ਬਾਬਾ ਨਾਨਕ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ ਤੇ ਮੌਲਾਨਾ ਰੂਮੀ

ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੀ ਸੱਜਰੀ ਪਾਕਿਸਤਾਨ ਫੇਰੀ ਦੀ ਗੱਲ ਕਰਦਿਆਂ ਪਿਛਲੇ ਹਫਤੇ ਦੇ ਕਾਲਮ ਵਿਚ ਲਿਖਿਆ ਸੀ ਕਿ ਖੰਨੇ ਦੀ ਜੰਮਪਲ ਭਾਵਨਾ ਆਪਣੇ ਸਵਾਤ ਵਾਸੀ ਪਤੀ ਤੇ ਦੋ ਬੱਚਿਆਂ ਸਮੇਤ ਦੇਹਰਾ ਸਾਹਿਬ (ਲਾਹੌਰ) ਦੇ ਗੁਰਦੁਆਰੇ ਵਿਚ ਕਈ ਦਿਨਾਂ ਤੋਂ ਟਿਕੀ ਹੋਈ ਸੀ। ਵੀਜ਼ਾ ਲੱਗਣ ਵਿਚ ਕੋਈ ਵੱਡੀ ਅੜਚਣ ਸੀ ਤੇ ਉਨ੍ਹਾਂ ਨੇ ਸਾਰੀ ਡੋਰੀ ਬਾਬੇ ਨਾਨਕ ਦੀਆਂ ਬਖਸ਼ਿਸ਼ਾਂ ਉਤੇ ਲਾ ਰੱਖੀ ਸੀ, ਜਿਸ ਨੂੰ ਉਹ ‘ਪੰਜੇ ਵਾਲਾ’ ਕਹਿੰਦੇ ਹਨ। ਉਹ ਵਾਰ ਵਾਰ ਬਾਬੇ ਨਾਨਕ ਦਾ ਨਾਂ ਲੈਂਦੇ ਸਨ, ‘ਪੰਜੇ ਵਾਲਾ ਕਰਸੀ’ ਉਚਾਰ ਕੇ। ਪਤਾ ਲੱਗਾ ਹੈ ਕਿ ਪੰਜੇ ਵਾਲੇ ਦੀ ਬਖਸ਼ਿਸ਼ ਨਾਲ ਉਹ ਖੰਨੇ ਪਹੁੰਚ ਗਏ ਹਨ।

ਉਧਰ ਸਾਡੀ ਟੋਲੀ ਦੀ ਮੋਹਰੀ ਜਸਬੀਰ ਕੌਰ ਵੀ ਵਾਪਸ ਆ ਚੁਕੀ ਹੈ, ਜੋ ਆਪਣੀ ਵੱਡੀ ਭੈਣ ਕੁਲਵੰਤ ਕੌਰ ਸਮੇਤ ਪਿੱਛੇ ਰਹਿ ਗਈ ਸੀ। ਸਵਾਤ ਸ਼ਬਦਾਵਲੀ ਵਿਚ ‘ਪੰਜੇ ਵਾਲੇ ਦੀ ਮਿਹਰ ਸਦਕਾ।’ ਏਧਰ ਮੀਡੀਆ ਨੇ ਭਾਰਤ-ਪਾਕਿ ਸਬੰਧਾਂ ਦਾ ਧੁੰਦਲਕਾ ਵਧਾ ਛੱਡਿਆ ਹੈ। ਆਪਾਂ ਇਸ ਧੁੰਦਲਕੇ ਨੂੰ ਹਟਾਈਏ। ਪੰਜੇ ਵਾਲੇ ਦੀ ਭੇਜੀ ਭਾਵਨਾ ਨੂੰ ਖੁਸ਼ਆਮਦੀਦ ਕਹੀਏ।
ਲਾਹੌਰ ਵਾਲੀ ਪੰਜਾਬ ਯੂਨੀਵਰਸਿਟੀ ਨੇ 18 ਫਰਵਰੀ ਨੂੰ ਆਪਣੇ ਅੱਲਾਮਾ ਇਕਬਾਲ ਕੰਪਲੈਕਸ ਵਿਚ ਫੈਕਲਟੀ ਆਫ ਓਰੀਐਂਟਲ ਲਰਨਿੰਗ ਵਲੋਂ ਸੁਲਤਾਨ ਬਾਹੂ ਤੇ ਮੌਲਾਨਾ ਰੂਮੀ ਦੀ ਦੇਣ ਉਤੇ ਸੈਮੀਨਾਰ ਕੀਤਾ ਸੀ। ਸੱਦਾ ਮਿਲਣ ‘ਤੇ ਅਸੀਂ ਵੀ ਹਾਜ਼ਰ ਹੋ ਗਏ। ਵਾਈਸ ਚਾਂਸਲਰ ਪ੍ਰੋ. ਨਿਆਜ਼ ਅਹਿਮਦ ਅਖਤਰ ਪ੍ਰਧਾਨਗੀ ਕਰ ਰਹੇ ਸਨ ਤੇ ਪੰਜਾਬੀ ਵਿਭਾਗ ਦੀ ਮੁਖੀ ਨਬੀਲਾ ਰਹਿਮਾਨ ਮੰਚ ਸੰਚਾਲਨ। ਡਾ. ਸਲੀਮ ਮਜਹਰ (ਫੈਕਲਟੀ ਡੀਨ) ਦੇ ਸਵਾਗਤੀ ਸ਼ਬਦਾਂ ਪਿਛੋਂ ਦੋਹਾਂ ਮਹਾਰਥੀਆਂ ਦੀਆਂ ਰਚਨਾਵਾਂ ਤੇ ਜੀਵਨ ਦੇ ਹਵਾਲੇ ਦੇ ਕੇ ਆਪਸੀ ਮਿਲਵਰਤਣ ਤੇ ਮਿੱਤਰਤਾ ਦੇ ਸੰਦੇਸ਼ ਨੂੰ ਖੁੱਲ੍ਹ ਕੇ ਉਜਾਗਰ ਕੀਤਾ ਗਿਆ। ਇਸ ਪਿਛੋਂ ਬਹੁਤ ਹੀ ਸੁਰੀਲੀ ਗਾਇਕੀ ਨਾਲ ਇਸ ਸੰਦੇਸ਼ ਦੀ ਤਹਿ ਜਮਾਈ ਗਈ।
ਸੈਮੀਨਾਰ ਵਿਚ ਸ਼ਿਰਕਤ ਕਰਨ ਹਿੱਤ ਬਰੈਂਪਟਨ (ਕੈਨੇਡਾ) ਤੋਂ ਪੰਜਾਬੀਅਤ ਨੂੰ ਪ੍ਰਣਾਈ ਪੰਜ ਮੈਂਬਰੀ ਟੋਲੀ ਵੀ, ਆਪਣੇ ਮੁਖੀ ਏ. ਐਸ਼ ਚੱਠਾ ਦੀ ਅਗਵਾਈ ਹੇਠ ਪਧਾਰੀ ਹੋਈ ਸੀ। ਪ੍ਰਬੰਧਕਾਂ ਨੇ ਰੂਮੀ ਤੇ ਬਾਹੂ ਲਈ ਜੋ ਵਿਸ਼ੇਸ਼ਣ ਵਰਤੇ ਸਨ, ਉਨ੍ਹਾਂ ਦੇ ਸ਼ਬਦ-ਜੋੜ ਹਜ਼ਰਤ ਤੇ ਮੌਲਾਨਾ ਦੀ ਥਾਂ ਹਦਰਤ ਤੇ ਮਾਵਲਾਨਾ ਸਨ। ਸਪਸ਼ਟ ਹੈ ਕਿ ਉਸ ਫੈਕਲਟੀ ਵਿਚ ਅਰਬੀ ਦਾ ਵਧੇਰੇ ਅਸਰ ਹੈ। ਸਹਿੰਦਾ ਸਹਿੰਦਾ ਜ਼ਿਕਰ ਬਾਬਾ ਬੁੱਲ੍ਹੇ ਸ਼ਾਹ ਦਾ ਵੀ ਹੋਇਆ, ਪਰ ਬਹੁਤਾ ਨਹੀਂ।
ਸਾਨੂੰ ਇਹ ਤਾਂ ਪਤਾ ਸੀ ਕਿ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਵਰ੍ਹੇਗੰਢ ਦੇ ਪ੍ਰਸੰਗ ਵਿਚ ਗੁਰੂ ਨਾਨਕ ਚੇਅਰ ਸਥਾਪਤ ਕੀਤੀ ਹੈ, ਪਰ ਇਹ ਨਹੀਂ ਸਾਂ ਜਾਣਦੇ ਕਿ ਇਹ ਸੈਮੀਨਾਰ ਵੀ ਬਾਬੇ ਨਾਨਕ ਨੂੰ ਸਮਰਪਿਤ ਸੀ ਤੇ ਗੁਰੂ ਨਾਨਕ ਚੇਅਰ ਅਧੀਨ ਕੀਤਾ ਗਿਆ ਸੀ। ਮੇਰੀ ਮਾਸੀ ਦਿੱਲੀ ਦੀ ਨਿਵਾਸੀ ਤਰਲੋਚਨ ਕੌਰ ਨੇ ਆਪਣੇ ਘਰ ਆਪਣੇ ਬਜੁਰਗਾਂ ਵਲੋਂ ਵਰਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਭਾਲ ਰੱਖੀ ਸੀ, ਜੋ ਸ਼ਾਹਮੁਖੀ ਲਿਪੀ ਵਿਚ ਹੈ।
ਗੁਰੂ ਨਾਨਕ ਚੇਅਰ ਦੀ ਸਥਾਪਨਾ ਉਪਰੰਤ ਮੈਂ ਉਹ ਬੀੜ, ਜੋ ਦੋ ਜਿਲਦਾਂ ਵਿਚ ਹੈ, ਆਪਣੇ ਨਾਲ ਲੈ ਗਿਆ ਸਾਂ। ਇਹ ਸੋਚ ਕੇ ਕਿ ਏਧਰਲੇ ਪੰਜਾਬ ਵਿਚ ਇਸ ਦੀ ਵਰਤੋਂ ਕਰਨ ਵਾਲਾ ਕੋਈ ਨਹੀਂ ਤੇ ਓਧਰ ਪ੍ਰਵਾਨ ਹੋ ਸਕਦੀ ਹੈ। ਸਾਡੇ ਕੋਲੋਂ ਉਹ ਬੀੜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਫੈਕਲਟੀ ਮੈਂਬਰਾਂ ਨੇ ਆਪਣੇ ਸਿਰਾਂ ਉਤੇ ਰੁਮਾਲ ਬੰਨ੍ਹ ਕੇ ਪੂਰੇ ਆਦਰ ਤੇ ਮਾਣ ਨਾਲ ਕਬੂਲ ਕੀਤੀ। ਅਸੀਂ ਉਨ੍ਹਾਂ ਵਲੋਂ ਗੁਰੂ ਨਾਨਕ ਚੇਅਰ ਦੀ ਸਥਾਪਨਾ ਵਿਚ ਕੀਤੀ ਪਹਿਲਕਦਮੀ ਦਾ ਜ਼ਿਕਰ ਕਰ ਰਹੇ ਸਾਂ ਤਾਂ ਵਾਈਸ ਚਾਂਸਲਰ ਸਾਡੀ ਭੇਟ ਕੀਤੀ ਸ਼ਾਹਮੁਖੀ ਅੱਖਰਾਂ ਵਾਲੀ ਬੀੜ ਲਈ ਧੰਨਵਾਦ ਕਰ ਰਹੇ ਸਨ। ਉਨ੍ਹਾਂ ਨੇ ਸ਼ਾਹਮੁਖੀ ਲਿਪੀ ਵਾਲੀ ਬੀੜ ਪਹਿਲੀ ਵਾਰ ਤੱਕੀ ਸੀ। ਇਹ ਵੀ ਪਤਾ ਲੱਗਾ ਕਿ ਛੇਤੀ ਹੀ ਨਨਕਾਣਾ ਸਾਹਿਬ ਵਿਖੇ ਵੀ ਯੂਨੀਵਰਸਿਟੀ ਸਥਾਪਤ ਹੋ ਰਹੀ ਹੈ। ਜਸਬੀਰ ਕੌਰ ਨੇ ਸੁਣਦੇ ਸਾਰ ਤਜਵੀਜ਼ ਪੇਸ਼ ਕੀਤੀ ਕਿ ਉਥੇ ਬੇਬੇ ਨਾਨਕੀ ਕਾਲਜ ਵੀ ਹੋਣਾ ਚਾਹੀਦਾ ਹੈ। ਸਭਨਾਂ ਨੇ ਮੁਸਕਰਾ ਕੇ ਪ੍ਰਵਾਨਗੀ ਦੇ ਦਿੱਤੀ।
ਦੁਪਹਿਰ ਦਾ ਖਾਣਾ ਖਾਂਦਿਆਂ ਬਾਬਾ ਬੁੱਲ੍ਹੇ ਸ਼ਾਹ ਦੀ ਦੇਣ ਦਾ ਜ਼ਿਕਰ ਹੋਇਆ ਤਾਂ ਮੈਂ ਵੀ. ਸੀ. ਅਖਤਰ ਸਾਹਿਬ ਨੂੰ ਦੱਸਿਆ ਕਿ ਮੇਰੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਨੇ ਬੁੱਲ੍ਹੇ ਸ਼ਾਹ ਦੇ ਕਲਾਮ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਭਰ ਕੇ ਇੱਕ ਐਲਬਮ ਤਿਆਰ ਕੀਤੀ ਹੈ, ਜੋ ਪੰਜਾਬ ਤੋਂ ਤੁਰਨ ਸਮੇਂ ਮੇਰੇ ਹੱਥ ਲੱਗੀ ਸੀ। ਮੈਂ ਆਪਣੇ ਨਾਲ ਲਿਆਉਣੀ ਸੀ, ਪਰ ਭੁੱਲ ਗਿਆ। ਐਲਬਮ ਦਾ ਨਾਂ ‘ਰੂਹਾਨੀ ਰਮਜ਼ਾਂ’ ਹੈ, ਜੋ ਸੈਮੀਨਾਰ ਦੇ ਵਿਸ਼ੇ ਨਾਲ ਮੇਲ ਖਾਂਦੀ ਹੈ। ਵੀ. ਸੀ. ਸਾਹਿਬ ਦਾ ਪ੍ਰਤੀਕਰਮ ਹੋਰ ਵੀ ਪਿਆਰਾ ਸੀ, “ਲੈ ਆਉਂਦੇ ਤਾਂ ਆਪਾਂ ਖੁਦ ਵੀ ਸੁਣਦੇ ਤੇ ਸੈਮੀਨਾਰ ਦੇ ਸਰੋਤਿਆਂ ਨੂੰ ਵੀ ਸੁਣਾ ਸਕਦੇ ਸਾਂ।”
ਅਖਤਰ ਸਾਹਿਬ ਦਾ ਸੁਭਾਅ ਤੇ ਵਤੀਰਾ ਅਸਲੀ ਪੰਜਾਬੀਆਂ ਵਾਲਾ ਹੈ। ਜਦੋਂ ਅਸੀਂ ਵਿਦਾ ਮੰਗੀ ਤਾਂ ਕਹਿਣ ਲੱਗੇ, “ਤੁਸੀਂ ਏਥੇ ਹੀ ਰਹਿ ਜਾਓ ਖਾਂ।” ਇਹ ਕਹਿੰਦੇ ਸਮੇਂ ਉਨ੍ਹਾਂ ਦਾ ਧਿਆਨ ਮੇਰੇ ਨਾਲ ਗਈਆਂ ਬੀਬੀਆਂ ਵੱਲ ਸੀ।
‘ਰੂਹਾਨੀ ਰਮਜ਼ਾਂ’ ਦੀ ਗੱਲ ਫੇਰ ਕਰਾਂਗੇ। ਹਾਲ ਦੀ ਘੜੀ ਅੱਠਾਂ ਵਿਚੋਂ ਪਹਿਲੀ ਰਮਜ਼ ‘ਅੰਤਿਕਾ’ ਵਜੋਂ।
ਅੰਤਿਕਾ: ਬਾਬਾ ਬੁੱਲ੍ਹੇ ਸ਼ਾਹ
ਕਿਆ ਜਾਣਾ ਮੈਂ ਕੋਈ ਰੇ ਬਾਬਾ…
ਜੋ ਕੋਈ ਅੰਦਰ ਬੋਲੇ ਚਾਲੇ
ਜ਼ਾਤ ਅਸਾਡੀ ਸੋਈ
ਜਿਸ ਦੇ ਨਾਲ ਮੈਂ ਨਿਹੂੰ ਲਗਾਇਆ
ਉਹੋ ਜੇਹੀ ਹੋਈ ਰੇ ਬਾਬਾ
ਚਿੱਟੀ ਚਾਦਰ ਲਾਹ ਸੁੱਟ ਕੁੜੀਏ
ਪਹਿਨ ਫਕੀਰੀ ਦੀ ਲੋਈ
ਇਸ ਚਾਦਰ ਨੂੰ ਦਾਗ ਲਗੇਗਾ
ਲੋਈ ਨੂੰ ਦਾਗ ਨਾ ਕੋਈ
ਜੋ ਕਿਛੁ ਕਰਸੀ ਅੱਲਾਹ ਭਾਣੇ
ਕਿਆ ਕਿਛੁ ਕਰਸੀ ਸੋਈ
ਜੋ ਕਿਛੁ ਲੇਖ ਮੱਥੇ ਦਾ ਲਿਖਿਆ
ਉਸ ‘ਤੇ ਸ਼ਾਕਿਰ ਹੋਣੀ ਵੇ ਬਾਬਾ
ਕਿਆ ਜਾਣਾ ਮੈਂ ਕੋਈ!