ਲਾਹੌਰ ਦਾ ਰਾਜਕੁਮਾਰੀ ਬੰਬਾ ਸੰਗ੍ਰਿਹ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜਕੁਮਾਰੀ ਬੰਬਾ ਜਿੰਦਾਂ ਸਦਰਲੈਂਡ, ਮਹਾਰਾਜਾ ਦਲੀਪ ਸਿੰਘ ਦੀ ਵੱਡੀ ਧੀ ਸੀ। ਉਸ ਵੰਸ਼ ਦੀ ਅੰਤਿਮ ਨਿਸ਼ਾਨੀ। ਉਸ ਨੇ ਆਪਣਾ ਆਖਰੀ ਸਮਾਂ ਲਾਹੌਰ ਵਿਚ ਗੁਜ਼ਾਰਿਆ। ਦਲੀਪ ਸਿੰਘ ਦੀ ਧੀ ਹੋਣ ਨਾਤੇ ਉਸ ਨੂੰ ਮਿਲੀ ਵਿਰਾਸਤ ਲਾਹੌਰ ਦੇ ਕਿਲ੍ਹੇ ਵਿਚ ਪਈ ਹੈ। ਸੁਭਾਸ਼ ਪਰਿਹਾਰ ਦੇ ਇਸ ਲੇਖ ਵਿਚ ਇਸ ਵਡਮੁੱਲੇ ਖਜਾਨੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

-ਸੰਪਾਦਕ

ਸੁਭਾਸ਼ ਪਰਿਹਾਰ
ਫੋਨ: +91-98728-22417

ਲਾਹੌਰ ਦੇ ਕਿਲ੍ਹੇ ਅੰਦਰ ਮੋਤੀ ਮਸਜਿਦ ਨਾਲ ਲਗਦੇ ਅਹਾਤੇ ਵਿਚ ਦੋ-ਮੰਜ਼ਿਲੀ ਇਮਾਰਤ ਹੈ, ਜੋ ‘ਰਾਣੀ ਜਿੰਦਾਂ ਦੀ ਹਵੇਲੀ’ ਦੇ ਨਾਂ ਨਾਲ ਪ੍ਰਸਿਧ ਹੈ। ਰਾਣੀ ਜਿੰਦਾਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ। ਹਵੇਲੀ ਦੀ ਉਪਰਲੀ ਮੰਜ਼ਿਲ ‘ਤੇ 87 ਪੇਂਟਿੰਗਾਂ ਅਤੇ ਹੋਰ ਪੁਰਾਤਨ ਵਸਤਾਂ ਪ੍ਰਦਰਸ਼ਿਤ ਹਨ। ਇਸ ਸਾਰੇ ਸੰਗ੍ਰਿਹ ਨੂੰ ‘ਰਾਜਕੁਮਾਰੀ ਬੰਬਾ ਸੰਗ੍ਰਿਹ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਸਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਜਾਂਨਸ਼ੀਨਾਂ ਦੇ ਜੀਵਨ ਅਤੇ ਸਮਿਆਂ ‘ਤੇ ਚੋਖੀ ਰੌਸ਼ਨੀ ਪਾਉਂਦੀਆਂ ਹਨ। ਇਨ੍ਹਾਂ ਇਤਿਹਾਸਕ ਵਸਤਾਂ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਰਾਜਕੁਮਾਰੀ ਬੰਬਾ ਬਾਰੇ ਕੁਝ ਜਾਣਕਾਰੀ ਲੈ ਲਈਏ ਤਾਂ ਬਿਹਤਰ ਹੋਵੇਗਾ।
ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰ ਦੇ ਜ਼ੋਰ ‘ਤੇ ਅਤੇ ਸਿਆਸੀ ਸੂਝ-ਬੂਝ ਨਾਲ ਜੋ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕੀਤਾ ਸੀ, ਉਹ ਉਸ ਦੇ 1839 ਵਿਚ ਦੇਹਾਂਤ ਮਗਰੋਂ ਦਹਾਕਾ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਇਸ ਦੌਰਾਨ ਉਸ ਦਾ ਜੇਠਾ ਪੁੱਤਰ ਖੜਗ ਸਿੰਘ, ਪੋਤਰਾ ਨੌਨਿਹਾਲ ਸਿੰਘ ਅਤੇ ਦੂਸਰਾ ਪੁੱਤਰ ਸ਼ੇਰ ਸਿੰਘ ਥੋੜ੍ਹੇ ਥੋੜ੍ਹੇ ਸਮੇਂ ਲਈ ਰਾਜ ਗੱਦੀ ‘ਤੇ ਬੈਠੇ, ਪਰ ਸਾਰੇ ਛੇਤੀ ਹੀ ਦਰਬਾਰੀ ਧੜੇਬੰਦੀ ਦੇ ਸ਼ਿਕਾਰ ਹੁੰਦੇ ਗਏ। ਆਖਿਰ 1843 ਵਿਚ ਰਾਣੀ ਜਿੰਦਾਂ ਦੀ ਕੁੱਖੋਂ ਪੈਦਾ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਛੇ ਸਾਲਾ ਰਾਜਕੁਮਾਰ ਦਲੀਪ ਸਿੰਘ ਨੂੰ ਗੱਦੀ ‘ਤੇ ਬਿਠਾਇਆ ਗਿਆ, ਪਰ ਉਹ ਵੀ ਲੰਮਾ ਸਮਾਂ ਰਾਜ ਨਾ ਕਰ ਸਕਿਆ। 12 ਸਾਲਾਂ ਦਾ ਹੋਣ ਤੋਂ ਪਹਿਲਾਂ ਹੀ 21 ਫਰਵਰੀ 1849 ਦੇ ਦਿਨ ਉਸ ਨੂੰ ਵਿਰਸੇ ਵਿਚ ਪ੍ਰਾਪਤ ਹੋਇਆ ਸਾਮਰਾਜ ਦਾ ਦੀਵਾ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਨੇ ਸਦਾ ਲਈ ਬੁਝਾ ਦਿੱਤਾ। ਰਾਜ ਤੋਂ ਵਾਂਝਾ ਦਲੀਪ ਸਿੰਘ ਅੰਗਰੇਜ਼ਾਂ ਦਾ ਪੈਨਸ਼ਨੀਆ ਹੋ ਨਿਬੜਿਆ। ਉਸ ਨੂੰ ਲਾਹੌਰ ਤੋਂ ਉਤਰ-ਪੱਛਮੀ ਸੂਬੇ (ਅਜੋਕਾ ਉਤਰ ਪ੍ਰਦੇਸ਼) ਵਿਚ ਗੰਗਾ ਨਦੀ ਕੰਢੇ ਸਥਿਤ ਕਸਬੇ ਫਤਹਿਗੜ੍ਹ ਵਿਖੇ ਲਿਜਾ ਕੇ ਬੰਗਾਲ ਸੈਨਾ ਦੇ ਸਰਜਨ ਡਾਕਟਰ ਜੌਹਨ ਸਪੈਂਸਰ ਲਾਜਿਨ (1809-63) ਦੀ ਸਰਪ੍ਰਸਤੀ ਵਿਚ ਰੱਖ ਦਿੱਤਾ। 1853 ਵਿਚ ਦਲੀਪ ਸਿੰਘ ਨੇ ਸਿੱਖੀ ਤਿਆਗ ਕੇ ਈਸਾਈ ਬਣ ਜਾਣ ਦਾ ਫੈਸਲਾ ਕਰ ਲਿਆ। ਅਗਲੇ ਵਰ੍ਹੇ ਹੀ ਉਹ ਇੰਗਲੈਂਡ ਚਲਿਆ ਗਿਆ, ਜਿਥੇ ਉਹ ਈਸਟ ਐਂਗਲੀਆ ਵਿਖੇ ਸਫੋਕ ਅਤੇ ਨਾਰਫੋਕ ਦੀ ਹੱਦ ‘ਤੇ ਸਥਿਤ ਥੈਟਫੋਰਡ ਤੋਂ ਚਾਰ ਮੀਲ ਪਾਸੇ ਐਲਵੇਡਨ ਵਿਖੇ ਵਸ ਗਿਆ।
ਜੂਨ 1864 ਵਿਚ ਦਲੀਪ ਸਿੰਘ ਨੇ ਮਿਸਰ ਦੇ ਸ਼ਹਿਰ ਅਲੈਗਜ਼ੈਂਡਰੀਆ ਵਿਖੇ ਬੰਬਾ ਮੂਲਰ ਨਾਂ ਦੀ ਸਚਿਆਰੀ ਈਸਾਈ ਕੁੜੀ ਨਾਲ ਵਿਆਹ ਕਰਵਾ ਲਿਆ। ਬੰਬਾ ਜਰਮਨ ਬੈਂਕਰ ਲੁਦਵਿਗ ਮੂਲਰ ਦੀ ਇਥੋਪੀਆਈ ਔਰਤ ਤੋਂ ਜਨਮੀ ਔਲਾਦ ਸੀ। ਬਾਰਾਂ ਸਾਲਾਂ ਦੌਰਾਨ ਅਰਬੀ ਭਾਸ਼ਾ ਬੋਲਣ ਵਾਲੀ ਇਸ ਬੀਵੀ ਤੋਂ ਛੇ ਬੱਚੇ ਪੈਦਾ ਹੋਏ-ਤਿੰਨ ਮੁੰਡੇ ਅਤੇ ਤਿੰਨ ਕੁੜੀਆਂ। ਕੁੜੀਆਂ ਵਿਚੋਂ ਸਭ ਤੋਂ ਵੱਡੀ ਧੀ ਜੋ 1866 ਵਿਚ ਪੈਦਾ ਹੋਈ ਸੀ, ਦਾ ਨਾਂ ਉਸ ਦੀ ਮਾਂ ਅਤੇ ਦਾਦੀ ਦੇ ਨਾਂ ਜੋੜ ਕੇ ਬੰਬਾ ਜਿੰਦਾਂ ਰੱਖਿਆ ਗਿਆ। ਦਲੀਪ ਸਿੰਘ ਦੀ ਜ਼ਿੰਦਗੀ ਦੇ ਬਾਅਦ ਵਾਲੇ ਸਮੇਂ ਦੌਰਾਨ ਉਸ ਦੀ ਕਿਸਮਤ ਦਾ ਸਿਤਾਰਾ ਡੁੱਬ ਗਿਆ। ਟੁੱਟੇ ਦਿਲ ਵਾਲਾ ਅਤੇ ਦੀਵਾਲੀਆ ਮਹਾਰਾਜਾ ਪੈਰਿਸ ਵਿਚ 22 ਅਕਤੂਬਰ 1893 ਨੂੰ ਫੌਤ ਹੋ ਗਿਆ।
ਬੰਬਾ ਜਿੰਦਾਂ ਨੇ ਅੰਗਰੇਜ਼ ਡਾਕਟਰ ਸਦਰਲੈਂਡ ਨਾਲ ਸ਼ਾਦੀ ਕੀਤੀ। ਉਹ ਲਾਹੌਰ ਰਹਿੰਦੇ ਸਨ, ਜਿਥੇ ਸਦਰਲੈਂਡ ਕਿੰਗ ਐਡਵਰਡ ਮੈਡੀਕਲ ਕਾਲਜ ਵਿਚ ਪੜ੍ਹਾਉਂਦਾ ਸੀ। ਆਪਣੇ ਪਤੀ ਦੀ ਮੌਤ ਮਗਰੋਂ ਬੰਬਾ ਲਾਹੌਰ ਵਿਖੇ ਹੀ ਲਗਭਗ ਗੁਮਨਾਮੀ ਦੀ ਜ਼ਿੰਦਗੀ ਬਸਰ ਕਰਦੀ ਰਹੀ। ਇਕ ਵਾਰ ਮਾਡਲ ਟਾਊਨ ਵਿਖੇ ਆਪਣੀ ਰਿਹਾਇਸ਼ ਵੱਲ ਲੋਕਲ ਬੱਸ ਵਿਚ ਸਫਰ ਕਰਦਿਆਂ ਬਸ ਕੰਡਕਟਰ ਨੇ ਉਸ ਨੂੰ ਸੀਟ ਦੇਣੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਇਹ ਦੱਸਣਾ ਪਿਆ ਕਿ ਉਹ ਕੌਣ ਸੀ-ਪੰਜਾਬ ਦੇ ਸਾਬਕਾ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ।
ਮਹਾਰਾਜਾ ਦਲੀਪ ਸਿੰਘ ਦੀ ਅੰਤਿਮ ਜਿਉਂਦੀ ਸੰਤਾਨ ਹੋਣ ਕਾਰਨ ਉਸ ਨੂੰ ਆਪਣੇ ਪਿਤਾ ਦਲੀਪ ਸਿੰਘ ਦੀਆਂ ਪੇਂਟਿੰਗਾਂ ਅਤੇ ਹੋਰ ਕਲਾ-ਵਸਤਾਂ ਪ੍ਰਾਪਤ ਹੋਈਆਂ। ਆਪਣੇ ਬਾਕੀ ਦੇ ਸਾਰੇ ਭੈਣ-ਭਰਾਵਾਂ ਵਾਂਗ ਹੀ ਬੰਬਾ ਦੇ ਕੋਈ ਔਲਾਦ ਨਾ ਹੋਈ। 10 ਮਾਰਚ 1957 ਦੇ ਦਿਨ ਆਪਣੇ ਦੇਹਾਂਤ ਤੋਂ ਪਹਿਲਾਂ ਉਸ ਨੇ ਆਪਣਾ ਸਾਰਾ ਨਿੱਜੀ ਸੰਗ੍ਰਿਹ ਆਪਣੇ ਵਿਸ਼ਵਾਸਪਾਤਰ ਸੇਵਾਦਾਰ ਪੀਰ ਕਰੀਮ ਬਖਸ਼ ਸਪਰਾ ਨੂੰ ਦੇ ਦਿੱਤਾ, ਜਿਸ ਨੇ ਕੁਝ ਸਾਲਾਂ ਮਗਰੋਂ ਹੀ ਸਾਰਾ ਸਮਾਨ ਪਾਕਿਸਤਾਨ ਸਰਕਾਰ ਨੂੰ ਵੇਚ ਦਿੱਤਾ। 1965 ਵਿਚ ਰਾਣੀ ਜਿੰਦਾਂ ਦੀ ਹਵੇਲੀ ਨੂੰ ਅਜਾਇਬਘਰ ਦਾ ਰੂਪ ਦੇ ਕੇ ਇਹ ਸਾਰੀਆਂ ਵਸਤਾਂ ਉਥੇ ਪ੍ਰਦਰਸ਼ਿਤ ਕਰ ਦਿੱਤੀਆਂ ਗਈਆਂ। ਇਸ ਸੰਗ੍ਰਿਹ ਵਿਚ 10 ਤੇਲ ਰੰਗਾਂ ਵਾਲੇ ਚਿੱਤਰ, 14 ਜਲ ਰੰਗਾਂ ਵਾਲੇ ਚਿੱਤਰ, 22 ਹਾਥੀਦੰਦ ‘ਤੇ ਬਣੇ ਚਿੱਤਰ, 16 ਫੋਟੋਗ੍ਰਾਫ, 10 ਧਾਤ ਦੀਆਂ ਵਸਤਾਂ ਅਤੇ 7 ਹੋਰ ਫੁਟਕਲ ਚੀਜ਼ਾਂ ਸ਼ਾਮਲ ਹਨ।
ਸੰਗ੍ਰਿਹ ਦੇ ਤੇਲ ਰੰਗਾਂ ਵਾਲੇ ਚਿੱਤਰ ਜ਼ਿਆਦਾਤਰ ਯੂਰਪੀ ਚਿੱਤਰਕਾਰਾਂ-ਅਗਸਤ ਥਿਓਡੋਰ ਸ਼ਾਫਟ, ਐਫ਼ ਐਕਸ਼ ਵਿੰਟਰਹਾਲਟਰ, ਲੈਸਲੀ ਪੂਲਸਮਿਥ, ਕੈਪਟਨ ਗੋਲਡਿੰਘਮ, ਬਲੈਂਕਨੀ ਵਾਰਡ, ਪੀ. ਸੀ. ਫ੍ਰੈਂਚ ਅਤੇ ਪੈਲੇਟ ਦੀਆਂ ਕਿਰਤਾਂ ਹਨ। ਇਨ੍ਹਾਂ ਚਿੱਤਰਾਂ ਦਾ ਵਧੇਰੇ ਮਹੱਤਵ ਇਨ੍ਹਾਂ ਦੇ ਵਿਸ਼ਾ-ਵਸਤੂ ਕਾਰਨ ਹੈ, ਜੋ ਕੈਮਰੇ ਵਰਗੀ ਬਾਰੀਕੀ ਨਾਲ ਚਿਤਰਿਆ ਹੋਇਆ ਹੈ।
ਆਸਟਰਿਆਈ ਚਿੱਤਰਕਾਰ ਅਗਸਤ ਸ਼ਾਫਟ (1809-88) ਦੇ ਲਾਹੌਰ ਦਰਬਾਰ ਦੇ ਵਿਸ਼ਾਲ ਤੇਲ ਰੰਗਾਂ ਵਾਲੇ ਚਿੱਤਰ ਵਿਚ ਅਹਿਲਕਾਰਾਂ ਨਾਲ ਘਿਰੇ ਮਹਾਰਾਜੇ ਨੂੰ ਨਜ਼ਰਾਨੇ ਲੈਂਦਾ ਦਰਸਾਇਆ ਗਿਆ ਹੈ। ਇਸ ਸ਼ਾਨਦਾਰ ਦਰਬਾਰ ਦੇ ਦ੍ਰਿਸ਼ ਵਿਚ ਪ੍ਰਸਿਧ ਕਲਾ-ਇਤਿਹਾਸਕਾਰ ਐਫ਼ ਐਸ਼ ਐਜਾਜ਼ੂਦੀਨ ਨੇ ਘੱਟੋ-ਘੱਟ 50 ਚਿਹਰੇ ਪਛਾਣ ਲਏ ਹਨ, ਜਿਨ੍ਹਾਂ ਵਿਚ ਸ਼ੇਰ ਸਿੰਘ, ਖੜਗ ਸਿੰਘ, ਨੌਨਿਹਾਲ ਸਿੰਘ, ਨੁਰ-ਉਦ-ਦੀਨ, ਸ਼ਾਮ ਸਿੰਘ ਅਟਾਰੀਵਾਲਾ, ਜਯਾਂ-ਫਰੈਕਾਇਜ ਅਲਾਰਡ, ਜਯਾਂ-ਬਾਪਤਿਸਤ ਵੈਂਚੁਰਾ, ਵਾਨ ਕੋਰਟਲੈਂਡ, ਜੋਹਾਨ ਮਾਰਟਿਨ ਹਾਨਿਗਬਰਗਰ ਆਦਿ ਸ਼ਾਮਿਲ ਹਨ। ਜੇ ਅਸੀਂ ਇਸ ਦ੍ਰਿਸ਼ ਦੀ ਮੁਗਲ ਦਰਬਾਰ ਦੇ ਚਿੱਤਰਾਂ ਨਾਲ ਤੁਲਨਾ ਕਰੀਏ ਤਾਂ ਦੋਹਾਂ ਰਾਜਾਂ ਦੇ ਸੁਭਾਅ ਦੇ ਅੰਤਰ ਬਾਰੇ ਭਲੀ-ਭਾਂਤ ਜਾਣ ਸਕਦੇ ਹਾਂ।
ਇਸੇ ਕਲਾਕਾਰ ਦੇ ਇਕ ਹੋਰ ਚਿੱਤਰ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਦਰਬਾਰ ਸਾਹਿਬ ਮੂਹਰੇ ਦਰਸਾਇਆ ਗਿਆ ਹੈ। ਆਪਣੇ ਮੁੱਖ ਧਰਮ ਸਥਾਨ ਪ੍ਰਤੀ ਸ਼ਰਧਾ-ਸਤਿਕਾਰ ਦਰਸਾਉਣ ਦੇ ਨਾਲ ਨਾਲ ਇਹ ਚਿੱਤਰ ਉਸ ਸਮੇਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਾਰੇ ਵੀ ਕੀਮਤੀ ਜਾਣਕਾਰੀ ਦਿੰਦਾ ਹੈ। ਇਕ ਹੋਰ ਚਿੱਤਰ ਵਿਚ ਮਹਾਰਾਜਾ ਦੇ ਪੁੱਤਰ ਸ਼ੇਰ ਸਿੰਘ ਨੂੰ ਦਰਬਾਰੀਆਂ ਨਾਲ ਚਿਤਰਿਆ ਗਿਆ ਹੈ।
ਕਲਾਕਾਰ ਜਾਰਜ ਰਿਚਮੰਡ ਦੇ ਬਣਾਏ ਮਹਾਰਾਣੀ ਜਿੰਦਾਂ ਦੇ ਚਿੱਤਰ ਵਿਚ ਉਸ ਦੀ ਖੂਬਸੂਰਤੀ ਜਿਉਂਦੀ ਹੋ ਜਾਂਦੀ ਹੈ। ਜ਼ਰੀਦਾਰ ਪੁਸ਼ਾਕ ਵਿਚ ਗੌਰਵਸ਼ਾਲੀ ਰਾਣੀ ਨੂੰ ਲਾਲ ਗੋਲ ਸਿਰਹਾਣੇ ਨਾਲ ਢੋਅ ਲਾ ਕੇ ਬੈਠੀ ਦਰਸਾਇਆ ਗਿਆ ਹੈ। ਸ਼ੇਰ ਸਿੰਘ ਦੇ ਪੋਰਟਰੇਟ ਵਿਚ ਉਸ ਦੀ ਸ਼ਾਹੀ ਪੁਸ਼ਾਕ ਅਤੇ ਗਹਿਣਿਆਂ ਦਾ ਬਾਰੀਕ ਚਿਤਰਨ ਹੈ।
ਮਹਾਰਾਜਾ ਦਲੀਪ ਸਿੰਘ ਦਾ ਪ੍ਰਸਿਧ ਜਲ ਰੰਗਾਂ ਵਾਲਾ ਚਿੱਤਰ ਵੀ ਇਸ ਸੰਗ੍ਰਿਹ ਵਿਚ ਸ਼ਾਮਿਲ ਹੈ। ਇਸ ਚਿੱਤਰ ਵਿਚ ਮਹਾਰਾਜਾ ਸੁਨਹਿਰੀ ਪੁਸ਼ਾਕ ਅਤੇ ਇਸ ਨਾਲ ਢੁਕਦੀ ਹੀਰੇ-ਜਵਾਹਰਾਤ ਜੜੀ ਕਲਗੀ ਵਾਲੀ ਪੱਗ ਬੰਨ੍ਹੀ ਸੱਜੇ ਹੱਥ ਵਿਚ ਤਲਵਾਰ ਲਈ ਖੜ੍ਹਾ ਦਰਸਾਇਆ ਹੈ। ਗਲੇ ਵਿਚ ਰਾਣੀ ਵਿਕਟੋਰੀਆ ਦੀ ਹੀਰਿਆਂ ਵਿਚ ਜੜੀ ਛੋਟੀ ਜਿਹੀ ਤਸਵੀਰ ਹੈ, ਜੋ ਲਾਰਡ ਆਕਲੈਂਡ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ। ਕਲਾਕਾਰ ਪੈਲੇਟ ਦਾ ਬਣਾਇਆ ਇਹ ਚਿੱਤਰ ਮਹਾਰਾਣੀ ਵਿਕਟੋਰੀਆ ਦੇ ਪਸੰਦੀਦਾ ਪੇਂਟਰ ਐਫ਼ ਐਕਸ਼ ਵਿੰਟਰਹਾਲਟਰ ਦੇ ਬਣਾਏ ਅਸਲ ਚਿੱਤਰ ਦੀ ਨਕਲ ਹੈ। ਭਾਵੇਂ ਇਹ ਅਸਲ ਚਿੱਤਰ ਇੰਗਲੈਂਡ ਦੇ ਬਕਿੰਘਮ ਪੈਲੇਸ ਵਿਖੇ ਬਣਾਇਆ ਗਿਆ ਸੀ, ਪਰ ਮਹਾਰਾਜਾ ਦਲੀਪ ਸਿੰਘ ਦੀ ਪਿੱਠਭੂਮੀ ਵਿਚ ਲਾਹੌਰ ਦੇ ਗੁੰਬਦਾਂ ਅਤੇ ਮੀਨਾਰਾਂ ਤੀਕ ਅੱਪੜਦਾ ਪੰਜਾਬ ਦਾ ਮੈਦਾਨ ਹੀ ਦਰਸਾਇਆ ਗਿਆ ਹੈ।
ਦਲੀਪ ਸਿੰਘ ਦੇ ਬੇਟੇ ਫ੍ਰੈਡਰਿਕ (ਜਨਮ 1868) ਦਾ ਲੈਸਲੀ ਪੌਲਸਮਿਥ ਦਾ 1909 ਵਿਚ ਬਣਾਇਆ ਚਿੱਤਰ ਬ੍ਰਿਟਿਸ਼ ਮੇਜਰ ਦੀ ਪੁਸ਼ਾਕ ਵਿਚ ਹੈ। ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਦੇ ਹੋਰ ਜੀਆਂ ਦੇ ਪੋਰਟਰੇਟ ਵੀ ਬੇਸ਼ਕੀਮਤੀ ਇਤਿਹਾਸਕ ਰਿਕਾਰਡ ਹਨ।
ਸੰਗ੍ਰਿਹ ਵਿਚ ਰੌਚਕ ਕਲਾ-ਵਸਤ ਚਾਂਦੀ ਦੀ ਬਣੀ ਹਾਥੀ-ਸਵਾਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਹੈ, ਜਿਸ ਵਿਚ ਉਸ ਨੂੰ ਅਨੇਕਾਂ ਘੋੜਸਵਾਰਾਂ ਨਾਲ ਦਿਖਾਇਆ ਗਿਆ ਹੈ। ਜੁਲਾਈ 1883 ਵਿਚ ਦਲੀਪ ਸਿੰਘ ਨੇ ਭਾਰਤ ਮੁੜਨ ਲਈ ਲੋੜੀਂਦੇ 20,000 ਪੌਂਡ ਉਗਰਾਹੁਣ ਲਈ ਇਹ ਮੂਰਤੀ ਬੋਲੀ ‘ਤੇ ਲਾ ਦਿੱਤੀ ਸੀ।
ਸੰਗ੍ਰਿਹ ਦੀਆਂ ਹੋਰ ਵਸਤਾਂ ਵਿਚ 22 ਹਾਥੀਦੰਦ ਦੀਆਂ ਅੰਡਾਕਾਰ ਛੋਟੀਆਂ ਤਸਵੀਰਾਂ, ਬੰਬਾ ਦੀ ਛੋਟੀ ਭੈਣ ਰਾਜਕੁਮਾਰੀ ਸੋਫੀਆ ਨੂੰ ਸਿੱਖ ਸਿਪਾਹੀਆਂ ਵੱਲੋਂ ਜਨਵਰੀ 1916 ਵਿਚ ਭੇਂਟ ਕੀਤਾ ਚਾਂਦੀ ਦਾ ਕੱਪ, ਸੋਨਾ ਅਤੇ ਕੀਮਤੀ ਪੱਥਰ ਜੜਿਆ ਘੋੜੇ ਦਾ ਸਾਜ਼ੋ-ਸਮਾਨ, ਸੋਨੇ ਦੀ ਪਲੇਟ ਚੜ੍ਹਿਆ ਛਤਰ, ਦਲੀਪ ਸਿੰਘ ਦਾ ਪਲਾਸਟਰ ਦਾ ਧੜ (ਰਾਣੀ ਵਿਕਟੋਰੀਆ ਦੇ ਹੁਕਮ ਨਾਲ ਕਲਾਕਾਰ ਬੈਰਨ ਮੈਰੋਚੈਟੀ ਦਾ ਬਣਾਇਆ) ਸ਼ਾਮਿਲ ਹੈ। ਸੰਗ੍ਰਿਹ ਵਿਚ ਜ਼ਫਰਨਾਮਾ-ਏ-ਰਣਜੀਤ ਸਿੰਘ ਦੇ ਲੇਖਕ ਰਾਇ ਕਨਹੈਯਾ ਲਾਲ ਦੀ ਫਾਰਸੀ ਦੇ ਨਸਤਾਲਿਕ ਅੱਖਰਾਂ ਵਿਚ ਲਿਖੀ ਅਰਜਦਾਸ਼ਤ ਵੀ ਸ਼ਾਮਲ ਹੈ।
ਲਾਹੌਰ ਦਾ ਕਿਲ੍ਹਾ, ਜਿਸ ਵਿਚ ਇਹ ਮਿਊਜ਼ੀਅਮ ਸਥਿਤ ਹੈ, ਗੁਰਦੁਆਰਾ ਸ਼ਹੀਦੀ ਅਸਥਾਨ ਗੁਰੂ ਅਰਜੁਨ ਦੇਵ ਦੇ ਬਿਲਕੁਲ ਨੇੜੇ ਹੀ ਹੈ, ਜਿਥੇ ਜਥਿਆਂ ਨਾਲ ਗਏ ਯਾਤਰੂ ਇਸ ਨੂੰ ਸੌਖਿਆਂ ਹੀ ਦੇਖ ਸਕਦੇ ਹਨ।