ਦਿੱਲੀ ‘ਚ ਇਕੱਲੀ ਮੈਦਾਨ ਵਿਚ ਨਿੱਤਰੇਗੀ ‘ਆਪ’, 6 ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਕੁੱਲ 7 ਲੋਕ ਸਭਾ ਸੀਟਾਂ ਵਿਚੋਂ 6 ਸੀਟਾਂ ਉਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਇਸ ਐਲਾਨ ਤੋਂ ਬਾਅਦ ਜਿਥੇ ਕਾਂਗਰਸ ਨਾਲ ਗੱਠਜੋੜ ਕੀਤੇ ਜਾਣ ਦੀਆਂ ਅਟਕਲਾਂ ‘ਤੇ ਫਿਲਹਾਲ ਰੋਕ ਲੱਗ ਗਈ ਹੈ, ਉਥੇ ਹੀ ਭਾਜਪਾ ਨੂੰ ਵੀ ਇਸ ਫੈਸਲੇ ਨਾਲ ਕੁਝ ਰਾਹਤ ਮਹਿਸੂਸ ਹੋਈ ਹੋਵੇਗੀ, ਕਿਉਂਕਿ ਆਪ-ਕਾਂਗਰਸ ਗੱਠਜੋੜ ਦੀ ਸਥਿਤੀ ‘ਚ ਹੋਣ ਵਾਲਾ ਮੁਕਾਬਲਾ ਭਾਜਪਾ ਲਈ ਕਾਫੀ ਮੁਸ਼ਕਲ ਸਾਬਤ ਹੋ ਸਕਦਾ ਸੀ ਪਰ ਹੁਣ ਦਿੱਲੀ ‘ਚ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲੇਗਾ।

ਦਿੱਲੀ ਦੇ ਮੰਤਰੀ ਤੇ ‘ਆਪ’ ਦਿੱਲੀ ਪ੍ਰਦੇਸ਼ ਸੰਯੋਜਕ ਗੋਪਾਲ ਰਾਏ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਵਲੋਂ ਐਲਾਨੇ ਗਏ 6 ਉਮੀਦਵਾਰਾਂ ਦੀ ਜਾਣਕਾਰੀ ਦਿੱਤੀ। ਪਾਰਟੀ ਵੱਲੋਂ ਐਲਾਨੇ ਗਏ ਸਾਰੇ ਉਮੀਦਵਾਰ ਕਾਨਫਰੰਸ ‘ਚ ਹੀ ਮੌਜੂਦ ਸਨ। ਗੋਪਾਲ ਰਾਏ ਨੇ ਦੱਸਿਆ ਕਿ ਪਾਰਟੀ ਨੇ ਦਿੱਲੀ ਦੀ ਚਾਂਦਨੀ ਚੌਕ ਲੋਕ ਸਭਾ ਸੀਟ ਤੋਂ ਪੰਕਜ ਗੁਪਤਾ, ਉੱਤਰ ਪੂਰਬੀ ਦਿੱਲੀ ਤੋਂ ਦਿਲੀਪ ਪਾਂਡੇ, ਪੂਰਬੀ ਦਿੱਲੀ ਤੋਂ ਆਤਿਸ਼ੀ, ਦੱਖਣੀ ਦਿੱਲੀ ਤੋਂ ਰਾਘਵ ਚੱਢਾ, ਉੱਤਰ ਪੱਛਮ ਦਿੱਲੀ ਤੋਂ ਗੁਗਨ ਸਿੰਘ ਤੇ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਬ੍ਰਜੇਸ਼ ਗੋਇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪੱਛਮੀ ਦਿੱਲੀ ਸੀਟ ‘ਤੇ ਫਿਲਹਾਲ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਸੀਟ ਦੇ ਉਮੀਦਵਾਰ ਦਾ ਐਲਾਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ। ਕਾਨਫਰੰਸ ਤੋਂ ਬਾਅਦ ਗੋਪਾਲ ਰਾਏ ਨੇ ਕਿਹਾ ਕਿ ਪੱਛਮੀ ਦਿੱਲੀ ਦੀ ਸੀਟ ਲਈ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ ਅਤੇ ਇਸ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ।
_______________________________
ਸਮੇਂ ਸਿਰ ਹੀ ਹੋਣਗੀਆਂ ਆਮ ਚੋਣਾਂ
ਲਖਨਊ: ਭਾਰਤ-ਪਾਕਿ ਵਿਚਾਲੇ ਬਣੇ ਤਣਾਅ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਦੇਸ਼ ਵਿਚ ਆਮ ਚੋਣਾਂ ਸਮੇਂ ਸਿਰ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰਾਂ ਨੂੰ ਆਪਣੀਆਂ ਦੇਸ਼ ਵਿਚਲੀਆਂ ਜਾਇਦਾਦਾਂ ਦੇ ਨਾਲ ਹੀ ਵਿਦੇਸ਼ੀ ਸੰਪਤੀ ਬਾਰੇ ਵੀ ਵਿਸਤਾਰ ਵਿਚ ਦੱਸਣਾ ਪਏਗਾ। ਉਨ੍ਹਾਂ ਕਿਹਾ ਕਿ ਸੂਚਨਾ-ਤਕਨੀਕ ਵਿਭਾਗ ਮਿਲੀ ਜਾਣਕਾਰੀ ਦੀ ਜਾਂਚ ਕਰੇਗਾ ਤੇ ਜੇ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਸੂਚਨਾ ਨਾਲ ਇਹ ਮੇਲ ਨਾ ਖਾਂਦੀ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਭੜਕਾਊ ਭਾਸ਼ਣਾਂ ਬਾਰੇ ਪੁੱਛੇ ਜਾਣ ‘ਤੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਪਿਛਲੀਆਂ ਚੋਣਾਂ ਵਿਚ ਅਜਿਹੇ ਮਾਮਲਿਆਂ ਦੀ ਤਾਜ਼ਾ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਸਾਹਮਣੇ ਆਇਆ ਹੈ, ਉਸ ਬਾਰੇ ਰਾਜਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਸੂਬਾ ਅਧਿਕਾਰੀਆਂ ਨੇ ਅਜਿਹੇ ਮਾਮਲਿਆਂ ਸਬੰਧੀ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਆਜ਼ਾਦ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਮਿਲਣ ਵਾਲੀ ਕਿਸੇ ਵੀ ਸ਼ਿਕਾਇਤ ‘ਤੇ ਤੁਰਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ‘ਸੀ-ਵਿਜਿਲ’ ਐਪ ਜਲਦੀ ਲਾਂਚ ਕਰੇਗਾ। ਇਸ ‘ਤੇ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ ਤੇ ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਲਈ ਵੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਕਮਿਸ਼ਨਰ ਨੇ ਕਿਹਾ ਕਿ ਈ.ਵੀ.ਐਮਜ਼. ਬਣਾਉਣ ਵੇਲੇ ਬੇਹੱਦ ਇਹਤਿਆਤ ਵਰਤੀ ਜਾਂਦੀ ਹੈ ਤੇ ਰੱਖਿਆ ਉਪਕਰਨ ਬਣਾਉਣ ਵਾਲੀਆਂ ਸਰਕਾਰੀ ਫਰਮਾਂ ਇਨ੍ਹਾਂ ਦਾ ਨਿਰਮਾਣ ਕਰਦੀਆਂ ਹਨ। ਕਮਿਸ਼ਨ ਕੁੱਲ 1,63,331 ਚੋਣ ਕੇਂਦਰਾਂ ‘ਤੇ ਵੀਵੀਪੈਟ ਮਸ਼ੀਨਾਂ ਵਰਤੇਗਾ।