ਜਲੰਧਰ: ਲੋਕ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋਣ ਦੀ ਸੰਭਾਵਨਾ ਹੈ ਤੇ ਹਿੰਦ-ਪਾਕਿ ਦਰਮਿਆਨ ਪੈਦਾ ਹੋਇਆ ਤਣਾਅ ਕੁਝ ਘਟਦਿਆਂ ਹੀ ਰਾਜਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਨੂੰ ਮੁੜ ਵਿਉਂਤਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਅੰਦਰ ਆਪਣੀ ਪਹਿਲੀ ਪਿਰਤ ਨੂੰ ਕਾਇਮ ਰੱਖਦਿਆਂ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ ਵੀ ਸਰਗਰਮੀ ਆਰੰਭ ਕਰਨ ‘ਚ ਪਹਿਲ ਹਾਸਲ ਕਰ ਲਈ ਗਈ ਹੈ।
ਡੂੰਘੇ ਧਾਰਮਿਕ-ਰਾਜਸੀ ਸੰਕਟ ਦਾ ਸਾਹਮਣਾ ਕਰ ਰਹੀ ਅਕਾਲੀ ਲੀਡਰਸ਼ਿਪ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਉਭਾਰਨ ਲਈ ਬੇਅਦਬੀ ਘਟਨਾਵਾਂ ਦਾ ਘੱਟ ਪ੍ਰਭਾਵ ਮੰਨਣ ਵਾਲੇ ਪੰਜਾਬ ਦੇ ਨੌਜਵਾਨ ਵਰਗ ਦਾ ਸਹਾਰਾ ਲੈਣ ਦੀ ਰਣਨੀਤੀ ਅਪਣਾਈ ਗਈ ਜਾਪਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨ ਵਰਗ ਵਲੋਂ ਅਕਾਲੀ ਦਲ ਦੇ ਹੱਕ ‘ਚ ਉਠਾਈ ਆਵਾਜ਼ ਪਾਰਟੀ ਦਾ ਅਕਸ ਸੁਧਾਰਨ ਲਈ ਸੋਨੇ ‘ਤੇ ਸੁਹਾਗੇ ਦਾ ਕੰਮ ਕਰੇਗੀ। ਸੰਨ 2006 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਜਦ ਯੂਥ ਅਕਾਲੀ ਦਲ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਸੀ ਤਾਂ ਸਾਰੇ ਪੰਜਾਬ ਅੰਦਰ ਨੌਜਵਾਨ ਰੈਲੀਆਂ ਕਰਨ ਤੋਂ ਬਾਅਦ ਲੁਧਿਆਣਾ ਨੇੜੇ ਯੂਥ ਅਕਾਲੀ ਦਲ ਨੇ ਇਕ ਵਿਸ਼ਾਲ ਰੈਲੀ ਕੀਤੀ ਸੀ ਤੇ ਬਾਹਰਲੇ ਸੂਬਿਆਂ ਦੇ ਕਈ ਉੱਚ ਨੇਤਾ ਵੀ ਇਸ ਵਿਚ ਸ਼ਾਮਿਲ ਹੋਏ ਸਨ। ਰਾਜਸੀ ਹਲਕਿਆਂ ‘ਚ ਇਸ ਰੈਲੀ ਰਾਹੀਂ ਆਏ ਉਭਾਰ ਕਾਰਨ ਜਿਥੇ ਸੁਖਬੀਰ ਸਿੰਘ ਬਾਦਲ ਵਧੇਰੇ ਚਰਚਿਤ ਹੋਏ ਸਨ, ਉਥੇ ਨੌਜਵਾਨਾਂ ਦੀ ਤਾਕਤ ਦਲ ਪਿੱਛੇ ਖੜ੍ਹੀ ਹੋਣ ਦਾ ਅਹਿਸਾਸ ਵੀ ਬਣਿਆ ਸੀ।
ਵੱਖ-ਵੱਖ ਲੋਕ ਸਭਾ ਹਲਕਿਆਂ ‘ਚ ਹਰੀ ਝੰਡੀ ਦੇ ਕੇ ਸਰਗਰਮ ਕੀਤੇ ਪਾਰਟੀ ਉਮੀਦਵਾਰਾਂ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਪਾਰਟੀ ਵਰਕਰਾਂ ਤੇ ਵੋਟਰਾਂ ਤੱਕ ਪਹੁੰਚ ਕਰਨੀ ਆਰੰਭ ਕਰ ਦਿੱਤੀ ਹੈ। ਅਜਿਹੀਆਂ ਸਰਗਰਮੀਆਂ ਤੋਂ ਲੱਗ ਰਿਹਾ ਹੈ ਕਿ ਅਕਾਲੀ ਦਲ ਚੋਣ ਮੁਹਿੰਮ ਸ਼ੁਰੂ ਕਰਨ ਤੇ ਉਮੀਦਵਾਰਾਂ ਦੀ ਚੋਣ ਵਿਚ ਇਸ ਵਾਰ ਫਿਰ ਸਭਨਾਂ ਤੋਂ ਅੱਗੇ ਹੀ ਚੱਲ ਰਿਹਾ ਹੈ। ਅਕਾਲੀ ਲੀਡਰਸ਼ਿਪ ਨੇ ਹਾਲੇ ਭਾਵੇਂ ਰਸਮੀ ਤੌਰ ‘ਤੇ ਪੰਜਾਬ ਵਿਚ ਲੜੀਆਂ ਜਾਣ ਵਾਲੀਆਂ 10 ਸੀਟਾਂ ਲਈ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਗ਼ੈਰ-ਰਸਮੀ ਤੌਰ ‘ਤੇ ਪਾਰਟੀ ਨੇ 8 ਹਲਕਿਆਂ ਤੋਂ ਉਮੀਦਵਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਅਜਿਹੇ ਉਮੀਦਵਾਰਾਂ ਨੇ ਚੋਣ ਜੋੜ-ਤੋੜ ਲਗਾਉਣ ਤੇ ਵੋਟਰਾਂ ਨਾਲ ਸੰਪਰਕ ਮੁਹਿੰਮ ਸ਼ੁਰੂ ਵੀ ਕਰ ਦਿੱਤੀ ਹੈ।
ਸੂਤਰਾਂ ਮੁਤਾਬਿਕ ਦੁਆਬਾ ਖੇਤਰ ਦੇ ਰਾਖਵੇਂ ਹਲਕੇ ਜਲੰਧਰ ਤੋਂ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ, ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ, ਫਰੀਦਕੋਟ ਹਲਕੇ ਤੋਂ ਕਾਂਗਰਸੀ ਤੋਂ ਅਕਾਲੀ ਬਣੇ ਜੋਗਿੰਦਰ ਸਿੰਘ ਪੰਜਗਰਾਈਂ, ਬਠਿੰਡਾ ਤੋਂ ਕੇਂਦਰੀ ਮੰਤਰੀ ਤੇ ਮੌਜੂਦਾ ਐਮ.ਪੀ. ਹਰਸਿਮਰਤ ਕੌਰ ਬਾਦਲ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਅਤੇ ਫਤਹਿਗੜ੍ਹ ਸਾਹਿਬ ਤੋਂ ਪੁਲਿਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ‘ਚ ਸ਼ਾਮਿਲ ਹੋਏ ਹਰਮੋਹਨ ਸਿੰਘ ਸੰਧੂ ਦੇ ਨਾਵਾਂ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਚਰਚਾ ਹੈ। ਇਨ੍ਹਾਂ ਸੰਭਾਵੀ ਅਣ-ਐਲਾਨੇ ਉਮੀਦਵਾਰਾਂ ਵਲੋਂ ਬਾਕਾਇਦਾ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਬਾਹਰਲੇ ਹਲਕਿਆਂ ‘ਚ ਭੇਜੇ ਚਰਨਜੀਤ ਸਿੰਘ ਅਟਵਾਲ ਤੇ ਬੀਬੀ ਜਗੀਰ ਕੌਰ ਨੇ ਤਾਂ ਜਲੰਧਰ ਤੇ ਖਡੂਰ ਸਾਹਿਬ ਖੇਤਰਾਂ ‘ਚ ਡੇਰੇ ਵੀ ਲਗਾ ਲਏ ਹਨ। ਫਿਰੋਜ਼ਪੁਰ ਹਲਕੇ ਤੋਂ ਵੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਨਾਂ ਨੂੰ ਲਗਭਗ ਹਰੀ ਝੰਡੀ ਦੇ ਹੀ ਦਿੱਤੀ ਦੱਸੀ ਜਾ ਰਹੀ ਹੈ। ਪਟਿਆਲਾ ਤੇ ਲੁਧਿਆਣਾ ਹਲਕਿਆਂ ਵਿਚੋਂ ਇਕ ਹਲਕੇ ਲਈ ਯੂਥ ਆਗੂਆਂ ਵਲੋਂ ਵੀ ਦਾਅਵਾ ਜਤਾਇਆ ਜਾ ਰਿਹਾ ਦੱਸਿਆ ਜਾਂਦਾ ਹੈ। ਯੂਥ ਆਗੂਆਂ ‘ਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸੋਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਦਾ ਨਾਂ ਚਲਦਾ ਹੈ। ਪਟਿਆਲਾ ਹਲਕੇ ‘ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਲੁਧਿਆਣਾ ਹਲਕੇ ਤੋਂ ਪਹਿਲਾਂ ਦੋ ਵਾਰ ਯੂਥ ਆਗੂਆਂ ਨੂੰ ਉਮੀਦਵਾਰ ਬਣਾਇਆ ਜਾ ਚੁੱਕਾ ਹੈ। ਸੰਨ 1996 ‘ਚ ਯੂਥ ਅਕਾਲੀ ਦਲ ਦੇ ਪ੍ਰਧਾਨ ਅਮਰੀਕ ਸਿੰਘ ਆਲੀਵਾਲ ਇਥੋਂ ਜਿੱਤ ਕੇ ਲੋਕ ਸਭਾ ‘ਚ ਗਏ ਸਨ ਤੇ ਫਿਰ 1999 ‘ਚ ਯੂਥ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਲੋਕ ਸਭਾ ਮੈਂਬਰ ਬਣੇ ਸਨ। ਲੁਧਿਆਣਾ ਹਲਕੇ ਲਈ ਪਿਛਲੀ ਵਾਰ ਉਮੀਦਵਾਰ ਰਹੇ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਾਬਕਾ ਮੰਤਰੀ ਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਂ ‘ਤੇ ਵਿਚਾਰ ਹੋ ਰਿਹਾ ਹੈ।