਨ ਲਈ ਗੋਆ ਵਰਗੇ ਸੈਲਾਨੀ ਕੇਂਦਰ ਵਿਖੇ ਗਏ ਹਨ। ਕਿਸੇ ਵੀ ਸਿਆਸੀ ਜਮਾਤ ਨੂੰ ਇਹ ਹੱਕ ਹੈ ਕਿ ਉਹ ਅਜਿਹੇ ਸਮਾਗਮ ਲਈ ਜਿਹੜੀ ਥਾਂ ਦੀ ਮਰਜ਼ੀ ਚੋਣ ਕਰੇ। ਇਸ ਬਾਰੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਹੋਰ ਸਿਆਸੀ ਜਮਾਤਾਂ ਖੁਦ ਇੱਦਾਂ ਕਰਦੀਆਂ ਰਹੀਆਂ ਹਨ, ਪਰ ਹੁਣ ਮੁੱਦਾ ਤਾਂ ਉਨ੍ਹਾਂ ਹਾਲਾਤ ਦਾ ਹੈ ਜਿਨ੍ਹਾਂ ਨੂੰ ਦਰਕਿਨਾਰ ਕਰ ਕੇ ਅਕਾਲੀ ਦਲ ਵਾਲਿਆਂ ਨੇ ਗੋਆ ਵਿਚ ਜਾ ਡੇਰੇ ਲਾਏ। ਪੰਜਾਬ ਲਗਾਤਾਰ, ਨਿਰਵਿਘਨ ਚੱਲ ਰਹੇ ਹਥਿਆਰਾਂ ਅਤੇ ਬੁਰਛਾਗਰਦੀਆਂ ਨਾਲ ਲਹੂ-ਲੁਹਾਣ ਹੋਇਆ ਪਿਆ ਹੈ। ਬੱਚੀਆਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਠੱਲ੍ਹ ਨਹੀਂ ਪੈ ਰਹੀ। ਅੱਜ ਦਾ ਪੰਜਾਬ ਵਾਸੀ ਘਰ ਵਿਚ ਬੈਠਾ ਵੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਲੇ ਸਭ ਛੱਡ-ਛੁਡਾ ਕੇ ਗੋਆ ਜਾ ਕੇ ਬੈਠੇ। ਦੂਜੀ ਘਟਨਾ ਫਿਲਮ ‘ਸਾਡਾ ਹੱਕ’ ਨਾਲ ਸਬੰਧਤ ਹੈ। ਸੈਂਸਰ ਬੋਰਡ ਦੀ ਕੁੜਿੱਕੀ ਵਿਚੋਂ ਮਸਾਂ-ਮਸਾਂ ਨਿਕਲੀ ਇਸ ਫਿਲਮ ਉਤੇ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਪੰਜਾਬ ਸਰਕਾਰ ਦੀ ਦੇਖਾ-ਦੇਖੀ ਕੁਝ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਇਹ ਫਿਲਮ ਦਿਖਾਉਣ ਤੋਂ ਰੋਕ ਦਿੱਤੀ ਹੈ। ਇਸ ਫਿਲਮ ਵਿਚ ਪੰਜਾਬ ਦੇ ਉਨ੍ਹਾਂ ਵਕਤਾਂ ਦਾ ਜ਼ਿਕਰ ਹੈ ਜਦੋਂ ਆਮ ਬੰਦਾ ਦਰਦ ਨਾਲ ਤੜਫ ਰਿਹਾ ਸੀ। ਕਿਸੇ ਪਾਸੇ ਸੁਣਵਾਈ ਵੀ ਕੋਈ ਨਹੀਂ ਸੀ। ਜੋ ਕੁਝ ਹੋ ਜਾਂਦਾ ਸੀ, ਉਹੀ ਸੱਚ ਜਾਪਦਾ ਸੀ। ਉਹ ਦੌਰ ਅਸਲ ਵਿਚ ਪੰਜਾਬੀ ਪਿਆਰਿਆਂ ਨਾਲ ਹੋਈਆਂ ਜ਼ਿਆਦਤੀਆਂ ਦਾ ਦੌਰ ਸੀ। ਉਸ ਦੌਰ ਬਾਰੇ ਗੱਲ ਕਰਨ ਵਿਚ ਫਿਰ ਹਰਜ ਕੀ ਹੈ? ਉਸ ਵਕਤ ਦੌਰਾਨ ਜੋ ਕੁਝ ਵੀ ਮਾੜਾ ਹੋਇਆ ਹੈ, ਉਸ ਦੀ ਬਾਕਾਇਦਾ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਜ਼ਿਆਦਤੀਆਂ ਦਾ ਖੁਲਾਸਾ ਕੋਈ ਸਿਆਸੀ ਧਿਰ ਹੀ ਕਰੇ, ਕਲਾਕਾਰ ਦਾ ਵੀ ਇਹ ਬਰਾਬਰ ਦਾ ਹੱਕ ਬਣਦਾ ਹੈ ਕਿ ਉਹ ਆਪਣੇ ਫਨ ਦਾ ਮੁਜ਼ਾਹਰਾ ਕਰਦਾ, ਦਰਦ ਦੀ ਦਾਸਤਾਨ ਸੁਣਾਵੇ। ਇਸ ਫਿਲਮ ਬਾਰੇ ਇਹ ਬਹਿਸ ਤਾਂ ਹੋ ਸਕਦੀ ਹੈ ਕਿ ਇਸ ਵਿਚ ਦਰਦ ਦੀ ਇਸ ਦਾਸਤਾਨ ਦੇ ਇਕ ਪੱਖ ਨੂੰ ਪਿਛਾਂਹ ਛੱਡ ਦਿੱਤਾ ਗਿਆ ਹੈ, ਪਰ ਇਹ ਨਿਰੀ ਜ਼ਿਆਦਤੀ ਹੈ ਕਿ ਇਉਂ ਰੋਕਾਂ ਲਾ ਦਿੱਤੀਆਂ ਜਾਣ। ਸਿਤਮਜ਼ਰੀਫੀ ਇਹ ਕਿ ਜਿਸ ਸਰਕਾਰ ਨੇ ਫਿਲਮ ਉਤੇ ਪਾਬੰਦੀ ਲਾਈ ਹੈ, ਉਸ ਦੀ ਸੇਵਾ ਵਿਚ ਸਦਾ ਹਾਜ਼ਰ-ਨਾਜ਼ਰ ਰਹਿੰਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਇਸ ਸੰਸਥਾ ਦੀ ਸਿਫਾਰਸ਼ ਤੋਂ ਬਾਅਦ ਹੀ ਸੈਂਸਰ ਬੋਰਡ ਨੇ ਕੁਝ ਕੁ ਤਬਦੀਲੀ ਨਾਲ ਇਹ ਫਿਲਮ ਰਿਲੀਜ਼ ਕਰਨ ਦੀ ਆਗਿਆ ਦਿੱਤੀ ਸੀ। ਇਸ ਤਰ੍ਹਾਂ ਦੇ ਘੜਮੱਸ ਵਿਚ ਹੁਣ ਪੰਜਾਬ ਲਈ ਸੰਜੀਦਾ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਉਸ ਕਾਲੇ ਦੌਰ ਦੇ ਹਰ ਪੱਖ ਬਾਰੇ ਗੱਲ ਤੋਰਨ ਲਈ ਅੱਗੇ ਆਉਣ ਅਤੇ ਉਨ੍ਹਾਂ ਜ਼ਿਆਦਤੀਆਂ ਦੀ ਨਿਸ਼ਾਨਦੇਹੀ ਕਰਨ। ਸੰਜੀਦਾ ਧਿਰਾਂ ਨੂੰ ਉਸ ਮਾੜੇ ਦੌਰ ਦੀ ਹਰ ਗਲਤੀ ਓਟਣੀ ਚਾਹੀਦੀ ਹੈ। ਇਸ ਤੋਂ ਬਿਨਾਂ ਹੁਣ ਸਰਨਾ ਨਹੀਂ ਅਤੇ ਨਾ ਹੀ ਆਪਣੇ ਸ਼ਾਨਾਂਮੱਤੇ ਇਤਿਹਾਸ ਤੋਂ ਕੋਈ ਸੇਧ ਲਈ ਜਾ ਸਕਦੀ ਹੈ। ਭਵਿੱਖ ਦਾ ਰਾਹ ਮੋਕਲਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
Leave a Reply