‘ਮੰਜੇ ਬਿਸਤਰੇ-2’ ਵਿਚ ਗਿੱਪੀ ਗਰੇਵਾਲ ਨਾਲ ਨਜ਼ਰ ਆਵੇਗੀ ਸਿੰਮੀ ਚਾਹਲ

ਸੁਰਜੀਤ ਜੱਸਲ
ਫੋਨ: 91-98146-07737
12 ਅਪਰੈਲ ਨੂੰ ਰਿਲੀਜ਼ ਹੋ ਰਹੀ ਗਿੱਪੀ ਗਰੇਵਾਲ ਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਮੰਜੇ ਬਿਸਤਰੇ-2Ḕ ਵਿਚ ਸਿੰਮੀ ਚਾਹਲ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸਿੰਮੀ ਚਾਹਲ ਫਿਲਮ ‘ਰੱਬ ਦਾ ਰੇਡੀਓ’ ਵਿਚ ਇੱਕ ਮਾਸੂਮ ਜਿਹੀ ਪੇਂਡੂ ਕੁੜੀ ਦੇ ਕਿਰਦਾਰ ਨਾਲ ਵਾਹ ਵਾਹ ਖੱਟ ਚੁਕੀ ਹੈ, ਜਦਕਿ ਇਸ ਫਿਲਮ ਵਿਚ ਉਸ ਦਾ ਕਿਰਦਾਰ ਉਸ ਦੇ ਪਹਿਲੇ ਕਿਰਦਾਰਾਂ ਤੋਂ ਬਹੁਤ ਹਟ ਕੇ ਵਿਦੇਸ਼ੀ ਲਹਿਜ਼ੇ ਵਾਲਾ ਹੋਵੇਗਾ। ਉਹ ਕੈਨੇਡੀਅਨ ਪੰਜਾਬੀ ਪਰਿਵਾਰ ਦੀ ਕੁੜੀ ਹੈ। ਉਸ ਨੂੰ ਇਸ ਫਿਲਮ ਵਿਚਲੇ ਆਪਣੇ ਕਿਰਦਾਰ ਤੋਂ ਬਹੁਤ ਆਸਾਂ ਹਨ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।

ਟੀਜ਼ਰ ਵਿਚ ਸਿੰਮੀ ਚਾਹਲ ਗਿੱਪੀ ਗਰੇਵਾਲ ਨਾਲ ਫੋਰਡ ਟਰੈਕਟਰ ‘ਤੇ ਬੈਠੀ ਨਜ਼ਰ ਆਵੇਗੀ। ਇਸ ਜੋੜੀ ਦਾ ਇੱਕ ਦੋਗਾਣਾ ‘ਕਰੰਟ’ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਵਿਚ ਵੀ ਸਿੰਮੀ-ਗਿੱਪੀ ਦੀ ਰੁਮਾਂਟਿਕ ਜੋੜੀ ਦੇ ਚਰਚੇ ਹੋ ਰਹੇ ਹਨ।
ਸਾਲ 2017 ਦੀ ਬਹੁਚਰਚਿਤ ਪੰਜਾਬੀ ਫਿਲਮ ‘ਮੰਜੇ ਬਿਸਤਰੇ’ ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਹੁਣ ਹਾਸੇ ਮਜ਼ਾਕ ਆਧਾਰਤ ਨਵੇਂ ਤਜਰਬਿਆਂ ਵਾਲੀ ਫਿਲਮ ‘ਮੰਜੇ ਬਿਸਤਰੇ-2’ ਲੈ ਕੇ ਆ ਰਿਹਾ ਹੈ। ਪੰਜਾਬ ਵਿਚ ਮੰਜੇ ਬਿਸਤਰੇ ਇਕੱਠੇ ਕਰਨਾ ਆਮ ਗੱਲ ਹੈ, ਪਰ ਇਸ ਵਾਰ ਫਿਲਮ ਦੇ ਕਲਾਕਾਰਾਂ ਨੇ ਪੰਜਾਬ ਦੀ ਥਾਂ ਕੈਨੇਡਾ ਜਾ ਕੇ ਮੰਜੇ ਬਿਸਤਰੇ ਇਕੱਠੇ ਕੀਤੇ ਹਨ। ਪਿਸ਼ੌਰੇ ਮਾਸੜ ਦਾ ਨਾਂ ਲੈ ਕੇ ਗੋਰੇ ਗੁਆਂਢੀਆਂ ਦੇ ਘਰੇ ਮੰਜੇ ਬਿਸਤਰੇ ਲੈਣ ਜਾਣਾ ਫਿਲਮ ਦਾ ਮਨੋਰੰਜਨ ਭਰਪੂਰ ਕਾਮੇਡੀ ਪੱਖ ਹੈ। ਜਿਵੇਂ ਕਿ ਟੀਜ਼ਰ ਵਿਚ ਵਿਖਾਇਆ ਗਿਆ ਹੈ, ਗਿੱਪੀ ਗਰੇਵਾਲ ਤੇ ਸਾਥੀ ਫੋਰਡ ਟਰੈਕਟਰ ਨਾਲ ਟਰਾਲੀ ਜੋੜ ਕੇ ਕੈਨੇਡੀਅਨ ਪੰਜਾਬੀਆਂ ਦੇ ਘਰਾਂ ‘ਚੋਂ ਮੰਜੇ ਬਿਸਤਰੇ ਇੱਕਠੇ ਕਰਦੇ ਕਰਦੇ ਅੰਗਰੇਜ਼ ਗੁਆਂਢਣਾਂ ਦੇ ਘਰ ਵੀ ਚਲੇ ਜਾਂਦੇ ਹਨ, ਜਿੱਥੇ ਪੰਜਾਬੀ ਅੰਗਰੇਜ਼ੀ ਦੀ ਮਿਕਸਿੰਗ ਮਨੋਰੰਜਨ ਭਰੀ ਕਾਮੇਡੀ ਮਾਹੌਲ ਸਿਰਜਦੀ ਹੈ। ਫਿਲਮ ਦੇ ਵਿਆਹ ਸਮਾਗਮ ਵਿਚ ਪੰਜਾਬੀਆਂ ਵਲੋਂ ਲਾਈਆਂ ਰੌਣਕਾਂ ਗੋਰਿਆਂ ਨੂੰ ਵੀ ਨੱਚਣ ਲਈ ਮਜਬੂਰ ਕਰਦੀਆਂ ਹਨ। ਦੂਜੀ ਗੱਲ, ਕਾਮੇਡੀ ਦੇ ਨਾਲ ਨਾਲ ਫਿਲਮ ਦਾ ਰੁਮਾਂਟਿਕ ਟਰੈਕ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗਾ।
ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਗਿੱਪੀ ਗਰੇਵਾਲ ਦੀ ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਫਿਲਮ ਵਿਚ ਗਿੱਪੀ ਗਰੇਵਾਲ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ, ਗੁਰਪ੍ਰੀਤ ਕੌਰ ਭੰਗੂ, ਬੀæ ਐਨæ ਸ਼ਰਮਾ, ਰਾਣਾ ਜੰਗ ਬਹਾਦਰ, ਬਨਿੰਦਰ ਬੰਨੀ, ਰਾਣਾ ਰਣਬੀਰ, ਬੀæ ਕੇæ ਰੱਖੜਾ, ਪ੍ਰਕਾਸ਼ ਗਾਧੂ ਆਦਿ ਅਹਿਮ ਕਲਾਕਾਰ ਹਨ।