ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪਹਿਲਾਂ ਤੋਂ ਹੀ ਚੱਲੇ ਆ ਰਹੇ ਗੱਠਜੋੜ ਦੀਆਂ ਸ਼ਰਤਾਂ ਤਹਿਤ ਹੀ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਸੁਖਬੀਰ ਸਿੰਘ ਬਾਦਲ ਅਤੇ ਅਮਿਤ ਸ਼ਾਹ ਦਰਮਿਆਨ ਨਵੀਂ ਦਿੱਲੀ ਵਿਚ ਮੀਟਿੰਗ ਦੌਰਾਨ ਤੈਅ ਹੋਇਆ ਹੈ ਕਿ ਭਾਜਪਾ ਵੱਲੋਂ ਪਹਿਲਾਂ ਦੀ ਤਰ੍ਹਾਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੰਸਦੀ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਣਗੇ, ਜਦੋਂਕਿ ਬਾਕੀ 10 ਹਲਕਿਆਂ ਤੋਂ ਅਕਾਲੀ ਦਲ ਗੱਠਜੋੜ ਅਧੀਨ ਚੋਣਾਂ ਲੜੇਗਾ।
ਅਕਾਲੀ ਦਲ ਅਤੇ ਭਾਜਪਾ ਦੇ ਮੁਖੀਆਂ ਦਰਮਿਆਨ ਮੀਟਿੰਗ ਵਿਚ ਸੀਟਾਂ ਬਾਰੇ ਸਹਿਮਤੀ ਬਣਨ ਤੋਂ ਬਾਅਦ ਸੀਟਾਂ ਦੀ ਅਦਲਾ-ਬਦਲੀ ਦੀਆਂ ਸੰਭਾਵਨਾਵਾਂ ਦਾ ਭੋਗ ਪੈ ਗਿਆ ਹੈ। ਭਾਜਪਾ ਵੱਲੋਂ ਅੰਮ੍ਰਿਤਸਰ ਦੀ ਥਾਂ ਲੁਧਿਆਣਾ ਸੰਸਦੀ ਹਲਕੇ ਤੋਂ ਚੋਣ ਲੜਨ ‘ਤੇ ਵਿਚਾਰ ਕੀਤਾ ਜਾ ਰਿਹਾ ਸੀ। ਪਾਰਟੀ ਹਲਕਿਆਂ ਦਾ ਦੱਸਣਾ ਹੈ ਕਿ ਸੀਟਾਂ ਦੀ ਅਦਲਾ-ਬਦਲੀ ਸਬੰਧੀ ਸਹਿਮਤੀ ਨਹੀਂ ਬਣੀ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਚਰਚਾ ਤੋਂ ਬਾਅਦ ਇਹੀ ਸਿੱਟਾ ਕੱਢਿਆ ਕਿ ਪਿਛਲੇ ਢਾਈ ਦਹਾਕਿਆਂ ਤੋਂ ਜਿਨ੍ਹਾਂ ਸੰਸਦੀ ਹਲਕਿਆਂ ‘ਤੇ ਉਮੀਦਵਾਰ ਖੜ੍ਹੇ ਹੁੰਦੇ ਆ ਰਹੇ ਹਨ, ਉਨ੍ਹਾਂ ਹਲਕਿਆਂ ਤੋਂ ਹੀ ਆਗਾਮੀ ਚੋਣਾਂ ਦੌਰਾਨ ਉਮੀਦਵਾਰ ਖੜ੍ਹੇ ਕੀਤੇ ਜਾਣ। ਅਕਾਲੀ ਦਲ ਅਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ 1996 ਦੀਆਂ ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਇਆ ਸੀ, ਜਦੋਂ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਲੀ ਐਨ.ਡੀ.ਏ. ਸਰਕਾਰ ਸਿਰਫ 13 ਦਿਨ ਦਾ ਸਮਾਂ ਹੀ ਚੱਲ ਸਕੀ ਸੀ।
ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਲਈ ਆਉਣ ਵਾਲੀਆਂ ਸੰਸਦੀ ਚੋਣਾਂ ਸਭ ਤੋਂ ਵੱਡੇ ਸਿਆਸੀ ਇਮਤਿਹਾਨ ਵਜੋਂ ਦੇਖੀਆਂ ਜਾ ਰਹੀਆਂ ਹਨ।
ਅਕਾਲੀ ਦਲ, ਖਾਸ ਕਰ ਕੇ ਬਾਦਲ ਪਰਿਵਾਰ ਦਾ ਸਿਆਸੀ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਅਕਾਲੀ ਦਲ ਵੱਲੋਂ ਕੁਝ ਸੰਸਦੀ ਹਲਕਿਆਂ ਤੋਂ ਉਮੀਦਵਾਰ ਲਗਭਗ ਤੈਅ ਕੀਤੇ ਜਾ ਚੁੱਕੇ ਹਨ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਖਡੂਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਲੰਧਰ ਤੋਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦਾ ਨਾਮ ਸ਼ਾਮਲ ਹੈ। ਹਾਲਾਂਕਿ ਬੀਬੀ ਬਾਦਲ ਨੂੰ ਫਿਰੋਜ਼ਪੁਰ ਹਲਕੇ ਤੋਂ ਵੀ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ, ਪਰ ਸੀਨੀਅਰ ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਹਰਸਿਮਰਤ ਦੇ ਬਠਿੰਡਾ ਤੋਂ ਚੋਣ ਲੜਨ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ। ਲੰਘੇ ਪੰਜ ਕੁ ਮਹੀਨਿਆਂ ਦੌਰਾਨ ਅਕਾਲੀ ਦਲ ਜਿਸ ਤਰ੍ਹਾਂ ਖਿੰਡਿਆ ਹੈ ਤੇ ਦੋ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਨਾਰਾ ਕੀਤਾ ਹੈ, ਉਸ ਤੋਂ ਬਾਅਦ ਤਾਂ ਅਕਾਲੀ ਦਲ ਲਈ ਢੁਕਵੇਂ ਉਮੀਦਵਾਰ ਲੱਭਣੇ ਵੀ ਚੁਣੌਤੀ ਬਣ ਗਿਆ ਹੈ। ਜਥੇਦਾਰ ਬ੍ਰਹਮਪੁਰਾ ਨੇ ਤਾਂ ਵੱਖਰਾ ਅਕਾਲੀ ਦਲ ਵੀ ਬਣਾ ਲਿਆ ਹੈ ਤੇ ਨਵੇਂ ਅਕਾਲੀ ਦਲ ਦਾ ਨਿਸ਼ਾਨਾ ਖ਼ਾਸ ਕਰ ਕੇ ਬਾਦਲ ਪਰਿਵਾਰ ਹੀ ਹੈ। ਅਜਿਹੇ ਹਾਲਾਤ ਵਿਚ ਅਕਾਲੀ ਦਲ ਨੂੰ ਕਈ ਸੰਸਦੀ ਹਲਕਿਆਂ ‘ਚ ਉਮੀਦਵਾਰ ਨਹੀਂ ਲੱਭ ਰਹੇ।
ਇਨ੍ਹਾਂ ਹਲਕਿਆਂ ਵਿਚ ਸੰਗਰੂਰ, ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਫਤਹਿਗੜ੍ਹ ਸਾਹਿਬ ਸ਼ਾਮਲ ਹਨ। ਭਾਜਪਾ ਆਗੂਆਂ ਦਾ ਦੱਸਣਾ ਹੈ ਕਿ ਅੰਮ੍ਰਿਤਸਰ ਤੋਂ ਸਿੱਖ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ ਤੇ ਇਸ ਸਮੇਂ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਨਾਮ ਹੀ ਮੋਹਰੀ ਉਮੀਦਵਾਰਾਂ ਵਿਚ ਹੈ। ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਹੀ ਉਮੀਦਵਾਰ ਹੋ ਸਕਦੇ ਹਨ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਕਵਿਤਾ ਖੰਨਾ ਦਾ ਨਾਂ ਵਿਚਾਰਿਆ ਜਾ ਰਿਹਾ ਹੈ, ਹਾਲਾਂਕਿ ਗੁਰਦਾਸਪੁਰ ਤੋਂ ਕਈ ਹੋਰ ਨੇਤਾਵਾਂ ਵੱਲੋਂ ਵੀ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ।