ਮੋਦੀ ਦੀ ਜੰਗਬਾਜ਼ ਸਿਆਸਤ ਦੀ ਚੁਫੇਰਿਓਂ ਨੁਕਤਾਚੀਨੀ

ਸਾਰੀ ਕਵਾਇਦ ਪੁੱਠੀ ਪਈ; ਚੁਣਾਵੀ ਲਾਹਾ ਲੈਣ ਦੀ ਕੋਸ਼ਿਸ਼ ਦੇ ਲੱਗੇ ਦੋਸ਼
ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਮਾਹੌਲ ਆਪਣੇ ਹੱਕ ਵਿਚ ਬਣਾਉਣ ਲਈ ਭਾਜਪਾ ਹਰ ਹਰਬਾ ਵਰਤ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵਲੋਂ ਇਸੇ ਮਕਸਦ ਨਾਲ ਪੂਰੇ ਦੇਸ਼ ਵਿਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੇ ਨਾਂ ਉਤੇ ਰੈਲੀਆਂ ਕਰ ਕੇ ਆਪਣੀਆਂ ਮਾਰਖੋਰੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਮੋਦੀ ਵਲੋਂ ਆਪਣੀਆਂ ਪ੍ਰਾਪਤੀਆਂ ਦੀ ਲਿਸਟ ਲੰਮੀ ਕਰਦੇ ਹੋਏ ਪਾਕਿਸਤਾਨ ਵਿਚ ਅਤਿਵਾਦੀ ਕੈਂਪਾਂ ਉਤੇ ਕੀਤੀ ਕਾਰਵਾਈ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ।

ਭਾਜਪਾ ਦਾ ਦਾਅਵਾ ਹੈ ਕਿ ਉਸ ਨੇ ਪੁਲਵਾਮਾ ਵਿਚ ਫਿਦਾਇਨ ਹਮਲੇ ਵਿਚ ਮਾਰੇ ਗਏ ਸੁਰੱਖਿਆ ਕਰਮੀਆਂ ਦੀ ਮੌਤ ਦਾ ਬਦਲਾ ਪਾਕਿਸਤਾਨ ਵਿਚ ਹਵਾਈ ਹਮਲੇ ਕਰਕੇ 350 ਅਤਿਵਾਦੀ ਮਾਰ ਕੇ ਲਿਆ ਹੈ। ਤੈਅ ਰਣਨੀਤੀ ਮੁਤਾਬਕ ਭਾਜਪਾ ਨੂੰ ਇਸ ‘ਦਲੇਰ ਕਾਰਵਾਈ’ ਦਾ ਚੋਣਾਂ ਵਿਚ ਵੱਡਾ ਲਾਹਾ ਮਿਲਣਾ ਸੀ ਪਰ ਭਾਰਤ ਦੇ ਲੜਾਕੂ ਜਹਾਜ਼ ਦਾ ਪਾਇਲਟ ਪਾਕਿਸਤਾਨ ਹੱਥ ਲੱਗਣ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਅਪਣਾਈ ਸੰਜਮ ਵਾਲੀ ਨੀਤੀ ਨੇ ਬਾਜ਼ੀ ਉਲਟੀ ਪਾ ਦਿੱਤੀ ਹੈ। ਦਰਅਸਲ, ਭਾਰਤ ਦੀ ਕਾਰਵਾਈ ਦਾ ਜਵਾਬ ਦੇਣ ਲਈ ਪਾਕਿਸਤਾਨ ਦੇ 2 ਲੜਾਕੂ ਜਹਾਜ਼ ਭਾਰਤ ਵਿਚ ਦਾਖਲ ਹੋਏ। ਇਨ੍ਹਾਂ ਜਹਾਜ਼ਾਂ ਦਾ ਪਿੱਛਾ ਕਰ ਰਿਹਾ ਭਾਰਤ ਦਾ ਇਕ ਲੜਾਕੂ ਜਹਾਜ਼ ਡਿੱਗ ਗਿਆ ਅਤੇ ਇਸ ਦਾ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨੀ ਫੌਜ ਦੇ ਕਾਬੂ ਆ ਗਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਜੰਗ ਦੀ ਥਾਂ ਅਮਨ-ਸ਼ਾਂਤੀ ਦਾ ਸੁਨੇਹਾ ਦਿੰਦੇ ਹੋਏ ਅਗਲੇ ਦਿਨ ਹੀ ਪਾਇਲਟ ਨੂੰ ਭਾਰਤ ਭੇਜ ਦਿੱਤਾ। ਇਮਰਾਨ ਖਾਨ ਨੇ ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਦੋਵਾਂ ਸਦਨਾਂ ਦੇ ਸਾਂਝੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਪਾਇਲਟ ਨੂੰ ਪਾਕਿਸਤਾਨ ਵਲੋਂ ਸ਼ਾਂਤੀ ਦਾ ਸੰਕੇਤ ਦੇਣ ਦੇ ਦਾਅਵੇ ਨਾਲ ਛੱਡਣ ਦਾ ਐਲਾਨ ਕੀਤਾ।
ਇਮਰਾਨ ਖਾਨ ਦੀ ਇਸ ਪਹਿਲਕਦਮੀ ਨੇ ਮੋਦੀ ਦੀ ਦੇਸ਼ ਭਗਤੀ ਦੇ ਰੰਗ ਨੂੰ ਫਿੱਕਾ ਪਾ ਦਿੱਤਾ। ਭਾਰਤ, ਖਾਸ ਕਰ ਕੇ ਪੰਜਾਬੀਆਂ ਨੇ ਇਸ ਪਹਿਲਕਦਮੀ ਦਾ ਖੁੱਲ੍ਹੇ ਦਿਲ ਦਾ ਸਵਾਗਤ ਕੀਤਾ। ਦੂਜੇ ਪਾਸੇ ਹਮਲੇ ਵਿਚ ਮਾਰੇ ਅਤਿਵਾਦੀ ਦੀ ਗਿਣਤੀ ਬਾਰੇ ਦਾਅਵਾ ਵੀ ਭਾਜਪਾ ਲਈ ਸਿਰਦਰਦੀ ਬਣ ਗਿਆ। ਸਰਕਾਰ ਨੇ ਕਾਰਵਾਈ ਦੇ ਪਹਿਲੇ ਦਿਨ ਦਾਅਵਾ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੇ 350 ਅਤਿਵਾਦੀ ਮਾਰ-ਮੁਕਾਏ ਹਨ। ਦੋ ਦਿਨਾਂ ਬਾਅਦ ਇਹ ਗਿਣਤੀ 300 ਉਤੇ ਆ ਗਈ ਅਤੇ ਫਿਰ ਇਕ ਰੈਲੀ ਵਿਚ ਭਾਜਪਾ ਪ੍ਰਧਾਨ ਨੇ ਆਖ ਦਿੱਤਾ ਕਿ ਹਮਲੇ ਵਿਚ 250 ਅਤਿਵਾਦੀ ਮਾਰੇ ਗਏ। ਇਹੀ ਸਵਾਲ ਜਦੋਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀæਐਸ਼ ਧਨੋਆ ਨੂੰ ਕੀਤਾ ਗਿਆ ਤਾਂ ਉਨ੍ਹਾਂ ਇਹ ਆਖ ਕੇ ਖਹਿੜਾ ਛੁਡਾ ਲਿਆ ਕਿ ਫੌਜ ਦਾ ਕੰਮ ਨਿਸ਼ਾਨਾ ਲਾਉਣਾ ਹੈ, ਲਾਸ਼ਾਂ ਗਿਣਨਾ ਨਹੀਂ। ਇਕ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਫੌਜ ਦੇ ਬੰਬ ਜੰਗਲ ਅਤੇ ਪਹਾੜੀ ਇਲਾਕੇ ਵਿਚ ਡਿੱਗੇ ਸਨ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਜਿਹੇ ਖੁਲਾਸਿਆਂ ਉਤੇ ਮੋਦੀ ਸਰਕਾਰ ਦਾ ਖੂਬ ਮਜ਼ਾਕ ਉਡ ਰਿਹਾ ਹੈ। ਵਿਰੋਧੀ ਧਿਰਾਂ ਟਿੱਚਰਾਂ ਕਰ ਰਹੀਆਂ ਹਨ ਕਿ ਪੁਲਵਾਮਾ ਹਮਲੇ ਦਾ ਬਦਲਾ ਅਤਿਵਾਦੀ ਮਾਰ ਕੇ ਲੈਣ ਸੀ, ਜੰਗਲਾਂ ਤੇ ਪਹਾੜਾਂ ਵਿਚ ਬੰਬ ਸੁੱਟ ਕੇ ਨਹੀਂ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਨੂੰ ਸਲਾਹ ਦੇ ਦਿੱਤੀ ਕਿ ਪ੍ਰਧਾਨ ਮੰਤਰੀ ਫੌਜ ਦੇ ਮੋਢਿਆਂ ਤੋਂ ਸਿਆਸੀ ਚਾਲਾਂ ਚੱਲਣੀਆਂ ਬੰਦ ਕਰੇ। ਇਕੱਲੇ ਸਿਆਸੀ ਆਗੂ ਹੀ ਨਹੀਂ, ਆਮ ਲੋਕ ਵੀ ਚੋਣਾਂ ਤੋਂ ਪਹਿਲਾਂ ਜੰਗ ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਭਾਜਪਾ ਨੂੰ ਘੇਰ ਰਹੇ ਹਨ। ਹੁਣ ਭਾਜਪਾ ਨੂੰ ਵੀ ਇਸ ਮੁੱਦੇ ਇਕੱਲੇਪਣ ਦਾ ਅਹਿਸਾਸ ਹੋ ਰਿਹਾ ਹੈ।
ਇਹ ਗੱਲ ਜ਼ਰੂਰ ਹੈ ਕਿ ਭਾਰਤੀ ਮੀਡੀਆ ਖੁੱਲ੍ਹ ਕੇ ਮੋਦੀ ਦੇ ਹੱਕ ਵਿਚ ਭੁਗਤਿਆ। ਭਾਰਤੀ ਦੀ ਪਾਕਿਸਤਾਨ ਉਤੇ ਕਾਰਵਾਈ ਤੋਂ ਲੈ ਕੇ ਇਮਰਾਨ ਖਾਨ ਵਲੋਂ ਭਾਰਤੀ ਪਾਇਲਟ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਨੂੰ ਵੀ ਮੋਦੀ ਦੀ ਜਿੱਤ ਵਜੋਂ ਪ੍ਰਚਾਰਿਆ ਗਿਆ। ਭਾਜਪਾ ਆਗੂਆਂ ਨੂੰ ਟੀæਵੀæ ਸਕਰੀਨ ਅੱਗੇ ਬਿਠਾ ਕੇ ਮੋਦੀ ਦੀ ‘ਦਲੇਰੀ’ ਦੇ ਸੋਹਲੇ ਗਾਏ ਗਏ। ਕੁੱਲ ਮਿਲਾ ਕੇ ਪਾਕਿਸਤਾਨ ਉਤੇ ਮੋਦੀ ਸਰਕਾਰ ਵੱਲੋਂ ਕੀਤੀ ਕਾਰਵਾਈ ਭਾਵੇਂ ਤੈਅ ਰਣਨੀਤੀ ਮੁਤਾਬਕ ਸਿਆਸੀ ਫਾਇਦਾ ਤਾਂ ਨਹੀਂ ਦੇ ਸਕੀ ਪਰ ਦੋਵਾਂ ਦੇਸ਼ਾਂ ਵਿਚ ਅਮਨ-ਸ਼ਾਂਤੀ ਵਾਲੇ ਮਾਹੌਲ ਦੀ ਉਡੀਕ ਵਿਚ ਬੈਠੀ ਆਮ ਜਨਤਾ ਨੂੰ ਵੱਡੀ ਨਿਰਾਸ਼ਾ ਦੇ ਗਈ। ਦੋਵਾਂ ਮੁਲਕਾਂ ਵਿਚਾਲੇ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਦੋਵੇਂ ਪਾਸੇ ਸੈਂਕੜੇ ਕਾਰੋਬਾਰੀ ਵਿਹਲੇ ਬੈਠ ਗਏ ਹਨ। ਸਰਹੱਦੀ ਇਲਾਕਿਆਂ ਵਿਚ ਦੋਵੇਂ ਪਾਸਿਉਂ ਤੋਂ ਕੀਤੀ ਜਾ ਰਹੀ ਗੋਲਾਬਾਰੀ ਵਿਚ ਨਿੱਤ ਦਿਨ ਜਾਨਾਂ ਜਾ ਰਹੀਆਂ ਹਨ। ਦੋਵੇਂ ਦੇਸ਼ ਆਮ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕਰ ਰਹੇ ਹਨ। ਅਜਿਹਾ ਮਾਹੌਲ ਉਸ ਸਮੇਂ ਬਣਿਆ ਹੈ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਦੇਸ਼ਾਂ ਵਿਚਾਲੇ ਅਮਨ-ਸ਼ਾਂਤੀ ਦਾ ਰਾਹ ਬਣ ਰਿਹਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਲਾਂਘੇ ਦੇ ਸ਼ੁਰੂ ਹੋਣ ਪਿੱਛੋਂ ਦੋਵੇਂ ਮੁਲਕਾਂ ਦੇ ਲੋਕ ਸੌਖੇ ਹੀ ਇਕ-ਦੂਜੇ ਪਾਸੇ ਜਾ ਸਕਣਗੇ ਪਰ ਸਿਆਸੀ ਲਾਹੇ ਲਈ ਘੜੀਆਂ ਜਾ ਰਹੀਆਂ ਰਣਨੀਤੀਆਂ ਇਨ੍ਹਾਂ ਉਮੀਦਾਂ ਉਤੇ ਪਾਣੀ ਫੇਰਨ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ।