ਸਾਹਿਬ ਮੇਰਾ ਏਕੋ ਹੈ…

ਗੁਰੱਬਚਨ ਸਿੰਘ
ਫੋਨ: 91-98156-98451
ਗੁਰੂ ਗ੍ਰੰਥ ਸਾਹਿਬ ਵਿਚ ਫਿਲਾਸਫੀ ਦੇ ਅਨੇਕਾਂ ਅਜਿਹੇ ਸੰਕਲਪ ਦਰਜ ਹਨ, ਜਿਨ੍ਹਾਂ ਬਾਰੇ ਸਪਸ਼ਟ ਹੋਣਾ ਜਰੂਰੀ ਹੈ। ਇਨ੍ਹਾਂ ਸੰਕਲਪਾਂ ਬਾਰੇ ਸਪਸ਼ਟ ਹੋ ਕੇ ਹੀ ਗੁਰਮਤਿ ਗਿਆਨ ਦੀ ਸੋਝੀ ਪ੍ਰਾਪਤ ਹੋ ਸਕਦੀ ਹੈ। ਗੁਰੱਬਾਣੀ ਵਿਚ ਆਏ ਕੁਝ ਸੰਕਲਪ ਆਦਿ ਕਾਲ ਤੋਂ ਤੁਰੇ ਆ ਰਹੇ ਹਨ, ਪਰ ਗੁਰਮਤਿ ਨੇ ਇਨ੍ਹਾਂ ਦੇ ਭਾਵ ਅਰਥਾਂ ਨੂੰ ਨਵਾਂ ਤੇ ਨਿਵੇਕਲਾ ਰੂਪ ਦਿੱਤਾ ਹੈ। ਭਾਵੇਂ ਇਨ੍ਹਾਂ ਸੰਕਲਪਾਂ ਦੀ ਸੂਝ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਿਆਂ ਹੀ ਆਉਂਦੀ ਹੈ, ਪਰ ਜੇ ਇਨ੍ਹਾਂ ਦੀ ਸੋਝੀ ਹੋਵੇ ਤਾਂ ਗੁਰਮਤਿ ਦੇ ਦਰ ਸੌਖੇ ਹੀ ਖੁਲ੍ਹਣੇ ਸ਼ੁਰੂ ਹੋ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਦਾ ਅਰੰਭ ੴ ਦੇ ਚਿੰਨ੍ਹ ਨਾਲ ਹੁੰਦਾ ਹੈ। ਬੋਲਣ ਲੱਗਿਆਂ ਭਾਵੇਂ ਇਸ ਨੂੰ ਇਕ ਓਂਕਾਰ (ਔਂਕਾਰ) ਬੋਲਿਆ ਜਾਂਦਾ ਹੈ, ਪਰ ਅੱਖਰੀ ਇਕ ਨਾਲ ਲੱਗੇ ਖੁੱਲ੍ਹੇ ਊੜੇ ਦਾ ਭਾਵ ਇਕੋ (ਏਕੋ) ਹੈ। ਇਹੀ ਸੱਚ ਹੈ। ਇਸ ਲਈ ਇਹ ਨਾਮ ਸਰੂਪ ਹੈ। ਇਹੀ ਕਰਤਾ ਹੈ। ਇਹੀ ਪੁਰਖ ਹੈ, ਕਿਉਂਕਿ ਚੇਤਨਾ ਦੇ ਰੂਪ ਵਿਚ ਇਹ ਜੀਵੰਤ ਹੈ। ਇਹ ਨਿਰੱਬਉ ਭਾਵ ਨਿਡਰ ਹੈ। ਇਹ ਨਿਰਵੈਰ ਭਾਵ ਵੈਰ ਰਹਿਤ ਹੈ। ਇਹ ਕਿਸੇ ਨਾਲ ਵੈਰ ਨਹੀਂ ਕਰਦਾ। ਇਹ ਅਕਾਲ ਭਾਵ ਕਾਲ ਰਹਿਤ (ਸਦੀਵੀ) ਹੈ। ਇਹ ਮੂਰਤ ਭਾਵ ਸਾਕਾਰ ਹੈ। ਇਹ ਅਜੂਨੀ ਹੈ ਭਾਵ ਕਿਸੇ ਜੂਨ ਵਿਚ ਨਹੀਂ ਆਉਂਦਾ। ਇਸ ਨੂੰ ਕਿਸੇ ਨੇ ਨਹੀਂ ਸਾਜਿਆ। ਇਸ ਦੀ ਹੋਂਦ ਸਵੈ ਤੋਂ ਹੈ। ਇਸ ਦਾ ਅਨੁਭਵ ਗੁਰੂ ਦੀ ਮਿਹਰ ਨਾਲ ਹੁੰਦਾ ਹੈ।
ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਸ ਏਕੋ ਦੇ ਭਾਵ ਅਰਥਾਂ ਨੂੰ ਵਾਰ ਵਾਰ ਸਪਸ਼ਟ ਕੀਤਾ ਗਿਆ ਹੈ। ਇਸ ਬਾਰੇ ਕੋਈ ਭਰਮ ਭੁਲੇਖਾ ਨਹੀਂ ਰਹਿਣ ਦਿੱਤਾ ਗਿਆ। ਜਦੋਂ ਮਨੁੱਖੀ ਚੇਤਨਾ ਇਸ ਏਕੋ ਦੇ ਸੰਕਲਪ ਬਾਰੇ ਸਪਸ਼ਟ ਹੁੰਦੀ ਹੈ ਤਾਂ ਗੁਰਮਤਿ ਗਿਆਨ ਝਰਨੇ ਵਾਂਗ ਵਹਿਣਾ ਅਰੰਭ ਹੁੰਦਾ ਹੈ। ਫਿਰ ਮਨੁੱਖੀ ਮਨ ਆਪਣੇ ਆਲੇ-ਦੁਆਲੇ ਬੁਣੇ ਸਾਰੇ ਕਲਪਿਤ ਭਰਮ ਜਾਲ ਵਿਚੋਂ ਬਾਹਰ ਨਿਕਲਦਾ ਹੈ।
ਏਕੋ ਕਰਤਾ ਆਪੇ ਆਪ॥ (ਪੰਨਾ 1271)
ਏਕੋ ਕਰਤਾ ਅਵਰੁ ਨ ਕੋਇ॥ (ਪੰਨਾ 1174)
ਏਕੋ ਕਰਤਾ ਜਿਨਿ ਜਗੁ ਕੀਆ॥ (ਪੰਨਾ 1188)
ਏਕੋ ਆਪ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ॥ (ਪੰਨਾ 432)
ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ॥ (ਪੰਨਾ 379)
ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰ ਨਾ ਕੋਈ॥ (ਪੰਨਾ 1259)
ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ॥ (ਪੰਨਾ 754)
ਭਾਵ ਏਕੋ ਹੀ ਕਰਤਾ ਹੈ ਅਤੇ ਇਸ ਦੀ ਹੋਂਦ ਆਪਣੇ ਆਪ ਤੋਂ ਹੈ। ਕੋਈ ਇਸ ਦਾ ਸਿਰਜਣਹਾਰ ਨਹੀਂ। ਇਹੀ ਏਕੋ ਕਰਤਾ ਹੈ ਅਤੇ ਇਸ ਤੋਂ ਬਿਨਾ ਕਿਸੇ ਦੂਜੇ ਮਨ-ਕਲਪਿਤ ਸਿਰਜਣਹਾਰ ਰੱਬ ਦੀ ਹੋਰ ਕੋਈ ਹੋਂਦ ਨਹੀਂ। ਇਹ ਏਕੋ ਕਰਤਾ ਹੀ ਇਸ ਜਗਤ ਦਾ ਸਿਰਜਣਹਾਰ ਹੈ। ਇਹੀ ਏਕੋ ਸਭ ਥਾਂ ਵਰਤ ਰਿਹਾ ਹੈ ਅਤੇ ਇਹੀ ਬ੍ਰਹਿਮੰਡ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ। ਇਹ ਏਕੋ ਇਕ ਹੈ ਅਤੇ ਸਭ ਥਾਂ ਇਸ ਏਕੋ ਦਾ ਹੀ ਪਸਾਰਾ ਹੈ। ਇਹੀ ਏਕੋ ਸਾਰਿਆਂ ਮਨਾਂ ਵਿਚ ਵਸ ਰਿਹਾ ਹੈ। ਇਹੀ ਸਾਰਿਆਂ ਦਾ ਮਾਲਕ ਹੈ। ਇਸ ਏਕੋ ਤੋਂ ਬਿਨਾ ਕਿਸੇ ਦੂਜੇ ਮਨ-ਕਲਪਿਤ ਰੱਬ ਦੀ ਹੋਰ ਕੋਈ ਹੋਂਦ ਨਹੀਂ। ਇਹੀ ਏਕੋ ਸਾਰਿਆਂ ਵਿਚ ਵਰਤ ਰਿਹਾ ਹੈ, ਪਰ ਇਸ ਦੀ ਵਿਚਾਰ ਕੋਈ ਵਿਰਲਾ ਮਨੁੱਖ ਹੀ ਕਰਦਾ ਹੈ।
ਏਕੋ ਸਬਦੁ ਏਕੋ ਪ੍ਰੱਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ॥ (ਪੰਨਾ 1334)
ਏਕੋ ਚੇਤਹਿ ਤਾ ਸੁਖੁ ਪਾਵਹਿ ਫਿਰਿ ਦੂਖੁ ਨ ਮੂਲੇ ਹੋਇ॥ (ਪੰਨਾ 558)
ਏਕੋ ਚੇਤੈ ਫਿਰਿ ਜੋਨਿ ਨ ਆਵੈ॥ (ਪੰਨਾ 1174)
ਭਾਵ ਗਿਆਨ ਦਾ ਇਹ ਸਗਲ ਪਸਾਰਾ ਇਸ ਏਕੋ (ਬ੍ਰਹਮ) ਸ਼ਬਦ ਤੋਂ ਹੋਇਆ ਹੈ ਅਤੇ ਇਹ ਏਕੋ ਹੀ ਪ੍ਰੱਭੁ ਤਥਾ ਸਮੁਚੀ ਪ੍ਰੱਭੁਤਾ ਦਾ ਮਾਲਕ ਭਾਵ ਸਰੱਬਸ਼ਕਤੀਮਾਨ ਹੈ, ਜੋ ਸਭ ਥਾਂ ਵਰਤ ਰਿਹਾ ਹੈ। ਸਾਰੀ ਉਤਪਤੀ ਇਸ ਇਕ ਤੋਂ ਹੋਈ ਹੈ। ਜੇ ਇਸ ਏਕੋ ਨੂੰ ਹੀ ਚਿਤਵਿਆ ਜਾਵੇ ਤਾਂ ਸੁਖ ਮਿਲਦਾ ਹੈ, ਕੋਈ ਦੁਖ ਨਹੀਂ ਵਿਆਪਦਾ। ਭਾਵ ਕਿਸੇ ਦੂਜੀ ਰੱਬੀ ਹਸਤੀ ਬਾਰੇ ਮਨ ਵਿਚ ਬਣੇ ਹੋਏੇ ਸਾਰੇ ਭਰਮ ਖਤਮ ਹੋ ਜਾਂਦੇ ਹਨ ਅਤੇ ਮਨ ਵਿਚਲੀ ਸਾਰੀ ਦੁਬਿਧਾ ਦੂਰ ਹੋ ਜਾਂਦੀ ਹੈ। ਜੇ ਇਸ ਏਕੋ ਨੂੰ ਹੀ ਚਿਤਵਿਆ ਜਾਵੇ ਤਾਂ ਫਿਰ ਮੁੜ ਜੂਨੀਆਂ ਵਿਚ ਪੈਣ ਦਾ ਸਾਰਾ ਭਰਮ ਜਾਲ ਖਤਮ ਹੋ ਜਾਂਦਾ ਹੈ। ਫਿਰ ਸਪਸ਼ਟ ਹੋ ਜਾਂਦਾ ਹੈ ਕਿ ਇਹ ਜ਼ਿੰਦਗੀ ਇਕ ਵਾਰ ਹੀ ਮਿਲਦੀ ਹੈ,
ਏਕੋ ਜਪਿ ਏਕੋ ਸਾਲਾਹਿ॥ (ਪੰਨਾ 289)
ਏਕੋ ਤਖਤੁ ਏਕੋ ਪਾਤਿਸਾਹੁ॥ (ਪੰਨਾ 1188)
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ॥ (ਪੰਨਾ 433)
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥ (ਪੰਨਾ 433)
ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ॥ (ਪੰਨਾ 1051)
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ॥ (1046)
ਗੁਰਮਤਿ ਇਹ ਧਾਰਨਾ ਵਾਰ ਵਾਰ ਦੁਹਰਾਉਂਦੀ ਹੈ ਕਿ ਇਸ ਏਕੋ ਨੂੰ ਜਪ। ਇਸ ਏਕੋ ਦੇ ਗੁਣ ਗਾ। ਇਹੀ ਏਕੋ ਪਾਤਸ਼ਾਹ ਹੈ ਅਤੇ ਇਸ ਏਕੋ ਦਾ ਤਖਤ ਹਰ ਥਾਂ ਮੌਜੂਦ ਹੈ। ਭਾਵ ਇਸ ਏਕੋ ਦੀ ਹਰ ਥਾਂ ਪਾਤਸ਼ਾਹੀ (ਰਾਜ) ਹੈ। ਇਹੀ ਏਕੋ ਸਭ ਥਾਂ ਰਮ ਰਿਹਾ ਹੈ। ਇਸੇ ਏਕੋ ਦਾ ਸਾਰੇ ਮਨਾਂ ਵਿਚ ਵਾਸ ਹੈ। ਇਹੀ ਏਕੋ ਸਭ ਜੀਵਾਂ ਨਾਲ ਲੈਣ-ਦੇਣ ਕਰਦਾ ਹੈ। ਭਾਵ ਇਹੀ ਏਕੋ ਮਨੁੱਖ ਨੂੰ ਲੋੜੀਂਦੀਆਂ ਵਸਤੂਆਂ ਦਿੰਦਾ ਹੈ। ਗੁਰੂ ਸਾਹਿਬ ਦੇ ਬਚਨ ਹਨ ਕਿ ਇਸ ਏਕੋ ਤੋਂ ਬਿਨਾ ਮੈਂ ਕਿਸੇ ਹੋਰ ਦੂਜੀ ਰੱਬੀ ਹਸਤੀ ਬਾਰੇ ਨਹੀਂ ਸੁਣਿਆ। ਇਹੀ ਏਕੋ ਸਾਰਿਆਂ ਜੀਵਾਂ ਦੇ ਮਨਾਂ ਅੰਦਰ ਵੱਸ ਰਿਹਾ ਹੈ। ਇਹੀ ਏਕੋ ਸਾਰਿਆਂ ਜੀਵਾਂ ਦਾ ਆਧਾਰ ਹੈ। ਇਹ ਏਕੋ ਅਮਰ ਹੈ। ਇਸੇ ਏਕੋ ਦੀ ਪਾਤਸ਼ਾਹੀ ਸਭ ਥਾਂ ਮੌਜੂਦ ਹੈ। ਜੁਗਾਂ-ਜੁਗਾਂਤਰਾਂ ਤੋਂ ਇਸ ਏਕੋ ਦੀ ਸਰਦਾਰੀ ਸਰਬ ਵਿਆਪਕ ਹੈ,
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (ਪੰਨਾ 580)
ਭਾਵ ਇਸ ਏਕੋ ਰੂਪੀ ਕੁਦਰਤ ਦੀ ਪਾਤਸ਼ਾਹੀ ਸਭ ਥਾਂ ਵਿਆਪਕ ਹੈ, ਜੋ ਸਭ ਨਾਲ ਇਕੋ ਜਿਹਾ ਨਿਆਂ ਕਰਦੀ ਹੈ।
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ॥
ਏਕੰਕਾਰੁ ਅਵਰੁ ਨਹੀਂ ਦੂਜਾ ਨਾਨਕ ਏਕੁ ਸਮਾਈ॥ (ਪੰਨਾ 930)
ਬੇਸ਼ਕ ਹਰ ਕੋਈ ਏਕੋ ਏਕੁ ਕਹਿੰਦਾ ਹੈ, ਪਰ ਆਪਣੇ ਮਨ ਅੰਦਰਲੀ ਹਉਮੈ ਤਥਾ ਆਪਣੀ ਮੈਂ-ਮੇਰੀ ਦਾ ਨਿਜ ਖਤਮ ਕਰਕੇ ਇਸ ਏਕੋ ਨਾਲ ਇਕਮਿਕ ਨਹੀਂ ਹੁੰਦਾ। ਆਪਣੇ-ਆਪ ਨੂੰ ਇਸ ਇਕ ਦਾ ਅੰਗ ਨਹੀਂ ਸਮਝਦਾ। ਜੇ ਆਪਣੇ ਸਰੀਰ ਅੰਦਰਲੇ ਤੇ ਬਾਹਰਲੇ ਇਸ ਏਕੁ ਨੂੰ ਪਛਾਣ ਲਿਆ ਜਾਏ ਭਾਵ ਇਹ ਸਮਝ ਲਿਆ ਜਾਏ ਕਿ ਸਰੀਰ ਦੇ ਅੰਦਰ ਅਤੇ ਬਾਹਰ ਇਸ ਏਕੋ ਦਾਤਾ-ਕਰਤਾ (ਕੁਦਰਤ) ਦਾ ਹੀ ਪਸਾਰਾ ਹੈ ਤੇ ਮੈਂ ਵੀ ਇਸ ‘ਏਕੋ’ ਦਾ ਹੀ ਇਕ ਅੰਸ਼ ਹਾਂ, ਤਾਂ ਆਪਣੇ ਘਰ ਵਿਚਲੇ ਭਾਵ ਆਪਣੇ ਸਰੀਰੀ ਮਨ ਅੰਦਰਲੇ ਪ੍ਰਭੂ ਭਾਵ ਪ੍ਰਭੁਤਾ ਦੇ ਮਾਲਕ ਦੀ ਹੋਂਦ ਨੂੰ ਪਛਾਣਿਆ ਜਾ ਸਕਦਾ ਹੈ। ਇਸ ਦਾ ਅਹਿਸਾਸ ਆਪਣੇ ਸਰੀਰੀ ਮਨ ਵਿਚ ਅਨੁਭਵ ਕੀਤਾ ਜਾ ਸਕਦਾ ਹੈ। ਸਮੁੱਚੀ ਪ੍ਰਭੁਤਾ ਭਾਵ ਸਰਬ ਸ਼ਕਤੀ ਦਾ ਮਾਲਕ ਅਤੇ ਸਾਡੇ ਚਾਰ-ਚੁਫੇਰੇ ਫੈਲਿਆ ਹੋਇਆ ਹਰਿ ਸਾਡੇ ਤੋਂ ਦੂਰ ਨਹੀਂ ਤੇ ਇਹੀ ਹਰਿ ਏਕੋ ਦੇ ਰੂਪ ਵਿਚ ਅਸੀਮ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ। ਗੁਰੂ ਸਾਹਿਬ ਦੇ ਬਚਨ ਹਨ ਕਿ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਪਸਰੇ ਇਸ ਸਰਬਵਿਆਪੀ ਏਕੋ ਦੀ ਹੀ ਹੋਂਦ ਹੈ। ਇਸ ਤੋਂ ਬਿਨਾ ਕਿਸੇ ਦੂਜੇ ਮਨ-ਕਲਪਿਤ ‘ਰੱਬ’ ਦੀ ਹੋਰ ਕੋਈ ਹੋਂਦ ਨਹੀਂ। ਇਹ ਏਕੁ ਹੀ ਸਭ ਥਾਂ ਵਿਆਪ ਰਿਹਾ ਹੈ,
ਏਕੋ ਸੇਵਹੁ ਅਵਰ ਨ ਕੋਇ॥ ਜਿਤੁ ਸੇਵਿਐ ਸਦਾ ਸੁਖੁ ਹੋਇ॥
ਨਾ ਓਹੁ ਮਰੈ ਨ ਆਵੈ ਜਾਇ॥ ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ॥ (ਪੰਨਾ 1174)
ਇਸ ਏਕੋ ਨੂੰ ਸਿਮਰੋ। ਕਿਸੇ ਦੂਜੇ ਮਨ-ਕਲਪਿਤ ‘ਰੱਬ’ ਦੀ ਹੋਰ ਕੋਈ ਹੋਂਦ ਨਹੀਂ। ਇਸ ਏਕੋ ਨੂੰ ਸਿਮਰਿਆਂ ਹੀ ਸੁਖ ਮਿਲਦੇ ਹਨ। ਇਸ ਏਕੋ ਦੀ ਹੋਂਦ ਨੂੰ ਪਛਾਣ ਕੇ ਅਤੇ ਇਸ ਏਕੋ ਨਾਲ ਆਪਣਾ ਅਟੁਟ ਅਨੁਭਵੀ ਰਿਸ਼ਤਾ ਜਾਣ ਕੇ ਹੀ ਆਪਣੀ ਨਾਸ਼ਵਾਨ ਹੋਂਦ ਦਾ ਅਹਿਸਾਸ ਹੁੰਦਾ ਹੈ। ਫਿਰ ਹਉਮੈ ਅਤੇ ਤ੍ਰਿਸਨਾ ਕਾਰਨ ਚੰਬੜੇ ਸਾਰੇ ਦੁਖ ਦੂਰ ਹੋ ਜਾਂਦੇ ਹਨ। ਇਹ ਏਕੋ ਨਾ ਮਰਦਾ ਹੈ ਅਤੇ ਨਾ ਜੰਮਣ-ਮਰਨ ਦੇ ਗੇੜ ਵਿਚ ਪੈਂਦਾ ਹੈ। ਫਿਰ ਇਸ ਏਕੋ ਤੋਂ ਬਿਨਾ ਕਿਸੇ ਹੋਰ ਨੂੰ ਕਿਉਂ ਸਿਮਰਿਆ ਜਾਏ। ਇਸ ਧਾਰਨਾ ਨੂੰ ਗੁਰਮਤਿ ਹੋਰ ਵੀ ਸਪਸ਼ਟ ਕਰਦੀ ਹੈ,
ਮੇਰੇ ਮਨ ਏਕਸ ਸਿਉ ਚਿਤੁ ਲਾਇ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ (ਪੰਨਾ 44)

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ॥
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ॥
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮ ਕਰਤਾਰ॥ (ਪੰਨਾ 45)

ਮਨ ਮੇਰੇ ਏਕੋ ਨਾਮੁ ਧਿਆਇ॥
ਸਰਬ ਸੁਖਾ ਸੁਖ ਉਪਜਹਿ ਦਰਗਹ ਪੈਧਾ ਜਾਇ॥
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ॥
ਤਿਸੁ ਸਰਣਾਈ ਛੂਟੀਐ ਕੀਤਾ ਲੋੜੇ ਸੁ ਹੋਇ॥ (ਪੰਨਾ 45)
ਗੁਰਮਤਿ ਮਨੁੱਖੀ ਮਨ ਨੂੰ ਇਹ ਆਤਮਿਕ ਗਿਆਨ ਦੇ ਰਹੀ ਹੈ ਕਿ ਇਸ ਏਕੋ ਦੀ ਹੋਂਦ ਹੀ ਸੱਚ ਹੈ, ਬਾਕੀ ਸਭ ਕੁਝ ਝੂਠ ਅਤੇ ਮਨ ਦੀ ਕੋਰੀ ਕਲਪਨਾ ਹੈ। ਇਹੀ ਇਕੁ ਮਨੁੱਖ ਦਾ ਨੇੜਲਾ ਪਛਾਣੂ ਯਥਾ ਮਿੱਤਰ ਹੈ। ਇਹੀ ਏਕੋ ਮਨੁੱਖ ਦਾ ਰਾਖਾ ਹੈ। ਇਹੀ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਹੈ। ਇਹੀ ਮਨੁੱਖ ਦਾ ਆਸਰਾ ਹੈ। ਇਸ ਏਕੋ ਦੀ ਸ਼ਰਨ ਪਿਆਂ ਹੀ ਸਦਾ ਸੁਖ ਮਿਲਦੇ ਹਨ ਤੇ ਕਿਹਾ ਜਾਂਦਾ ਪਾਰਬ੍ਰਹਮ ਅਤੇ ਸਿਰਜਣਹਾਰ ਵੀ ਇਹੀ ਹੈ।
ਇਸ ਲਈ ਗੁਰਮਤਿ ਦੀ ਵਾਰ-ਵਾਰ ਤਾਕੀਦ ਹੈ, ਹੇ ਮਨਾ! ਇਸੇ ਇਕ ਨੂੰ ਸਦਾ ਲਈ ਯਾਦ ਰੱਖ। ਹਮੇਸ਼ਾ ਲਈ ਇਸ ਨਾਲ ਆਪਣੇ ਅਨੁਭਵੀ ਰਿਸ਼ਤੇ ਦਾ ਅਹਿਸਾਸ ਕਰ, ਕਿਉਂਕਿ ਇਸ ਰਿਸ਼ਤੇ ਦਾ ਅਹਿਸਾਸ ਕਰਨ ਪਿਛੋਂ ਹੀ ਸਾਰੇ ਸੁਖ ਮਿਲਦੇ ਹਨ। ਆਪਣੀ ਬਿਨਸਣਹਾਰ ਹੋਂਦ ਦਾ ਅਹਿਸਾਸ ਹੁੰਦਾ ਹੈ ਅਤੇ ਹਉਮੈ ਤੇ ਤ੍ਰਿਸਣਾ ਤੋਂ ਛੁਟਕਾਰਾ ਮਿਲਦਾ ਹੈ। ਆਪਣੀ ਅਸਲੀ ਮਨੁੱਖੀ ਹੋਂਦ ਦਾ ਅਹਿਸਾਸ ਹੁੰਦਾ ਹੈ। ਪਤਾ ਲਗਦਾ ਹੈ ਕਿ ਇਹ ਇਕੁ ਹੀ ਸਾਰੀਆਂ ਦਾਤਾਂ ਦਾ ਸੋਮਾ ਹੈ। ਇਸ ਦੀ ਸ਼ਰਣ ਪਿਆਂ ਹੀ ਸਾਰੀ ਭਟਕਣਾ ਤੋਂ ਮੁਕਤੀ ਮਿਲਣੀ ਹੈ। ਇਸ ਦੇ ਕੀਤਿਆਂ ਹੀ ਸਾਰਾ ਕੁਝ ਹੁੰਦਾ ਹੈ। ਇਸ ਏਕੋ ਦੀ ਹੋਰ ਵਿਆਖਿਆ ਕਰਦੀ ਹੋਈ ਗੁਰਮਤਿ ਹੁਣ ਤਕ ਮਨੁੱਖੀ ਮਨਾਂ ਵਿਚ ‘ਰੱਬੀ’ ਹਸਤੀ ਬਾਰੇ ਬਣੇ ਆ ਰਹੇ ਸਾਰੇ ਸੰਕਲਪਾਂ ਨੂੰ ਇਸ ਏਕੋ ਨਾਲ ਜੋੜਦੀ ਹੈ। ਗੁਰਮਤਿ ਅਨੁਸਾਰ,
ਕਾਰਨ ਕਰਨ ਕਰੀਮ॥ ਸਰਬ ਪ੍ਰਤਿਪਾਲ ਰਹੀਮ॥
ਅਲਹ ਅਲਖ ਅਪਾਰ॥ ਖੁਦਿ ਖੁਦਾਇ ਵਡ ਬੇਸੁਮਾਰ॥ ੧॥
ਓੁਂ ਨਮੋ ਭਗਵੰਤ ਗੁਸਾਈ॥ ਖਾਲਕੁ ਰਵਿ ਰਹਿਆ ਸਰਬ ਠਾਈ॥੧॥ ਰਹਾਉ॥
ਜਗੰਨਾਥ ਜਗਜੀਵਨ ਮਾਧੋ॥ ਭਉ ਭੰਜਨ ਰਿਦ ਮਾਹਿ ਅਰਾਧੋ॥
ਰਿਖੀਕੇਸ ਗੋਪਾਲ ਗੋਵਿੰਦ॥ ਪੂਰਨ ਸਰਬ੍ਰਤ ਮੁਕੰਦ॥ ੨॥
ਮਿਹਰਵਾਨ ਮਉਲਾ ਤੂਹੀ ਏਕ॥ ਪੀਰ ਪੈਕਾਂਬਰ ਸੇਖ॥
ਦਿਲਾ ਕਾ ਮਾਲਕੁ ਕਰੇ ਹਾਕੁ॥ ਕੁਰਾਨ ਕਤੇਬ ਤੇ ਪਾਕੁ॥ ੩॥
ਨਾਰਾਇਣ ਨਰਹਰ ਦਇਆਲ॥ ਰਮਤ ਰਾਮ ਘਟ ਘਟ ਆਧਾਰ॥
ਬਾਸੁਦੇਵ ਬਸਤ ਸਭ ਠਾਇ॥ ਲੀਲਾ ਕਿਛੁ ਲਖੀ ਨ ਜਾਇ॥ ੪॥
ਮਿਹਰ ਦਇਆ ਕਰਿ ਕਰਨੈਹਾਰ॥ ਭਗਤਿ ਬੰਦਗੀ ਦੇਹਿ ਸਿਰਜਣਹਾਰ॥
ਕਹੁ ਨਾਨਕ ਗੁਰਿ ਖੋਏ ਭਰਮ॥ ਏਕੋ ਅਲਹੁ ਪਾਰਬ੍ਰਹਮ॥ (ਪੰਨਾ 896)
ਭਾਵ ਸਮੁੱਚੀ ਖਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਰਬਵਿਆਪਕ ਹੈ। ਉਹ ਸਭਨੀਂ ਥਾਂਈਂ ਰਮਿਆ ਹੋਇਆ ਹੈ। ਓਹੀ ਕਾਰਨ ਭਾਵ ਕਰਨ ਵਾਲਾ ਹੈ। ਓਹੀ ਬਖਸ਼ਿੰਦ ਹੈ। ਓਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੇ ਸਾਰਿਆਂ ਉਤੇ ਰਹਿਮਤਾਂ ਕਰਨ ਵਾਲਾ ਹੈ। ਇਹ ਅਲਹ ਦੇ ਰੂਪ ਵਿਚ ਅਪਹੁੰਚ ਅਤੇ ਬੇਅੰਤ ਹੈ। ਇਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਮਨੁੱਖੀ ਮਨ ਵਿਚ ਇਸ ਦਾ ਸਿਰਫ ਅਨੁਭਵੀ ਅਹਿਸਾਸ ਹੀ ਕੀਤਾ ਜਾ ਸਕਦਾ ਹੈ। ਇਹ ਖਾਲਕ ਹੀ ਆਪ ਖੁਦਾ ਹੈ, ਜੋ ਮਨੁੱਖੀ ਗਿਣਤੀਆਂ-ਮਿਣਤੀਆਂ ਦੇ ਕਲਾਵੇ ਵਿਚ ਨਹੀਂ ਆਉਂਦਾ। ਇਹ ਖਾਲਕ ਹੀ ਹਿੰਦੂ ਮਤਿ ਵਿਚਲਾ ਸਰਬਵਿਆਪੀ ਓਮ ਨਮੋ ਭਗਵੰਤ ਅਤੇ ਗੁਸਾਈਂ ਹੈ। ਹਿੰਦੂ ਮਤਿ ਅਨੁਸਾਰ ਗੁਸਾਈਂ ਕ੍ਰਿਸ਼ਨ ਜੀ ਦਾ ਇਕ ਨਾਮ ਵੀ ਹੈ। ਇਹੀ ਧਰਤੀ ਦਾ ਮਾਲਕ ਹੈ। ਇਹੀ ਖਾਲਕ ਜਗਤ ਦਾ ਪਾਲਕ ਹੈ। ਸਮੁੱਚੇ ਜਗਤ ਨੂੰ ਜੀਵਨ ਦੇਣ ਵਾਲਾ ਜਗੰਨਾਥ ਅਤੇ ਸਮੁੱਚੀ ਦੌਲਤ ਦਾ ਮਾਲਕ ਵੀ ਇਹੀ ਹੈ। ਜਿਸ ਨੂੰ ਹਿਰਦੇ ਭਾਵ ਮਨ ਵਿਚ ਵਸਾਉਣ ਨਾਲ ਸਾਰੇ ਡਰ ਦੂਰ ਹੋ ਜਾਂਦੇ ਹਨ। ਸਾਰੀਆਂ ਮਨੁੱਖੀ ਇੰਦਰੀਆਂ ਦਾ ਮਾਲਕ ਵੀ ਇਹੀ ਹੈ, ਜੋ ਪੂਰਨ ਹੈ, ਸਰਬਵਿਆਪੀ ਹੈ ਅਤੇ ਮੁਕਤੀ ਦਾਤਾ ਹੈ। ਇਹ ਖਾਲਕ ਹੀ ਮਿਹਰਬਾਨ ਤੇ ਮੁਕਤੀ ਦੇਣ ਵਾਲਾ ਹੈ। ਇਹ ਸਾਰਿਆਂ ਦੇ ਦਿਲਾਂ ਦਾ ਮਾਲਕ ਹੈ।
ਗੁਰੂ ਸਾਹਿਬ ਬਚਨ ਕਰਦੇ ਹਨ ਕਿ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿੱਤੇ ਹਨ। ਹੁਣ ਮੈਨੂੰ ਪਤਾ ਲੱਗਾ ਹੈ ਕਿ ਇਹ ਏਕੋ ਹੀ ਅਲਹ ਅਤੇ ਇਹ ਏਕੋ ਹੀ ਪਾਰਬ੍ਰਹਮ ਹੈ। ਭਾਵ ਹਿੰਦੂ ਫਿਲਾਸਫੀ ਅਤੇ ਇਸਲਾਮੀ ਫਿਲਾਸਫੀ ਵਿਚਲਾ ਰੱਬ ਇਕੋ ਹੀ ਹੈ, ਜਿਸ ਦੇ ਦੀਦਾਰ ਕੁਦਰਤ ਵਿਚੋਂ ਕੀਤੇ ਜਾ ਸਕਦੇ ਹਨ। ਇਸ ਏਕੋ ਨੂੰ ਮੁਖਾਤਿਬ ਹੋ ਕੇ ਗੁਰੂ ਸਾਹਿਬ ਇਸ ਕੋਲੋਂ ਮਿਹਰ ਅਤੇ ਦਇਆ ਦੀ ਮੰਗ ਕਰਦੇ ਹਨ।
ਇਸ ਸ਼ਬਦ ਦੀ ਖੂਬਸੂਰਤੀ ਇਹ ਹੈ ਕਿ ਇਸ ਇਕ ਸਬਦੁ ਵਿਚ ਹੀ ਗੁਰੂ ਸਾਹਿਬ ਨੇ ਹਿੰਦੂ ਅਤੇ ਇਸਲਾਮੀ ਫਿਲਾਸਫੀ ਵਿਚ ‘ਰੱਬ’ ਬਾਰੇ ਵਰਤੇ ਜਾਂਦੇ ਆਮ ਨਾਂਵਾਂ ਰਾਹੀਂ ਕੁਦਰਤ ਵਿਚੋਂ ਸ਼ਨਾਖਤ ਕੀਤੇ ਜਾਣ ਵਾਲੇ ਦਾਤਾਰ ਭਾਵ ਇਸ ‘ਏਕੋ’ (ਦਾਤਾ-ਕਰਤਾ) ਦੀ ਬੜੀ ਖੂਬਸੂਰਤ ਵਿਆਖਿਆ ਕੀਤੀ ਹੈ। ਇਹ ਏਕੋ ਹੀ ਅਲਹ, ਖੁਦਾ, ਮਉਲਾ, ਪੈਗੰਬਰ ਅਤੇ ਕੁਰਾਨ, ਕਤੇਬ ਵਿਚਲਾ ਪਵਿਤਰ ਰੱਬ ਹੈ। ਇਹ ਏਕੋ ਹੀ ਹਿੰਦੂ ਮਤਿ ਵਿਚਲਾ ਭਗਵੰਤ, ਗੁਸਾਈਂ, ਨਾਰਾਇਣ, ਨਰਹਰਿ, ਓਮ ਨਮੋ, ਬਾਸੁਦੇਵ, ਰਿਖੀਕੇਸ਼, ਗੋਪਾਲ, ਗੋਬਿੰਦ, ਮੁਕੰਦ, ਕ੍ਰਿਸ਼ਨ, ਜਗੰਨਾਥ, ਮਾਧੋ, ਜਗਜੀਵਨ ਹੈ। ਗੁਰਮਤਿ ਹਿੰਦੂਆਂ ਨੂੰ ਇਸੇ ਸਿਰਜਣਹਾਰ ਏਕੋ ਦੀ ਭਗਤੀ ਤੇ ਮੁਸਲਮਾਨਾਂ ਨੂੰ ਅਲਹ ਦੇ ਰੂਪ ਵਿਚ ਇਸੇ ਮਉਲਾ ਦੀ ਬੰਦਗੀ ਕਰਨ ਦੀ ਪ੍ਰੇਰਨਾ ਕਰਦੀ ਹੈ। ਗੁਰੂ ਅਰਜਨ ਦੇਵ ਜੀ ‘ਸੁਖਮਨੀ’ ਵਿਚ ਇਸੇ ਏਕੋ ਨੂੰ ਜਪਣ ਅਤੇ ਇਸੇ ਦੇ ਗੁਣ ਗਾਉਣ ਦੀ ਪ੍ਰੇਰਨਾ ਦਿੰਦੇ ਹਨ,
ਏੇਕ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥
ਏਕਸ ਕੇ ਗੁਨ ਗਾਉ ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥
ਏਕੋ ਏਕੁ ਏਕੁ ਹਰਿ ਆਪਿ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ॥
ਅਨਿਕ ਬਿਸਥਾਰ ਏਕ ਤੇ ਭਏ॥ ਏਕੁ ਅਰਾਧਿ ਪਰਾਛਤ ਗਏ।
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ॥ (ਪੰਨਾ 289)
ਇਸ ਏਕੋ ਨੂੰ ਜਪੋ ਤੇ ਇਸ ਏਕੋ ਦੇ ਗੁਣ ਗਾਓ। ਭਾਵ ਇਸ ਏਕੋ ਨੂੰ ਹਰ ਵੇਲੇ ਯਾਦ ਰਖੋ। ਇਸ ਏਕੋ ਨੂੰ ਸਦਾ ਲਈ ਆਪਣੇ ਮਨ ਵਿਚ ਵਸਾਓ। ਇਸ ਏਕੋ ਦੇ ਅਨੰਤ ਭਾਵ ਅਣਗਿਣਤ ਗੁਣ ਹਨ। ਸਾਰਿਆਂ ਨੂੰ ਪੈਦਾ ਕਰਨ ਵਾਲੇ ਇਸ ਮਾਲਕ ਨੂੰ ਪੂਰੇ ਮਨ ਅਤੇ ਤਨ ਨਾਲ ਜਪੋ। ਇਹ ਏਕੋ ਆਪ ਹੀ ਖੁਦ ਹਰਿ ਹੈ ਅਤੇ ਇਹ ਸਾਰਿਆਂ ਵਿਚ ਵਿਆਪਤ ਹੈ। ਇਸ ਏਕੋ ਤੋਂ ਹੀ ਅਡ-ਅਡ ਵਿਸਥਾਰ ਹੋਇਆ ਹੈ। ਇਸ ਏਕੋ ਨੂੰ ਆਪਣੇ ਮਨ ਵਿਚ ਵਸਾਉਣ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਹਨ। ਭਾਵ ਇਸ ਏਕੋ ਦੇ ਸੱਚ ਨੂੰ ਜਾਣ ਕੇ ਪੁੰਨ-ਪਾਪ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ। ਇਹ ਏਕੋ ਹੀ ਮਨ ਅਤੇ ਤਨ ਵਿਚ ਰਮ ਰਹਿਆ ਹੈ। ਗੁਰੂ ਨਾਨਕ ਸਾਹਿਬ ਦੀ ਹੋਈ ਮਿਹਰ ਨਾਲ ਮੈਂ ਇਸ ਏਕੋ ਨੂੰ ਜਾਣਿਆ ਹੈ। ਭਾਵ ਆਪਣੇ ਆਲੇ-ਦੁਆਲੇ ਚਾਰ-ਚੁਫੇਰੇ ਫੈਲਿਆ ਜੋ ਅਸੀਮ ਬ੍ਰਹਿਮੰਡ ਅਸੀਂ ਵੇਖ ਰਹੇ ਹਾਂ, ਇਹੀ ਏਕੋ ਹੈ। ਇਹ ਏਕੋ ਹੀ ਕੁਦਰਤ ਵਜੋਂ ਦਾਤਾ ਭਾਵ ਮਨੁੱਖ ਨੂੰ ਚਾਹੀਦੀਆਂ ਸਾਰੀਆਂ ਦਾਤਾਂ ਦੇਣ ਵਾਲਾ ਦਾਤਾਰ ਹੈ,
ਨਾਨਕ ਸਚੁ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ 141)
ਅਤੇ ਇਹੀ ਏਕੋ ਸਰਬਸ਼ਕਤੀਮਾਨ ਸਿਰਜਣਹਾਰ ਵਜੋਂ ਕਰਤਾ ਹੈ।
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ (ਪੰਨਾ 463)
ਜਿਹੜਾ ਸਾਰਿਆਂ ਦਾ ਪਾਲਕ ਅਤੇ ਮਾਲਕ ਹੈ। ਇਸ ਏਕੋ ਤੋਂ ਬਿਨਾ ਕਿਸੇ ਮਨ-ਕਲਪਿਤ ਦੂਜੇ ‘ਰੱਬ’ ਦੀ ਹੋਰ ਕੋਈ ਹੋਂਦ ਨਹੀਂ। ਬਾਕੀ ਸਾਰੇ ਕਹੇ ਜਾਂਦੇ ‘ਰੱਬ’ ਜਾਂ ਦੇਵੀ ਦੇਵਤੇ ਇਸ ਏਕੋ ਦੀ ਕਿਰਤ ਹਨ।
ਇਸ ਏਕੋ ਦੇ ਹੁਕਮਾਂ, ਜਿਹੜੇ ਕੁਦਰਤੀ ਨੇਮਾਂ ਦੇ ਰੂਪ ਵਿਚ ਪ੍ਰਗਟ ਹੋ ਰਹੇ ਹਨ, ਅਨੁਸਾਰ ਜ਼ਿੰਦਗੀ ਜਿਉਣੀ ਹੀ ਮਨੁੱਖ ਦੀ ਹੋਣੀ ਹੈ। ਆਪਣੀ ਇਹ ਹੋਣੀ ਮਨੁੱਖ ਨੇ ਸੁਚੇਤ ਰੂਪ ਵਿਚ ਆਪਣਾ ਧਰਮ ਸਮਝ ਕੇ ਸਹਿਜ ਅਤੇ ਭਰਪੂਰ ਸਮਾਜੀ ਜ਼ਿੰਦਗੀ ਬਸਰ ਕਰਦਿਆਂ ਨਿਭਾਉਣੀ ਹੈ ਜਾਂ ਮਜਬੂਰੀਵਸ ਆਪਣੀ ਕਿਸੇ ਝੂਠੀ ਹੋਂਦ ਦੇ ਭਰਮ ਵਿਚ ਜ਼ਿੰਦਗੀ ਜਿਉਂਦਿਆਂ, ਖਿਝਦਿਆਂ ਤੇ ਕੁੜਦਿਆਂ ਅਪਨਾਉਣੀ ਹੈ, ਇਹ ਮਨੁੱਖ ਦੀ ਆਪਣੀ ਮਰਜ਼ੀ ਹੈ।
ਭਾਵ ਅਰਥ ਬੜਾ ਸਪਸ਼ਟ ਹੈ ਕਿ ਇਹ ਕੁਦਰਤ ਹੀ ਸਰਬਸ਼ਕਤੀਮਾਨ ਤੇ ਕਰਨ ਕਰਾਵਣਹਾਰ ਹੈ। ਇਹੀ ਸਾਰਿਆਂ ਨੂੰ ਪੈਦਾ ਕਰਨ ਵਾਲੀ ਹੈ। ਕੁਦਰਤ ਦੇ ਕਣ-ਕਣ ਵਿਚ ਰਮੀ ਹੋਈ ਇਸ ਦੀ ਹਸਤੀ ਨੂੰ ਪ੍ਰਗਟ ਕਰਨ ਵਾਲਾ ਏਕੋ ਕਰਤਾ ਸਾਰਿਆਂ ਦਾ ਮਾਲਕ ਤੇ ਪਾਲਕ ਹੈ। ਹੋਂਦ ਵਜੋਂ ਕੁਦਰਤ ਦਾਤਾ ਹੈ ਤੇ ਸਿਰਜਣਹਾਰ ਹਸਤੀ ਵਜੋਂ ਕਰਤਾ। ਹੁਕਮ ਇਸ ਏਕੋ ਕਰਤਾ ਦਾ ਪ੍ਰਗਟ ਹੋਇਆ ਸੱਚ ਹੈ। ਭਾਵ ਇਹ ਕੁਦਰਤ ਹੀ ਸਾਰੇ ਜੀਵਾਂ ਨੂੰ ਆਪਣੇ ਜਿਉਂਦੇ ਰਹਿਣ ਲਈ ਚਾਹੀਦੀਆਂ ਸਾਰੀਆਂ ਵਸਤੂਆਂ ਦੇਣ ਵਾਲੀ ਦਾਤਾਰ ਹੈ ਅਤੇ ਉਨ੍ਹਾਂ ਨੂੰ ਪਾਲਣ ਵਾਲੀ ਸਰਬਸ਼ਕਤੀਮਾਨ ਤੇ ਸਿਰਜਣਹਾਰ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ,
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ॥
ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ॥ (ਪੰਨਾ 710)
ਭਾਵ ਇਕੋ ਦਿਸਦਾ ਹੈ। ਇਕੋ ਸੁਣੀਦਾ ਹੈ। ਇਕੋ ਵਰਤ ਰਿਹਾ ਹੈ। ਨਰਹਰਹ ਭਾਵ ਹਰਿ ਦਾ ਪੁਰਖ ਰੂਪ, ਜਿਹੜਾ ਬ੍ਰਹਿਮੰਡੀ ਆਤਮਾ ਵਜੋਂ ਅਸੀਮ ਸ੍ਰਿਸ਼ਟੀ ਵਿਚ ਰਮ ਰਿਹਾ ਹੈ। ਗੁਰੂ ਨਾਨਕ ਸਾਹਿਬ ਇਸੇ ਏਕੋ ਕੋਲੋਂ ਨਾਮ ਦਾਨ ਦੀ ਮੰਗ ਕਰਦੇ ਹਨ। ਇਹੀ ਦਿਆਲ ਪੁਰਖ ਕਿਰਪਾ ਕਰਨ ਵਾਲਾ ਹੈ। ਗੁਰਮਤਿ ਦੀ ਸੋਚ ਬੜੀ ਸਪਸ਼ਟ ਹੈ,
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ 162)
ਸਾਹਿਬ ਮੇਰਾ ਏਕੁ ਹੈ ਅਵਰੁ ਨਹੀ ਭਾਈ॥ (ਪੰਨਾ 896)
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ (ਪੰਨਾ 660)
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥ (ਪੰਨਾ 276)
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ॥
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (ਪੰਨਾ 292)
ਏਕੈ ਏਕੈ ਏਕ ਤੂਹੀ॥ ਏਕੈ ਏਕੈ ਤੂ ਰਾਇਆ॥ (ਪੰਨਾ 884)
ਭਾਵ ਇਹ ਏਕੋ ਹੀ ਮੇਰਾ ਮਾਲਕ ਹੈ। ਗੁਰੂ ਸਾਹਿਬ ਆਪਣੇ ਇਸ ਬਚਨ ਨੂੰ ਇਕ ਵਾਰ ਫਿਰ ਦੁਹਰਾਉਂਦੇ ਹਨ ਕਿ ਇਹੀ ਏਕੋ ਮੇਰਾ ਮਾਲਕ ਹੈ। ਮੇਰਾ ਇਹੀ ਮਾਲਕ ਹੈ। ਇਸ ਤੋਂ ਬਿਨਾ ਮੇਰਾ ਹੋਰ ਕੋਈ ਮਾਲਕ ਨਹੀਂ। ਮੇਰਾ ਇਹ ਮਾਲਕ (ਕੁਦਰਤ ਦੇ ਰੂਪ ਵਿਚ) ਨਿਤ ਨਵਾਂ ਹੈ। ਇਹੀ ਮਾਲਕ ਸਦੀਵੀ ਦਾਤਾਰ ਭਾਵ ਸਦਾ ਸਦਾ ਲਈ ਦਾਤਾਂ ਦੇਣ ਵਾਲਾ ਹੈ। ਕਰਨ ਵਾਲਾ ਇਕੋ ਹੈ, ਜੋ ਆਪ ਹੀ ਕਾਰਨ ਹੈ। ਹੋਰ ਦੂਜਾ ਕੋਈ ਨਹੀਂ। ਗੁਰੂ ਸਾਹਿਬ ਦੇ ਬਚਨ ਹਨ ਕਿ ਨਾਨਕ ਉਸ ਤੋਂ ਬਲਿਹਾਰ ਜਾਂਦਾ ਹੈ, ਜੋ ਪਾਣੀ, ਧਰਤੀ ਅਤੇ ਆਕਾਸ਼ ਵਿਚ ਹਰ ਥਾਂ ਸਮਾਅ ਰਿਹਾ ਹੈ। ਸਗਲ ਜੀਆ-ਜੰਤ ਨੂੰ ਪੈਦਾ ਕਰਨ ਵਾਲਾ ਅਤੇ ਉਨ੍ਹਾਂ ਨੂੰ ਪਾਲਣ ਵਾਲਾ ਇਹ ਮਾਲਕ, ਆਪਣੇ ਆਪ ਤੋਂ ਵਰਤ ਰਿਹਾ ਹੈ। ਸਾਰੇ ਪਾਸੇ ਚਾਰ-ਚੁਫੇਰੇ ਇਸੇ ਏਕੋ ਦਾ ਪਸਾਰਾ ਹੈ। ਦੂਜੇ ਭਾਵ ਕਿਸੇ ਦੂਜੇ ਮਨ-ਕਲਪਿਤ ਰੱਬ ਦੀ ਹੋਰ ਕੋਈ ਹੋਂਦ ਨਹੀਂ। ਗੁਰੂ ਸਾਹਿਬ ਵਾਰ-ਵਾਰ ਦੁਹਰਾਉਂਦੇ ਹਨ, ਤੂੰ ਇਕ ਹੈ। ਤੂੰ ਇਕ ਹੈ। ਤੂੰ ਹੀ ਤੂੰ ਹੈ। ਤੂੰ ਹੀ ਸਾਰਿਆਂ ਦਾ ਰਾਜਾ ਭਾਵ ਸਰਬਸ਼ਕਤੀਮਾਨ ਹੈਂ।