ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਮਿੱਥ ਮੁਤਾਬਕ ਧਰਤੀ ‘ਤੇ 84 ਲੱਖ ਜੂਨਾਂ ਹਨ, ਜਿਨ੍ਹਾਂ ‘ਚੋਂ 42 ਲੱਖ ਵਨਸਪਤੀ ਅਤੇ ਇੰਨੇ ਹੀ ਜੀਵ ਹਨ, ਜਿਨ੍ਹਾਂ ਵਿਚੋਂ ਅੱਧੇ ਜਲ ਅਤੇ ਅੱਧੇ ਥਲ ਵਿਚ ਵੱਸਦੇ ਹਨ। ਇਨ੍ਹਾਂ ਨੂੰ ਚਾਰ ਖਾਣੀਆਂ-ਅੰਡਜ, ਜੇਰਜ, ਸੇਤਜ ਅਤੇ ਉਤਭੁਜ ‘ਚ ਵੰਡਿਆ ਗਿਆ ਹੈ। ਅੰਡਾ, ਝਿੱਲੀ, ਪਸੀਨਾ ਤੇ ਜਮੀਨ ਇਨ੍ਹਾਂ ਦੇ ਉਪਜਣ ਦੇ ਕਾਰਨ ਤੇ ਸਾਧਨ ਹਨ।
ਇਨ੍ਹਾਂ ਵਿਚੋਂ ਮਨੁੱਖ ਨੇ ਖੁਦ ਨੂੰ ਸਰਬੋਤਮ ਮੰਨਿਆ ਹੋਇਆ ਹੈ। ਉਸ ਨੇ ਆਪਣੇ ਆਪ ‘ਤੇ ਇਨ੍ਹਾਂ ਚਾਰੇ ਖਾਣੀਆਂ ਦੀ ਜਿੰਮੇਵਾਰੀ ਆਇਦ ਕੀਤੀ ਹੋਈ ਹੈ, ਜਿਸ ਨੂੰ ਸਰਵੋਦਯ ਕਿਹਾ ਗਿਆ ਹੈ, ਜਿਸ ਦਾ ਅਰਥ ਹੈ, ਸਰਬੱਤ ਦਾ ਭਲਾ।
ਸਵਾਲ ਹੈ ਕਿ ਤਮਾਮ ਜੂਨਾਂ ਵਿਚੋਂ ਮਨੁੱਖ ਆਪਣੇ ਆਪ ਨੂੰ ਸਰਬੋਤਮ ਕਿਉਂ ਮੰਨਦਾ ਹੈ? ਜਦਕਿ ਬਹੁਤ ਸਾਰੇ ਜੀਵ ਮਨੁੱਖ ਤੋਂ ਕਿਤੇ ਬਿਹਤਰ ਦੇਖ, ਸੁਣ ਤੇ ਸੁੰਘ ਸਕਦੇ ਹਨ, ਬੋਲ ਸਕਦੇ ਹਨ, ਚੁੱਪ ਰਹਿ ਸਕਦੇ ਹਨ, ਖਾ ਪੀ ਸਕਦੇ ਹਨ, ਭੁੱਖੇ ਪਿਆਸੇ ਰਹਿ ਸਕਦੇ ਹਨ, ਸ਼ਾਂਤ ਰਹਿ ਸਕਦੇ ਜਾਂ ਖੜਦੁੰਮ ਮਚਾ ਸਕਦੇ ਹਨ, ਉਛਲ, ਕੁੱਦ, ਦੌੜ ਤੇ ਬੈਠ ਸਕਦੇ ਹਨ। ਇਨ੍ਹਾਂ ਸਭ ਮੁਹਾਰਤਾਂ ‘ਚ ਮਨੁੱਖ ਅਨੰਤ ਜੀਵਾਂ ਤੋਂ ਕਿਤੇ ਘੱਟ ਸਮਰਥ ਹੈ।
ਸਿਰਫ ਸੋਚ ਸਕਣ ਦੀ ਸਮਰੱਥਾ ਕਾਰਨ ਹੀ ਮਨੁੱਖ ਖੁਦ ਨੂੰ ਸ਼ਿਰੋਮਣੀ ਸਮਝਦਾ ਹੈ, ਜੋ ਬਾਕੀ ਜੀਵ ਜੰਤੂਆਂ ਵਿਚ ਸੀਮਤ ਜਿਹੀ, ਨਾਂਮਾਤਰ ਹੀ ਹੁੰਦੀ ਹੈ। ਸੋਚ ਸਕਣ ਦੀ ਸਮਰੱਥਾ ਦਾ ਅਰਥ ਹੈ, ਕੁਝ ਕਰਨ ਜਾਂ ਨਾ ਕਰਨ ਦੀ ਸੁਤੰਤਰਤਾ।
ਪਸੂ ਜਗਤ ਦੀ ਇੱਛਾ ਲੋੜ ‘ਚੋਂ ਉਪਜਦੀ ਹੈ ਤੇ ਲੋੜ ਪੂਰੀ ਹੋਣ ਤੱਕ ਕਾਇਮ ਰਹਿੰਦੀ ਹੈ। ਪਰ ਮਨੁੱਖ ਦੀ ਇੱਛਾ ਲੋੜ ਪੂਰੀ ਹੋਣ ‘ਤੇ ਵੀ ਕਾਇਮ ਰਹਿ ਸਕਦੀ ਹੈ ਤੇ ਲੋੜ ਪੂਰੀ ਹੋਣ ਤੋਂ ਬਿਨਾ ਹੀ ਖਤਮ ਵੀ ਹੋ ਸਕਦੀ ਹੈ। ਮਾਨਵੀ ਚਾਹਤ ਲੋੜ ਦੀ ਮੁਥਾਜ ਨਹੀਂ ਹੈ। ਮਨੁੱਖ ਰੱਜਿਆ ਹੋਇਆ ਵੀ ਹੋਰ ਖਾ ਸਕਦਾ ਹੈ ਤੇ ਭੁੱਖ ਲੱਗੀ ਹੋਣ ਦੇ ਬਾਵਜੂਦ ਵੀ ਭੁੱਖਾ ਰਹਿ ਸਕਦਾ ਹੈ।
ਹਰਮਨ ਹੈਸ ਦੇ ਨਾਵਲ ‘ਸਿਧਾਰਥ’ ਦਾ ਨਾਇਕ ਨੌਕਰੀ ਲੱਭਣ ਜਾਂਦਾ ਹੈ ਤਾਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੀ ਕਰ ਸਕਦਾ ਹੈ? ਸਿਧਾਰਥ ਦੱਸਦਾ ਹੈ ਕਿ ਉਹ ਸੋਚ ਸਕਦਾ ਹੈ, ਉਡੀਕ ਕਰ ਸਕਦਾ ਹੈ ਅਤੇ ਭੁੱਖਾ ਰਹਿ ਸਕਦਾ ਹੈ। ਇਹ ਤਿੰਨੇ ਗੁਣ ਹੀ ਮਨੁੱਖ ਨੂੰ ਬਾਕੀ ਦੇ ਤਮਾਮ ਜੀਵ ਜੰਤੂਆਂ ਨਾਲੋਂ ਨਿਖੇੜਦੇ ਹਨ; ਪਰ ਮਨੁੱਖ ਦੇ ਇਹ ਗੁਣ ਜਮਾਂਦਰੂ ਨਹੀਂ ਹੁੰਦੇ। ਕੋਈ ਵੀ ਬੱਚਾ ਜਨਮ ਤੋਂ ਨਾ ਵਿਚਾਰ ਕਰ ਸਕਦਾ ਹੈ, ਨਾ ਉਡੀਕ ਕਰ ਸਕਦਾ ਹੈ ਤੇ ਨਾ ਭੁੱਖਾ ਰਹਿ ਸਕਦਾ ਹੈ। ਬੱਚੇ ਨੂੰ ਇਹ ਗੁਣ ਦੱਸੇ, ਸਿਖਾਏ ਅਤੇ ਸਮਝਾਏ ਜਾਂਦੇ ਹਨ।
ਸਾਡੇ ਸੱਭਿਆਚਾਰ ਦਾ ਸ਼ਬਦ ਹੈ, ‘ਦ੍ਵਿਜ’, ਜਿਸ ਦਾ ਅਰਥ ਹੈ, ਦੂਜੇ ਜਨਮ ਵਾਲਾ। ਭਲਾ ਦੂਜਾ ਜਨਮ ਕੀ ਹੋਇਆ? ਸਾਡਾ ਪਹਿਲਾ ਜਨਮ ਮਾਪਿਆਂ ਦੇ ਘਰੇ ਹੁੰਦਾ ਹੈ, ਜੋ ਕੁਦਰਤਨ ਹੁੰਦਾ ਹੈ। ਪਹਿਲੇ ਜਨਮ ਪਿਛੋਂ ਬੱਚਾ ਉਹੀ ਕੁਝ ਕਰਦਾ ਹੈ, ਜੋ ਉਸ ਦਾ ਮਨ ਕਰੇ ਜਾਂ ਕਹੇ। ਇਹ ਉਮਰ ਦਾ ਉਹ ਮੁਢਲਾ ਪੜਾਅ ਹੁੰਦਾ ਹੈ, ਜਦ ਕਿਸੇ ਬੱਚੇ ਨੂੰ ਆਪਣੇ ਨਿੱਜ ਅਤੇ ਹਿੱਤ ਦੇ ਇਲਾਵਾ ਕਿਸੇ ਹੋਰ ਗੱਲ ਦਾ ਪਤਾ ਹੀ ਨਹੀਂ ਹੁੰਦਾ।
ਇਸ ਪੜਾਅ ਦਾ ਜੀਵਨ ਢੰਗ ਬਿਲਕੁਲ ਪਾਸ਼ਵਿਕ ਹੁੰਦਾ ਹੈ। ਇਸ ਸਮੇਂ ਬੱਚਾ ਨਾ ਕਿਸੇ ਗੱਲ ਦੀ ਵਿਚਾਰ ਕਰ ਸਕਦਾ ਹੈ, ਨਾ ਉਡੀਕ ਤੇ ਨਾ ਹੀ ਭੁੱਖਾ ਰਹਿ ਸਕਦਾ ਹੈ। ਬੱਚੇ ਨੂੰ ਭੁੱਖ ਲੱਗੀ ਹੋਵੇ ਤਾਂ ਉਹ ਹਰ ਸ਼ੈ ਮੂੰਹ ‘ਚ ਪਾ ਲੈਂਦਾ ਹੈ। ਜੇ ਉਸ ਨੂੰ ਭੁੱਖ ਨਾ ਲੱਗੀ ਹੋਵੇ ਤਾਂ ਕੋਈ ਉਸ ਨੂੰ ਮੱਲੋ ਮੱਲੀ ਕੁਝ ਵੀ ਖੁਆ ਨਹੀਂ ਸਕਦਾ।
ਬੱਚੇ ਦਾ ਇਹ ਸੁਭਾ ਤੇ ਆਦਤ ਉਦ ਤੱਕ ਬਰਕਰਾਰ ਰਹਿੰਦੀ ਹੈ, ਜਦ ਤੱਕ ਉਸ ਨੂੰ ਸੁਰਤ ਨਹੀਂ ਆਉਂਦੀ। ਜਾਂ ਇਉਂ ਕਹਿ ਲਉ ਕਿ ਜਦ ਤੱਕ ਉਹ ਆਪਣੇ ਮਨ (ੀਨਸਟਨਿਚਟ) ਵਿਚ ਮੱਤ (ੀਨਟeਲਲeਚਟ) ਨਹੀਂ ਉਤਾਰਦਾ। ਛੇ-ਸੱਤ ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਅੰਦਰ ਮੱਤ ਅਰਥਾਤ ਸੁਰਤ ਨਹੀਂ ਹੁੰਦੀ। ਇਸੇ ਲਈ ਅਸੀਂ ਆਪਣੀ ਉਮਰ ਦੇ ਇਸ ਪੜਾਅ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਾਂ ਕਿ ‘ਰੌਲਿਆਂ ਵੇਲੇ ਮੈਨੂੰ ਸੁਰਤ ਨਹੀਂ ਸੀ’ ਜਾਂ ‘ਰੌਲੇ ਮੇਰੀ ਸੁਰਤ ਵਿਚ ਹੀ ਪਏ।’
ਉਮਰ ਦੀ ਇਹ ਤਬਦੀਲੀ ਕਰੀਬ 6-7 ਸਾਲ ਦੀ ਉਮਰੇ ਆਉਂਦੀ ਹੈ। ਇਸ ਨੂੰ ਕਹਿੰਦੇ ਹਨ, ‘ਮਨ ਸੁਮੱਤਿਆ ਪੈਣੀ’ ਅਰਥਾਤ ਮਨ ਵਿਚ ਸੁਮੱਤ ਦਾ ਉਤਾਰਾ। ਪੁਰਾਣੇ ਸਮਿਆਂ ਵਿਚ ਇਸ ਤਬਦੀਲੀ ਸਮੇਂ ਇੱਕ ਰਸਮ ਕੀਤੀ ਜਾਂਦੀ ਸੀ, ਜਿਸ ਨੂੰ ਉਪਨਯਨ ਕਿਹਾ ਜਾਂਦਾ ਸੀ, ਜਿਸ ਦਾ ਅਰਥ ਹੈ, ਮਨ ਨੂੰ ਮੱਤ ਦੇ ਨੇੜੇ ਲੈ ਜਾਣਾ।
ਇਸ ਸਮੇਂ ਬੱਚੇ ਨੂੰ ਅਧਿਆਪਕ ਕੋਲ ਲੈ ਜਾਇਆ ਜਾਂਦਾ ਸੀ ਤੇ ਇਸ ਦੀ ਪਛਾਣ ਵਜੋਂ ਉਸ ਦੇ ਉਪਵੀਤ ਅਰਥਾਤ ਜਨੇਊ ਪਹਿਨਾਇਆ ਜਾਂਦਾ, ਜਿਸ ਨੂੰ ਜੰਜੂ ਵੀ ਕਿਹਾ ਜਾਂਦਾ ਹੈ। ਖੇਤ ਵਿਚੋਂ ਕਪਾਹ ਚੁਗ ਕੇ, ਖੂਹ ‘ਚ ਲਾਟੂ ਲਮਕਾ ਕੇ ਵੱਟੇ ਹੋਏ ਤ੍ਰੈ ਲੜੇ ਧਾਗੇ ਨੂੰ ਦੋਹਰਾ ਕਰਕੇ ਜਨੇਊ ਬਣਦਾ ਹੈ।
ਬ੍ਰਾਹਮਣ ਦਾ ਜਨੇਊ ਸੂਤ ਦਾ, ਖੱਤਰੀ ਦਾ ਸਣ ਦਾ ਅਤੇ ਵੈਸ਼ ਦਾ ਮੀਂਢੇ ਦੀ ਉਨ ਦੇ ਜਨੇਊ ਦਾ ਵਿਧਾਨ ਹੈ। ਇਸ ਦੇ ਇਲਾਵਾ ਬ੍ਰਾਹਮਣ ਦੇ ਬਸੰਤ ਰੁੱਤ ਵਿਚ, ਖੱਤਰੀ ਦੇ ਗਰਮੀਆਂ ਤੇ ਵੈਸ਼ ਦੇ ਸਰਦੀਆਂ ‘ਚ ਜਨੇਊ ਪਾਉਣ ਦਾ ਵਿਧਾਨ ਹੈ। ਇਸੇ ਤਰ੍ਹਾਂ ਬ੍ਰਾਹਮਣ ਦੇ ਅੱਠਵੇਂ ਸਾਲ ‘ਚ, ਖੱਤਰੀ ਦੇ ਗਿਆਰ੍ਹਵੇਂ ਅਤੇ ਵੈਸ਼ ਦੇ ਬਾਰ੍ਹਵੇਂ ਸਾਲ ‘ਚ ਉਪਨਯਨ ਸੰਸਕਾਰ ਹੋਣਾ ਚਾਹੀਦਾ ਹੈ।
ਕਿਸੇ ਬ੍ਰਾਹਮਣ ਨੂੰ ਕਿਤੇ ਲੁਟੇਰਿਆਂ ਨੇ ਘੇਰ ਕੇ ਲੁੱਟ ਲਿਆ ਤੇ ਉਸ ਦੇ ਕੱਪੜੇ ਵੀ ਲੁਹਾ ਲਏ। ਉਹ ਵਿਚਾਰਾ ਰੋਂਦਾ ਪਿੱਟਦਾ ਬਾਬਾ ਫਰੀਦ ਜੀ ਦੇ ਦਰਬਾਰ ਵਿਚ ਚਲਿਆ ਗਿਆ। ਉਸ ਦੀ ਦੁਰਦਸ਼ਾ ਦੇਖ ਕੇ ਕਿਸੇ ਨੇ ਕਿਹਾ ‘ਇਸ ਵਿਚਾਰੇ ਕੋਲ ਕੱਖ ਨਹੀਂ ਬਚਿਆ; ਲੁਟੇਰਿਆਂ ਨੇ ਇਸ ਦਾ ਸਭ ਕੁਝ ਲੁੱਟ ਲਿਆ।’ ਬਾਬਾ ਜੀ ਕਹਿਣ ਲੱਗੇ, ‘ਨਹੀਂ, ਇਸ ਕੋਲ ਬਹੁਤ ਕੁਝ ਬਚਿਆ ਹੈ; ਇਸ ਦਾ ਜਨੇਊ, ਇਸ ਦਾ ਸਰਵੋਦਯ ਪ੍ਰਣ ਇਸ ਕੋਲ ਹੈ; ਬੰਦੇ ਦਾ ਹੋਣਾ ਇਸ ਪ੍ਰਣ ਵਿਚ ਹੀ ਨਿਹਿਤ ਹੈ।’
ਪ੍ਰਣ ਹੀ ਸਿਰੜ ਹੁੰਦਾ ਹੈ, ਜਿਸ ਨੂੰ ਸਿਦਕ ਵੀ ਕਹਿੰਦੇ ਹਨ। ਪੁਰਾਤਨ ਸਿੰਘ ਅਕਸਰ ਆਖਦੇ, ‘ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।’ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਬਤ ਦਸਮ ਪਾਤਸ਼ਾਹ ਨੇ ਆਖਿਆ, ‘ਸੀਸ ਦੀਆ ਪਰ ਸਿਰਰ ਨ ਦੀਆ।’ ਭਾਰਤੀ ਪਰੰਪਰਾ ਵਿਚ ਬੰਦੇ ਦੀ ਅਸਲ ਪ੍ਰਾਪਤੀ ਉਸ ਦੇ ਪ੍ਰਣ ਦਾ ਨਿਭਣਾ ਹੈ। ਬਾਬਾ ਫਰੀਦ ਜੀ ਨੇ ਜਨੇਊ ਦੇ ਇਸ ਤੱਥ/ਸੱਚ ਵੱਲ ਹੀ ਸੰਕੇਤ ਕੀਤਾ।
ਗੁਰੂ ਨਾਨਕ ਪਾਤਸ਼ਾਹ ਜਨਮ ਤੋਂ ਹੀ ਵਾਹਿਗੁਰੂ ਦੇ ਚੁਣੇ ਹੋਏ ਪੈਗੰਬਰ ਸਨ ਅਰਥਾਤ ਗੁਰੂ ਸਨ। ਇਸ ਲਈ ਉਨ੍ਹਾਂ ਦਾ ਉਪਨਯਨ ਹਾਸੋਹੀਣੀ ਗੱਲ ਸੀ। ਇਹ ਗੱਲ ਵੀ ਸੀ ਕਿ ਗੁਰੂ ਨਾਨਕ ਬ੍ਰਾਹਮਣ ਨੂੰ ਆਪਣਾ ਗੁਰੂ ਤਸਲੀਮ ਨਹੀਂ ਸਨ ਕਰਦੇ; ਉਹ ਹਿੰਦੂ-ਮੁਸਲਿਮ ਦੇ ਸਾਂਝੇ ਗੁਰੂ, ਪੀਰ ਜਾਂ ਪੈਗੰਬਰ ਸਨ। ਇਸੇ ਲਈ ਉਨ੍ਹਾਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਉਪਨਯਨ ਦੀ ਰਸਮ ਮਨੁੱਖ ਵਿਚ ਰੰਗ ਅਤੇ ਨਸਲ ਭੇਦ ਵਾਲੇ ਵਰਣ ਵੰਡ ਦਾ ਕਾਰਨ ਤੇ ਪ੍ਰਤੀਕ ਵੀ ਬਣ ਚੁਕੀ ਸੀ। ਇਸੇ ਕਰਕੇ ਦਸਮੇਸ਼ ਪਿਤਾ ਨੇ ਹਰ ਤਰ੍ਹਾਂ ਦੀਆਂ ਸ਼ਰਤਾਂ ਹਟਾ ਕੇ, ਉਪਨਯਨ ਦੀ ਥਾਂ ਅੰਮ੍ਰਿਤਪਾਨ ਦੀ ਰੀਤ ਜਾਰੀ ਕੀਤੀ, ਜੋ ਸਗਲੇ ਮਨੁੱਖ ਮਾਤਰ ਲਈ ਸਾਂਝੀ ਸੀ ਅਤੇ ਜਿਸ ਵਿਚ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਸੀ। ਦਸਮੇਸ਼ ਪਿਤਾ ਨੇ ਖਾਲਸੇ ਨੂੰ ਆਪਣਾ ਗੁਰੂ ਤਸਲੀਮ ਕਰ ਲਿਆ ਸੀ, ਇਸ ਲਈ ਉਨ੍ਹਾਂ ਖਾਲਸੇ ਤੋਂ ਅੰਮ੍ਰਿਤਪਾਨ ਕਰ ਲਿਆ ਸੀ। ਬੇਸ਼ੱਕ ਅੰਮ੍ਰਿਤਪਾਨ ਵਿਚ ਵੀ ਚੌਥੇ ਪੌੜੇ ਜਿਹੇ ਭੇਦਭਾਵ ਘਸੋੜਨ ਦੀ ਨਾਪਾਕ ਕੋਸ਼ਿਸ਼ ਹੋਈ, ਪਰ ਉਸ ਨੂੰ ਕਤੱਈ ਕਾਮਯਾਬੀ ਹਾਸਲ ਨਾ ਹੋਈ।
ਉਪਨਯਨ ਜਾਂ ਅੰਮ੍ਰਿਤਪਾਨ ਪਿਛੋਂ ਬੱਚਾ ਵਿੱਦਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ, ਸਿਖਿਆਰਥੀ ਅਰਥਾਤ ਸਿੱਖ ਹੁੰਦਾ ਹੈ। ਇਹ ਉਸ ਦਾ ਦੂਜਾ ਜਨਮ ਹੁੰਦਾ ਹੈ। ਪਹਿਲੇ ਅਤੇ ਦੂਜੇ ਜਨਮ ਵਿਚ ਅੰਤਰ ਇਹ ਹੁੰਦਾ ਹੈ ਕਿ ਪਹਿਲਾਂ ਬੱਚੇ ਨੇ ਉਹੋ ਕੁਝ ਕਰਨਾ ਹੁੰਦਾ ਹੈ, ਜੋ ਉਹ ਕਰਨਾ ਚਾਹੁੰਦਾ ਹੈ। ਪਰ ਬਾਅਦ ਵਿਚ ਉਸ ਨੇ ਉਹ ਕੁਝ ਕਰਨਾ ਹੁੰਦਾ ਹੈ, ਜੋ ਉਸ ਨੂੰ ਕਰਨਾ ਚਾਹੀਦਾ ਹੈ। ਉਪਨਯਨ ਜਾਂ ਅੰਮ੍ਰਿਤਪਾਨ ਤੋਂ ਪਹਿਲਾਂ ਅਤੇ ਬਾਅਦ ਦੇ ਜੀਵਨ ਵਿਚ ਚਾਹੁੰਦਾ ਅਤੇ ਚਾਹੀਦਾ ਜਿੰਨਾ ਅੰਤਰ ਹੈ।
ਮੈਂ ਕੀ ਕਰਨਾ ਚਾਹੁੰਦਾ ਹਾਂ, ਇਹ ਮੇਰਾ ਮਨ (ੀਨਸਟਨਿਚਟ) ਦੱਸਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ, ਇਹ ਮੇਰੀ ਮੱਤ (ੀਨਟeਲਲeਚਟ) ਦੱਸਦੀ ਹੈ। ਇਸੇ ਲਈ ਉਪਨਯਨ ਜਾਂ ਅੰਮ੍ਰਿਤਪਾਨ ਪਿਛੋਂ ਬੱਚੇ ਦੇ ਮਨ ਵਿਚ ਮੱਤ ਉਤਾਰੀ ਜਾਂਦੀ ਹੈ; ਅਣਜਾਣ ਨੂੰ ਜਾਣਕਾਰ ਬਣਾਇਆ ਜਾਂਦਾ ਹੈ। ਭਾਰਤੀ ਸੱਭਿਆਚਾਰ ਵਿਚ ਮਨ ਨਾਲੋਂ ਮੱਤ ਦਾ ਦਰਜਾ ਉਚੇਰਾ ਹੈ। ਇਸੇ ਲਈ ਅਸੀਂ ਆਖਦੇ ਹਾਂ, ‘ਮਨ ਨੀਵਾਂ ਮੱਤ ਉਚੀ।’
ਮੱਤ ਕੀ ਹੈ? ਮੱਤ ਸਿਰਫ ਤੇ ਸਿਰਫ ਗਲਤ ਤੇ ਠੀਕ ਦੀ ਸ਼ਨਾਖਤ ਅਰਥਾਤ ਸਮਝ ਹੈ। ਬੱਚਾ ਜੋ ਕੁਝ ਵੀ ਕਰਦਾ ਹੈ, ਉਸ ਨੂੰ ਗਲਤ-ਠੀਕ ਦਾ ਨਹੀਂ ਪਤਾ ਹੁੰਦਾ। ਇਸ ਲਈ ਬੱਚੇ ਨੇ ਕੀ ਕਰਨਾ ਹੈ, ਇਸ ਦਾ ਫੈਸਲਾ ਵੱਡੇ ਕਰਦੇ ਹਨ। ਬੱਚੇ ਦੀ ਜਿੰਮੇਵਾਰੀ ਵੱਡੇ ਚੁੱਕਦੇ ਹਨ। ਬੱਚੇ ਦੀ ਗਲਤੀ ਦੇ ਜਿੰਮੇਵਾਰ ਵੱਡੇ ਹੁੰਦੇ ਹਨ।
ਪਰ ਉਪਨਯਨ ਜਾਂ ਅੰਮ੍ਰਿਤਪਾਨ ਬੱਚਾ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹੁੰਦਾ ਹੈ। ਵਿਦਿਆਰਥੀ ਨੂੰ ਪਤਾ ਹੁੰਦਾ ਹੈ ਕਿ ਗਲਤ ਕੀ ਹੈ ਤੇ ਠੀਕ ਕੀ ਹੈ। ਇਸ ਕਰਕੇ ਜਦ ਵਿਦਿਆਰਥੀ ਗਲਤੀ ਕਰਦਾ ਹੈ ਤਾਂ ਉਸੇ ਨੂੰ ਸਜ਼ਾ ਦਿੱਤੀ ਜਾਂਦੀ ਹੈ, ਕਿਉਂਕਿ ਉਸ ਨੂੰ ਤਾਂ ਗਲਤ- ਠੀਕ ਦਾ ਪਤਾ ਹੋਣਾ ਚਾਹੀਦਾ ਸੀ!
ਸੁਰਤ ਵਾਲੇ ਮਨੁੱਖ ਦੇ ਸਿਰ ਵੱਡੀ ਜਿੰਮੇਵਾਰੀ ਹੁੰਦੀ ਹੈ। ਇਹੀ ਉਸ ਦੀ ਨੈਤਿਕਤਾ ਹੁੰਦੀ ਹੈ। ਉਹ ਅਨੈਤਿਕ ਕੰਮ ਨਹੀਂ ਕਰਦਾ ਕਿਉਂਕਿ ਉਸ ਦੇ ਸਿਰ ਜ਼ਮਾਨੇ ਦੀ ਜਿੰਮੇਵਾਰੀ ਹੁੰਦੀ ਹੈ। ਇਹੀ ਜਿੰਮੇਵਾਰੀ ਹੈ, ਜਿਸ ਦਾ ਅਹਿਸਾਸ ਨੈਤਿਕਤਾ ਦਾ ਸਬਕ ਹੈ।
ਹਰਮਨ ਹੈਸ ਨੇ ‘ਸਿਧਾਰਥ’ ਵਿਚ ਇਹੀ ਸਬਕ ਸਿਖਾਇਆ ਹੈ। ਸਾਡੀ ਸਿੱਖਿਆ ਵੀ ਸਾਨੂੰ ਵਿਚਾਰ ਕਰਨਾ ਸਿਖਾਉਂਦੀ ਹੈ, ਉਡੀਕ ਅਰਥਾਤ ਸਬਰ ਕਰਨਾ ਦੱਸਦੀ ਹੈ ਅਤੇ ਭੁੱਖ ਅਰਥਾਤ ਸੰਜਮ ਵਿਚ ਰਹਿਣਾ ਸਿਖਾਉਂਦੀ ਹੈ।
ਅਜੋਕੇ ਯੁੱਗ ਵਿਚ ਉਪਰੋਕਤ ਸਿੱਖਿਆ ਲਈ ਸਕੂਲ ਵਿਚ ਦਾਖਲ ਹੋਣਾ ਹੀ ਉਪਨਯਨ ਅਤੇ ਅੰਮ੍ਰਿਤਪਾਨ ਹੈ, ਜਿਸ ਵਿਚ ਕਿਸੇ ਪ੍ਰਕਾਰ ਦਾ ਵਰਣਾਸ਼ਰਮ ਭਿੰਨ ਭੇਦ ਨਹੀਂ ਹੈ। ਇਹ ਅਵਸਰ ਸਭ ਦਾ ਸਾਂਝਾ ਹੈ। ਆਉ, ਇਸ ਅਵਸਰ ਦਾ ਲਾਹਾ ਲਈਏ; ਕਮ ਸੇ ਕਮ ਆਪੋ ਆਪਣੀ ਜਿੰਮੇਵਾਰੀ ਚੁੱਕੀਏ ਅਤੇ ਨੈਤਿਕ ਹੋਈਏ।
ਜੇ ਚਾਰੇ ਖਾਣੀਆਂ ਅਰਥਾਤ ਚੁਰਾਸੀ ਲੱਖ ਜੂਨਾਂ ਵਿਚੋਂ ਮਨੁੱਖ ਸਰਬੋਤਮ ਹੈ ਤਾਂ ਇਸ ਦਾ ਅਰਥ ਇਹੀ ਹੈ ਜੀਵ ਅਤੇ ਵਨਸਪਤੀ ਦੀ ਸੰਭਾਲ ਦੀ ਜਿੰਮੇਵਾਰੀ ਮਨੁੱਖ ਦੀ ਹੈ। ਉਪਨਯਨ, ਅੰਮ੍ਰਿਤਪਾਨ ਜਾਂ ਪੜ੍ਹੇ-ਲਿਖੇ ਮਨੁੱਖ ਦਾ ਪਰਮ ਫਰਜ ਹੈ ਕਿ ਉਹ ਸਰਵੋਦਯ ਅਰਥਾਤ ਸਰਬੱਤ ਦੇ ਭਲੇ ਨੂੰ ਸਮਰਪਿਤ ਹੋਵੇ। ਮਨੁੱਖ ਹੋਣ ਦਾ ਇਹੋ ਉਪਲਕਸ਼ ਹੈ।