ਪੰਜਾਬੀਆਂ ਦਾ ਲੋਕ ਧਰਮ ਕੀ ਹੈ…

ਮੋਨੀਕਾ ਕੁਮਾਰ
ਫੋਨ: +91-94175-32822
ਦੋ ਸਾਲ ਪਹਿਲਾਂ ਦੀ ਗੱਲ ਹੈ, ਚੰਡੀਗੜ੍ਹੋਂ ਲੁਧਿਆਣੇ ਜਾ ਰਹੀ ਸਾਂ। ਜਨਵਰੀ ਦੀ ਅਖੀਰੀ ਠੰਢ ਵਿਚ ਲੋਕ ਉਂਜ ਹੀ ਸੀਤ ਹਵਾ ਦੇ ਚੁੱਪ ਕਰਾਏ ਹੋਏ ਸਨ ਤੇ ਇਕ ਵਾਰੀ ਬੱਸ ਅੱਡਿਓਂ ਬਾਹਰ ਨਿਕਲੀ ਤਾਂ ਮਾਹੌਲ ਰਵਾਂ ਹੋ ਗਿਆ। ਘਰ ਦੇ ਬਿਸਤਰਿਆਂ ‘ਤੇ ਨੀਂਦ ਦਾ ਆਪਣਾ ਮਜ਼ਾ ਹੁੰਦਾ ਹੈ, ਪਰ ਹਿਚਕੋਲੇ ਖਾਂਦੀ ਬੱਸ ਵਿਚ ਪੰਦਰਾਂ ਮਿੰਟ ਵੀ ਜੋ ਨੀਂਦ ਆਉਂਦੀ ਏ, ਉਠ ਕੇ ਮਨ ਬਰੋਬਰ ਹੋ ਜਾਂਦਾ ਏ। ਬ੍ਰੇਕ ਦੇ ਝਟਕੇ ਨਾਲ ਡਿਗਦੀ ਧੌਣ ਵੀ ਨੀਂਦ ਦਾ ਤਲਿਸਮ ਨਹੀਂ ਤੋੜਦੀ, ਘੜੀ ਕੁ ਅੱਖ ਖੋਲ੍ਹ ਕੇ ਬੰਦਾ ਫੇਰ ਗੁੰਮ ਜਾਂਦਾ ਹੈ। ਬੱਸਾਂ ਵਿਚ ਸੁੱਤੇ ਪਏ ਲੋਕਾਂ ਦੇ ਖੁੱਲ੍ਹੇ ਮੂੰਹ ਬੜੇ ਨਿਰਦੋਸ਼ ਲੱਗਦੇ ਨੇ। ਦੁਨੀਆਂ ‘ਚ ਕੋਈ ਕਿਤੇ ਵੀ ਕੰਮ ਲੱਗਾ ਹੋਵੇ, ਕੰਮ ਦੀ ਸਪੀਡ ਘਟਾਉਣ, ਵਧਾਉਣ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ; ਪਰ ਬੱਸ ਵਿਚ ਪਤਾ ਹੁੰਦੈ, ਹੁਣ ਜੋ ਕਰਨਾ, ਡਰਾਈਵਰ ਨੇ ਕਰਨਾ; ਸੋ ਸੁਰਖਰੂ ਹੋ ਕੇ ਮੈਂ ਵੀ ਸੌਂ ਗਈ।

ਉਠ ਕੇ ਜਦੋਂ ਬਾਰੀ ਵਿਚੋਂ ਝਾਕਿਆ ਤਾਂ ਰਾਹ ਓਪਰਾ ਜਿਹਾ ਲੱਗਾ। ਮੈਨੂੰ ਵਹਿਮ ਹੋਇਆ ਕਿ ਮੈਂ ਗਲਤ ਬੱਸੇ ਚੜ੍ਹ ਗਈ ਹਾਂ। ਨਾਲ ਦੀ ਸਵਾਰੀ ਨੂੰ ਪੁੱਛਿਆ ਤਾਂ ਉਹਨੇ ਪੁਸ਼ਟੀ ਕੀਤੀ ਕਿ ਬੱਸ ਲੁਧਿਆਣੇ ਚੱਲੀ ਹੈ। ਅੱਬੜਵਾਹੇ ਉਠ ਕੇ ਮੈਥੋਂ ਰਾਹ ਨਹੀਂ ਪਛਾਣ ਹੋਇਆ ਤੇ ਦੂਜਾ ਇਹ ਕਿ ਅੱਜ ਕੱਲ੍ਹ ਤਿੰਨਾਂ-ਚੌਹਾਂ ਮਹੀਨਿਆਂ ਬਾਅਦ ਹੀ ਕਿਸੇ ਸ਼ਹਿਰ ਜਾਵੋ ਤਾਂ ਸੜਕਾਂ ਪਾਸੇ ਰੱਖੀਆਂ ਰਾਹ ਦੀਆਂ ਨਿਸ਼ਾਨੀਆਂ ਗਾਇਬ ਹੋਈਆਂ ਹੁੰਦੀਆਂ ਹਨ ਜਾਂ ਉਨ੍ਹਾਂ ਦੇ ਆਲੇ-ਦੁਆਲੇ ਹੋਰ ਬੜਾ ਕੁਝ ਬਣ ਚੁਕਾ ਹੁੰਦਾ ਏ। ਉਸ ਸਵਾਰੀ ਨੇ ਦੱਸਿਆ ਕਿ ਉਹਨੇ ਲੁਧਿਆਣਿਓਂ ਉਰ੍ਹਾਂ ਕਿਸੇ ਪਿੰਡ ਉਤਰਨਾ ਹੈ। ਉਹ ਤਾਰੀਖ ਭੁਗਤਣ ਚੰਡੀਗੜ੍ਹ ਆਇਆ ਸੀ। ਮੈਂ ਰਤਾ ਕੁ ਧਿਆਨ ਕੀਤਾ, ਉਹ ਬਹੁਤ ਸੁਹਣਾ ਆਦਮੀ ਸੀ; ਖੁੱਲ੍ਹੀ ਚਿੱਟੀ ਦਾਹੜੀ, ਪੁਰਾਣੇ ਰਿਵਾਜ ਦੇ ਕੱਪੜੇ; ਪਰ ਮੁੱਖ ‘ਤੇ ਕਰੜੀ ਮਿਹਨਤ ਨਾਲ ਜੋ ਆਉਂਦੀ ਹੈ, ਉਸ ਤਰ੍ਹਾਂ ਦੀ ਚਮਕ। ਮੈਂ ਬਹੁਤਾ ਸੋਚੇ ਬਿਨਾ ਪੁੱਛ ਲਿਆ, “ਤੁਸੀਂ ਵਾਹੀ ਕਰਦੇ ਓ?”
ਮੇਰੇ ਪੁੱਛਣ ਦੀ ਦੇਰ ਸੀ ਕਿ ਉਹ ਕਿਸਾਨ ਦੀ ਮੰਦਹਾਲੀ ਦੀ ਵਿਥਿਆ ਸੁਣਾਉਣ ਲੱਗਾ, “ਸਾਨੂੰ ਕਮਾਈ ਦਾ ਕੋਈ ਸਵਾਦ ਨਹੀਂ ਆਉਂਦਾ, ਕਿਉਂਕਿ ਇਕ ਫਸਲ ਨਾਲ ਅਸੀਂ ਪਿਛਲਾ ਕਰਜ਼ਾ ਤਾਰੀਦਾ ਤੇ ਏਨੇ ‘ਚ ਹੋਰ ਕਰਜ਼ਾ ਚੁੱਕ ਲਈਦਾ।” ਕਹਿੰਦਾ, ਨਾਲ ਦੇ ਕਈ ਕਿਸਾਨ ਹੁਣ ਅਨਾਜ ਦੀ ਥਾਂ ਸਬਜ਼ੀ ਬੀਜਣ ਲੱਗ ਪਏ ਨੇ, ਕਿਉਂਕਿ ਸ਼ਹਿਰ ‘ਚ ਸਬਜ਼ੀ ਵੇਚ ਕੇ ਤਾਜ਼ੀ ਕਮਾਈ ਮਿਲ ਜਾਂਦੀ ਹੈ। ਉਂਜ, ਉਹਨੂੰ ਇਹ ਕੰਮ ਚੰਗਾ ਨਹੀਂ ਲੱਗਦਾ। ਉਹਨੇ ਦੱਸਿਆ ਕਿ ਉਹ ਖੇਤੀ ਕਰਨੀ ਜਾਣਦਾ ਹੈ, ਪਰ ਇੰਜ ਰੋਜ਼ ਜਾ ਕੇ ਆੜ੍ਹਤੀਆਂ ਨੂੰ ਸਬਜ਼ੀਆਂ ਸਸਤੇ ਭਾਅ ਵੇਚਣ ਨਾਲੋਂ ਆਪ ਸ਼ਹਿਰ ਜਾ ਕੇ ਵੇਚਣਾ ਉਹਦੇ ਵੱਸ ਦੀ ਗੱਲ ਨਹੀਂ। ਉਹ ਦੁੱਖ ਦਾ ਮਾਰਿਆ ਸੀ, ਪਰ ਉਹਦੇ ਮਨ-ਬਚਨ-ਕਰਮ ਵਿਚ ਖੋਟ ਨਹੀਂ ਸੀ। ਉਹ ਆਪਣੇ ਪਿੰਡ ਦੇ ਗੇਟ ‘ਤੇ ਉਤਰ ਗਿਆ ਤੇ ਮੈਨੂੰ ਖਿਆਲ ਆਇਆ ਕਿ ਆਪਣੇ ਜੀਵਨ ਵਿਚ ਮੈਂ ਕਦੇ ਕਿਸਾਨ ਬਾਰੇ ਨਹੀਂ ਸੋਚਿਆ। ਮੇਰਾ ਪਰਿਵਾਰ ਤਾਂ ਖੇਤੀ ਨਹੀਂ ਕਰਦਾ ਪਰ ਮੇਰੇ ਸੰਪਰਕ ਵਿਚ ਵਾਹੀ ਕਰਨ ਵਾਲੇ ਕੁਝ ਲੋਕ ਜ਼ਰੂਰ ਹਨ। ਮੈਂ ਕਦੇ ਸੋਚਿਆ ਨਹੀਂ ਕਿ ਅੱਜ ਦੇ ਜ਼ਮਾਨੇ ਵਿਚ ਕਿਰਸਾਨੀ ਕਰਨ ਦਾ ਕੀ ਮਤਲਬ ਏ?
ਮੈਨੂੰ ਉਸ ਦਿਨ ਅਹਿਸਾਸ ਹੋਇਆ ਕਿ ਕਿਸਾਨ ਮੇਰੀ ਚੇਤਨਾ ਦਾ ਹਿੱਸਾ ਨਹੀਂ ਏ, ਇਸੇ ਲਈ ਮੇਰੇ ਚਿੰਤਨ ਜਾਂ ਚਿੰਤਾ ਦਾ ਵਿਸ਼ਾ ਨਹੀਂ ਏ। ਖੇਤਾਂ ਦੀ ਹਰਿਆਵਲ ਦਾ ਦ੍ਰਿਸ਼, ਪੱਕੀ ਕਣਕ ਦਾ ਸੋਨੇਹਾਰਾ ਦ੍ਰਿਸ਼ ਹਰ ਪੰਜਾਬੀ ਦੇ ਮਨ ਦਾ ਹਰਿਆ ਬਿੰਬ ਹੈ; ਪਰ ਮਿੱਟੀ ‘ਚੋਂ ਇਹ ਚਮਤਕਾਰ ਪੈਦਾ ਕਰਦੇ ਕਿਸਾਨ ਦੇ ਜੀਵਨ ਤੋਂ ਮੇਰੇ ਵਰਗੇ ਗੈਰ-ਕਿਸਾਨ ਲੋਕ ਅਸਲੋਂ ਟੁੱਟ ਗਏ ਨੇ। ਅਜਿਹੀਆਂ ਗੱਲਾਂ ਸੋਚਦਿਆਂ ਮੈਂ ਲੁਧਿਆਣੇ ਪੁੱਜ ਗਈ ਪਰ ਉਸ ਕਿਸਾਨ ਦਾ ਚਿਹਰਾ ਮੈਨੂੰ ਯਾਦ ਆਉਂਦਾ ਰਿਹਾ ਕਿ ਉਸ ਵਿਚ ਏਡਾ ਸੁਹਣਾ ਕੀ ਸੀ? ਫਿਰ ਇਕ ਦਿਨ ਖਿਆਲ ਆਇਆ ਕਿ ਪੰਜਾਬ ਦਾ ਅਧਿਆਤਮ ਕਿਸਾਨ ਦੇ ਮੁੱਖ ‘ਤੇ ਹੈ।
ਦੇਸ਼ ਵਿਚ ਵੱਸਦਾ ਤੇ ਕੰਮ ਕਰਦਾ ਹਰ ਮਨੁੱਖ ਦੇਸ਼ ਦੀ ਹੋਣੀ ਵਿਚ ਹਿੱਸਾ ਪਾਉਂਦਾ ਹੈ। ਮੋਚੀ, ਦਰਜੀ, ਦੋਧੀ, ਅਧਿਆਪਕ, ਦੁਕਾਨਦਾਰ, ਲੁਹਾਰ, ਡਾਕਟਰ, ਜਮਾਂਦਾਰ, ਵਕੀਲ ਤੇ ਰੱਦੀ ਲਈ ਹਾਕ ਮਾਰਦਾ ਸਾਈਕਲ ‘ਤੇ ਫੇਰੀ ਲਾਉਂਦਾ ਬੰਦਾ ਵੀ, ਹਰ ਦੇਸ਼ ਦੇ ਕੰਮ-ਕਾਜ ਦਾ ਧੁਰਾ ਹੁੰਦਾ ਹੈ, ਜਿਸ ਦੇ ਠੀਕ ਚੱਲਣ ਨਾਲ ਗੱਡੀ ਦਾ ਸੰਤੁਲਨ ਬਣਿਆ ਰਹਿੰਦਾ ਏ। ਮੈਂ ਛੋਟੀ ਹੁੰਦੀ ਸੁਣਦੀ ਸਾਂ, ‘ਉਤਮ ਖੇਤੀ, ਮੱਧਮ ਵਪਾਰ, ਨਖਿੱਧ ਨੌਕਰੀ’ ਪਰ ਅੱਜ ਹਾਲਤ ਇਹ ਹੈ ਕਿ ਤਿੰਨੇ ਕੰਮ ਨਖਿੱਧ ਹੋ ਗਏ ਨੇ। ਮਤਲਬ ਪੰਜਾਬੀ ਸਮਾਜ ਦਾ ਧੁਰਾ ਹਿੱਲ ਗਿਆ ਹੈ ਤੇ ਇਹਦੀ ਮੌਲਿਕ ਰਚਨਾ ਵਿਚ ਤੋਟ ਆ ਗਈ ਹੈ। ਕਿਸੇ ਦੇਸ਼ ਵਿਚ ਸੁਹਣਾ ਵੱਸਣ-ਰੱਸਣ ਲਈ ਸਭ ਵਸਤਾਂ ਦੀ ਦਾਤ ਪੰਜਾਬ ਕੋਲ ਸੀ, ਉਪਜਾਊ ਜਾਗ੍ਰਿਤ ਮਿੱਟੀ ਹਵਾ ਪਾਣੀ, ਬਾਰਾਂਮਾਹ ਕੰਮ ਕਰਨ ਤੇ ਪ੍ਰੇਮ ਹੰਢਾਉਣ ਵਾਲੀ ਰੁੱਤ ਤੇ ਇਸ ਸਭ ਨੂੰ ਵਰਤਣ ਦੀ ਸੇਧ ਦੇਣ ਵਾਲੀ ਵਿਚਾਰਾਂ ਦੀ ਮਹਾਨ ਪਰੰਪਰਾ। ਸਾਡਾ ਧਰਮ ਇਸ ਵਿਰਸੇ ਨੂੰ ਹੋਰ ਅੱਗੇ ਲਿਜਾਣਾ ਸੀ ਪਰ ਸਾਡਾ ਤਾਂ ਚੱਕਾ ਹੀ ਜਾਮ ਹੋਣ ਲੱਗਾ ਹੈ। ਭ੍ਰਿਸ਼ਟ ਸਿਆਸਤੀ ਪ੍ਰਬੰਧ ਸਭ ਕੁਝ ‘ਤੇ ਭਾਰੂ ਹੋ ਗਿਆ ਤੇ ਇਨ੍ਹਾਂ ਵਸਤਾਂ ਨੂੰ ਵਰਤਣ ਦੀ ਜਾਚ ਸਾਡੇ ਤੋਂ ਵਿਸਰ ਗਈ। ਅੱਜ ਸਾਡੇ ਕੋਲ ਇਕ ਵੀ ਸੂਤਰ ਨਹੀਂ, ਜਿਸ ਵਿਚ ਅਸੀਂ ਸਾਰੇ ਪੰਜਾਬ ਦੀ ਲੋਕਾਈ ਨੂੰ ਬੰਨ੍ਹ ਸਕੀਏ।
ਸਮਾਜਕ ਤੇ ਆਰਥਕ ਬਰਾਬਰੀ ਦਾ ਆਦਰਸ਼ ਵਿੱਢ ਕੇ ਆਜ਼ਾਦੀ ਪਿਛੋਂ ਦੇਸ਼ ਭਰ ਵਿਚ ਜੋ ਲਹਿਰਾਂ ਚੱਲੀਆਂ, ਉਹ ਪੰਜਾਬ ਵਿਚ ਵੀ ਬੜੇ ਉਤਸ਼ਾਹ ਨਾਲ ਵਗੀਆਂ ਪਰ ਹਾਲ ਇਹ ਹੈ ਕਿ ਨਾ ਇਥੇ ਔਰਤ ਦੀ ਹਾਲਤ ਬਿਹਤਰ ਹੋਈ, ਨਾ ਦਲਿਤ ਨੂੰ ਬਰਾਬਰੀ ਮਿਲੀ ਤੇ ਨਾ ਹੀ ਕਿਰਸਾਨੀ ਨੂੰ ਉਹ ਗੌਰਵ ਮਿਲਿਆ, ਜੋ ਅਸੀਂ ਰਲ ਕੇ ਉਸ ਤੋਂ ਖੋਹਿਆ ਹੈ। ਕਾਰਵਾਈ ਸਾਰੀ ਪਈ ਪਰ ਸਾਡਾ ਬਣਿਆ ਕੁਝ ਨਹੀਂ, ਕਿਉਂਕਿ ਅਸੀਂ ਕਦੇ ਇਕੱਠੇ ਹੋ ਕੇ ਨਹੀਂ ਲੜੇ। ਅਸੀਂ ਇਨ੍ਹਾਂ ਲਹਿਰਾਂ ਦੀ ਤਕਰੀਰ ਨਾਲ ਸਹਿਮਤ ਨਹੀਂ। ਸਾਨੂੰ ਅੰਦਰੋਂ ਝੋਰਾ ਨਹੀਂ ਕਿ ਅਸੀਂ ਸਦੀਆਂ ਤੋਂ ਜਾਤ ਦੇ ਆਧਾਰ ‘ਤੇ ਆਪਣੇ ਹੀ ਵਰਗੇ ਮਨੁੱਖਾਂ ਦਾ ਸ਼ੋਸ਼ਣ ਕੀਤਾ ਹੈ; ਕਿ ਕੋਈ ਔਰਤ ਜੀਵਨ ਸੰਵਾਰਨ ਦੇ ਮੌਕਿਆਂ ਤੋਂ ਵਾਂਝੀ, ਪਰਿਵਾਰ ਤੇ ਸਮਾਜ ਵਿਚ ਰਹਿੰਦਿਆਂ ਸਾਰੀ ਜ਼ਿੰਦਗੀ ਸ਼ੱਕ ਤੇ ਸਾਜ਼ਿਸ਼ ਭਰੀਆਂ ਨਜ਼ਰਾਂ ਤੋਂ ਬਚਦੀ-ਬਚਦੀ ਵੀ ਜ਼ੁਲਮ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਬਾਜ਼ਾਰ ਦੇ ਭਾਅ ‘ਤੇ ਆਟਾ-ਦਾਲ ਖਰੀਦ ਕੇ ਅਸੀਂ ਪੰਜਾਬ ਦੀ ਕਿਰਸਾਨੀ ਦਾ ਮੁੱਲ ਚੁਕਤਾ ਕੀਤਾ ਜਾਣਦੇ ਹਾਂ। ਇਸੇ ਸਵਾਰਥੀ ਸੋਚ ਕਰਕੇ ਅਸੀਂ ਦੇਸ਼ ਪੰਜਾਬ ਨੂੰ ਰੋਗੀ ਕਰ ਲਿਆ ਹੈ। ਇਸ ਗੱਲ ਤੋਂ ਅਣਜਾਣ ਕਿ ਸਾਡਾ ਨਿੱਜੀ ਜੀਵਨ ਸਮਾਜਕ ਜੀਵਨ ਦਾ ਅੰਸ਼ ਹੈ, ਅਸੀਂ ‘ਮੈਂ ਤੇ ਮੇਰਾ ਪਰਿਵਾਰ’ ਦੇ ਸਿਧਾਂਤ ‘ਤੇ ਆਪਣਾ ਨਿੱਜੀ ਤੇ ਸਮਾਜਕ ਜੀਵਨ ਸਮੇਟ ਲਿਆ ਹੈ ਪਰ ਪੰਜਾਬ ਵਿਚ ਪਰਿਵਾਰਕ ਜਿਉਣ ਦੇ ਨਿਘਾਰ ਦੀ ਕਥਾ ਦਾ ਵਿਖਿਆਨ ਪੰਜਾਬ ਦੇ ਸਮਾਜਕ ਜੀਵਨ ਦੇ ਨਿਘਾਰ ਦੀ ਕਥਾ ਤੋਂ ਵੱਖਰਾ ਨਹੀਂ ਹੈ, ਕਿਉਂਕਿ ਸੁਥਰੇ ਸਮਾਜ ਵਿਚ ਹੀ ਸੁਥਰੇ ਪਰਿਵਾਰ ਪਲ ਸਕਦੇ ਹਨ। ਬਾਹਰ ਦੀ ਹਵਾ ਖਰਾਬ ਹੋਵੇ ਤਾਂ ਆਪਣਾ ਵੱਖਰਾ ਸਵਰਗ ਨਹੀਂ ਬਣਾਇਆ ਜਾ ਸਕਦਾ; ਕਿਉਂਕਿ ਘਰ ਦੀ ਸੱਜਰੀ ਹਵਾ ਵਾਸਤੇ ਤਾਕੀ ਅੰਦਰ ਵੱਲ ਦੀ ਨਹੀਂ, ਬਾਹਰ ਵੱਲ ਨੂੰ ਹੀ ਖੋਲ੍ਹਣੀ ਪੈਂਦੀ ਹੈ। ਜੇ ਇਹ ਸੱਚ ਨਾ ਹੁੰਦਾ ਤਾਂ ਅਸੀਂ ਘਰਾਂ ਅੰਦਰ ਖੱਜਲ ਨਾ ਪਏ ਹੁੰਦੇ, ਪਰਿਵਾਰਾਂ ਦੇ ਨੌਜਵਾਨ ਬੇਰੁਜ਼ਗਾਰ ਤੇ ਗੁੰਮਰਾਹ ਨਾ ਹੁੰਦੇ ਤੇ ਘਰ ਦੀਆਂ ਔਰਤਾਂ ਦੀ ਹਿਫਾਜ਼ਤ ਦੀ ਚਿੰਤਾ ਨਾ ਹੁੰਦੀ।
ਇਹ ਕਹਿਣਾ ਬੜਾ ਸੌਖਾ ਹੈ ਕਿ ਭ੍ਰਿਸ਼ਟ ਰਾਜਨੀਤੀ ਨੇ ਪੰਜਾਬ ਨੂੰ ਖਰਾਬ ਕੀਤਾ ਹੈ ਪਰ ਗੱਲ ਤਾਂ ਇਹ ਵੀ ਸੋਚਣ ਦੀ ਹੈ ਕਿ ਅਸੀਂ ਕਦੋਂ ਲੋਕਤੰਤਰ ਦਾ ਧਰਮ ਨਿਭਾਇਆ ਹੈ। ਦਫਤਰਾਂ, ਯੂਨੀਵਰਸਿਟੀਆਂ, ਪੰਚਾਇਤਾਂ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਵਿਚ ਅਸੀਂ ਜਾਤ, ਧਰਮ ਦੇ ਨਾਂ ‘ਤੇ ਵੋਟਾਂ ਪਾਉਂਦੇ ਹਾਂ, ਨਹੀਂ ਤਾਂ ਲੋਕਾਂ ਦੇ ਮੂੰਹ ਨੂੰ ਵੋਟਾਂ ਪਾਉਂਦੇ ਹਾਂ ਤੇ ਇਹੋ ਜਿਹੀ ਸਰਕਾਰ ਚੁਣਦੇ ਹਾਂ ਜੋ ਸਾਡੀ ਕਮਜ਼ੋਰੀ ਨੂੰ ਆਧਾਰ ਬਣਾ ਕੇ ਹੀ ਸਾਡੀ ਸੁੱਚੀ ਕਮਾਈ ਦਾ ਸਿਲਾ ਸਾਥੋਂ ਖੋਹ ਲੈਂਦੀ ਹੈ ਤੇ ਸਾਨੂੰ ਜਾਤ, ਧਰਮ ਦੀ ਵੰਡੀ ਵਿਚ ਉਲਝਾ ਦਿੰਦੀ ਹੈ। ਆਧੁਨਿਕ ਰਾਜ ਵਿਚ ਸਰਕਾਰ ਆਪਣੀ ਤਾਸੀਰ ਜਨਤਾ ਦੀ ਤਾਸੀਰ ਤੋਂ ਗ੍ਰਹਿਣ ਕਰਦੀ ਹੈ ਤੇ ਉਸ ਨੂੰ ਵਾਚ ਕੇ ਹੀ ਜਨਤਾ ਨਾਲ ਵਰਤਦੀ ਹੈ। ਜਦ ਸਾਡੇ ਆਪਣੇ ਕਿਰਦਾਰ ਡਿੱਗੇ ਹੋਏ ਨੇ ਤਾਂ ਅਸੀਂ ਸਰਕਾਰਾਂ ਵਿਚ ਇਖਲਾਕ ਕਿਵੇਂ ਭਾਲੀਏ? ਲੋਕਤੰਤਰ ਦਾ ਮਤਲਬ ‘ਜਾਗਤੇ ਰਹੋ’ ਹੈ, ਜਿਸ ਦੀ ਰਾਖੀ ਕਰਨੀ ਪੈਂਦੀ ਹੈ ਤੇ ਅਸੀਂ ਵੋਟਾਂ ਪਾ ਕੇ ਸਮਝੀਦੈ ਕਿ ਹੁਣ ਜੋ ਕਰਨਾ ਸਰਕਾਰ ਕਰੇਗੀ। ਲੋਕਤੰਤਰ ਦੀ ਸਫਲਤਾ ਲੋਕ ਧਰਮ ਦੇ ਨਿਰਬਾਹ ‘ਤੇ ਨਿਰਭਰ ਹੈ, ਪਰ ਸਾਡੇ ਲੋਕ ਧਰਮ ਦਾ ਘੇਰਾ ਬਹੁਤ ਸੌੜਾ ਹੈ। ਲੋਕਤੰਤਰ ਦੀ ਕਾਮਯਾਬੀ ਲਈ ਜਾਤ-ਬਰਾਦਰੀ ਦਾ ਘੇਰਾ ਵੱਡਾ ਕਰਕੇ ਹਰ ਦਿਨ ਆਪਣੇ ਘਰਾਂ, ਦਫਤਰਾਂ, ਗਲੀ-ਮੁਹੱਲਿਆਂ ਤੇ ਚੋਣ ਹਲਕਿਆਂ ਵਿਚ ਸੰਘਰਸ਼ ਕਰਨਾ ਪੈਂਦਾ ਹੈ।
ਵਧਦੇ ਹੋਏ ਵਿਸ਼ਵ ਪੂੰਜੀਵਾਦ ਨੇ ਭਰਮ ਪਾ ਦਿੱਤਾ ਹੈ ਕਿ ਘਰੇ ਬਹਿ ਕੇ ਚੀਜ਼ਾਂ ਆਰਡਰ ਕਰੀ ਜਾਣਾ ਜੀਵਨ ਦਾ ਮਜ਼ਾ ਹੈ ਤੇ ਸੰਘਰਸ਼ ਕਰਨਾ ਜਿਵੇਂ ਵਿਹਲਾ ਤੇ ਨਾਲਾਇਕ ਕੰਮ ਹੈ। ਅੱਜ ਸਾਡਾ ਮਨੋਬਲ ਟੁੱਟਾ ਹੋਇਆ ਹੈ, ਕਿਉਂਕਿ ਸਾਨੂੰ ਯਕੀਨ ਨਹੀਂ ਕਿ ਸਾਡੇ ਸੰਘਰਸ਼ ਦਾ ਯੋਗ ਫਲ ਮਿਲੇਗਾ ਵੀ ਕਿ ਨਹੀਂ ਪਰ ਇਕ ਵਾਰ ਜੇ ਪੰਜਾਬ ਦੇ ਲੋਕ ਫੈਸਲਾ ਕਰ ਲੈਣ ਕਿ ਹਰ ਗਲਤ ਨੂੰ ਸਹੀ ਕਰਨਾ ਹੈ ਤਾਂ ਜੱਗ ਜਾਣਦਾ ਹੈ ਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ। ਮੇਰਾ ਅਨੁਭਵ ਹੈ ਕਿ ਪ੍ਰਮਾਣਿਕ ਜੀਵਨ ਦੀ ਸ਼ੁਰੂਆਤ ਇਸੇ ਤਰ੍ਹਾਂ ਦੇ ਫੈਸਲੇ ਕਰਕੇ ਹੁੰਦੀ ਹੈ।
ਪੰਜਾਬ ਦੇ ਉਠਾਣ ਨੂੰ ਸਹੀ ਰਾਜਨੀਤਕ ਸੇਧ ਦੇਣ ਲਈ ਹਰ ਪੰਜਾਬੀ ਨੂੰ ਕੁਕਨੂਸ ਦੀ ਤਰ੍ਹਾਂ ਆਪਣੀ ਰਾਖ ਵਿਚੋਂ ਉਠ ਕੇ ਇਸ ਕ੍ਰਾਂਤੀ ਦਾ ਨਾਇਕ ਹੋਣਾ ਚਾਹੀਦਾ ਹੈ। ਉਹ ਜਿਥੇ ਹੈ, ਜੋ ਕਰ ਰਿਹਾ ਹੈ, ਲੋਕ-ਧਰਮ ਨਿਭਾ ਰਿਹਾ ਹੈ ਤੇ ਮੁਸਤੈਦੀ ਨਾਲ ਲੋਕਤੰਤਰ ਦੀ ਰਾਖੀ ਕਰ ਰਿਹਾ ਹੈ। ਜਿਸ ਦਿਨ ਸਾਡੀਆਂ ਰਸੋਈਆਂ, ਵਿਹੜਿਆਂ, ਮੁਹੱਲਿਆਂ ਤੇ ਦਫਤਰਾਂ ਵਿਚ ਅਸੀਂ ਸਮਦਰਸ਼ੀ ਬਣ ਕੇ ਲੋਕਤੰਤਰ ਦੇ ਰਖਵਾਲੇ ਬਣ ਗਏ; ਜਿਸ ਦਿਨ ਅਸੀਂ ਦੂਜੇ ਦੇ ਹੱਕ ਦੀ ਰਾਖੀ ਵੀ ਓਵੇਂ ਕਰਨ ਲੱਗੇ, ਜਿਵੇਂ ਆਪਣੇ ਦੀ ਕਰੀਦੀ ਹੈ ਤਾਂ ਉਸ ਦਿਨ ਪਾਰਲੀਮੈਂਟ ਵਿਚ ਬੈਠੇ ਸਾਡੇ ਲੇਖ ਲਿਖਣ ਵਾਲੇ ਵੀ ਇਹ ਸਮਝ ਜਾਣਗੇ ਕਿ ਅਸੀਂ ਹੁਣ ਉਹ ਨਹੀਂ ਰਹੇ!
ਮੇਰੇ ਤਾਈ ਜੀ ਜਦੋਂ ਸਵੈਟਰ ਬੁਣਨ ਲਈ ਸਲਾਈਆਂ ‘ਤੇ ਕੁੰਡੇ ਪਾਉਣ ਲੱਗਦੇ ਜਾਂ ਕੋਈ ਵੀ ਲੰਮਾ ਤੇ ਔਖਾ ਕੰਮ ਕਰਨ ਲੱਗਦੇ ਤਾਂ ਕਿਸੇ ਕਰਮਸ਼ੀਲ ਆਦਮੀ ਦਾ ਪੌਂਖਾ ਲੈ ਕੇ ਕੰਮ ਸ਼ੁਰੂ ਕਰਦੇ ਤਾਂ ਜੋ ਕੰਮ ਨਿਰਵਿਘਨ ਤੇ ਛੇਤੀ ਪੂਰਾ ਹੋ ਜਾਵੇ। ਮੈਨੂੰ ਲੱਗਦਾ ਹੈ, ਪੰਜਾਬ ਦੇ ਨਵ-ਨਿਰਮਾਣ ਦੇ ਸੁਪਨੇ ਦਾ ਪੌਂਖਾ ਸਾਨੂੰ ਕਿਸਾਨ ਦੇ ਮੁੱਖ ਤੋਂ ਲੈਣਾ ਚਾਹੀਦਾ ਹੈ, ਕਿਉਂਕਿ ਉਹਦੇ ਮੁੱਖ ‘ਤੇ ਪੰਜਾਬ ਦਾ ਅਧਿਆਤਮ ਹੈ। ਇਹ ਅਧਿਆਤਮ ਕਿਰਤ, ਸੰਘਰਸ਼, ਸੰਜਮ ਤੇ ਸਿਦਕ ਨਾਲ ਕਮਾਇਆ ਅਧਿਆਤਮ ਹੈ। ਤਰੱਕੀ ਦੀ ਬੇਤੁਕੀ ਦੌੜ ਵਿਚ ਕਿਸਾਨ ਨੂੰ ਪਿੱਛੇ ਪਾ ਕੇ ਪੰਜਾਬ ਦੀ ਬਰਕਤ ਘਟੀ ਹੈ ਤੇ ਸਾਡੇ ਪਦਾਰਥਕ ਤੇ ਆਤਮਿਕ ਖਜਾਨੇ ਖਾਲੀ ਹੋ ਗਏ ਨੇ। ਇਹ ਵੇਲਾ ਕਿਸਾਨ ਨੂੰ ਪੰਜਾਬ ਦੀ ਲੋਕ ਚੇਤਨਾ ਵਿਚ ਗੱਭੇ ਰੱਖ ਕੇ ਪੰਜਾਬ ਦੀ ਖੁਸ਼ਹਾਲੀ ਦਾ ਸਾਂਝਾ ਸੁਪਨਾ ਵੇਖਣ ਦਾ ਹੈ। ਕਿਸਾਨ-ਮੁਖੀ ਚੇਤਨਾ ਪੰਜਾਬ ਦੇ ਲੋਕ ਧਰਮ ਵਿਚ ਓਸੇ ਤਰ੍ਹਾਂ ਵੱਸੀ ਹੋਵੇ, ਜਿਵੇਂ ਗੁਰਮੁਖ ਵਾਸਤੇ ਗੁਰੂ ਦਾ ਬਚਨ ਹੁੰਦਾ ਹੈ; ਜੋ ਸਦਾ ਉਹਦੇ ਨਾਲ ਵੱਸਦਾ ਹੈ, ਜੋ ਜਲ ਵਿਚ ਡੁੱਬਦਾ ਨਹੀਂ, ਜਿਹਨੂੰ ਤਸਕਰ ਲੁੱਟ ਨਹੀਂ ਸਕਦਾ ਤੇ ਅੱਗ ਜਲਾ ਨਹੀਂ ਸਕਦੀ।
_____________________________

ਕਿਸਾਨਾਂ ਬਾਰੇ ਸੰਤ ਰਾਮ ਉਦਾਸੀ ਦੇ ਦੋ ਗੀਤ

ਹਾਲੀਆਂ ਪਾਲੀਆਂ ਦਾ ਗੀਤ

ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ,
ਬੀਜਣੇ ਨੇ ਅਸੀਂ ਹਥਿਆਰ।
ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ,
ਪਵੇ ਨਾ ਚੌਮਾਸਿਆਂ ਦੀ ਮਾਰ।

ਦੱਬੇ ਪੈਰੀਂ ਲੰਘ ਚੱਲ ਢਾਰਿਆਂ ਦਾ ਮੋੜ,
ਖੜਕਾਈਂ ਨਾ ਤੂੰ ਟੱਲੀਆਂ ਦੇ ਰੌਣ ਨੀ।
ਰੋਟੀ ਦੀ ਰਿਹਾੜ ਕਰ ਸੁੱਤੀ ਏ ‘ਪਿਆਰੋ’,
ਜੀਹਦੇ ਹੌਕੇ ‘ਜੰਗੂ’ ਪਾਲੀ ਨੂੰ ਜਗੌਣ ਨੀ।
ਹਨੇਰਿਆਂ ਦੀ ਓਟ ਵਿਚ ਰੱਜੇ ਹੋਏ ਸਾਨ੍ਹ ਵੇਖ,
ਕਿੱਦਾਂ ਰਹੇ ਮੱਕੀਆਂ ਉਜਾੜ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ।

ਸਿੰਗਾਂ ਦੀਆਂ ਤਿੱਖੀਆਂ ਸੰਗੀਨਾਂ ਕਰ ਲਵੀਂ ਤੂੰ ਵੀ,
ਥੰਮ੍ਹ ਜਾਣ ਨ੍ਹੇਰੀਆਂ ਦੇ ਵੇਗ ਨੀ।
ਸੀਰੀਆਂ ਦੇ ਹੌਸਲੇ ਨੂੰ ਉਜੜਿਆਂ ਟਾਂਡਿਆਂ ਦਾ
ਪੁੱਤਾਂ ਜਿੰਨਾ ਹੁੰਦਾ ਏ ਦਰੇਗ ਨੀ।
ਹੱਥਾਂ ਦੀਆਂ ਰੇਖਾਂ ਵਾਂਗੂੰ ਯੁੱਗ-ਪਲਟਾਊ ਹੁੰਦੇ,
ਜੱਟਾਂ ਲਈ ਖੇਤਾਂ ਦੇ ਸਿਆੜ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ।

‘ਸੂਰਜ’ ਤੇ ‘ਧਰਤੀ’ ਦੀ ਜੱਫੀ ਵਿਚ ਅੱਗ,
ਜਿਨ੍ਹਾਂ ਸੁਣਿਆ ਏ ਭੁਖਿਆਂ ਦਾ ਹਾੜ੍ਹ ਨੀ।
‘ਪਸੂ’ ਅਤੇ ‘ਕਿਰਤੀḔ ਦਾ ਇਕੋ ਇਤਿਹਾਸ,
ਜੀਹਨੂੰ ਲਿਖਦਾ ਤਾਂ ਆਇਆ ਏ ‘ਕਰਾੜ’ ਨੀ।
ਜੀਹਦੇ ਕੋਲ ਵੇਚ ਕੇ ਮੈਂ ਭੈਣਾਂ ਤੇਰੀ ਜੋੜੀਏ ਨੇ
ਸਕਿਆ ਵਿਆਜ ਵੀ ਨਾ ਤਾਰ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ।

ਸਾਡੇ ਮੱਥਿਆਂ ‘ਤੇ ਸਾਡੇ ਵੱਡਿਆਂ ਵਡੇਰਿਆਂ ਨੇ,
ਦਿੱਤੀ ਏ ਗਰੀਬੀ ਜਿਹੜੀ ਪੋਚ ਨੀ।
ਫਸਲਾਂ ਦੇ ਮੱਥੇ ਉਤੋਂ ਸਾੜ੍ਹਸਤੀ ਕੱਲਰਾਂ ਦੀ,
ਦੇਣੀ ਹੈ ‘ਕਰਾਹਾਂ’ ਨੇ ਖਰੋਚ ਨੀ।
ਤਾਹੀਓਂ ਅਸੀਂ ਘੁੱਟ ਕੇ ਮੰਡਾਸਾ ਸਿਰ ਬੰਨ੍ਹਿਆ ਏ,
ਚੁੱਕਣਾ ਮਨੁੱਖਤਾ ਦਾ ਭਾਰ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ।

ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ੍ਹਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ’।

ਸਾਡੇ ਪਿੜ ਵਿਚ ਤੇਰੇ ਗਲ ਚੀਥੜੇ ਨੀ,
ਮੇਰੀਏ ਜੁਆਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲੇਂ,
ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ,
ਓ! ਮੇਰੇ ਬੇਜ਼ੁਬਾਨ ਢੱਗਿਆ।
ਗਲ ਲੱਗ ਕੇ ਸੀਰੀ ਦੇ…।

ਸਾਡਾ ਘੁੱਟੀਂ ਘੁੱਟੀਂ ਖੂਨ ਤੇਲ ਪੀ ਗਿਆ,
ਤੇ ਖਾਦ ਖਾ ਗਈ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ,
ਬੋਹਲ ਨੂੰ ਖੰਗੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ,
ਕਿ ਸੱਧਰਾਂ ਨੂੰ ਲਾਂਬੂ ਲੱਗਿਆ।
ਗਲ ਲੱਗ ਕੇ ਸੀਰੀ ਦੇ…।

ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ,
ਮੈਂ ਤੇਰੀਆਂ ਜੁਆਨ ਸੱਧਰਾਂ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ,
ਹੈ ਸਾਡੀਆਂ ਸਮਾਜੀ ਕਦਰਾਂ।
ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,
ਕਿਉਂ ਚੰਨ ਨੂੰ ਸਰਾਪ ਲੱਗਿਆ?
ਗਲ ਲੱਗ ਕੇ ਸੀਰੀ ਦੇ…।

ਸੁੱਕੇ ਜਾਣ ਨਾ ਬੋਹਲਾਂ ਦਾ ਮਾਰ ਮਗਰਾ,
ਜੋ ਮਾਰਦੇ ਨੇ ਜਾਂਦੇ ਚਾਂਗਰਾਂ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ,
ਹੈ ਖੇਤਾਂ ‘ਚ ਬਰੂਦ ਵਾਂਗਰਾਂ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ,
ਜੋ ਮਿਹਨਤਾਂ ਨੂੰ ਮਾਖੋਂ ਲੱਗਿਆ।
ਗਲ ਲੱਗ ਕੇ ਸੀਰੀ ਦੇ…।