ਵਿਗਿਆਨ ਦੀ ਦੁਨੀਆਂ: ਐਵੇਂ ਨਹੀਂ ਖਿੱਤੀਆਂ ਘੁੰਮ ਰਹੀਆਂ…

ਡਾ. ਕੁਲਦੀਪ ਸਿੰਘ ਧੀਰ
ਫੋਨ: +91-98722-60550
ਪ੍ਰੋ. ਮੋਹਨ ਸਿੰਘ ਨੇ ਕਦੇ ਕਿਹਾ ਸੀ: ਕੁਝ ਹੋਰ ਵੀ ਹੋਵਣ ਵਾਲਾ ਹੈ/ਐਵੇਂ ਨਹੀਂ ਖਿੱਤੀਆਂ ਘੁੰਮ ਰਹੀਆਂ।
ਉਸ ਨੇ ਗੱਲ ਇਨਕਲਾਬ ਦੀ ਕੀਤੀ ਸੀ। ਧਰਤੀ ਉਤਲੀ ਕ੍ਰਾਂਤੀ ਅਤੇ ਇਸ ਦੀ ਪਿੱਠਭੂਮੀ ਲਈ ਅਚੇਤ ਹੀ ਪੁਲਾੜੀ ਚਿਹਨਕ ਵਰਤੇ ਸਨ, ਪਰ ਜੇ ਅਸੀਂ ਪੁਲਾੜੀ ਚਿਹਨਕਾਂ ਨੂੰ ਸੁਚੇਤ ਰੂਪ ਵਿਚ ਵਰਤ ਕੇ ਪੁਲਾੜੀ ਭਵਿਖ ਦੀ ਗੱਲ ਕਰੀਏ ਤਾਂ ਵੀ ਇਹ ਬੋਲ ਓਨੇ ਹੀ ਸੱਚੇ ਹਨ। ਸ਼ਾਇਦ ਹੋਰ ਵੀ ਵਧੇਰੇ ਸੱਚੇ ਹਨ। ਭਵਿਖ ਵਿਚ ਸੱਚਮੁੱਚ ਪੁਲਾੜ ਵਿਚ ਕੁਝ ਹੋਰ ਹੀ ਹੋਵਣ ਵਾਲਾ ਹੈ।

ਉਹ, ਜਿਸ ਬਾਰੇ ਅੱਜ ਤੋਂ ਅੱਧੀ ਸਦੀ ਪਹਿਲਾਂ ਚੰਨ ਉਤੇ ਪਹਿਲਾ ਕਦਮ ਧਰਨ ਵੇਲੇ ਮਨੁੱਖ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਹਾਲੀਵੁੱਡ ਦੀਆਂ ਫਿਲਮਾਂ ਇਸ ਕਲਪਨਾ ਲੋਕ ਦੀਆਂ ਗੱਲਾਂ ਅਕਸਰ ਕਰਦੀਆਂ ਹਨ। ਇਸ ਲਈ ਗੱਲ ਹਾਲੀਵੁੱਡ ਦੀ ਹੀ ਫਿਲਮ ‘ਟੋਟਲ ਰੀਕਾਲ’ ਤੋਂ ਹੀ ਸ਼ੁਰੂ ਕਰਦੇ ਹਾਂ। ਇਹ ਫਿਲਮ ਮੰਗਲ ਉਤੇ ਇਕ ਸਜੇ-ਧਜੇ ਖੂਬਸੂਰਤ ਸ਼ਹਿਰ ਦੇ ਦ੍ਰਿਸ਼ ਪੇਸ਼ ਕਰਦੀ ਹੈ। ਦੇਖਣ ਨੂੰ ਆਕਰਸ਼ਕ ਇਹ ਕਲਪਿਤ ਸ਼ਹਿਰ ਬਹੁਤ ਚੰਗੇ ਲੱਗਦੇ ਹਨ, ਪਰ ਪ੍ਰਾਪਤ ਟੈਕਨਾਲੋਜੀ ਨਾਲ ਇਨ੍ਹਾਂ ਦੀ ਉਸਾਰੀ ਨਾਸਾ ਦੇ ਬਜਟ ਦੇ ਵੱਸ ਅਜੇ ਨਹੀਂ। ਹਰ ਕਿੱਲ, ਕਾਬਲਾ, ਕਾਗਜ਼, ਪਿੰਨ, ਭਾਵ ਹਰ ਨਿੱਕੀ ਤੋਂ ਨਿੱਕੀ ਚੀਜ਼ ਸ਼ੁਰੂ ਵਿਚ ਮੰਗਲ ਉਤੇ ਧਰਤੀ ਤੋਂ ਹੀ ਲੈ ਕੇ ਜਾਣੀ ਪਵੇਗੀ। ਕਰੋੜਾਂ ਮੀਲ ਦੂਰ। ਨੈਨੋਟੈਕਨਾਲੋਜੀ ਤੇ ਮਸਨੂਈ ਬੁੱਧੀ/ਰੋਬੋਟ ਇਸ ਸਿਲਸਿਲੇ ਵਿਚ ਸਾਡੀ ਮਦਦ ਕਰ ਸਕਦੇ ਹਨ।
ਇਕੀਵੀਂ ਸਦੀ ਦੇ ਅੰਤਲੇ ਦਹਾਕਿਆਂ ਤਕ ਟੈਕਨਾਲੋਜੀ ਦੇ ਵਿਕਾਸ ਨਾਲ ਅਸੀਂ ਅਸਲੋਂ ਹਲਕੇ ਗਰਾਫੀਨ ਤੇ ਕਾਰਬਨ ਨੈਨੋਟਿਊਬਾਂ ਵੱਡੀ ਮਾਤਰਾ ਵਿਚ ਬਣਾ ਸਕਾਂਗੇ, ਜਿਸ ਨਾਲ ਹਰ ਤਰ੍ਹਾਂ ਦੀ ਉਸਾਰੀ ਵਿਚ ਇਨਕਲਾਬੀ ਤਬਦੀਲੀ ਆਵੇਗੀ। ਗਰਾਫੀਨ ਹੈ ਕੀ? ਇਹ ਕਾਰਬਨ ਐਟਮਾਂ ਦੀ ਮਾਲੀਕਿਊਲ ਮੋਟੀ ਯਾਨਿ ਅਤਿ ਪਤਲੀ ਸ਼ੀਟ ਹੈ। ਲਗਪਗ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਭਾਰ ਜਿਵੇਂ ਹੈ ਹੀ ਨਹੀਂ। ਪਤਲੀ ਪਲਾਸਟਿਕ ਸ਼ੀਟ ਤੋਂ ਵੀ ਪਤਲੀ ਪਰ ਮਜ਼ਬੂਤ ਹੀਰੇ ਨਾਲੋਂ ਵੀ ਵੱਧ। ਸਟੀਲ ਨਾਲੋਂ ਦੋ ਸੌ ਗੁਣਾ ਵੱਧ ਮਜ਼ਬੂਤ। ਮੰਨ ਲਓ, ਇਕ ਪੈਨਸਿਲ ਉਪਰ ਹਾਥੀ ਖਲੋ ਜਾਵੇ। ਇਸ ਪੈਨਸਿਲ ਦੀ ਘੜੀ ਹੋਈ ਨੋਕ ਹਾਥੀ ਸਮੇਤ ਗਰਾਫੀਨ ਸ਼ੀਟ ਉਤੇ ਟਿਕਾਈਏ ਤਾਂ ਵੀ ਸ਼ੀਟ ਨਾ ਪਾਟੇਗੀ ਤੇ ਨਾ ਉਸ ਵਿਚ ਮੋਰੀ ਹੋਵੇਗੀ। ਕਮਾਲ ਇਹ ਵੀ ਹੈ ਕਿ ਗਰਾਫੀਨ ਬਿਜਲੀ ਦੀ ਸੁਚਾਲਕ ਹੈ। ਇਸ ਸ਼ੀਟ ਉਤੇ ਵਿਗਿਆਨੀ ਟਰਾਂਜਿਸਟਰ ਉਲੀਕਣੇ ਸਿੱਖ ਚੁਕੇ ਹਨ। ਗਰਾਫੀਨ ਨਵੇਂ ਯੁੱਗ ਦੇ ਕੰਪਿਊਟਰਾਂ ਦਾ ਆਧਾਰ ਬਣੇਗੀ।
ਕਾਰਬਨ ਨੈਨੋ-ਟਿਊਬਾਂ ਗਰਾਫੀਨ ਸ਼ੀਟਾਂ ਨੂੰ ਰੋਲ ਕਰ ਕੇ ਬਣ ਸਕਦੀਆਂ ਹਨ। ਇਹ ਇੰਨੀਆਂ ਮਜ਼ਬੂਤ ਹਨ ਕਿ ਟੁੱਟਦੀਆਂ ਹੀ ਨਹੀਂ। ਪਤਲੀਆਂ ਇੰਨੀਆਂ ਕਿ ਦਿਸਦੀਆਂ ਹੀ ਨਹੀਂ। ਜੇ ਕਿਤੇ ਫਲੋਟਿੰਗ ਰੈਸਤਰਾਂ ਲਈ ਪੁਲ ਕਾਰਬਨ ਨੈਨੋ-ਟਿਊਬਾਂ ਦਾ ਬਣਿਆ ਹੋਵੇ ਤਾਂ ਲੱਗੇਗਾ ਹਵਾ ਵਿਚ ਹੀ ਖੜ੍ਹਾ ਹੈ। ਉਸ ਦੇ ਥੱਲੇ ਸਹਾਰਾ ਦੇਣ ਨੂੰ ਕੁਝ ਹੈ ਹੀ ਨਹੀਂ। ਤੁਸੀਂ ਕਹੋਗੇ ਕਿ ਘਰ, ਪੁਲ, ਇਮਾਰਤਾਂ ਵਿਚ ਅਸੀਂ ਗਰਾਫੀਨ ਤੇ ਕਾਰਬਨ ਨੈਨੋ-ਟਿਊਬਾਂ ਕਿਉਂ ਨਹੀਂ ਵਰਤ ਰਹੇ। ਗੱਲ ਇਹ ਹੈ ਕਿ ਇਸ ਵਕਤ ਇਨ੍ਹਾਂ ਪਦਾਰਥਾਂ ਨੂੰ ਬਣਾਉਣਾ ਅਤਿ ਔਖਾ ਅਤੇ ਮਹਿੰਗਾ ਕਾਰਜ ਹੈ। ਭਾਰੀ ਮਾਤਰਾ ਵਿਚ ਇਨ੍ਹਾਂ ਨੂੰ ਬਣਾਉਣਾ ਅਜੇ ਸੰਭਵ ਨਹੀਂ। ਇਸ ਵੇਲੇ ਤਾਂ ਇਕ ਰਸੀਦੀ ਟਿਕਟ ਤੋਂ ਵਡੇਰੀ ਗਰਾਫੀਨ ਸ਼ੀਟ ਬਣਾਉਣੀ ਔਖੀ ਹੈ। ਮੌਲੀਕਿਊਲਰ ਪੱਧਰ ਉਤੇ ਰਤਾ ਕੁ ਅਸ਼ੁੱਧੀ ਨਾਲ ਹੀ ਇਸ ਪਦਾਰਥ ਦੇ ਜਾਦੂਈ ਗੁਣ ਖਤਮ ਹੋ ਜਾਂਦੇ ਹਨ। ਹਾਂ, ਇਸ ਸਦੀ ਦੇ ਅੰਤ ਤਕ ਇਨ੍ਹਾਂ ਪਦਾਰਥਾਂ ਨੂੰ ਥੋਕ ਰੇਟ ‘ਤੇ ਬਣਾਉਣਾ ਸੰਭਵ ਹੋ ਸਕਦਾ ਹੈ। ਉਦੋਂ ਇਨ੍ਹਾਂ ਨੂੰ ਮੰਗਲ ਅਤੇ ਹੋਰ ਪੁਲਾੜੀ ਭਵਨਾਂ ਤੇ ਬਸਤੀਆਂ ਦੇ ਨਿਰਮਾਣ ਲਈ ਵਰਤਿਆ ਜਾ ਸਕੇਗਾ। ਇਨ੍ਹਾਂ ਤੋਂ ਬਣੇ ਭਵਨ ਮਜ਼ਬੂਤ ਤੇ ਪਾਰਦਰਸ਼ੀ ਹੋਣਗੇ। ਸਪੇਸ ਸੂਟ ਅਤਿ ਪਤਲੇ ਤੇ ਸਕਿਨ-ਟਾਈਟ। ਕਾਰਾਂ ਅਤਿ ਹਲਕੀਆਂ। ਪੁਲਾੜੀ ਪਰੋਬਾਂ ਹਲਕੀਆਂ ਫੁਲਕੀਆਂ। ਸਪਸ਼ਟ ਹੈ ਕਿ ਇਸ ਨਾਲ ਚੰਨ/ਮੰਗਲ ਤਕ ਮਨੁੱਖੀ ਉਡਾਰੀਆਂ ਦੇ ਰਾਹ ਦੀਆਂ ਅਨੇਕਾਂ ਸਮੱਸਿਆਵਾਂ ਮੁੱਕ ਜਾਣਗੀਆਂ। ਰਹਿੰਦੀ ਕਸਰ ਮਸਨੂਈ ਬੁੱਧੀ ਕੱਢੇਗੀ।
ਦੋ ਸਾਲ ਪਹਿਲਾਂ 2016 ਵਿਚ ਮਸਨੂਈ ਬੁੱਧੀ/ਖੋਜ ਕਾਰਜਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਡੀਪ ਮਾਈਂਡ ਕੰਪਨੀ ਦੇ ਐਲਫਾ ਗੋ ਨਾਮ ਦੇ ਕੰਪਿਊਟਰ ਪ੍ਰੋਗਰਾਮ ਨੇ ਗੋ ਨਾਮ ਦੀ ਪੁਰਾਤਨ ਖੇਡ ਦੇ ਵਿਸ਼ਵ ਚੈਂਪੀਅਨ ਲੀ ਸੇਡੋਲ ਨੂੰ ਮਾਤ ਦਿੱਤੀ। ਵਿਗਿਆਨੀ ਇਸ ਨੂੰ ਬੜੀ ਵੱਡੀ ਗੱਲ ਸਮਝਦੇ ਹਨ। ਸ਼ਤਰੰਜ ਵਿਚ ਤਾਂ ਇਕ ਸਮੇਂ ਵੀਹ ਪੰਝੀ ਚਾਲਾਂ ਦੀ ਹੀ ਸੰਭਾਵਨਾ ਹੁੰਦੀ ਹੈ। ਗੋ ਵਿਚ ਇਕੋ ਸਮੇਂ ਢਾਈ ਸੌ ਚਾਲਾਂ ਸੰਭਵ ਹਨ ਤੇ ਖੇਡ ਦੀਆਂ ਸੰਭਵ ਸਮੂਹ ਸੈਟਿੰਗਾਂ ਵਿਚ ਚਾਲਾਂ ਦੀ ਗਿਣਤੀ ਅਰਬਾਂ ਵਿਚ ਚਲੀ ਜਾਂਦੀ ਹੈ। ਕੰਪਿਊਟਰ ਨੇ ਬੰਦੇ ਨੂੰ ਇਸ ਖੇਡ ਵਿਚ ਹਰਾ ਦਿੱਤਾ। ਇਹ ਵਿਕੋਲਿਤਰੀ ਘਟਨਾ ਹੀ ਕਹੀ ਜਾ ਸਕਦੀ ਹੈ। ਇਸ ਦੇ ਬਾਵਜੂਦ ਇਹ ਕੰਪਿਊਟਰ ‘ਗੋ’ ਬਾਰੇ ਕੁਝ ਨਹੀਂ ਦੱਸ ਸਕਦਾ। ਇਸ ਨੂੰ ਕੋਈ ਇਸ ਪ੍ਰਾਪਤੀ ਲਈ ਵਧਾਈ ਦੇਵੇ ਤਾਂ ਇਹ ਧੰਨਵਾਦ ਜਾਂ ਖੁਸ਼ੀ ਦੇ ਬੋਲ ਨਹੀਂ ਬੋਲ ਸਕਦਾ। ਇਸ ਨੂੰ ਨਹੀਂ ਪਤਾ ਕਿ ਇਹ ਪ੍ਰਾਪਤੀ ਇਤਿਹਾਸਕ ਮਹੱਤਵ ਵਾਲੀ ਹੈ। ਇਸ ਨੂੰ ਇਹ ਵੀ ਨਹੀਂ ਪਤਾ ਕਿ ਇਹ ਮਸ਼ੀਨ ਹੈ। ਹੈ ਤਾਂ ਇਹ ਮਸ਼ੀਨ ਹੀ ਜਿਸ ਵਿਚ ਚੇਤਨਾ, ਸਿਰਜਣਾਤਮਕਤਾ, ਭਾਵਨਾਵਾਂ ਤੇ ਸਾਧਾਰਨ ਸੂਝ ਵਰਗਾ ਕੁਝ ਵੀ ਨਹੀਂ। ਫਿਰ ਵੀ ਮਸਨੂਈ ਬੁੱਧੀ ਨਾਲ ਚਲਦੇ ਰੋਬੋਟਾਂ ਨੂੰ ਬਿਨਾ ਹੀਲ ਹੁੱਜਤ ਔਖੇ, ਖਤਰਨਾਕ ਕੰਮਾਂ ਲਈ ਡਾਹੁਣਾ ਸੰਭਵ ਹੈ। ਵੋਏਜਰ, ਵਾਈਕਿੰਗ ਤੇ ਕੈਸਿਨੀ ਵਰਗੇ ਮਿਸ਼ਨਾਂ ਪਿੱਛੇ ਮਨੁੱਖ ਸਨ, ਪਰ ਉਨ੍ਹਾਂ ਨੇ ਰੋਬੋਟਾਂ ਨੂੰ ਕਿੰਨੇ ਹੀ ਕਾਰਜਾਂ ਨੂੰ ਰਿਮੋਟ ਕੰਟਰੋਲ ਰਾਹੀਂ ਕਰਨ ਲਈ ਵਰਤਿਆ।
ਵਿਗਿਆਨੀ ਇਨ੍ਹਾਂ ਕਠਪੁਤਲੀ ਰੋਬੋਟਾਂ ਤੋਂ ਅਗਾਂਹ ਵਧ ਕੇ ਆਪਣੇ ਫੈਸਲੇ ਆਪ ਕਰਨ ਵਾਲੇ ਸਵੈਚਾਲਿਤ ਰੋਬੋਟ ਵਿਕਸਿਤ ਕਰਨ ਦੀ ਸੋਚ ਰਹੇ ਹਨ। ਉਹ ਚਾਹੁੰਦੇ ਹਨ ਕਿ ਇਹ ਰੋਬੋਟ ਮਨੁੱਖ ਦੇ ਘੱਟੋ-ਘੱਟ ਦਖਲ ਨਾਲ ਆਪੇ ਕੰਮ ਕਰਨਾ ਸਿੱਖਣ। ਇਨ੍ਹਾਂ ਨੂੰ ਹੁਕਮ ਦਿਓ, ਚੱਲ ਭਾਈ ਚੁੱਕ ਕਬਾੜ। ਬੱਸ ਇਹ ਆਪੇ ਕਬਾੜ ਚੁੱਕਣ ਲੱਗ ਪਵੇ। ਵਿਗਿਆਨੀ ਖਤਰਨਾਕ, ਗੰਦੇ ਤੇ ਅਕਾਊ ਕੰਮ ਇਨ੍ਹਾਂ ਹਵਾਲੇ ਕਰਨ ਦੀ ਸੋਚ ਰਹੇ ਹਨ। ਪੁਲਾੜੀ ਬਸਤੀਆਂ ਵਸਾਉਣ ਸਮੇਂ ਤਾਂ ਇਹੋ ਜਿਹੇ ਕੰਮ ਢੇਰ ਹੋਣੇ ਹਨ। ਇਸ ਲਈ ਪੁਲਾੜੀ ਬਸਤੀਆਂ ਵਾਸਤੇ ਵਿਕਸਿਤ ਕਿਸਮ ਦੇ ਸਵੈ-ਚਾਲਿਤ ਸਿਆਣੇ ਰੋਬੋਟਾਂ ਦੀ ਲੋੜ ਹੋਰ ਵੱਧ ਹੋਵੇਗੀ। ਭਾਰੀ ਗਾਰਡਰ/ਮਸ਼ੀਨਾਂ ਚੁੱਕਣਾ, ਬਿਨਾ ਆਕਸੀਜਨ/ਸਪੇਸ ਸੂਟ ਦੇ ਤਪਦੀ ਲੂ ਵਿਚ ਜਾਂ ਜੰਮੀਆਂ ਬਰਫਾਂ ਉਤੇ ਤੁਰ ਕੇ ਕੰਮ ਕਰਨੇ ਮਨੁੱਖ ਦੇ ਵੱਸ ਨਹੀਂ। ਰੋਬੋਟ ਤਾਂ ਅੱਗ ਦੀਆਂ ਲਾਟਾਂ ਵਿਚੋਂ ਵੀ ਲੰਘ ਜਾਣਗੇ। ਇਹ ਗਰਮੀ/ਸਰਦੀ, ਭੁੱਖ/ਪਿਆਸ ਨਾਲ ਨਾ ਬੇਹੋਸ਼ ਹੋਣਗੇ ਤੇ ਨਾ ਮਰਨਗੇ। ਖਰਾਬ ਹੋ ਗਏ ਤਾਂ ਮੁਰੰਮਤ ਹੋ ਜਾਵੇਗੀ। ਚੰਨ/ਮੰਗਲ ਦੀਆਂ ਬਰਫਾਨੀ ਟੋਪੀਆਂ, ਟਾਈਟਨ ਦੀਆਂ ਬਰਫਾਂ ਕੱਜੀਆਂ ਝੀਲਾਂ, ਮੰਗਲ/ਚੰਨ ਦੀਆਂ ਜ਼ਮੀਨਦੋਜ਼ ਲਾਵੇ ਦੀਆਂ ਸੁਰੰਗਾਂ ਤੇ ਮਾਰੂ ਵਿਕੀਰਨ ਵਾਲੇ ਖੇਤਰ, ਭਾਵ ਰੋਬੋਟ ਹਰ ਔਖੀ ਹਾਲਤ ਵਿਚ ਵਿਗਿਆਨੀਆਂ ਦੇ ਅੜੇ-ਥੁੜ੍ਹੇ ਕਾਰਜ ਕਰ ਸਕਦੇ ਹਨ, ਬਿਨਾ ਅੱਕੇ ਥੱਕੇ। ਪੁਲਾੜੀ ਬਸਤੀਆਂ ਵਿਚ ਫੈਕਟਰੀਆਂ ਵਿਚ ਕਈ ਕਿਸਮ ਦੇ ਅਕਾਊ ਕੰਮ ਹੋਣਗੇ। ਉਹ ਵੀ ਇਨ੍ਹਾਂ ਨੂੰ ਸੌਂਪੇ ਜਾ ਸਕਣਗੇ। ਸੀਵਰੇਜ ਅਤੇ ਸੈਨੀਟੇਸ਼ਨ ਦੇ ਕੰਮ ਵੀ ਇਨ੍ਹਾਂ ਹਵਾਲੇ ਕਰਕੇ ਮਨੁੱਖ ਬੇਫਿਕਰ ਹੋ ਸਕਦਾ ਹੈ। ਇਹ ਸਾਰਾ ਕੁਝ ਤਾਂ ਇਹ ਕਰਨਗੇ ਪਰ ਸਵਾਲ ਹੈ ਕਿ ਕੀ ਇਹੋ ਜਿਹੇ ਰੋਬੋਟ ਬਣ ਵੀ ਸਕਦੇ ਹਨ?
ਮਸਨੂਈ ਬੁੱਧੀ ਨਾਲ ਇਹੋ ਜਿਹੇ ਰੋਬੋਟ ਬਣਾਉਣ ਦੀ ਗੱਲ 1955 ਵਿਚ ਡਾਰਟਮਾਊਥ ਵਿਚ ਬੜੇ ਜੋਸ਼-ਖਰੋਸ਼ ਨਾਲ ਸ਼ੁਰੂ ਹੋਈ। 1965 ਵਿਚ ਹਰਬਰਟ ਸਾਈਮਨ ਨੇ ਇਥੋਂ ਤਕ ਕਿਹਾ ਕਿ ਵੀਹ ਸਾਲ ਪਿਛੋਂ ਮਸ਼ੀਨਾਂ ਹਰ ਉਹ ਕੰਮ ਕਰਨ ਯੋਗ ਹੋ ਜਾਣਗੀਆਂ, ਜੋ ਮਨੁੱਖ ਕਰ ਸਕਦੇ ਹਨ, ਪਰ ਵੀਹ ਸਾਲ ਪਿਛੋਂ ਸਮਝ ਆ ਗਈ ਕਿ ਅਜੇ ਦਿੱਲੀ ਦੂਰ ਹੈ। ਦੋ ਵੱਡੀਆਂ ਮੁਸ਼ਕਿਲਾਂ ਸਨ: ਪੈਟਰਨਾਂ ਦੀ ਪਛਾਣ ਤੇ ਸਾਧਾਰਨ ਸੂਝ। ਰੋਬੋਟ ਦੇਖ ਤਾਂ ਸਕਦੇ ਹਨ ਪਰ ਦੇਖੇ ਨੂੰ ਸਮਝ, ਪਛਾਣ ਕੇ ਪੈਟਰਨ ਨਹੀਂ ਨਿਸ਼ਚਿਤ ਕਰ ਸਕਦੇ। ਗੋਲ/ਤਿਕੋਣ/ਚੌਰਸ/ਅੰਡਾਕਾਰ ਰੂਪਾਂ ਵਿਚ ਵੰਡੇ ਕਿਸੇ ਦ੍ਰਿਸ਼ ਨੂੰ ਸਮਝ, ਵੇਖ ਲੈਣਗੇ। ਰੋਬੋਟ ਇਨ੍ਹਾਂ ਤੱਤਾਂ ਨੂੰ ਸੰਗਠਨ ਵਿਚ ਬੰਨ ਕੇ ਸਾਧਾਰਨ ਸੂਝ ਨਾਲ ਇਨ੍ਹਾਂ ਦੀ ਵਿਆਖਿਆ ਜਾਂ ਨਵੇਂ ਉਦੇਸ਼ਾਂ ਲਈ ਵਰਤਣ ਦੀਆਂ ਨਵੀਆਂ ਸੰਭਾਵਨਾਵਾਂ ਬਾਰੇ ਆਪਣੇ ਆਪ ਇਕ ਕਦਮ ਵੀ ਨਹੀਂ ਪੁੱਟ ਸਕਦੇ। ਸੜਕ ‘ਤੇ ਤੁਰੇ ਜਾਂਦੇ ਰੋਬੋਟ ਅੱਗੇ ਅਚਾਨਕ ਕੁੱਤਾ, ਬਿੱਲਾ, ਝੋਟਾ, ਬੱਚਾ, ਰੁੱਖ, ਅਪਾਹਜ ਬੰਦਾ ਆ ਜਾਵੇ ਤਾਂ ਇਹ ਫੈਸਲਾ ਨਹੀਂ ਕਰ ਸਕਦੇ ਕਿ ਕੀ ਕਰਨਾ ਵਾਜਿਬ ਹੈ। ਇਨ੍ਹਾਂ ਵਿਚ ਸਾਡੇ ਬੱਚਿਆਂ ਵਰਗੀ ਸਾਧਾਰਨ ਸੂਝ ਵੀ ਨਹੀਂ ਹੈ। ਇਹ ਨਹੀਂ ਜਾਣਦੇ ਕਿ ਪਾਣੀ ਨਾਲ ਕੋਈ ਚੀਜ਼ ਗਿੱਲੀ ਹੋ ਜਾਂਦੀ ਹੈ, ਅੱਗ ਗਰਮ ਹੈ, ਸੱਪ ਜ਼ਹਿਰੀ ਹੈ। ਮਾਂਵਾਂ ਵੱਡੀਆਂ ਹੁੰਦੀਆਂ ਹਨ ਤੇ ਧੀਆਂ ਛੋਟੀਆਂ। ਬੱਚਿਆਂ ਨੇ ਇਹ ਸਾਰਾ ਕੁਝ ਕਿਸੇ ਕੰਪਿਊਟਰ ਪ੍ਰੋਗਰਾਮ ਜਾਂ ਗਣਿਤ ਸਮੀਕਰਨਾਂ ਨਾਲ ਨਹੀਂ ਸਿੱਖਿਆ। ਹਰ ਬੱਚਾ ਹਰ ਰੋਜ਼ ਹਰ ਘੜੀ ਕੁਝ ਨਵਾਂ ਜਾਣ/ਸਿੱਖ/ਸਮਝ ਰਿਹਾ ਹੈ। ਕੰਪਿਊਟਰ ਇੰਜ ਨਹੀਂ ਕਰ ਸਕਦਾ। ਇਸ ਨੂੰ ਜੋ ਦੱਸਣਾ/ਸਿੱਖਣਾ ਹੈ, ਉਹ ਮਨੁੱਖ ਨੇ ਪ੍ਰੋਗਰਾਮਿੰਗ ਕਰਕੇ ਹੀ ਇਸ ਦੇ ਦਿਮਾਗ ਵਿਚ ਪਾਉਣਾ ਹੈ। ਉਸ ਦੱਸੇ ਸਿਖਾਏ ਵਿਚ ਦਿੱਤੀਆਂ ਹਦਾਇਤਾਂ, ਪ੍ਰਾਪਤ ਸੰਭਾਵਨਾਵਾਂ, ਚੋਣਾਂ, ਪ੍ਰਤੀਕਰਮਾਂ ਜਾਂ ਪ੍ਰਤੀਕਰਮਾਂ ਦੀ ਪਹਿਲ-ਦੂਜ ਦਾ ਨਿਰਣਾ ਹੀ ਰੋਬੋਟ ਕਰੇਗਾ। ਉਸ ਤੋਂ ਬਾਹਰ ਇਹ ਕੁਝ ਵੀ ਨਹੀਂ ਕਰ ਸਕਦਾ। ਇਸ ਪੱਖੋਂ ਸਾਧਾਰਨ ਸਕੂਲ ਜਾਂਦੇ ਬੱਚੇ ਵੱਡੇ ਵੱਡੇ ਕੰਪਿਊਟਰਾਂ ਤੋਂ ਸਿਆਣੇ ਹਨ।
2011 ਵਿਚ ਜਾਪਾਨ ਦੇ ਫੁਕੂਸ਼ੀਮਾ ਨਿਊਕਲੀ ਹਾਦਸੇ ਪਿਛੋਂ ਵੱਡੀ ਮਾਤਰਾ ਵਿਚ ਮਾਰੂ ਰੇਡੀਏਸ਼ਨ ਨਿਕਲੀ। ਮਾਹਿਰਾਂ ਨੇ ਕਿਹਾ ਕਿ ਸਾਧਾਰਨ ਟੈਕਨਾਲੋਜੀ ਨਾਲ ਇਸ ਨੂੰ ਖਤਮ ਕਰਨ ਲਈ ਤੀਹ-ਚਾਲੀ ਸਾਲ ਲੱਗ ਜਾਣਗੇ ਅਤੇ 180 ਅਰਬ ਡਾਲਰ ਖਰਚਾ ਆਵੇਗਾ। 2013 ਵਿਚ ਇਸ ਵੰਗਾਰ ਨਾਲ ਰੋਬੋਟਿਕ ਤਰੀਕੇ ਨਾਲ ਨਿਬੜਨ ਲਈ ਅਮਰੀਕਾ ਦੀ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ (ਡੈਰਪਾ) ਨੇ ਪੈਂਤੀ ਲੱਖ ਡਾਲਰ ਦੇ ਡੈਰਪਾ ਰੋਬੋਟਿਕਸ ਚੈਲੰਜ ਪੁਰਸਕਾਰ ਦਾ ਐਲਾਨ ਕੀਤਾ। ਜਿੱਤਣ ਵਾਲੇ ਰੋਬੋਟ ਲਈ ਅੱਠ ਸਰਲ ਕੰਮ ਮਿੱਥੇ ਗਏ: ਕਾਰ ਚਲਾਓ, ਕਬਾੜ ਚੁੱਕੋ, ਦਰਵਾਜਾ ਖੋਲ੍ਹੋ, ਲੀਕ ਕਰ ਰਿਹਾ ਵਾਲਵ ਬੰਦ ਕਰੋ, ਪਾਈਪ ਜੋੜੋ, ਵਾਲਵ ਖੋਲ੍ਹੋ। ਮੁਕਾਬਲਾ ਸਖਤ ਸੀ ਪਰ ਕਿਸੇ ਨੂੰ ਵੀ ਇਸ ਵਿਚ ਸਫਲਤਾ ਨਾ ਮਿਲੀ। ਦਿੱਲੀ ਅਜੇ ਵੀ ਪਹਿਲਾਂ ਜਿੰਨੀ ਦੂਰ ਪ੍ਰਤੀਤ ਹੋਈ।
ਵਿਗਿਆਨੀ, ਜੋ ਪਹਿਲਾਂ ਦਿਮਾਗ ਨੂੰ ਇਕ ਕੰਪਿਊਟਰ ਵਾਂਗ ਮੰਨ ਕੇ ਤੁਰ ਰਹੇ ਸਨ, ਹੱਥ ਖੜ੍ਹੇ ਕਰ ਗਏ। ਉਹ ਮੰਨ ਗਏ ਕਿ ਦਿਮਾਗ ਨਿਰਾ ਡਿਜੀਟਲ ਕੰਪਿਊਟਰ ਨਹੀਂ। ਨਾ ਪ੍ਰੋਗਰਾਮਿੰਗ, ਨਾ ਸੀ. ਪੀ. ਯੂ., ਨਾ ਪੈਂਟੀਅਮ ਚਿਪ, ਨਾ ਕੋਡਿੰਗ। ਕੰਪਿਊਟਰ ਵਿਚੋਂ ਤਾਂ ਇਕ ਟਰਾਂਜ਼ਿਸਟਰ ਹੀ ਕੱਢ ਲਓ ਤਾਂ ਉਹ ਬੰਦ ਹੋ ਜਾਵੇਗਾ। ਮਨੁੱਖੀ ਦਿਮਾਗ ਦਾ ਕੀ ਕਹੀਏ! ਅਪਰੇਸ਼ਨ ਕਰ ਕੇ ਇਸ ਦਾ ਕਿੰਨਾ ਹੀ ਹਿੱਸਾ ਕੱਢ ਦਿੰਦੇ ਹਨ। ਇਹ ਫਿਰ ਵੀ ਚੱਲੀ ਜਾਂਦਾ ਹੈ। ਬਸ ਕੁਝ ਕਾਰਜ ਹੀ ਪ੍ਰਭਾਵਿਤ ਹੁੰਦੇ ਹਨ। ਦਿਮਾਗ ਤਾਂ ਨਿਊਰਲ ਨੈਟਵਰਕ ਹੈ। ਹਰ ਪਲ, ਹਰ ਛਿਣ ਇਹ ਕੁਝ ਨਵਾਂ ਸਿੱਖ ਕੇ ਆਪਣੇ ਨੈਟਵਰਕ ਨੂੰ ਮੁੜ ਸੰਗਠਿਤ ਕਰਦਾ ਹੈ। ਪੁਲਾੜ ਵਿਚ ਨਿੱਤ ਨਵੀਆਂ ਵੰਗਾਰਾਂ, ਅਨੁਭਵਾਂ ਅਤੇ ਖਤਰਿਆਂ ਦੇ ਸਾਹਮਣੇ ਮਨੁੱਖੀ ਦਿਮਾਗ ਹਰ ਘੜੀ ਨਿਊਰਲ ਨੈਟਵਰਕ ਨੂੰ ਪੁਨਰ-ਵਿਵਸਥਿਤ ਕਰ ਕੇ ਉਸ ਦੇ ਟਾਕਰੇ ਦੀਆਂ ਤਰਕੀਬਾਂ ਸੋਚ ਸਕਦਾ ਹੈ, ਪਰ ਰੋਬੋਟ ਕੀ ਕਰੇ? ਹਾਲ ਤਕ ਦੇ ਪ੍ਰਾਪਤ ਰੋਬੋਟ ਇਨ੍ਹਾਂ ਵੰਗਾਰਾਂ ਦੇ ਸਨਮੁੱਖ ਬੇਕਾਰ ਹਨ। ਵਿਗਿਆਨੀ ਤਾਂ ਮੱਛਰਾਂ ਦੇ ਦਿਮਾਗ ਦੀ ਸਮਰੱਥਾ ਉਤੇ ਹੀ ਹੈਰਾਨ ਹਨ, ਜਿਸ ਵਿਚ ਮਸਾਂ ਇਕ ਲੱਖ ਨਿਊਰੋਨ ਹੋਣਗੇ। ਮਨੁੱਖ ਵਿਚ ਤਾਂ ਇਨ੍ਹਾਂ ਦੀ ਗਿਣਤੀ ਅਰਬਾਂ-ਖਰਬਾਂ ਵਿਚ ਹੈ। ਵਿਗਿਆਨੀ ਇਸੇ ਕਿਸਮ ਦੇ ਨਿਊਰਲ ਨੈਟਵਰਕ ਵਾਲੇ ਕੰਪਿਊਟਰਾਂ ਬਾਰੇ ਖੋਜ ਵਿਚ ਲੱਗ ਗਏ ਹਨ। ਇਸ ਖੋਜ ਪ੍ਰੋਜੈਕਟ/ਵਿਗਿਆਨ ਨੂੰ ਡੀਪ ਲਰਨਿੰਗ ਦਾ ਨਾਮ ਦਿੱਤਾ ਗਿਆ ਹੈ।
ਰੋਬੋਟਾਂ ਦੀ ਲੋੜ ਤੇ ਵਰਤੋਂ ਤਾਂ ਭਵਿੱਖ ਦੀਆਂ ਪੁਲਾੜ ਉਡਾਰੀਆਂ ਵਿਚ ਵਧਣੀ ਹੀ ਵਧਣੀ ਹੈ, ਪਰ ਇਹ ਵਧੇਰੇ ਸਵੈ-ਚੇਤਨਾ ਅਤੇ ਆਪਣੇ ਪ੍ਰਾਰੂਪ ਆਪੇ ਬਣਾ ਲੈਣ ਵਾਲੇ ਬਣਾਉਣੇ ਪੈਣਗੇ। ਜੀਵ ਵਿਗਿਆਨ ਦੱਸਦਾ ਹੈ ਕਿ ਵਾਇਰਸ ਸਾਡੇ ਸੈਲ ਵਰਤ ਕੇ ਆਪਣੀ ਗਿਣਤੀ ਵਧਾ ਲੈਂਦੇ ਹਨ। ਬੈਕਟੀਰੀਆ ਆਪ ਹੀ ਟੁੱਟ-ਟੁੱਟ ਕੇ ਨਵੇਂ ਬੈਕਟੀਰੀਆ ਬਣਾਈ ਜਾਂਦੇ ਹਨ। ਇਹ ਸੂਖਮ ਜੀਵ ਆਪਣੇ ਹੀ ਇਕ ਤੋਂ ਦੋ, ਦੋ ਤੋਂ ਚਾਰ ਹੋ ਕੇ ਵਧੀ ਜਾਂਦੇ ਹਨ। ਮਨੁੱਖੀ ਭਰੂਣ ਦਾ ਬੀਜ ਵੀ ਤਾਂ ਜ਼ਾਈਗੋਟ ਨਾਂ ਦਾ ਫਰਟੀਲਾਈਜ਼ਡ ਸੈਲ ਹੈ, ਜੋ ਇਕ ਤੋਂ ਦੋ, ਦੋ ਤੋਂ ਚਾਰ ਹੋ ਕੇ ਫਲਦਾ-ਫੁੱਲਦਾ ਨੌਂ ਕੁ ਮਹੀਨੇ ਵਿਚ ਬੱਚੇ ਦਾ ਰੂਪ ਧਾਰ ਲੈਂਦਾ ਹੈ। ਇਹ ਡੀ. ਐਨ. ਏ. ਆਸਰੇ ਇੰਜ ਕਰਦਾ ਹੈ। ਡੀ. ਐਨ. ਏ. ਮੌਲੀਕਿਊਲ ਹੋਰ ਮੌਲੀਕਿਊਲਾਂ ਤੋਂ ਦੋ ਗੱਲਾਂ ਕਰਕੇ ਵੱਖਰਾ ਹੈ। ਪਹਿਲਾ, ਇਸ ਵਿਚ ਜੀਵਨ ਦੇ ਨਕਸ਼ ਸਿਰਜਣ, ਸਾਂਭਣ, ਸੰਚਾਰਿਤ ਕਰਨ ਵਾਲੀ ਢੇਰਾਂ ਦੀ ਢੇਰ ਜਾਣਕਾਰੀ। ਦੂਜਾ, ਇਹ ਆਪਣਾ ਪੁਨਰ ਉਤਪਾਦਨ ਕਰ ਸਕਦਾ ਹੈ। ਕੀ ਇਹ ਦੋ ਗੁਣ ਮਸ਼ੀਨਾਂ ਵਿਚ ਨਹੀਂ ਪਾਏ ਜਾ ਸਕਦੇ? ਇਸ ਨੁਕਤੇ ਉਤੇ ਸੋਚਦਿਆਂ ਜਾਨ ਵਾਨ ਨਿਊਮਾਨ ਨੇ ਇਸ ਪ੍ਰਸ਼ਨ ਤੋਂ ਸ਼ੁਰੂਆਤ ਕੀਤੀ ਕਿ ਛੋਟੀ ਤੋਂ ਛੋਟੀ ਸਵੈ-ਸਿਰਜਕ ਮਸ਼ੀਨ ਕੀ ਹੋ ਸਕਦੀ ਹੈ?
ਉਸ ਨੇ ਮਸਲੇ ਦਾ ਪੜਾਵਾਂ ਵਿਚ ਵੰਡ ਕੇ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ। ਪਹਿਲਾ, ਕੁਝ ਨਿਰਮਾਣਕਾਰੀ ਬਲਾਕ ਲਓ। ਦੂਜਾ, ਉਨ੍ਹਾਂ ਨੂੰ ਅਸੈਂਬਲ ਕਰੋ। ਇਹ ਕੰਮ ਆਪ ਨਾ ਕਰੋ ਇਕ ਅਸੈਂਬਲਰ ਕਰੇ, ਜੋ ਕੰਪਿਊਟਰ ਨਾਲ ਚੱਲੇ। ਤੀਜਾ, ਇਕ ਕੰਪਿਊਟਰ ਪ੍ਰੋਗਰਾਮ ਤਿਆਰ ਕਰੋ, ਜੋ ਅਸੈਂਬਲਰ ਨੂੰ ਦੱਸੇ ਕਿ ਕਿਹੜੇ ਬਲਾਕ, ਕਿਸ ਕ੍ਰਮ ਲੜੀ ਵਿਚ ਅਸੈਂਬਲ ਕਰਨੇ ਹਨ। ਚੌਥਾ, ਆਪਣੀ ਸਵੈ-ਸਿਰਜਣਾ ਲਈ ਇਹ ਮਸ਼ੀਨ ਤੇ ਅਸੈਂਬਲਰ ਕਦਮ ਚੁੱਕਣ। ਨਿਊਮਨ ਨੇ ਇਹ ਯਤਨ 1940-50 ਵਿਚ ਕੀਤੇ, ਪਰ ਨਿਰਾਸ਼ ਹੋ ਕੇ ਛੱਡ ਦਿੱਤੇ। 1980 ਵਿਚ ਨਾਸਾ ਨੇ ਪੁਲਾੜੀ ਮਿਸ਼ਨਾਂ ਲਈ ਇਸ ਮਸਲੇ ਨੂੰ ਫਿਰ ਛੇੜਿਆ। ਦਸ ਕੁ ਸਾਲ ਬਾਅਦ ਫਿਰ ਗੱਲ ਮੱਠੀ ਪੈ ਗਈ। ਹੁਣ ਇਕੀਵੀਂ ਸਦੀ ਵਿਚ ਮੁੜ ਇਸ ਉਤੇ ਕੰਮ ਸ਼ੁਰੂ ਹੋਇਆ ਹੈ। ਥ੍ਰੀ-ਡੀ ਪ੍ਰਿੰਟਰ ਨਾਲ ਇਸ ਯਤਨ ਨੂੰ ਅੱਗੇ ਤੋਰਨ ਦੀ ਆਸ ਵਧੀ ਹੈ, ਪਰ ਕੁੱਲ ਮਿਲਾ ਕੇ ਅਜੇ ਸਾਡੇ ਹੱਥ ਖਾਲੀ ਹਨ।
2017 ਵਿਚ ਦੋ ਅਰਬਪਤੀ ਅਮਰੀਕੀ ਉਦਮੀਆਂ ਵਿਚ ਮਸਨੂਈ ਬੁੱਧੀ ਦੇ ਭਵਿੱਖ ਬਾਰੇ ਵਿਵਾਦ ਪੈਦਾ ਹੋ ਗਿਆ। ਮਾਰਕ ਜ਼ਕਰਬਰਗ ਨੇ ਕਿਹਾ ਕਿ ਮਸਨੂਈ ਬੁੱਧੀ ਦੌਲਤ ਤੇ ਖੁਸ਼ਹਾਲੀ ਦੇ ਰਾਹ ਖੋਲ੍ਹ ਸਕਦੀ ਹੈ। ਉਸ ਦੇ ਉਲਟ ਐਲਨ ਮਸਕ ਨੇ ਕਿਹਾ ਕਿ ਇਹ ਮਨੁੱਖਤਾ ਲਈ ਖਤਰੇ ਖੜ੍ਹੇ ਕਰੇਗੀ। ਸੁਪਰ ਸਮਾਰਟ ਰੋਬੋਟਾਂ ਨੇ ਸਾਡੀ ਗੱਲ ਕਿਥੇ ਸੁਣਨੀ ਹੈ? ਉਦੋਂ ਰੋਬੋਟ ਸਾਡੇ ਗੁਲਾਮ ਨਹੀਂ ਰਹਿਣੇ। ਅਸੀਂ ਉਨ੍ਹਾਂ ਦੇ ਗੁਲਾਮ ਹੋ ਕੇ ਰਹਿ ਜਾਵਾਂਗੇ। ਇਹ ਤ੍ਰਾਸਦੀ ਉਦੋਂ ਹੀ ਸ਼ੁਰੂ ਹੋਵੇਗੀ, ਜਦੋਂ ਰੋਬੋਟਾਂ ਨੂੰ ਪਤਾ ਲੱਗ ਗਿਆ ਕਿ ਉਹ ਰੋਬੋਟ ਹਨ ਤੇ ਮਨੁੱਖ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਹੈ। ਉਦੋਂ ਉੁਹ ਮਨੁੱਖ ਤੋਂ ਬਾਗੀ ਹੋਣ ਦੇ ਰਾਹ ਪੈ ਸਕਦੇ ਹਨ। 2050 ਤੱਕ ਤਾਂ ਰੋਬੋਟ ਮਨੁੱਖੀ ਬੁੱਧੀ ਦੀ ਬਰਾਬਰੀ ਕਰਨ ਜੋਗੇ ਵੀ ਨਹੀਂ ਹੋਣੇ। ਹਾਂ, ਕੰਮ ਇਹ ਬਥੇਰੇ ਕਰਨਗੇ ਤੇ ਕਰਨਗੇ ਵੀ ਤੇਜ਼ੀ/ਕੁਸ਼ਲਤਾ ਨਾਲ ਬਿਨਾ ਅੱਕੇ ਥੱਕੇ।
ਮਨੁੱਖ ਸਵੈਚੇਤਨ ਹੈ। ਕੇਵਲ ਵਰਤਮਾਨ ਵਿਚ ਨਹੀਂ, ਅਤੀਤ ਤੇ ਭਵਿਖ ਵੀ ਇਸ ਦੇ ਦਿਮਾਗ ਵਿਚ ਨਿਰੰਤਰ ਇਸ ਦੀਆਂ ਯੋਜਨਾਵਾਂ ਨੂੰ ਵਿਵਸਥਿਤ ਕਰਦੇ ਹਨ। ਮਸ਼ੀਨਾਂ ਸਵੈਚੇਤਨ ਨਹੀਂ। ਮਨੁੱਖ ਨਿਰੰਤਰ ਆਪਣੇ ਉਦੇਸ਼ ਮਿਥਦਾ ਤੇ ਬਦਲਦਾ ਹੈ। ਮਸ਼ੀਨਾਂ ਇੰਜ ਨਹੀਂ ਕਰ ਸਕਦੀਆਂ। ਮਨੁੱਖ ਹੀ ਮਸ਼ੀਨਾਂ/ਰੋਬੋਟਾਂ ਵਿਚ ਇਕ ਫੇਲ੍ਹ-ਸੇਫ ਚਿਪ ਲਾ ਸਕਦਾ ਹੈ, ਜੋ ਉਨ੍ਹਾਂ ਦੇ ਬਾਗੀ ਹੋਣ ਦੇ ਪਹਿਲੇ ਹੀ ਕਦਮ ਉਤੇ ਜਾਮ ਕਰ ਦੇਵੇ। ਸਪਸ਼ਟ ਹੈ ਕਿ ਵਿਗਿਆਨੀ ਮਸਨੂਈ ਬੁੱਧੀ ਤੇ ਰੋਬੋਟਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਉਤੇ ਕੁੰਡਾ ਰੱਖ ਕੇ ਅੱਗੇ ਵਧਣ ਲਈ ਬਜ਼ਿੱਦ ਹਨ।
ਭਵਿੱਖ ਦੇ ਪੁਲਾੜ ਵਿਗਿਆਨ ਲਈ ਵਰਦਾਨ ਬਣਨ ਵਾਲੀ ਅੰਤਿਮ ਸ਼ੈਅ ਕੁਆਂਟਮ ਕੰਪਿਊਟਰ ਨਾਲ ਹੀ ਇਹ ਚਰਚਾ ਖਤਮ ਕਰਨੀ ਬਣਦੀ ਹੈ। ਇਹ ਕੰਪਿਊਟਰ ਸੂਚਨਾਵਾਂ ਨੂੰ ਐਟਮਾਂ ਰਾਹੀਂ ਪ੍ਰੋਸੈਸ ਕਰਨਗੇ। ਇੰਨੇ ਸੂਖਮ ਕਿ ਨਾਲ ਦੇ ਕਮਰੇ ਵਿਚ ਕੋਈ ਛਿੱਕ ਵੀ ਮਾਰੇ ਤਾਂ ਇਹ ਡਿਸਟਰਬ ਹੋ ਜਾਣ। ਅੱਜ ਦੇ ਕੁਆਂਟਮ ਕੰਪਿਊਟਰ ਨਿੱਕੀਆਂ-ਮੋਟੀਆਂ ਗਣਨਾਵਾਂ ਹੀ ਕਰਨ ਦੇ ਸਮਰੱਥ ਹਨ। ਇਸ ਸਮੇਂ ਕੁਆਂਟਮ ਕੰਪਿਊਟਰ ਦਾ ਵਿਸ਼ਵ ਰਿਕਾਰਡ ਬਸ ਵੀਹ ਕਿਊਬਿਟ ਦਾ ਹੈ। ਕੁਆਂਟਮ ਕੰਪਿਊਟਰ ਦਾ ਵਿਕਾਸ ਐਟਮਾਂ ਦੀ ਇਕ-ਦੂਜੇ ਨਾਲ ਸੁਮੇਲ ਵਿਚ ਰਹਿ ਕੇ ਥਰਕਣ ਦੀ ਯੋਗਤਾ/ਅਯੋਗਤਾ ਉਤੇ ਨਿਰਭਰ ਹੈ।