ਪੰਜਾਬੀ ਫਿਲਮ ਨਿਰਦੇਸ਼ਨ ‘ਚ ਨਵੀਆਂ ਪੈੜਾਂ ਪਾ ਰਿਹੈ ਨਿਰਦੇਸ਼ਕ ਸ਼ਿਵਤਾਰ ਸ਼ਿਵ

ਹਰਜਿੰਦਰ ਸਿੰਘ ਜਵੰਦਾ
ਫੋਨ: 91-94638-28000
‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’, ‘ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨਸ ਅਪੌਨ ਟਾਈਮ ਇਨ ਅੰਮ੍ਰਿਤਸਰ’, ‘ਸੱਗੀ ਫੁੱਲ’ ਆਦਿ ਫਿਲਮਾਂ ਨਾਲ ਚਰਚਾ ਵਿਚ ਆਇਆ ਸਫਲ ਸਿਨਮੇਟੋਗ੍ਰਾਫਰ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ‘ਖਤਰੇ ਦਾ ਘੁੱਗੂ’ ਨਾਲ ਮੁੜ ਸਰਗਰਮ ਹੈ। ‘ਅਨੰਤਾ ਫਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਵਿਚ ਜੌਰਡਨ ਸੰਧੂ, ਦਿਲਜੋਤ, ਬੀæ ਐਨæ ਸ਼ਰਮਾ, ਅਮਨ, ਨੀਟੂ ਪੰਧੇਰ, ਅਨੀਤਾ ਸਬਦੀਸ਼ ਅਤੇ ਰਵਿੰਦਰ ਮੰਡ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਨਿਰਮਾਤਾ ਅਮਨ ਚੀਮਾ ਹੈ, ਜੋ ਫਿਲਮ ਦਾ ਸਹਿ ਨਿਰਦੇਸ਼ਕ ਵੀ ਹੈ।

ਫਿਲਮ ਦੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਇਹ ਫਿਲਮ ਆਮ ਫਿਲਮਾਂ ਤੋਂ ਹਟ ਕੇ ਪਿਆਰ ਮੁਹੱਬਤ ਵਰਗੇ ਇੱਕ ਦਿਲਚਸਪ ਵਿਸ਼ੇ ਦੀ ਕਹਾਣੀ ‘ਤੇ ਆਧਾਰਤ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫਿਲਮ ਦਾ ਗੀਤ-ਸੰਗੀਤ ਵੀ ਕਮਾਲ ਦਾ ਹੈ।
ਜ਼ਿਕਰਯੋਗ ਹੈ ਕਿ ਸ਼ਿਵਤਾਰ ਸ਼ਿਵ ਬਹੁਤ ਮਿਹਨਤੀ ਤੇ ਲਗਨ ਵਾਲਾ ਕਲਾ ਪ੍ਰੇਮੀ ਹੈ। ਸਹਿਨਸ਼ੀਲਤਾ ਅਤੇ ਨਿਮਰਤਾ ਉਸ ਵਿਚ ਕੁੱਟ ਕੁੱਟ ਕੇ ਭਰੀ ਹੋਈ ਹੈ। ਉਸ ਨੇ ਆਪਣੀ ਸ਼ੁਰੂਆਤ ਇੱਕ ਫੋਟੋਗ੍ਰਾਫਰ ਤੋਂ ਕੀਤੀ ਸੀ ਤੇ ਅੱਜ ਉਹ ਬਤੌਰ ਨਿਰਦੇਸ਼ਕ ਪੰਜਾਬੀ ਫਿਲਮਾਂ ਲਈ ਸਰਗਰਮ ਹੈ। ਨਾਭਾ ਸ਼ਹਿਰ ਦੇ ਜੰਮ-ਪਲ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਕਲਾ ਨਾਲ ਉਸ ਨੂੰ ਬਚਪਨ ਤੋਂ ਹੀ ਲਗਾਓ ਹੈ। ਫਿਲਮ ਤਕਨੀਕ ਦੇ ਖੇਤਰ ਵਿਚ ਉਸ ਨੂੰ ਇਲਾਕੇ ਦਾ ਰੰਗਮੰਚ ਕਲਾਕਾਰ ਕੁਲਵੰਤ ਖੱਟੜਾ ਲੈ ਕੇ ਆਇਆ। ਉਸ ਨੇ ਪੰਜਾਬੀ ਗਾਇਕਾਂ ਦੇ ਵੀਡੀਓ ਬਣਾਉਣ ਤੋਂ ਸ਼ੁਰੂਆਤ ਕੀਤੀ। ਪਰਿਵਾਰ ਵਲੋਂ ਵੀ ਉਸ ਨੂੰ ਇਸ ਖੇਤਰ ਵਿਚ ਆਉਣ ਲਈ ਭਰਪੂਰ ਸਹਿਯੋਗ ਮਿਲਿਆ ਤੇ ਉਹ ਕਿਸਮਤ ਅਜ਼ਮਾਉਣ ਲਈ ਬੰਬੇ ਗਿਆ, ਜਿੱਥੇ ਕਲਾ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ।
ਹਿੰਦੀ ਫਿਲਮ ‘ਕਿਸਮਤ’ ਨਾਲ ਆਪਣੇ ਕਲਾ ਸਫਰ ਦਾ ਆਗਾਜ਼ ਕਰਨ ਵਾਲੇ ਸ਼ਿਵਤਾਰ ਸ਼ਿਵ ਨੇ ਫਿਲਮਾਂ ਦੇ ਨਾਲ ਨਾਲ ਹਿੰਦੀ, ਪੰਜਾਬੀ ਦੇ ਅਨੇਕਾਂ ਚੈਨਲਾਂ ਤੋਂ ਚੱਲਦੇ ਨਾਮੀ ਸੀਰੀਅਲਾਂ ਲਈ ਬਤੌਰ ਅਸਿਸਟੈਂਟ ਕੰਮ ਕੀਤਾ, ਜਿਨ੍ਹਾਂ ਵਿਚ ‘ਇੰਡੀਆ ਮੋਸਟ ਵਾਂਟਿਡ’, ‘ਅਗਨੀ’, ‘ਸੰਘਰਸ਼’, ‘ਕੇ ਸਟਰੀਟ ਪਾਲੀ’, ‘ਕਹਿਤਾ ਹੈ ਦਿਲ’, ‘ਕੁਛ ਇਸ ਤਰ੍ਹਾਂ’, ‘ਦਾਨੇ ਅਨਾਰ ਕੇ’, ‘ਸਿਰਨਾਵਾਂ’, ‘ਤੂਤਾਂ ਵਾਲਾ ਖੂਹ’, ‘ਆਪਨੇ ਬਿਗਾਨੇ’, ‘ਦੋ ਅਕਾਲਗੜ੍ਹ’, ‘ਚੰਡੀਗੜ੍ਹ ਕੈਂਪਸ’, ‘ਸੌਦੇ ਦਿਲਾਂ ਦੇ’, ‘ਕੌੜਾ ਸੱਚ, ‘ਯੰਗ ਪੰਜਾਬੀ ਸਟਾਰ’, ‘ਗੇੜੀ ਪੰਜਾਬ ਦੀ’ ਆਦਿ ਚਰਚਿਤ ਲੜੀਵਾਰ ਸਨ। ਸ਼ਿਵਤਾਰ ਸ਼ਿਵ ਨੇ ਪੰਜਾਬੀ ਗਾਇਕਾਂ ਦੇ ਵੀਡੀਓ ਲਈ ਵੀ ਕੰਮ ਕੀਤਾ।
ਇਸ ਤੋਂ ਇਲਾਵਾ ਚਰਚਿਤ ਲਘੂ ਫਿਲਮਾਂ ‘ਬਰਫ’, ‘ਵੰਡ’ ਅਤੇ ‘ਵਾਰੀ’ ਵੀ ਕੀਤੀਆਂ। ਫਿਲਮ ਨਿਰਦੇਸ਼ਨ ਬਾਰੇ ਸ਼ਿਵਤਾਰ ਸ਼ਿਵ ਦਾ ਕਹਿਣਾ ਹੈ ਕਿ ਕੈਮਰਾਮੈਨ ਤੇ ਨਿਰਦੇਸ਼ਨ ਦਾ ਕੰਮ ਆਪਸ ਵਿਚ ਜੁੜਿਆ ਹੋਇਆ ਹੁੰਦਾ ਹੈ। ਉਸ ਨੇ ਲੰਮੇ ਸਮੇਂ ਦੇ ਤਜ਼ਰਬੇ ਤੋਂ ਬਾਅਦ ਹੀ ਇੱਧਰ ਕਦਮ ਵਧਾਇਆ ਹੈ। ਉਹ ਕਹਿੰਦਾ ਹੈ, ਚੰਗੀਆਂ ਫਿਲਮਾਂ ਕਰਨ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ।