ਭਾਰਤੀ ਜਮਹੂਰੀਅਤ, ਮੋਦੀ ਅਤੇ ਟੀ.ਵੀ. ਚੈਨਲ

ਪੁਲਵਾਮਾ (ਜੰਮੂ ਕਸ਼ਮੀਰ) ਵਿਚ ਸੁਰੱਖਿਆ ਦਸਤਿਆਂ ‘ਤੇ ਹੋਏ ਦਹਿਸ਼ਤੀ ਹਮਲੇ ਪਿਛੋਂ ਸੰਘ ਪਰਿਵਾਰ ਵਲੋਂ ਰਾਸ਼ਟਰਵਾਦੀ ਜਨੂੰਨ ਦਾ ਜੋ ਮਾਹੌਲ ਭੜਕਾਇਆ ਗਿਆ, ਉਸ ਅੰਦਰ ਕਾਰਪੋਰੇਟ ਕੰਟਰੋਲ ਵਾਲੇ ਟੀ. ਵੀ. ਚੈਨਲ ਅਤੇ ਹਿੰਦੀ ਅਖਬਾਰ ਭਾਜਪਾ ਦੇ ਲੋਕ ਸੰਪਰਕ ਵਿਭਾਗ ਦੀ ਭੂਮਿਕਾ ਨਿਭਾ ਰਹੇ ਹਨ। ਬੇਬਾਕ ਟੀ. ਵੀ. ਪੱਤਰਕਾਰ ਰਵੀਸ਼ ਕੁਮਾਰ ਨੇ ਇਨ੍ਹਾਂ ਹਾਲਾਤ ਉਪਰ ਗੰਭੀਰ ਤਬਸਰਾ ਕੀਤਾ ਹੈ, ਜੋ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਰਵੀਸ਼ ਕੁਮਾਰ
ਅਨੁਵਾਦ: ਬੂਟਾ ਸਿੰਘ

ਜੇ ਤੁਸੀਂ ਆਪਣੀ ਨਾਗਰਿਕਤਾ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ। ਜੇ ਤੁਸੀਂ ਲੋਕਤੰਤਰ ਵਿਚ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿਚ ਭੂਮਿਕਾ ਨਿਭਾਉਣੀ ਚਾਹੁੰਦੇ ਹੋ ਤਾਂ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ। ਜੇ ਤੁਸੀਂ ਆਪਣੇ ਬੱਚਿਆਂ ਨੂੰ ਫਿਰਕਾਪ੍ਰਸਤੀ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ। ਜੇ ਤੁਸੀਂ ਭਾਰਤ ਵਿਚ ਪੱਤਰਕਾਰੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ। ਨਿਊਜ਼ ਚੈਨਲਾਂ ਨੂੰ ਦੇਖਣਾ ਆਪਣੇ ਪਤਨ ਨੂੰ ਦੇਖਣਾ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਕੋਈ ਵੀ ਨਿਊਜ਼ ਚੈਨਲ ਨਾ ਦੇਖੋ। ਨਾ ਟੀ.ਵੀ. ਸੈੱਟ ਉਪਰ ਦੇਖੋ ਅਤੇ ਨਾ ਹੀ ਮੋਬਾਈਲ ਉਪਰ। ਆਪਣੇ ਨਿੱਤਨੇਮ ਵਿਚੋਂ ਚੈਨਲਾਂ ਨੂੰ ਦੇਖਣਾ ਹਟਾ ਦਿਓ। ਮੈਨੂੰ ਵੀ ਦੇਖਣਾ ਬੰਦ ਕਰ ਦਿਓ। ਪਰ ਸਾਰੇ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ।
ਮੈਂ ਇਹ ਗੱਲ ਪਹਿਲਾਂ ਵੀ ਕਰਦਾ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਏਨੀ ਆਸਾਨੀ ਨਾਲ ਮੂਰਖਤਾ ਦੇ ਇਸ ਨਸ਼ੇ ਵਿਚੋਂ ਬਾਹਰ ਨਹੀਂ ਆ ਸਕਦੇ ਲੇਕਿਨ ਇਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਬਸ ਇਨ੍ਹਾਂ ਢਾਈ ਮਹੀਨਿਆਂ ਲਈ ਨਿਊਜ਼ ਚੈਨਲ ਦੇਖਣੇ ਬੰਦ ਕਰ ਦਿਓ। ਇਸ ਵਕਤ ਜੋ ਤੁਸੀਂ ਚੈਨਲਾਂ ਉਪਰ ਦੇਖ ਰਹੇ ਹੋ, ਉਹ ਸਨਕ ਦਾ ਸੰਸਾਰ ਹੈ। ਪਾਗਲਪਣ ਦਾ ਸੰਸਾਰ ਹੈ। ਇਨ੍ਹਾਂ ਦੀ ਇਹੀ ਫਿਤਰਤ ਹੋ ਗਈ ਹੈ। ਪਹਿਲੀ ਦਫਾ ਐਸਾ ਨਹੀਂ ਹੋ ਰਿਹਾ। ਜਦੋਂ ਪਾਕਿਸਤਾਨ ਨਾਲ ਤਣਾਓ ਨਹੀਂ ਹੁੰਦਾ ਤਾਂ ਇਹ ਚੈਨਲ ਮੰਦਰ ਨੂੰ ਲੈ ਕੇ ਤਣਾਓ ਪੈਦਾ ਕਰਦੇ ਹਨ; ਜਦੋਂ ਮੰਦਰ ਦਾ ਤਣਾਓ ਨਹੀਂ ਹੁੰਦਾ ਤਾਂ ਇਹ ਚੈਨਲ ‘ਪਦਮਾਵਤੀ’ ਫਿਲਮ ਨੂੰ ਲੈ ਕੇ ਤਣਾਓ ਪੈਦਾ ਕਰਦੇ ਹਨ; ਜਦੋਂ ਫਿਲਮ ਦਾ ਤਣਾਓ ਨਹੀਂ ਹੁੰਦਾ ਤਾ ਇਹ ਚੈਨਲ ਕੈਰਾਨਾ ਦੇ ਝੂਠ (ਯੂ.ਪੀ. ਦਾ ਕੈਰਾਨਾ ਹਲਕਾ, ਜਿਥੇ ਸੰਘ ਬ੍ਰਿਗੇਡ ਨੇ ਇਹ ਅਫਵਾਹ ਫੈਲਾ ਕੇ ਮੁਸਲਿਮ ਭਾਈਚਾਰੇ ਵਿਰੁਧ ਨਫਰਤ ਭੜਕਾਈ ਗਈ ਕਿ ਇਥੇ ਮੁਸਲਮਾਨਾਂ ਨੇ ਕਸ਼ਮੀਰ ਵਰਗੀ ਦਹਿਸ਼ਤ ਫੈਲਾਈ ਹੋਈ ਹੈ ਜਿਸ ਤੋਂ ਭੈਭੀਤ ਹੋ ਕੇ ਇਥੋਂ 346 ਹਿੰਦੂ ਪਰਿਵਾਰ ਹਿਜਰਤ ਕਰ ਗਏ ਹਨ) ਨੂੰ ਲੈ ਕੇ ਹਿੰਦੂ-ਮੁਸਲਮਾਨ ਵਿਚ ਤਣਾਓ ਪੈਦਾ ਕਰਦੇ ਹਨ। ਜਦੋਂ ਕੁਝ ਵੀ ਨਹੀਂ ਹੁੰਦਾ ਤਾਂ ਇਹ ਫਰਜ਼ੀ ਸਰਵੇਖਣਾਂ ਉਪਰ ਘੰਟਿਆਂ ਤਕ ਪ੍ਰੋਗਰਾਮ ਕਰਦੇ ਰਹਿੰਦੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ।
ਕੀ ਤੁਸੀਂ ਸਮਝ ਸਕਦੇ ਹੋ ਕਿ ਇਹ ਸਭ ਕਿਉਂ ਹੋ ਰਿਹਾ ਹੈ? ਕੀ ਤੁਸੀਂ ਪਬਲਿਕ ਦੇ ਤੌਰ ‘ਤੇ ਇਨ੍ਹਾਂ ਚੈਨਲਾਂ ਵਿਚ ਪਬਲਿਕ ਨੂੰ ਦੇਖ ਸਕਦੇ ਹੋ? ਇਨ੍ਹਾਂ ਚੈਨਲਾਂ ਨੇ ਤੁਹਾਨੂੰ ਪਬਲਿਕ ਨੂੰ ਪਾਸੇ ਹਟਾ ਦਿਤਾ ਹੈ, ਕੁਚਲ ਦਿੱਤਾ ਹੈ। ਪਬਲਿਕ ਦੇ ਸਵਾਲ ਨਹੀਂ ਹਨ। ਚੈਨਲਾਂ ਦੇ ਸਵਾਲ ਪਬਲਿਕ ਦੇ ਸਵਾਲ ਬਣਾਏ ਜਾ ਰਹੇ ਹਨ। ਉਂਜ, ਇਹ ਏਡੀ ਵੀ ਬਾਰੀਕੀ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਸਮਝ ਨਹੀਂ ਸਕਦੇ। ਲੋਕ ਪ੍ਰੇਸ਼ਾਨ ਹਨ। ਉਹ ਚੈਨਲ-ਚੈਨਲ ਘੁੰਮ ਕੇ ਪਰਤ ਜਾਂਦੇ ਹਨ ਪਰ ਉਥੇ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ। ਨੌਜਵਾਨਾਂ ਦੇ ਤਮਾਮ ਸਵਾਲਾਂ ਲਈ ਜਗ੍ਹਾ ਨਹੀਂ ਹੁੰਦੀ ਲੇਕਿਨ ਚੈਨਲ ਆਪਣਾ ਸਵਾਲ ਫੜਾ ਕੇ ਉਨ੍ਹਾਂ ਨੂੰ ਮੂਰਖ ਬਣਾ ਰਹੇ ਹਨ। ਚੈਨਲਾਂ ਨੂੰ ਇਹ ਸਵਾਲ ਕਿਥੋਂ ਆਉਂਦੇ ਹਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਹੁਣ ਜਦੋਂ ਵੀ ਕਰਦੇ ਹਨ, ਜੋ ਕੁਝ ਵੀ ਕਰਦੇ ਹਨ, ਉਸੇ ਤਣਾਓ ਲਈ ਕਰਦੇ ਹਨ ਜੋ ਇਕ ਨੇਤਾ ਦੇ ਲਈ ਰਾਹ ਬਣਾਉਂਦਾ ਹੈ ਜਿਸ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ।
ਨਿਊਜ਼ ਚੈਨਲਾਂ, ਸਰਕਾਰ, ਭਾਜਪਾ ਅਤੇ ਮੋਦੀ, ਇਨ੍ਹਾਂ ਸਭ ਦਾ ਰਲੇਵਾਂ ਹੋ ਚੁੱਕਾ ਹੈ। ਇਹ ਰਲੇਵਾਂ ਏਨਾ ਬਿਹਤਰੀਨ ਹੈ ਕਿ ਤੁਸੀਂ ਫਰਕ ਨਹੀਂ ਕਰ ਸਕੋਗੇ ਕਿ ਪੱਤਰਕਾਰੀ ਹੈ ਜਾਂ ਪ੍ਰਾਪੇਗੰਡਾ ਹੈ। ਤੁਸੀਂ ਇਕ ਨੇਤਾ ਨੂੰ ਪਸੰਦ ਕਰਦੇ ਹੋ। ਇਹ ਸੁਭਾਵਿਕ ਹੈ ਅਤੇ ਬਹੁਤ ਹੱਦ ਤਕ ਜ਼ਰੂਰੀ ਵੀ। ਲੇਕਿਨ ਉਸ ਪਸੰਦ ਦਾ ਲਾਭ ਉਠਾ ਕੇ ਇਨ੍ਹਾਂ ਚੈਨਲਾਂ ਵਲੋਂ ਜੋ ਕੀਤਾ ਜਾ ਰਿਹਾ ਹੈ, ਉਹ ਖਤਰਨਾਕ ਹੈ। ਭਾਜਪਾ ਦੇ ਜ਼ਿੰਮੇਵਾਰ ਹਮਾਇਤੀਆਂ ਨੂੰ ਵੀ ਸਹੀ ਸੂਚਨਾ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਅਤੇ ਮੋਦੀ ਦੀ ਭਗਤੀ ਵਿਚ ਪ੍ਰਾਪੇਗੰਡੇ ਨੂੰ ਪਰੋਸਣਾ ਉਸ ਹਮਾਇਤੀ ਦਾ ਵੀ ਅਪਮਾਨ ਹੈ। ਉਸ ਨੂੰ ਮੂਰਖ ਸਮਝਣਾ ਹੈ ਜਦਕਿ ਉਹ ਆਪਣੇ ਸਾਹਮਣੇ ਮੌਜੂਦ ਬਦਲਾਂ ਦੀਆਂ ਸੂਚਨਾਵਾਂ ਦੇ ਆਧਾਰ ‘ਤੇ ਕਿਸੇ ਦੀ ਹਮਾਇਤ ਕਰਦਾ ਹੈ। ਅੱਜ ਦੇ ਨਿਊਜ਼ ਚੈਨਲ ਨਾ ਸਿਰਫ ਆਮ ਨਾਗਰਿਕ ਦਾ ਅਪਮਾਨ ਕਰਦੇ ਹਨ ਬਲਕਿ ਉਸ ਨਾਲ ਭਾਜਪਾ ਦੇ ਹਮਾਇਤੀਆਂ ਦਾ ਵੀ ਅਪਮਾਨ ਕਰ ਰਹੇ ਹਨ।
ਮੈਂ ਭਾਜਪਾ ਹਮਾਇਤੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਚੈਨਲਾਂ ਨੂੰ ਨਾ ਦੇਖੋ। ਤੁਸੀਂ ਭਾਰਤ ਦੇ ਲੋਕਤੰਤਰ ਦੀ ਬਰਬਾਦੀ ਵਿਚ ਸ਼ਾਮਲ ਨਾ ਹੋਵੋ। ਕੀ ਤੁਸੀਂ ਇਨ੍ਹਾਂ ਬੇਹੂਦਾ ਚੈਨਲਾਂ ਬਗੈਰ ਮੋਦੀ ਦੀ ਹਮਾਇਤ ਨਹੀਂ ਕਰ ਸਕਦੇ? ਕੀ ਇਹ ਜ਼ਰੂਰੀ ਹੈ ਕਿ ਨਰਿੰਦਰ ਮੋਦੀ ਦੀ ਹਮਾਇਤ ਕਰਨ ਲਈ ਪੱਤਰਕਾਰੀ ਦੇ ਪਤਨ ਦੀ ਵੀ ਹਮਾਇਤ ਕੀਤੀ ਜਾਵੇ? ਫਿਰ ਤੁਸੀਂ ਇਕ ਇਮਾਨਦਾਰ ਰਾਜਨੀਤਕ ਹਮਾਇਤੀ ਨਹੀਂ ਹੋ। ਕੀ ਸ਼੍ਰੇਸ਼ਟ ਪੱਤਰਕਾਰੀ ਦੇ ਮਿਆਰਾਂ ਤਹਿਤ ਮੋਦੀ ਦੀ ਹਮਾਇਤ ਕਰਨਾ ਅਸੰਭਵ ਹੋ ਚੁੱਕਾ ਹੈ? ਭਾਜਪਾ ਹਮਾਇਤੀਓ, ਤੁਸੀਂ ਭਾਜਪਾ ਨੂੰ ਚੁਣਿਆ ਸੀ, ਇਨ੍ਹਾਂ ਚੈਨਲਾਂ ਨੂੰ ਨਹੀਂ। ਮੀਡੀਆ ਦਾ ਪਤਨ ਰਾਜਨੀਤੀ ਦਾ ਪਤਨ ਹੈ। ਇਕ ਚੰਗੇ ਹਮਾਇਤੀ ਦਾ ਵੀ ਪਤਨ ਹੈ।
ਚੈਨਲ ਤੁਹਾਡੀ ਨਾਗਰਿਕਤਾ ਉਪਰ ਹਮਲਾ ਕਰ ਰਹੇ ਹਨ। ਲੋਕਤੰਤਰ ਵਿਚ ਨਾਗਰਿਕ ਹਵਾ ਵਿਚ ਨਹੀਂ ਬਣਦਾ। ਸਿਰਫ ਕਿਸੇ ਭੂਗੋਲਿਕ ਪ੍ਰਦੇਸ਼ ਵਿਚ ਜੰਮਣ ਨਾਲ ਤੁਸੀਂ ਨਾਗਰਿਕ ਨਹੀਂ ਹੋ ਜਾਂਦੇ। ਸਹੀ ਸੂਚਨਾ ਅਤੇ ਸਹੀ ਸਵਾਲ ਤੁਹਾਡੀ ਨਾਗਰਿਕਤਾ ਲਈ ਜ਼ਰੂਰੀ ਹਨ। ਇਨ੍ਹਾਂ ਨਿਊਜ਼ ਚੈਨਲਾਂ ਕੋਲ ਦੋਨੋਂ ਹੀ ਨਹੀਂ ਹਨ। ਪ੍ਰਧਾਨ ਮੰਤਰੀ ਮੋਦੀ ਪੱਤਰਕਾਰੀ ਦੇ ਇਸ ਪਤਨ ਦਾ ਰਖਵਾਲਾ ਹੈ। ਇਸ ਦਾ ਪਾਲਣਹਾਰ ਹੈ। ਉਸ ਦੀ ਭਗਤੀ ਵਿਚ ਚੈਨਲਾਂ ਨੇ ਖੁਦ ਨੂੰ ਮਸਖਰੇ ਬਣਾ ਲਿਆ ਹੈ। ਉਹ ਪਹਿਲਾਂ ਵੀ ਮਸਖਰੇ ਸਨ ਲੇਕਿਨ ਹੁਣ ਉਹ ਤੁਹਾਨੂੰ ਮਸਖਰੇ ਬਣਾ ਰਹੇ ਹਨ। ਤੁਹਾਡਾ ਮਸਖਰੇ ਬਣ ਜਾਣਾ ਲੋਕਤੰਤਰ ਦਾ ਮਿਟ ਜਾਣਾ ਹੋਵੇਗਾ।
ਭਾਰਤ ਪਾਕਿਸਤਾਨ ਤਣਾਓ ਦੇ ਬਹਾਨੇ ਇਨ੍ਹਾਂ ਨੂੰ ਰਾਸ਼ਟਰ ਭਗਤ ਬਣਨ ਦਾ ਮੌਕਾ ਗਿਆ ਹੈ। ਇਨ੍ਹਾਂ ਕੋਲ ਰਾਸ਼ਟਰ ਨੂੰ ਲੈ ਕੇ ਕੋਈ ਭਗਤੀ ਨਹੀਂ ਹੈ। ਭਗਤੀ ਹੁੰਦੀ ਤਾਂ ਲੋਕਤੰਤਰ ਦੇ ਜ਼ਰੂਰੀ ਥੰਮ੍ਹ, ਪੱਤਰਕਾਰੀ ਦੇ ਉਚ ਮਿਆਰ ਘੜਦੇ। ਚੈਨਲਾਂ ਉਪਰ ਜਿਸ ਤਰ੍ਹਾਂ ਦਾ ਹਿੰਦੁਸਤਾਨ ਘੜਿਆ ਜਾ ਚੁੱਕਾ ਹੈ, ਉਸ ਦੇ ਜ਼ਰੀਏ ਤੁਹਾਡੇ ਅੰਦਰ ਜਿਸ ਤਰ੍ਹਾਂ ਦਾ ਹਿੰਦੁਸਤਾਨ ਘੜਿਆ ਜਾ ਰਿਹਾ ਹੈ, ਉਹ ਸਾਡਾ ਹਿੰਦੁਸਤਾਨ ਨਹੀਂ ਹੈ। ਉਹ ਨਕਲੀ ਹਿੰਦੁਸਤਾਨ ਹੈ। ਦੇਸ਼ ਨਾਲ ਪ੍ਰੇਮ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਾਰੇ ਆਪੋ-ਆਪਣਾ ਕੰਮ ਉਚ ਆਦਰਸ਼ਾਂ ਅਤੇ ਮਿਆਰਾਂ ਦੇ ਹਿਸਾਬ ਨਾਲ ਕਰੀਏ। ਜ਼ਰਾ ਹਿੰਮਤ ਦੇਖੋ ਕਿ ਝੂਠੀਆਂ ਸੂਚਨਾਵਾਂ ਅਤੇ ਬੇਹੂਦਾ ਨਾਅਰਿਆਂ ਅਤੇ ਵਿਸ਼ਲੇਸ਼ਣਾਂ ਨਾਲ ਤੁਹਾਡੀ ਦੇਸ਼ ਭਗਤੀ ਘੜੀ ਜਾ ਰਹੀ ਹੈ। ਤੁਹਾਡੇ ਅੰਦਰ ਦੇਸ਼ ਭਗਤੀ ਦੇ ਕੁਦਰਤੀ ਚੈਨਲ ਨੂੰ ਖਤਮ ਕਰਕੇ ਇਹ ਨਿਊਜ਼ ਚੈਨਲ ਬਨਾਉਟੀ ਚੈਨਲ ਬਣਾਉਣਾ ਚਾਹੁੰਦੇ ਹਨ ਤਾਂ ਜੋ ਤੁਸੀਂ ਮੁਰਦਾ ਰੋਬੋਟ ਬਣ ਕੇ ਰਹਿ ਜਾਓ।
ਇਸ ਸਮੇਂ ਦੇ ਅਖਬਾਰ ਅਤੇ ਚੈਨਲ ਤੁਹਾਡੀ ਨਾਗਰਿਕਤਾ ਅਤੇ ਨਾਗਰਿਕ ਅਧਿਕਾਰਾਂ ਦੇ ਖਾਤਮੇ ਦਾ ਐਲਾਨ ਕਰ ਰਹੇ ਹਨ। ਤੁਹਾਨੂੰ ਸਾਹਮਣੇ ਨਜ਼ਰ ਆ ਜਾਣਾ ਚਾਹੀਦਾ ਹੈ ਕਿ ਇਹ ਹੋਣ ਨਹੀਂ ਜਾ ਰਿਹਾ ਬਲਕਿ ਹੋ ਚੁੱਕਾ ਹੈ। ਅਖਬਾਰਾਂ ਦਾ ਹਾਲ ਵੀ ਉਹੀ ਹੈ। ਹਿੰਦੀ ਦੇ ਅਖਬਾਰਾਂ ਨੇ ਤਾਂ ਪਾਠਕਾਂ ਦੀ ਹੱਤਿਆ ਦੀ ਸੁਪਾਰੀ ਲਈ ਹੋਈ ਹੈ। ਗ਼ਲਤ ਅਤੇ ਕਮਜ਼ੋਰ ਸੂਚਨਾਵਾਂ ਦੇ ਆਧਾਰ ‘ਤੇ ਪਾਠਕਾਂ ਦੀ ਹੱਤਿਆ ਹੋ ਰਹੀ ਹੈ। ਅਖਬਾਰਾਂ ਦੇ ਪੰਨੇ ਵੀ ਗ਼ੌਰ ਨਾਲ ਦੇਖੋ। ਹਿੰਦੀ ਅਖਬਾਰਾਂ ਚੁੱਕ ਕੇ ਘਰੋਂ ਬਾਹਰ ਸੁੱਟ ਦਿਓ। ਇਕ ਦਿਨ ਅਲਾਰਮ ਲਗਾ ਕੇ ਸੌਂ ਜਾਓ। ਉਠ ਕੇ ਹਾਕਰ ਨੂੰ ਕਹਿ ਦਿਓ ਕਿ ਭਾਈ ਚੋਣਾਂ ਤੋਂ ਬਾਅਦ ਅਖਬਾਰ ਦੇ ਜਾਣਾ।
ਇਹ ਸਰਕਾਰ ਨਹੀਂ ਚਾਹੁੰਦੀ ਕਿ ਤੁਸੀਂ ਸਹੀ ਸੂਚਨਾਵਾਂ ਨਾਲ ਲੈਸ ਸਮਰੱਥ ਨਾਗਰਿਕ ਬਣੋ। ਚੈਨਲਾਂ ਨੇ ਵਿਰੋਧੀ ਬਣਨ ਦੀ ਹਰ ਸੰਭਾਵਨਾ ਖਤਮ ਕਰ ਦਿੱਤੀ ਹੈ। ਤੁਹਾਡੇ ਅੰਦਰ ਜੇ ਸਰਕਾਰ ਦਾ ਵਿਰੋਧੀ ਨਾ ਬਣੇ ਤਾਂ ਤੁਸੀਂ ਸਰਕਾਰ ਦੇ ਹਮਾਇਤੀ ਵੀ ਨਹੀਂ ਬਣ ਸਕਦੇ। ਹੋਸ਼ ਨਾਲ ਸਪਰੋਟ ਕਰਨਾ ਅਤੇ ਨਸ਼ੇ ਦਾ ਟੀਕਾ ਲਗਾ ਕੇ ਸਪੋਰਟ ਕਰਵਾਉਣਾ, ਦੋਨੋਂ ਵੱਖ-ਵੱਖ ਗੱਲਾਂ ਹਨ। ਪਹਿਲੀ ਵਿਚ ਤੁਹਾਡਾ ਆਤਮ-ਸਨਮਾਨ ਝਲਕਦਾ ਹੈ। ਦੂਸਰੀ ਵਿਚ ਤੁਹਾਡਾ ਅਪਮਾਨ। ਕੀ ਤੁਸੀਂ ਅਪਮਾਨਿਤ ਹੋ ਕੇ ਇਨ੍ਹਾਂ ਨਿਊਜ਼ ਚੈਨਲਾਂ ਨੂੰ ਦੇਖਣਾ ਚਾਹੁੰਦੇ ਹੋ, ਇਨ੍ਹਾਂ ਦੇ ਜ਼ਰੀਏ ਸਰਕਾਰ ਦੀ ਹਮਾਇਤ ਕਰਨਾ ਚਾਹੁੰਦੇ ਹੋ?
ਮੈਂ ਜਾਣਦਾ ਹਾਂ ਕਿ ਮੇਰੀ ਇਹ ਗੱਲ ਨਾ ਕਰੋੜਾਂ ਲੋਕਾਂ ਤਕ ਪਹੁੰਚੇਗੀ ਅਤੇ ਨਾ ਕਰੋੜਾਂ ਲੋਕ ਨਿਊਜ਼ ਚੈਨਲ ਦੇਖਣੇ ਛੱਡਣਗੇ; ਲੇਕਿਨ ਮੈਂ ਤੁਹਾਨੂੰ ਸੁਚੇਤ ਕਰਦਾ ਹਾਂ ਕਿ ਜੇ ਇਹੀ ਚੈਨਲ ਪੱਤਰਕਾਰੀ ਹੈ ਤਾਂ ਭਾਰਤ ਵਿਚ ਲੋਕਤੰਤਰ ਦਾ ਭਵਿਖ ਸੁੰਦਰ ਨਹੀਂ ਹੈ। ਨਿਊਜ਼ ਚੈਨਲਾਂ ਨੇ ਅਜਿਹੀ ਪਬਲਿਕ ਘੜ ਲਈ ਹੈ ਜੋ ਗ਼ਲਤ ਸੂਚਨਾਵਾਂ ਅਤੇ ਸੀਮਤ ਸੂਚਨਾਵਾਂ ਉਪਰ ਆਧਾਰਿਤ ਹੋਵੇਗੀ। ਚੈਨਲ ਤੁਹਾਡੀ ਬਣਾਈ ਹੋਈ ਇਸ ਪਬਲਿਕ ਤੋਂ ਉਸ ਪੁਲਿਸ ਨੂੰ ਹਰਾ ਦੇਣਗੇ ਜਿਸ ਨੂੰ ਸੂਚਨਾਵਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ਦੇ ਕੋਲ ਸਵਾਲ ਹੁੰਦੇ ਹਨ। ਸਵਾਲ ਅਤੇ ਸੂਚਨਾ ਦੇ ਬਗ਼ੈਰ ਲੋਕਤੰਤਰ ਨਹੀਂ ਹੁੰਦਾ। ਲੋਕਤੰਤਰ ਵਿਚ ਨਾਗਰਿਕ ਨਹੀਂ ਹੁੰਦਾ।
ਸੱਚ ਅਤੇ ਤੱਥ ਦੀ ਹਰ ਸੰਭਾਵਨਾ ਸਮਾਪਤ ਕਰ ਦਿੱਤੀ ਗਈ ਹੈ। ਮੈਂ ਹਰ ਰੋਜ਼ ਪਬਲਿਕ ਨੂੰ ਧੱਕੇ ਜਾਂਦੇ ਦੇਖਦਾ ਹਾਂ। ਚੈਨਲ ਪਬਲਿਕ ਨੂੰ ਮੰਝਧਾਰ ਵਿਚ ਧੱਕ ਕੇ ਰੱਖਣਾ ਚਾਹੁੰਦੇ ਹਨ। ਜਿਥੇ ਰਾਜਨੀਤੀ ਆਪਣਾ ਤੂਫਾਨ ਰਚ ਰਹੀ ਹੈ। ਸਿਆਸੀ ਪਾਰਟੀਆਂ ਤੋਂ ਬਾਹਰ ਦੇ ਮਾਮਲਿਆਂ ਦੀ ਜਗ੍ਹਾ ਨਹੀਂ ਬਚੀ ਹੈ। ਨਾ ਜਾਣੇ, ਕਿੰਨੇ ਮਸਲੇ ਇੰਤਜ਼ਾਰ ਕਰ ਰਹੇ ਹਨ। ਚੈਨਲਾਂ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਲੋਕਾਂ ਦੇ ਖਿਲਾਫ ਤਿਆਰ ਕਰ ਦਿੱਤਾ ਹੈ। ਇਨ੍ਹਾਂ ਚੈਨਲਾਂ ਦੀ ਬਾਦਸ਼ਾਹਤ ਤੁਹਾਡੀ ਹਾਰ ਦਾ ਐਲਾਨ ਹੈ। ਇਨ੍ਹਾਂ ਦੀ ਜਿੱਤ ਤੁਹਾਡੀ ਗ਼ੁਲਾਮੀ ਹੈ। ਇਨ੍ਹਾਂ ਦੇ ਅਸਰ ਹੇਠੋਂ ਕੋਈ ਸੌਖਿਆਂ ਨਹੀਂ ਨਿਕਲ ਸਕਦਾ। ਤੁਸੀਂ ਦਰਸ਼ਕ ਹੋ। ਤੁਸੀਂ ਇਕ ਨੇਤਾ ਦੀ ਹਮਾਇਤ ਕਰਨ ਲਈ ਪੱਤਰਕਾਰੀ ਦੇ ਪਤਨ ਦੀ ਹਮਾਇਤ ਹਰਗਿਜ਼ ਨਾ ਕਰੋ। ਸਿਰਫ ਢਾਈ ਮਹੀਨੇ ਦੀ ਗੱਲ ਹੈ। ਚੈਨਲ ਦੇਖਣੇ ਬੰਦ ਕਰ ਦਿਓ।