“ਹਿੰਦੂ ਹੈ ਗਮਜੁਦਾ ਤੋ ਮੁਸਲਮਾਂ ਉਦਾਸ ਹੈ…!”

ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਕਿਸੇ ਵੀ ਦੇਸ਼ ਦੀ ਤਰੱਕੀ ਸਹੀ ਮਾਅਨਿਆਂ ਵਿਚ ਉਸ ਵਕਤ ਹੀ ਸੰਭਵ ਹੈ, ਜਦੋਂ ਦੇਸ਼ ਵਿਚ ਅਮਨ-ਸ਼ਾਂਤੀ ਵਾਲਾ ਮਾਹੌਲ ਹੋਵੇ ਅਤੇ ਸਾਰੇ ਸ਼ਹਿਰੀਆਂ ਦਾ ਜਾਨ-ਮਾਲ ਯਕੀਨੀ ਤੌਰ ‘ਤੇ ਸੁਰੱਖਿਅਤ ਹੋਵੇ। ਇਸ ਦੇ ਉਲਟ ਜੇ ਕਿਸੇ ਦੇਸ਼ ਦੇ ਲੋਕਾਂ ਦੇ ਜ਼ਿਹਨ ਵਿਚ ਅਸੁਰੱਖਿਆ, ਭੈਅ ਅਤੇ ਦਹਿਸ਼ਤ ਦਾ ਮਾਹੌਲ ਘਰ ਕਰ ਜਾਵੇ ਤਾਂ ਉਸ ਮੁਲਕ ਦਾ ਵਿਕਾਸ ਨਹੀਂ ਹੋ ਸਕਦਾ। ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਵਿਚ ਜਿਸ ਤਰ੍ਹਾਂ ਘੱਟ ਗਿਣਤੀਆਂ, ਦਲਿਤਾਂ ਅਤੇ ਆਦੀ ਵਾਸੀਆਂ ‘ਤੇ ਕੁਝ ਫਰਜੀ ਰਾਸ਼ਟਰ ਭਗਤਾਂ ਨੇ ਜੁਲਮ-ਓ-ਤਸ਼ੱਦਦ ਦਾ ਬਾਜ਼ਾਰ ਗਰਮ ਕਰੀ ਰੱਖਿਆ ਹੈ, ਯਕੀਨਨ ਉਸ ਨੇ ਦੇਸ਼ ਦੀ ਸਾਂਝੀਵਾਲਤਾ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ।

ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਦੇਸ਼ ਵਿਚ ਇਕ ਪਿਛੋਂ ਇਕ ਮੌਬ-ਲਿੰਚਿੰਗ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਜਿਸ ਤਰ੍ਹਾਂ ਇਸ ਸਭ ਨੂੰ ਪ੍ਰਸ਼ਾਸਨ ਇਕ ਤਰ੍ਹਾਂ ਮੂਕ ਦਰਸ਼ਕ ਤੇ ਤਮਾਸ਼ਬੀਨ ਬਣ ਕੇ ਵੇਖਦਾ ਰਿਹਾ ਹੈ, ਇਸ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਪਿਛੋਂ ਸੁਪਰੀਮ ਕੋਰਟ ਨੂੰ ਮੌਬ-ਲਿੰਚਿੰਗ ਦੀਆਂ ਅਜਿਹੀਆਂ ਘਟਨਾਵਾਂ ਰੋਕਣ ਦੇ ਸੰਦਰਭ ਵਿਚ ਸੂਬਾਈ ਸਰਕਾਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰਨੀਆਂ ਪਈਆਂ ਹਨ।
ਇਸ ਸਭ ਦੇ ਬਾਵਜੂਦ ਭਾਰਤ ਵਿਚ ਜਿਸ ਤਰ੍ਹਾਂ ਇਕ ਫਿਰਕੇ ਦੇ ਭੀੜਤੰਤਰ ਨੇ ਆਪਣੇ ਡੰਡਾਤੰਤਰ ਰਾਹੀਂ ਲੋਕਤੰਤਰ ਦੀ ਆਤਮਾ ਨੂੰ ਜ਼ਖਮੀ ਕੀਤਾ ਹੈ, ਉਸ ਕਾਰਨ ਦੇਸ਼ ਨੂੰ ਜੋ ਦੁਨੀਆਂ ਵਿਚ ਨਮੋਸ਼ੀ ਝੱਲਣੀ ਪਈ ਹੈ, ਉਸ ਦੀ ਮਿਸਾਲ ਨਹੀਂ ਮਿਲਦੀ। ਯਕੀਨਨ ਇਹ ਸਮੁੱਚੇ ਦੇਸ਼ ਲਈ ਸ਼ਰਮ ਦੇ ਨਾਲ-ਨਾਲ ਚਿੰਤਾ ਦਾ ਵਿਸ਼ਾ ਵੀ ਹੈ।
ਇਸੇ ਸੰਦਰਭ ਵਿਚ ਲੰਘੇ ਦਿਨੀਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੀ ਮੁਖੀ ਮਿਸ਼ੇਲ ਬੇਚੇਲੇਟ ਨੇ ਜਨੇਵਾ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਅਸਮਾਨਤਾ ਇਕ ਪ੍ਰਮੁੱਖ ਮੁੱਦਾ ਬਣਿਆ ਹੋਇਆ ਹੈ। ਜਾਪਦਾ ਹੈ ਕਿ ਸੰਕੀਰਣ ਰਾਜਨੀਤਕ ਏਜੰਡਿਆਂ ਕਾਰਨ ਕਮਜ਼ੋਰ ਲੋਕ ਹੋਰ ਵਧੇਰੇ ਹਾਸ਼ੀਏ ‘ਤੇ ਜਾ ਰਹੇ ਹਨ, ਜਦਕਿ ਉਕਤ ਘਟਨਾਵਾਂ ਘੱਟ ਗਿਣਤੀਆਂ, ਵਿਸ਼ੇਸ਼ ਤੌਰ ‘ਤੇ ਮੁਸਲਿਮ ਭਾਈਚਾਰੇ, ਇਤਿਹਾਸਕ ਰੂਪ ਤੋਂ ਵਾਂਝੇ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ, ਜਿਵੇਂ ਦਲਿਤਾਂ ਅਤੇ ਆਦੀ ਵਾਸੀਆਂ ਦੇ ਉਤਪੀੜਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸੰਕੇਤ ਦਿੰਦੀਆਂ ਹਨ। ਇਸ ਦੇ ਨਾਲ ਹੀ ਮਿਸ਼ੇਲ ਬੇਚੇਲੇਟ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਵੰਡ ਦੀ ਨੀਤੀ ਕਾਰਨ ਦੇਸ਼ ਦੇ ਆਰਥਿਕ ਵਿਕਾਸ ਵਿਚ ਰੁਕਾਵਟ ਆਵੇਗੀ।
ਜ਼ਿਕਰਯੋਗ ਹੈ ਕਿ ਬੇਚੇਲੇਟ ਦਾ ਇਹ ਖੁਲਾਸਾ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੀ ਉਸ ਰਿਪੋਰਟ ਪਿਛੋਂ ਹੋਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 2018 ਵਿਚ ਹਾਸ਼ੀਏ ‘ਤੇ ਆਏ ਲੋਕਾਂ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੇਟ ਕ੍ਰਾਈਮ, ਬਲਾਤਕਾਰ ਅਤੇ ਕਤਲ ਜਿਹੀਆਂ ਘਟਨਾਵਾਂ ਵਿਚ ਉਤਰ ਪ੍ਰਦੇਸ਼ ਲਗਾਤਾਰ ਤੀਜੇ ਸਾਲ ਵੀ ਸ਼ੱਰੇ-ਫਹਿਰਿਸਤ ਰਿਹਾ ਹੈ। ਇਸ ਸਬੰਧੀ ਐਮਨੈਸਟੀ ਇੰਡੀਆ ਨੇ ਆਪਣੀ ਵੈਬਸਾਈਟ ‘ਤੇ ਰਿਕਾਰਡ ਜਾਰੀ ਕਰਦਿਆਂ ਕਿਹਾ ਕਿ ਹੇਟ ਕ੍ਰਾਈਮ ਦੇ ਮਾਮਲੇ ਹਾਸ਼ੀਆਈ ਵਰਗ ਦੇ ਲੋਕਾਂ ਖਿਲਾਫ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦਲਿਤ, ਆਦੀ ਵਾਸੀਆਂ, ਘੱਟ ਗਿਣਤੀ ਧਰਮ ਦੇ ਲੋਕਾਂ ਅਤੇ ਟਰਾਂਸਜੈਂਡਰ ਲੋਕਾਂ ਦੇ ਨਾਲ ਨਾਲ ਰਿਫਿਊਜ਼ੀ ਸ਼ਾਮਿਲ ਹਨ। ਸਾਲ 2018 ਵਿਚ ਵੈਬਸਾਈਟ ਨੇ ਹੇਟ ਕ੍ਰਾਈਮ ਦੀਆਂ 218 ਘਟਨਾਵਾਂ ਦਾ ਜੋ ਦਸਤਾਵੇਜ਼ ਤਿਆਰ ਕੀਤਾ ਹੈ, ਉਸ ਵਿਚ 142 ਮਾਮਲੇ ਦਲਿਤਾਂ, 50 ਮਾਮਲੇ ਮੁਸਲਮਾਨਾਂ ਅਤੇ 8-8 ਮਾਮਲੇ ਈਸਾਈ, ਆਦੀ ਵਾਸੀਆਂ ਅਤੇ ਟਰਾਂਸਜੈਂਡਰ ਲੋਕਾਂ ਖਿਲਾਫ ਸਾਹਮਣੇ ਆਏ ਹਨ।
ਐਮਨੈਸਟੀ ਇੰਡੀਆ ਅਨੁਸਾਰ 97 ਘਟਨਾਵਾਂ ਹਮਲੇ ਦੀਆਂ ਹਨ ਅਤੇ 87 ਮਾਮਲੇ ਕਤਲ ਦੇ ਹਨ। ਇਸ ਤੋਂ ਇਲਾਵਾ 40 ਮਾਮਲੇ ਅਜਿਹੇ ਹਨ, ਜਿਨ੍ਹਾਂ ਵਿਚ ਹਾਸ਼ੀਏ ਵਾਲੇ ਭਾਈਚਾਰਿਆਂ ਦੀਆਂ ਔਰਤਾਂ ਜਾਂ ਟਰਾਂਸਜੈਂਡਰ ਲੋਕਾਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਇਨ੍ਹਾਂ ‘ਚ ਵੀ ਵਿਸ਼ੇਸ਼ ਤੌਰ ‘ਤੇ ਦਲਿਤ ਔਰਤਾਂ ਨੂੰ ਵੱਡੀ ਗਿਣਤੀ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਅਰਥਾਤ ਕੁੱਲ 40 ਵਿਚੋਂ 30 ਮਾਮਲੇ ਇਨ੍ਹਾਂ ਖਿਲਾਫ ਹੀ ਵਾਪਰੇ ਹਨ।
ਅਜਿਹੇ ਜ਼ੁਲਮ ਕਰਨ ਦੀ ਕੋਈ ਵੀ ਸੱਭਿਅਕ ਸਮਾਜ ਇਜਾਜ਼ਤ ਨਹੀਂ ਦਿੰਦਾ, ਪਰ ਭਾਰਤ ਲਈ ਇਹ ਡਾਢੇ ਚਿੰਤਾ ਵਾਲਾ ਵਿਸ਼ਾ ਹੈ। ਦੇਸ਼ ਵਿਚ ਜੋ ਵੀ ਮਾੜੇ ਅਨਸਰ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿਆਸੀ ਪੁਸ਼ਤ-ਪਨਾਹੀ ਹਾਸਿਲ ਹੁੰਦੀ ਹੈ। ਦੇਸ਼ ਲਈ ਇਹ ਵੀ ਮੰਦਭਾਗੀ ਗੱਲ ਹੈ ਕਿ ਕੁਝ ਸਿਆਸੀ ਪਾਰਟੀਆਂ ਇਸ ਵਿਚਾਰਧਾਰਾ ‘ਤੇ ਹੀ ਖੜ੍ਹੀਆਂ ਹਨ ਕਿ ਸੱਤਾ ਵਿਚ ਬਣੇ ਰਹਿਣ ਲਈ ਦੇਸ਼ ਦੇ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਦੇ ਨਾਂ ‘ਤੇ ਵੰਡਣਾ ਜਰੂਰੀ ਹੈ।
ਬੇਸ਼ੱਕ ਇਹ ਵਿਚਾਰਧਾਰਾ ਹਾਲ ਦੀ ਘੜੀ ਸਿਆਸੀ ਪਾਰਟੀਆਂ ਨੂੰ ਰਾਸ ਆ ਰਹੀ ਮਹਿਸੂਸ ਹੁੰਦੀ ਹੋਵੇ, ਪਰ ਇਸ ਦੇ ਨਤੀਜੇ ਭਵਿੱਖ ਵਿਚ ਦੇਸ਼ ਦੀ ਅਖੰਡਤਾ ਲਈ ਕਿਸ ਕਦਰ ਘਾਤਕ ਅਤੇ ਮਾਰੂ ਸਿੱਧ ਹੋ ਸਕਦੇ ਹਨ, ਸ਼ਾਇਦ ਇਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇ ਅਸੀਂ ਅੱਜ ਨਫਰਤ ਦੀ ਫਸਲ ਬੀਜਦੇ ਹਾਂ ਤਾਂ ਸਾਨੂੰ ਆਉਣ ਵਾਲੇ ਸਮੇਂ ਉਹੋ ਜਿਹੀ ਫਸਲ ਹੀ ਵੱਢਣੀ ਪਵੇਗੀ। ਸੱਤਾ ਦੀ ਲਾਲਸਾ ਵਿਚ ਦੋ ਧਰਮਾਂ ਦੇ ਲੋਕਾਂ ਵਿਚਾਲੇ ਨਫਰਤ ਦੀਆਂ ਜੋ ਖਾਈਆਂ ਪੁੱਟੀਆਂ ਜਾ ਰਹੀਆਂ ਹਨ, ਯਕੀਨਨ ਉਨ੍ਹਾਂ ਦੀ ਪੂਰਤੀ ਸਦੀਆਂ ਵਿਚ ਵੀ ਕਰਨੀ ਮੁਸ਼ਕਿਲ ਹੋਵੇਗੀ। ਸ਼ਾਇਰ ਮੁਜੱਫਰ ਰਜਮੀ ਨੇ ਕਿੰਨੇ ਸੋਹਣੇ ਸ਼ਬਦਾਂ ਵਿਚ ਕਿਹਾ ਹੈ,
ਵੋਹ ਅਹਿਦ ਭੀ ਦੇਖਾ ਹੈ ਤਾਰੀਖ ਕੀ ਆਖੋਂ ਨੇ,
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਭਾਰਤ ਇਕ ਬਾਗ ਰੂਪੀ ਗੁਲਦਸਤਾ ਹੈ। ਗੁਲਦਸਤੇ ਦੀ ਖੂਬਸੂਰਤੀ ਫੁੱਲਾਂ ਦੀ ਵੰਨ- ਸੁਵੰਨਤਾ ਵਿਚ ਹੀ ਛੁਪੀ ਹੁੰਦੀ ਹੈ, ਇਸੇ ਤਰ੍ਹਾਂ ਭਾਰਤ ਦਾ ਸੁਹੱਪਣ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਿਚ ਹੀ ਹੈ। ਮੁੱਠੀ ਭਰ ਲੋਕਾਂ ਨੂੰ ਛੱਡ ਕੇ, ਬਾਕੀ ਦੇਸ਼ ਦੇ ਲੋਕ ਚਾਹੇ ਉਹ ਹਿੰਦੂ ਹੋਣ ਜਾਂ ਮੁਸਲਮਾਨ, ਸਿੱਖ ਹੋਣ ਜਾਂ ਇਸਾਈ-ਸਾਰੇ ਹੀ ਆਪਸ ਵਿਚ ਪਿਆਰ ਮੁਹੱਬਤ ਨਾਲ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ। ਸੱਚ ਪੁੱਛੋ ਤਾਂ ਦੇਸ਼ ‘ਚ ਨਫਰਤ ਦੀ ਜੋ ਅੱਗ ਫੈਲਾਈ ਜਾ ਰਹੀ ਹੈ, ਉਸ ਤੋਂ ਸਭ ਧਰਮਾਂ ਦੇ ਲੋਕ ਦੁਖੀ ਹਨ। ਹਿੰਦੂ ਤੇ ਮੁਸਲਿਮ ਲੋਕਾਂ ਦੀ ਮਨੋਬਿਰਤੀ ਦਾ ਨਕਸ਼ਾ ਇਕ ਉਰਦੂ ਕਵੀ ਨੇ ਇਸ ਤਰ੍ਹਾਂ ਖਿੱਚਿਆ ਹੈ,
ਮਜਹਬ ਕੇ ਨਾਮ ਪਰ ਯੇਹ ਫਸਾਦਾਤ ਦੇਖ ਕਰ,
ਹਿੰਦੂ ਹੈ ਗਮਜੁਦਾ ਤੋ ਮੁਸਲਮਾਂ ਉਦਾਸ ਹੈ।