ਜੰਗ ਦੇ ਬੱਦਲਾਂ ‘ਚ ਮੁਹੱਬਤ ਦੀ ਲਿਸ਼ਕੋਰ

ਅਮੋਲਕ ਸਿੰਘ
ਫੋਨ: +91-94170-76735
ਪਤਝੜ ਦੀ ਰੁੱਤੇ ਵੀ ਬਸੰਤ ਦੀ ਬਹਾਰ ਦਾ ਗੀਤ ਗਾਉਣ ਵਾਲਿਆਂ ਦਾ ਆਪਣਾ ਗੌਰਵਮਈ ਇਤਿਹਾਸ ਹੈ। ਨਫਰਤ ਦੇ ਸਮਿਆਂ ਵਿਚ ਪਿਆਰ ਦੀ ਧੁਨ ਛੇੜਨ ਵਾਲਿਆਂ ਦਾ ਸੰਗੀਤ ਵਕਤ ਦੇ ਪਰਾਂ ‘ਤੇ ਉਕਰਿਆ ਜਾਂਦਾ ਹੈ। ਸਾਡੇ ਮੁਲਕ ਦੀ ਜਵਾਨੀ ਨੇ ਅਜਿਹਾ ਹੀ ਉਦਮ ਕੀਤਾ ਹੈ ਜੋ ਆਸ ਬੰਨ੍ਹਾਉਂਦਾ ਹੈ ਕਿ ਸਾਡੀ ਮਿੱਟੀ ਦੇ ਕਣ-ਕਣ ਅੰਦਰ ਸਮੋਈ ਸਾਂਝੀ ਵਿਰਾਸਤ ਨੂੰ ਜ਼ਹਿਰ ਦੇ ਵਣਜਾਰੇ, ਜ਼ਹਿਰੀਲਾ ਕਰਨ ਦੇ ਚੰਦਰੇ ਮਨਸੂਬੇ ਨੇਪਰੇ ਨਹੀਂ ਚਾੜ੍ਹ ਸਕਦੇ।

‘ਨਫਰਤ ਦੇ ਖਿਲਾਫ: ਕਲਾਕਾਰ ਏਕਾ’ ਨਾਮੀ ਮੰਚ ਨੇ 2 ਅਤੇ 3 ਮਾਰਚ ਨੂੰ ਦਿੱਲੀ ਵਿਖੇ ਲਾਲ ਕਿਲ੍ਹੇ ਅੱਗੇ ਵਿਸ਼ਾਲ ਪਾਰਕ ਵਿਚ ਕਲਾ, ਸਭਿਆਚਾਰ, ਸਮਾਜ ਅਤੇ ਕਲਾਕਾਰ ਦੇ ਫਰਜ਼ਾਂ ਸਬੰਧੀ ਨਿਵੇਕਲਾ ਤਿਓਹਾਰ ਮਨਾਇਆ। ਦੇਸ਼ ਭਰ ਤੋਂ ਜੁੜੇ ਕਲਾਕਾਰਾਂ ਨੇ ‘ਜੰਗ ਨਹੀਂ, ਰੁਜ਼ਗਾਰ: ਬੰਬ ਨਹੀਂ, ਸੰਗੀਤ ਦੀ ਟੁਣਕਾਰ’ ਦਾ ਮੁਹੱਬਤ, ਭਾਈਚਾਰਕ ਸਾਂਝ ਭਰੀ ਗਲਵੱਕੜੀ ਦੀ ਖੁਸ਼ਬੋ ਵੰਡਦਾ ਪੈਗ਼ਾਮ ਦਿੱਤਾ।
ਇਨ੍ਹਾਂ ਗੱਭਰੂ ਅਤੇ ਮੁਟਿਆਰਾਂ ਦੇ ਕਾਫਲੇ ਨੇ ਨਵੀਂ ਦੁਨੀਆਂ ਦੀ ਤਸਵੀਰ ਵਿਚ ਰੰਗ ਭਰ ਦਿੱਤੇ। ਉਨ੍ਹਾਂ ਦੇ ਹੱਥਾਂ ‘ਚ ਮੋਬਾਈਲ, ਹਥਿਆਰ ਜਾਂ ਫਿਰਕੂ ਜ਼ਹਿਰ ਦੀਆਂ ਪੁੜੀਆਂ ਦੀ ਬਜਾਏ ਸਾਜ਼, ਕਿਤਾਬਾਂ, ਪੋਸਟਰ, ਰੰਗ, ਕੈਨਵਸ, ਦਸਤਾਵੇਜ਼ੀ ਫਿਲਮਾਂ ਅਤੇ ਰੰਗ-ਮੰਚ ਦਾ ਸਾਜ਼ੋ-ਸਾਮਾਨ ਸੀ। 2 ਅਤੇ 3 ਮਾਰਚ 2019 ਦੇ ਇਸ ਦਿਨ ਆਮ ਦਿਨ ਨਹੀਂ ਸਨ। ਜਦੋਂ ਮੁਲਕ ਦੀਆਂ ਹਵਾਵਾਂ ਅੰਦਰ ਜੰਗ ਦਾ ਸ਼ੋਰ ਮੱਚ ਰਿਹਾ ਸੀ। ਜਦੋਂ ਵਿਸ਼ੇਸ਼ ਫਿਰਕੇ ਦੇ ਵਿਦਿਆਰਥੀਆਂ ਨੂੰ ਆਪਣੇ ਨੈਣਾਂ ‘ਚ ਛਲਕਦੇ ਹੰਝੂਆਂ ਦੇ ਦਰਿਆ ਲੈ ਕੇ ਆਪਣੀ ਜ਼ਿੰਦਗੀ ਦਾ ਤੀਜਾ ਨੇਤਰ ਛੱਡ ਕੇ ਦੂਰ ਜਾਣ ਦਾ ਦਰਦ ਹੰਢਾਉਣਾ ਪੈ ਰਿਹਾ ਸੀ। ਜਦੋਂ ਅੰਨ੍ਹੇ ਕੌਮੀ ਜਨੂੰਨ ਦੀ ਪਾਣ ਚਾੜ੍ਹ ਕੇ ਸੰਵਾਦ ਦਾ ਮਾਹੌਲ ਗ੍ਰਹਿਣਿਆ ਜਾ ਰਿਹਾ ਸੀ। ਅਜਿਹੇ ਕਾਲੇ ਸਮਿਆਂ ਅੰਦਰ ‘ਕਲਾਕਾਰ ਏਕਾ: ਨਫਰਤ ਦੇ ਖਿਲਾਫ’ ਨਾਂ ਦੇ ਮੰਚ ਨੇ ਲਾਲ ਕਿਲ੍ਹੇ ਅੱਗੇ ਦੋ ਦਿਨ ਅਤੇ ਰਾਤ ਪਿਆਰ ਅਤੇ ਚੇਤਨਾ ਦੇ ਚਾਨਣ ਦੀਆਂ ਝੋਲੀਆਂ ਭਰਵਾਂ ਮਾਹੌਲ ਸਿਰਜਿਆ।
ਰੰਗਕਰਮੀ, ਗੀਤਕਾਰ, ਸੰਗੀਤਕਾਰ, ਕਵੀ, ਚਿੱਤਰਕਾਰ, ਦਸਤਾਵੇਜ਼ੀ ਫਿਲਮਸਾਜ਼, ਬੁੱਧੀਜੀਵੀ, ਪੱਤਰਕਾਰ, ਲੇਖਕ, ਸਾਹਿਤਕਾਰ, ਸਮਾਜਿਕ ਅਤੇ ਜਮਹੂਰੀ ਕਾਮੇ, ਖੁਦ ਹੀ ਪ੍ਰਬੰਧਕ, ਸੁਰੱਖਿਆ ਵਲੰਟੀਅਰ ਅਤੇ ਕਲਾ-ਵੰਨਗੀਆਂ ਦੇ ਪੇਸ਼ ਕਰਤਾ ਸਨ। ਸਾਡੇ ਅਤੇ ਗੁਆਂਢੀ ਮੁਲਕ ਦੇ ਸੂਝਵਾਨ, ਸੁਹਿਰਦ ਲੋਕ ਜਿਥੇ ਆਪੋ ਆਪਣੀ ਥਾਂ ਭਰਾ-ਮਾਰ, ਨਿਹੱਕੀ ਜੰਗ ਦੇ ਬੱਦਲ ਹਟਾਉਣ ਲਈ ਚਾਨਣ ਦੀ ਲੀਕ ਦਾ ਕੰਮ ਕਰ ਰਹੇ ਸਨ, ਉਥੇ ਇਸ ਸਭਿਆਚਾਰਕ ਉਤਸਵ ਵਿਚ ਜੋਟੀਆਂ ਪਾ ਕੇ ਵੱਖ-ਵੱਖ ਖਿੱਤਿਆਂ ਤੋਂ ਆਏ ਕਲਾਕਾਰਾਂ ਨੇ ਬੁਲੰਦ ਆਵਾਜ਼ ‘ਚ ਉਹ ਵੀ ਮੁਲਕ ਦੀ ਰਾਜਧਾਨੀ ਦੇ ਮਰਕਜ਼ ਤੋਂ ਸਾਂਝਾ ਸੁਨੇਹਾ ਦਿੱਤਾ:
ਕਾਲਜੇ ‘ਚ ਹੌਲ ਪੈ ਜਾਏ
ਜਦੋਂ ਉਡਣ ਜਹਾਜ਼ਾਂ ਦੀਆਂ ਡਾਰਾਂ।
ਪੁੱਤ-ਖਾਣੀ ਲਾਮ ਨਾ ਲੱਗੇ
ਚੂੜੇ ਭੰਨਕੇ ਨਾ ਰੋਣ ਮੁਟਿਆਰਾਂ।
ਅਜਿਹਾ ਸਰਬ ਸਾਂਝਾ ਪੈਗ਼ਾਮ ਵਿਸ਼ਾਲ ਪੰਡਾਲ ਵਿਚ ਲੱਗੀਆਂ ਵੰਨ-ਸੁਵੰਨੀਆਂ ਸਟੇਜਾਂ ਦੇ ਰਹੀਆਂ ਸਨ। ਕਿਤੇ ਨੁੱਕੜ ਨਾਟਕ। ਕਿਤੇ ਗੀਤ-ਸੰਗੀਤ ਦੀ ਸਰਗਮ। ਕਿਤੇ ਕਾਲੇ ਪਰਦਿਆਂ ਨਾਲ ਬਣਾਏ ਸਿਨਮਾ ਘਰ ‘ਚ ਫਿਲਮ ਸ਼ੋਅ। ਕਿਤੇ ਪੋਸਟਰ ਪ੍ਰਦਰਸ਼ਨੀ। ਕਿਤੇ ਵਿਚਾਰ ਚਰਚਾ। ਕਿਤੇ ਖੁੱਲ੍ਹਾ ਮੰਚ ਜਿਥੇ ਮਾਈਕ ਆਮ ਦਰਸ਼ਕਾਂ ਦੇ ਸੁਆਗਤ ਲਈ ਹਾਜ਼ਰ ਸੀ ਕਿ ਉਹ ਕੋਈ ਵੀ ਕਵਿਤਾ, ਗੀਤ ਪੇਸ਼ ਕਰ ਸਕਦੇ ਸਨ। ਹਿੰਦੂ, ਮੁਸਲਿਮ, ਸਿੱਖ, ਇਸਾਈ, ਆਸਤਿਕ, ਨਾਸਤਿਕ, ਵੱਖ-ਵੱਖ ਸੂਬਿਆਂ, ਭਾਸ਼ਾਵਾਂ ਨਾਲ ਸਬੰਧਤ ਚੜ੍ਹਦੀ ਉਮਰ ਦੇ ਕਲਾਕਾਰ, ਦਰਸ਼ਕ ਅਤੇ ਸਰੋਤੇ ਇਕ-ਦੂਜੇ ਨੂੰ ਗਲਵੱਕੜੀ ਪਾ ਰਹੇ ਸਨ। ਖਾਣ-ਪੀਣ ਤੋਂ ਇਲਾਵਾ ਪੁਸਤਕਾਂ, ਪੋਸਟਰਾਂ ਦਾ ਭੰਡਾਰ ਸੀ। ਕੀਮਤ ਦੀ ਕੋਈ ਬੰਦਿਸ਼ ਨਹੀਂ। ਵਲੰਟੀਅਰ, ਸਿਰਫ ਪ੍ਰੇਮ ਸਹਿਤ ਇਹੋ ਕਹਿੰਦੇ, “ਜੋ ਸਹਾਇਤਾ ਦੇ ਸਕਦੇ ਹੋ, ਜੇ ਸੰਭਵ ਹੈ ਤਾਂ ਦੇ ਦਿਓ, ਜੇ ਕੋਈ ਮਜਬੂਰੀ ਹੈ ਤਾਂ ਭੇਟਾ ਰਹਿਤ ਸਾਹਿਤਕ ਸਮੱਗਰੀ ਲੈ ਜਾਓ।”
ਰਵਾਇਤੀ, ਵਪਾਰਕ, ਮਨੋਰੰਜਕ, ਸਰਕਾਰੀ, ਨੀਮ ਸਰਕਾਰੀ ਮੇਲਿਆਂ ਨਾਲੋਂ ਸਿਫਤੀ ਤੌਰ ‘ਤੇ ਵਿਲੱਖਣ ਤਰਜ਼ ਵਾਲਾ ਇਹ ਕਲਾ ਮੇਲਾ ਅਜੋਕੇ ਇਮਤਿਹਾਨੀ ਦੌਰ ਅੰਦਰ ਜੰਗ, ਫਿਰਕੂ ਨਫਰਤ, ਜਾਤ-ਪਾਤ, ਅਸ਼ਲੀਲ, ਬਾਜ਼ਾਰੂ, ਅੰਧ-ਵਿਸ਼ਵਾਸੀ ਭਰੇ ਗ਼ੈਰ-ਵਿਗਿਆਨਕ ਸਾਹਿਤ, ਸੱਭਿਆਚਾਰ ਦੇ ਬਦਲ ‘ਚ ਨਵਾਂ-ਨਰੋਆ, ਅਮੀਰ ਰਵਾਇਤਾਂ ਨੂੰ ਪਰਨਾਇਆ, ਸਿਹਤਮੰਦ ਅਤੇ ਲੋਕ ਪੱਖੀ ਸਭਿਆਚਾਰ ਦੀ ਨਿੱਘੀ ਧੁੱਪ ਅਤੇ ਚੰਨ ਦੀ ਚਾਨਣੀ ਵਰਗਾ ਸੀ।
ਕਲਮ, ਕਲਾ, ਸੰਗੀਤ, ਫਿਲਮ ਅਤੇ ਰੰਗ ਮੰਚ ਦੇ ਮਾਧਿਅਮ ਵਿਚ ਕਿੰਨੀ ਅਥਾਹ ਸ਼ਕਤੀ ਹੁੰਦੀ ਹੈ, ਪੇਸ਼ਕਾਰੀਆਂ ਇਸ ਦੇ ਦੀਦਾਰ ਕਰਵਾ ਰਹੀਆਂ ਸਨ। ਮੁਲਕ ਦੀ ਨਾਮਵਰ ਰੰਗ ਕਰਮੀ ਸ਼ੁਭਾ ਮੁਦਗਿਲ ਨੇ ਇਕ ਪਾਤਰੀ ਸੰਗੀਤ-ਨਾਟ ਨਾਲ ਸਮਾਂ ਬੰਨ੍ਹ ਦਿੱਤਾ। ਉਸ ਨੇ 1857, ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਲਹਿਰ ਸਮੇਤ ਲੰਮੀ ਇਤਿਹਾਸਕ ਲੜੀ ਕਲਾਤਮਕ ਅੰਦਾਜ਼ ‘ਚ ਪੇਸ਼ ਕਰਦਿਆਂ ਦਰਸਾਇਆ ਕਿ ਸਾਡੀ ਮਿੱਟੀ ਦੇ ਕਣ-ਕਣ ਵਿਚ ਸਮੋਈ ਸਾਂਝੀ ਵਿਰਾਸਤ ਨੂੰ ਕੋਈ ਵੀ ਤਾਕਤ ਫਨਾਹ ਨਹੀਂ ਕਰ ਸਕਦੀ। ਉਸਨੇ ਬੇਬਾਕੀ ਨਾਲ ਕਿਹਾ ਕਿ ਹੱਦਾਂ ਸਰਹੱਦਾਂ ‘ਤੇ ਫੌਜਾਂ ਦੇ ਜਮਾਵੜੇ ਜੰਗ ਛੇੜ ਸਕਦੇ ਹਨ। ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ। ਜੰਗ ਤਾਂ ਖੁਦ ਹੀ ਇਕ ਸਮੱਸਿਆ ਹੈ। ਉਸ ਨੇ ਸੁਨੇਹਾ ਦਿੱਤਾ ਕਿ ਮਸਲਿਆਂ ਦੇ ਹੱਲ ਲਈ ਮੁਲਕਾਂ ਨੂੰ ਜਿੱਤਣ ਦੀ ਬਜਾਏ ਦੁਨੀਆਂ ਦੇ ਮਨ ਜਿੱਤਣ ਲਈ ਸਾਹਿਤ ਅਤੇ ਕਲਾ ਦਾ ਹਥਿਆਰ ਲੈ ਕੇ ਮੁਲਕ ਭਰ ਦੇ ਕਲਾਕਾਰਾਂ ਦੀ ਫੌਜ ਲਾਲ ਕਿਲ੍ਹੇ ਅੱਗੇ ਸਿਰ ਜੋੜਕੇ ਖੜ੍ਹੀ ਹੈ। ਇਹ ਨਫਰਤ ਦਾ ਨਹੀਂ, ਮੁਹੱਬਤ ਦਾ ਪੈਗ਼ਾਮ ਲੈ ਕੇ ਆਈ ਹੈ।
ਸੰਸਾਰ ਪ੍ਰਸਿਧ ਲੇਖਕਾ ਅਰੁੰਧਤੀ ਰਾਏ ਨੇ ਕਲਾਕਾਰਾਂ ਅਤੇ ਸਰੋਤਿਆਂ ਨਾਲ ਮੰਚ ਤੋਂ ਚੰਦ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਅੱਜ ਜਦੋਂ ਮਜ਼ਦੂਰ, ਕਿਸਾਨ, ਆਦਿਵਾਸੀ, ਸਭ ਆਪਣੇ ਹੱਕ ਲਈ ਉਠ ਖੜ੍ਹੇ ਨੇ ਤਾਂ ਅਸੀਂ ਕਲਾਕਾਰ ਆਪਣੀ ਕਹਾਣੀ ਖੁਦ ਲਿਖਣ ਲਈ ਕਿਉਂ ਨਹੀਂ ਉਠਾਂਗੇ? ਉਸ ਨੇ ਕਿਹਾ ਕਿ ਨਫਰਤ ਫੈਲਾਉਣ ਵਾਲਿਆਂ ਦੇ ਦਿਨ ਪੁੱਗਣ ਵਾਲੇ ਹਨ। ਅੰਤ ਨੂੰ ਜਿੱਤ ਸੱਚ ਦੀ ਹੋਏਗੀ। ਉਸ ਨੇ ਕੁਫਰ ਤੋਲਣ ਵਾਲੇ ਮੀਡੀਆ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿਮਾਗ਼ੀ ਤਵਾਜ਼ਨ ਬਣਾਈ ਰੱਖਣ ਲਈ ਸਿਹਤ ਕੇਂਦਰ ਜਾਣ ਦੀ ਜ਼ਰੂਰਤ ਹੈ।
ਮਹਾਰਾਸ਼ਟਰ ਦੀ ਪ੍ਰਸਿਧ ਗਾਇਕਾ ਸੀਤਲ ਸਾਠੇ ਦੀ ਸੰਗੀਤਕ ਮੰਡਲੀ ਨੇ ‘ਐ ਭਗਤ ਸਿੰਘ ਤੂੰ ਜ਼ਿੰਦਾ ਹੈ, ਹਰ ਏਕ ਲਹੂ ਕੇ ਕਤਰੇ ਮੇਂ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ। ਆਜ਼ਮਗੜ੍ਹ ਤੋਂ ਆਈ ਇਪਟਾ ਦੀ ਟੀਮ ਨੇ ‘ਜਗੀਰਾ ਸਾਰਾ ਰਾਰਾ’ ਦੇ ਬੋਲਾਂ ਨਾਲ ਨਫਰਤ ਦੀ ਖੇਤੀ ਕਰਦੀ ਅਜੋਕੀ ਵਿਵਸਥਾ ‘ਤੇ ਵਿਅੰਗਾਤਮਕ ਚੋਟਾਂ ਕੀਤੀਆਂ।
ਕਲਾ ਮੇਲੇ ‘ਚ ਨਾਮਵਰ ਫਿਲਮਸਾਜ਼ ਸੰਜੇ ਕਾਕ, ਰਾਹੁਲ ਰਾਏ, ਗੌਹਰ ਰਜ਼ਾ, ਕਬੀਰ ਕੈਫੇ, ਰੱਬੀ ਸ਼ੇਰ ਗਿੱਲ, ਮਾਲਾ ਹਾਸ਼ਮੀ, ਡਾæਨਵਸ਼ਰਨ ਤੋਂ ਇਲਾਵਾ ਦਰਜਨਾਂ ਹੀ ਨਾਮਵਰ ਸ਼ਖਸੀਅਤਾਂ, ਨਾਟ, ਸੰਗੀਤ ਮੰਡਲੀਆਂ, ਫਿਲਮਾਂ, ਪੋਸਟਰ, ਸਟੈਚੂ, ਪੇਂਟਿੰਗ ਆਦਿ ਥਾਓਂ ਥਾਈਂ ਆਪਣੀਆਂ ਕਲਾ ਕਿਰਤਾਂ ਤੇ ਵਿਚਾਰ-ਵਟਾਂਦਰੇ ਰਾਹੀਂ ਖੌਫ ਦੇ ‘ਅਜੋਕੇ ਦੌਰ ਖਿਲਾਫ ਬੋਲਣਾ ਲਾਜ਼ਮੀ ਹੋ ਗਿਆ ਹੈ’ ਦਾ ਸੁਨੇਹਾ ਦੇ ਰਹੇ ਸਨ।
ਫਿਰਕੂ ਦਹਿਸ਼ਤ, ਜੰਗ, ਅੰਨ੍ਹੇ ਰਾਸ਼ਟਰਵਾਦ, ਕਸ਼ਮੀਰ ‘ਚ ਵਗਦੇ ਦਰਦਾਂ ਦੇ ਦਰਿਆ, ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਨਸ਼ੇ, ਗੈਂਗਵਾਰ, ਉਜਾੜੇ, ਬੇਪਤੀਆਂ, ਕਤਲੋਗਾਰਦ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਅਸ਼ਲੀਲ ਅਤੇ ਬਾਜ਼ਾਰੂ ਸਭਿਆਚਾਰ ਦੇ ਭਖਦੇ ਸੁਆਲਾਂ ਨੂੰ ਕਲਾਵੇ ‘ਚ ਲੈਂਦਾ ਕਲਾਕਾਰਾਂ ਦਾ ਇਹ ਉਤਸਵ ਹਵਾ ਦਾ ਰੁਖ ਬਦਲਣ ਲਈ ਕਲਾ ਜਗਤ ਦੇ ਹਿੱਸੇ ਆਉਂਦੀ ਨੈਤਿਕ ਜ਼ਿੰਮੇਵਾਰੀ ਅਦਾ ਕਰਨ ਦੇ ਕਾਰਜ ਵਿਚ ਸਫਲ ਰਿਹਾ। ਦਿੱਲੀ ਤੋਂ ਇਲਾਵਾ ਇਸ ਨੇ ਮੁਲਕ ਦੀਆਂ ਹੋਰ ਥਾਵਾਂ ‘ਤੇ ਅਜਿਹੇ ਯਤਨਾਂ ਨੂੰ ਹੁਲਾਰਾ ਦਿੱਤਾ। ਇਸ ਮੇਲੇ ਵਿਚੋਂ ਪੰਜਾਬ ਦੇ ਲੋਕ-ਪੱਖੀ ਸਾਹਿਤ/ਸਭਿਆਚਾਰ ਦੇ ਪਿੜ ਲਈ ਕਈ ਕੁਝ ਕਈ ਪੱਖਾਂ ਤੋਂ ਪੱਲੇ ਬੰਨ੍ਹਣ ਵਾਲਾ ਮਿਲਿਆ।