ਡਾ. ਅਜੀਤ ਸਿੰਘ ਕੋਟਕਪੂਰਾ
ਕਾਵਿ ਦਾ ਅਹਿਮ ਤੇ ਪ੍ਰਮੁੱਖ ਅੰਗ ਸੰਗੀਤ ਹੁੰਦਾ ਹੈ। ਭਗਤਾਂ, ਰੱਬ ਦੇ ਪਿਆਰਿਆਂ ਨੇ ਜਦੋਂ ਵੀ ਵਜਦ ਵਿਚ ਆ ਕੇ, ਜੋ ਕੁਝ ਵੀ ਉਚਾਰਿਆ, ਉਹ ਕਵਿਤਾ ਨਾ ਹੋ ਕੇ ਬਾਣੀ ਅਖਵਾਈ। ਉਸ ਬਾਣੀ ਵਿਚ ਰਸ ਭਰੇ ਮਧੁਰ ਰੱਬੀ ਸੁਨੇਹੇ ਅਤੇ ਰੱਬ ਦੀਆਂ ਦਾਤਾਂ ਦਾ ਵਰਣਨ ਹੋਇਆ। ਰੱਬੀ ਅਨੁਭਵਾਂ ਨੂੰ ਸ਼ਬਦੀ ਜਾਮਾ ਪਹਿਨਾਇਆ ਗਿਆ ਤਾਂ ਜੋ ਪਰਮਾਰਥ ਦੇ ਰਸਤੇ ‘ਤੇ ਚੱਲਣ ਵਾਲੇ ਇਨ੍ਹਾਂ ਹਕੀਕੀ ਅਨੁਭਵਾਂ ਤੋਂ ਫਾਇਦਾ ਉਠਾ ਕੇ ਪਰਮ ਪਦਵੀ ਪ੍ਰਾਪਤ ਕਰ ਸਕਣ। ਭਗਤਾਂ ਨੇ ਰੱਬੀ ਕੀਰਤਨ ਕੀਤਾ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕੀਤਾ। ਉਹ ਸ਼ਬਦੀ ਜਾਮਾ ਪਹਿਨ ਸਾਰੇ ਅਨੁਭਵ ਬਾਣੀ ਬਣ ਗਏ। ਕਵਿਤਾ ਅਤੇ ਬਾਣੀ ਦਾ ਮੁਖ ਅੰਤਰ ਇਹੋ ਹੀ ਹੈ ਕਿ ਕਵਿਤਾ ਦਾ ਰੁਖ ਦੁਨੀਆਂ ਵਲ ਹੁੰਦਾ ਹੈ, ਜਦਕਿ ਬਾਣੀ ਦਾ ਰੁਖ ਉਸ ਅਕਾਲ ਪੁਰਖ ਜਾਂ ਰੱਬ ਵੱਲ ਹੁੰਦਾ ਹੈ।
ਬਾਣੀ ਦਾ ਮੁਲਾਂਕਣ ਕਰਨ ਹਿਤ ਕੋਈ ਵੀ ਕਾਵਿ ਸ਼ਾਸਤਰ ਹੋਂਦ ਵਿਚ ਨਹੀਂ ਆਇਆ, ਇਸ ਲਈ ਭਗਤਾਂ ਦੀ ਬਾਣੀ ਨੂੰ ਪਰੰਪਰਾਗਤ ਢੰਗ ਨਾਲ ਹੀ ਵੇਖਣਾ ਚਾਹੀਦਾ ਹੈ। ਭਗਤ ਕਬੀਰ, ਭਗਤ ਸੈਣ ਅਤੇ ਭਗਤ ਧੰਨਾ ਆਦਿ ਨੇ ਆਰਤੀ ਦੀ ਪਰੰਪਰਾਗਤ ਵਿਧੀ ਨਾ ਸਵੀਕਾਰੀ। ਭਗਤ ਰਵਿਦਾਸ ਵਲੋਂ ਵਰਣਨ ਆਰਤੀ ਵਿਚ ਬੜੇ ਸੁੰਦਰ ਸ਼ਬਦਾਂ ਦੀ ਵਰਤੋਂ ਕਰ ਕੇ ਦੱਸਿਆ ਗਿਆ ਹੈ ਕਿ ਉਸ ਪਰਮਾਤਮਾ ਦਾ ਨਾਂ ਹੀ ਆਰਤੀ ਹੈ ਅਤੇ ਬਾਕੀ ਸਭ ਝੂਠੇ ਪਸਾਰੇ ਹਨ,
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥੧॥ ਰਹਾਉ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥੧॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ॥੨॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ
ਭਾਰ ਅਠਾਰਹ ਸਗਲ ਜੂਠਾਰੇ॥
ਤੇਰੋ ਕੀਆ ਤੁਝਹਿ ਕਿਆ ਅਰਪਉ
ਨਾਮੁ ਤੇਰਾ ਤੁਹੀ ਚਵਰ ਢੋਲਾਰੇ॥੩॥
ਦਸ ਅਠਾ ਅਠਸਠੇ ਚਾਰੇ ਖਾਣੀ
ਇਹੈ ਵਰਤਣਿ ਹੈ ਸਗਲ ਸੰਸਾਰੇ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥੪॥ (ਗੁਰੂ ਗ੍ਰੰਥ ਸਾਹਿਬ, ਪੰਨਾ 694)
ਅਰਥਾਤ ਹੇ ਪ੍ਰਭੂ! ਅਣਜਾਣ ਲੋਕ ਮੂਰਤੀਆਂ ਦੀ ਆਰਤੀ ਉਤਾਰਦੇ ਹਨ, ਪਰ ਮੇਰੇ ਲਈ ਤੇਰਾ ਨਾਮ ਹੀ ਆਰਤੀ ਹੈ ਅਤੇ ਤੀਰਥਾਂ ਦਾ ਇਸ਼ਨਾਨ ਹੈ। ਹੇ ਭਾਈ, ਉਸ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਸਾਰੇ ਅਡੰਬਰ ਕੂੜੇ ਹਨ। ਤੇਰਾ ਨਾਮ ਮੇਰੀ ਉਪਾਸਨਾ ਵਾਲੀ ਚਟਾਈ ਹੈ, ਤੇਰਾ ਨਾਮ ਮੇਰੀ ਰਗੜਨ ਵਾਲੀ ਸਿਲ ਅਤੇ ਤੇਰਾ ਨਾਮ ਹੀ ਕੇਸਰ, ਜਿਸ ਨੂੰ ਲੈ ਕੇ ਮੈਂ ਤੇਰੇ ਉਪਰ ਛਿੜਕਾਓ ਕਰਦਾ ਹਾਂ। ਹੇ ਮੁਰਾਰ, ਤੇਰਾ ਨਾਮ ਹੀ ਪਾਣੀ ਹੈ ਅਤੇ ਤੇਰਾ ਨਾਮ ਹੀ ਚੰਦਨ। ਤੇਰੇ ਨਾਮ ਦਾ ਉਚਾਰਨ ਹੀ ਚੰਦਨ ਦਾ ਰਗੜਨ ਹੈ, ਨਾਮ ਦਾ ਸਹਾਰਾ ਲੈ ਕੇ ਮੈਂ ਇਸ ਦੀ ਭੇਟਾ ਤੈਨੂੰ ਚੜ੍ਹਾਉਂਦਾ ਹਾਂ। ਤੇਰਾ ਨਾਮ ਹੀ ਦੀਵਾ ਹੈ ਅਤੇ ਤੇਰੇ ਨਾਮ ਦੀ ਹੀ ਬਾਤੀ। ਤੇਰੇ ਨਾਮ ਦਾ ਤੇਲ ਲੈ ਕੇ ਮੈਂ ਇਸ ਨੂੰ ਉਸ ਵਿਚ ਪਾਉਂਦਾ ਹਾਂ। ਤੇਰੇ ਨਾਮ ਦੀ ਲਾਟ ਮੈਂ ਇਸ ਨੂੰ ਲਾਈ ਹੈ ਅਤੇ ਇਸ ਨੇ ਸਾਰੇ ਜਹਾਨ ਨੂੰ ਰੌਸ਼ਨ ਕਰ ਦਿੱਤਾ ਹੈ। ਤੇਰਾ ਨਾਮ ਹੀ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪ ਮਾਲਾ ਹੈ। ਬਨਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਖਾਤਿਰ ਅਪਵਿੱਤਰ ਹਨ। ਮੈਂ ਤੇਰੇ ਬਣਾਏ ਹੋਏ ਦੀ ਤੈਨੂੰ ਭੇਟਾ ਕਿਉਂ ਕਰਾਂ? ਤੇਰੇ ਨਾਮ ਦੀ ਚੌਰ ਹੀ ਮੈਂ ਤੇਰੇ ਉਪਰ ਕਰਦਾ ਹਾਂ। ਸਾਰਾ ਸੰਸਾਰ ਹੀ ਅਠਾਰਾਂ ਪੁਰਾਣਾਂ, ਤੀਰਥਾਂ ਅਤੇ ਚਾਰਾਂ ਹੀ ਉਤਪਤੀ ਸੋਮਿਆਂ ਅੰਦਰ ਖਚਿਤ ਹੈ। ਰਵਿਦਾਸ ਜੀ ਆਖਦੇ ਹਨ, ਹੇ ਪ੍ਰਭੂ! ਕੇਵਲ ਤੇਰਾ ਨਾਮ ਹੀ ਮੇਰੀ ਪ੍ਰਤੱਖ ਪੂਜਾ ਹੈ। ਤੇਰੇ ਸੱਚੇ ਨਾਮ ਦਾ ਪ੍ਰਸ਼ਾਦ ਹੀ ਮੈਂ ਤੈਨੂੰ ਚੜ੍ਹਾਉਂਦਾ ਹਾਂ।
ਭਗਤੀ ਸਾਹਿਤ ਦਾ ਮੂਲ ਵਿਸ਼ਾ ਪਰਮਾਤਮਾ ਹੈ। ਪਰਮਾਤਮਾ ਦੇ ਦੋ ਸਰੂਪਾਂ-ਸਰਗੁਣ ਤੇ ਨਿਰਗੁਣ ਦਾ ਬਿਆਨ ਭਾਰਤੀ ਅਧਿਆਤਮਕ ਸਾਹਿਤ ਵਿਚ ਬਹੁਤ ਹੀ ਵਿਸਥਾਰ ਵਿਚ ਹੋਇਆ ਮਿਲਦਾ ਹੈ। ਨਿਰਗੁਣ ਦਾ ਅਰਥ ਹੈ, ਗੁਣ ਰਹਿਤ ਜਾਂ ਗੁਣ ਅਤੀਤ ਅਤੇ ਸਰਗੁਣ ਦਾ ਅਰਥ ਹੈ, ਗੁਣ ਸਹਿਤ। ਗੁਣ ਅਤੀਤ ਨੂੰ ਗੁਣਾਂ ਦੀ ਸੀਮਾ ਵਿਚ ਨਹੀਂ ਬੰਨਿਆ ਜਾ ਸਕਦਾ। ਉਹ ਸਰਬ ਸ਼ਕਤੀਮਾਨ ਪਰਮਾਤਮਾ ਸਰਬ ਵਿਆਪਕ ਹੈ ਅਤੇ ਘਟ ਘਟ ਵਿਚ ਵਸਦਾ ਹੈ। ਇਸ ਲਈ ਉਹ ਸਰਗੁਣ ਵੀ ਹੈ। ਗੁਰਬਾਣੀ ‘ਚ ਪਰਮਾਤਮਾ ਨੂੰ ਨਿਰਗੁਣ ਅਤੇ ਸਰਗੁਣ-ਦੋਵੇਂ ਹੀ ਮੰਨਿਆ ਗਿਆ ਹੈ।
ਭਗਤੀ ਮਾਰਗ ਨਾਲ ਜੁੜੇ ਹੋਰ ਮਹਾਨ ਸੰਤਾਂ ਅਤੇ ਭਗਤਾਂ ਵਾਂਗ ਭਗਤ ਰਵਿਦਾਸ ਨਿਰਗੁਣ ਅਤੇ ਸਰਗੁਣ ਵਿਚ ਕੋਈ ਵਿਭਾਜਨ ਰੇਖਾ ਨਹੀਂ ਖਿੱਚਦੇ। ਨਿਰਗੁਣ ਪਰਮਾਤਮਾ ਦੇ ਪੂਜਕ ਹੋਣ ਦੇ ਬਾਵਜੂਦ ਪ੍ਰਭੂ ਮਿਲਣ ਦੀ ਤੀਬਰ ਇੱਛਾ ਉਨ੍ਹਾਂ ਨੂੰ ਸਰਗੁਣ ਭਗਤੀ ਪਰੰਪਰਾ ਦੇ ਨੇੜੇ ਵੀ ਲੈ ਜਾਂਦੀ ਹੈ। ਇਸ ਤਰ੍ਹਾਂ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ-ਦੋਹਾਂ ਰੂਪਾਂ ‘ਚ ਸੰਤੁਲਨ ਦੀ ਸਿਰਜਣਾ ਕਰਦੇ ਦਿਸਦੇ ਹਨ। ਨਿਰਗੁਣ ਆਕਾਰ ਧਾਰਦਾ ਹੈ, ਬ੍ਰਹਿਮੰਡ ਰਚ ਕੇ ਉਸ ਦੇ ਵਿਚ ਵੀ ਵਸਦਾ ਹੈ, ਇਸ ਲਈ ਸਰਗੁਣ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ,
ਨਿਰਗੁਨੁ ਆਪਿ ਸਰਗੁਨੁ ਭੀ ਓਹੀ॥
ਕਲਾ ਧਾਰਿ ਜਿਨਿ ਸਗਲੀ ਮੋਹੀ॥
ਅਪਨੇ ਚਰਿਤ ਪ੍ਰਭਿ ਆਪਿ ਬਨਾਏ॥
ਅਪੁਨੀ ਕੀਮਤਿ ਆਪੇ ਪਾਏ॥
ਹਰਿ ਬਿਨੁ ਦੂਜਾ ਨਾਹੀ ਕੋਇ॥
ਸਰਬ ਨਿਰੰਤਰਿ ਏਕੋ ਸੋਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 287)
ਭਗਤ ਰਵਿਦਾਸ ਦੀ ਬਾਣੀ ਦਾ ਅਧਿਐਨ ਕਰਦਿਆਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਨਿਰਗੁਣ ਬ੍ਰਹਮ ਦੇ ਉਪਾਸ਼ਕ ਸਨ ਅਤੇ ਉਸ ਪਰਮ ਹਸਤੀ ਦੇ ਗੁਣਾਂ ਨੂੰ ਬੜੇ ਸੁੰਦਰ ਢੰਗ ਨਾਲ ‘ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ’ ਵਿਚ ਅੰਕਿਤ ਕੀਤਾ ਹੈ,
ਸਰਬੇ ਏਕੁ ਅਨੇਕੈ ਸੁਆਮੀ
ਸਭ ਘਟ ਭੋਗਵੈ ਸੋਈ॥
ਕਹਿ ਰਵਿਦਾਸ ਹਾਥ ਪੈ ਨੇਰੈ
ਸਹਜੇ ਹੋਇ ਸੁ ਹੋਈ॥ (ਗੁਰੂ ਗ੍ਰੰਥ ਸਾਹਿਬ, ਪੰਨਾ 657)
ਭਗਤ ਰਵਿਦਾਸ ਆਖ ਰਹੇ ਹਨ ਕਿ ਸਭ ਦੇ ਅੰਦਰ ਇੱਕ ਸੁਆਮੀ ਨੇ ਅਨੇਕ ਰੂਪ ਧਾਰਨ ਕੀਤੇ ਹੋਏ ਹਨ ਅਤੇ ਉਹ ਮਾਲਕ ਸਭ ਦੇ ਦਿਲਾਂ ‘ਚ ਅਨੰਦ ਮਾਣ ਰਿਹਾ ਹੈ। ਉਹ ਮਾਲਕ ਸਾਨੂੰ ਆਪਣੇ ਹੱਥਾਂ ਤੇ ਪੈਰਾਂ ਨਾਲੋਂ ਵੀ ਨੇੜੇ ਹੈ। ਇਸ ਲਈ ਜੋ ਕੁਝ ਕੁਦਰਤੀ ਹੋ ਰਿਹਾ ਹੈ, ਉਸ ਨੂੰ ਹੋਣ ਦਿਓ।
ਸਵੈ ਜੀਵਨੀ ਲਿਖਣ ਦਾ ਰਿਵਾਜ ਭਾਰਤ ‘ਚ ਪ੍ਰਚਲਿਤ ਨਹੀਂ ਸੀ ਅਤੇ ਇਹ ਰਿਵਾਜ ਮੁਗਲਾਂ ਦੇ ਆਉਣ ਨਾਲ ਆਇਆ ਸੀ। ਕਾਰਨ ਇਹ ਦੱਸਿਆ ਜਾਂਦਾ ਹੈ ਕਿ ਭਾਰਤੀ ਫਿਲਾਸਫਰਾਂ ਤੇ ਅਧਿਆਤਮਕ ਲੋਕਾਂ ਦਾ ਵਿਚਾਰ ਸੀ ਕਿ ਇਹ ਦੁਨੀਆਂ ਇਕ ਮਿਥਿਆ ਹੈ ਅਤੇ ਆਤਮਾ ਇਸ ਦੁਨੀਆਂ ‘ਤੇ ਚੋਲੇ ਬਦਲ ਕੇ ਆਉਂਦੀ ਰਹਿੰਦੀ ਹੈ, ਪਰ ਮੁਸਲਮਾਨ ਮਹਿਸੂਸ ਕਰਦੇ ਹਨ ਕਿ ਬਸ ਇਹੋ ਹੀ ਜੀਵਨ ਹੈ ਅਤੇ ਫਿਰ ਕਬਰੀਂ ਜਾ ਪੈਣਾ ਹੈ ਤੇ ਕਿਆਮਤ ਵਾਲੇ ਦਿਨ ਹਜ਼ਰਤ ਮੁਹੰਮਦ ਨੇ ਉਥੋਂ ਕੱਢਣਾ ਹੈ; ਤਾਂ ਹੀ ਉਹ ਮਕਬਰੇ ਬਣਾਉਂਦੇ ਸਨ ਅਤੇ ਆਪਣੇ ਬਾਰੇ ਲਿਖਦੇ ਸਨ। ਕਿਉਂਕਿ ਸਾਡੇ ਲੋਕ ਇਹ ਮਹਿਸੂਸ ਕਰਦੇ ਸਨ ਕਿ ਇਸ ਦੁਨੀਆਂ ‘ਤੇ ਬਹੁਤ ਵਾਰ ਆਉਣਾ ਹੈ, ਇਸ ਲਈ ਆਪਣਾ ਅੱਗਾ ਸੰਵਾਰਨ ਦੇ ਯਤਨ ਕਰਦੇ ਰਹੇ ਹਨ। ਇਸੇ ਕਾਰਨ ਹੀ ਭਗਤ ਰਵਿਦਾਸ ਦੇ ਜੀਵਨ ਬਾਰੇ ਉਨ੍ਹਾਂ ਦੀ ਬਾਣੀ ਅਤੇ ਹੋਰ ਸਾਖੀਆਂ ਦੀ ਮਦਦ ਨਾਲ ਸ਼ਬਦੀ ਚਿਤਰ ਉਤਾਰਨ ਦਾ ਯਤਨ ਕੀਤਾ ਗਿਆ ਹੈ।
ਭਗਤ ਰਵਿਦਾਸ ਦੀ ਜਨਮ ਮਿਤੀ ਬਾਰੇ ਵਿਵਾਦ ਹੱਲ ਕਰਨ ਹਿੱਤ ਭਗਤਮਾਲ ਅਤੇ ਡਾ. ਭੰਡਰਕਰ ਦੀ ਲੇਖਣੀ ਦਾ ਆਸਰਾ ਲੈ ਕੇ ਆਖਿਆ ਜਾਂਦਾ ਹੈ ਕਿ ਜਨਮ 1297 ਈਸਵੀ ਵਿਚ ਹੋਇਆ ਹੈ, ਪਰ ਡਾ. ਭਗਵਤ ਵਰਤ ਮਿਸ਼ਰ ਨੇ ਆਪਣੀਆਂ ਖੋਜਾਂ ਵਿਚ ਜਨਮ ਬਾਰੇ 1398 ਈਸਵੀ ਦਾ ਜ਼ਿਕਰ ਕੀਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਭਗਤ ਜੀ ਦਾ ਜਨਮ ਪਹਿਲੀ ਹਾੜ 1456 ਸੰਮਤ ਮੰਨਿਆ ਹੈ। ਮਾਤਾ-ਪਿਤਾ ਦੇ ਨਾਮ ਬਾਰੇ ਪ੍ਰਿਥਵੀ ਸਿੰਘ ਆਜ਼ਾਦ ਨੇ ਪਿਤਾ ਦਾ ਨਾਮ ਰਾਘਵ ਅਤੇ ਮਾਤਾ ਦਾ ਨਾਮ ਕਰਮ ਦੇਵੀ ਦੱਸਿਆ ਹੈ। ਭਵਿੱਖ ਪੁਰਾਣ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ਪਿਤਾ ਦੇ ਜਨਮ ਸਮੇਂ ਨਾਮ ਮਾਨਦਾਸ ਸੀ। “ਮਾਨਦਾਸ ਦਾ ਪੁੱਤਰ ਰਵਿਦਾਸ ਨਾਮ ਨਾਲ ਪ੍ਰਸਿੱਧ ਹੋਇਆ।” ਕਵੀ ਬਰਕਤ ਸਿੰਘ ਨੇ ਪਿਤਾ ਦਾ ਨਾਂ ਸੰਤੋਖਾ ਅਤੇ ਮਾਤਾ ਦਾ ਨਾਂ ਕੌਂਸ ਦੇਈ ਲਿਖਿਆ ਹੈ,
ਏਸ ਸ਼ਹਿਰ ਦੀ ਬਸਤੀ ਅੰਦਰ
ਸੀ ਇਕ ਭਗਤ ਪਿਆਰਾ।
ਨਾ ਸੰਤੋਖਾ ਦਾਸ ਸੀ ਉਸ ਦਾ
ਜਾਤੀ ਦਾ ਚਮਿਆਰਾ।
ਕੌਂਸ ਦੇਈ ਸੀ ਤੀਵੀਂ ਉਸ ਦੀ
ਵੱਡਿਆਂ ਭਾਗਾਂ ਵਾਲੀ।…
ਕੌਂਸਾ ਦੇ ਘਰ ਬਾਲਕ ਹੋਇਆ
ਚੰਨ ਨਾਲੋਂ ਵੱਧ ਸੋਹਣਾ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ ਪਿਤਾ ਦਾ ਨਾਂ ਸੰਤੋਖਾ ਅਤੇ ਮਾਤਾ ਦਾ ਨਾਂ ਦਿਆਰੀ ਸੀ। ਵੱਡੇ ਵਡੇਰੇ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ| ਭਗਤ ਜੀ ਨੇ ਵੀ ਪਿਤਰੀ ਕਿੱਤੇ ਨੂੰ ਅਪਨਾਇਆ, ਜਿਸ ਦਾ ਵਰਣਨ ਉਨ੍ਹਾਂ ਆਪਣੀ ਬਾਣੀ ਵਿਚ ਇਕ ਤੋਂ ਵੱਧ ਵਾਰ ਕੀਤਾ ਹੈ। ਭਗਤ ਜੀ ਦੇ ਬਨਾਰਸ ਦੇ ਵਾਸੀ ਅਤੇ ਮਰੇ ਹੋਏ ਪਸੂ ਢੋਣ ਦਾ ਕੰਮ ਕਰਦੇ ਹੋਣ ਸਬੰਧੀ ਸੂਚਨਾ ਉਨ੍ਹਾਂ ਦੇ ਰਚਿਤ ਸ਼ਬਦ ਤੋਂ ਪ੍ਰਾਪਤ ਹੁੰਦੀ ਹੈ,
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸ ਪਾਸਾ॥ (ਗੁਰੂ ਗ੍ਰੰਥ ਸਾਹਿਬ, ਪੰਨਾ 1293 )
ਅਚਾਰੀਆ ਪ੍ਰਿਥਵੀ ਸਿੰਘ ਆਜ਼ਾਦ ਅਨੁਸਾਰ ਭਗਤ ਜੀ ਦਾ ਜਨਮ ਅਸਥਾਨ ਬਨਾਰਸ ਦੇ ਨੇੜੇ ਪਿੰਡ ਮੰਡੂਰ ਸੀ, ਪਰ ਉਨ੍ਹਾਂ ਦੇ ਜਨਮ ਅਸਥਾਨ ਬਾਰੇ ਸਹਿਮਤੀ ਹੈ ਕਿ ਇਹ ਅਸਥਾਨ ਬਨਾਰਸ ਦੇ ਆਸ ਪਾਸ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦਾ ਪੱਛਮੀ ਦਰਵਾਜਾ ਲੰਘ ਕੇ ਇਕ ਪਿੰਡ ਸੀਰ ਗੋਵਰਧਨਪੁਰਾ ਹੈ, ਜੋ ਬਨਾਰਸ ਦਾ ਹਿੱਸਾ ਹੈ, ਨੂੰ ਰਵਿਦਾਸ ਜੀ ਦਾ ਜਨਮ ਅਸਥਾਨ ਮੰਨਿਆ ਜਾਂਦਾ ਹੈ। ਇਸ ਅਸਥਾਨ ‘ਤੇ ਇਕ ਰੰਬੀ ਅਤੇ ਇਕ ਸੰਖ, ਉਨ੍ਹਾਂ ਦੀਆਂ ਯਾਦਗਾਰੀ ਵਸਤਾਂ ਵੀ ਪਈਆਂ ਹਨ ਤੇ ਹੁਣ ਇਸ ਅਸਥਾਨ ‘ਤੇ ਚਾਰ ਮੰਜ਼ਿਲਾਂ ਮੰਦਿਰ ਵੀ ਬਣਿਆ ਹੋਇਆ ਹੈ।
ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਭਗਤ ਰਾਮਾਨੁਜ ਦੁਆਰਾ ਸ਼ੁਰੂ ਹੋਈ ਪ੍ਰੇਮਾ ਭਗਤੀ ਦੀ ਪਰੰਪਰਾ ਵਿਚ ਦੇਵਾ ਨੰਦ, ਹਰੀਆ ਨੰਦ ਅਤੇ ਰਾਮਾ ਨੰਦ ਆਦਿ ਸੰਤ ਹੋਏ ਹਨ ਅਤੇ ਭਗਤ ਰਵਿਦਾਸ ਇਸ ਰਾਮਾ ਨੰਦ ਦੇ ਹੀ ਸ਼ਿਸ਼ ਸਨ। ਡਾ. ਰਾਮ ਕੁਮਾਰ ਵਰਮਾ, ਮੈਕਾਲਿਫ, ਰਾਮ ਚੰਦਰ ਸ਼ੁਕਲ ਅਤੇ ਲਾਲ ਸਿੰਘ ਨਰੋਤਮ ਵੀ ਇਸ ਮੱਤ ਨਾਲ ਸਹਿਮਤ ਹਨ; ਪਰ ਰਵਿਦਾਸ ਬਾਣੀ ਵਿਚੋਂ ਇਸ ਦਾ ਕੋਈ ਵੀ ਸਬੂਤ ਨਹੀਂ ਮਿਲਦਾ। ਭਗਤ ਜੀ ਦੀ ਬਾਣੀ ਵਿਚ ਇਹ ਤਾਂ ਦਰਜ ਕੀਤਾ ਮਿਲਦਾ ਹੈ ਕਿ ਭਗਤ ਨਾਮਦੇਵ, ਭਗਤ ਕਬੀਰ ਅਤੇ ਭਗਤ ਸਧਨਾ ਮਹਾਂ ਪੁਰਖ ਸਨ ਅਤੇ ਉਨ੍ਹਾਂ ਨੇ ਮੁਕਤੀ ਪ੍ਰਾਪਤ ਕਰ ਲਈ ਸੀ।
ਭਗਤ ਰਵਿਦਾਸ ਗਰੀਬ ਪਰਿਵਾਰ ਤੇ ਚਮਾਰ ਜਾਤੀ ਵਿਚੋਂ ਉਠ ਕੇ ਅਤੇ ਆਪਣੀ ਸਾਧਨਾ ਰਾਹੀਂ ਸਾਰੇ ਉਤਰੀ ਭਾਰਤ ‘ਤੇ ਛਾ ਗਏ, ਇਥੋਂ ਤਕ ਕਿ ਦੂਰ ਦੁਰਾਡੇ ਦੇ ਰਾਜਪੂਤ ਘਰਾਣੇ ਵੀ ਉਨ੍ਹਾਂ ਦਾ ਪ੍ਰਭਾਵ ਕਬੂਲਣ ਲੱਗ ਪਏ। ਉਸ ਸਮੇਂ ਕੁਝ ਅਜਿਹੀਆਂ ਕਥਾਵਾਂ ਵੀ ਪ੍ਰਚਲਿਤ ਸਨ ਕਿ ਰਵਿਦਾਸ ਜੀ ਪਿਛਲੇ ਜਨਮ ਵਿਚ ਸ਼ੁੱਧ ਬ੍ਰਾਹਮਣ ਸਨ ਅਤੇ ਕਿਸੇ ਗਲਤੀ ਕਾਰਨ ਉਨ੍ਹਾਂ ਨੂੰ ਚਮਾਰ ਜਾਤੀ ਵਿਚ ਜਨਮ ਲੈਣਾ ਪਿਆ।
ਅਜਿਹੀ ਹੀ ਇਕ ਕਥਾ ਅਨੁਸਾਰ ਪਿਛਲੇ ਜਨਮ ਵਿਚ ਰਵਿਦਾਸ ਜੀ ਨੇ ਮਾਸ ਦਾ ਸੇਵਨ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਜਨਮ ਵਿਚ ਮੁਰਦੇ ਪਸੂ ਢੋਣ ਵਾਲੀ ਜਾਤੀ ਦੇ ਘਰ ਜਨਮ ਲੈਣਾ ਪਿਆ। ਇਕ ਹੋਰ ਕਥਾ ਅਨੁਸਾਰ ਭਗਤ ਰਵਿਦਾਸ ਨੇ ਆਪਣੇ ਪਿਛਲੇ ਜਨਮ ਵਿਚ ਇਕ ਮਲੇਛ ਦੇ ਘਰੋਂ ਭਿਖਿਆ ਲੈ ਕੇ ਆਪਣੇ ਗੁਰੂ ਨੂੰ ਖੁਆ ਦਿਤੀ ਸੀ, ਪਤਾ ਲੱਗਣ ‘ਤੇ ਰਾਮਾ ਨੰਦ ਜੀ ਨੇ ਉਨ੍ਹਾਂ ਨੂੰ ਅਗਲੇ ਜਨਮ ਵਿਚ ਕਿਸੇ ਮਲੇਛ ਦੇ ਘਰ ਪੈਦਾ ਹੋਣ ਦਾ ਸਰਾਪ ਦਿੱਤਾ ਸੀ।
ਭਗਤ ਜੀ ਦੇ ਜੀਵਨ ਨਾਲ ਸਬੰਧਤ ਕਰਾਮਾਤੀ ਘਟਨਾਵਾਂ ਦਾ ਵਰਣਨ ਵੀ ਮਿਲਦਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਗੰਗਾ ਦੇਵੀ ਭਗਤ ਰਵਿਦਾਸ ਦੀ ਸਾਧਨਾ ਨਾਲ ਉਨ੍ਹਾਂ ਤੋਂ ਅਤਿਅੰਤ ਖੁਸ਼ ਸੀ। ਇਕ ਵਾਰ ਇਕ ਯਾਤਰੀ, ਜੋ ਗੰਗਾ ਦੀ ਯਾਤਰਾ ‘ਤੇ ਜਾ ਰਿਹਾ ਸੀ, ਨੇ ਭਗਤ ਜੀ ਤੋਂ ਜੁੱਤੀ ਗੰਢਵਾਈ ਅਤੇ ਮਜ਼ਦੂਰੀ ਵਜੋਂ ਇਕ ਦਮੜੀ ਦਿੱਤੀ। ਰਵਿਦਾਸ ਜੀ ਨੇ ਉਹ ਦਮੜੀ ਯਾਤਰੀ ਨੂੰ ਮੋੜ ਕੇ ਆਖਿਆ ਕਿ ਇਹ ਦਮੜੀ ਮੇਰੇ ਵਲੋਂ ਮਾਂ ਗੰਗਾ ਨੂੰ ਅਰਪਿਤ ਕਰ ਦੇਣਾ। ਯਾਤਰੀ ਨੇ ਉਵੇਂ ਹੀ ਕੀਤਾ। ਯਾਤਰੀ ਇਹ ਦੇਖ ਕੇ ਹੈਰਾਨ ਹੋਇਆ ਕਿ ਗੰਗਾ ਨੇ ਰਵਿਦਾਸ ਜੀ ਵਲੋਂ ਭੇਜੀ ਦਮੜੀ ਨੂੰ ਆਪਣਾ ਹੱਥ ਬਾਹਰ ਕੱਢ ਕੇ ਸਵੀਕਾਰ ਕੀਤਾ ਅਤੇ ਬਦਲੇ ਵਿਚ ਪ੍ਰਸ਼ਾਦ ਵਜੋਂ ਇਕ ਜੜਾਊ ਕੰਗਣ ਦਿੱਤਾ। ਸੁੰਦਰ ਕੰਗਣ ਵੇਖ ਯਾਤਰੀ ਦੀ ਨੀਅਤ ਵਿਗੜ ਗਈ ਅਤੇ ਉਹ ਕੰਗਣ ਵੇਚਣ ਲਈ ਸੁਨਿਆਰੇ ਕੋਲ ਚਲਾ ਗਿਆ। ਸੁਨਿਆਰੇ ਨੇ ਉਹੀ ਕੰਗਣ ਰਾਜੇ ਨੂੰ ਭੇਟ ਕਰ ਦਿੱਤਾ। ਰਾਜੇ ਕੋਲੋਂ ਉਹ ਕੰਗਣ ਰਾਣੀ ਕੋਲ ਚਲਾ ਗਿਆ ਤਾਂ ਰਾਣੀ ਦੂਜਾ ਕੰਗਣ ਲੈਣ ਲਈ ਜ਼ਿਦ ਕਰਨ ਲੱਗੀ। ਜਦੋਂ ਪਤਾ ਲੱਗਾ ਕਿ ਇਹ ਕੰਗਣ ਤਾਂ ਗੰਗਾ ਨੇ ਰਵਿਦਾਸ ਜੀ ਲਈ ਪ੍ਰਸ਼ਾਦ ਵਜੋਂ ਦਿੱਤਾ ਸੀ ਤਾਂ ਰਾਜਾ ਤੇ ਰਾਣੀ ਭਗਤ ਰਵਿਦਾਸ ਕੋਲ ਜਾ ਪਹੁੰਚੇ। ਰਵਿਦਾਸ ਜੀ ਦੀ ਬੇਨਤੀ ‘ਤੇ ਗੰਗਾ ਨੇ ਪਹਿਲੇ ਕੰਗਣ ਦੇ ਨਾਲ ਦਾ ਕੰਗਣ ਬਾਹਰ ਸੁੱਟ ਦਿੱਤਾ। ਇਸ ਨੂੰ ਦੇਖ ਰਾਜੇ ਤੇ ਰਾਣੀ ਨੇ ਭਗਤ ਜੀ ਅੱਗੇ ਸਿਰ ਝੁਕਾਇਆ ਅਤੇ ਉਨ੍ਹਾਂ ਨੂੰ ਗੁਰੂ ਮੰਨ ਲਿਆ। ਇਸ ਘਟਨਾ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ,
ਭਗਤੁ ਭਗਤੁ ਜਗਿ ਵਜਿਆ
ਚਹੁੰ ਚਕਾਂ ਦੇ ਵਿਚਿ ਚਮਿਰੇਟਾ।
ਪਾਣ੍ਹਾ ਗੰਢੈ ਰਾਹ ਵਿਚਿ ਕੁਲਾ
ਧਰਮ ਢੋਇ ਢੋਰ ਸਮੇਟਾ।
ਜਿਉ ਕਰਿ ਮੈਲੈ ਚੀਥੜੈ
ਹੀਰਾ ਲਾਲ ਅਮੋਲੁ ਪਲੇਟਾ।
ਚਹੁੰ ਵਰਨਾ ਉਪਦੇਸਦਾ
ਗਿਆਨ ਧਿਆਨੁ ਕਰਿ ਭਗਤਿ ਸਹੇਟਾ।
ਨ੍ਹਾਵਣਿ ਆਇਆ ਸੰਗੁ ਮਿਲਿ
ਬਾਨਾਰਸ ਕਰਿ ਗੰਗਾ ਥੇਟਾ।
ਕਢਿ ਕਸੀਰਾ ਸਉਪਿਆ
ਰਵਿਦਾਸੈ ਗੰਗਾ ਦੀ ਭੇਟਾ।
ਲਗਾ ਪੁਰਬੁ ਅਭੀਚ ਦਾ
ਡਿਠਾ ਚਲਿਤੁ ਅਚਰਜ ਅਮੇਟਾ।
ਲਇਆ ਕਸੀਰਾ ਹਥੁ ਕਢਿ
ਸੂਤੁ ਇਕੁ ਜਿਉ ਤਾਣਾ ਪੇਟਾ।
ਭਗਤ ਜਨਾਂ ਹਰਿ ਮਾਂ ਪਿਉ ਬੇਟਾ॥੧੭॥
ਇਕ ਹੋਰ ਸਾਖੀ ਅਨੁਸਾਰ ਗੰਗਾ ਨਦੀ ਭਗਤ ਜੀ ਦੀ ਜੁੱਤੀਆਂ ਗੰਢਣ ਵਾਲੀ ਕੁਠਾਲੀ ਹੇਠ ਵਗਦੀ ਸੀ ਅਤੇ ਭਗਤ ਜੀ ਨੇ ਕਈ ਸ਼ਰਧਾਲੂਆਂ ਨੂੰ ਕੁਠਾਲੀ ਚੁੱਕ ਕੇ ਦਰਸ਼ਨ ਵੀ ਕਰਵਾਏ ਸਨ।
ਭਗਤ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਪਰਮਾਤਮਾ ਦੇ ਚਰਨਾਂ ਵਿਚ ਅਰਪਿਤ ਕਰੀ ਰੱਖਿਆ। ਭਾਵੇਂ ਉਹ ਰੁਜ਼ਗਾਰ ਖਾਤਿਰ ਜੁੱਤੀਆਂ ਗੰਢਣ ਅਤੇ ਮੁਰਦੇ ਜਾਨਵਰ ਢੋਣ ਦਾ ਕੰਮ ਕਰਦੇ ਰਹੇ, ਪਰ ਦੁਨਿਆਵੀ ਧੰਦੇ ਉਨ੍ਹਾਂ ਨੂੰ ਆਪਣੇ ਵਲ ਖਿੱਚ ਨਾ ਪਾ ਸਕੇ। ਬਚਪਨ ਤੋਂ ਹੀ ਦੁਨੀਆਂਦਾਰੀ ਤੋਂ ਵੈਰਾਗੀ ਸਨ। ਮਾਪਿਆਂ ਨੇ ਉਨ੍ਹਾਂ ਦਾ ਵਿਆਹ ਬੀਬੀ ਲੌਣਾ ਜਾਂ ਲੋਨਾ ਨਾਲ ਕਰ ਕੇ ਸੋਚਿਆ ਕਿ ਸ਼ਾਇਦ ਰਵਿਦਾਸ ਦੁਨੀਆਂਦਾਰ ਬਣ ਜਾਵੇ, ਪਰ ਪ੍ਰਭੂ ਦੀ ਪ੍ਰੀਤ ਕਾਰਨ ਉਹ ਦੁਨੀਆਂਦਾਰੀ ਵਲ ਨਾ ਖਿਚੇ ਜਾ ਸਕੇ ਅਤੇ ਸਦਾ ਰਾਮ ਨਾਮ ਵਿਚ ਲੀਨ ਰਹਿੰਦੇ। ਉਹ ਲਿਖਦੇ ਹਨ,
ਚਮਰਟਾ ਗਾਂਠਿ ਨ ਜਨਈ॥
ਲੋਗੁ ਗਠਾਵੈ ਪਨਹੀ॥੧॥ ਰਹਾਉ॥
ਆਰ ਨਹੀ ਜਿਹ ਤੋਪਉ॥
ਨਹੀ ਰਾਂਬੀ ਠਾਉ ਰੋਪਉ॥੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ॥
ਹਉ ਬਿਨੁ ਗਾਂਠੇ ਜਾਇ ਪਹੂਚਾ॥੨॥
ਰਵਿਦਾਸੁ ਜਪੈ ਰਾਮ ਨਾਮਾ॥
ਮੋਹਿ ਜਮ ਸਿਉ ਨਾਹੀ ਕਾਮਾ॥੩॥ (ਗੁਰੂ ਗ੍ਰੰਥ ਸਾਹਿਬ, ਪੰਨਾ 659)
ਭਗਤ ਰਵਿਦਾਸ ਨੇ ਲੋਕਾਈ ਨੂੰ ਗਿਆਨ ਦੀ ਰੋਸ਼ਨੀ ਵੰਡਣ ਅਤੇ ਦੀਨ ਦੁਖੀਆਂ ਨੂੰ ਜਾਗ੍ਰਿਤ ਕਰਨ ਖਾਤਰ ਭਾਰਤ ‘ਚ ਕਈ ਯਾਤਰਾਵਾਂ ਕੀਤੀਆਂ। ਬਿਹਾਰ, ਰਾਜਸਥਾਨ, ਮਹਾਂਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹੋਰ ਦੱਖਣੀ ਪ੍ਰਦੇਸ਼ਾਂ ਵਿਚ ਗਏ। ਉਨ੍ਹਾਂ ਨੇ ਇਕ ਯਾਤਰਾ ਰਾਣੀ ਝਾਲੀ ਕੋਲ ਚਿਤੌੜ ਦੀ ਕੀਤੀ ਸੀ। ਬਹੁਤ ਸਾਰੇ ਸਥਾਨਾਂ ‘ਤੇ ਯਾਦਗਾਰਾਂ ਵੀ ਬਣਾਈਆਂ ਗਈਆਂ ਹਨ।
ਬਹੁਤ ਸਾਰੇ ਵਿਦਵਾਨ ਭਗਤ ਰਵਿਦਾਸ ਦੇ ਅਕਾਲ ਚਲਾਣੇ ਦੀ ਮਿਤੀ ਬਾਰੇ ਇਕ ਮਤ ਨਹੀਂ ਹਨ। ਪ੍ਰੋ. ਰਾਮ ਕੁਮਾਰ ਵਰਮਾ ਅਤੇ ਗਿਆਨੀ ਬਰਕਤ ਸਿੰਘ ਅਨੰਦ ਅਨੁਸਾਰ ਉਨ੍ਹਾਂ ਦਾ ਚਲਾਣਾ 28 ਮਾਘ ਸੰਮਤ 1575 (1518 ਈਸਵੀ) ਨੂੰ ਹੋਇਆ, ਪਰ ਭਗਵਤ ਮਿਸ਼ਰ ਸੰਮਤ 1597 (1540 ਈਸਵੀ) ਅਤੇ ਪ੍ਰਿਥੀ ਸਿੰਘ ਆਜ਼ਾਦ ਸੰਮਤ 1584 (1527 ਈਸਵੀ) ਦੀਆਂ ਮਿਤੀਆਂ ਦਸਦੇ ਹਨ।
ਭਗਤ ਜੀ ਦੇ ਜੀਵਨ ਨਾਲ ਸਬੰਧਤ ਪੁਰਾਤਨ ਸਰੋਤਾਂ ਅਨੁਸਾਰ ਉਸ ਸਮੇਂ ਭਾਰਤ ‘ਤੇ ਸਿਕੰਦਰ ਲੋਧੀ ਦਾ ਰਾਜ ਸੀ ਅਤੇ ਭਗਤ ਨਾਮਦੇਵ, ਕਬੀਰ, ਤ੍ਰਿਲੋਚਨ, ਸਧਨਾ, ਸੈਣ ਆਦਿ ਭਗਤ ਜਨ ਭਗਤ ਰਵਿਦਾਸ ਤੋਂ ਪਹਿਲਾਂ ਪਰਲੋਕ ਸਿਧਾਰ ਚੁਕੇ ਸਨ। ਰਵਿਦਾਸ ਜੀ ਦੇ ਅੰਤਿਮ ਚਲਾਣੇ ਦੀ ਸਾਖੀ ਦੇ ਸਰੋਤ ਸੋਢੀ ਮਿਹਰਬਾਨ ਦੀ ਸਾਖੀ ਨਾਲ ਹੀ ਤਾਅਲੁਕ ਰੱਖਦੇ ਹਨ। ਉਸ ਅਨੁਸਾਰ ਠਾਕੁਰ ਜੀ ਆਪ ਆਏ ਅਤੇ ਆਪਣੇ ਬੀਬਾਣ ਵਿਚ ਰਵਿਦਾਸ ਜੀ ਨੂੰ ਸਣਦੇਹੀ ਸੱਚਖੰਡ ਵਿਚ ਲੈ ਗਏ ਸਨ। ਇਸ ਤਰ੍ਹਾਂ ਰਵਿਦਾਸ ਜੀ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਦੇ ਰੂਪ ਵਿਚ ਇਸ ਸੰਸਾਰ ਤੋਂ ਅੰਤਿਮ ਚਲਾਣਾ ਕਰ ਗਏ। ਉਨ੍ਹਾਂ ਦੀ ਬਾਣੀ ਵਿਚਲਾ ਸੰਦੇਸ਼ ਹਰ ਪ੍ਰਾਣੀ ਲਈ ਅਰਥਪੂਰਨ ਹੈ।