ਚੰਡੀਗੜ੍ਹ: ਦੋਆਬੇ ਤੋਂ ਬਾਅਦ ਹੁਣ ਮਾਝੇ ਖਿੱਤੇ ਵਿਚ ਵਿਦੇਸ਼ ਜਾਣ ਦਾ ਰੁਝਾਨ ਵਧ ਗਿਆ ਹੈ, ਖਾਸ ਕਰ ਕੇ ਨੌਜਵਾਨ ਵਰਗ ਪੜ੍ਹਾਈ ਲਈ ਵਿਦੇਸ਼ ਜਾ ਰਿਹਾ ਹੈ ਤੇ ਉਥੇ ਹੀ ਵਸਣ ਨੂੰ ਤਰਜੀਹ ਦੇ ਰਿਹਾ ਹੈ। ਇਹ ਨੌਜਵਾਨ ਵਿਦੇਸ਼ ਜਾ ਕੇ ਵਸਣ ਮਗਰੋਂ ਆਪਣੇ ਪਰਿਵਾਰਾਂ ਨੂੰ ਵੀ ਉਥੇ ਪੱਕੇ ਤੌਰ ‘ਤੇ ਵਸਾ ਲੈਂਦੇ ਹਨ। ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਸਟੱਡੀ ਵੀਜ਼ੇ ‘ਤੇ ਜਾਣ ਲਈ ਆਈਲੈੱਟਸ ਲਾਜ਼ਮੀ ਹੈ ਤੇ ਇਹੀ ਕਾਰਨ ਹੈ ਕਿ ਵਧੇਰੇ ਨੌਜਵਾਨ ਬਾਰ੍ਹਵੀਂ ਜਮਾਤ ਪਾਸ ਕਰਦਿਆਂ ਹੀ ਆਈਲੈੱਟਸ ਦੇ ਕੋਚਿੰਗ ਸੈਂਟਰਾਂ ਵਿਚ ਕੋਚਿੰਗ ਲੈਣ ਲੱਗ ਜਾਂਦੇ ਹਨ।
ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕ੍ਰਿਡ) ਵੱਲੋਂ ਸਾਲ 2015 ਵਿਚ ਕੀਤੇ ਗਏ ਸਰਵੇਖਣ ਅਨੁਸਾਰ ਸਾਹਮਣੇ ਆਇਆ ਕਿ 133 ਪਿੰਡਾਂ ਵਿਚੋਂ ਸਿਰਫ ਇਕ ਪਿੰਡ ਵਿਚੋਂ ਕੋਈ ਵਿਦੇਸ਼ ਨਹੀਂ ਗਿਆ ਸੀ। ਪੰਜਾਬ ਦੇ ਸਾਰੇ 55 ਲੱਖ ਪਰਿਵਾਰਾਂ ਵਿਚੋਂ 11 ਫੀਸਦੀ ਪਰਿਵਾਰਾਂ ਦੇ ਇੱਕ ਜਾਂ ਇਕ ਤੋਂ ਵੱਧ ਮੈਂਬਰ ਵਿਦੇਸ਼ ਵਿਚ ਹਨ। ਦੋਆਬੇ ਵਿਚ 23.7 ਫੀਸਦੀ ਪਰਿਵਾਰਾਂ ਵਿਚੋਂ, ਮਾਝੇ ਵਿਚੋਂ 11.5 ਫੀਸਦੀ ਅਤੇ ਮਾਲਵਾ ਦੇ 5 ਫੀਸਦੀ ਘਰਾਂ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਵਿਅਕਤੀ ਵਿਦੇਸ਼ਾਂ ਵਿਚ ਹਨ। ਪੇਂਡੂ ਵਸੋਂ ਦੇ 13 ਫੀਸਦੀ ਅਤੇ ਸ਼ਹਿਰੀ ਵਸੋਂ ਦੇ 6 ਫੀਸਦੀ ਪਰਿਵਾਰਾਂ ਦੇ ਇੱਕ ਜਾਂ ਇਸ ਤੋਂ ਵੱਧ ਵਿਅਕਤੀ 60 ਫੀਸਦੀ ਵਿਕਸਿਤ ਦੇਸ਼ਾਂ ਜਿਵੇਂ ਕੈਨੇਡਾ, ਇਟਲੀ, ਅਮਰੀਕਾ, ਆਸਟਰੇਲੀਆ, ਯੂ.ਕੇ. ਅਤੇ ਹੋਰਾਂ ਦੇਸ਼ਾਂ ਵਿਚ ਹਨ, ਜਦਕਿ 40 ਫੀਸਦੀ ਦੇ ਕਰੀਬ ਮੱਧ ਪੂਰਬੀ ਦੇਸ਼ਾਂ ਵਿਚ ਹਨ। ਪ੍ਰਾਜੈਕਟ ਡਾਇਰੈਕਟਰ ਅਸ਼ਵਨੀ ਕੁਮਾਰ ਨੰਦਾ ਅਨੁਸਾਰ ਹੁਣ ਇਹ ਰੁਝਾਨ ਤੇਜ਼ ਹੋਇਆ ਹੈ। ਇਸ ਦਾ ਕਾਰਨ ਕੇਵਲ ਬੇਰੁਜ਼ਗਾਰੀ ਹੀ ਨਹੀਂ ਹੈ ਬਲਕਿ ਬਹੁਤ ਸਾਰੇ ਚੰਗੀਆਂ ਨੌਕਰੀਆਂ ਵਾਲੇ ਜਾਂ ਆਰਥਿਕ ਪੱਖੋਂ ਮਜ਼ਬੂਤ ਲੋਕ ਵੀ ਵਿਦੇਸ਼ ਜਾ ਰਹੇ ਹਨ। ਪੰਜਾਬੀਆਂ ਲਈ ਕਿਸੇ ਮੈਂਬਰ ਨੂੰ ਬਾਹਰ ਭੇਜਣਾ ਸਟੇਟਸ ਸਿੰਬਲ ਬਣਿਆ ਹੋਇਆ ਹੈ। ਇਸ ਲਈ ਖਾਸ ਸਮਾਗਮ ਰਚਾ ਕੇ ਖੁਸ਼ੀ ਮਨਾਈ ਜਾਂਦੀ ਹੈ। ਇਸ ਵੇਲੇ ਬਾਹਰ ਜਾਣ ਵਾਲਿਆਂ ਵਿਚੋਂ 93 ਫੀਸਦੀ ਗਰੀਬ ਨਹੀਂ ਹਨ ਤੇ ਗਰੀਬ ਲੋਕ ਖਾੜੀ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ।
ਇਕ ਅਨੁਮਾਨ ਅਨੁਸਾਰ 2018 ਵਿਚ ਪੰਜਾਬ ਦੇ ਲਗਭਗ 5.36 ਲੱਖ ਵਿਦਿਆਰਥੀਆਂ ਨੇ ਆਈਲੈਟਸ ਦੀ ਪ੍ਰੀਖਿਆ ਦਿੱਤੀ। ਸਾਲ 2017 ਦੌਰਾਨ ਡੇਢ ਲੱਖ ਪੰਜਾਬੀ ਵਿਦਿਆਰਥੀ ਵੀਜ਼ੇ ‘ਤੇ ਵਿਦੇਸ਼ ਗਏ। ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋ. ਸ਼ਿੰਦਰ ਸਿੰਘ ਥਾਂਦੀ ਦਾ ਕਹਿਣਾ ਹੈ ਕਿ ਪੰਜਾਬੀ ਮੁੱਖ ਤੌਰ ਉੱਤੇ ਸਿੱਖ 2.5 ਕਰੋੜ ਦੇ ਲਗਭਗ ਪਰਵਾਸੀ ਭਾਰਤੀਆਂ ਵਿਚੋਂ 20 ਲੱਖ ਭਾਵ ਅੱਠ ਫੀਸਦੀ ਦੇ ਕਰੀਬ ਹਨ। ਇਹ ਪੰਜਾਬ ਸਰਕਾਰ ਅਤੇ ਪੰਜਾਬ ਲਈ ਬਹੁਤ ਵੱਡੀ ਚੁਣੌਤੀ ਹੈ। ਇਸ ਵੇਲੇ ਪੰਜਾਬ ਸਰਕਾਰ ਅਤੇ ਪਰਵਾਸੀ ਸਿੱਖਾਂ ਦਰਮਿਆਨ ਬੇਭਰੋਸਗੀ ਦਾ ਮਾਹੌਲ ਬਣਿਆ ਹੋਇਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਇਸ ਵਿਸ਼ੇ ‘ਤੇ ਇਕ ਖੋਜ ਕਾਰਜ ਵੀ ਕੀਤਾ ਗਿਆ ਸੀ, ਜੋ ਏਸ਼ੀਆ ਪੈਸੇਫਿਕ ਜਨਰਲ ਆਫ ਰਿਸਰਚ ਵਿਚ ਪ੍ਰਕਾਸ਼ਿਤ ਵੀ ਹੋਇਆ ਸੀ। ਯੂਨੀਵਰਸਿਟੀ ਦੇ ਖੋਜ ਵਿਦਿਆਰਥੀਆਂ ਵੱਲੋਂ ਇਹ ਖੋਜ ਅੰਮ੍ਰਿਤਸਰ ਜ਼ਿਲ੍ਹੇ ਨੂੰ ਆਧਾਰ ਬਣਾ ਕੇ ਹੀ ਕੀਤੀ ਗਈ ਸੀ। ਇਸ ਖੋਜ ਕਾਰਜ ਵਿਚ ਦੱਸਿਆ ਗਿਆ ਕਿ 16 ਤੋਂ 25 ਵਰ੍ਹੇ ਤੱਕ ਦੀ ਉਮਰ ਦੇ ਨੌਜਵਾਨ ਹੀ ਵਧੇਰੇ ਵਿਦੇਸ਼ ਗਏ ਹਨ। ਵਿਦੇਸ਼ ਜਾਣ ਵਾਲਿਆਂ ਵਿਚ ਵਧੇਰੇ ਜਨਰਲ ਸ਼੍ਰੇਣੀ ਨਾਲ ਸਬੰਧਤ ਹਨ ਅਤੇ 90 ਫੀਸਦੀ ਸਿੱਖ ਪਰਿਵਾਰਾਂ ਨਾਲ ਸਬੰਧਤ ਹਨ। ਵਿਦੇਸ਼ ਗਏ ਬੱਚਿਆਂ ਵਿਚੋਂ ਵਧੇਰੇ ਲਗਭਗ 57 ਫੀਸਦੀ ਖੇਤੀਬਾੜੀ ਕਿੱਤੇ ਤੇ ਨੌਕਰੀ ਕਰਦੇ ਪਰਿਵਾਰਾਂ ਨਾਲ ਸਬੰਧਤ ਹਨ। ਵਧੇਰੇ ਬੱਚੇ 12ਵੀਂ ਜਮਾਤ ਪਾਸ ਕਰਨ ਮਗਰੋਂ ਵਿਦੇਸ਼ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ ਲਗਭਗ 45 ਫੀਸਦੀ ਹੈ। ਗ੍ਰੈਜੂਏਸ਼ਨ ਕਰਨ ਮਗਰੋਂ ਲਗਭਗ 16 ਫੀਸਦੀ ਅਤੇ 10ਵੀਂ ਮਗਰੋਂ ਵਿਦੇਸ਼ ਜਾਣ ਵਾਲਿਆਂ ਵਿਚ 30 ਫੀਸਦੀ ਬੱਚੇ ਸ਼ਾਮਲ ਹਨ। ਇਨ੍ਹਾਂ ਵਿਚੋਂ ਲਗਭਗ 57 ਫੀਸਦੀ ਬੱਚਿਆਂ ਦੇ ਪਰਿਵਾਰ ਦਿਹਾਤ ਨਾਲ ਸਬੰਧਤ ਹਨ।