ਵਰਿਆਮ ਸਿੰਘ ਸੰਧੂ
ਉਂਕਾਰਪ੍ਰੀਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵੱਸਦਾ ਪੰਜਾਬੀ ਸ਼ਾਇਰ ਤੇ ਨਾਟਕਕਾਰ ਹੈ। ਉਹਦੇ ਤਿੰਨ ਨਾਟਕ (ਪ੍ਰਗਟਿਓ ਖਾਲਸਾ, ਆਜ਼ਾਦੀ ਦੇ ਜਹਾਜ, ਰੋਟੀ ਵਾਇਆ ਲੰਡਨ) ਤੇ ਇਕ ਗਜ਼ਲ-ਸੰਗ੍ਰਿਹ (ਮਿੱਪਲ ਦੀ ਕੈਨਵਸ) ਛਪ ਚੁਕੇ ਨੇ। ਹੁਣੇ ਜਿਹੇ ਉਹਦਾ ਗਜ਼ਲਾਂ ਦਾ ਨਵਾਂ ਦੀਵਾਨ ‘ਆਪਣੀ ਛਾਂ ਦੇ ਸ਼ਬਦ’ ਛਪ ਕੇ ਆਇਆ ਹੈ। ਅਸੀਂ ਇਸੇ ਬਾਰੇ ਗੱਲ ਕਰਨੀ ਹੈ।
ਜਿਸ ਵਿਧਾ ਵਿਚ ਕੋਈ ਲੇਖਕ ਲਿਖਦਾ ਹੈ, ਉਸ ਵਿਧਾ ਦੀ ਬੁਨਿਆਦੀ ਸਮਝ ਬਿਨ ਸਭੇ ਗੱਲਾਂ ਕੂੜੀਆਂ। ਪੰਜਾਬੀ ਸਾਹਿਤ ਦਾ ਇਹੋ ਦੁਖਾਂਤ ਹੈ ਕਿ ਬਹੁਤੇ ਲੇਖਕ ਵਿਧਾ ਦੀ ਬੁਨਿਆਦੀ ਲੋੜ ਨੂੰ ਸਮਝੇ ਬਿਨਾ ਲਿਖੀ ਜਾ ਰਹੇ ਨੇ। ਇਸੇ ਕਰ ਕੇ ਉਨ੍ਹਾਂ ਦੀ ਲਿਖਤ ਦਿਲ-ਮਨ ਨੂੰ ਪੋਂਹਦੀ ਨਹੀਂ।
ਅਸੀਂ ਜਾਣਦੇ ਹਾਂ ਕਿ ਗਜ਼ਲ ਦਾ ਹਰੇਕ ਸ਼ਿਅਰ ਮੁਕੰਮਲ ਕਵਿਤਾ ਹੁੰਦਾ ਹੈ। ਇਕ ਸ਼ਿਅਰ ਵਿਚ ਅਨੇਕਾਂ ਰੰਗ ਤੇ ਅਰਥ ਹੁੰਦੇ ਨੇ। ਸ਼ਿਅਰ ਸਹੀ ਅਰਥਾਂ ਵਿਚ ‘ਸ਼ਿਅਰ’ ਹੋਵੇ ਸਹੀ, ਉਹਦੇ ਅਰਥਾਂ ਦੀ ਵਿਆਖਿਆ ਕਰਨੀ ਡਾਢੀ ਮੁਸ਼ਕਿਲ ਹੁੰਦੀ ਹੈ। ਇਥੇ ਤਾਂ ਪੂਰਾ ‘ਦੀਵਾਨੇ-ਪ੍ਰੀਤ’ ਹੈ। ਇਹਦੇ ਸਮੁੱਚ ਨੂੰ ਮਹਿਸੂਸਿਆ ਤਾਂ ਜਾ ਸਕਦਾ ਏ, ਪਰ ਬਿਆਨਿਆ ਕਿਵੇਂ ਜਾ ਸਕਦਾ ਏ!
ਅਸੀਂ ਇਹ ਵੀ ਜਾਣਦੇ ਹਾਂ ਕਿ ਜਿਵੇਂ ਹਰੇਕ ਗਜ਼ਲ ਦਾ ਇਕ ਹਾਸਿਲੇ-ਗਜ਼ਲ ਸ਼ਿਅਰ ਹੁੰਦਾ ਹੈ, ਇੰਜ ‘ਦੀਵਾਨੇ-ਪ੍ਰੀਤ’ ਦਾ ‘ਹਾਸਿਲੇ-ਦੀਵਾਨ’ ਸ਼ਿਅਰ ਸ਼ੁਰੂ ਵਿਚ ਹੀ ਦਰਜ ਹੈ। ਇਹ ਸ਼ਿਅਰ ਪੂਰੇ ਦੀਵਾਨ ਵੱਲ ਖੁੱਲ੍ਹਦੀ ਛੋਟੀ ਜਿਹੀ ਖਿੜਕੀ ਹੈ, ਜਿਸ ਵਿਚੋਂ ਪ੍ਰੀਤ-ਕਾਵਿ ਦਾ ਤਰਦਾ ਜਿਹਾ ਨਜ਼ਾਰਾ ਲਿਆ ਜਾ ਸਕਦਾ ਹੈ।
ਉਂਕਾਰਪ੍ਰੀਤ ਕਵਿਤਾ ਦੀ ਆਤਮਾ ਨੂੰ ਪਛਾਣਦਾ ਵੀ ਹੈ ਤੇ ਉਸ ਨੂੰ ਸ਼ਾਇਰਾਨਾ ਅੰਦਾਜ਼ ਵਿਚ ਪ੍ਰਭਾਸ਼ਿਤ ਵੀ ਕਰਦਾ ਹੈ। ਇਸ ਸ਼ੁਰੂਆਤੀ ਸ਼ਿਅਰ ਦੇ ਸ਼ਬਦ ਹੀ ਉਹਦੀ ਕਾਵਿਕ ਸਮਝ ਦੀ ਗਵਾਹੀ ਦਿੰਦੇ ਨੇ,
ਜੇ ਛਾਂ ਚਾਹੀਏ ਸ਼ਬਦਾਂ ਕੋਲੋਂ,
ਆਪਣੀ ਛਾਂ ਦੇ ਸ਼ਬਦ ਬਣਾਈਏ।
ਸਫਰ ਵਿਚ ਪਏ ਰਾਹੀਆਂ, ਪਾਂਧੀਆਂ ਲਈ ਰਾਹ ਵਿਚਲੀ ‘ਛਾਂ’ ਵੱਡਾ ਆਸਰਾ ਹੁੰਦਾ ਹੈ। ਕੁਝ ਪਲ ਛਾਂਵੇਂ ਬੈਠ ਕੇ ਮੁਸਾਫਰ ਅਗਲੇ ਸਫਰ ਲਈ ਤਰੋਤਾਜ਼ਾ ਹੋ ਕੇ ਨਵੇਂ ਉਤਸ਼ਾਹ ਨਾਲ ਆਪਣੀ ਮੰਜ਼ਿਲ ਵੱਲ ਤੁਰਦਾ ਹੈ। ਕਵਿਤਾ ਜਾਂ ਸਾਹਿਤ ਵੀ ਪਾਠਕ ਲਈ ਛਾਂ ਬਣਦੇ ਨੇ, ਉਦੋਂ, ਜਦੋਂ ਉਹ ਜ਼ਿੰਦਗੀ ਦੇ ਦੁੱਖਾਂ-ਸੰਤਾਪਾਂ ਦਾ ਭਾਰ ਢੋ-ਢੋ ਕੇ ਮਾਨਸਿਕ ਤੌਰ ‘ਤੇ ਅੱਕ-ਥੱਕ ਜਾਂਦਾ ਹੈ। ਉਹ ਕਵਿਤਾ ਦੀ ਛਾਂਵੇਂ ਬੈਠਦਾ ਹੈ। ਉਸ ਛਾਂ ਵਿਚ ਆਪਣੇ ਦੁੱਖਾਂ-ਸੁੱਖਾਂ, ਭਾਵਾਂ-ਭਾਵਨਾਵਾਂ, ਤੋਟਾਂ-ਤ੍ਰਿਪਤੀਆਂ ਦਾ ਅਕਸ ਵੇਖਦਾ ਹੈ ਤਾਂ ਉਸ ਨੂੰ ਠੰਢਕ ਮਹਿਸੂਸ ਹੁੰਦੀ ਹੈ, ਰੂਹ ਨੂੰ ਤਾਜ਼ਗੀ ਮਿਲਦੀ ਹੈ। ਜ਼ਿੰਦਗੀ ਦੀ ਸਮਝ, ਜ਼ਿੰਦਗੀ ਨਾਲ ਮੋਹ ਤੇ ਜ਼ਿੰਦਗੀ ਜੀਣ ਦਾ ਉਤਸ਼ਾਹ ਮਿਲਦਾ ਹੈ। ਕਵਿਤਾ ਦੀ ਛਾਂ ਉਹਦੀ ਧਿਰ ਤੇ ਧਰਵਾਸ ਬਣਦੀ ਹੈ।
ਸ਼ਾਇਰ ਸ਼ਾਇਰਾਨਾ ਆਪੇ ਨੂੰ ਮੁਖਾਤਬ ਹੋ ਕੇ ਆਖਦਾ ਏ ਕਿ ਜੇ ਅਸੀਂ ਸ਼ਬਦਾਂ ਕੋਲੋਂ ਅਜਿਹੀ ਛਾਂ ਲੋੜਦੇ ਹਾਂ ਤਾਂ ‘ਆਪਣੀ ਛਾਂ’ ਦੇ ਸ਼ਬਦ ਬਣਾਉਣੇ ਪੈਣਗੇ। ‘ਆਪਣੀ ਛਾਂ ਦੇ ਸ਼ਬਦ’ ਬਣਾਉਣ ਦਾ ਭਾਵ ‘ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜਿਉ ਦਾ ਰੋਗ ਗਵਾਂਵਦਾ ਈ’ ਵਾਲੇ ਅਨੁਭਵ ਵਿਚੋਂ ਗੁਜ਼ਰਨ ਬਰਾਬਰ ਹੈ। ‘ਜਿਉ ਦਾ ਰੋਗ’ ਉਹੋ ਕਵਿਤਾ ਦੂਰ ਕਰ ਸਕਦੀ ਹੈ, ਜਿਹਨੂੰ ਸ਼ਾਇਰ ਆਪਣੀ ਦੇਹ-ਜਾਨ ‘ਤੇ ਹੱਡੀਂ-ਹੰਢਾਏ ਅਨੁਭਵ (ਆਪਣੇ ਚੰਮ ਦੀ ਜੁੱਤੀ ਸਿਉਣ ਵਾਂਗ) ‘ਚੋਂ ਕਸ਼ੀਦ ਕਰ ਕੇ ਕਾਗਜ਼ ‘ਤੇ ਉਤਾਰਦਾ ਹੈ। ਪ੍ਰਮਾਣਿਕ ਕਵਿਤਾ ਦੀ ਇਹੋ ਨਿਸ਼ਾਨੀ ਹੈ।
ਅਸੀਂ ਇਸ ਦੀਵਾਨ ਦੀ ਸ਼ਾਇਰੀ ਵਿਚੋਂ ਲੰਘਦਿਆਂ ਵੇਖਣਾ ਹੈ ਕਿ ਸਾਡੇ ਕਵੀ ਨੇ ਆਪਣੇ ਹਲਫੀਆ ਬਿਆਨ ਵਿਚ ਕਿੰਨਾ ਕੁ ਸੱਚ ਬੋਲਿਆ ਹੈ।
ਸ਼ਬਦ ਸਾਡੇ ਸਭਿਆਚਾਰ ਦਾ ਬਹੁਤ ਪਵਿੱਤਰ, ਅਰਥਵਾਨ ਤੇ ਅਹਿਮ ਅੰਗ ਹੈ, ਜਿਸ ਵਿਚ ਅਨੇਕਾਂ ਉਦਾਸੀਆਂ ਦਾ ਤਰਕ, ਜਜ਼ਬਾ ਤੇ ਆਤਮ-ਗਿਆਨ ਹੈ; ਬਲਦੀ ਧਰਤੀ ਨੂੰ ਆਪਣੀ ਰੱਤ ਦੇ ਛਿੱਟੇ ਮਾਰ ਕੇ ਬੁਝਾਉਣ ਦਾ ਉਦਮ ਹੈ; ਰਬਾਬ ਨਾਲ ਸਾਥ ਤੇ ਸੰਗਮ ਦਾ ਪ੍ਰਤੀਕ ਹੈ। ਸ਼ਬਦ ਸਾਡੇ ਸੁਹਜ, ਸਲੀਕੇ ਤੇ ਰੂਹ ਦੇ ਰੰਗਾਂ ਦਾ ਮੁਹਾਂਦਰਾ ਹੈ। ਸ਼ਬਦ ਬਿਨਾ ਸਭ ਹਨੇਰ ਹੈ। ਸ਼ਬਦ ਸੰਵਾਦ ਹੈ, ਸ਼ਬਦ ਹਸਰਤ ਹੈ, ਸ਼ਬਦ ਹਰਕਤ ਹੈ, ਸ਼ਬਦ ਹੁਸਨ ਹੈ, ਸ਼ਬਦ ਅੱਥਰੂਆਂ ਦਾ ਦਰਿਆ ਹੈ; ਸ਼ਬਦ ਬਿਜਲੀ ਦੀ ਲਿਸ਼ਕ ਹੈ, ਸ਼ਬਦ ਪਰਿਵਾਰ ਹੈ, ਸ਼ਬਦ ਸੰਸਾਰ ਹੈ। ਸ਼ਬਦ ਨਾਲ ਹੀ ਖੰਡ-ਬ੍ਰਹਿਮੰਡ ਹਨ। ਸ਼ਬਦ ਨਾਲ ਹੀ ਆਕਾਸ਼-ਪਾਤਾਲ ਹਨ।
ਸ਼ਬਦ ਦੀ ਛਾਂਵੇਂ ਬੈਠਣ ਲਈ, ਇਸ ਦਾ ਲਾਹਾ ਲੈਣ ਲਈ ਲੋੜ ਇਸ ਗੱਲ ਦੀ ਹੈ ਕਿ ਲੇਖਕ ਜਾਂ ਸ਼ਾਇਰ ਸ਼ਬਦ ਤੇ ਉਸ ਦੀ ਛਾਂ ਦੀ ਅਹਿਮੀਅਤ ਸਮਝਦਾ ਹੋਵੇ। ਸ਼ਬਦ ਨੂੰ ਠੀਕ ਤਰਤੀਬ ਵਿਚ ਜੋੜਨ, ਬੀੜਨ ਦਾ ਹੁਨਰ ਜਾਣਦਾ ਹੋਵੇ।
ਉਂਕਾਰਪ੍ਰੀਤ ਆਪਣੇ ਸ਼ਿਅਰਾਂ ਵਿਚ ਕਵਿਤਾ ਨੂੰ ਪ੍ਰਭਾਸ਼ਿਤ ਕਰਦਿਆਂ ਦੱਸਦਾ ਹੈ ਕਿ ਕਵਿਤਾ ‘ਧੁੱਪ ਵਿਚ ਸੜਦੇ’ ਪਾਠਕ ਲਈ ਛਾਂ ਹੈ, ਠੰਢ ਦੇਣ ਵਾਲੀ। ਕਥਾਰਸਿਸ ਕਰਦੀ। ਦੁਖ-ਸੁਖ, ਗਮ-ਖੁਸ਼ੀ, ਮੁਹੱਬਤ-ਨਫਰਤ, ਮੋਹ-ਵਿਦਰੋਹ, ਆਸ-ਨਿਰਾਸ ਜਿਹੇ ਅਹਿਸਾਸਾਂ ਨੂੰ ਜ਼ਬਾਨ ਦੇਣ ਵਾਲੀ। ਸ਼ਿਅਰ ਤਾਂ ਹੀ ਅਸਰ ਕਰੇਗਾ, ਜੇ ਉਹਦੀ ਜੜ੍ਹ ਧਰਤੀ ਦੇ ਧੁਰ ਵਿਚ ਹੋਵੇ। ਸ਼ਾਇਰ ਕਹਿੰਦਾ ਏ ਕਿ ਜਿਸ ਸ਼ਿਅਰ ਦੀ ਜੜ੍ਹ ਧਰਤੀ ਵਿਚ ਨਹੀਂ, ਉਹ ਬੇਝਿਜਕ ਵਰਕਿਆਂ ਵਿਚੋਂ ਕੱਟ ਦਿੱਤਾ ਜਾਣਾ ਚਾਹੀਦਾ ਹੈ।
ਉਂਕਾਰਪ੍ਰੀਤ ਦਾ ਮੰਨਣਾ ਏ ਕਿ ਸ਼ਾਇਰ ਦਾ ਧਰਮ ਕੇਵਲ ਕਵਿਤਾ ਲਿਖਣਾ ਹੀ ਨਹੀਂ ਹੁੰਦਾ, ਸਗੋਂ ਕਵਿਤਾ ਨੂੰ ਜੀਣਾ ਵੀ ਹੈ। ਜੇ ਕਵਿਤਾ ਜੀ ਨਹੀਂ ਸਕਦੇ ਤਾਂ ਲਿਖਣਾ, ਸੁਣਾਉਣਾ ਕਿਸ ਅਰਥ! ਕਵਿਤਾ ਜੀਣ ਦੀ ਖਾਹਿਸ਼ ਹੀ ਸ਼ਾਇਰ ਨੂੰ ਜਿੰਦਾ ਰੱਖ ਸਕਦੀ ਹੈ। ਅਜਿਹੀ ਕਵਿਤਾ ਹੀ ਬੰਦੇ ਦੇ ਜੀਣ ਨੂੰ ਥੀਣ ਦੇ ਅਰਥ ਸਮਝਾਉਂਦੀ ਹੈ। ਮਨ ਹੋਰ ਤੇ ਮੁੱਖ ਹੋਰ ਦਾ ਚਲਨ ਇਸ ਖੇਤਰ ਵਿਚ ਨਹੀਂ ਚੱਲਦਾ। ਜੇ ਕਵਿਤਾ ਨੂੰ ਜ਼ਿੰਦਗੀ ਦੀ ਚਾਲ ਢਾਲ ਨਹੀਂ ਬਣਾ ਸਕਦੇ ਤਾਂ ਤੁਸੀਂ ਰਿਵਾਜਨ ਹੀ ਕਵਿਤਾ ਲਿਖ ਰਹੇ ਹੋ। ਨੌਕਰੀ ਵੀ ਕਰ ਰਹੇ ਓ, ਸ਼ਿਅਰ ਵੀ ਕਹੀ ਜਾ ਰਹੇ ਓ। ਅਜਿਹੀ ਸ਼ਾਇਰੀ ਤੁਹਾਡੀ ਰੂਹ ਦਾ ਰੰਗ ਨਹੀਂ ਬਣਦੀ। ਅਜਿਹੀ ਸ਼ਾਇਰੀ ਜੁਮਲੇਬਾਜ਼ੀ ਜਾਂ ਫਿਕਰੇਬਾਜ਼ੀ ਤਾਂ ਹੋ ਸਕਦੀ ਹੈ, ਹੋਰ ਕੁਝ ਨਹੀਂ। ਅਜਿਹੇ ਸ਼ਾਇਰ ਸ਼ੁਹਰਤ ਤੇ ਸੋਭਾ ਲਈ ਲਿਖਦੇ ਨੇ; ਤਮਗਿਆਂ ਲਈ ਲਿਖਦੇ ਨੇ।
ਅਫਸੋਸ! ਜ਼ਮਾਨਾ ਇਸ ਜੀਣੇ ਨੂੰ ਜੀਣਾ ਕਹਿੰਦਾ ਹੈ,
ਜਿਸ ਵਿਚ ਆਪਣੇ ਦਿਲ ਨੂੰ ਵੀ ਚੋਰੀ ਮਿਲਣਾ ਪੈਂਦਾ ਹੈ।
ਇਹ ਠੀਕ ਹੈ ਕਿ ਉਂਕਾਰਪ੍ਰੀਤ ਮੁਤਾਬਕ ਅਸਲੀ ਸ਼ਾਇਰ ਉਹ ਹੈ, ਜੋ ਲੋਕਾਂ ਦੇ ਦੁੱਖ-ਸੁੱਖ ਤੇ ਧਰਤੀ ਦੇ ਪੁੱਤਾਂ ਦੀ ਬਾਤ ਪਾਉਂਦਾ ਹੈ। ਪਰ ਇਹ ਬਾਤ ਤਾਂ ਲੇਖਾਂ ਤੇ ਭਾਸ਼ਣਾਂ ਵਿਚ ਵੀ ਪਾਈ ਜਾ ਸਕਦੀ ਹੈ। ਜੇ ਇਹ ਬਾਤ ਕਵਿਤਾ ਵਿਚ ਪਾਉਣੀ ਹੈ ਤਾਂ ਉਹਦੀ ਪਹਿਲੀ ਸ਼ਰਤ ‘ਕਵਿਤਾ ਹੋਣਾ’ ਹੈ। ਸ਼ਾਇਰ ਦੀ ਆਤਮਾ ਵਿਚ ਸ਼ਾਇਰੀ ਦਾ ਘੁਲਣਾ ਲਾਜ਼ਮੀ ਹੈ। ਸ਼ਾਮ ਵੇਲੇ ਜਿਵੇਂ ਸੂਰਜ ਦਾ ਰੰਗ ਸੁਰਮਈ ਸ਼ਾਮ ਵਿਚ ਘੁਲ ਕੇ ਅਸਮਾਨ ਨੂੰ ਕੇਸਰੀ ਰੰਗ ਵਿਚ ਰੰਗ ਦਿੰਦਾ ਏ, ਇੰਜ ਹੀ ਸ਼ਾਇਰ ਤੇ ਸ਼ਾਇਰੀ, ਵਿਚਾਰ ਤੇ ਕਲਾ ਆਪਸ ਵਿਚ ਘੁਲ ਕੇ ਰੂਹਾਂ ਨੂੰ ਕੇਸਰੀ ਰੰਗ ਵਿਚ ਰੰਗਣ ਦਾ ਕਾਰਜ ਕਰਦੇ ਹਨ,
ਸ਼ਾਮ ਵਿਚ ਘੁਲਦਾ ਹੈ ਸੂਰਜ ਇਸ ਤਰ੍ਹਾਂ,
ਸ਼ਾਇਰੀ ਵਿਚ ਕੋਈ ਸ਼ਾਇਰ ਜਿਸ ਤਰ੍ਹਾਂ।
ਸੱਚੇ ਸ਼ਾਇਰ ਨੂੰ ਜਦੋਂ ਅਜਿਹਾ ਸ਼ਿਅਰ ਸੁੱਝਦਾ ਹੈ ਤਾਂ ਅਜਿਹੀ ਖੁਸ਼ੀ ਹੁੰਦੀ ਹੈ, ਜਿਵੇਂ ਪਰਵਾਸੀ ਨੂੰ ਰਹਿਣ ਲਈ ਥਾਂ ਜੁੜ ਗਈ ਹੋਵੇ।
ਸ਼ਾਇਰ ਦਾ ਇਹ ਵੀ ਮੰਨਣਾ ਏ ਕਿ ਨਾ ਪਰਵਾਸ (ਮਿੱਪਲ) ਦੀ ਨਾ ਮੂਲ-ਵਾਸ (ਪਿੱਪਲ) ਦੀ ਛਾਂ ਸੁਖ ਦਿੰਦੀ ਹੈ। ਅਸਲੀ ਸੁਖ ਆਪਣੀ ਛਾਂ ਦਾ ਸੁਖ ਹੈ। ਸਵੈ ਚਿੰਤਨ, ਆਤਮ ਗਿਆਨ ਹੀ ਬੰਦੇ ਲਈ ਅਸਲੀ ਛਾਂ ਹੈ। ਇੰਜ ਉਹ ਕਵਿਤਾ ਨੂੰ ਗਹਿਰੇ ਧਰਾਤਲ ‘ਤੇ ਲੈ ਜਾਂਦਾ ਹੈ।
ਇਸੇ ਗਹਿਰਾਈ ਵਿਚੋਂ ਉਹ ਆਪਣਾ ਸੁਪਨਾ ਤੇ ਆਦਰਸ਼ ਤਲਾਸ਼ਦਾ ਹੈ। ਉਹਦਾ ਸੁਪਨਾ ਨਾਨਕ ਹੋਣਾ ਹੈ, ਬੁੱਧ ਹੋਣਾ ਹੈ। ਇਹ ਆਪਣੇ ਆਪ ਵਿਚ ਵੱਡੀ ਗੱਲ ਹੈ। ਲੋਕ ਤਾਂ ਅੱਜ ਵੀ ਕਹਿੰਦੇ ਹਨ, ‘ਬਾਬਾ! ਤੂੰ ਆ ਜਾਹ। ਸਾਡੇ ਦੁੱਖਾਂ ਦਾ ਨਿਵਾਰਣ ਕਰ।’ ਪਰ ਉਹ ਇਹ ਨਹੀਂ ਕਹਿੰਦੇ ਜਾਂ ਸੋਚਦੇ ਕਿ ਮਹਾਤਮਾ ਬੁੱਧ ਜਾਂ ਬਾਬਾ ਨਾਨਕ ਖੁਦ ਵੀ ਤਾਂ ਹੋਇਆ ਜਾ ਸਕਦਾ ਹੈ। ਉਹ ਪਹਿਲਾਂ ਹੀ ਅਪਹੁੰਚ ਬਣਾ ਦਿੱਤੇ ਜਾਂਦੇ ਨੇ। ਜਿਹੜੇ ਅਪਹੁੰਚ ਨੇ, ਉਨ੍ਹਾਂ ਤੱਕ ਪਹੁੰਚਣ ਦਾ ਯਤਨ ਵੀ ਕੀ ਕਰਨਾ ਹੋਇਆ! ਸੋ ਆਦਰਸ਼ ਤੇ ਸੁਪਨੇ ਵਿਚ ਪਾੜਾ ਬਣਿਆ ਹੀ ਰਹਿੰਦਾ ਹੈ। ਪਰ ਸਾਡਾ ਸ਼ਾਇਰ ਅਪਹੁੰਚ ਤੱਕ ਪਹੁੰਚਣ ਦਾ ਹੌਸਲਾ ਵੀ ਰੱਖਦਾ ਹੈ ਤੇ ਸਮਝ ਵੀ।
ਉਂਕਾਰਪ੍ਰੀਤ ਸਿਰਫ ਸੁਪਨਾ ਹੀ ਨਹੀਂ ਲੈਂਦਾ, ਉਹਦੀ ਪੂਰਤੀ ਲਈ ਰਾਹ ਵੀ ਸੁਝਾਉਂਦਾ ਹੈ। ਮਸਲਨ ਸਵੈ-ਚਿੰਤਨ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਆਪਣੇ ਲਾਗੇ ਹੋ ਕੇ ਵੇਖਣ ਦੀ ਲੋੜ ਹੈ। ਇਹ ਤਾਂ ਹੀ ਹੋ ਸਕਦਾ ਹੈ, ਜੇ ਆਪਣੀ ਪਛਾਣ, ਆਪਣੀ ਮੈਂ ਨੂੰ ਗਵਾਓਗੇ। ਅੰਦਰ ਨੂੰ ਖਾਲੀ ਕਰੋਗੇ ਤਾਂ ਹੀ ਨਵਾਂ ਕੁਝ ਅੰਦਰ ਦਾਖਲ ਹੋਵੇਗਾ,
ਮੀਚ ਕੇ ਅੱਖਾਂ ਅਤੇ ਲਬਾਂ ਨੂੰ ਢੋਅ ਕੇ ਵੇਖੋ,
ਵਿਹਲ ਮਿਲੇ ਤਾਂ ਆਪਣੇ ਲਾਗੇ ਹੋ ਕੇ ਵੇਖੋ।
ਇਸ ਸੁਪਨੇ ਨੂੰ ਪਾਉਣ ਲਈ ਉਹਦੀ ਸ਼ਾਇਰੀ ਦਾ ਕੇਂਦਰੀ ਸੂਤਰ ਮੁਹੱਬਤ ਤੇ ਪ੍ਰੀਤ ਹੈ। ਪ੍ਰੀਤ ਵੀ ਅਜਿਹੀ ਜਿਸ ਵਿਚ ਦੀਵਾਨਾਪਨ ਵੀ ਹੋਵੇ ਤੇ ਪ੍ਰਵਾਨਾਪਨ ਵੀ। ਅਜਿਹੀ ਮੁਹੱਬਤੀ ਦੀਵਾਨਗੀ ਵਿਅਕਤੀ ਲਈ ਵੀ ਹੈ, ਲੋਕਤਾ ਲਈ ਵੀ। ਪ੍ਰਵਾਨਾਪਨ ਹੈ, ਸਪਰਪਣ ਭਾਵਨਾ। ਅਜਿਹੀ ਅਵਸਥਾ ਵਿਚ ਹਰ ਚਿਹਰੇ ਵਿਚੋਂ ਆਪਣਾ ਚਿਹਰਾ ਦਿਸਣ ਲੱਗਦਾ ਹੈ। ਰਾਂਝਾ ਰਾਂਝਾ ਕਰਦਿਆਂ ਬੰਦਾ ਖਦ ਰਾਂਝਾ ਹੋ ਜਾਂਦਾ ਹੈ। ਇਹ ਮੁਹੱਬਤ ਪ੍ਰੇਮੀ ਨਾਲ ਵੀ, ਪਰਿਵਾਰ ਨਾਲ ਵੀ, ਸਮਾਜ ਨਾਲ ਵੀ ਤੇ ਪ੍ਰਕਿਰਤੀ ਨਾਲ ਵੀ ਹੈ। ਪੌਣ, ਪਾਣੀ, ਧਰਤ ਉਹਦੇ ‘ਨਾਨਕੀ ਏਜੰਡੇ’ ਉਤੇ ਰਹਿੰਦੇ ਨੇ,
ਧਰਤੀ ਅੰਬਰ ਜਦ ਵਿਛੜੇ ਸਨ,
ਦੁਨੀਆਂ ‘ਤੇ ਦੁੱਖ-ਸੁੱਖ ਬਣੇ ਸਨ।
ਨੈਣ ਸਜਨ ਦੇ ਤੇ ਲਬ ਦਸਦੇ,
ਸਾਗਰ ਤੇ ਫੁੱਲ ਕਿੰਜ ਬਣੇ ਸਨ।
ਉਹਦੀ ਕਵਿਤਾ ਦਾ ਇਕ ਹੋਰ ਅਹਿਮ ਚਿਹਨ ਹੈ, ਘਰ। ਘਰ ਕੰਧਾਂ ਨੂੰ ਨਹੀਂ ਕਹਿੰਦੇ। ਕੰਧਾਂ ਨੂੰ ਅਲਵਿਦਾ ਕਹਿਣ ਨਾਲ ਕੋਈ ਬੇਘਰਾ ਨਹੀਂ ਹੁੰਦਾ। ਬਹੁਤੀ ਵਾਰ ਪੱਥਰਾਂ ਦੀ ਛੱਤ ਵਿਚ ਸੁਪਨੇ ਘੁੱਟ ਕੇ ਮਰ ਜਾਂਦੇ ਨੇ,
ਚਹੁੰ ਕੰਧਾਂ ਤੇ ਛੱਤ ਘਰ ਨਹੀਂ ਹੁੰਦਾ।
ਹਰ ਇਕ ਦਰਵਾਜਾ ਦਰ ਨਹੀਂ ਹੁੰਦਾ।
—
ਥਮਲਾ ਬਣ ਕੇ ਪੱਥਰਾਂ ਦੀ ਛੱਤ ਦਾ
ਖਾਬ ਇਕ, ਘਰ ਦਾ, ਘੁਟ-ਘੁਟ ਕੇ ਮਰ ਗਿਆ।
ਕੰਧਾਂ ਨੂੰ ਕਹੀ ਉਸ ਨੇ ਅਲਵਿਦਾ
ਲੋਕੀਂ ਕਹਿਣ ਉਹ ਘਰ ਨਹੀਂ ਪਰਤਿਆ।
ਘਰ ਉਦੋਂ ਬਣਦਾ ਹੈ, ਜਦੋਂ ਘਰ ਵਿਚ ਹਾਸੇ-ਖੇੜੇ ਹੋਣ। ਕਿਲਕਾਰੀਆਂ ਹੋਣ। ਜ਼ਿੰਦਗੀ ਧੜਕਦੀ ਹੋਵੇ,
ਚੌਂਹ ਰੁੱਤਾਂ ‘ਤੇ ਜਸ਼ਨ ਦੀ ਛੱਤ, ਪਾ ਕੇ ਦੇਖੋ।
ਇਸ ਤਰ੍ਹਾਂ ਦਾ ਵੀ ਕੋਈ ਘਰ ਬਣਾ ਕੇ ਦੇਖੋ।
ਉਹਦਾ ਸੁਪਨਾ ਹਰੇਕ ਦੇ ਦਿਲ ਵਿਚ ਘਰ ਕਰ ਜਾਣ ਦੀ ਰੀਝ ਵੀ ਹੈ। ਅਸੀਂ ਦੁਨਿਆਵੀ ਘਰਾਂ ਦੀ ਨਿੱਜ-ਲਾਲਸਾ ਤੋਂ ‘ਬੇਘਰ’ ਹੋ ਕੇ ਹੀ ਹਰੇਕ ਦੇ ਦਿਲ ਵਿਚ ਪੁੱਜ ਸਕਦੇ ਹਾਂ। ਜਿਵੇਂ ਨਾਨਕ ਤੇ ਬੁੱਧ ਪਹੁੰਚੇ ਸਨ।
ਪਰ ਇਨ੍ਹਾਂ ਘਰਾਂ ਨੂੰ ਘਰ ਬਣਨੋ ਕੌਣ ਰੋਕਦਾ ਹੈ? ਇਹਦੇ ਅਨੇਕਾਂ ਵਿਸਥਾਰ ਉਹਦੀ ਕਵਿਤਾ ਵਿਚ ਪਏ ਹਨ, ਜਿਨ੍ਹਾਂ ਵਿਚੋਂ ਕੁਝ ਇਕ ਦਾ ਹੀ ਸੰਕੇਤਕ ਜ਼ਿਕਰ ਕੀਤਾ ਜਾ ਸਕਦਾ ਹੈ।
(A) ਅਜ਼ਨਬੀਅਤ-ਬੇਗਾਨਗੀ: ਜਿਸ ਦਰਵਾਜੇ ‘ਤੇ ਜਾਂਦੇ ਹਾਂ ਅੱਗੋਂ ਇਨਸਾਨ ਨਹੀਂ ‘ਮਕਾਨ’ ਜੀ ਆਇਆਂ ਆਖਦੇ ਨੇ।
(ਅ) ਦੋਸਤੀ ਦਾ ਰਿਸ਼ਤਾ ਵੀ ਅਜ਼ਨਬੀ ਹੋਂਦ ਅਖਤਿਆਰ ਕਰ ਗਿਆ ਹੈ। ਦੋਸਤੀ ਲੋੜ ਦੀ ਥਾਂ ਅਹਿਸਾਸ ਦੀ ਹੋਵੇਗੀ ਤਾਂ ਹੀ ਜ਼ਿੰਦਗੀ ਬਣੇਗੀ।
(e) ਨਿੱਜੀ ਰਿਸ਼ਤੇ: ਜਦ ਨਿੱਜੀ ਰਿਸ਼ਤੇ ਵੀ ਬਘਿਆੜਾਂ ਵਰਗੇ ਬਣ ਜਾਣ ਤਾਂ ਇਨ੍ਹਾਂ ਵਿਚ ਫਸਿਆ ਬੰਦਾ ਲੇਲੇ ਵਾਂਗ ਮਹਿਸੂਸ ਕਰਦਾ ਹੈ। ਘਰ ਦਿਆਂ ਹੱਥੋਂ ਘਰ ਦੇ ਮਰ ਰਹੇ ਨੇ।
(ਸ) ਮਾੜੇ ਰਾਹਬਰ: ਜਿਨ੍ਹਾਂ ਪਿੱਛੇ ਅਸੀਂ ਖੋਪੇ ਲਾ ਕੇ ਤੁਰੇ ਰਹਿੰਦੇ ਹਾਂ, ਜਿਹੜੇ ਅਸਲ ਵਿਚ ਰਾਹਜ਼ਨ ਨੇ। ਜਦ ਰਾਹਬਰ ਚੰਗੇ ਹੋਣਗੇ, ਤਦ ਹੀ ਜ਼ਿੰਦਗੀ ਦੀ ਭਟਕਣ ਦੂਰ ਹੋਵੇਗੀ।
(ਹ) ਮਾੜੀ ਸਿਆਸਤ: ਮੁਖਬਰਾਂ ਦੇ ਖਾਨਦਾਨ ਕੁਰਸੀਆਂ ‘ਤੇ ਬੈਠ ਜਾਣ ਤਾਂ ਲੋਕਾਂ ਦਾ ਭਲਾ ਕਿਸ ਨੇ ਕਰਨਾ ਹੋਇਆ?
ਸਿਆਸਤ ਦੀ ਗੱਲ ਕਰਦਿਆਂ ਉਹ ਸਾਮਰਾਜੀ ਤਾਕਤਾਂ ਵੱਲ ਵੀ ਸੰਕੇਤ ਕਰਦਾ ਹੈ, ਜੋ ਜਾਹਰਾ ਤੌਰ ‘ਤੇ ‘ਅਮਨ ਦੀ ਘੁੱਗੀ’ ਉਡਾਉਂਦੀਆਂ ਨੇ, ਪਰ ਹਕੀਕਤ ਵਿਚ ‘ਹੱਡਾਰੋੜੀਆਂ’ ਬਣਾਉਂਦੀਆਂ ਨੇ।
(ਕ) ਸ਼੍ਰੇਣੀ ਵੰਡ: ਜਦ ਤੱਕ ਮਹਿਲਾਂ ਤੋਂ ਝੁੱਗੀਆਂ ਦੇ ਗੀਤ ਉਚੇ ਨਹੀਂ ਹੁੰਦੇ, ਤਦ ਤੱਕ ਲੋਕਾਂ ਦਾ ਭਲਾ ਨਹੀਂ ਹੋਣਾ।
(ਖ) ਮਜ਼੍ਹਬ: ਜਿਹੜੇ ਲੋਕਾਂ ਦੀ ਹੋਸ਼ ਖੋਹ ਲੈਂਦੇ ਨੇ। ਜਿੱਥੇ ਕਾਣੇ ਗੁਰੂ ਤੇ ਅੰਨ੍ਹੇ ਭਗਤ। ਦਰਬਾਰ ਸਾਹਿਬ ਵਿਚ ਖਿਦਰਾਣੇ ਦੀ ਢਾਬ ‘ਤੇ ਪਿੱਠ ਦੇਣ ਵਾਲੇ ਬੈਠੇ।
ਇੰਜ ਉਹਦੀ ਕਵਿਤਾ ਦਾ ਕਲਾਵਾ ਬਹੁਤ ਮੋਕਲਾ ਹੈ। ਇਸ ਕਵਿਤਾ ਦੀ ਜ਼ਮੀਨ ਨਾਲ ਰਿਸ਼ਤਗੀ ਵੀ ਤੇ ਅਸਮਾਨ ਨਾਲ ਦੋਸਤੀ ਵੀ।
ਪਤਾਲ ਦੀ ਧਰਤੀ ਨਾਲ ਦੂਹਰੇ ਰਿਸ਼ਤੇ ਨੂੰ ਬਿਆਨ ਕਰਦਿਆਂ ਉਹ ‘ਮਿੱਪਲ’ ਤੇ ‘ਪਿੱਪਲ’ ਦਾ ਰੂਪਕ ਵਰਤਦਾ ਹੈ। ਮੇਪਲੀ ਧੁੱਪ ਦੀ ਕਿਤਾਬ ਜਦੋਂ ਪਿੱਪਲੀ ਧੁੱਪ ਵਿਚ ਛਪਦੀ ਹੈ ਤਾਂ ਉਹ ਸਮਝਦਾ ਹੈ ਕਿ ਪਤਝੜਾਂ ਵਿਚ ਇਕ ਹੋਰ ਮਿੱਪਲ ਡਾਲੀ ਡਾਲੀ ‘ਤੇ ਖਿੜ ਉਠਦਾ ਹੈ। ਉਹਦਾ ਪਾਠਕ ਪਿੱਪਲ ਧਰਤੀ ‘ਤੇ ਹੈ, ਇਸੇ ਲਈ ਕਿਤਾਬ ਉਥੇ ਛਪਦੀ ਹੈ, ਪਰ ਮਿੱਪਲ ਦੀ ਪਤਝੜ, ਪਰਵਾਸ ਦੇ ਅਨੁਭਵ ਦੇ ਰੰਗ ਵੀ ਉਸ ਵਿਚ ਖਿੜ ਪੈਂਦੇ ਨੇ।
ਪਰ ਪਿੱਪਲ ਦੀ ਧਰਤੀ ਪੰਜਾਬ ਦਾ ਦਰਦ ਵੀ ਉਹਦੇ ਅੰਗ-ਸੰਗ ਤੁਰਦਾ ਰਹਿੰਦਾ ਹੈ। ਇਕ ਪੂਰੀ ਮੁਸੱਲਸਲ ਗਜ਼ਲ (ਪੰਨਾ 97) ਪੰਜਾਬ ਦੇ ਗੁਲਾਬੀ ਰੂਪ ਦੇ ਗੁੰਮਦੇ ਗਵਾਚਦੇ ਸਰੂਪ ਦੀ ਪੀੜਾ ਦਾ ਬਿਆਨ ਹੈ। ਉਸ ਦੀ ਪੱਗ ਉਹਦੇ ਪੁੱਤਾਂ ਨੇ ਹੀ ਰੋਲ ਛੱਡੀ ਹੈ। ਤਖਤੇ ‘ਤੇ ਬੇਕਸੂਰ ਤੇ ਤਖਤ ‘ਤੇ ਦੋਸ਼ੀ ਬੈਠੇ ਨੇ। ਵੰਝਲੀ ਤੇ ਰਬਾਬ ਦੀਆਂ ਸੁਰਾਂ ਉਸ ਚੀਕ ਭਰੇ ਹਾਸੇ ਵਿਚ ਗਵਾਚ ਗਈਆਂ ਨੇ, ਜੋ ਚੀਕ ਇਕ ਬਾਪ ਆਪਣੇ ਪੁੱਤ ਦੀ ਮੌਤ ਦੇ ਮੁਆਵਜ਼ੇ ਦਾ ਚੈੱਕ ਵੇਖ ਕੇ ਮਾਰਦਾ ਹੈ।
ਪਰ ਇਹ ਵੀ ਸੱਚ ਹੈ ਕਿ ਇਹ ਕਿਤਾਬ ‘ਪਰਵਾਸੀ ਸਾਹਿਤ’ ਦੇ ਜੁਮਰੇ ਵਿਚ ਨਹੀਂ ਆਉਂਦੀ। ਇਹ ਮੁੱਖ-ਧਾਰਾ ਦੀ ਸ਼ਾਇਰੀ ਹੈ। ਇਹਦਾ ਪਾਠਕ ਤੇ ਸਰੋਕਾਰ ਸਮੁੱਚੇ ਸੰਸਾਰ ਵਿਚ ਵੱਸਦੇ ਪੰਜਾਬੀ ਹਨ।
ਬੇਸ਼ੱਕ ਸੰਸਾਰ ਵਿਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ, ਜੋ ਸ਼ਾਇਰ ਦੀਆਂ ਇਛਾਵਾਂ ਦੇ ਅਨੁਕੂਲ ਨਹੀਂ। ਪਰ ਉਹ ਆਸ ਦਾ ਪੱਲਾ ਨਹੀਂ ਛੱਡਦਾ। ਆਸ਼ਾਵਾਦ ਉਹਦੀ ਸਭ ਤੋਂ ਵੱਡੀ ਟੇਕ ਹੈ। ਭਾਵੇਂ ਉਹ ਜਾਣਦਾ ਹੈ ਕਿ ਸੱਚ ਦੇ ਰਾਹ ਤੁਰਨ ‘ਤੇ ਜ਼ਿੰਦਗੀ ਨੂੰ ਕਵਿਤਾ ਵਰਗੀ ਬਣਾਉਣ ਲਈ ਮਨਸੂਰ ਜਾਂ ਸੁਕਰਾਤ ਵੀ ਬਣਨਾ ਪੈਣਾ, ਪਰ ਉਹਦਾ ਅਟੱਲ ਵਿਸ਼ਵਾਸ ਹੈ ਕਿ ਸੱਚ ਨੇ ਮਰਨਾ ਨਹੀਂ। ਇਸ ਸਫਰ ‘ਤੇ ਤੁਰਨ ਲਈ ਸਾਰੇ ਪੂਰਵ-ਆਗ੍ਰਹਿਆਂ ਤੋਂ ਮੁਕਤ ਹੋਣਾ ਪਵੇਗਾ। ਆਪਣੇ ਸਫਰ ‘ਤੇ ਬੰਦੇ ਨੇ ਆਪ ਹੀ ਤੇ ਆਪਣੇ ਭਰੋਸੇ ‘ਤੇ ਹੀ ਤੁਰਨਾ ਹੈ। ਬਿਗਾਨੇ ਖੰਭਾਂ ਨਾਲ ਉਡਾਣ ਨਹੀਂ ਭਰੀ ਜਾ ਸਕਦੀ। ਨਾ ਹੀ ਸਫਰ ‘ਤੇ ਤੁਰਨ ਤੋਂ ਪਹਿਲਾਂ ਕਿਸੇ ਅਣ-ਦਿਸਦੇ ਰੱਬ ਅੱਗੇ ਅਰਦਾਸ ਕਰਨ ਦੀ ਲੋੜ ਹੈ। ਸਵੈ-ਮਾਣ, ਸਵੈ-ਭਰੋਸਾ ਤੇ ਹੋਰਨਾਂ ਸੰਗ ਹੱਥ ਨਾਲ ਹੱਥ ਮਿਲਾ ਕੇ ਤੁਰਨ ਦੀ ਜਾਚ ਹੀ ਜ਼ਿੰਦਗੀ ਦੇ ਸਫਰ ਦਾ ਹਾਸਲ ਹੈ,
ਨ ਮੰਜ਼ਿਲ ਨ ਰਸਤਾ, ਨ ਰਹਿਬਰ ਹੈ ਕੋਈ।
ਹੁਣ ਅਸਲੀ, ਸਫਰ ਦੀ ਸ਼ੁਰੂਆਤ ਹੈ ਹੋਈ।
—
‘ਕੱਲ੍ਹੇ ‘ਕੱਲ੍ਹੇ ਦਾ ਹੈ ਹਰ ਇਕ ਕਾਫਲਾ।
ਹਮਸਫਰ ਜੇ ਹੈ ਕੋਈ ਤਾਂ ਫਾਸਲਾ।
ਦਿਲ ਤੋਂ ਸਿਰ ਤਾਂ ਦੋ ਕੁ ਹੱਥ ਦੀ ਵਿੱਥ ‘ਤੇ
ਸਿਰ ਤੇ ਦਿਲ ਤੋਂ ਉਮਰੋਂ ਲੰਮਾ ਫਾਸਲਾ।
—
ਸਿਰ ਉਠੇ, ਜਿਸ ਵਿਚ ਮਿਲੇ ਅੱਖ, ਹੱਥ ਵਧੇ,
ਹਾਂ ਅਸੀਂ ਤਾਂ ਕਾਇਲ ਉਸ ਅਰਦਾਸ ਦੇ।
ਵੇਖਿਆ ਜਾ ਸਕਦਾ ਹੈ ਕਿ ਉਹਦੇ ਸ਼ਿਅਰਾਂ ਵਿਚ ਕਲਾਤਮਕ ਪੁਖਤਗੀ ਦੇ ਨਾਲ-ਨਾਲ ਦਾਰਸ਼ਨਿਕ ਡੂੰਘਾਈ ਵੀ ਹੈ।
ਅਸੀਂ ਜਾਣਦੇ ਹਾਂ ਕਿ ਸ਼ਬਦ ਦੀ ਅਜ਼ਮਤ ਪਛਾਣੇ ਬਿਨਾ ਕੋਈ ਸ਼ਾਇਰ ਨਹੀਂ ਬਣ ਸਕਦਾ। ਸ਼ਬਦਾਂ ਦੇ ਹੁਸਨ ਤੇ ਬਹੁ-ਰੰਗਤਾ ਨੂੰ ਪਛਾਣਨਾ ਤੇ ਉਨ੍ਹਾਂ ਨੂੰ ਠੀਕ ਤਰਤੀਬ ਵਿਚ ਇਸ ਅੰਦਾਜ਼ ਵਿਚ ਜੋੜਨਾ-ਬੀੜਨਾ ਕਿ ਸਤਰਾਂ ਵਿਚੋਂ ਕਾਵਿਕ ਜਲੌਅ ਦਘ-ਮਘ ਉਠੇ, ਸੱਚੇ ਸ਼ਾਇਰ ਦੀ ਪਛਾਣ ਹੈ। ਉਂਕਾਰਪ੍ਰੀਤ ਸ਼ਬਦਾਂ ਨੂੰ ਟੁਣਕਾਉਣਾ-ਵਜਾਉਣਾ ਅਤੇ ਸਹਿਲਾਉਣਾ ਤੇ ਗਾਉਣਾ ਜਾਣਦਾ ਹੈ। ਉਹ ਸ਼ਬਦਾਂ ਦੇ ਰੰਗਾਂ ਰਸਾਂ ਨੂੰ ਹੀ ਨਹੀਂ ਪਛਾਣਦਾ, ਸਗੋਂ ਕੁਝ ਨਵੇਂ ਸ਼ਬਦਾਂ ਦੀ ਸਿਰਜਣਾ ਵੀ ਕਰਦਾ ਹੈ। ਮਸਲਨ ਅਸੀਂ ਪਤਵੰਤੇ ਸ਼ਬਦ ਤਾਂ ਵਰਤਦੇ ਹਾਂ ਪਰ ਘਰਵੰਤੇ ਸ਼ਬਦ ਪਹਿਲੀ ਵਾਰ ਪੜ੍ਹਿਆ ਹੈ। ਇੰਜ ਹੀ ਬਹੁ-ਮੱਤ ਤਾਂ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਪਰ ‘ਦਿਲਮੱਤ’ ਸ਼ਬਦ ਉਂਕਾਰਪੀ੍ਰਤ ਦੀ ਸਿਰਜਣਾ ਹੈ।
ਵਿਅੰਗ ਉਹਦੀ ਕਵਿਤਾ ਦਾ ਵੱਡਾ ਹਥਿਆਰ ਹੈ। ਕਿਤੇ ਇਹ ਵਿਅੰਗ ਬੜੇ ਸੂਖਮ ਧਰਾਤਲ ‘ਤੇ ਨਜ਼ਰ ਆਉਂਦਾ ਹੈ ਤੇ ਕਿਤੇ ਬੜੇ ਉਗਰ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ।
ਅਸੀਂ ਵੇਖਦੇ ਹਾਂ ਕਿ ਉਂਕਾਰਪ੍ਰੀਤ ਦੀ ਕਵਿਤਾ ਵਿਚ ਸਥਾਨਕ ਸਰੋਕਾਰਾਂ ਤੋਂ ਲੈ ਕੇ ਵਿਸ਼ਵ ਤੱਕ ਦੇ ਸਰੋਕਾਰ ਕਲਾਵੇ ਵਿਚ ਲਏ ਦ੍ਰਿਸ਼ਟੀਗੋਚਰ ਹੁੰਦੇ ਹਨ। ਬਾਬੇ ਨਾਨਕ ਦਾ ਪੁੱਤ ਬਣ ਕੇ ਉਹ ਜਲ-ਬਲ ਰਹੀ ਸਾਰੀ ਧਰਤੀ ਦੇ ਦੁੱਖਾਂ-ਸੰਤਾਪਾਂ ‘ਤੇ ਮਲ੍ਹਮ ਲਾਉਣੀ ਲੋੜਦਾ ਹੈ। ਘਰ-ਪਰਿਵਾਰ ਤੋਂ ਲੈ ਕੇ ਸੰਸਾਰ ਦੀ ਸਿਆਸਤ ਉਹਦੀ ਕਵਿਤਾ ਵਿਚ ਸੁਹਜੀਲੇ ਬਿੰਬਾਂ ਵਿਚ ਢਲ ਕੇ ਰੂਪਮਾਨ ਹੁੰਦੀ ਹੈ।
ਉਂਕਾਰਪ੍ਰੀਤ ਉਲਫਤ ਬਾਜਵਾ ਦਾ ਸ਼ਾਗਿਰਦ ਰਿਹਾ ਹੈ। ਉਸਤਾਦ ਦੇ ਅੰਦਾਜ਼ ਦਾ ਉਹਦੇ ਕਾਵਿਕ ਮੁਹਾਵਰੇ ‘ਤੇ ਅਸਰ ਹੋਣਾ ਲਾਜ਼ਮੀ ਹੈ। ਇਹੋ ਕਾਰਨ ਹੈ ਕਿ ਉਹਦੀਆਂ ਕੁਝ ਇਕ ਗਜ਼ਲਾਂ ਵਿਚੋਂ ਬਾਜਵਾ ਬੋਲਦਾ ਲੱਗਦਾ ਹੈ। ਭਾਵੇਂ ਕਿ ਇਹ ਗਿਣਤੀ ਵਿਚ ਐਵੇਂ ਦੋ-ਚਾਰ ਹੀ ਹਨ। ਆਪਣੀ ਲਿਖਤ ਵਿਚ ਲੇਖਕ ‘ਆਪ ਹੀ’ ਦਿਸਣਾ ਤੇ ਬੋਲਣਾ ਚੰਗਾ ਲੱਗਦਾ ਹੈ। ਇਸ ਗੱਲ ਦਾ ਉਂਕਾਰ ਨੂੰ ਵੀ ਪਤਾ ਹੈ।
ਉਂਜ ਨਿਸਚੈ ਹੀ ਉਂਕਾਰਪ੍ਰੀਤ ਨੇ ਆਪਣਾ ਵਿਲੱਖਣ ਕਾਵਿਕ-ਅੰਦਾਜ਼ ਸਿਰਜਿਆ ਹੈ। ਭਾਸ਼ਾਈ ਮੁਹਾਵਰੇ ਦੀ ਤਾਜ਼ਗੀ ਤੇ ਪਰਵਾਜ਼ ਦੀ ਬੁਲੰਦੀ, ਵਿਚਾਰਧਾਰਕ ਸਪੱਸ਼ਟਤਾ ਤੇ ਪ੍ਰਤੀਬੱਧਤਾ ਦੇ ਨਾਲ-ਨਾਲ ਦਾਰਸ਼ਨਿਕ ਡੂੰਘਾਈ ਉਹਦੀ ਸ਼ਾਇਰੀ ਨੂੰ ਪਾਠਕ ਦੇ ਦਿਲ ਦੇ ਨੇੜੇ ਵੀ ਕਰਦੀ ਹੈ ਤੇ ਦਿਮਾਗ ਵਿਚ ਰੌਸ਼ਨੀ ਦੀਆਂ ਕਿਰਨਾਂ ਵੀ ਬੀਜਦੀ ਹੈ।
ਸੱਤ-ਰੰਗੀ ਰੌਸ਼ਨੀ ਨੂੰ ਅਸੀਂ ਮੁੱਠੀ ਵਿਚ ਫੜ ਨਹੀਂ ਸਕਦੇ। ਕਿਉਂ ਨਾ ‘ਹੀਰ’ ਦੇ ਹੁਸਨ ਨੂੰ ਬਿਆਨ ਕਰਨ ਦੀ ਥਾਂ ‘ਹੀਰ ਦੇ ਦੀਦਾਰ’ ਕਰ ਕੇ ਵੇਖਣ ਦਾ ਚਾਰਾ ਕਰੀਏ। ਇਸ ਕਿਤਾਬ ਨੂੰ ਪੜ੍ਹਨਾ ਹੀਰ ਦਾ ਦੀਦਾਰ ਕਰਨ ਦੇ ਤੁੱਲ ਹੈ।
ਕਿਤਾਬ ਕੁਕਨੂਸ ਪ੍ਰਕਾਸ਼ਨ, ਜਲੰਧਰ ਨੇ ਛਾਪੀ ਹੈ।