ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਅਤੇ ਹੁਣ ਟੋਰਾਂਟੋ, ਕੈਨੇਡਾ ਵਸਦੇ ਡਾ. ਗੁਰਨਾਮ ਕੌਰ ਹਾਲ ਹੀ ਵਿਚ ਪੰਜਾਬ ਦੀ ਫੇਰੀ ਲਾ ਕੇ ਮੁੜੇ ਹਨ। ਆਪਣੀ ਫੇਰੀ ਦੌਰਾਨ ਉਨ੍ਹਾਂ ਪੰਜਾਬ ਦੇ ਜੋ ਹਾਲਾਤ ਤੱਕੇ, ਉਹ ਉਨ੍ਹਾਂ ਆਪਣੇ ਇਸ ਲੇਖ ਵਿਚ ਬਿਆਨੇ ਹਨ।
-ਸੰਪਾਦਕ
ਡਾ. ਗੁਰਨਾਮ ਕੌਰ, ਕੈਨੇਡਾ
30 ਜਨਵਰੀ ਨੂੰ ਭਾਰਤ ਲਈ ਰਵਾਨਾ ਹੋਣ ਦਾ ਸਬੱਬ ਮੇਰੇ ਭਤੀਜੇ ਦਲੀਪ ਸਿੰਘ ਦੀ ਬੇਟੀ ਨਵਰੀਤ ਦਾ ਵਿਆਹ ਬਣਿਆ| ਮੈਂ, ਮੇਰੇ ਭਾਣਜੇ ਅਮਨਦੀਪ ਸਿੰਘ ਤੇ ਸੰਦੀਪ ਸਿੰਘ ਨੇ ਜਾਣ ਲਈ ਇਕੱਠਿਆਂ ਤੁਰਕਿਸ਼ ਏਅਰਲਾਈਨ ‘ਤੇ ਸੀਟਾਂ ਬੁੱਕ ਕਰਾਈਆਂ, ਜਦ ਕਿ ਮੇਰੀ ਵੱਡੀ ਭੈਣ ਅਤੇ ਭਣੋਈਏ ਨੇ ਏਅਰ ਕੈਨੇਡਾ ‘ਤੇ| ਮਨ ਵਿਚ ਉਤਸ਼ਾਹ ਵੀ ਸੀ ਅਤੇ ਆਸ ਵੀ ਕਿ ਪੰਜਾਂ ਪਾਣੀਆਂ ਦੀ ਧਰਤੀ ‘ਤੇ ਸਭ ਕੁਝ ਠੀਕ ਠਾਕ ਹੋਵੇਗਾ| ਆਸ ਦੇ ਸਹਾਰੇ ਹੀ ਤਾਂ ਮਨੁੱਖ ਜਿਉਂਦਾ ਅਤੇ ਅੱਗੇ ਵੱਲ ਕਦਮ ਵਧਾਉਂਦਾ ਹੈ| ਸ਼ਾਇਦ ਧਰਤੀ ਦੀ ਵਧ ਰਹੀ ਤਪਸ਼ ਦੇ ਨਤੀਜੇ ਵਜੋਂ ਵਾਤਾਵਰਣ ਵਿਚ ਆ ਰਹੀ ਤਬਦੀਲੀ ਦੀ ਵਜ੍ਹਾ ਕਰਕੇ ਫਰਵਰੀ ਦੇ ਮਹੀਨੇ ਪੰਜਾਬ ਵਿਚ ਦਸੰਬਰ ਵਰਗਾ ਮੌਸਮ ਸੀ| ਜੇ ਇੱਕ ਦਿਨ ਧੁੱਪ ਨਿਕਲਦੀ ਤਾਂ ਦੂਜੇ ਦਿਨ ਮੀਂਹ ਪੈ ਜਾਂਦਾ; ਮੀਂਹ ਵੀ ਕੋਈ ਮਾੜੀ-ਮੋਟੀ ਕਿਣਮਕਣੀ ਨਹੀਂ, ਸਗੋਂ ਸੌਣ ਦੇ ਮਹੀਨੇ ਤੋਂ ਵੀ ਵੱਧ ਘੰਟਿਆਂ ਬੱਧੀ ਪੈਂਦਾ ਮੋਹਲੇਧਾਰ ਮੀਂਹ, ਜੋ ਕਿਸਾਨਾਂ ਦੇ ਸਾਹ ਸੂਤ ਰਿਹਾ ਸੀ|
ਕੈਨੇਡਾ ਦੀ ਠੰਢ ਹੱਡੀਆਂ ਦੁਖਣ ਲਾ ਦਿੰਦੀ ਹੈ ਪਰ ਸਭ ਦਾ ਇਹੀ ਕਹਿਣਾ ਸੀ ਕਿ ‘ਦੇਖਣਾ, ਪੰਜਾਬ ਪਹੁੰਚਦਿਆਂ ਹੀ ਕਿਵੇਂ ਧੁੱਪ ਨਾਲ ਹੱਡੀਆਂ ਖੁੱਲ੍ਹ ਜਾਣੀਆਂ ਹਨ।’ ਪਰ ਅਜਿਹਾ ਤਾਂ ਵਾਪਰਦਾ ਜੇ ‘ਫੱਗਣੇ ਦਿਨ ਲੱਗਣੇ’ ਵਾਲੀ ਧੁੱਪ ਨਿਕਲਦੀ| ਮੌਸਮ ਤਾਂ ਮੀਂਹ ਕਰਕੇ ਪੂਰਾ ਸਲਾਭਿਆ ਹੋਇਆ ਸੀ| 7 ਫਰਵਰੀ ਦਾ ਮੀਂਹ ਤਾਂ ਇਉਂ ਲੱਗਦਾ ਸੀ ਜਿਵੇਂ ਪਰਲੋ ਹੀ ਆ ਜਾਵੇਗੀ|
ਖੰਨੇ ਲਲਹੇੜੀ ਸੜਕ ‘ਤੇ ਸਥਿਤ ਮੇਰੇ ਭਾਣਜੇ ਦੀ ਬੇਟੀ ਮਨਜੋਤ ਕਾਲੀਰਾਉ ਨੂੰ ਮਿਲਣ ਗਏ ਤਾਂ ਆਪਣੇ ਪਿੰਡ ਘੁੰਗਰਾਲੀ ਆਉਣ ਲਈ ਜੁਗਰਾਜ, ਮੇਰੇ ਭਤੀਜੇ ਗੁਰਮੀਤ ਸਿੰਘ ਦੇ ਬੇਟੇ ਨੇ ਗੱਡੀ ਮਲਕਪੁਰ, ਸੇਹ ਅਤੇ ਮਾਣਕੀ ਆਦਿ ਪਿੰਡਾਂ ਵਿਚੋਂ ਦੀ ਪਾ ਲਈ| ਖੰਨਾ ਸ਼ਹਿਰ ਦੇ ਆਸ-ਪਾਸ ਇਨ੍ਹਾਂ ਪਿੰਡਾਂ ਵਿਚ ਆਲੂਆਂ ਦੀ ਭਰਪੂਰ ਫਸਲ ਦਿਖਾਈ ਦੇ ਰਹੀ ਸੀ ਅਤੇ ਆਲੂਆਂ ਦੀ ਪੁਟਾਈ-ਭਰਾਈ ਪੂਰੇ ਜ਼ੋਰਾਂ ‘ਤੇ ਸੀ| ਕੁਝ ਦਿਨਾਂ ਪਿਛੋਂ ਜਦੋਂ ਮੁੜ ਰਹੌਣ ਮੇਰੀ ਭਤੀਜੀ ਕੰਵਲਜੀਤ ਕੋਲ ਚੱਕਰ ਲਾਉਣ ਦਾ ਮੌਕਾ ਲੱਗਾ ਤਾਂ ਦੇਖਿਆ ਕਿ ਮੀਂਹ ਨੇ ਆਲੂਆਂ ਤੇ ਕਣਕ ਦੀ ਫਸਲ ਦੀ ਤਬਾਹੀ ਮਚਾ ਦਿੱਤੀ ਸੀ| ਨਿਸਰਨ ਲਈ ਤਿਆਰ ਬੱਲੀਆਂ ਨਾਲ ਲੱਦੀ ਕਣਕ ਦੀ ਭਰਪੂਰ ਫਸਲ ਵਿਚ ਗੋਡੇ ਗੋਡੇ ਪਾਣੀ ਖੜ੍ਹਾ ਸੀ ਅਤੇ ਕਣਕਾਂ ਦਾ ਰੰਗ ਪੀਲਾ ਪੈ ਗਿਆ ਸੀ| ਧਰਤੀ ਹੇਠਲਾ ਪਾਣੀ ਘੱਟ ਹੋਣ ਦੇ ਬਾਵਜੂਦ ਜਮੀਨ ਪਾਣੀ ਨੂੰ ਬਿਲਕੁਲ ਜ਼ੀਰ ਨਹੀਂ ਸੀ ਰਹੀ| ਕਈ ਥਾਂਈਂ ਲੋਕਾਂ ਨੇ ਫਸਲ ਵਿਚੋਂ ਪਾਣੀ ਕੱਢਣ ਲਈ ਪੰਪ ਲਾਏ ਹੋਏ ਸਨ ਤੇ ਖੇਤਾਂ ਦੇ ਕੰਢਿਆਂ ਤੇ ਪਾਣੀ ਸੁੱਟਣ ਲਈ ਟੋਏ ਪੁੱਟੇ ਹੋਏ ਸਨ|
9 ਫਰਵਰੀ ਨੂੰ ਜਦੋਂ ਮੈਂ ਬੌਂਦਲੀ ਤੋਂ ਰਿਸ਼ਤੇਦਾਰੀ ‘ਚੋਂ ਆਪਣੇ ਵੀਰ ਨਾਲ ਗੱਡੀ ਵਿਚ ਮੈਰਿਜ ਪੈਲੇਸ ਵੱਲ ਜਾ ਰਹੀ ਸਾਂ ਤਾਂ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਲਾਗਲੇ ਖੇਤਾਂ ਵਿਚੋਂ ਪਾਣੀ ਉਨ੍ਹਾਂ ਦੀ ਕਣਕ ਦੀ ਫਸਲ ਨੂੰ ਮਾਰ ਕਰ ਰਿਹਾ ਹੈ ਤਾਂ ਵੀਰ ਸੁਨੇਹਾ ਦੇ ਰਿਹਾ ਸੀ ਕਿ ਪੰਪ ਲਾ ਕੇ ਪਾਣੀ ਟੋਇਆਂ ਵਿਚ ਪਾਓ| ਪੰਜਾਬ ਦੀ ਪਾਣੀਆਂ ਤੋਂ ਪਿਆਸੀ ਧਰਤੀ, ਪੰਜਾਂ ਦਰਿਆਵਾਂ ਦੀ ਪਾਣੀਆਂ ਤੋਂ ਥੁੜ੍ਹੀ ਧਰਤੀ ਪਾਣੀ ਨੂੰ ਆਪਣੇ ਅੰਦਰ ਸਮਾਉਣ ਤੋਂ ਇਨਕਾਰ ਕਿਉਂ ਕਰ ਰਹੀ ਹੈ, ਉਹ ਆਪਣੀ ਪਿਆਸ ਬੁਝਾਉਣ ਲਈ ਪਾਣੀ ਦਾ ਭੰਡਾਰ ਕਰਨ ਤੋਂ ਝਿਜਕਦੀ ਕਿਉਂ ਹੈ? ਪੰਜਾਬ ਦੇ ਕਿਸਾਨ ਅਤੇ ਸਰਕਾਰ-ਦੋਹਾਂ ਨੂੰ ਇਸ ਬਾਰੇ ਸੋਚਣਾ ਪਵੇਗਾ|
ਜਦੋਂ ਦੀ ਹੋਸ਼ ਸੰਭਾਲੀ ਹੈ, ਪੰਜਾਬ ਦੇ ਖੇਤਾਂ ਦੀ ਪਿਆਸ ਬੁਝਾਉਣ ਲਈ ਅੰਗਰੇਜ਼ਾਂ ਵੱਲੋਂ ਪੁੱਟੀ ‘ਸਰਹਿੰਦ ਕੈਨਾਲ’ ਯਾਨਿ ‘ਕੱਚੀ ਨਹਿਰ’ ਨੂੰ ਧੁਰ ਰੋਪੜ ਤੋਂ ਲੈ ਕੇ ਲੁਧਿਆਣੇ, ਦਬੁਰਜੀ ਅਤੇ ਰਾੜੇ ਤੱਕ ਦੇਖਦੇ ਆਏ ਹਾਂ| ਅੰਗਰੇਜ਼ਾਂ ਨੂੰ ਇਸ ਗੱਲ ਦੀ ਸੋਝੀ ਸੀ ਕਿ ਪੰਜਾਬ ਹਿੰਦੋਸਤਾਨ ਦਾ ਅੰਨ ਭੰਡਾਰ ਹੈ| ਇਸੇ ਲਈ ਉਨ੍ਹਾਂ ਨੇ ਪੂਰਬੀ ਪੰਜਾਬ ਤੋਂ ਲੈ ਕੇ ਪੱਛਮੀ ਪੰਜਾਬ ਵਿਚ ਧੁਰ ਬਾਰ ਤੱਕ ਖੇਤ ਸਿੰਜਣ ਲਈ ਨਹਿਰਾਂ ਪੁੱਟੀਆਂ| ਜਦੋਂ ਕਦੀ ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਤਾਂ ਦੇਖੀਦਾ ਸੀ ਕਿ ‘ਕੱਚੀ ਨਹਿਰ’ ਪਹਾੜਾਂ ਦੀ ਮਿੱਟੀ ਖੁਰ ਕੇ ਲਾਲ ਹੋਏ ਪਾਣੀ ਨਾਲ ਕੰਢਿਆਂ ਤੱਕ ਉਛਲ ਕੇ ਵਗਦੀ ਹੁੰਦੀ ਸੀ, ਪਰ ਇਸ ਫੇਰੀ ਵੇਲੇ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਪੈਂਦੇ ਨੀਲੋਂ ਦੇ ਪੁਲ ਤੋਂ ਲੈ ਕੇ ਧੁਰ ਲੁਧਿਆਣਾ ਤੱਕ ਦੇਖਿਆ ਕਿ ਨਹਿਰ ਦੇ ਕੰਢੇ ਤਾਂ ਸ਼ਾਇਦ ਇਸ ਲਈ ਪੱਕੇ ਕਰ ਦਿੱਤੇ ਗਏ ਹਨ ਕਿ ਪੰਜਾਬ ਦੇ ਖੇਤਾਂ ਵਿਚ ਵਾਧੂ ਪਾਣੀ ਨਾ ਜਾਵੇ ਪਰ ਨਹਿਰ ਇੰਨੇ ਮੀਂਹਾਂ ਦੇ ਬਾਵਜੂਦ ਬਿਲਕੁਲ ਸੁੱਕੀ ਪਈ ਸੀ, ਸਗੋਂ ਆਪਣੇ ਖਾਲੀ ਪੇਟ ਵਿਚ ਪਾਣੀ ਦੀ ਥਾਂ ਲੁਧਿਆਣੇ ਦਾ ਕੂੜਾ ਸਮੇਟਣ ਦਾ ਕੰਮ ਕਰ ਰਹੀ ਹੈ|
‘ਪੱਕੀ ਨਹਿਰ’ ਯਾਨਿ ‘ਭਾਖੜਾ ਨਹਿਰ’ ਵਿਚੋਂ ਨਿਕਲਦੇ ਸੂਏ, ਜੋ ਕਦੀ ਪਾਣੀ ਨਾਲ ਭਰੇ ਹੁੰਦੇ ਸਨ, ਕਦੋਂ ਦੇ ਉਜੜ-ਪੁੱਜੜ ਗਏ ਹਨ, ਕਿਉਂਕਿ ਭਾਖੜਾ ਨਹਿਰ ਦਾ ਪੰਜਾਬ ਦੇ ਹਿੱਸੇ ਦਾ ਪਾਣੀ ਵੀ ਪੰਜਾਬ ਤੋਂ ਬਾਹਰ ਜਾ ਰਿਹਾ ਹੈ| ਇਨ੍ਹਾਂ ਸੂਇਆਂ ਦੀ ਇੱਕ ਬਰਾਂਚ ਸਮਰਾਲੇ ਕੋਲੋਂ ਲੰਘਦਿਆਂ ਮਾਦਪੁਰ ਵਿਚੋਂ ਦੀ ਹੁੰਦੀ ਮਹਿਦੂਦਾਂ ਮੇਰੇ ਭਣੋਈਏ ਦੇ ਹਿੱਸੇ ਆਈ ਜਮੀਨ ਵਿਚ ਜਾ ਕੇ ਖਤਮ ਹੁੰਦੀ ਸੀ, ਜਿਨ੍ਹਾਂ ਨੂੰ ‘ਟੇਲਾਂ’ ਕਹਿੰਦੇ ਹੁੰਦੇ ਸਾਂ| ਭਾਵੇਂ ਮੈਂ ਉਦੋਂ ਕਾਫੀ ਛੋਟੀ ਸਾਂ, ਪਰ ਮੈਨੂੰ ਯਾਦ ਹੈ ਕਿ ਮੇਰੇ ਬਾਪੂ ਜੀ ਨੇ ਉਨ੍ਹਾਂ ਟੇਲਾਂ ਦਾ ਫਸਲ ਨੂੰ ਬਰਬਾਦ ਕਰਦਾ ਪਾਣੀ ਬੰਦ ਕਰਾਉਣ ਲਈ ਮੇਰੇ ਮਾਮੇ ਦੇ ਸਹੁਰੇ ਸ਼ ਬਖਸ਼ੀਸ਼ ਸਿੰਘ (ਸਵਰਗੀ ਐਮ. ਐਲ਼ ਏ. ਰਣਧੀਰ ਸਿੰਘ ਦੇ ਪਿਤਾ) ਨੂੰ ਨਾਲ ਲੈ ਕੇ ਸ਼ ਪ੍ਰਤਾਪ ਸਿੰਘ ਕੈਰੋਂ ਦੇ ਦਫਤਰ ਦੇ ਕਿੰਨੇ ਹੀ ਚੱਕਰ ਲਾਏ ਸਨ| ਸ਼ ਬਖਸ਼ੀਸ਼ ਸਿੰਘ ਅਤੇ ਸ਼ ਪ੍ਰਤਾਪ ਸਿੰਘ ਕੈਰੋਂ ਆਜ਼ਾਦੀ ਦੀ ਲੜਾਈ ਵਿਚ ਕਾਂਗਰਸ ਪਾਰਟੀ ਵੱਲੋਂ ਇਕੱਠੇ ਜੇਲ੍ਹ ਵਿਚ ਰਹੇ ਸਨ, ਜਿੱਥੇ ਉਨ੍ਹਾਂ ਦੀ ਗਹਿਰੀ ਦੋਸਤੀ ਹੋ ਗਈ ਸੀ| ਹੁਣ ਇਸ ਸੂਏ ਵਿਚ ਪਾਣੀ ਵਗਣ ਦੀ ਥਾਂ ਆੜ-ਕਬਾੜ ਉਗਿਆ ਹੋਇਆ ਹੈ ਅਤੇ ਇਹੀ ਹਾਲ ‘ਭਾਖੜਾ ਨਹਿਰ’ ਵਿਚੋਂ ਪੰਜਾਬ ਦੇ ਖੇਤਾਂ ਨੂੰ ਸਿੰਜਣ ਲਈ ਕੱਢੇ ਸਾਰੇ ਸੂਇਆਂ ਦਾ ਹੋ ਗਿਆ ਹੈ|
ਗੁਰਦਾਸ ਮਾਨ ਦੇ ਦਿਲਜੀਤ ਦੁਸਾਂਝ ਨਾਲ ਕੋਕ ਸਟੂਡੀਓ ਵਿਚ ਗਾਏ ਇੱਕ ਗੀਤ ਦੇ ਬੋਲ ਨੇ, ‘ਰਾਵੀ ਤੋਂ ਝਨਾਂ ਪੁੱਛਦਾ, ਕੀ ਹਾਲ ਏ ਸਤਿਲੁਜ ਦਾ’, ਜੋ ਇਥੇ ਕੈਨੇਡਾ ਵਿਚ ਸੱਤਵੀਂ ਜਮਾਤ ਵਿਚ ਪੜ੍ਹਦੇ ਮੇਰੇ ਪੋਤੇ ਅਜੇ ਸਿੰਘ ਨੂੰ ਬਹੁਤ ਪਸੰਦ ਹੈ| ਮੈਂ ਵੀ ਇਸ ਗੀਤ ਨੂੰ ਜਦੋਂ ਉਸ ਨਾਲ ਬੈਠ ਕੇ ਕਦੀ ਸੁਣ ਰਹੀ ਹੋਵਾਂ ਤਾਂ ਸਾਰੇ ਪੰਜਾਬੀਆਂ ਵਾਂਗ ਬਹੁਤ ਭਾਵੁਕ ਹੋ ਜਾਂਦੀ ਹਾਂ|
ਪਿਛਲੇ ਕਾਫੀ ਸਾਲਾਂ ਤੋਂ ਸਤਿਲੁਜ ਦਾ ਹਾਲ ਤਾਂ ਇਹ ਹੈ ਹੀ ਕਿ ਬਹੁਤ ਬਾਰਿਸ਼ ਵੇਲੇ ਵੀ ਇਸ ਵਿਚ ਬਹੁਤਾ ਪਾਣੀ ਨਹੀਂ ਵਗਦਾ, ਇਹ ਪਾਣੀ ਉਦੋਂ ਹੀ ਹੁੰਦਾ ਹੈ, ਜਦੋਂ ਗੋਬਿੰਦ ਸਾਗਰ ਕਦੀ ਉਛਲਣ ‘ਤੇ ਆ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਲਈ ਪਾਣੀ ਸਤਿਲੁਜ ਵਿਚ ਛੱਡ ਦਿੱਤਾ ਜਾਂਦਾ ਹੈ| ਇਸ ਦੇ ਉਲਟ ਦਰਿਆ ਬਿਆਸ ਨੂੰ ਉਦੋਂ ਵੀ ਠਾਠਾਂ ਮਾਰਦੇ ਵਗਦੇ ਦੇਖਿਆ ਹੈ, ਜਦੋਂ ਮੀਂਹ ਨਹੀਂ ਵੀ ਪੈ ਰਹੇ ਹੁੰਦੇ| ਇਸ ਵਾਰ ਅੰਮ੍ਰਿਤਸਰ ਵੱਲ ਜਾਂਦਿਆਂ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਇੰਨੇ ਮੀਂਹ ਪੈਣ ਦੇ ਬਾਵਜੂਦ ਦਰਿਆ ਬਿਆਸ ਵਿਚ ਪਾਣੀ ਦੀ ਹਾਲਤ ਸਤਿਲੁਜ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਸੀ| ਪਾਣੀ ਧਾਰਾਂ ਦੇ ਰੂਪ ਵਿਚ ਵਗ ਰਿਹਾ ਸੀ; ਵਗ ਕੀ ਰਿਹਾ, ਖੜ੍ਹਾ ਹੀ ਸੀ ਅਤੇ ਸਤਿਲੁਜ ਵਾਂਗ ਹੀ ਦਰਿਆ ਬਿਆਸ ਵਿਚ ਵੀ ਥਾਂ ਥਾਂ ਬਰੇਤੀਆਂ ਨਿਕਲੀਆਂ ਹੋਈਆਂ ਸਨ| ਸੁਣਨ ਵਿਚ ਇਹ ਵੀ ਆਉਂਦਾ ਹੈ ਕਿ ਪੰਜਾਬ ਤੋਂ ਪਰੇ ਪਰੇ ਹੀ ਹਿਮਾਚਲ ਪ੍ਰਦੇਸ਼ ਵਿਚ ਸੁਰੰਗਾਂ ਰਾਹੀਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਅਲੋਪ ਹੋ ਚੁਕੀ ‘ਸਰਸਵਤੀ’ ਨਦੀ ਵਿਚ ਪਾ ਕੇ ਉਸ ਨੂੰ ਪੁਨਰ ਸੁਰਜੀਤੀ ਬਖਸ਼ ਦਿੱਤੀ ਗਈ ਹੈ| ਵਾਹ ਵਾਹ ਮੇਰੇ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ ਤੇਰਾ ਤਾਂ ਹੁਣ ਰੱਬ ਹੀ ਰਾਖਾ ਹੈ!
ਇਸ ਫੇਰੀ ਦੌਰਾਨ ਕਾਰ ਵਿਚ ਸਫਰ ਕਰਨ ਦਾ ਕਾਫੀ ਮੌਕਾ ਮਿਲਿਆ| ਦਿੱਲੀ ਤੋਂ ਪੰਜਾਬ ਜਾਂਦਿਆਂ ਦੇਖਿਆ ਕਿ ਸਾਲਾਂ ਤੋਂ ਹੀ ਜੀ. ਟੀ. ਰੋਡ ‘ਤੇ ਕਿਤੇ ਨਾ ਕਿਤੇ ਕੋਈ ਮੁਰੰਮਤ ਚੱਲ ਹੀ ਰਹੀ ਹੁੰਦੀ ਹੈ ਜਾਂ ਕੋਈ ਫਲਾਈਓਵਰ ਬਣ ਰਿਹਾ ਹੁੰਦਾ ਹੈ| ਦਿੱਲੀ ਤੋਂ ਲੈ ਕੇ ਸ਼ੰਭੂ ਤੱਕ ਹੀ ਘੱਟੋ ਘੱਟ ਤਿੰਨ ਥਾਂਵਾਂ ‘ਤੇ ਟੌਲ ਟੈਕਸ ਹੈ। ਇਸ ਦੇ ਬਾਵਜੂਦ ਇੱਥੇ ਉਸਾਰੀ ਦਾ ਕੰਮ, ਜੋ ਕਈ ਵਰ੍ਹਿਆਂ ਤੋਂ ਚੱਲ ਰਿਹਾ ਹੈ, ਮੁਕੰਮਲ ਕਿਉਂ ਨਹੀਂ ਹੁੰਦਾ? ਪੰਜਾਬ ਦੇ ਸ਼ਾਹ-ਰਾਹ ਕਾਫੀ ਚੰਗੀ ਹਾਲਤ ਵਿਚ ਹਨ, ਜਿਨ੍ਹਾਂ ‘ਤੇ ਥਾਂ ਥਾਂ ਟੌਲ ਟੈਕਸ ਦਾ ਇੰਤਜ਼ਾਮ ਕੀਤਾ ਗਿਆ ਹੈ, ਕਿਉਂਕਿ ਸਰਕਾਰਾਂ ਸੜਕਾਂ ਦੀ ਉਸਾਰੀ ਦਾ ਸਾਰਾ ਕੰਮ ਪ੍ਰਾਈਵੇਟ ਕੰਪਨੀਆਂ ਤੋਂ ਕਰਵਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਹਮੇਸ਼ਾ ਲਈ ਟੌਲ ਟੈਕਸ ਦਾ ਅਧਿਕਾਰ ਦੇ ਦਿੰਦੀਆਂ ਹਨ।
ਪਿੰਡਾਂ ਵਿਚ ਘੁੰਮਦਿਆਂ ਦੇਖਿਆ ਕਿ ਲੁਧਿਆਣਾ ਜਿਲੇ ਵਿਚ ਸੜਕਾਂ ਦਾ ਹਾਲ ਕਾਫੀ ਮੰਦਾ ਹੈ| ਪਿੰਡਾਂ ਦੀਆਂ ਸੜਕਾਂ ਦਾ ਤਾਂ ਕਹਿਣਾ ਹੀ ਕੀ ਹੈ, ਪਰ ਖੰਨਾ-ਸਮਰਾਲਾ ਸੜਕ, ਜੋ ਬਰਾਸਤਾ ਮਾਛੀਵਾੜਾ-ਰਾਹੋਂ ਦਿੱਲੀ ਨੂੰ ਪਠਾਣਕੋਟ ਨਾਲ ਜੋੜਨ ਦੀ ਵਿਉਂਤਬੰਦੀ ਵਿਚ ਹੈ, ਉਸ ਵਿਚ ਖੰਨੇ ਤੋਂ ਲੈ ਕੇ ਧੁਰ ਰਾਹੋਂ ਤੱਕ ਗੋਡੇ ਗੋਡੇ ਟੋਏ ਪਏ ਹੋਏ ਹਨ| ਇਸ ‘ਤੇ ਗੱਡੀ ਚਲਾਉਣੀ ਤਾਂ ਦੁਸ਼ਵਾਰੀ ਹੈ ਹੀ, ਸਾਈਕਲ ਚਲਾਉਣਾ ਅਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੈ| ਸੁਣਨ ਵਿਚ ਆਇਆ ਹੈ ਕਿ ਇਸ ਸੜਕ ਦੀ ਉਸਾਰੀ ਲਈ ਲੋਕਾਂ ਵੱਲੋਂ ਕਈ ਵਾਰ ਧਰਨੇ ਵੀ ਦਿੱਤੇ ਗਏ ਹਨ|
ਜਦੋਂ ਪਿਛਲੀ ਵਾਰ 2015 ਵਿਚ ਮੈਂ ਪਰਿਵਾਰ ਸਮੇਤ ਪੰਜਾਬ ਗਈ ਸਾਂ ਤਾਂ ਸੁਣਨ ਵਿਚ ਆਇਆ ਸੀ ਕਿ ਮੁੱਖ ਮੰਤਰੀ (ਸਾਬਕਾ) ਸ਼ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਅਤੇ ਸਮੁੱਚੇ ਲੰਬੀ ਇਲਾਕੇ ਵਿਚ ਬਣੀਆਂ ਸੜਕਾਂ ਕੈਨੇਡਾ-ਅਮਰੀਕਾ ਦੀਆਂ ਸੜਕਾਂ ਨੂੰ ਵੀ ਮਾਤ ਪਾਉਂਦੀਆਂ ਹਨ| ਲੋਕਾਂ ਦਾ ਕਹਿਣਾ ਸੀ ਕਿ ਆਪਣਾ ਵੋਟ-ਬੈਂਕ ਸੁਰੱਖਿਅਤ ਰੱਖਣ ਲਈ ਸ਼ ਬਾਦਲ ਨੇ ਸਾਰੇ ਪੰਜਾਬ ਦੀ ਉਸਾਰੀ ‘ਤੇ ਖਰਚਿਆ ਜਾਣ ਵਾਲਾ ਪੈਸਾ ਲੰਬੀ ਇਲਾਕੇ ‘ਤੇ ਲਾ ਦਿੱਤਾ ਹੈ| ਹੁਣ ਦੀ ਫੇਰੀ ਵਿਚ ਆਪਣੇ ਪਤੀ ਗੁਰਦਿਆਲ ਸਿੰਘ ਬੱਲ ਦੇ ਨਾਨਕਾ ਪਰਿਵਾਰਾਂ ਨੂੰ ਮਿਲਣ ਲਈ ਕੰਮੋਕੇ-ਬੁਤਾਲੇ ਤੋਂ ਅਲੀਆਲ, ਬਟਾਲਾ ਅਤੇ ਘਸੀਟਪੁਰੇ ਤੋਂ ਪਿੰਡਾਂ ਥਾਣੀਂ ਬੁਟਾਰੀ ਨੂੰ ਆਉਂਦਿਆਂ ਬਿਕਰਮ ਸਿੰਘ ਮਜੀਠੀਆ ਦੇ ਇਲਾਕੇ ਵਿਚੋਂ ਗੁਜ਼ਰਦਿਆਂ ਦੇਖਿਆ ਕਿ ਸੜਕਾਂ ਦਾ ਹਾਲ ਪਿੰਡਾਂ-ਥਾਂਵਾਂ ਵਿਚ ਵੀ ਲੰਬੀ ਵਰਗਾ ਹੀ ਹੈ| ਸ਼ਾਇਦ ਅਕਾਲੀ ਭਾਈਆਂ ਨੂੰ ਸਮੁੱਚੇ ਪੰਜਾਬ ਦੇ ਫਿਕਰ ਨਾਲੋਂ ਆਪੋ ਆਪਣਾ ਵੋਟ-ਬੈਂਕ ਸੁਰੱਖਿਅਤ ਰੱਖਣ ਦਾ ਕੁਝ ਜ਼ਿਆਦਾ ਹੀ ਸਤਾਉਂਦਾ ਰਿਹਾ ਹੈ| ਜੇ ਕਿਤੇ ‘ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ’ ਦੇਣ ਦੀ ਥਾਂ ਇਹੀ ਫਿਕਰ ਸਮੁੱਚੇ ਪੰਜਾਬ ਲਈ ਗੁਰੂ ਬੋਲਿਆਂ ਅਨੁਸਾਰ ‘ਸਰਬਤ ਦਾ ਭਲਾ’ ਨੂੰ ਸਾਹਮਣੇ ਰੱਖ ਕੇ ਕੀਤਾ ਹੁੰਦਾ ਤਾਂ ਕਹਾਣੀ ਹੋਰ ਹੋਣੀ ਸੀ|
—
ਭਗਤ ਰਵਿਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਉਸ ਨੂੰ ਸ਼ਬਦ ਗੁਰੂ ਦਾ ਹਿੱਸਾ ਹੋਣ ਦਾ ਮਾਣ ਪ੍ਰਾਪਤ ਹੈ| ਰਾਗ ਗਉੜੀ ਵਿਚ ਪੰਨਾ 346 ‘ਤੇ ਭਗਤ ਰਵਿਦਾਸ ਹਿੰਦੂ ਸ਼ਾਸਤਰਾਂ ਅਨੁਸਾਰ ਵੱਖ ਵੱਖ ਜੁਗਾਂ ਦੇ ਦੱਸੇ ਗਏ ਧਰਮ-ਕਰਮ ਦੀ ਗੱਲ ਕਰਦਿਆਂ ਪੰਡਿਤ ਨੂੰ ਸਮਝਾਉਂਦੇ ਹਨ ਕਿ ਜੁਗਾਂ ਅਨੁਸਾਰ ਇਹ ਧਰਮ-ਕਰਮ ਕਰਦਿਆਂ ਇਸ ਸੰਸਾਰ ਸਾਗਰ ਦਾ ਪਰਲਾ ਪਾਰ ਕਿਵੇਂ ਲੱਭੋਗੇ? ਅਰਥਾਤ ਇਸ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰੋਗੇ?
ਭਗਤ ਜੀ ਕਹਿੰਦੇ ਹਨ, ਸ਼ਾਸਤਰਾਂ ਨੂੰ ਜਾਣਨ ਵਾਲਾ ਮੈਨੂੰ ਕੋਈ ਵੀ ਅਜਿਹਾ ਕੰਮ ਨਹੀਂ ਦੱਸ ਸਕਿਆ, ਜਿਸ ਦੀ ਮਦਦ ਨਾਲ ਮਨੁੱਖ ਦਾ ਜਨਮ-ਮਰਨ ਦਾ ਚੱਕਰ ਖਤਮ ਹੋ ਸਕੇ| ਸ਼ਾਸਤਰਾਂ ਵਿਚ ਕਈ ਤਰੀਕਿਆਂ ਨਾਲ ਵਰਣ ਤੇ ਆਸ਼ਰਮ ਧਰਮ ਦੇ ਫਰਜ਼ਾਂ ਦੀ ਹੱਦ-ਬੰਦੀ ਕੀਤੀ ਗਈ ਹੈ ਅਤੇ ਸਾਰੇ ਹੀ ਇਹ ਮਿੱਥੇ ਧਾਰਮਕ ਕਾਰਜ ਕਰਦੇ ਦਿਸ ਰਹੇ ਹਨ| ਉਹ ਕਿਹੜਾ ਕਰਮ ਹੈ, ਜਿਸ ਦੇ ਸਾਧਿਆਂ ਮਨੁੱਖ ਦੇ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ? ਕੋਈ ਨਹੀਂ ਦੱਸਦਾ| ਮਸਲਨ ਤੀਰਥਾਂ ‘ਤੇ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਹੀ ਧੁਲਦੀ ਹੈ, ਪਰ ਮਨ ਵਿਚ ਵਿਕਾਰ ਉਵੇਂ ਹੀ ਟਿਕੇ ਰਹਿੰਦੇ ਹਨ| ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਰਾਤ ਦਾ ਹਨੇਰਾ ਮੁੱਕ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਨੂੰ ਮਿਲਣ ਨਾਲ ਗਿਆਨ ਦੀ ਰੌਸ਼ਨੀ ਪ੍ਰਾਪਤ ਹੁੰਦੀ ਹੈ, ਰੱਬ ਨੂੰ ਮਿਲਣ ਦੀ ਸਿੱਕ ਮਨ ਵਿਚ ਪੈਦਾ ਹੁੰਦੀ ਹੈ ਅਤੇ ਮਨੁੱਖ ਅੰਤਰ-ਆਤਮੇ ਹੀ ਪਰਮਾਤਮਾ ਨੂੰ ਮਿਲ ਪੈਂਦਾ ਹੈ|
ਆਦਰਸ਼ ਰਾਜ ‘ਬੇਗਮ ਪੁਰਾ’ ਦਾ ਸੰਕਲਪ ਵੀ ਭਗਤ ਰਵੀਦਾਸ ਦੀ ਬਾਣੀ ਵਿਚੋਂ ਹੀ ਮਿਲਦਾ ਹੈ| ਭਗਤ ਰਵੀਦਾਸ ਦੀ ਸਿੱਖਿਆ ਨੂੰ ਘਰ ਘਰ ਪਹੁੰਚਾ ਕੇ ਨਵੀਂ ਜਾਗ੍ਰਿਤੀ ਪੈਦਾ ਕਰਨ ਦੀ ਥਾਂ ਭਗਤ ਜੀ ਨੂੰ ਵੱਖਰਾ ਗੁਰੂ ਮੰਨਣ ਵਾਲੇ ਵੀ ਵੱਡੇ ਵੱਡੇ ਜਲੂਸ ਕੱਢ ਕੇ ਹੀ ਕੰਮ ਸਾਰ ਰਹੇ ਹਨ|
ਅੰਮ੍ਰਿਤਸਰ ਵੱਲ ਜਾਣ ਲਈ ਮੈਂ ਜੁਗਰਾਜ ਨਾਲ ਗੱਡੀ ਵਿਚ ਜਾ ਰਹੀ ਸਾਂ| ਫਗਵਾੜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰਾ ਟਰੈਫਿਕ ਪੁਲਿਸ ਨੇ ਕੌਮੀ ਸ਼ਾਹ-ਰਾਹ ਤੋਂ ਹਟਾ ਕੇ ਜੰਡਿਆਲੇ ਰਾਹੀਂ ਕਪੂਰਥਲਾ ਜਿਲੇ ਦੇ ਪਿੰਡਾਂ ਵਿਚੋਂ ਦੀ ਮੋੜਿਆ ਹੋਇਆ ਸੀ| ਸਾਰੇ ਟਰੱਕਾਂ ਨੂੰ ਜੀ. ਟੀ. ਰੋਡ ਦੇ ਕਿਨਾਰੇ ਖੜ੍ਹੇ ਹੋਣ ਦਾ ਆਦੇਸ਼ ਸੀ ਅਤੇ ਕਾਰਾਂ, ਟਰੈਕਟਰ, ਬੱਸਾਂ-ਸਭ ਜੰਡਿਆਲੇ ਵਿਚੋਂ ਦੀ ਪਿੰਡਾਂ ਦੀਆਂ ਇਕਹਿਰੀਆਂ ਸੜਕਾਂ ਤੋਂ ਗੁਜ਼ਰ ਰਹੇ ਸਨ, ਜਿਨ੍ਹਾਂ ਦੀ ਚਾਲ ਕੁਦਰਤੀ ਹੈ ਕਿ ਬਹੁਤ ਹੌਲੀ ਸੀ| ਫਗਵਾੜੇ ਦੇ ਅਗਲੇ ਸਿਰੇ ‘ਤੇ ਨਿਕਲਣ ਲਈ 10-15 ਮਿੰਟਾਂ ਦੀ ਥਾਂ ਪੂਰੇ ਦੋ ਘੰਟੇ ਲੱਗ ਗਏ| ਕੰਮੋਕੇ 12 ਵਜੇ ਪਹੁੰਚਣ ਦੀ ਥਾਂ ਢਾਈ ਵਜੇ ਪਹੁੰਚ ਸਕੇ| ਜੁਗਰਾਜ ਨੇ ਮੈਨੂੰ ਛੱਡ ਕੇ ਵਾਪਸ ਸਮਰਾਲੇ ਆਉਣਾ ਸੀ| ਉਹ ਸਾਢੇ ਤਿੰਨ ਵਜੇ ਘਰੋਂ ਚੱਲਿਆ ਪਰ ਸਾਢੇ ਅੱਠ ਵਜੇ ਜਦੋਂ ਮੈਂ ਉਸ ਨੂੰ ਫੋਨ ਕੀਤਾ, ਉਹ ਵਾਇਆ ਰਾਹੋਂ-ਮਾਛੀਵਾੜਾ ਸਮਰਾਲੇ ਜਾਣ ਲਈ ਹਾਲੇ ਵੀ ਫਗਵਾੜੇ ਹੀ ਖੜ੍ਹਾ ਸੀ, ਕਿਉਂਕਿ ਵਾਪਸੀ ਦਾ ਟਰੈਫਿਕ ਉਸ ਪਾਸਿਓਂ ਮੋੜਿਆ ਗਿਆ ਸੀ। ਉਹ ਰਾਤ 10 ਵਜੇ ਸਮਰਾਲੇ ਪਹੁੰਚਿਆ|
ਇਸ ਟਰੈਫਿਕ ਵਿਚ ਫਸੇ ਕਈ ਮਰੀਜ਼ ਵੀ ਹੋ ਸਕਦੇ ਸਨ, ਜਿਨ੍ਹਾਂ ਨੂੰ ਫੌਰੀ ਡਾਕਟਰੀ ਮਦਦ ਦੀ ਲੋੜ ਹੋਵੇ ਜਾਂ ਕੋਈ ਕਿਸੇ ਇੰਟਰਵਿਊ ਦੇਣ, ਇਮਤਿਹਾਨ ਦੇਣ ਜਾਂ ਕਿਸੇ ਹੋਰ ਜ਼ਰੂਰੀ ਕੰਮ ਲਈ ਵੀ ਜਾ ਰਿਹਾ ਹੋਵੇਗਾ? ਕੀ ਭਗਤ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਜੀ. ਟੀ. ਰੋਡ ਤੋਂ ਟਰੈਫਿਕ ਹਟਾ ਕੇ ਹੀ ਕੀਤਾ ਜਾ ਸਕਦਾ ਹੈ ਜਾਂ ਘਰ ਘਰ ਸਿੱਖਿਆ ਪੁਜਦੀ ਕਰਨ ਦਾ ਕੋਈ ਹੋਰ ਸਾਧਨ ਵੀ ਹੋ ਸਕਦਾ ਹੈ? ਕੀ ਪ੍ਰਬੰਧਕੀ ਅਮਲਾ ਜੀ. ਟੀ. ਰੋਡ, ਜੋ 6-ਲੇਨ ਬਣੀ ਹੋਈ ਹੈ, ਉਸ ਦੀ ਕਿਸੇ ਇੱਕ ਲੇਨ ਨੂੰ ਜਲੂਸ ਲਈ ਰਾਖਵੀਂ ਰੱਖ ਕੇ ਬਾਕੀ ਟਰੈਫਿਕ ਨੂੰ ਅਰਾਮ ਨਾਲ ਨਹੀਂ ਸੀ ਲੰਘਾ ਸਕਦਾ?
ਅਜਿਹੇ ਬਹੁਤ ਸਾਰੇ ਸਵਾਲ ਸਨ, ਜਿਨ੍ਹਾਂ ਨੇ ਸੋਚਣ ਲਈ ਮਜਬੂਰ ਕੀਤਾ ਕਿ ਅਸੀਂ ਲੋਕ ਅਜਿਹੇ ਮੌਕਿਆਂ ‘ਤੇ ਆਮ ਜਨਤਾ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਕਿੰਨੇ ਲਾਪਰਵਾਹ ਅਤੇ ਸੰਵੇਦਨਾਹੀਣ ਹੋ ਜਾਂਦੇ ਹਾਂ| ਧਾਰਮਕ ਦਿਹਾੜਿਆਂ ‘ਤੇ ਜਲਸੇ ਜਲੂਸ ਕੱਢਦੇ, ਧਾਰਮਕ ਸਥਾਨਾਂ ‘ਤੇ ਬਿਨਾ ਕਿਸੇ ਬੀਮਾਰ ਦੀ ਤਕਲੀਫ ਜਾਂ ਵਿਦਿਆਰਥੀ ਦੀ ਪੜ੍ਹਾਈ ਦੇ ਹਰਜ ਵੱਲ ਧਿਆਨ ਦਿੱਤਿਆਂ ਉਚੀ ਆਵਾਜ਼ ਵਿਚ ਲਾਊਡ ਸਪੀਕਰ ਲਾਉਂਦੇ ਹਾਂ| ਕੀ ਇਹੀ ਧਾਰਮਕਤਾ ਹੈ? ਪੰਜਾਬ ਵਿਚ ਕਿਸਾਨ ਖੁਦਕਸ਼ੀਆਂ, ਨਸ਼ੇ ਦੀ ਓਵਰਡੋਜ਼ ਨਾਲ ਨੌਜੁਆਨਾਂ ਦਾ ਮਰਨਾ, ਕੁੱਤਿਆਂ ਵੱਲੋਂ ਬੱਚਿਆਂ-ਮਨੁੱਖਾਂ ਨੂੰ ਪਾੜ ਕੇ ਖਾਣਾ, ਅਵਾਰਾ ਪਸੂਆਂ ਵੱਲੋਂ ਖੇਤਾਂ ਦਾ ਉਜਾੜਾ ਅਤੇ ਹਾਦਸਿਆਂ ਦਾ ਕਾਰਨ ਬਣਨਾ, ਸੜਕਾਂ ਦੇ ਟੋਏ-ਟਿੱਬੇ ਸਭ ਕੁਝ ਹੀ ਬਾਦਸਤੂਰ ਕਾਇਮ ਹੈ|
(ਚਲਦਾ)