ਭਾਰਤ ਵਿਚ ਇਸਲਾਮੀ ਦਹਿਸ਼ਤਵਾਦ ਦਾ ਸਰਕਾਰੀ ਸ਼ਗੂਫਾ

ਹਿਮਾਂਸ਼ੂ ਕੁਮਾਰ ਗਾਂਧੀਵਾਦੀ ਕਾਰਕੁਨ ਹਨ। 2009 ਵਿਚ ਆਦਿਵਾਸੀਆਂ ਨੂੰ ਜੰਗਲਾਂ ਵਿਚੋਂ ਉਜਾੜਨ ਲਈ ਵਿੱਢੇ ਆਪਰੇਸ਼ਨ ਗ੍ਰੀਨ ਹੰਟ ਦਾ ਡਟਵਾਂ ਵਿਰੋਧ ਕਰਨ ਬਦਲੇ ਉਨ੍ਹਾਂ ਦਾ ਛੱਤੀਸਗੜ੍ਹ ਵਿਚਲਾ ਆਸ਼ਰਮ ਢਾਹ ਦਿੱਤਾ ਗਿਆ। ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਸ ਨੂੰ ਛੱਤੀਸਗੜ੍ਹ ਛੱਡਣਾ ਪਿਆ। ਅੱਜ ਕੱਲ੍ਹ ਉਹ ਹਿਮਾਚਲ ਪ੍ਰਦੇਸ਼ ਵਿਚ ਰਹਿੰਦੇ ਹਨ। ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਦੀ ਘਟ ਗਿਣਤੀਆਂ ਪ੍ਰਤੀ ਨਫਰਤ ਦੀ ਰਾਜਨੀਤੀ ਬਾਰੇ ਉਨ੍ਹਾਂ ਦੀ ਇਹ ਸੰਖੇਪ ਟਿੱਪਣੀ ਬਹੁਤ ਅਰਥਪੂਰਨ ਹੈ, ਜਿਸ ਦਾ ਪੰਜਾਬੀ ਅਨੁਵਾਦ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ। ਇਸ ਦਾ ਅਨੁਵਾਦ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਹਿਮਾਂਸ਼ੂ ਕੁਮਾਰ

ਭਾਰਤ ਵਿਚ ਜੋ ਜਾਬਰ ਕਾਨੂੰਨ ਬਣਾਏ ਗਏ, ਉਨ੍ਹਾਂ ਵਿਚ 95 ਫੀਸਦੀ ਤਕ ਨਿਰਦੋਸ਼ ਮੁਸਲਮਾਨਾਂ ਨੂੰ ਜੇਲ੍ਹਾਂ ਵਿਚ ਤੁੰਨ ਦਿਤਾ ਗਿਆ। ਇਨ੍ਹਾਂ ਜੇਲ੍ਹਾਂ ਵਿਚ ਸੁੱਟੇ ਗਏ ਮੁਸਲਮਾਨਾਂ ਵਿਚੋਂ 98 ਫੀਸਦੀ ਨਿਰਦੋਸ਼ ਪਾਏ ਗਏ। ਕੋਈ ਅੱਠ ਸਾਲ, ਕੋਈ ਸੋਲਾਂ ਸਾਲ, ਕੋਈ ਤੇਈ ਸਾਲ ਬਾਅਦ ਜੇਲ੍ਹ ਵਿਚੋਂ ਨਿਰਦੋਸ਼ ਸਾਬਤ ਹੋ ਕੇ ਨਿਕਲੇ। ਇੰਡੀਅਨ ਮੁਜਾਹਿਦੀਨ ਨਾਂ ਦੀ ਜਥੇਬੰਦੀ ਸਰਕਾਰੀ ਸ਼ਗੂਫਾ ਸਾਬਤ ਹੋ ਚੁੱਕੀ ਹੈ।
ਮੈਂ ਯੂ.ਪੀ. ਦੇ ਆਜ਼ਮਗੜ੍ਹ, ਸੰਜਰਪੁਰ ਅਤੇ ਅਨੇਕਾਂ ਇਲਾਕਿਆਂ ਦਾ ਦੌਰਾ ਕੀਤਾ। ਮੈਂ ਉਨ੍ਹਾਂ ਲੋਕਾਂ ਨੂੰ ਮਿਲਿਆ ਹਾਂ ਜਿਨ੍ਹਾਂ ਨੂੰ ਦਹਿਸ਼ਤਗਰਦ ਮਾਮਲਿਆਂ ਵਿਚ ਫਸਾਇਆ ਗਿਆ। ਅਮਰੀਕਾ ਵਿਚ ਕਾਲੇ ਅਤੇ ਅਪਰਵਾਸੀ ਗ਼ਰੀਬਾਂ ਨੂੰ ਜੇਲ੍ਹਾਂ ਵਿਚ ਤੁੰਨਿਆ ਜਾਂਦਾ ਹੈ। ਭਾਰਤ ਵਿਚ ਜੇਲ੍ਹਾਂ ਆਦਿਵਾਸੀਆਂ, ਦਲਿਤਾਂ ਅਤੇ ਮੁਸਲਮਾਨਾਂ ਨਾਲ ਭਰੀਆਂ ਹੋਈਆਂ ਹਨ।
ਅੱਜ ਤੱਕ ਤੁਸੀਂ ਕੋਈ ਐਸਾ ਅਮੀਰ ਜੇਲ੍ਹ ਵਿਚ ਨਹੀਂ ਦੇਖਿਆ ਹੋਵੇਗਾ ਜੋ ਆਪਣੇ ਮਜ਼ਦੂਰਾਂ ਨੂੰ ਕਾਨੂੰਨ ਤੋਂ ਵੀ ਘੱਟ ਮਜ਼ਦੂਰੀ ਦਿੰਦਾ ਹੋਵੇ। ਨਾ ਤੁਸੀਂ ਐਸਾ ਕੋਈ ਪੂੰਜੀਪਤੀ ਜੇਲ੍ਹ ਵਿਚ ਦੇਖਿਆ ਹੋਵੇਗਾ ਜਿਸ ਨੂੰ ਮੁੱਖ ਮੰਤਰੀ ਅਤੇ ਕੁਲੈਕਟਰ ਨੂੰ ਰਿਸ਼ਵਤ ਦੇ ਕੇ ਕਿਸਾਨਾਂ ਦੀ ਜ਼ਮੀਨ ਹੜੱਪ ਕੇ ਆਪਣਾ ਕਾਰਖਾਨਾ ਬਣਾ ਲਿਆ ਹੋਵੇ। ਜਦੋਂ ਪੂੰਜੀਵਾਦ ਦਾ ਨਵਾਂ ਦੌਰ ਆਇਆ ਅਤੇ ਸਰਕਾਰਾਂ ਨੇ ਲੋਕ ਕਲਿਆਣਕਾਰੀ ਰਾਜ ਤੋਂ ਮੂੰਹ ਮੋੜ ਕੇ ਪੂੰਜੀਵਾਦ ਦੀ ਸੇਵਾ ਕਰਨ ਨੂੰ ਆਪਣਾ ਮਨੋਰਥ ਬਣਾ ਲਿਆ, ਤਾਂ ਸਵਾਲ ਉਠਿਆ ਕਿ ਹੁਣ ਸਰਕਾਰ ਨੂੰ ਜਨਤਾ ਕਿਉਂ ਚੁਣੇਗੀ? ਫਿਰ ਸੋਚਿਆ ਗਿਆ ਕਿ ਜਨਤਾ ਨੂੰ ਵਰਗਲਾਓ ਕਿ ਤੁਸੀਂ ਖਤਰੇ ਵਿਚ ਹੋ ਅਤੇ ਸਰਕਾਰ ਤੁਹਾਡੀ ਰੱਖਿਆ ਕਰ ਰਹੀ ਹੈ। ਅਮਰੀਕਾ ਇਸ ਪ੍ਰੋਜੈਕਟ ਦਾ ਜਨਮਦਾਤਾ ਸੀ, ਭਾਰਤ ਵੀ ਉਸ ਪ੍ਰੋਜੈਕਟ ਦਾ ਹਿੱਸਾ ਬਣਿਆ। ਅਮਰੀਕਾ ਦੀ ਸੀ.ਆਈ.ਏ. ਨੇ ਦਹਿਸ਼ਤਗਰਦ ਖੜ੍ਹੇ ਕੀਤੇ। ਨਸ਼ੇ ਦਾ ਕਾਰੋਬਾਰ ਫੈਲਾਇਆ ਜਿਸ ਨੂੰ ਨਾਰਕੋ ਟੈਰਰਿਜ਼ਮ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਮਰੀਕਾ ਨੇ ਇਸ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਨਾਂ ‘ਤੇ ਭਾਰੂ ਮੁਸਲਿਮ ਖੇਤਰਾਂ ਉਪਰ ਹਮਲੇ ਸ਼ੁਰੂ ਕਰ ਦਿਤੇ।
ਭਾਰਤ ਵਿਚ ਵੀ ਉਸੇ ਦੌਰ ਵਿਚ ਟਾਡਾ, ਪੋਟਾ, ਮਕੋਕਾ ਦੇ ਤਹਿਤ ਹਜ਼ਾਰਾਂ ਮੁਸਲਮਾਨ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ। ਬਹੁਤ ਸਾਰੇ ਮਾਮਲਿਆਂ ਵਿਚ ਸਰਕਾਰੀ ਏਜੰਟਾਂ ਵਲੋਂ ਨੌਜਵਾਨਾਂ ਨੂੰ ਭੜਕਾਉਣ ਦੇ ਮਾਮਲੇ ਸਾਹਮਣੇ ਆਏ। ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਹਜ਼ਾਰਾਂ ਮੁਸਲਮਾਨ ਨੌਜਵਾਨਾਂ ਨੂੰ ਇਸ ਲਈ ਜੇਲ੍ਹਾਂ ਵਿਚ ਸੁੱਟਿਆ ਗਿਆ ਕਿ ਇਹ ਲੋਕ ਬਦਲਾ ਲੈ ਸਕਦੇ ਹਨ। ਹਾਲਾਂਕਿ ਅੱਜ ਤਕ ਕਿਸੇ ਨੇ ਬਦਲਾ ਨਹੀਂ ਲਿਆ। ਨਾ ਬਾਬਰੀ ਮਸਜਿਦ ਦਾ, ਨਾ ਗੁਜਰਾਤ ਦੰਗਿਆਂ ਦਾ, ਨਾ ਮੁਜ਼ੱਫਰਨਗਰ ਦੰਗਿਆਂ ਦਾ; ਲੇਕਿਨ ਭਾਰਤੀ ਮੁਸਲਮਾਨਾਂ ਨੂੰ ਹਮੇਸ਼ਾ ਸ਼ੱਕ ਦੇ ਦਾਇਰੇ ਵਿਚ ਰੱਖਣ ਦਾ ਕੰਮ ਭਾਰਤ ਦੀ ਰਾਜਨੀਤੀ ਨੇ ਕੀਤਾ।
ਭਾਰਤ ਦੇ ਮੁਸਲਮਾਨਾਂ ਨੇ ਹਮੇਸ਼ਾ ਧਰਮਨਿਰਪੇਖਤਾ ਦੇ ਨਾਂ ‘ਤੇ ਵੋਟ ਪਾਈ। ਭਾਰਤ ਵਿਚ ਮੁਸਲਮਾਨਾਂ ਦੇ ਨਾਂ ‘ਤੇ ਕਈ ਪਾਰਟੀਆਂ ਬਣੀਆਂ; ਲੇਕਿਨ ਭਾਰਤ ਦੇ ਮੁਸਲਮਾਨਾਂ ਨੇ ਉਨ੍ਹਾਂ ਪਾਰਟੀਆਂ ਨੂੰ ਹਮੇਸ਼ਾ ਠੁਕਰਾ ਦਿੱਤਾ। ਅੱਜ ਵੀ ਮੁਸਲਮਾਨ ਧਰਮਨਿਰਪੱਖਤਾ ਦੀ ਰੱਖਿਆ ਦੇ ਲਈ ਕਦੇ ਮਾਇਆਵਤੀ, ਕਦੇ ਅਖਿਲੇਸ਼ ਯਾਦਵ ਅਤੇ ਕਦੇ ਕਾਂਗਰਸ ਨੂੰ ਵੋਟ ਦਿੰਦੇ ਹਨ।
ਆਜ਼ਾਦੀ ਦੀ ਪਹਿਲੀ ਲੜਾਈ ਵਿਚ ਸਭ ਤੋਂ ਜ਼ਿਆਦਾ ਕੁਰਬਾਨੀ ਮੁਸਲਮਾਨਾਂ ਨੇ ਦਿਤੀ ਸੀ। ਅਠਾਰਾਂ ਸੌ ਸਤਵੰਜਾ ਦੇ ਗ਼ਦਰ ਵਿਚ ਫਾਂਸੀ ਉਪਰ ਚੜ੍ਹਨ ਵਾਲਿਆਂ ਦੀ ਸੂਚੀ ਚੈੱਕ ਕਰ ਲਓ। ਤੁਹਾਨੂੰ ਜ਼ਿਆਦਾ ਨਾਮ ਮੁਸਲਮਾਨ ਮਿਲਣਗੇ।
ਭਾਰਤ ਦੀ ਵੰਡ ਦਾ ਪਹਿਲਾ ਮਤਾ ਹਿੰਦੂ ਮਹਾਂਸਭਾ ਨੇ 1933 ਵਿਚ ਪਾਸ ਕੀਤਾ ਸੀ। ਉਸ ਤੋਂ ਸਾਲ ਬਾਅਦ ਮੁਸਲਿਮ ਲੀਗ ਨੇ ਕਿਹਾ ਕਿ ਠੀਕ ਹੈ, ਜੇ ਤੁਸੀਂ ਸਾਡੇ ਨਾਲ ਨਹੀਂ ਰਹਿਣਾ ਤਾਂ ਅਸੀਂ ਆਪਣਾ ਵੱਖਰਾ ਦੇਸ਼ ਮੰਗ ਲੈਂਦੇ ਹਾਂ। ਇਸ ਲਈ ਜੇ ਭਾਰਤ ਦੀ ਵੰਡ ਦੇ ਲਈ ਕੋਈ ਜ਼ਿੰਮੇਵਾਰ ਹੈ ਤਾਂ ਇਹੀ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੇ ਹਿੰਦੂ ਮਹਾਂਸਭਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਹਨ।
ਯਾਦ ਰੱਖੋ, ਮੁਸਲਿਮ ਲੀਗ ਦੀ ਸਥਾਪਨਾ ਹਿੰਦੂਆਂ ਦੇ ਖਿਲਾਫ ਨਹੀਂ ਹੋਈ ਸੀ; ਲੇਕਿਨ ਸੰਘ ਨੇ ਸ਼ੁਰੂ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਸਾਡੇ ਦੁਸ਼ਮਣ ਅੰਗਰੇਜ਼ ਨਹੀਂ ਬਲਕਿ ਮੁਸਲਮਾਨ ਤੇ ਕਮਿਊਨਿਸਟ ਹਨ। ਇਨ੍ਹਾਂ ਦੀ ਚਲਾਕੀ ਦੇਖੋ ਕਿ ਇਹ ਲੋਕ ਵੰਡ ਦੀ ਸਾਰੀ ਜ਼ਿੰਮੇਵਾਰੀ ਗਾਂਧੀ ਦੇ ਸਿਰ ਸੁੱਟ ਦਿੰਦੇ ਹਨ। ਫਿਰਕੂ ਏਕਤਾ ਦੀ ਗੱਲ ਕਰਨ ਵਾਲਿਆਂ ਨੂੰ ਪਾਕਿਸਤਾਨ ਪ੍ਰਸਤ ਕਹਿ ਕੇ ਉਨ੍ਹਾਂ ਉਪਰ ਹਮਲਾ ਸੰਘ ਦੀ ਪੁਰਾਣੀ ਰਣਨੀਤੀ ਹੈ। ਜ਼ਰਾ ਯਾਦ ਕਰੋ, ਗਾਂਧੀ ਨੂੰ ਇਨ੍ਹਾਂ ਨੇ ਪਾਕਿਸਤਾਨ ਦਾ ਹਮਾਇਤੀ ਕਹਿ ਕੇ ਮਾਰਿਆ ਸੀ।
ਭਾਰਤ ਦੇ ਮੁਸਲਮਾਨਾਂ ਨੇ ਆਜ਼ਾਦੀ ਤੋਂ ਪਹਿਲਾਂ ਭਾਰਤ ਵਿਚ ਰਹਿਣ ਦੀ ਚੋਣ ਕੀਤੀ। ਦੰਗਿਆਂ ਵਿਚ ਮੁਸਲਿਮ ਲੀਗ ਨੇ ਵੱਡੀ ਤਾਦਾਦ ਵਿਚ ਉਦਾਰ ਮੁਸਲਮਾਨਾਂ ਨੂੰ ਮਾਰਿਆ ਸੀ। ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਪਾਕਿਸਤਾਨ ਦੇ ਲਈ ਜਾਸੂਸੀ ਦੇ ਮਾਮਲਿਆਂ ਵਿਚ ਫੜੇ ਗਏ ਲੋਕਾਂ ਵਿਚੋਂ ਜ਼ਿਆਦਾਤਰ ਹਿੰਦੂ ਹਨ। ਫਿਰ ਵੀ ਸੰਘ ਆਪਣੇ ਨੈੱਟਵਰਕ ਜ਼ਰੀਏ ਲਗਾਤਾਰ ਮੁਸਲਮਾਨਾਂ ਨੂੰ ਦੇਸ਼ਧ੍ਰੋਹੀ ਸਾਬਤ ਕਰਨ ਦਾ ਪ੍ਰਚਾਰ ਕਰਦਾ ਰਹਿੰਦਾ ਹੈ। ਸੰਘ ਦੇ ਨਿਸ਼ਾਨੇ ਉਪਰ ਉਹ ਉਦਾਰਵਾਦੀ ਹਿੰਦੂ ਹਨ ਜੋ ਸੰਘ ਦੇ ਇਸ ਝੂਠੇ ਪ੍ਰਚਾਰ ਦਾ ਭਾਂਡਾ ਭੰਨਦੇ ਰਹਿੰਦੇ ਹਨ। ਸੰਘ ਖੁਦ ਨੂੰ ਭਾਰਤ ਦੇ ਸਾਰੇ ਹਿੰਦੂਆਂ ਦਾ ਨੁਮਾਇੰਦਾ ਸਾਬਤ ਕਰਨਾ ਚਾਹੁੰਦਾ ਹੈ ਲੇਕਿਨ ਜਦੋਂ ਉਦਾਰਵਾਦੀ ਹਿੰਦੂ ਹੀ ਸੰਘ ਦੇ ਖਿਲਾਫ ਬੋਲਦੇ ਹਨ ਤਾਂ ਸੰਘ ਦੀ ਹੋਂਦ ਦੀ ਬੁਨਿਆਦ ਹੀ ਹਿੱਲ ਜਾਂਦੀ ਹੈ।
ਉਦਾਰਵਾਦੀ ਹਿੰਦੂ ਅਤੇ ਉਦਾਰਵਾਦੀ ਮੁਸਲਮਾਨ ਹੀ ਭਾਰਤ ਵਿਚ ਫਿਰਕੂ ਜਥੇਬੰਦੀਆਂ ਦਾ ਖਾਤਮਾ ਕਰਕੇ ਸੰਵਿਧਾਨ ਦੇ ਰਾਜ ਨੂੰ ਲਾਗੂ ਕਰਨਗੇ।