ਲੋਕਾਂ ਦੇ ਸੋਚਣ ਦੀ ਘੜੀ: ਭਲੇ ਭਵਿੱਖ ਵੱਲ ਵਧਣਾ ਹੈ ਜਾਂ…

-ਜਤਿੰਦਰ ਪਨੂੰ
ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਨੂੰ ਉਮੀਦਵਾਰ ਵਜੋਂ ਪੇਸ਼ ਕਰਨ ਦਾ ਫੈਸਲਾ ਤਾਂ ਬੇਸੱ.ਕ ਕੁਝ ਦਿਨ ਪਹਿਲਾਂ ਹੋ ਗਿਆ ਸੀ, ਜਦੋਂ ਉਸ ਦੀ ਚੋਣ ਮੁਹਿੰਮ ਅੱਗੇ ਵਧੀ ਤਾਂ ਪੰਜ ਸਾਲ ਪਹਿਲਾਂ ਇਸ ਵਿਚ ਡਰਾਮਾਈ ਮੋੜ ਫਰਵਰੀ ਵਿਚ ਆਇਆ ਸੀ। ਉਦੋਂ ਭਾਜਪਾ ਦੀ ਇੱਕ ਚੋਣ ਰੈਲੀ ਵਿਚ ਪਹਿਲੀ ਵਾਰ ‘ਹਰ ਹਰ ਮੋਦੀ, ਘਰ-ਘਰ ਮੋਦੀ’ ਦਾ ਉਹ ਨਾਅਰਾ ਲਾਇਆ ਗਿਆ ਸੀ, ਜਿਸ ਉਤੇ ਕੁਝ ਹਿੰਦੂ ਧਾਰਮਿਕ ਆਗੂਆਂ ਨੇ ਵੀ ਇਤਰਾਜ਼ ਕੀਤਾ ਸੀ ਅਤੇ ਭਾਜਪਾ ਹਾਈ ਕਮਾਂਡ ਨੂੰ ਇਹ ਕਹਿਣਾ ਪਿਆ ਸੀ ਕਿ

ਇਹ ਨਾਅਰਾ ਨਾ ਲਾਇਆ ਜਾਵੇ। ਫਿਰ ਵੀ ਇਹ ਉਪਰੋਂ ਬੰਦ ਸੀ, ਹੇਠਾਂ ਰੈਲੀਆਂ ਵਿਚ ਜਦੋਂ ਨਰਿੰਦਰ ਮੋਦੀ ਨੇ ਬੋਲਣਾ ਹੁੰਦਾ ਤਾਂ ਪਹਿਲਾਂ ‘ਮੋਦੀ-ਮੋਦੀ-ਮੋਦੀ’ ਵਾਲੀ ਮੁਹਾਰਨੀ ਰਟਣੀ ਸ਼ੁਰੂ ਹੁੰਦੀ ਅਤੇ ਫਿਰ ਵਿਚ-ਵਿਚਾਲੇ ‘ਹਰ ਹਰ ਮੋਦੀ, ਘਰ-ਘਰ ਮੋਦੀ’ ਦਾ ਨਾਅਰਾ ਲੱਗੀ ਜਾਂਦਾ। ਇਹ ਸਭ ਸਹਿਜ ਸੁਭਾਅ ਨਹੀਂ ਸੀ ਹੋ ਰਿਹਾ, ਇੱਕ ਸਿਆਸੀ ਆਗੂ ਆਪਣੇ ਆਪ ਨੂੰ ਉਭਾਰਨ ਲਈ ਖੁਦ ਕਰਵਾ ਰਿਹਾ ਸੀ।
ਪਿਛਲੇ ਹਫਤੇ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿਚ ਜਾ ਕੇ ਅਤਿਵਾਦੀ ਕੈਂਪਾਂ ਉਤੇ ਹਮਲਾ ਕਰਨ ਤੇ ਕਈ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਸ ਦਾਅਵੇ ਪਿੱਛੋਂ ਉਠੇ ਅਤਿਵਾਦੀਆਂ ਦੀਆਂ ਮੌਤਾਂ ਦੀ ਗਿਣਤੀ ਦੇ ਵਿਵਾਦ ਵਿਚ ਅਸੀਂ ਨਹੀਂ ਪੈਣਾ ਚਾਹੁੰਦੇ, ਪਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਕਾਰਵਾਈ ਹਵਾਈ ਫੌਜ ਦੇ ਪਾਇਲਟਾਂ ਨੇ ਆਪਣੀ ਜਾਨ ਦਾ ਖਤਰਾ ਸਹੇੜ ਕੇ ਕੀਤੀ ਸੀ, ਕਿਸੇ ਸਿਆਸੀ ਆਗੂ ਨੇ ਨਹੀਂ ਸੀ ਕੀਤੀ। ਇਸ ਦੇ ਬਾਵਜੂਦ ਅਗਲੇ ਦਿਨ ਪ੍ਰਧਾਨ ਮੰਤਰੀ ਨੇ ਇੱਕ ਰੈਲੀ ਵਿਚ ਇਹ ਗੱਲ ਕਹਿ ਕੇ ਆਪਣੀ ਮਹਿਮਾ ਆਪੇ ਗਾਉਣ ਦੀ ਸਿਖਰ ਕਰ ਦਿੱਤੀ ਕਿ “ਯੇ ਮੋਦੀ ਹੈ, ਕਿਸੀ ਕੋ ਛੋੜੇਗਾ ਨਹੀਂ, ਘਰ ਮੇਂ ਘੁਸ ਕਰ ਮਾਰੂੰਗਾ, ਮੈਂ ਮੋਦੀ ਹੂੰ, ਦੇਸ਼ ਕੇ ਲੋਗ ਯੇ ਜਾਨਤੇ ਹੈ ਕਿ ਮੋਦੀ ਹੈ ਤੋ ਮੁਮਕਿਨ ਹੈ।”
ਦੇਸ਼ ਦੇ ਲੋਕ ਇਹ ਵੀ ਜਾਣਦੇ ਹਨ ਕਿ ਮੋਦੀ ਕਿਸੇ ਪਾਇਲਟ ਦਾ ਨਹੀਂ, ਸਿਆਸੀ ਆਗੂ ਦਾ ਨਾਂ ਹੈ। ਉਹ ਫੋਰਸਾਂ ਨੂੰ ਹਮਲੇ ਦਾ ਹੁਕਮ ਦੇ ਸਕਦਾ ਹੈ, ਪਰ ਕਿਸੇ ਦੇ ਘਰ ਵਿਚ ਆਪ ਵੜ ਕੇ ਮਾਰਨ ਲਈ ਨਹੀਂ ਜਾ ਸਕਦਾ, ਫਿਰ ਵੀ ਕਹੀ ਜਾਂਦਾ ਹੈ ਕਿ ‘ਘਰ ਮੇਂ ਘੁਸ ਕਰ ਮਾਰੂੰਗਾ।’ ਅੱਜ ਤੱਕ ਭਾਰਤ ਦੇ ਕਿਸੇ ਆਗੂ ਵੱਲੋਂ ਇਸ ਹੱਦ ਤੱਕ ‘ਮੈਂ’ ਦਾ ਮੁਜਾਹਰਾ ਹੁੰਦਾ ਨਹੀਂ ਸੀ ਵੇਖਿਆ ਗਿਆ, ਜੋ ਇਸ ਵਕਤ ਵੇਖਿਆ ਜਾਣ ਲੱਗਾ ਹੈ।
ਸਾਨੂੰ ਇਸ ਦੀ ਸ਼ੁਰੂਆਤ ਚੇਤੇ ਕਰਨੀ ਚਾਹੀਦੀ ਹੈ। ਨਰਿੰਦਰ ਮੋਦੀ ਨੂੰ ਭਾਜਪਾ ਨੇ ਗੁਜਰਾਤ ਤੋਂ ਬਾਹਰ ਪਹਿਲੀ ਚੋਣ ਮੁਹਿੰਮ ਵਿਚ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖਿਲਾਫ ਤੋਰਿਆ ਸੀ। ਉਸ ਦੀ ਆਮਦ ਤੋਂ ਪਹਿਲਾਂ ਇਹ ਆਖਿਆ ਗਿਆ ਕਿ ਮੋਦੀ ਆਵੇਗਾ ਤਾਂ ਰਾਜਸਥਾਨ ਵਿਚ ਗੁਜਰਾਤ ਦਾ ਤਜਰਬਾ ਦੁਹਰਾਵੇਗਾ। ਉਦੋਂ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੈਂ ਤੇ ਰਾਜਸਥਾਨ ਦੇ ਲੋਕ ਸ਼ਾਂਤਮਈ ਰਾਜ ਨੂੰ ਗੁਜਰਾਤ ਨਹੀਂ ਬਣਨ ਦਿਆਂਗੇ। ਨਰਿੰਦਰ ਮੋਦੀ ਨੇ ਪਹਿਲੇ ਹੀ ਜਲਸੇ ਵਿਚ ਅਸ਼ੋਕ ਗਹਿਲੋਤ ਦੇ ‘ਮੈਂ ਤੇ ਰਾਜਸਥਾਨ ਦੇ ਲੋਕ’ ਵਾਲੇ ਬਿਆਨ ਤੋਂ ‘ਰਾਜਸਥਾਨ ਦੇ ਲੋਕ’ ਕੱਟ ਕੇ ਸਿਰਫ ਉਸ ਦਾ ‘ਮੈਂ’ ਵਾਲਾ ਸ਼ਬਦ ਪਕੜ ਕੇ ਕਹਿ ਦਿੱਤਾ ਕਿ “ਗਹਿਲੋਤ ਕਹਿੰਦਾ ਹੈ, ‘ਮੈਂ ਰਾਜਸਥਾਨ ਨੂੰ ਗੁਜਰਾਤ ਨਹੀਂ ਬਣਨ ਦਿਆਂਗਾ’, ਉਹ ਕਰ ਕੀ ਸਕਦਾ ਹੈ, ਏਦਾਂ ਦੇ ਕੰਮ ਲਈ ਛਪੰਜਾ ਇੰਚ ਦਾ ਸੀਨਾ ਚਾਹੀਦਾ ਹੈ।”
ਉਸ ਦਿਨ ਤੋਂ ਇਹ ਗੱਲ ਮਸ਼ਹੂਰ ਹੋ ਗਈ, ਜਾਂ ਨਰਿੰਦਰ ਮੋਦੀ ਦੀ ਟੀਮ ਨੇ ਇਹ ਮਸ਼ਹੂਰ ਕਰ ਦਿੱਤੀ ਕਿ ਸਿਰਫ ਨਰਿੰਦਰ ਮੋਦੀ ਦਾ ‘ਛਪੰਜਾ ਇੰਚ ਦਾ ਸੀਨਾ’ ਹੈ ਅਤੇ ਉਹ ਆਈ ਉਤੇ ਆ ਜਾਵੇ ਤਾਂ ਕੁਝ ਵੀ ਕਰ ਸਕਦਾ ਹੈ, ਤੇ ਇਹੋ ਗੱਲ ਉਸ ਵੇਲੇ ਤੋਂ ਸਵੈ-ਪ੍ਰਚਾਰ ਦੇ ਕਈ ਪੜਾਅ ਪਾਰ ਕਰਦੀ ਅੱਜ ‘ਮੋਦੀ ਹੈ ਤੋ ਮੁਮਕਿਨ ਹੈ’ ਅਤੇ ‘ਘਰ ਮੇਂ ਘੁਸ ਕੇ ਮਾਰੂੰਗਾ’ ਦੇ ਪੜਾਅ ਤੱਕ ਆਣ ਪਹੁੰਚੀ ਹੈ। ਕਿਸੇ ਵੀ ਆਗੂ ਦਾ ਏਡੀ ਵੱਡੀ ‘ਮੈਂ’ ਦਾ ਪ੍ਰਤੀਕ ਬਣ ਜਾਣਾ ਚੰਗਾ ਨਹੀਂ ਹੁੰਦਾ ਤੇ ਜਿਸ ਵੀ ਦੇਸ਼ ਵਿਚ ਕੋਈ ਆਗੂ ਇਸ ਹੱਦ ਤੱਕ ਗਿਆ ਸੀ, ਉਸ ਦਾ ਹਸ਼ਰ ਉਥੋਂ ਦੇ ਲੋਕ ਜਾਣਦੇ ਹਨ। ਭਾਰਤ ਸਰਕਾਰ ਨੂੰ ਇਸ ਵੇਲੇ ਚਲਾ ਰਹੀ ਪਾਰਟੀ ਨੇ ਪਾਰਲੀਮੈਂਟ ਦੀ ਅਗਲੀ ਚੋਣ ਜੇ ‘ਮੈਂ’ ਦੀ ਇਸੇ ਮੁਹਿੰਮ ਨਾਲ ਚਲਾਈ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿੱਤੇਗਾ ਕੌਣ, ਪਰ ਭਾਰਤ ਦਾ ਕੀ ਬਣੇਗਾ, ਇਸ ਦਾ ਅੰਦਾਜ਼ਾ ਲਾ ਸਕਦੇ ਹਾਂ।
ਅਸੀਂ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿ ਪੁਲਵਾਮਾ ਵਿਚ ਸੀ. ਆਰ. ਪੀ. ਐਫ਼ ਦੇ ਕਾਫਲੇ ਉਤੇ ਹਮਲਾ ਹੋਣ ਪਿੱਛੋਂ ਦੇ ਹਾਲਾਤ ਇਸ ਦੇਸ਼ ਦੇ ਭਲੇ ਭਵਿੱਖ ਦੀ ਥਾਂ ਇੱਕ ‘ਭੂਤਰੇ ਭਵਿੱਖ’ ਦੀ ਝਲਕ ਵਿਖਾਉਣ ਵਾਲੇ ਹਨ ਤੇ ਉਨ੍ਹਾਂ ਦਾ ਪ੍ਰਗਟਾਵਾ ਅਜੇ ਤੱਕ ਵੀ ਜਾਰੀ ਹੈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਏ ਉਤੇ ਇੱਕ ਵੀਡੀਓ ਚੱਲੀ ਵੇਖੀ ਸੀ ਕਿ ਕੁਝ ਛੋਕਰੇ ਭਾਰਤ ਦੇ ਸਭ ਤੋਂ ਵੱਡੇ ਰਾਜ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਸੁੱਕੇ ਮੇਵੇ ਵੇਚਣ ਵਾਲੇ ਮੁੰਡੇ ਨੂੰ ਸਿਰਫ ਇਸ ਲਈ ਕੁੱਟ ਰਹੇ ਸਨ ਕਿ ਉਹ ਕਸ਼ਮੀਰੀ ਹੈ। ਅਗਲੇ ਦਿਨ ਪੁਲਿਸ ਨੇ ਕਾਰਵਾਈ ਕੀਤੀ। ਗੱਲ ਕਮਾਲ ਵਾਲੀ ਇਹ ਸੀ ਕਿ ਇਸ ਬਾਰੇ ਮੀਡੀਏ ਨੂੰ ਰਿਪੋਰਟ ਕਰਨ ਵਾਲੇ ਪੁਲਿਸ ਅਫਸਰ ਨੇ ਇਹ ਕਿਹਾ ਕਿ ਸੋਸ਼ਲ ਮੀਡੀਏ ਉਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਉਨ੍ਹਾਂ ਨੌਜਵਾਨਾਂ ਉਤੇ ਕਾਰਵਾਈ ਕੀਤੀ ਗਈ ਹੈ। ਇਸ ਦਾ ਭਾਵ ਇਹ ਵੀ ਨਿਕਲਦਾ ਹੈ ਕਿ ਜੇ ਮੁੱਦਾ ਸੋਸ਼ਲ ਮੀਡੀਏ ਤੱਕ ਨਾ ਪਹੁੰਚਦਾ ਤਾਂ ਕਾਰਵਾਈ ਨਹੀਂ ਸੀ ਹੋਣੀ।
ਉਤਰ ਪ੍ਰਦੇਸ਼ ਦਾ ਬੀਤੇ ਦੋ ਸਾਲਾਂ ਦਾ, ਜਦੋਂ ਦੀ ਉਥੇ ਭਾਜਪਾ ਦੇ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਰਿਕਾਰਡ ਵੀ ਇਹੋ ਜਿਹਾ ਹੈ ਕਿ ਏਦਾਂ ਦੀਆਂ ਬਦਤਮੀਜ਼ੀਆਂ ਉਤੇ ਕਾਰਵਾਈ ਦੀ ਲੋੜ ਨਹੀਂ ਸਮਝੀ ਜਾਂਦੀ। ਜਦੋਂ ਇਹ ਸਾਰਾ ਮੁੱਦਾ ਪੁਲਿਸ ਕਾਰਵਾਈ ਦੇ ਨਾਲ ਨਿਪਟ ਗਿਆ ਸਮਝਿਆ ਜਾਣ ਲੱਗਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਬਿਆਨ ਦੇ ਦਿੱਤਾ ਕਿ ਸਾਡੇ ਕਸ਼ਮੀਰੀ ਬੱਚਿਆਂ ਨਾਲ ਏਦਾਂ ਦੀ ਜ਼ਿਆਦਤੀ ਕਰਨੀ ਗਲਤ ਹੈ, ਮੇਰੀ ਸਰਕਾਰ ਇਹ ਕੁਝ ਨਹੀਂ ਹੋਣ ਦੇਵੇਗੀ ਅਤੇ ਹਰ ਨਾਗਰਿਕ ਦੀ ਜਾਨ ਤੇ ਮਾਲ ਦੀ ਰਾਖੀ ਯਕੀਨੀ ਕੀਤੀ ਜਾਵੇਗੀ।
ਗਊ ਹੱਤਿਆ ਦਾ ਦੋਸ਼ ਲਾ ਕੇ ਰਾਹ ਜਾਂਦੇ ਕਈ ਲੋਕ ਜਦੋਂ ਕੁੱਟੇ ਗਏ ਤੇ ਕੁਝ ਲੋਕ ਮਾਰ ਦਿੱਤੇ ਗਏ ਸਨ, ਉਦੋਂ ਵੀ ਪ੍ਰਧਾਨ ਮੰਤਰੀ ਨੇ ਇੱਕ ਦਿਨ ਸਿਰਫ ਏਹੀ ਕਿਹਾ ਸੀ ਕਿ ਕੁਝ ਗੁੰਡਾ ਅਨਸਰ ਇਹ ਕੁਝ ਕਰਦੇ ਹਨ, ਉਨ੍ਹਾਂ ਨੂੰ ਏਦਾਂ ਨਹੀਂ ਕਰਨ ਦਿੱਤਾ ਜਾਵੇਗਾ, ਪਰ ਇਸ ਪਿੱਛੋਂ ਕਿਸੇ ਥਾਂ ਇਹੋ ਜਿਹੇ ਵਰਤਾਰੇ ਨੂੰ ਰੋਕ ਨਹੀਂ ਸੀ ਲੱਗੀ। ਇਸ ਦੀ ਥਾਂ ਇਹ ਕੰਮ ਕਰਨ ਵਾਲੇ ਟੋਲਿਆਂ ਨੂੰ ਸੰਕੇਤ ਮਿਲ ਗਿਆ ਸੀ ਕਿ ਬੱਸ ਏਨੀ ਕੁ ਨਿੰਦਾ-ਨਿਖੇਧੀ ਹੀ ਹੋਣੀ ਹੁੰਦੀ ਹੈ, ਹੋਰ ਕੁਝ ਨਹੀਂ ਹੋਣਾ। ਇਹ ਵੀ ਤਾਂ ਰਾਜ ਕਰਨ ਦੀ ਇੱਕ ਨੀਤੀ ਹੋ ਸਕਦੀ ਹੈ।
ਦੇਸ਼ ਇਸ ਵੇਲੇ ਇਹੋ ਜਿਹੇ ਮੋੜ ‘ਤੇ ਪਹੁੰਚ ਚੁਕਾ ਹੈ, ਜਿੱਥੇ ਇਸ ਨੇ ਲੋਕ ਸਭਾ ਚੋਣਾਂ ਪਿੱਛੋਂ ਦੇ ਭਾਰਤ ਦਾ ਰੂਟ ਤੈਅ ਕਰਨਾ ਹੈ। ਇਸ ਨੂੰ ਭਲੇ ਭਵਿੱਖ ਵੱਲ ਲਿਜਾਣਾ ਹੈ ਜਾਂ ਭੂਤਰੇ ਭਵਿੱਖ ਵੱਲ, ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ।