ਪਾਕਿਸਤਾਨ ਨੇ ਬਿਨਾਂ ਸ਼ਰਤ ਰਿਹਾ ਕੀਤਾ ਭਾਰਤੀ ਪਾਇਲਟ

ਅਟਾਰੀ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਅਟਾਰੀ ਸਰਹੱਦ ਰਸਤੇ ਵਤਨ ਪਰਤ ਆਏ ਜਿਥੇ ਉਨ੍ਹਾਂ ਨੂੰ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਨੇ ਜੀ ਆਇਆਂ ਆਖਿਆ। ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਨੇ ਸਿਰਫ ਇੰਨਾ ਹੀ ਆਖਿਆ ਕਿ ਉਹ ਆਪਣੇ ਦੇਸ਼ ਪਹੁੰਚ ਕੇ ਬਹੁਤ ਖੁਸ਼ ਹਨ। ਉਨ੍ਹਾਂ ਨੂੰ ਤੁਰਤ ਹਵਾਈ ਫੌਜ ਦੇ ਉੱਚ ਅਧਿਕਾਰੀ ਹਵਾਈ ਅੱਡੇ ਲੈ ਗਏ ਜਿਥੋਂ ਉਨ੍ਹਾਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਗਿਆ। ਪਾਲਮ ਹਵਾਈ ਅੱਡੇ ‘ਤੇ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਇਥੋਂ ਉਨ੍ਹਾਂ ਦਾ ਮੈਡੀਕਲ ਜਾਂਚ ਲਈ ਆਰਆਰ ਹਸਪਤਾਲ ਲਿਜਾਇਆ ਗਿਆ।

ਭਾਰਤੀ ਹਵਾਈ ਫੌਜ ਦੇ ਏਅਰ ਵਾਈਸ ਚੀਫ ਮਾਰਸ਼ਲ ਰਵੀ ਕਪੂਰ ਨੇ ਅਟਾਰੀ ਸਰਹੱਦ ‘ਤੇ ਸੰਖੇਪ ਗੱਲਬਾਤ ਵਿਚ ਕਿਹਾ ਕਿ ਤਿੰਨ ਦਿਨ ਪਾਕਿਸਤਾਨ ਦੀ ਹਿਰਾਸਤ ਵਿਚ ਰਹਿਣ ਕਰਕੇ ਵਰਤਮਾਨ ‘ਤੇ ਕਾਫੀ ਦਬਾਅ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਠੀਕ-ਠਾਕ ਹਨ। ਉਸ ਦੇ ਦੇਰ ਨਾਲ ਪੁੱਜਣ ਬਾਰੇ ਉਹ ਕੋਈ ਠੋਸ ਕਾਰਨ ਨਹੀਂ ਦੱਸ ਸਕੇ ਅਤੇ ਸਿਰਫ ਇੰਨਾ ਹੀ ਆਖਿਆ ਕਿ ਇਸਲਾਮਾਬਾਦ ਤੋਂ ਅਟਾਰੀ ਸਰਹੱਦ ਤੱਕ ਦੀ ਲੰਮੀ ਦੂਰੀ ਸੀ।
ਇਸ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਦੀ ਆਮਦ ਨੂੰ ਦੇਖਦਿਆਂ ਇਥੇ ਅਟਾਰੀ ਸਰਹੱਦ ‘ਤੇ ਝੰਡਾ ਉਤਾਰਨ ਦੀ ਰਸਮ ਵੇਲੇ ਯਾਤਰੂਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਸਾਦੇ ਢੰਗ ਨਾਲ ਹੀ ਝੰਡਾ ਉਤਾਰਨ ਦੀ ਰਸਮ ਪੂਰੀ ਕੀਤੀ ਗਈ। ਉਮੀਦ ਸੀ ਕਿ ਅਭਿਨੰਦਨ ਝੰਡਾ ਉਤਾਰਨ ਦੀ ਰਸਮ ਸਮੇਂ ਸਰਹੱਦ ‘ਤੇ ਪੁੱਜ ਸਕਦਾ ਹੈ ਪਰ ਉਸ ਦੀ ਆਮਦ ਵਿਚ ਨਿਰੰਤਰ ਦੇਰ ਹੋਈ। ਪ੍ਰਸ਼ਾਸਨ ਵੱਲੋਂ ਉਸ ਦੀ ਆਮਦ ਬਾਰੇ ਪਹਿਲਾਂ ਪੰਜ ਵਜੇ ਦਾ ਸਮਾਂ ਦਿੱਤਾ ਗਿਆ ਸੀ। ਮਗਰੋਂ ਸੱਤ ਵਜੇ ਅਤੇ ਫਿਰ ਰਾਤ 9 ਵਜੇ ਦਾ ਸਮਾਂ ਦਿੱਤਾ ਗਿਆ।
ਲੋਕ ਉਸ ਦੀ ਆਮਦ ਨੂੰ ਲੈ ਕੇ ਭੰਗੜਾ ਪਾ ਰਹੇ ਸਨ ਅਤੇ ਉਸ ਦੇ ਹੱਕ ਵਿਚ ਨਾਅਰੇ ਵੀ ਲਗਾਉਂਦੇ ਰਹੇ। ਦੂਰ ਦੁਰਾਡੇ ਤੋਂ ਪੁੱਜੇ ਇਹ ਲੋਕ ‘ਵੰਦੇ ਮਾਤਰਮ’, ‘ਭਾਰਤ ਮਾਤਾ ਕੀ ਜੈ’, ‘ਅਭਿਨੰਦਨ ਕਾ ਅਭਿਨੰਦਨ’ ਜਿਹੇ ਨਾਅਰੇ ਲਗਾ ਰਹੇ ਸਨ। ਢੋਲ ਦੀ ਥਾਪ ‘ਤੇ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ’ ਜਿਹੇ ਦੇਸ਼ ਭਗਤੀ ਦੇ ਗਾਣੇ ਵੀ ਗਾਏ ਜਾ ਰਹੇ ਸਨ। ਲੋਕ ਸਵੇਰ ਤੋਂ ਉਡੀਕ ਕਰ ਰਹੇ ਸਨ ਪਰ ਉਸ ਦੀ ਵਾਪਸੀ ਲੇਟ ਹੋਣ ਕਾਰਨ ਲੋਕ ਨਿਰਾਸ਼ ਪਰਤ ਗਏ। ਇਸ ਦੌਰਾਨ ਸ਼ਾਮ ਨੂੰ ਇਥੇ ਝੰਡਾ ਉਤਾਰਨ ਦੀ ਨਿੱਤ ਹੁੰਦੀ ਰਸਮ ਨਹੀਂ ਹੋ ਸਕੀ। ਇਸ ਤੋਂ ਪਹਿਲਾਂ 1965 ਅਤੇ 1971 ਦੀ ਹਿੰਦ ਪਾਕਿ ਲੜਾਈ ਅਤੇ ਫਿਰ 1999 ‘ਚ ਕਾਰਗਿਲ ਜੰਗ ਵੇਲੇ ਝੰਡਾ ਉਤਾਰਨ ਦੀ ਰਸਮ ਨਹੀਂ ਹੋਈ ਸੀ। ਇਸ ਤੋਂ ਇਲਾਵਾ 2014 ਵਿਚ ਜਦੋਂ ਸਰਹੱਦ ‘ਤੇ ਪਾਰਲੇ ਪਾਸੇ ਵਾਹਗਾ ਦਰਸ਼ਕ ਗੈਲਰੀ ਦੀ ਪਾਰਕਿੰਗ ਵਿਚ ਬੰਬ ਧਮਾਕੇ ਅਤੇ 2016 ਵਿਚ ਹੋਈ ‘ਸਰਜੀਕਲ ਸਟਰਾਈਕ’ ਮਗਰੋਂ ਵੀ ਰੀਟਰੀਟ ਰਸਮ ਬੰਦ ਹੋਈ ਸੀ। ਗੁਜਰਾਤ ਤੋਂ ਆਏ ਨੌਜਵਾਨ ਚਿਰਾਗ ਨੇ ਕਿਹਾ ਕਿ ਭਾਵੇਂ ਕਿ ਝੰਡਾ ਉਤਾਰਨ ਦੀ ਰਸਮ ਨਾ ਦੇਖਣ ਦਾ ਉਨ੍ਹਾਂ ਨੂੰ ਦੁਖ ਹੈ ਪਰ ਉਹ ਖੁਸ਼ ਹਨ ਕਿ ਜਦੋਂ ਅਭਿਨੰਦਨ ਮੁਲਕ ਪਰਤਿਆ ਤਾਂ ਉਹ ਇਸ ਮੌਕੇ ਦਾ ਗਵਾਹ ਬਣੇ।
ਗੁਜਰਾਤ ਤੋਂ ਆਈ ਔਰਤ ਨੀਤੀ ਨੇ ਕਿਹਾ ਕਿ ਉਸ ਨੂੰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਸਵਾਗਤ ਕਰਨ ਦੀ ਜ਼ਿਆਦਾ ਖੁਸ਼ੀ ਹੈ। ਉਂਜ ਰੀਟਰੀਟ ਰਸਮ ਨਾ ਵੇਖਣ ਦਾ ਉਸ ਨੂੰ ਮਲਾਲ ਵੀ ਹੈ। ਜਿਕਰਯੋਗ ਹੈ ਕਿ ਅਭਿਨੰਦਨ ਉਸ ਵੇਲੇ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਦੇ ਇਲਾਕੇ ਵਿਚ ਪੁੱਜ ਗਿਆ ਸੀ ਜਦੋਂ ਉਹ ਭਾਰਤੀ ਸਰਹੱਦ ਵਿਚ ਦਾਖਲ ਹੋਏ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਭਾਰਤੀ ਸਰਹੱਦ ਵਿਚੋਂ ਭਜਾਉਣ ਲਈ ਉਨ੍ਹਾਂ ਦਾ ਮਿੱਗ 21 ਰਾਹੀਂ ਪਿੱਛਾ ਕਰ ਰਿਹਾ ਸੀ। ਇਸ ਕਾਰਵਾਈ ਦੌਰਾਨ ਉਸ ਦਾ ਆਪਣਾ ਜਹਾਜ਼ ਨੁਕਸਾਨਿਆ ਗਿਆ ਸੀ ਅਤੇ ਉਹ ਪੈਰਾਸ਼ੂਟ ਰਾਹੀਂ ਮਕਬੂਜ਼ਾ ਕਸ਼ਮੀਰ ਦੇ ਇਲਾਕੇ ਵਿਚ ਜਾ ਉਤਰਿਆ ਸੀ ਜਿਥੇ ਉਸ ਨੂੰ ਪਾਕਿਸਤਾਨੀ ਫੌਜ ਨੇ ਗ੍ਰਿਫਤਾਰ ਕਰ ਲਿਆ ਸੀ।
_____________________________
ਸੰਯੁਕਤ ਰਾਸ਼ਟਰ ਵੱਲੋਂ ਸਵਾਗਤ
ਸੰਯੁਕਤ ਰਾਸ਼ਟਰ: ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦੇ ਐਲਾਨ ਦਾ ਸੰਯੁਕਤ ਰਾਸ਼ਟਰ ਵੱਲੋਂ ਸਵਾਗਤ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਰੇਸ ਦੇ ਬੁਲਾਰੇ ਨੇ ਪਾਕਿਸਤਾਨ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਘਟਾਉਣ ਦਾ ਸੰਦੇਸ਼ ਦਿੱਤਾ ਹੈ।
_____________________________
ਜੰਗ ਕਿਸੇ ਮਸਲੇ ਦਾ ਹੱਲ ਨਹੀਂ: ਇਮਰਾਨ ਖਾਨ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਹ ਸਭ ਸ਼ਾਂਤੀ ਲਈ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੰਗ ਕੋਈ ਹੱਲ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਨੇ ਅੱਗੇ ਹੋਰ ਹਮਲਾ ਕੀਤਾ ਤਾਂ ਪਾਕਿਸਤਾਨ ਜਵਾਬ ਦੇਣ ਲਈ ਮਜਬੂਰ ਹੋਵੇਗਾ ਅਤੇ ਉਨ੍ਹਾਂ ਨੇ ਭਾਰਤੀ ਆਗੂਆਂ ਨੂੰ ਅਪੀਲ ਕੀਤੀ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਚਿਤਾਵਨੀ ਦਿੰਦਿਆਂ ਕਿ ਭਾਰਤ ਵੱਲੋਂ ਕਿਸੇ ਵੀ ਗਲਤ ਅਨੁਮਾਨ ਦਾ ਨਤੀਜਾ ਤਬਾਹੀ ਹੋਵੇਗਾ, ਉਨ੍ਹਾਂ ਕਿਹਾ ਕਿ ਗਲਤ ਅਨੁਮਾਨ ਕਾਰਨ ਦੇਸ਼ ਤਬਾਹ ਹੋ ਜਾਂਦੇ ਹਨ। ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਸਮੇਤ ਸਾਰੇ ਮੁੱਦਿਆਂ ‘ਤੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਉਨ੍ਹਾਂ ਕਿਹਾ ਕਿ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਲਈ ਗੱਲਬਾਤ ਹੀ ਇਕੋ-ਇਕ ਰਸਤਾ ਹੈ।
_____________________________
ਪਾਕਿ ਵੱਲੋਂ ਅਭਿਨੰਦਨ ‘ਜੰਗੀ ਕੈਦੀ’ ਕਰਾਰ
ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ, ਪਰ ਉਨ੍ਹਾਂ ਅਭਿਨੰਦਨ ਨੂੰ ‘ਜੰਗੀ ਕੈਦੀ’ ਕਰਾਰ ਦਿੱਤਾ। ਵਾਹਗਾ-ਅਟਾਰੀ ਸਰਹੱਦ ‘ਤੇ ਪਾਇਲਟ ਦੇ ਭਾਰਤ ਪਰਤਣ ਦੇ ਕੁਝ ਮਿੰਟਾਂ ਮਗਰੋਂ ਜਾਰੀ ਬਿਆਨ ‘ਚ ਵਿਦੇਸ਼ ਦਫਤਰ ਨੇ ਕਿਹਾ ਕਿ ਅਭਿਨੰਦਨ ਦਾ ਹਿਰਾਸਤ ‘ਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਪੂਰੀ ਮਰਿਆਦਾ ਨਾਲ ਵਿਵਹਾਰ ਕੀਤਾ ਗਿਆ ਅਤੇ ਹੁਣ ਉਹ ਭਾਰਤ ਪਹੁੰਚ ਚੁੱਕਾ ਹੈ।
_____________________________
ਭਾਰਤ ਖਿਲਾਫ ਐਫ-16 ਲੜਾਕੂ ਜਹਾਜ਼ ਦੀ ਵਰਤੋਂ ਕਰ ਕੇ ਘਿਰਿਆ ਪਾਕਿਸਤਾਨ
ਵਾਸ਼ਿੰਗਟਨ: ਅਮਰੀਕਾ ਦੇ ਬਣੇ ਐੱਫ-16 ਲੜਾਕੂ ਜਹਾਜ਼ ਦੀ ਪਾਕਿਸਤਾਨ ਵੱਲੋਂ ਸਮਝੌਤੇ ਦੀ ਉਲੰਘਣਾ ਕਰਕੇ ਭਾਰਤ ਵਿਰੁੱਧ ਕੀਤੀ ਗਈ ਦੁਰਵਰਤੋਂ ਬਾਰੇ ਅਮਰੀਕਾ ਨੇ ਪਾਕਿਸਤਾਨ ਤੋਂ ਹੋਰ ਜਾਣਕਾਰੀ ਮੰਗੀ ਹੈ। ਇਹ ਜਾਣਕਾਰੀ ਅਮਰੀਕਾ ਦੇ ਸੁਰੱਖਿਆ ਵਿਭਾਗ ਨੇ ਦਿੱਤੀ।
ਦੱਸਣਯੋਗ ਹੈ ਕਿ ਭਾਰਤੀ ਹਵਾਈ ਸੈਨਾ ਨੇ ਮਿਜ਼ਾਈਲ ਦੇ ਕੁਝ ਪੁਰਜ਼ੇ ਦਿਖਾ ਕੇ ਇਹ ‘ਸਾਬਤ’ ਕੀਤਾ ਸੀ ਕਿ ਪਾਕਿਸਤਾਨ ਨੇ ਭਾਰਤ ਦੇ ਕਸ਼ਮੀਰ ਵਿਚਲੇ ਫੌਜੀ ਟਿਕਾਣਿਆਂ ‘ਤੇ ਹਵਾਈ ਹਮਲੇ ਦੌਰਾਨ ਅਮਰੀਕਾ ਦੇ ਬਣੇ ਐੱਫ-16 ਜੈੱਟ ਦੀ ਵਰਤੋਂ ਕੀਤੀ ਸੀ। ਦੂਜੇ ਪਾਸੇ ਪਾਕਿਸਤਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਕਿਸੇ ਵੀ ਐੱਫ-16 ਲੜਾਕੂ ਜੈੱਟ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਭਾਰਤ ਨੇ ਉਸ (ਪਾਕਿਸਤਾਨ) ਦਾ ਕੋਈ ਜਹਾਜ਼ ਹੇਠਾਂ ਡੇਗਿਆ ਹੈ। ਪਾਕਿਸਤਾਨ ਵੱਲੋਂ ਸਮਝੌਤੇ ਦੀ ਕੀਤੀ ਉਲੰਘਣਾ ਬਾਰੇ ਪੁੱਛੇ ਜਾਣ ‘ਦੇ ਅਮਰੀਕਾ ਦੇ ਸੁਰੱਖਿਆ ਦਾ ਕੋਈ ਜਹਾਜ਼ ਹੇਠਾਂ ਡੇਗਿਆ ਹੈ। ਪਾਕਿਸਤਾਨ ਵੱਲੋਂ ਸਮਝੌਤੇ ਦੀ ਕੀਤੀ ਉਲੰਘਣਾ ਬਾਰੇ ਪੁੱਛੇ ਜਾਣ ਉਤੇ ਅਮਰੀਕਾ ਦੇ ਸੁਰੱਖਿਆ ਵਿਭਾਗ ਦੇ ਬੁਲਾਰੇ ਲੈਫ਼ ਕਰਨਲ ਕੋਨ ਫੌਕਨਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਰਿਪੋਰਟਾਂ ਬਾਰੇ ਜਾਣਕਾਰੀ ਹੈ ਅਤੇ ਉਹ ਇਸ ਸਬੰਧੀ ਵਧੇਰੇ ਜਾਣਕਾਰੀ ਲੈ ਰਹੇ ਹਨ।