ਖਹਿਰਾ ਦੀ ਨਵੀਂ ਪਾਰਟੀ ਚੋਣਾਂ ਤੋਂ ਪਹਿਲਾਂ ਸਵਾਲਾਂ ਦੇ ਘੇਰੇ ਵਿਚ ਆਈ

ਚੰਡੀਗੜ੍ਹ: ਆਮ ਆਦਮੀ ਪਾਰਟੀ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ਨਵੀਂ ਪੰਜਾਬ ਏਕਤਾ ਪਾਰਟੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਨਵੀਂ ਪਾਰਟੀ ਦੇ ਪ੍ਰਧਾਨ ਖੁਦ ਸ੍ਰੀ ਖਹਿਰਾ ਹਨ ਜਾਂ ਫਿਰ ਸਨਕਦੀਪ ਸਿੰਘ ਸੰਧੂ, ਇਸ ਗੱਲ ਨੂੰ ਲੈ ਕੇ ਅੱਜ ਸਿਆਸੀ ਹਲਕਿਆਂ ਵਿਚ ਵੱਡਾ ਭੰਬਲਭੂਸਾ ਪੈਦਾ ਹੋ ਗਿਆ ਹੈ ਕਿਉਂਕਿ ਖੁਲਾਸਾ ਹੋਇਆ ਹੈ ਕਿ ਸ੍ਰੀ ਖਹਿਰਾ ਵੱਲੋਂ ਪਾਰਟੀ ਰਜਿਸਟਰਡ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਭੇਜੇ ਗਏ ਦਸਤਾਵੇਜ਼ਾਂ ਵਿਚ ਪ੍ਰਧਾਨ ਸਨਕਦੀਪ ਸਿੰਘ ਸੰਧੂ ਨੂੰ ਦਿਖਾਇਆ ਗਿਆ ਹੈ।

ਸਨਕਦੀਪ ਸੰਧੂ ‘ਆਪ’ ਦਾ ਜ਼ਿਲ੍ਹਾ ਫਰੀਦਕੋਟ ਦਾ ਪ੍ਰਧਾਨ ਸੀ ਅਤੇ ਸ੍ਰੀ ਖਹਿਰਾ ਵੱਲੋਂ ਪਾਰਟੀ ਤੋਂ ਬਗਾਵਤ ਕੀਤੇ ਜਾਣ ਵੇਲੇ ਸ੍ਰੀ ਸੰਧੂ ਨੇ ਵੀ ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਦਾ ਪੱਲਾ ਫੜ ਲਿਆ ਸੀ। ਸ੍ਰੀ ਖਹਿਰਾ ਨੇ ਸ੍ਰੀ ਸੰਧੂ ਨੂੰ ਆਪਣਾ ਸਿਆਸੀ ਸਕੱਤਰ ਬਣਾਇਆ ਸੀ। ਦਰਅਸਲ, ਚੋਣ ਕਮਿਸ਼ਨ ਨੇ ਕਿਸੇ ਵੀ ਪਾਰਟੀ ਨੂੰ ਰਜਿਸਟਰਡ ਕਰਨ ਤੋਂ ਪਹਿਲਾਂ ਅਖਬਾਰਾਂ ਵਿਚ ਇਸ਼ਤਿਹਾਰ ਦੇਣਾ ਹੁੰਦਾ ਹੈ। ਇਸ ਸਬੰਧੀ ਜਦੋਂ ਚੋਣ ਕਮਿਸ਼ਨ ਨੇ ਇਸ ਪਾਰਟੀ ਬਾਰੇ ਅਖਬਾਰਾਂ ਵਿਚ ਇਸ਼ਤਿਹਾਰ ਜਾਰੀ ਕੀਤੇ ਤਾਂ ਖੁਲਾਸਾ ਹੋਇਆ ਕਿ ਪਾਰਟੀ ਦੇ ਅਧਿਕਾਰਤ ਪ੍ਰਧਾਨ ਸ੍ਰੀ ਖਹਿਰਾ ਨਹੀਂ ਸਗੋਂ ਸਨਕਦੀਪ ਸੰਧੂ ਹਨ। ਕਾਗਜ਼ਾਂ ਵਿਚ ਜਸਵੰਤ ਸਿੰਘ ਨੂੰ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਨੂੰ ਖ਼ਜ਼ਾਨਚੀ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਆਪਣੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਸ੍ਰੀ ਖਹਿਰਾ ਹੀ ਪੂਰੀ ਤਰ੍ਹਾਂ ਇਸ ਦੀ ਕਮਾਂਡ ਕਰ ਰਹੇ ਹਨ ਅਤੇ ਹੋਰ ਪਾਰਟੀਆਂ ਨਾਲ ਗੱਠਜੋੜ ਕਰਨ ਤੇ ਟਿਕਟਾਂ ਵੰਡਣ ਆਦਿ ਦੇ ਸਾਰੇ ਅਧਿਕਾਰ ਉਹ ਖੁਦ ਹੀ ਵਰਤ ਰਹੇ ਹਨ। ਦੂਸਰੇ ਪਾਸੇ ਕਾਗਜ਼ਾਂ ਵਿਚ ਪਾਰਟੀ ਦੇ ਪ੍ਰਧਾਨ ਦਰਸਾਏ ਗਏ ਸਨਕਦੀਪ ਸੰਧੂ ਨੂੰ ਪਾਰਟੀ ਦੀ ਕਿਸੇ ਵੀ ਅਹਿਮ ਸਰਗਰਮੀ ਵਿਚ ਨਹੀਂ ਦੇਖਿਆ ਗਿਆ। ਦੱਸਣਯੋਗ ਹੈ ਕਿ ਜਦੋਂ ਸ੍ਰੀ ਖਹਿਰਾ ਨੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਹੋਰ ਆਗੂਆਂ ਤੋਂ ਆਪਣੇ ਆਪ ਨੂੰ ‘ਐਡਹਾਕ’ ਪ੍ਰਧਾਨ ਹੋਣ ਦੀ ‘ਹਾਂ’ ਕਰਵਾਈ ਸੀ। ਸ੍ਰੀ ਖਹਿਰਾ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਉਨ੍ਹਾਂ ਨੂੰ ਇਸ ਸਬੰਧੀ ਕਈ ਨੋਟਿਸ ਭੇਜੇ ਹਨ। ਸ੍ਰੀ ਰਾਣਾ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਿਹਾ ਸੀ ਕਿ ਸ੍ਰੀ ਖਹਿਰਾ ਨੂੰ ਕਈ ਨੋਟਿਸ ਭੇਜੇ ਗਏ ਹਨ ਪਰ ਉਹ ਲੈ ਨਹੀਂ ਰਹੇ, ਜਿਸ ਕਾਰਨ ਹੁਣ ਜਨਤਕ ਨੋਟਿਸ ਦੇਣ ਦੀ ਪ੍ਰਕਿਰਿਆ ਚਲਾਈ ਜਾਵੇਗੀ। ਇਸ ਖੁਲਾਸੇ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਅਜਿਹੇ ਸ਼ੰਕੇ ਪੈਦਾ ਹੋਏ ਹਨ ਕਿ ਸ੍ਰੀ ਖਹਿਰਾ ਕਾਨੂੰਨੀ ਤਕਨੀਕਾਂ ਰਾਹੀਂ ਅਸਤੀਫਾ ਦੇਣ ਦੇ ਬਾਵਜੂਦ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਬਚਾਉਣ ਦਾ ਦਾਅ ਖੇਡ ਰਹੇ ਹਨ।
_______________________
ਖਹਿਰਾ ਨੇ ਪੰਜਾਬ ਦੇ ਲੋਕਾਂ ਨਾਲ ਰਾਜਨੀਤਕ ਠੱਗੀ ਮਾਰੀ: ਬੀਰਦਵਿੰਦਰ
ਮੁਹਾਲੀ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਖੁਦ ਨੂੰ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਦੱਸ ਕੇ ਸੂਬੇ ਦੇ ਲੋਕਾਂ ਅਤੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਵੱਡੀ ਰਾਜਨੀਤਕ ਠੱਗੀ ਮਾਰੀ ਹੈ ਜਿਸ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸੁਖਪਾਲ ਖਹਿਰਾ ਖਿਲਾਫ਼ ਤੁਰਤ ਪ੍ਰਭਾਵ ਤੋਂ ਫ਼ੌਜਦਾਰੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕੀ ਖੁੱਸਣ ਦੇ ਡਰੋਂ ਖਹਿਰਾ ਨੇ ਇਹ ਸਾਰਾ ਡਰਾਮਾ ਰਚਿਆ ਹੈ।
_______________________
ਸੰਧੂ ਨੂੰ ਕਾਗਜ਼ਾਂ ਵਿਚ ਪ੍ਰਧਾਨ ਬਣਾਉਣਾ ਤਕਨੀਕੀ ਗਲਤੀ: ਖਹਿਰਾ
ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਨਕਦੀਪ ਸਿੰਘ ਸੰਧੂ ਨੂੰ ਦਸਤਾਵੇਜ਼ਾਂ ਵਿਚ ਪਾਰਟੀ ਦਾ ਪ੍ਰਧਾਨ ਦਰਸਾਉਣਾ ਤਕਨੀਕੀ ਗਲਤੀ ਤਾਂ ਹੋ ਸਕਦੀ ਹੈ ਪਰ ਕੋਈ ਮੰਦਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਇਸ ਮੁੱਦੇ ਨੂੰ ਤੂਲ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਮ ਆਦਮੀ ਪਾਰਟੀ ਵਿਚੋਂ ਦਿੱਤੇ ਅਸਤੀਫੇ ਸਬੰਧੀ ਖ਼ੁਦ ਵਿਧਾਨ ਸਭਾ ਦੇ ਸਪੀਕਰ ਨਾਲ ਸੰਪਰਕ ਕੀਤਾ ਸੀ ਪਰ ਉਹ ਚੰਡੀਗੜ੍ਹ ਤੋਂ ਬਾਹਰ ਹੋਣ ਕਾਰਨ ਮਿਲਣ ਤੋਂ ਅਸਮਰਥ ਸਨ।