ਫ਼ਿਰੋਜ਼ਪੁਰ: ਲੋਕ ਸਭਾ ਚੋਣਾਂ ਸਿਰ ‘ਤੇ ਹਨ, ਪਰ ਅਜੇ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਦੂਜੀ ਧਿਰ ਵੱਲੋਂ ਪਹਿਲ ਕਰਨ ਤੋਂ ਬਾਅਦ ਆਪਣੀ ਪਾਰੀ ਖੇਡਣ ਦੀ ਤਾਕ ਵਿਚ ਹਨ। ਪਿਛਲੇ ਦਸ ਵਰ੍ਹਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਤਕਰਾਰ ਹੋਣ ਕਾਰਨ ਇਸ ਵਾਰ ਅਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਰ ਸਕਦੇ ਹਨ।
ਪਿਛਲੀਆਂ ਚੋਣਾਂ ਵਿਚ ਉਨ੍ਹਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ 31420 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਘੁਬਾਇਆ ਦਾ ਬੇਟਾ ਦਵਿੰਦਰ ਸਿੰਘ ਘੁਬਾਇਆ ਵੀ ਫ਼ਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਹੈ। ਸ਼ੇਰ ਸਿੰਘ ਘੁਬਾਇਆ ਦਾ ਦਾਅਵਾ ਹੈ ਕਿ ਉਨ੍ਹਾਂ ਪਿਛਲੇ ਦਸ ਸਾਲਾਂ ਵਿਚ ਕੇਂਦਰ ਸਰਕਾਰ ਵੱਲੋਂ ਮਿਲੀ ਸੌ ਫ਼ੀਸਦੀ ਗਰਾਂਟ (35 ਕਰੋੜ ਰੁਪਏ) ਆਪਣੇ ਸੰਸਦੀ ਹਲਕੇ ਦੇ ਵਿਕਾਸ ਲਈ ਖਰਚ ਕਰ ਦਿੱਤੀ ਹੈ। ਹਾਲਾਂਕਿ ਉਹ ਇਹ ਵੀ ਮੰਨਦੇ ਹਨ ਕਿ ਇਹ ਗਰਾਂਟ ਬਹੁਤ ਘੱਟ ਹੈ, ਜਿਸ ਕਰਕੇ ਵਿਕਾਸ ਦੇ ਕਈ ਕੰਮ ਅਜੇ ਵੀ ਅਧੂਰੇ ਰਹਿ ਗਏ ਹਨ। ਘੁਬਾਇਆ ਦੇ ਇਸ ਦਾਅਵੇ ‘ਤੇ ਅਜੇ ਤੱਕ ਅਕਾਲੀ ਤੇ ਕਾਂਗਰਸੀ ਆਗੂ ਖੁੱਲ੍ਹ ਕੇ ਟਿੱਪਣੀ ਕਰਨ ਤੋਂ ਬਚ ਰਹੇ ਹਨ। ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਐਡਵੋਕੇਟ ਸਤਨਾਮ ਪਾਲ ਕੰਬੋਜ ਹੁਣ ‘ਆਪ’ ਨੂੰ ਛੱਡ ਕੇ ਕਾਂਗਰਸ ਵਿਚ ਚਲੇ ਗਏ ਹਨ, ਜਿਸ ਕਰਕੇ ਉਹ ਵੀ ਖੁੱਲ੍ਹ ਕੇ ਬੋਲਣ ਤੋਂ ਪਾਸਾ ਵੱਟ ਰਹੇ ਹਨ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਟਿਕਟ ਦੇ ਦਾਅਵੇਦਾਰ ਰਣਬੀਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸ੍ਰੀ ਘੁਬਾਇਆ ਵੱਲੋਂ ਖਰਚ ਕੀਤੀ ਏਨੀ ਵੱਡੀ ਰਕਮ ਹਲਕੇ ਵਿਚ ਕਿਤੇ ਵੀ ਨਜ਼ਰ ਨਹੀਂ ਆ ਰਹੀ। ਸ੍ਰੀ ਭੁੱਲਰ ਤੋਂ ਇਲਾਵਾ ਮੁਕਤਸਰ ਤੋਂ ਜਗਦੀਪ ਸਿੰਘ ਬਰਾੜ ਉਰਫ਼ ਕਾਕਾ, ਤਲਵੰਡੀ ਭਾਈ ਤੋਂ ਕਾਕਾ ਸਰਾਂ ਅਤੇ ਫ਼ਿਰੋਜਸ਼ਾਹ ਤੋਂ ਸੁਖਰਾਜ ਸਿੰਘ ਗੋਰਾ ਵੀ ਦਾਅਵੇਦਾਰਾਂ ਦੀ ਕਤਾਰ ਵਿਚ ਹਨ।
ਉਧਰ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸ਼ਸ਼ੋਪੰਜ ਵਿਚ ਨਜ਼ਰ ਆ ਰਿਹਾ ਹੈ। ਅਕਾਲੀ ਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਅਜੇ ਤੱਕ ਪਾਰਟੀ ਵਿਚੋਂ ਬਾਹਰ ਨਹੀਂ ਕੀਤਾ। ਅਕਾਲੀ ਦਲ ਇਸ ਸੀਟ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਾ ਸਕਦਾ ਹੈ। ਪਾਰਟੀ ਦੀ ਦੂਜੀ ਪਸੰਦ ਸੀਨੀਅਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਹਨ। ਸ੍ਰੀ ਸੇਖੋਂ ਹੁਣ ਤੱਕ ਤਿੰਨ ਵਾਰ ਪੰਜਾਬ ਦੇ ਸਿੰਜਾਈ ਮੰਤਰੀ ਰਹਿ ਚੁੱਕੇ ਹਨ ਤੇ ਬਾਦਲ ਪਰਿਵਾਰ ਦੇ ਵਫ਼ਾਦਾਰਾਂ ਵਿਚੋਂ ਮੰਨੇ ਜਾਂਦੇ ਹਨ।
ਕਾਂਗਰਸ ਨੇ ਵੀ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਹਲਕਾ ਗੁਰੂ ਹਰਸਹਾਏ ਤੋਂ ਕਾਂਗਰਸੀ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਦਾਅਵੇਦਾਰਾਂ ਦੀ ਸੂਚੀ ਵਿਚ ਪਹਿਲੇ ਨੰਬਰ ‘ਤੇ ਹੈ। ਰਾਣਾ ਇਸ ਹਲਕੇ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਦੀ ਚੋਣ ਜਿੱਤ ਚੁੱਕੇ ਹਨ ਤੇ ਖ਼ੁਦ ਨੂੰ ਮਜ਼ਬੂਤ ਉਮੀਦਵਾਰ ਮੰਨਦੇ ਹਨ। ਜੇਕਰ ਘੁਬਾਇਆ ਕਾਂਗਰਸ ਵਿਚ ਸ਼ਾਮਲ ਹੁੰਦੇ ਹਨ ਤਾਂ ਟਿਕਟ ਨੂੰ ਲੈ ਕੇ ਰਾਣਾ ਅਤੇ ਘੁਬਾਇਆ ਵਿਚਾਲੇ ਪੇਚ ਫ਼ਸ ਸਕਦਾ ਹੈ। ਹੁਣ ਤੱਕ ਦੀਆਂ ਲੋਕ ਸਭਾ ਚੋਣਾਂ ਵਿਚ ਫ਼ਿਰੋਜ਼ਪੁਰ ਹਲਕੇ ਅੰਦਰ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦਰਮਿਆਨ ਹੀ ਰਿਹਾ ਹੈ।