ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਜ਼ਿੰਦਗੀ ਦੇ ਹਰ ਪੱਖ ਦੇ ਦੋ ਨਜ਼ਰੀਏ ਹਨ, ਹਾਂ ਪੱਖੀ ਤੇ ਨਾਂਹ ਪੱਖੀ, ਅਮਨ ਤੇ ਜੰਗ, ਆਸ ਤੇ ਨਿਰਾਸ਼ਾ, ਚੰਗਾ ਤੇ ਮਾੜਾ, ਅਮੀਰੀ ਤੇ ਗਰੀਬੀ।
ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਆਸ ਪ੍ਰਗਟਾਈ ਸੀ ਕਿ ਨਾਂਹ ਪੱਖੀ ਸੋਚ ਨੇ ਹਾਰਨਾ ਹੈ ਤੇ ਹਾਂ ਪੱਖੀ ਸੋਚ ਨੇ ਜਿੱਤਣਾ, “ਹਾਰ ਜਾਣੀਆਂ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਵਾਲੀਆਂ ਸੋਚਾਂ, ਚਾਲਾਂ ਅਤੇ ਕੋਝੀਆਂ ਹਰਕਤਾਂ। ਜਿੱਤ ਜਾਣੀਆਂ ਦੋਸਤੀਆਂ, ਗਲਵੱਕੜੀਆਂ ਤੇ ਮੁਹਬੱਤੀ ਤਰਾਨੇ, ਜਿਨ੍ਹਾਂ ਵਿਚ ਮਿਠਾਸ ਅਤੇ ਹਮਜੋਲਤਾ ਦਾ ਸੁਗਮ ਸੰਦੇਸ਼।” ਹਥਲੇ ਲੇਖ ਵਿਚ ਉਨ੍ਹਾਂ ਪਤਝੜ ਦੀ ਗੱਲ ਕੀਤੀ ਹੈ। ਕੀ ਹੈ, ਪਤਝੜ? ਸਾਲ ਦਾ ਆਖਰੀ ਪਹਿਰ। ਪੁਰਾਣੇ ਪੱਤਿਆਂ ਦੇ ਤੁਰ ਜਾਣ ਦਾ ਵੇਲਾ।…ਪਤਝੜ ਰੁੱਖਾਂ, ਬੂਟਿਆਂ ‘ਤੇ ਹੀ ਨਹੀਂ ਆਉਂਦੀ ਸਗੋਂ ਇਨਸਾਨ ਦੇ ਪਿਛਲੇਰੇ ਸਮੇਂ ਵਿਚ ਵੀ ਆਉਂਦੀ ਹੈ। ਡਾ. ਭੰਡਾਲ ਸੱਚੀ ਗੱਲ ਕਹਿੰਦੇ ਹਨ, “ਮਨੁੱਖ ਵਲੋਂ ਜੀਵਨੀ ਪਤਝੜ ‘ਚ ਨਿਰਾਸ਼ਾਵਾਦੀ ਸੋਚ ਅਤੇ ਨਾਕਾਰਾਤਮਕ ਰੁਚੀਆਂ ਉਪਜਾਉਣਾ, ਸਰੀਰਕ ਪਤਝੜ ਦਾ ਨਿਰਾਦਰ। ਜੀਵਨ ਦੇ ਇਸ ਰੰਗ ਨੂੰ ਕੁਦਰਤ ਵਾਂਗ ਰੰਗਲੀ ਆਭਾ ਨਾਲ ਮਨਾਉਣ ਅਤੇ ਆਖਰੀ ਪਲਾਂ ਨੂੰ ਯਾਦਗਾਰੀ ਬਣਾਉਣ ਦਾ ਹੁਨਰ ਆ ਜਾਵੇ ਤਾਂ ਮਨੁੱਖਾ ਜੀਵਨ ਅਕੀਦਤਯੋਗ ਬਣ ਜਾਂਦਾ।” ਜੇ ਜਾਣੀਏ ਤਾਂ ਪਤਝੜ ਵੀ ਤਾਂ ਇਕ ਬਹਾਰ ਵਾਂਗ ਹੈ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਪਤਝੜ ਦੀ ਰੁੱਤ। ਸਵੇਰੇ ਸੈਰ ਕਰਦਿਆਂ ਰਾਹਾਂ ‘ਤੇ ਬਿਖਰੇ ਰੰਗ-ਬਿਰੰਗੇ ਪੱਤਿਆਂ ਨੂੰ ਨਿਹਾਰਦਾ ਹਾਂ। ਚਾਰ-ਚੁਫੇਰੇ ਬਿਰਖਾਂ ਦੀ ਰੰਗੀਲੀ ਪੁਸ਼ਾਕ ਨੂੰ ਸੋਚ-ਜੂਹ ‘ਚ ਉਤਾਰਦਾ ਹਾਂ। ਕੁਦਰਤ ਦੀ ਅਨੂਠੀ ਕਲਾਕਾਰੀ ਦੇ ਬਲਿਹਾਰੇ ਜਾਂਦਾ ਹਾਂ ਅਤੇ ਸੋਚਦਾ ਹਾਂ, ਕੁਦਰਤ ਵੀ ਕਿੰਨੀ ਵਿਚਿੱਤਰ ਹੈ ਕਿ ਉਹ ਆਪਣੀ ਪਤਝੜ ਦੀ ਰੰਗੋਲੀ ਨੂੰ ਮਨੁੱਖੀ ਮਾਨਸਿਕਤਾ ਦੇ ਨਾਮ ਕਰ, ਜੀਵਨ-ਰੰਗਤਾ ਨਾਲ ਸੰਵਾਦ ਰਚਾਉਣ ਲਈ ਉਤਸ਼ਾਹਤ ਕਰਦੀ ਏ। ਕੁਦਰਤੀ ਸੰਵਾਦ ਵਿਚੋਂ ਹੀ ਮਨੁੱਖ ਅੰਤਰੀਵੀ ਸਫਰ ਦੇ ਰਾਹ ਪੈਂਦਾ। ਮਨੁੱਖ ਖੁਦ ਨੂੰ ਵਿਸ਼ਾਲਣ ਅਤੇ ਵਿਸਥਾਰਨ ਲਈ ਨਵੀਆਂ ਤਰਕੀਬਾਂ ਅਤੇ ਤਕਦੀਰਾਂ ਦਾ ਸਿਰਜਣਹਾਰਾ ਬਣਦਾ।
ਕਦੇ ਬਿਰਖਾਂ ਨਾਲ ਰੰਗੀਨੀ ਦੀਆਂ ਬਾਤਾਂ ਪਾਉਂਦਾ ਹਾਂ। ਹੌਲੀ ਹੌਲੀ ਬਿਰਖ ਦਾ ਸਾਥ ਛੱਡ ਰਹੇ ਪੱਤਿਆਂ ਦੇ ਸ਼ਾਹਾਨਾ ਅੰਦਾਜ਼ ਸਾਹਵੇਂ ਸਿਰ ਝੁਕਾਉਂਦਾ ਹਾਂ। ਫਿਰ ਬੌਣੇਪਣ ਦਾ ਅਹਿਸਾਸ ਹੁੰਦਾ ਕਿ ਮੈਂ ਬਿਰਖ ਦੀ ਮਹਾਨਤਾ ਸਾਹਵੇਂ ਕਿੰਨਾ ਹੀਣਾ ਤੇ ਅਧੂਰਾ ਹਾਂ। ਮਨੁੱਖ ਨੂੰ ਆਪਣੇ ਉਚਮ ਅਤੇ ਸੁੱਚਮ ਲਈ ਬਿਰਖ ਨੂੰ ਮਾਰਗ-ਦਰਸ਼ਕ ਬਣਾਉਣ ਦੀ ਸਖਤ ਲੋੜ, ਭਾਵੇਂ ਮਨੁੱਖ ਖੁਦ ਨੂੰ ਧਰਤੀ ਦਾ ਉਚਤਮ ਜੀਵ ਕਹਾਉਂਦਾ ਏ।
ਪਤਝੜ, ਸਾਲ ਦਾ ਆਖਰੀ ਪਹਿਰ। ਪੁਰਾਣੇ ਪੱਤਿਆਂ ਦੇ ਤੁਰ ਜਾਣ ਦਾ ਵੇਲਾ। ਬਿਰਖ ਨੂੰ ਕੱਜਣ ਤੋਂ ਮਹਿਰੂਮ ਹੋਣ ਦਾ ਵਕਤ। ਨੰਗੇ ਪਿੰਡੇ ਸਮੇਂ ਦੀਆਂ ਤਲਖੀਆਂ ਨੂੰ ਸਹਿਣ ਅਤੇ ਬਿਖੜੇ ਹਾਲਾਤ ਵਿਚ ਰਹਿਣ ਵੇਲੇ ਦੀ ਦਸਤਕ; ਪਰ ਪੱਤਿਆਂ ਦੀ ਵਿਦਾਈ ਨੂੰ ਹੋਠਾਂ ‘ਤੇ ਗੁਣਗੁਣਾਉਂਦੇ ਬਿਰਖ।
ਪਤਝੜ, ਬੇਰੁਖੀ, ਉਜਾੜ ਅਤੇ ਬਿਨ-ਪੱਤਰੇ ਬਿਰਖਾਂ ਦਾ ਜੰਗਲ। ਸ਼ੂਕਦੀਆਂ ਹਵਾਵਾਂ ਦਾ ਡਰਾਉਣਾ ਰੂਪ, ਸਮੇਂ ਦੀ ਮਾਰ ਨੂੰ ਹੋਰ ਵੀ ਕੁਲਹਿਣਾ ਬਣਾਉਂਦਾ।
ਪਤਝੜ, ਪੱਤਿਆਂ ਦਾ ਮੂਲ ਨਾਲੋਂ ਟੁੱਟਣ ਦਾ ਦਰਦ। ਟਾਹਣੀ ਨਾਲੋਂ ਦੂਰ ਤੁਰ ਜਾਣ ਦਾ ਹੇਰਵਾ। ਰੁਮਕਦੀਆਂ ਪੌਣਾਂ ਵਿਚ ਸੰਗੀਤ ਪੈਦਾ ਕਰਨ ਵਾਲੇ ਪਲਾਂ ਨੂੰ ਸਿਰਫ ਚੇਤਿਆਂ ਵਿਚ ਵਸਾਉਣ ਦੀ ਲੋਚਾ।
ਪਤਝੜ, ਧਰਤੀ ‘ਤੇ ਉਗ ਰਹੀ ਸੁੱਕੇ ਪੱਤਿਆਂ ਦੀ ਫਸਲ। ਦਾਤੇ ਦੇ ਮੁੱਢ ਦੀ ਕਬਰ ਵਿਚ ਹੀ ਖੁਦ ਨੂੰ ਦਫਨਾਉਣਾ। ਫਿਰ ਬਹਾਰ ਆਉਣ ‘ਤੇ ਬਿਰਖ ਦੀਆਂ ਕਰੂੰਬਲਾਂ ਅਤੇ ਕੋਮਲ-ਪੱਤੀਆਂ ਦੇ ਸਫਰ ਦਾ ਮੂਲ-ਸਰੋਤ।
ਪਤਝੜ, ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ। ਸਮਿਆਂ ਦੀ ਸਰਦਲ ‘ਤੇ ਇਸ ਦੀ ਦਸਤਕ ਬਹੁਤ ਕੁਝ ਚੇਤਨ ਅਤੇ ਅਵਚੇਤਨ ਵਿਚ ਧਰਦੀ। ਸਾਨੂੰ ਸਾਡੀਆਂ ਹੋਣੀਆਂ, ਹਾਦਸਿਆਂ, ਹੌਸਲਿਆਂ ਅਤੇ ਹਮ-ਸਫਰਾਂ ਦੇ ਰੂਬਰੂ ਕਰਦੀ, ਜਿਨ੍ਹਾਂ ਨੇ ਜੀਵਨ ਮਾਰਗ ਨੂੰ ਵਿਭਿੰਨ ਰੂਪ ਵਿਚ ਪ੍ਰਭਾਵਿਤ ਕੀਤਾ। ਇਨ੍ਹਾਂ ਦੀਆਂ ਸੇਧਾਂ ਅਤੇ ਸੱਟਾਂ ਨੇ ਜੀਵਨ-ਜਾਚ ਨੂੰ ਨਵੇਂ ਦਿਸਹੱਦੇ ਪ੍ਰਦਾਨ ਕੀਤੇ।
ਮਨੁੱਖੀ ਜੀਵਨ ਵਿਚ ਸਦਾ ਬਾਹਰ ਨਹੀਂ ਰਹਿੰਦੀ ਅਤੇ ਪਤਝੜ ਦੀ ਦਸਤਕ ਵੀ ਜਰੂਰੀ ਹੈ। ਨਵਿਆਂ ਦੀ ਦਸਤਕ ਲਈ ਪੁਰਾਣਿਆਂ ਦਾ ਤੁਰ ਜਾਣਾ, ਕੁਦਰਤ ਦਾ ਅਸੂਲ। ਫੁੱਲ ਸਦਾ ਖਿੜੇ ਨਹੀਂ ਰਹਿੰਦੇ। ਇਨ੍ਹਾਂ ਨੇ ਮੁਰਝਾਉਣਾ ਅਤੇ ਨਵੀਂਆਂ ਡੋਡੀਆਂ ਨੇ ਫੁੱਲ ਬਣਨ ਦੇ ਰਾਹ ਪੈਣਾ ਹੁੰਦਾ। ਪੱਤੇ ਨਹੀਂ ਝੜਨਗੇ ਤਾਂ ਨਵੇਂ ਪੱਤੇ ਆਪਣਾ ਟਿਕਾਣਾ ਕਿਥੇ ਬਣਾਉਣਗੇ? ਸਮੇਂ ਦੇ ਮਿਜਾਜ਼ ‘ਚ ਤਬਦੀਲੀ ਜਰੂਰੀ।
ਪਤਝੜ ਸਦਾ ਰੁੱਖੀ ਜਾਂ ਬੀਆਬਾਨ ਵਰਗੀ ਨਹੀਂ ਹੁੰਦੀ। ਵਿਦੇਸ਼ਾਂ ਵਿਚ ਪਤਝੜ ਤਾਂ ਬਿਰਖਾਂ ਨੂੰ ਰੰਗਰੇਜ਼ਤਾ ਨਾਲ ਕੁਦਰਤੀ ਕਿਰਤੀਆਂ ਦਾ ਰੂਪ ਬਣਾਉਂਦੀ। ਹਰ ਪੱਤਾ ਹੀ ਫੁੱਲ ਵਾਂਗ ਰੰਗ-ਬਿਰੰਗੇ ਰੰਗਾਂ ਵਿਚ ਰੰਗਿਆ, ਬਿਰਖ ਨੂੰ ਕਲਾ-ਕ੍ਰਿਸ਼ਮੇ ਨਾਲ ਨਿਵਾਜ਼ਦਾ। ਰੰਗਲੀ ਪਤਝੜ ਤਾਂ ਜ਼ਿੰਦਗੀ ਨੂੰ ਰੱਜ ਕੇ ਜਿਉਣ ਦਾ ਜਸ਼ਨ। ਬੀਤੇ ਸਮੇਂ ਦੀ ਪੂਰਨਤਾ ਨੂੰ ਰੰਗ-ਬਿਰੰਗੀ ਆਭਾ ਨਾਲ ਸਜਾਉਣਾ ਅਤੇ ਆਖਰੀ ਸਫਰ ਨੂੰ ਯਾਦਗਾਰੀ ਬਣਾਉਣਾ।
ਸਮਾਂ ਮਿਲੇ ਤਾਂ ਅਜਿਹੀ ਪਤਝੜ ਦੇ ਦਿਨੀਂ ਕੁਦਰਤ ਨਾਲ ਸੰਵਾਦ ਰਚਾਉਣਾ, ਇਸ ਦੇ ਨੈਣਾਂ ‘ਚ ਝਾਕਣਾ, ਕੁਦਰਤੀ ਕਾਰੀਗਰੀ ਨੂੰ ਨਿਹਾਰਨਾ, ਬਹੁ-ਰੰਗਾਂ ਦੀ ਕਸ਼ੀਦਗੀ ਵਿਚੋਂ ਉਪਜੀ ਰੰਗਾਂ ਦੀ ਆਕਾਸ਼-ਗੰਗਾਂ ਨੂੰ ਮਨ-ਅੰਬਰ ‘ਤੇ ਉਤਾਰਨਾ-ਤੁਹਾਨੂੰ ਕੁਦਰਤੀ ਸੁੰਦਰਤਾ ਦੀ ਅਸੀਮਤਾ ਤੇ ਅਨੂਠੇਪਣ ਦਾ ਅਹਿਸਾਸ ਹੋਵੇਗਾ। ਕੁਦਰਤ ਆਪਣੇ ਸਤਰੰਗਾਂ ਨਾਲ ਮਾਨਵ ਦੀਆਂ ਸੁੱਖਾਂ ਮੰਗਦੀ, ਜੀਵਨੀ ਪਤਝੜ ਨੂੰ ਵੀ ਇਸੇ ਅੰਦਾਜ਼ ਵਿਚ ਮਨਾਉਣ ਲਈ ਉਕਸਾਉਂਦੀ।
ਮਨੁੱਖ ਵਲੋਂ ਜੀਵਨੀ ਪਤਝੜ ‘ਚ ਨਿਰਾਸ਼ਾਵਾਦੀ ਸੋਚ ਅਤੇ ਨਾਕਾਰਾਤਮਕ ਰੁਚੀਆਂ ਉਪਜਾਉਣਾ, ਸਰੀਰਕ ਪਤਝੜ ਦਾ ਨਿਰਾਦਰ। ਜੀਵਨ ਦੇ ਇਸ ਰੰਗ ਨੂੰ ਕੁਦਰਤ ਵਾਂਗ ਰੰਗਲੀ ਆਭਾ ਨਾਲ ਮਨਾਉਣ ਅਤੇ ਆਖਰੀ ਪਲਾਂ ਨੂੰ ਯਾਦਗਾਰੀ ਬਣਾਉਣ ਦਾ ਹੁਨਰ ਆ ਜਾਵੇ ਤਾਂ ਮਨੁੱਖਾ ਜੀਵਨ ਅਕੀਦਤਯੋਗ ਬਣ ਜਾਂਦਾ।
ਪਤਝੜ ਵਿਚ ਧਰਤੀ ‘ਤੇ ਪਏ ਪੱਤਿਆਂ ਦੀ ਚਿੱਤਰਕਾਰੀ ਨੂੰ ਰੂਹ-ਰੰਗ ਦਾ ਹਿੱਸਾ ਬਣਾਉਣਾ, ਆਖਰੀ ਸਾਹ ਨੂੰ ਸਤਵਰਗੀ ਹੋਣ ਦਾ ਅਹਿਸਾਸ ਹੋਵੇਗਾ।
ਸਰੀਰਕ ਪਤਝੜ ਨੂੰ ਕਦੇ ਵੀ ਮਨ ‘ਤੇ ਹਾਵੀ ਨਾ ਹੋਣ ਦਿਓ। ਮਨ ਦੀ ਪਤਝੜ ਦੌਰਾਨ ਪਿਲੱਤਣਾਂ ਦਾ ਰੰਗ ਤੁਹਾਡੀ ਸੋਚ ਅਤੇ ਕਰਮ ਸ਼ੈਲੀ ਵਿਚ ਭਾਰੂ ਹੋ ਜਾਵੇਗਾ, ਜੋ ਤੁਹਾਡੀ ਮੌਤ ਤੋਂ ਪਹਿਲਾਂ ਵਾਲੀ ਮੌਤ ਦਾ ਸਬੱਬ ਬਣੇਗਾ। ਮਨ ਨੂੰ ਸਦਾ ਖੇੜੇ ਵਿਚ ਰੱਖੋ। ਇਸ ਦੇ ਵਿਹੜੇ ਵਿਚ ਚਾਵਾਂ ਅਤੇ ਭਾਵਾਂ ਦੇ ਸੂਹੇ ਫੁੱਲ ਖਿੜਦੇ ਰਹਿਣ। ਸੁਖਨ-ਸੁਗੰਧੀ ਮਨ ਵਿਹੜੇ ਨੂੰ ਮੁਅੱਤਰ ਕਰਦੀ ਰਹੇ ਤਾਂ ਸੰਦਲੀ-ਸਾਹ ਤੇ ਸੰਵੇਦਨਾ ਦਾ ਸੰਗਮ, ਜੀਵਨ ਤਰੰਗ ਬਣਦਾ।
ਅਕਸਰ ਲੋਕ ਪਤਝੜ ਨੂੰ ਜੀਵਨ ਦਾ ਆਖਰੀ ਪਲ ਸਮਝ ਆਪਣਾ ਮਰਸੀਆ ਪੜ੍ਹਨ ਵੰਨੀਂ ਰੁਚਿਤ ਹੋ ਜਾਂਦੇ। ਜਿੰ.ਦਗੀ ਦੇ ਹਰ ਪਲ ਨੂੰ ਇਸ ਤਰ੍ਹਾਂ ਸਮਝੋ ਕਿ ਇਹ ਪਹਿਲਾ ਪਲ ਹੈ ਅਤੇ ਇਸ ਨੂੰ ਇਸ ਤਰ੍ਹਾਂ ਮਾਣੋ ਕਿ ਇਹ ਜਿੰ.ਦਗੀ ਦਾ ਆਖਰੀ ਪਲ ਹੈ। ਜ਼ਿੰਦਗੀ ਦਾ ਮੁਹਾਂਦਰਾ ਤੁਹਾਡੇ ਲਈ ਸੰਜੀਵਨੀ ਬੂਟੀ ਬਣਿਆ ਰਹੇਗਾ।
ਪਤਝੜ ਵਿਚ ਪਿਆਰ, ਪੂਰਨਤਾ ਅਤੇ ਪਾਕੀਜ਼ਗੀ ਨੂੰ ਮਨ-ਦਰ ‘ਤੇ ਉਕਰਾਉਣ ਵਾਲੇ ਲੋਕ ਇਸ ਦੀ ਅਰਾਧਨਾ ਵਿਚੋਂ ਹੀ ਆਪਣੇ ਸੁਪਨਿਆਂ ਦੀ ਅਰਦਾਸ ਦਾ ਆਗਾਜ਼ ਹੁੰਦੇ।
ਪਤਝੜ ਦੀ ਰੰਗੋਲੀ ਨਾਲ ਆਪਣੀ ਜੀਵਨ-ਜਾਚ, ਪੈੜ-ਚਾਲ ਅਤੇ ਰੂਹ-ਰਵਾਨਗੀ ਨੂੰ ਬਹੁ-ਰੰਗਤਾ ਪ੍ਰਦਾਨ ਕਰਨ ਵਾਲੇ ਸਮਿਆਂ ਦਾ ਸੁੱਚਮ ਹੁੰਦੇ, ਜੋ ਜ਼ਿੰਦਗੀ ਕੋਲੋਂ ਕੁਝ ਲੈਣ ਦੀ ਥਾਂ ਕੁਝ ਦੇਣ ਨੂੰ ਤਰਜ਼ੀਹ ਦਿੰਦੇ।
ਕੁਝ ਲੋਕ ਸਦਾ ਹੀ ਕੁਝ ਸਿੱਖਣ ਅਤੇ ਗਿਆਨ ਹਾਸਲ ਕਰਨ ਵੱਲ ਰੁਚਿਤ ਰਹਿੰਦੇ। ਉਨ੍ਹਾਂ ਦੀ ਗਿਆਨ-ਪ੍ਰਾਪਤੀ ਦੀ ਲੋਚਾ ‘ਚ ਕਦੇ ਵੀ ਪਤਝੜ ਨਹੀਂ ਆਉਂਦੀ। ਉਹ ਆਪਣਾ ਆਖਰੀ ਸਮਾਂ ਵੀ ਕੁਝ ਸਿੱਖਣ, ਸਮਝਣ ਅਤੇ ਸੋਚ ਦੇ ਨਵੀਨੀਕਰਨ ਲਈ ਬਿਤਾਉਂਦੇ; ਪਰ ਕੁਝ ਲੋਕ ਇਕ ਮੁਕਾਮ ‘ਤੇ ਪਹੁੰਚ ਆਪਣੇ ਸੋਚ-ਸਫਰ ਦੇ ਦਰਵਾਜੇ ਬੰਦ ਕਰ ਦਿੰਦੇ। ਬਹੁਤ ਘੱਟ ਲੋਕ ਨੇ, ਜੋ ਕਿਤਾਬਾਂ ਨਾਲ ਸਾਂਝ ਪਾ, ਸਮੇਂ ਦੀ ਤੋਰ ਦੇ ਹਾਣੀ ਬਣੇ ਰਹਿੰਦੇ। ਪੁਸਤਕ-ਸਭਿਆਚਾਰ ਤੋਂ ਵਿਰਵਾਪਣ ਲੋਕਾਂ ਦੀ ਜ਼ਿੰਦਗੀ ਵਿਚ ਸਮੇਂ ਤੋਂ ਪਹਿਲਾਂ ਵਾਲੀ ਪਤਝੜ ਦਾ ਸਬੱਬ। ਵਿਦੇਸ਼ਾਂ ਵਿਚ ਨੌਕਰੀ ਜਾਂ ਪੜ੍ਹਾਈ ਲਈ ਉਮਰ ਦੀ ਕੋਈ ਸੀਮਾ ਨਹੀਂ। ਹਰ ਵਿਅਕਤੀ ਆਪਣੀ ਕਾਰਜ ਸ਼ੈਲੀ ‘ਚ ਪੁਰਾਣੇ ਹੋਣ ਦਾ ਅਹਿਸਾਸ ਮਨ ਵਿਚ ਨਹੀਂ ਪੈਦਾ ਹੋਣ ਦਿੰਦਾ। ਬਜੁਰਗਾਂ ਨੂੰ ਅਕਸਰ ਹੀ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਦੇਖ ਸਕਦੇ ਹੋ। ਇਹ ਵਰਤਾਰਾ ਹੀ ਇਨ੍ਹਾਂ ਦੀ ਉਸਾਰੂ ਤੇ ਸੁਚਾਰੂ ਸੋਚ ਦਾ ਬਿੰਬ, ਜੋ ਨਵੀਨਤਮ ਧਰਾਤਲਾਂ ਦੀ ਖੋਜ ਨੂੰ ਪ੍ਰਣਾਏ ਹੋਣ ਦਾ ਸਬੂਤ।
ਪਤਝੜ ਵਰਗੀ ਲੋਕ-ਸੋਚ ਦੇ ਪੱਲੇ ਵਿਚ ਹਾਵੇ। ਉਨ੍ਹਾਂ ਦੀ ਮਨ-ਬੀਹੀ ਵਿਚ ਭੌਂਦੇ ਹੰਝੂ, ਹੌਕੇ ਤੇ ਹਾਵੇ। ਉਨ੍ਹਾਂ ਲਈ ਖੇੜੇ ਦੀ ਦਸਤਕ ਹੁੰਦੀ ਬਹੁਤ ਹੀ ਦੂਰ। ਨਾ ਹੀ ਕਦੇ ਜੀਵਨ-ਪ੍ਰਾਪਤੀਆਂ ਦਾ ਚੜ੍ਹਦਾ ਚਾਅ-ਸਰੂਰ। ਉਨ੍ਹਾਂ ਲਈ ਸਾਹ-ਸੰਤੋਖਣਾ, ਇਕੋ ਜੀਵਨ-ਨਾਮ, ਤਾਂ ਹੀ ਉਨ੍ਹਾਂ ਦੀ ਮਨ-ਬਿਰਤੀ ‘ਚ ਸਦਾ ਉਤਰਦੀ ਸ਼ਾਮ। ਜੀਵਨ ਦੀ ਪਤਝੜ ਨੂੰ ਮਾਣੋ ਇਸ ਤਰ੍ਹਾਂ, ਆਖਰੀ ਤੇ ਪਹਿਲਾ ਪਹਿਰ ਹੁੰਦਾ ਜਿਸ ਤਰ੍ਹਾਂ।
ਪਤਝੜ ਜਦ ਕਲਮ ਵਿਚ ਉਤਰਦੀ ਤਾਂ ਹਰਫਾਂ ‘ਚ ਸੋਗ ਫੈਲਦਾ। ਸਿਆਹੀ ਸੁੱਕ ਜਾਂਦੀ। ਕਾਗਜ਼ ‘ਤੇ ਮਨ ਦੀ ਕਮਤਰੀ-ਅਹਿਸਾਸ, ਉਸ ਦੇ ਜ਼ਰਜ਼ਰੀ ਹੋਣ ਦਾ ਸਬੱਬ। ਕਲਮ-ਸਾਧਨਾ ਬਰਕਰਾਰ ਰਹੇ ਤਾਂ ਹਰਫ ਮੌਲਦੇ, ਅਰਥ ਉਗਦੇ ਅਤੇ ਵਰਕਿਆਂ ‘ਤੇ ਵਕਤ ਦੀ ਤਹਿਜ਼ੀਬ ਨੂੰ ਉਕਰੇ ਜਾਣ ਦਾ ਮਾਣ ਮਿਲਦਾ। ਇਨਾਮ-ਸਨਮਾਨ ਤੀਕ ਸੀਮਤ ਹੋ ਕੇ ਰਹਿ ਗਈ ਕਲਮ-ਕਿਰਤ ਤਾਂ ਆਪਣੀ ਕਬਰ ਜਿਉਂਦੇ-ਜੀਅ ਹੀ ਪੁੱਟ ਲੈਂਦੀ। ਥੋੜ੍ਹ-ਚਿਰੀ ਸਾਧਨਾ, ਕਲਮ-ਕੀਰਤੀ ਦੀ ਚਿਰ-ਸਦੀਵਤਾ ਕਿਵੇਂ ਪੈਦਾ ਕਰ ਸਕਦੀ ਏ? ਅਜਿਹਾ ਬਹੁਤ ਸਾਰੀਆਂ ਕਲਮਾਂ ਨਾਲ ਵਾਪਰਦਾ। ਖੁਦ ਦਾ ਮਰਸੀਆ ਪੜ੍ਹਨ ਜੋਗੀਆਂ ਰਹਿ ਜਾਂਦੀਆਂ ਅਜਿਹੀਆਂ ਕਲਮਾਂ।
ਪਤਝੜ ਪੈਰਾਂ ਵਿਚ ਪਨਪ ਪਵੇ ਤਾਂ ਸਫਰ ਸਿਸਕੀਆਂ ਬਣਦੇ, ਰਾਹਾਂ ਵਿਚ ਧੁੰਦਲਕਾ ਉਪਜਦਾ ਅਤੇ ਮੰਜ਼ਿਲਾਂ ਦੇ ਦਿਸਹੱਦਿਆਂ ਨੂੰ ਅਪ੍ਰਾਪਤੀ ਦੀ ਸਿਉਂਕ ਖਾ ਜਾਂਦੀ।
ਜਦ ਕਿਸੇ ਦੇ ਦੀਦਿਆਂ ਵਿਚ ਪਤਝੜ ਡੇਰਾ ਲਾਉਂਦੀ ਤਾਂ ਨੈਣਾਂ ਵਿਚ ਸੁਪਨੇ ਸਜਾਉਣ ਦੀ ਸੋਝੀ ਬੇਵਾ ਹੋ ਜਾਂਦੀ। ਸੁਪਨਿਆਂ ਦੀ ਪੂਰਤੀ ਲਈ ਸਾਧਨਾ ਅਤੇ ਸਾਧਨ ਨੂੰ ਕਿਵੇਂ ਕਿਆਸੋਗੇ? ਸੁਪਨਹੀਣ ਅੱਖਾਂ ਤਾਂ ਕਬਰੀਂ ਪੈਣ ਲਈ ਉਤਾਵਲੀਆਂ। ਮਰਨ-ਰੁੱਤ ਦੀ ਦਸਤਕ ਸੁਣਨ ਲਈ ਕਾਹਲੇ ਕੰਨਾਂ ਨੂੰ ਸੰਗੀਤ ਨਹੀਂ ਭਾਉਂਦਾ। ਉਨ੍ਹਾਂ ਦੀ ਲਿਵ ਸਿਰਫ ਕੀਰਨੇ ਤੇ ਕੁਬੋਲ ਸੁਣਨ ਤੀਕ ਸੀਮਤ।
ਪਤਝੜ ਜਦ ਕਿਸੇ ਘਰ ਦੀਆਂ ਬਰੂਹਾਂ ਮੱਲ ਲਵੇ ਤਾਂ ਦਰਾਂ ‘ਤੇ ਚੋਏ ਜਾਣ ਵਾਲੇ ਤੇਲ ਤੇ ਡੋਲ੍ਹੇ ਜਾਣ ਵਾਲੇ ਪਾਣੀ ਨੂੰ ਬਦਰੂਹਾਂ ਮੰਤਰ ਜਾਂਦੀਆਂ। ਇਹ ਮੰਤਰੇ ਪਾਣੀ ਹੀ ਘਰ ਦੀਆਂ ਬਰੂਹਾਂ ਖਾ ਜਾਂਦੇ। ਘਰ ਨੂੰ ਅ-ਘਰ ਹੋਣ ਦਾ ਅਹਿਸਾਸ ਖਾਣ ਲੱਗਦਾ। ਬੜਾ ਔਖਾ ਤੇ ਦਰਦ ਦੇਣ ਵਾਲਾ ਹੁੰਦਾ ਹੈ, ਕਿਸੇ ਘਰ ਲਈ ਅ-ਘਰ ਹੋ ਜਾਣ ਦਾ ਅਹਿਸਾਸ।
ਪਤਝੜ ਦੀ ਕੁੱਖ ਵਿਚੋਂ ਹੀ ਬਹਾਰਾਂ ਨੇ ਪੁੰਗਰਨਾ ਹੁੰਦਾ। ਰੁੰਡ-ਮਰੁੰਡ ਹੋਈਆਂ ਟਾਹਣੀਆਂ ‘ਤੇ ਫੁੱਟਦੀਆਂ ਨੇ ਕਰੂੰਬਲਾਂ ਅਤੇ ਮੁਲਾਇਮ ਪੱਤੀਆਂ ਦੀਆਂ ਕਿਰਮਚੀ ਲੜੀਆਂ। ਨਵੀਂਆਂ ਬਹਾਰਾਂ ਅਤੇ ਸੰਧਾਰਿਆਂ ਦੀ ਰੁੱਤ ਦਾ ਰਾਂਗਲਾ ਰਾਗ। ਇਸ ਲਈ ਪਤਝੜ ਨੂੰ ਮਾਣਦਿਆਂ, ਭਵਿੱਖੀ ਬਹਾਰ ਵੰਨੀਂ ਸੋਚ ਨੂੰ ਸੇਧਤ ਕਰਾਂਗੇ ਤਾਂ ਖੇੜਿਆਂ ਤੇ ਖੁਸ਼ੀਆਂ ਨਾਲ ਝੋਲੀਆਂ ਦੀ ਪ੍ਰਫੁਲਤਾ ਜ਼ਿੰਦ-ਬੀਹੀ ਦਾ ਨਾਦ ਬਣੇਗੀ।
ਪਤਝੜ ਜੀਵਨ ਦਾ ਇਕ ਰੰਗ ਅਤੇ ਪੜਾਅ। ਹਰ ਪੜਾਅ ਦੀ ਆਪਣੀ ਵਿਲੱਖਣਤਾ, ਅਹਿਮੀਅਤ ਅਤੇ ਸਰੋਕਾਰ। ਲੋੜ ਹੈ, ਵਰਤਮਾਨ ਵਿਚ ਰਹਿਣ ਦੀ ਆਦਤ ਪਾਈਏ। ਜੀਵਨ ਦੇ ਹਰ ਰੰਗ ਨੂੰ ਭਰਪੂਰਤਾ ਨਾਲ ਜਿਉਣ ਦੇ ਅੰਦਾਜ਼ ਨੂੰ ਜੀਵਨ-ਸ਼ੈਲੀ ਦਾ ਹਿੱਸਾ ਬਣਾਈਏ। ਪਤਝੜ ਦੀਆਂ ਰਾਂਗਲੀਆਂ ਯਾਦਾਂ, ਦਿਲ-ਤਖਤੀ ‘ਤੇ ਸੁਰਖ ਸੰਵਾਦ ਦਾ ਸਿਰਲੇਖ ਬਣਨਗੀਆਂ।
ਪਤਝੜ ਇਕ ਸੂਖਮ ਸੰਦੇਸ਼ ਮਨ ਦੀ ਜੂਹੇ ਧਰਦੀ ਕਿ ਪੱਤੇ ਵਾਂਗ ਅੱਧ-ਅੰਬਰੀਂ ਆਪਣੀ ਅਉਧ ਨੂੰ ਪੂਰਨਤਾ ਨਾਲ ਮਾਣੋ ਅਤੇ ਜਦ ਅਲਵਿਦਾ ਹੋਣ ਦਾ ਮੌਕਾ ਹੋਵੇ ਤਾਂ ਮੜਕ ਨਾਲ ਰੁਖਸਤ ਲਵੋ। ਹਵਾਵਾਂ ਨਾਲ ਖੇਡਦੇ ਹੀ ਆਖਰੀ ਅਲਵਿਦਾ ਕਹਿ ਜਾਵੋ। ਇਹ ਹੀ ਜੀਵਨ ਨੂੰ ਸੰਪੂਰਨਤਾ ਨਾਲ ਹੰਢਾਉਣ ਤੇ ਅਪਨਾਉਣ ਦਾ ਗਹਿਰਾ ਗੁਰ।
ਦਰਅਸਲ ਪਤਝੜ ਨੂੰ ਸਾਲ ਦੀ ਦੂਸਰੀ ਤੇ ਆਖਰੀ ਬਹਾਰ ਕਿਹਾ ਜਾਂਦਾ, ਜਦ ਹਰ ਪੱਤਾ ਹੀ ਫੁੱਲ ਦੀ ਜੂਨੇ ਪੈਂਦਾ। ਹਰ ਬਿਰਖ ਵਿਚੋਂ ਫੁੱਲਾਂ ਦੀ ਵਾਦੀ ਦਾ ਝਉਲਾ ਪੈਂਦਾ। ਸਮੁੱਚੀ ਕਾਇਨਾਤ ਬਹਾਰ ਬਣ ਜਾਂਦੀ।
ਪਤਝੜੀ ਰੰਗ-ਬਿਰੰਗਤਾ ਵਿਚੋਂ ਮੌਤ ਦਾ ਭੈਅ ਨਹੀਂ ਸਗੋਂ ਜੀਵਨ-ਜਾਚ ਦੀ ਅਦਾਕਾਰੀ ਰੂਪਮਾਨ ਹੁੰਦੀ, ਜੋ ਮਰਨਹਾਰਿਆਂ ਨੂੰ ਵੀ ਜਿਉਣ ਦਾ ਸਬਕ ਪੜ੍ਹਾ ਜਾਂਦੀ।
ਸਰਦੀਆਂ ਦੀ ਚਿੱਟੀ ਚਾਦਰ ਪਿਛੋਂ ਬਹਾਰ ਆਪਣੇ ਫੁੱਲ-ਬੂਟਿਆਂ ਦੇ ਤਰੋਪੇ ਪਾਉਂਦੀ। ਗਰਮੀ, ਹਰਿਆਵਲੀ ਰੰਗਤ ਨਾਲ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ, ਪਰ ਪਤਝੜ ਆਉਣ ‘ਤੇ ਸਾਰੇ ਰੰਗ ਇਕਮਿਕ ਹੋ ਅਜਿਹਾ ਜਲੌਅ ਸਜਾਉਂਦੇ ਕਿ ਕੁਦਰਤ ਆਪਣੀ ਅਮੀਰੀ ਦਾ ਜਸ਼ਨ ਧਰਤ-ਵਿਹੜੇ ‘ਚ ਮਨਾਉਂਦੀ। ਸਾਲ ਦਾ ਆਖਰੀ ਅਤੇ ਅਜ਼ੀਮ ਰੰਗ-ਮੇਲਾ।
ਪਤਝੜ ਦੇ ਪੱਤੇ ਡਿਗਦੇ ਤਾਂ ਰਾਹ-ਰਾਸਤੇ ਛੁਪ ਜਾਂਦੇ। ਰਾਹੀ ਦੇ ਮਨ ਵਿਚ ਨਵੇਂ ਰਾਹ ਤਲਾਸ਼ਣ ਦਾ ਹੁਨਰ ਅਤੇ ਚੇਸ਼ਟਾ ਉਪਜਾਉਂਦੇ। ਰਾਹ, ਜਿਨ੍ਹਾਂ ‘ਤੇ ਤੁਰਦਿਆਂ ਜੀਵਨੀ ਰੰਗਤਾ ਨੂੰ ਭਾਗ ਲੱਗਦੇ। ਤੁਰਦਿਆਂ ਪੱਤਿਆਂ ਦਾ ਚਰਮਰਾਉਣਾ, ਮਨ ਨੂੰ ਪੀੜਤ ਵੀ ਕਰਦਾ ਕਿ ਅੰਬਰ-ਜੂਹ ਵਿਚ ਰਹਿਣ ਵਾਲਿਆਂ ਨੂੰ ਆਖਰ ਧਰਤੀ ਹੀ ਪਨਾਹ ਦਿੰਦੀ।
ਕੁਝ ਲੋਕ ਪਤਝੜ ਨੂੰ ਮਾਣਨ ਤੋਂ ਇਸ ਲਈ ਇਨਕਾਰੀ ਹੋ ਜਾਂਦੇ ਕਿ ਇਹ ਜੀਵਨ ਦੇ ਆਖਰੀ ਵਕਤ ਆਈ ਹੈ। ਉਨ੍ਹਾਂ ਨੂੰ ਇਸ ਦੇ ਆਉਣ ਦਾ ਚਾਅ ਨਹੀਂ, ਸਗੋਂ ਲੇਟ ਆਉਣ ਦਾ ਹੇਰਵਾ ਹੁੰਦਾ। ਲੋੜ ਹੈ, ਹੇਰਵਾ ਕਰਨ ਦੀ ਥਾਂ ਇਸ ਨੂੰ ਮਾਣਨ ਦੀ ਆਦਤ ਪਾਓ।
ਪਤਝੜ, ਪੱਤਿਆਂ ਦਾ ਝੜ ਕੇ ਹੇਠਾਂ ਡਿੱਗਣ ਦਾ ਨਾਂ ਨਹੀਂ, ਸਗੋਂ ਜੀਵਨ ਨੂੰ ਪੂਰਨਤਾ ਨਾਲ ਜਿਉਂ ਕੇ ਆਪਣੇ ਅਗਲੇ ਸਫਰ ਨੂੰ ਜਾਰੀ ਰੱਖਣ ਦਾ ਪਲੇਠਾ ਕਦਮ ਏ, ਕਿਉਂਕਿ ਤੁਰਨਾ ਹੀ ਤਾਂ ਜ਼ਿੰਦਗੀ ਏ ਜਦ ਕਿ ਖੜੋਤ ਮੌਤ।
ਪਤਝੜ ਦੇ ਸੁਨੇਹੇ ਨੂੰ ਸਦਾ ਯਾਦ ਰੱਖੋ ਕਿ ਜ਼ਿੰਦਗੀ ਦਾ ਆਖਰੀ ਪੜਾਅ ਵੀ ਸੁੰਦਰ ਹੋ ਸਕਦਾ ਏ, ਬਸ਼ਰਤੇ ਤੁਹਾਨੂੰ ਜ਼ਿੰਦਗੀ ਜਿਉਣ ਅਤੇ ਇਸ ਦੀਆਂ ਬਰਕਤਾਂ ਮਾਣਨ ਦਾ ਸ਼ਰਫ ਹਾਸਲ ਹੋਵੇ।
ਪਤਝੜ ਕੁਦਰਤ ਦੀ ਸਭ ਤੋਂ ਸੁੰਦਰ ਕਵਿਤਾ, ਜਿਸ ਦਾ ਹਰ ਰੂਪ ਜੀਵਨ ਨੂੰ ਸੁੰਦਰ, ਸੁਪਨਸ਼ੀਲ ਅਤੇ ਸੁਹੰਢਣੀ ਸਾਧਨਾ ਦਾ ਸਰੂਪ ਬਣਾ ਜਾਂਦਾ। ਇਹ ਕਵਿਤਾ ਪੜ੍ਹਨ ਦੀ ਸੋਝੀ ਤੇ ਸ਼ਕਤੀ ਆ ਜਾਵੇ ਤਾਂ ਜ਼ਿੰਦਗੀ ਵੀ ਇਕ ਕਵਿਤਾ ਬਣ ਜਾਂਦੀ, ਜਿਸ ਦੀ ਸੂਖਮਤਾ ਵਿਚੋਂ ਹੀ ਸੁਖਨ, ਸੰਤੁਸ਼ਟੀ ਅਤੇ ਸਹਿਜ ਦਾ ਸਬਕ ਮਿਲਦਾ।