ਨਵੀਂ ਦਿੱਲੀ: ਧਰਤੀ ਉਤੇ ਵਧ ਰਹੇ ਤਾਪਮਾਨ ਨਾਲ ਖਤਰਾ ਲਗਾਤਾਰ ਵਧ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਸੰਸਥਾ ਨੇ ਅਮਰੀਕਾ, ਜਪਾਨ, ਬਰਤਾਨੀਆ ਅਤੇ ਯੂਰਪ ਦੀਆਂ ਮੌਸਮ ਏਜੰਸੀਆਂ ਦੇ ਅੰਕੜਿਆਂ ਤੋਂ ਤਿਆਰ ਰਿਪੋਰਟ ਦੇ ਆਧਾਰ ਉਤੇ ਖੁਲਾਸਾ ਕੀਤਾ ਹੈ ਕਿ ਸਾਲ 2016, 2015 ਅਤੇ 2017 ਤੋਂ ਬਾਅਦ 2018 ਦੁਨੀਆਂ ਦਾ ਸਭ ਤੋਂ ਗਰਮ ਸਾਲ ਰਿਹਾ ਹੈ। 2018 ਵਿਚ ਤਾਪਮਾਨ ਵਿਚ ਉਦਯੋਗਿਕ ਦੌਰ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਸੈਲਸੀਅਸ ਵਧ ਤਾਪਮਾਨ ਅੰਕਿਆ ਗਿਆ ਹੈ।
2016 ਵਿਚ ਇਹ ਵਾਧਾ 1.28, 2015 ਵਿਚ 1.1 ਅਤੇ 2017 ਵਿਚ 1.05 ਡਿਗਰੀ ਸੈਲਸੀਅਸ ਆਂਕਿਆ ਗਿਆ ਸੀ। 2015 ਤੋਂ 2018 ਤੱਕ ਚਾਰ ਸਾਲਾਂ ਵਿਚ ਧਰਤੀ ਅਤੇ ਸਮੁੰਦਰ ਦਾ ਤਾਪਮਾਨ 1880 ਤੋਂ ਲੈ ਕੇ 2018 ਤੱਕ ਦੇ ਰਿਕਾਰਡ ਅਨੁਸਾਰ, ਸਭ ਸਾਲਾਂ ਤੋਂ ਜ਼ਿਆਦਾ ਰਿਹਾ ਹੈ। ਮੌਸਮ ਵਿਗਿਆਨ ਸੰਸਥਾ ਦੇ ਸਕੱਤਰ ਪੈਟਰੀ ਤਲਾਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪਿਛਲੇ 22 ਸਾਲਾਂ ਵਿਚੋਂ 20 ਸਾਲਾਂ ਦਾ ਤਾਪਮਾਨ ਔਸਤ ਨਾਲੋਂ ਜ਼ਿਆਦਾ ਰਿਹਾ ਹੈ। ਇਉਂ ਹਰ ਸਾਲ ਔਸਤ ਤਾਪਮਾਨ ਵਿਚ ਵਾਧਾ ਹੋਣ ਕਾਰਨ ਧਰਤੀ ਉਤਲੇ ਮੌਸਮ ਵਿਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ ਜਿਸ ਨਾਲ ਕੁਦਰਤੀ ਆਫਤਾਂ ਦੀ ਮਾਰ ਦੀ ਗਹਿਰਾਈ ਅਤੇ ਉਨ੍ਹਾਂ ਦੀ ਗਿਣਤੀ ਵਿਚ ਵੀ ਬੇਸ਼ੁਮਾਰ ਵਾਧਾ ਹੋ ਰਿਹਾ ਹੈ। ਇਸੇ ਕਾਰਨ 2018 ਵਿਚ ਦੁਨੀਆਂ ਦੇ ਬਹੁਤ ਸਾਰੇ ਮੁਲਕ ਕਿਸੇ ਨਾ ਕਿਸੇ ਕੁਦਰਤੀ ਆਫਤ ਦੀ ਲਪੇਟ ਵਿਚ ਆਏ ਰਹੇ ਹਨ। ਅਮਰੀਕਾ, ਕੈਨੇਡਾ, ਜਾਪਾਨ ਅਤੇ ਯੂਰਪ ਦੇ ਕਈ ਮੁਲਕ ਗਰਮੀ ਦੀ ਲਪੇਟ ਵਿਚ ਆਏ ਹਨ। ਯੂਰਪ ਦੇ ਕਈ ਸ਼ਹਿਰਾਂ ਵਿਚ ਤਾਪਮਾਨ ਔਸਤ ਤੋਂ 3 ਤੋਂ 6 ਡਿਗਰੀ ਸੈਲਸੀਅਸ ਵਧ ਗਿਆ ਸੀ। ਤਾਪਮਾਨ ਵਿਚ ਜ਼ਿਆਦਾ ਵਾਧੇ ਕਾਰਨ ਕੈਨੇਡਾ ਦੇ ਕਿਊਬਿਕ ਰਾਜ ਵਿਚ 90 ਅਤੇ ਜਾਪਾਨ ਵਿਚ 80 ਜਣਿਆਂ ਦੀ ਮੌਤ ਹੋ ਗਈ ਸੀ। ਅਫਰੀਕੀ ਮੁਲਕ ਅਲਜੀਰੀਆ ਦੇ ਕੋਆਰਗਲਾ ਸ਼ਹਿਰ ਵਿਚ 5 ਜੁਲਾਈ 2018 ਨੂੰ ਤਾਪਮਾਨ 51.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜੋ ਉਥੋਂ ਦਾ ਹੁਣ ਤੱਕ ਸਭ ਤੋਂ ਵਧ ਤਾਪਮਾਨ ਹੈ। ਦੋਵੇਂ ਧਰੁਵਾਂ ਆਰਕਟਿਕ ਅਤੇ ਅਨਟਾਰਟਿਕ ਉਤੇ ਇਸ ਸਾਲ ਬਰਫੀਲਾ ਖੇਤਰ ਹੁਣ ਤੱਕ ਦੇ ਸਾਲਾਂ ਵਿਚ ਸਭ ਤੋਂ ਘੱਟ ਰਿਕਾਰਡ ਕੀਤਾ ਗਿਆ।
ਤਾਪਮਾਨ ਦੇ ਵਾਧੇ ਕਾਰਨ ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਅਤੇ ਯੂਰਪ ਦੇ ਮੁਲਕ ਗਰੀਸ ਦੇ ਜੰਗਲਾਂ ਵਿਚ ਭਿਆਨਕ ਅੱਗ ਵੀ ਲੱਗੀ ਰਹੀ। ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵਾਧੇ ਕਾਰਨ ਅੰਧ ਮਹਾਂਸਾਗਰ, ਹਿੰਦ ਮਹਾਂਸਾਗਰ ਅਤੇ ਉੱਤਰੀ ਪੂਰਬੀ ਸ਼ਾਂਤ ਮਹਾਂਸਾਗਰ ਵਿਚ ਸਮੁੰਦਰੀ ਤੂਫਾਨਾਂ ਦੀ ਆਮਦ ਔਸਤ ਨਾਲੋਂ ਕਾਫੀ ਜ਼ਿਆਦਾ ਰਹੀ। ਅਮਰੀਕਾ ਵਿਚ ਇਸ ਸਾਲ ਮਾਈਕਲ ਅਤੇ ਫਲੋਰੈਂਸ, ਜਾਪਾਨ ਵਿਚ ਤਰਾਮੀ, ਜੇਬੀ ਅਤੇ ਮਨਗਖੁਟ, ਸੋਮਾਲੀਆ ਵਿਚ ਮੇਕੋਕੋ ਆਦਿ ਸਮੁੰਦਰੀ ਤੂਫਾਨਾਂ ਨੇ ਭਾਰੀ ਤਬਾਹੀ ਮਚਾਈ ਸੀ। 2018 ਵਿਚ ਜਾਪਾਨ ਅਤੇ ਭਾਰਤ ਵਰਗੇ ਮੁਲਕਾਂ ਨੇ ਹੜ੍ਹਾਂ ਦੀ ਮਾਰ ਝੱਲੀ। ਦੁਨੀਆਂ ਦੇ ਵੱਖ ਵੱਖ ਮੁਲਕਾਂ ਨੇ ਇੰਨੀਆਂ ਸਾਰੀਆਂ ਕੁਦਰਤੀ ਆਫ਼ਤਾਂ ਦੀ ਮਾਰ ਸਿਰਫ ਇਸ ਕਾਰਨ ਝੱਲੀ ਕਿ ਧਰਤੀ ਦਾ ਤਾਪਮਾਨ ਉਦਯੋਗੀਕਰਨ ਦੇ ਦੌਰ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਸੈਲਸੀਅਸ ਵਧ ਗਿਆ ਹੈ। ਇਸ ਵਾਧੇ ਦਾ ਮੁੱਖ ਕਾਰਨ ਗਰੀਨ ਹਾਊਸ ਗੈਸਾਂ ਦੀ ਵਧਦੀ ਮਾਤਰਾ ਹੈ। ਵਿਗਿਆਨੀਆਂ ਅਨੁਸਾਰ ਜੇ ਵਾਤਾਵਰਨ ਵਿਚ ਗਰੀਨ ਹਾਊਸ ਗੈਸਾਂ ਦਾ ਨਿਕਾਸ ਮੌਜੂਦਾ ਦਰ ਨਾਲ ਹੁੰਦਾ ਰਿਹਾ ਤਾਂ ਸਦੀ ਦੇ ਆਖੀਰ ਤੱਕ ਧਰਤੀ ਦਾ ਔਸਤ ਤਾਪਮਾਨ ਉਦਯੋਗੀਕਰਨ ਦੇ ਦੌਰ ਤੋਂ ਪਹਿਲਾਂ ਦੇ ਤਾਪਮਾਨ ਤੋਂ 3 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ ਜੋ ਮਨੁੱਖਾਂ ਸਮੇਤ ਹਰ ਤਰ੍ਹਾਂ ਦੇ ਜੀਵ-ਜੰਤੂਆਂ ਲਈ ਬੇਹੱਦ ਖ਼ਤਰਨਾਕ ਹੋਵੇਗਾ।
2014 ਵਿਚ ਸੰਯੁਕਤ ਰਾਸ਼ਟਰ ਦੁਆਰਾ ਮੌਸਮੀ ਬਦਲਾਅ ਬਾਰੇ ਬਣਾਏ ਕੌਮਾਂਤਰੀ ਪੈਨਲ ਨੇ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਪਹਿਲੀ ਵਾਰ ਖ਼ੁਲਾਸਾ ਕੀਤਾ ਸੀ ਕਿ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਨਾਲ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਤਾਪਮਾਨ ਦੇ ਇਸ ਵਾਧੇ ਨਾਲ ਧਰਤੀ ਉਤੇ ਕੁਦਰਤੀ ਆਫ਼ਤਾਂ ਦੀ ਗਿਣਤੀ ਅਤੇ ਨੁਕਸਾਨ ਕਰਨ ਦੀ ਤੀਬਰਤਾ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਵੀ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਮਾਰ ਤੋਂ ਦੁਨੀਆਂ ਦਾ ਕੋਈ ਵੀ ਮੁਲਕ ਬਚ ਨਹੀਂ ਸਕੇਗਾ। ਇਸ ਰਿਪੋਰਟ ਦੀ ਚਿਤਾਵਨੀ ਨੂੰ ਭਾਵੇਂ ਉਸ ਸਮੇਂ ਦੁਨੀਆਂ ਦੇ ਸਾਰੇ ਮੁਲਕਾਂ ਨੇ ਗੰਭੀਰਤਾ ਨਾਲ ਲਿਆ ਅਤੇ ਬਚਾਅ ਲਈ 2015 ਵਿਚ ਪੈਰਿਸ ਮੌਸਮੀ ਸੰਧੀ ਵਿਚ ਆਪੋ-ਆਪਣੇ ਮੁਲਕ ਵਿਚ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕਰਨ ਲਈ ਹਾਮੀ ਭਰੀ ਸੀ ਪਰ ਉਸ ਦੀ ਰੂਪ-ਰੇਖਾ ਉਲੀਕਣ ਲਈ ਤਿੰਨ ਸਾਲ ਦਾ ਸਮਾਂ ਲਗਾ ਦਿੱਤਾ, ਕਿਉਂਕਿ ਪੈਰਿਸ ਮੌਸਮੀ ਸੰਧੀ ਵੇਲੇ ਦੁਨੀਆਂ ਦੇ ਸਾਰੇ ਮੁਲਕਾਂ ਦੀ ਧਰਤੀ ਉਤੇ ਤਾਪਮਾਨ ਦੇ ਵਾਧੇ ਦੀ ਸੁਰੱਖਿਅਤ ਸੀਮਾ ਨਿਰਧਾਰਤ ਕਰਨ ਬਾਰੇ ਇਕ ਰਾਇ ਨਹੀਂ ਬਣੀ ਸੀ।
ਵਿਕਸਿਤ ਮੁਲਕ ਤਾਪਮਾਨ ਦੇ 2 ਡਿਗਰੀ ਸੈਲਸੀਅਸ ਅਤੇ ਛੋਟੇ ਛੋਟੇ ਟਾਪੂਆਂ ਉੱਤੇ ਵੱਸੇ ਤੇ ਗਰੀਬ ਦੇਸ਼ 1.5 ਡਿਗਰੀ ਸੈਲਸੀਅਸ ਵਾਧੇ ਨੂੰ ਸੁਰੱਖਿਅਤ ਸੀਮਾ ਨਿਰਧਾਰਤ ਕਰਨ ਦੀ ਮੰਗ ਕਰ ਰਹੇ ਸਨ। ਇਸ ਸਮੱਸਿਆ ਦੇ ਹੱਲ ਲਈ ਇਸ ਬਾਬਤ ਹੋਣ ਵਾਲੀ ਅਗਲੀ ਕਾਨਫਰੰਸ ਤੋਂ ਪਹਿਲਾਂ ਆਈ.ਪੀ.ਸੀ.ਸੀ. ਨੇ ਦੋਹਾਂ ਤਰ੍ਹਾਂ ਦੇ ਵਾਧੇ ਦਾ ਤੁਲਨਾਤਮਕ ਅਧਿਐਨ ਕਰਵਾ ਕੇ ਵਿਸ਼ੇਸ਼ ਰਿਪੋਰਟ ਤਿਆਰ ਕਰਵਾਈ। ਇਹ ਰਿਪੋਰਟ 2 ਅਕਤੂਬਰ 2018 ਨੂੰ ਰਿਲੀਜ਼ ਹੋਈ ਜਿਸ ਵਿਚ ਕਿਹਾ ਗਿਆ ਕਿ ਤਾਪਮਾਨ ਵਿਚ ਥੋੜ੍ਹਾ ਜਿਹਾ ਵਾਧਾ ਵੀ ਧਰਤੀ ਉਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਵਿਚ ਬੇਸ਼ੁਮਾਰ ਵਾਧਾ ਕਰਦਾ ਹੈ। ਇਸ ਰਿਪੋਰਟ ਅਨੁਸਾਰ ਤਾਪਮਾਨ ਦੇ 0.5 ਡਿਗਰੀ ਵਾਧੇ ਨਾਲ ਧਰੁਵਾਂ ਉਤੇ ਜੰਮੀ ਪੂਰੀ ਤਰ੍ਹਾਂ ਪਿਘਲ ਜਾਵੇਗੀ। 1.5 ਡਿਗਰੀ ਦੇ ਵਾਧੇ ਨਾਲ 35 ਕਰੋੜ ਸ਼ਹਿਰੀ ਆਬਾਦੀ ਪਾਣੀ ਦੀ ਕਮੀ ਦੀ ਮਾਰ ਝੱਲੇਗੀ ਅਤੇ 6 ਫੀਸਦ ਕੀੜੇ ਮਕੌੜੇ, 8 ਫੀਸਦੀ ਬਨਸਪਤੀ ਅਤੇ 4 ਫੀਸਦੀ ਚਾਰ ਪੈਰਾਂ ਵਾਲੇ ਜਾਨਵਰ ਧਰਤੀ ਤੋਂ ਆਪਣਾ ਵਜੂਦ ਗੁਆ ਦੇਣਗੇ, ਜਦਕਿ 2 ਡਿਗਰੀ ਸੈਲਸੀਅਸ ਵਾਧੇ ਨਾਲ 41 ਕਰੋੜ ਸ਼ਹਿਰੀ ਆਬਾਦੀ ਲਈ ਪਾਣੀ ਦੀ ਕਮੀ ਹੋਵੇਗੀ ਅਤੇ 18 ਫ਼ੀਸਦੀ ਕੀੜੇ ਮਕੌੜੇ, 16 ਫ਼ੀਸਦੀ ਬਸਪਤੀ ਅਤੇ 8 ਫ਼ੀਸਦੀ ਚਾਰ ਪੈਰਾਂ ਵਾਲੇ ਜਾਨਵਰ ਧਰਤੀ ਤੋਂ ਸਦਾ ਲਈ ਲੋਪ ਹੋ ਜਾਣਗੇ।
ਆਈ.ਪੀ.ਸੀ.ਸੀ. ਦੀ ਇਸ ਵਿਸ਼ੇਸ਼ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਤਾਪਮਾਨ ਵਿਚ 0.5 ਡਿਗਰੀ ਦੇ ਵਾਧੇ ਨਾਲ ਸਮੁੰਦਰ ਦੇ ਜਲ ਪੱਧਰ ਵਿਚ 8 ਫੁੱਟ ਤੱਕ ਵਾਧਾ ਹੋ ਸਕਦਾ ਹੈ ਜਿਸ ਨਾਲ 3 ਤੋਂ 8 ਕਰੋੜ ਤੱਕ ਮਨੁੱਖੀ ਆਬਾਦੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸਮੁੰਦਰੀ ਪਾਣੀ ਦੇ ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦੇ ਵਾਧੇ ਨਾਲ ਸਮੁੰਦਰੀ ਤੂਫਾਨ ਵਿਚਲੀ ਹਵਾ ਦੀ ਗਤੀ ਵਿਚ 5 ਫੀਸਦੀ ਵਾਧਾ ਹੋ ਜਾਂਦਾ ਹੈ, ਵੱਧ ਗਤੀ ਵਾਲਾ ਸਮੁੰਦਰੀ ਤੂਫਾਨ ਜ਼ਿਆਦਾ ਤਬਾਹੀ ਮਚਾਉਂਦਾ ਹੈ ਜਿਸ ਦੀਆਂ ਪੁਖਤਾ ਉਦਾਹਰਣਾਂ ਅਮਰੀਕਾ ਵਿਚ ਆਏ ਮਾਰੀਆ, ਇਰਮਾ, ਹਾਰਵੇ, ਫ਼ਲੋਰੈਂਸ, ਚੀਨ ਅਤੇ ਫਿਲਪੀਨਜ਼ ਵਿਚ ਆਏ ਮਨਗਖੁਟ ਅਤੇ ਮਾਈਕਲ ਤੂਫ਼ਾਨ ਹਨ। ਤਾਪਮਾਨ ਦੇ ਵਾਧੇ ਨਾਲ ਜਲ ਪੱਧਰ ਦੇ ਉੱਚਾ ਹੋ ਜਾਣ ਨਾਲ ਸੁਨਾਮੀ ਦੇ ਖ਼ਤਰਿਆਂ ਵਿਚ ਵੀ ਕਈ ਗੁਣਾ ਵਾਧਾ ਹੋ ਸਕਦਾ ਹੈ ਜਿਸ ਦਾ ਭਾਵ ਹੈ ਕਿ ਛੋਟੀ ਸੁਨਾਮੀ ਦਾ ਵੀ ਵੱਡਾ ਪ੍ਰਭਾਵ ਹੋ ਸਕਦਾ ਹੈ ਜਿਸ ਤਰ੍ਹਾਂ ਪਿਛਲੇ ਸਾਲ 2018 ਵਿਚ ਇੰਡੋਨੇਸ਼ੀਆ ਵਿਚ ਦਸੰਬਰ ਆਈ ਸੁਨਾਮੀ ਨਾਲ ਹੋਇਆ ਹੈ। ਇਸ ਨਾਲ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਸਿੰਗਾਪੁਰ ਦੀ ਨਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ਦੀ ਖੋਜ ਅਨੁਸਾਰ, ਸਮੁੰਦਰ ਜਲ ਪੱਧਰ ਵਿਚ 0.5 ਮੀਟਰ ਦੇ ਵਾਧੇ ਨਾਲ ਸੁਨਾਮੀ ਦੇ ਖ਼ਤਰਿਆਂ ਵਿਚ 2.4 ਗੁਣਾ ਅਤੇ ਇਕ ਮੀਟਰ ਨਾਲ 4.7 ਗੁਣਾ ਵਾਧਾ ਹੋ ਸਕਦਾ ਹੈ।