ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਗਾਇਕਾਂ ਦਾ ਫਿਲਮੀ ਪਰਦੇ ‘ਤੇ ਨਾਇਕ ਬਣ ਕੇ ਆਉਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ, ਪਰ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ ‘ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ। ਆਪਣੇ ਗੀਤਾਂ ਨਾਲ ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ ਦਾ ਨਾਇਕ ਬਣ ਕੇ ਆਪਣੀ ਕਾਮਯਾਬ ਅਦਾਕਾਰੀ ਸਦਕਾ ਡੂੰਘੀਆਂ ਪੈੜਾਂ ਪਾਉਣ ਦੇ ਸਮਰੱਥ ਹੈ।
ਆਪਣੇ ਕੁਝ ਕੁ ਗੀਤਾਂ ਨਾਲ ਦਿਨਾਂ ਵਿਚ ਹੀ ਸਟਾਰ ਬਣਿਆ ਗੁਰਨਾਮ ਭੁੱਲਰ ਮੁੱਢ ਤੋਂ ਹੀ ਸਖਤ ਮਿਹਨਤ ਅਤੇ ਲਗਨ ਵਾਲਾ ਕਲਾਕਾਰ ਹੈ। ਗਾਇਕੀ ਤੋਂ ਫਿਲਮਾਂ ਵੱਲ ਆਉਣਾ ਵੀ ਉਸ ਦਾ ਇੱਕ ਵੱਡਾ ਸੁਪਨਾ ਸੀ, ਜੋ ਫਿਲਮ ‘ਗੁੱਡੀਆਂ ਪਟੋਲੇ’ ਨਾਲ ਸਾਕਾਰ ਹੋਇਆ ਹੈ। ਇਸ ਫਿਲਮ ਵਿਚ ਉਸ ਦਾ ਕਿਰਦਾਰ ਇੱਕ ਪੇਂਡੂ ਦਿੱਖ ਵਾਲੇ ਰੁਮਾਂਟਿਕ ਤੇ ਹੱਸਮੁਖ ਜਿਹੇ ਮੁੰਡੇ ਦਾ ਹੈ, ਜੋ ਵਲੈਤੋਂ ਨਾਨਕੇ ਪਿੰਡ ਆਈਆਂ ਕੁੜੀਆਂ ਨੂੰ ਪ੍ਰਭਾਵਿਤ ਕਰਦਾ ਹੈ। ਫਿਲਮ ਦੇ ਟਰੇਲਰ ‘ਚ ਗੁਰਨਾਮ ਭੁੱਲਰ ਤੇ ਸੋਨਮ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦੇ ਚਰਚੇ ਹਰੇਕ ਸਿਨੇਪ੍ਰੇਮੀ ਦੀ ਜੁæਬਾਨ ‘ਤੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਐਮੀ ਵਿਰਕ ਵਾਂਗ ਗੁਰਨਾਮ ਭੁੱਲਰ ਵੀ ਫਿਲਮੀ ਪਰਦੇ ‘ਤੇ ਲੰਮੀ ਰੇਸ ਦਾ ਘੋੜਾ ਬਣ ਸਕਦਾ ਹੈ।
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੰਜਾਬ ਦੇ ਇਕ ਕੌੜੇ ਸੱਚ ਨਾਲ ਜੁੜੀ ਮੋਹ ਮੁਹੱਬਤ ਦੇ ਰੰਗ ਵਿਚ ਰੰਗੀ ਇੱਕ ਦਿਲਚਸਪ ਕਹਾਣੀ ਹੈ, ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ। ਵਲੈਤੋਂ ਪੰਜਾਬ ਆਪਣੇ ਨਾਨਕੇ ਘਰ ਆਈਆਂ ਦੋ ਕੁੜੀਆਂ ਦੀ ਪਰਿਵਾਰਕ ਸਾਂਝ ਅਤੇ ਅਧਮੋਏ ਰਿਸ਼ਤਿਆਂ ਦੀ ਸੁੱਚੀ ਦਾਸਤਾਨ ਹੈ।
ਵਿਲੇਜ਼ਰ ਸਟੂਡੀਓ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਨਿਰਮਾਤਾ ਭਗਵੰਤਪਾਲ ਸਿੰਘ ਵਿਰਕ ਅਤੇ ਨਵ ਵਿਰਕ ਨੇ ਕੀਤਾ ਹੈ ਤੇ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਦਿੱਤਾ ਹੈ। ਫਿਲਮ ਦੀ ਕਹਾਣੀ ‘ਕਿਸਮਤ’, Ḕਨਿੱਕਾ ਜ਼ੈਲਦਾਰḔ ਸੀਰੀਜ਼ ਦੀਆਂ ਫਿਲਮਾਂ ਲਿਖਣ ਵਾਲੇ ਜਗਦੀਪ ਸਿੰਘ ਸਿੱਧੂ ਦੀ ਕਲਮ ਤੋਂ ਹੈ, ਜਿਸ ਨੇ ਕਹਾਣੀ, ਡਾਇਲਾਗ, ਸਕਰੀਨ ਸਿਰਜਣਾ ਕਰਦਿਆਂ ‘ਕਿਸਮਤ’ ਵਰਗਾ ਇਤਿਹਾਸ ਦੁਹਰਾਇਆ ਹੈ।
ਫਿਲਮ ਵਿਚ ਗੁਰਨਾਮ ਭੁੱਲਰ, ਸੋਨਮ ਬਾਜਵਾ, ਨਿਰਮਲ ਰਿਸ਼ੀ, ਤਾਨੀਆ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਸੀਮਾ ਕੌਸ਼ਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਗੁਰਨਾਮ ਭੁੱਲਰ, ਵਿੱਕੀ ਧਾਲੀਵਾਲ, ਗੈਰੀ ਵਿੰਦਰ ਤੇ ਹਰਿੰਦਰ ਕੌਰ ਨੇ ਲਿਖੇ ਹਨ।
‘ਆਵਾਜ਼ ਪੰਜਾਬ ਦੀ-5’ ਦੇ ਜੇਤੂ ਬਣ ਕੇ ਵਪਾਰਕ ਗਾਇਕੀ ਵੱਲ ਆਇਆ ਇਹ ਗਾਇਕ ਰੱਖ ਲਈ ਪਿਆਰ ਨਾਲ, ਸ਼ਨੀਵਾਰ, ਵਿਨੀਪੈਗ, ਸਾਡੇ ਆਲੇ, ਜਿੰਨਾ ਤੇਰਾ ਮੈਂ ਕਰਦੀ, ਪਹੁੰਚ ਆਦਿ ਗੀਤਾਂ ਨਾਲ ਕਦਮ ਦਰ ਕਦਮ ਅੱਗੇ ਤੁਰਦਾ ਗਿਆ, ਪਰ ਗੀਤ ‘ਡਾਇਮੰਡ ਦੀ ਝਾਂਜਰ’ ਨਾਲ ਗੁਰਨਾਮ ਸੋਹਰਤ ਦੇ ਸਿਖਰਲੇ ਡੰਡੇ ‘ਤੇ ਜਾ ਬੈਠਾ।
ਗੁਰਨਾਮ ਭੁੱਲਰ ਨੇ ਕਿਹਾ ਕਿ ਉਹ ਆਪਣੇ ਚਾਹੁਣ ਵਾਲਿਆਂ ਦਾ ਸਦਾ ਸ਼ੁਕਰਗੁਜ਼ਾਰ ਹੈ। ਭਵਿੱਖ ਵਿਚ ਉਸ ਕੋਲ ਕਈ ਚੰਗੀਆਂ ਫਿਲਮਾਂ ਹਨ। ਫਿਲਮਾਂ ਦੇ ਨਾਲ ਨਾਲ ਉਹ ਗਾਇਕੀ ਨੂੰ ਵੀ ਬਰਾਬਰ ਲੈ ਕੇ ਤੁਰੇਗਾ। ਉਸ ਦੀ ਅਗਲੀ ਫਿਲਮ ‘ਵਲੈਤੀ ਯੰਤਰ’ ਵੀ ਜਲਦੀ ਰਿਲੀਜ਼ ਹੋਵੇਗੀ।