ਜੰਗ ਦਾ ਲਲਕਾਰਾ ਜਾਂ ਅਮਨ ਦਾ ਹੋਕਾ

ਇਹ ਗੱਲ ਹੁਣ ਸਭ ਨੂੰ ਤਸਲੀਮ ਕਰਨੀ ਪਵੇਗੀ ਕਿ ਭਾਰਤ ਅਤੇ ਪਾਕਿਸਤਾਨ ਤੋਂ ਜੰਗ ਦੇ ਬੱਦਲ ਇਕ ਵਾਰ ਤਾਂ ਛਟ ਗਏ ਹਨ ਤੇ ਇਸ ਕਾਰਵਾਈ ਵਿਚ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਬਿਨਾ ਸ਼ੱਕ ਵਾਹ-ਵਾਹ ਖੱਟ ਗਿਆ ਹੈ; ਨਹੀਂ ਤਾਂ ਭਾਰਤ ਦੀ ਸੱਜੇ ਪੱਖੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਮਾਰਖੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਭੜਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਜਿਵੇਂ ਉਘੇ ਸ਼ਾਇਰ ਸਾਹਿਰ ਲਧਿਆਣਵੀ ਨੇ ਜੰਗ ਬਾਰੇ ਆਪਣੀ ਇਕ ਮਸ਼ਹੂਰ ਨਜ਼ਮ ਵਿਚ ਲਿਖਿਆ ਹੈ, ‘ਜੰਗ ਤੋ ਖੁਦ ਹੀ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇਗੀæææਇਸ ਲੀਏ ਐ ਸ਼ਰੀਫ ਇਨਸਾਨੋਂ, ਜੰਗ ਟਲਤੀ ਰਹੇ ਤੋ ਬਿਹਤਰ ਹੈ।’

ਜੰਗ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ। ਇਸ ਦੀਆਂ ਸਭ ਤੋਂ ਵੱਡੀਆਂ ਮਿਸਾਲਾਂ ਪਿਛਲੀ ਸਦੀ ਦੌਰਾਨ ਹੋਈਆਂ ਦੋ ਸੰਸਾਰ ਜੰਗਾਂ ਹਨ। ਇੰਨੀ ਵੱਡੀ ਪੱਧਰ ‘ਤੇ ਤਬਾਹੀ ਪਿਛੋਂ ਗੱਲ ਆਖਰਕਾਰ ਗੱਲਬਾਤ ‘ਤੇ ਹੀ ਮੁੱਕੀ ਸੀ। ਹਾਲੀਆ ਮਿਸਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਵਿਚਕਾਰ ਚੱਲ ਰਹੀ ਵਾਰਤਾ ਦੀ ਹੈ। ਟਰੰਪ ਦੇ ਆਉਣ ਪਿਛੋਂ ਕਿਸੇ ਵੇਲੇ ਤਾਂ ਇਹੀ ਲੱਗਦਾ ਸੀ ਕਿ ਕੋਰੀਆ ਖਿੱਤੇ ਵਿਚ ਜੰਗ ਲੱਗੀ ਕਿ ਲੱਗੀ; ਪਰ ਇਕ-ਦੂਜੇ ਦੇ ਸਿਰੇ ਦੇ ਵਿਰੋਧੀ ਇਹ ਮੁਲਕ ਅਤੇ ਇਸ ਦੇ ਨੇਤਾ ਅੱਜ ਵਾਰਤਾ ਰਚਾ ਰਹੇ ਹਨ। ਦੋਹਾਂ ਲੀਡਰਾਂ ਵਿਚਕਾਰ ਦੋ ਮੁਲਾਕਾਤਾਂ ਹੋ ਚੁਕੀਆਂ ਹਨ, ਇਹ ਮੁਲਾਕਾਤਾਂ ਭਾਵੇਂ ਅਸਫਲ ਹੀ ਰਹੀਆਂ ਹਨ, ਪਰ ਖਿੱਤੇ ਉਤੇ ਜੰਗ ਦੇ ਬੱਦਲ ਤਾਂ ਲਹਿ ਹੀ ਗਏ ਹਨ। ਜਦੋਂ ਇਹ ਕੱਟੜ ਵਿਰੋਧੀ ਮੁਲਕ ਗੱਲਬਾਤ ਲਈ ਮੇਜ ‘ਤੇ ਆ ਸਕਦੇ ਹਨ ਤਾਂ ‘ਹਮਸਾਏ ਮਾਂ ਪਿਉ ਜਾਏ’ ਭਾਰਤ ਅਤੇ ਪਾਕਿਸਤਾਨ ਕਿਉਂ ਨਹੀਂ?
ਭਾਰਤ ਅਤੇ ਪਾਕਿਸਤਾਨ ਵਿਚਾਲੇ ਰੱਫੜ ਦਾ ਵੱਡਾ ਮਸਲਾ ਦਰਅਸਲ ਕਸ਼ਮੀਰ ਦਾ ਹੈ। ਹੁਣ ਵੀ ਜੰਗ ਵਾਲਾ ਮਾਹੌਲ ਬਣਨ ਦਾ ਕਾਰਨ ਕਸ਼ਮੀਰ ਹੀ ਬਣਿਆ, ਜਦੋਂ ਦਹਿਸ਼ਤਗਰਦਾਂ ਨੇ ਫਿਦਾਈਨ ਹਮਲੇ ਵਿਚ 40 ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਨੂੰ ਮਾਰ-ਮੁਕਾਇਆ। ਜਦੋਂ ਤੋਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਇਹ ਕਸ਼ਮੀਰ ਵਿਚ ਚੱਲ ਰਹੇ ਸੰਕਟ ਨੂੰ ਸਖਤੀ ਨਾਲ ਦਬਾਉਣ ਦੀ ਨੀਤੀ ‘ਤੇ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਵੇਂ ਕਸ਼ਮੀਰ ਵਿਚ ‘ਗੋਲੀ ਦੀ ਥਾਂ ਗੱਲ’ ਬਾਰੇ ਇਕ ਵਾਰ ਬਿਆਨ ਵੀ ਦਾਗਿਆ ਅਤੇ ਪੀæ ਡੀæ ਪੀæ ਨਾਲ ਰਲ ਕੇ ਇਸ ਪਾਰਟੀ ਨੇ ਰਿਆਸਤ ਵਿਚ ਚਾਰ ਸਾਲ ਸਰਕਾਰ ਵੀ ਚਲਾਈ, ਪਰ ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਗਈਆਂ, ਇਸ ਨੇ ਪੀæ ਡੀæ ਪੀæ ਨਾਲ ਆਪਣੀ ਬਣਾਈ ਸਰਕਾਰ ਹੀ ਨਹੀਂ ਤੋੜੀ, ਸਗੋਂ ਮੁਲਕ ਨੂੰ ਜੰਗ ਦੇ ਮੁਹਾਣ ਤੱਕ ਪਹੁੰਚਾ ਕੇ ਹੀ ਦਮ ਲਿਆ। ਮੀਡੀਆ ਅਤੇ ਬੌਧਿਕ ਹਲਕਿਆਂ ‘ਚ ਹੁਣ ਤੱਕ ਜੋ ਚਰਚਾ ਸਾਹਮਣੇ ਆਈ ਹੈ, ਉਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਇਸ ਸਾਰੀ ਕਵਾਇਦ ਦਾ ਮਤਲਬ ਲੋਕ ਸਭਾ ਚੋਣਾਂ ਵਿਚ ਜਿੱਤ ਲਈ ਆਧਾਰ ਤਿਆਰ ਕਰਨਾ ਹੀ ਸੀ। ਇਕ ਪਾਸੇ ਜੰਗ ਦਾ ਮਾਹੌਲ ਬਣਿਆ ਹੋਵੇ ਅਤੇ ਮੁਲਕ ਦੇ ਲੜਾਕੂ ਹਵਾਈ ਜਹਾਜ ਦਾ ਪਾਇਲਟ ‘ਦੁਸ਼ਮਣ’ ਦੇ ਕਬਜ਼ੇ ਵਿਚ ਹੋਵੇ, ਦੂਜੇ ਪਾਸੇ ਪ੍ਰਧਾਨ ਮੰਤਰੀ ਆਪਣੀ ਪਾਰਟੀ ਦੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹੋਣ; ਜਾਹਰ ਹੈ ਕਿ ਜੰਗ ਦੇ ਇਸ ਮਾਹੌਲ ਤੋਂ ਸਿਆਸੀ ਲਾਹਾ ਲੈਣ ਲਈ ਸੱਤਾਧਾਰੀਆਂ ਨੇ ਪੂਰਾ ਟਿੱਲ ਲਾਇਆ ਹੋਇਆ ਸੀ।
ਇਸ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਪਿਛਲੇ ਕੁਝ ਦਹਾਕਿਆਂ ਤੋਂ ਦਹਿਸ਼ਤਵਾਦ ਨੂੰ ਹਵਾ ਦੇ ਰਿਹਾ ਹੈ। ਪਾਕਿਸਤਾਨ ਅੰਦਰ ਸਰਗਰਮ ਦਹਿਸ਼ਤੀ ਜਥੇਬੰਦੀਆਂ ਅਤੇ ਇਸ ਦੇ ਲੀਡਰਾਂ ਉਤੇ ਕੋਈ ਰੋਕ-ਟੋਕ ਨਹੀਂ ਹੈ, ਸਗੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਵਿਚ ਭਾਵੇਂ ਜਮਹੂਰੀਅਤ ਹੋਣ ਬਾਰੇ ਅਕਸਰ ਕਹਿ ਲਿਆ ਜਾਂਦਾ ਹੈ, ਪਰ ਉਥੇ ਅਸਲ ਤਾਕਤ ਫੌਜ, ਖੁਫੀਆ ਏਜੰਸੀ ਅਤੇ ਕੱਟੜਪੰਥੀ ਆਗੂਆਂ ਦੀ ਤਿੱਕੜੀ ਦੇ ਹੱਥ ਹੀ ਹੈ। ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਪਾਕਿਸਤਾਨ ਦੀ ਫੌਜ ਦੀ ਮਿਹਰਬਾਨੀ ਨਾਲ ਹੀ ਇਸ ਅਹੁਦੇ ਉਤੇ ਬਿਰਾਜਮਾਨ ਹੋ ਸਕੇ ਹਨ ਅਤੇ ਤੱਥ ਇਹ ਵੀ ਹੈ ਕਿ ਉਹ ਫੌਜ ਤੋਂ ਨਾਬਰ ਹੋ ਕੇ ਕੋਈ ਵੀ ਫੈਸਲਾ ਕਰਨ ਦੀ ਹਾਲਤ ਵਿਚ ਨਹੀਂ ਹਨ। ਇਸ ਦੇ ਬਾਵਜੂਦ ਜੇ ਉਸ ਨੇ ਜੰਗ ਟਾਲਣ ਵਾਲਾ ਪੈਂਤੜਾ ਮੱਲਿਆ ਹੈ ਤਾਂ ਇਸ ਬਾਰੇ ਪੂਰੀ ਸੰਜੀਦਗੀ ਨਾਲ ਵਿਚਾਰ ਹੋਣੀ ਚਾਹੀਦੀ ਹੈ। ਇਸ ਪ੍ਰਸੰਗ ਵਿਚ ਇਕ ਤੱਥ ਹੋਰ ਵੀ ਵਿਚਾਰਨ ਵਾਲਾ ਹੈ ਕਿ ਇਸ ਵੇਲੇ ਪਾਕਿਸਤਾਨ ਦੀ ਮਾਲੀ ਹਾਲਤ ਬਹੁਤੀ ਠੀਕ ਨਹੀਂ, ਸਗੋਂ ਇਸ ਦੀ ਹਾਲਤ ਸਮਝੋ ਢਹਿ-ਢੇਰੀ ਹੋਣ ਵਾਲੀ ਕਗਾਰ ‘ਤੇ ਅੱਪੜੀ ਹੋਈ ਹੈ। ਇਸ ਸੂਰਤ ਵਿਚ ਇਹ ਜੰਗ ਨਹੀਂ ਚਾਹੇਗਾ। ਉਂਜ, ਇਸ ਨੇ ਭਾਰਤੀ ਕਾਰਵਾਈ ਦੇ ਜਵਾਬ ਵਿਚ ਹਵਾਈ ਫੌਜ ਦੀ ਤਾਕਤ ਦਾ ਜੋ ਮੁਜਾਹਰਾ ਕੀਤਾ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਪਾਕਿਸਤਾਨ ਕੋਈ ਜੰਗ ਜਿੱਤੇ ਭਾਵੇਂ ਨਾ, ਪਰ ਇਸ ਦੀ ਫੌਜੀ ਤਾਕਤ ਕਿਸੇ ਵੀ ਲਿਹਾਜ ਭਾਰਤ ਤੋਂ ਘੱਟ ਨਹੀਂ ਹੈ। ਹਕੀਕਤ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਸੰਸਾਰ ਦੀਆਂ ਵੱਡੀਆਂ ਤਾਕਤਾਂ ਲਈ ਹਥਿਆਰਾਂ ਦੀ ਵੱਡੀ ਮੰਡੀ ਰਹੇ ਹਨ ਅਤੇ ਦੋਹਾਂ ਕੋਲ ਹੀ ਪਰਮਾਣੂ ਹਥਿਆਰਾਂ ਦੇ ਨਾਲ-ਨਾਲ ਤਬਾਹੀ ਵਾਲੇ ਸਭ ਹਥਿਆਰ ਮੌਜੂਦ ਹਨ। ਇਸੇ ਕਰਕੇ ਦੋਹਾਂ ਮੁਲਕਾਂ ਦਾ ਜੰਗ ਵੱਲ ਵਧਣਾ ਕਿਸੇ ਦੇ ਵੀ ਹੱਕ ਵਿਚ ਨਹੀਂ ਹੈ। ਇਸ ਵੇਲੇ ਭਾਰਤ ਦਾ ਪਾਕਿਸਤਾਨ ਬਾਰੇ ਸਭ ਤੋਂ ਵੱਡਾ ਇਤਰਾਜ਼ ਇਹੀ ਹੈ ਕਿ ਇਹ ਦਹਿਸ਼ਤਵਾਦ ਨੂੰ ਹਵਾ ਦੇ ਰਿਹਾ ਹੈ, ਪਰ ਜੰਗ ਇਸ ਦਾ ਹੱਲ ਨਹੀਂ। ਦਹਿਸ਼ਤਵਾਦ ਨੂੰ ਡੱਕਣ ਲਈ ਭਾਰਤ ਨੂੰ ਆਪਣੇ ਹੋਰ ਚੈਨਲ ਵਰਤਣੇ ਪੈਣਗੇ। ਹਾਲੀਆ ਖਬਰਾਂ ਇਹ ਹੈ ਕਿ ਪਾਕਿਸਤਾਨ ਨੇ ਦਹਿਸ਼ਤਪਸੰਦਾਂ ‘ਤੇ ਸਖਤੀ ਦੇ ਸੰਕੇਤ ਦਿੱਤੇ ਹਨ। ਭਾਰਤ ਨੂੰ ਆਪਣੀ ਕੂਟਨੀਤੀ ਨੂੰ ਹੁਣ ਇਸ ਪਾਸੇ ਲਾਉਣਾ ਚਾਹੀਦਾ ਹੈ, ਕਿਉਂਕਿ ਦੋਹਾਂ ਮੁਲਕਾਂ ਦੇ ਆਵਾਮ ਦੀ ਭਲਾਈ ਅਮਨ-ਅਮਾਨ ਵਿਚ ਹੀ ਹੈ।