ਚੰਡੀਗੜ੍ਹ: ਪੰਜਾਬ ‘ਤੇ ਇਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਗੰਭੀਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾਹੀਣ ਹੋਣ ਤੋਂ ਬਾਅਦ ਸੰਸਦੀ ਚੋਣਾਂ ਦੇ ਸਭ ਤੋਂ ਵੱਡੇ ਰਾਜਸੀ ਇਮਤਿਹਾਨ ਵਿਚੋਂ ਲੰਘਣਾ ਪੈ ਰਿਹਾ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜੇ ਪੁਲਿਸ ਗੋਲੀ ਕਾਂਡ ਕਾਰਨ ਇਹ ਚੋਣਾਂ ‘ਪੰਥਕ ਪਾਰਟੀ’ ਲਈ ‘ਅਗਨੀ ਪ੍ਰੀਖਿਆ’ ਸਾਬਤ ਹੋਣਗੀਆਂ।
ਅਕਾਲੀ ਆਗੂ ਖੁੱਸਿਆ ਵਕਾਰ ਬਹਾਲ ਕਰਨ ਲਈ ਇਨ੍ਹਾਂ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਉਤੇ ਜ਼ੋਰ ਦੇ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸੰਸਦੀ ਚੋਣਾਂ ਪਾਰਟੀ ਦਾ ਭਵਿੱਖ ਹੀ ਤੈਅ ਨਹੀਂ ਕਰਨਗੀਆਂ ਸਗੋਂ ਬਾਦਲ ਪਰਿਵਾਰ ਦੀ ਭਵਿੱਖੀ ਰਣਨੀਤੀ ਅਤੇ ਸਿਆਸੀ ਦਿਸ਼ਾ ਵੀ ਇਹੀ ਚੋਣਾਂ ਤੈਅ ਕਰਨਗੀਆਂ। ਅਕਾਲੀ ਦਲ ਦੇ ਕਈ ਵੱਡੇ ਆਗੂਆਂ ਜਿਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਹੋਰ ਸ਼ਾਮਲ ਹਨ, ਦੇ ਲਾਂਭੇ ਹੋਣ ਤੋਂ ਬਾਅਦ ਪਾਰਟੀ ‘ਚ ਖਲਾਅ ਪੈਦਾ ਹੋ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਉਮਰ ਦੇ ਲਿਹਾਜ਼ ਨਾਲ ਆਪਣੀਆਂ ਸਿਆਸੀ ਗਤੀਵਿਧੀਆਂ ਸੀਮਤ ਕਰ ਲਈਆਂ ਹਨ। ਮੌਜੂਦਾ ਸਮੇਂ ਪਾਰਟੀ ਦੀ ਮੁਕੰਮਲ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਹੈ ਤੇ ਪਾਰਟੀ ਵਿਚ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਵਜੋਂ ਥਾਂ ਬਿਕਰਮ ਮਜੀਠੀਆ ਨੇ ਲੈ ਲਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਅੰਦਰੂਨੀ ਖਾਨਾਜੰਗੀ ਨਾਲ ਸਿੱਝਦਿਆਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਕਾਇਮ ਰੱਖਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਕਾਲੀ ਦਲ 1998 ਦੀਆਂ ਚੋਣਾਂ ਤੋਂ ਲੈ ਕੇ 10 ਸੰਸਦੀ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਦਾ ਆ ਰਿਹਾ ਹੈ ਤੇ ਭਾਜਪਾ ਤਿੰਨ ਸੀਟਾਂ ਉਤੇ ਚੋਣ ਲੜਦੀ ਰਹੀ ਹੈ। ਲੰਘੀਆਂ ਸੰਸਦੀ ਚੋਣਾਂ ਦੌਰਾਨ ਪੰਜ ਸਾਲ ਪਹਿਲਾਂ ਜਦ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਸੀ ਤਾਂ ਅਕਾਲੀ ਦਲ ਨੇ 10 ਵਿਚੋਂ 4 ਸੀਟਾਂ (ਬਠਿੰਡਾ, ਫਿਰੋਜ਼ਪੁਰ, ਖਡੂਰ ਸਾਹਿਬ ਤੇ ਆਨੰਦਪੁਰ ਸਾਹਿਬ) ਜਿੱਤੀਆਂ ਸਨ। ਚਾਰਾਂ ਵਿਚੋਂ ਦੋ ਸੰਸਦ ਮੈਂਬਰ ਬ੍ਰਹਮਪੁਰਾ ਤੇ ਸ਼ੇਰ ਸਿੰਘ ਘੁਬਾਇਆ ਪਾਰਟੀ ਨੂੰ ਅਲਦਿਵਾ ਕਹਿ ਚੁੱਕੇ ਹਨ। ਬਦਲੀਆਂ ਹੋਈਆਂ ਰਾਜਸੀ ਹਾਲਤਾਂ ਵਿਚ ਅਕਾਲੀ ਦਲ ਲਈ 2014 ਵਾਲੀ ਕਾਰਗੁਜ਼ਾਰੀ ਦਿਖਾਉਣੀ ਵੀ ਵੱਡੀ ਚੁਣੌਤੀ ਹੋਵੇਗੀ।
ਬੇਅਦਬੀ ਦੇ ਮੁੱਦੇ ਨੂੰ ਵਿਰੋਧੀ ਧਿਰਾਂ ਵੱਲੋਂ ਤੂਲ ਦਿੱਤੇ ਜਾਣ ਕਾਰਨ ਅਕਾਲੀ ਦਲ ਦੇ ਵੋਟ ਬੈਂਕ ਨੂੰ ਵੱਡੀ ਸੱਟ ਵੱਜ ਰਹੀ ਹੈ। ਬਰਗਾੜੀ ‘ਚ ਵਾਪਰੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜੇ ਸਵਾਲਾਂ ਦਾ ਅਕਾਲੀ ਦਲ ਕੋਲ ਕੋਈ ਸਪੱਸ਼ਟ ਜਵਾਬ ਨਾ ਹੋਣਾ ਵੀ ਪਾਰਟੀ ਲਈ ਪਰੇਸ਼ਾਨੀ ਦਾ ਸਬੱਬ ਹੈ। ਇਸ ਤੋਂ ਇਲਾਵਾ ਗੱਠਜੋੜ ਸਰਕਾਰ ਦੌਰਾਨ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫ਼ੀ ਦਾ ਮੁੱਦਾ ਵੀ ਅਕਾਲੀਆਂ ‘ਤੇ ਭਾਰੂ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ 56 ਸੀਟਾਂ ਜਿੱਤੀਆਂ ਸਨ ਤੇ ਲਗਾਤਾਰ ਦੂਜੀ ਵਾਰੀ ਸਰਕਾਰ ਬਣਾਉਂਦਿਆਂ ਰਿਕਾਰਡ ਕਾਇਮ ਕੀਤਾ ਸੀ। ਪਰ ਸਾਲ 2014 ਦੀਆਂ ਸੰਸਦੀ ਚੋਣਾਂ ਤੋਂ ਪਾਰਟੀ ਨੂੰ ਅਜਿਹੇ ਝਟਕੇ ਲੱਗਣੇ ਸ਼ੁਰੂ ਹੋਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕਾਂ ਨੇ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਦਿੱਤਾ ਤੇ ਸੀਟਾਂ ਮਹਿਜ਼ 15 ਹੀ ਹਾਸਲ ਹੋਈਆਂ। ਐਨੀਆਂ ਘੱਟ ਸੀਟਾਂ ਆਉਣਾ ਵੀ ਕਿਸੇ ਰਿਕਾਰਡ ਤੋਂ ਘੱਟ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਜਲੰਧਰ ਸੰਸਦੀ ਹਲਕੇ ਤੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਲੁਧਿਆਣਾ ਤੋਂ ਸ਼ਰਨਜੀਤ ਸਿੰਘ ਢਿੱਲੋਂ, ਫ਼ਰੀਦਕੋਟ ਤੋਂ ਜੋਗਿੰਦਰ ਸਿੰਘ ਪੰਜਗਰਾਈਂ, ਖ਼ਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ, ਫਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਜਾਂ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ, ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਉਮੀਦਵਾਰਾਂ ਵੱਜੋਂ ਉਤਾਰ ਸਕਦਾ ਹੈ। ਪਰਮਿੰਦਰ ਸਿੰਘ ਢੀਂਡਸਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਚੋਣ ਲੜਨ ਸਬੰਧੀ ਸਹਿਮਤੀ ਨਹੀਂ ਦਿੱਤੀ ਪਰ ਪਾਰਟੀ ਵੱਲੋਂ ਦੋਵਾਂ ‘ਤੇ ਉਮੀਦਵਾਰ ਬਣਨ ਲਈ ਜ਼ੋਰ ਪਾਇਆ ਜਾ ਰਿਹਾ ਹੈ।
_______________________
ਮਾਲਵਾ ਖਿੱਤੇ ਵਿਚ ਹੀ ਹਾਲਤ ਪਤਲੀ
ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਮਾਲਵਾ ਖਿੱਤੇ ਵਿਚ ਹੀ ਇਸ ਦੀ ਹਾਲਤ ਪਤਲੀ ਹੁੰਦੀ ਨਜ਼ਰ ਆ ਰਹੀ ਹੈ। ਜਦਕਿ ਬਠਿੰਡਾ ਸੰਸਦੀ ਹਲਕੇ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਪਿਛਲੇ 10 ਸਾਲਾਂ ਤੋਂ ਸੰਸਦ ਮੈਂਬਰ ਹੈ ਤੇ ਮੋਦੀ ਸਰਕਾਰ ‘ਚ ਪਿਛਲੇ 5 ਸਾਲਾਂ ਤੋਂ ਕੈਬਨਿਟ ਮੰਤਰੀ ਦੇ ਅਹੁਦੇ ਉਤੇ ਵੀ ਹੈ। ਪੰਜਾਬ ‘ਚ ਕਈ ਪ੍ਰੋਜੈਕਟ ਲਿਆਉਣ ਤੇ ਵਿਕਾਸ ਦੇ ਦਾਅਵਿਆਂ ਦੇ ਬਾਵਜੂਦ ਅਕਾਲੀ ਦਲ ਦੇ ਆਗੂਆਂ ਦਾ ਹੀ ਮੰਨਣਾ ਹੈ ਕਿ ਇਸ ਵਾਰੀ ਬੀਬਾ ਬਾਦਲ ਲਈ ਵੀ ਬਠਿੰਡਾ ਦੀ ਸੀਟ ਜਿੱਤਣੀ ਸੁਖਾਲੀ ਨਹੀਂ ਹੋਵੇਗੀ। ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਸੰਸਦੀ ਚੋਣਾਂ ਦੌਰਾਨ ਕੈਪਟਨ ਸਰਕਾਰ ਦੀਆਂ ਨਾਲਾਇਕੀਆਂ ਨੂੰ ਚੋਣ ਮੁੱਦਾ ਬਣਾਇਆ ਜਾਵੇਗਾ।