ਹਾਰ ਜਾਣੀਆਂ ਕਬਰਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਦੱਸਿਆ ਸੀ ਕਿ ਜ਼ਿੰਦਗੀ ਵਿਚ ਬੰਦੇ ਨੇ ਕਿਸੇ ਦਿਨ ਤਾਂ ਰਿਟਾਇਰ (ਸੇਵਾ ਮੁਕਤ) ਹੋਣਾ ਹੀ ਹੈ, ਸਿਰਫ ਨੌਕਰੀ ਤੋਂ ਹੀ ਨਹੀਂ ਆਪਣੇ ਜੀਵਨ ਦੀਆਂ ਜਿੰਮੇਵਾਰੀਆਂ ਤੋਂ ਵੀ। ਸੇਵਾ ਮੁਕਤੀ ਪਿਛੋਂ ਜੇ ਧਿਆਨ ਦਈਏ ਤਾਂ ਬਹੁਤ ਕੁਝ ਹੈ, ਜੋ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ ਉਹ ਰੀਝਾਂ ਪੂਰੀ ਕਰਨਾ ਵੀ ਸ਼ਾਮਲ ਹੈ, ਜੋ ਪੂਰੀਆਂ ਨਹੀਂ ਸੀ ਕਰ ਸਕੇ।

ਜ਼ਿੰਦਗੀ ਦੇ ਹਰ ਪੱਖ ਦੇ ਦੋ ਨਜ਼ਰੀਏ ਹਨ, ਹਾਂ ਪੱਖੀ ਤੇ ਨਾਂਹ ਪੱਖੀ, ਅਮਨ ਤੇ ਜੰਗ, ਆਸ ਤੇ ਨਿਰਾਸ਼ਾ, ਚੰਗਾ ਤੇ ਮਾੜਾ, ਅਮੀਰੀ ਤੇ ਗਰੀਬੀ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਆਸ ਪ੍ਰਗਟਾਈ ਹੈ ਕਿ ਨਾਂਹ ਪੱਖੀ ਸੋਚ ਨੇ ਹਾਰਨਾ ਹੈ ਤੇ ਹਾਂ ਪੱਖੀ ਸੋਚ ਨੇ ਜਿੱਤਣਾ। ਉਹ ਕਹਿੰਦੇ ਹਨ, “ਹਾਰ ਜਾਣੀਆਂ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਵਾਲੀਆਂ ਸੋਚਾਂ, ਚਾਲਾਂ ਅਤੇ ਕੋਝੀਆਂ ਹਰਕਤਾਂ। ਜਿੱਤ ਜਾਣੀਆਂ ਦੋਸਤੀਆਂ, ਗਲਵੱਕੜੀਆਂ ਤੇ ਮੁਹਬੱਤੀ ਤਰਾਨੇ, ਜਿਨ੍ਹਾਂ ਵਿਚ ਮਿਠਾਸ ਅਤੇ ਹਮਜੋਲਤਾ ਦਾ ਸੁਗਮ ਸੰਦੇਸ਼।…ਹਾਰ ਜਾਣੀਆਂ ਨਫਰਤ, ਘ੍ਰਿਣਾ ਅਤੇ ਵਿਰੋਧ ਦੀਆਂ ਲਿਖਤਾਂ। ਜਿੱਤ ਜਾਣਾ ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਬਾਬਾ ਨਜ਼ਮੀ, ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਿਰਤਾਂ ਵਿਚਲਾ ਕਿਰਨ-ਕਾਫਲਾ, ਜਿਨ੍ਹਾਂ ਨੇ ਹਨੇਰੇ ਰਾਹਾਂ ਵਿਚ ਹਮੇਸ਼ਾ ਰੌਸ਼ਨੀ ਫੈਲਾਈ।…ਹਾਰ ਜਾਣਾ ਹਾਕਮ, ਹੰਕਾਰ ਅਤੇ ਹੈਂਕੜ। ਜਿੱਤ ਜਾਣੀ ਨਿਰਮਾਣਤਾ, ਨੀਝ, ਨਿਰਮਲਤਾ ਅਤੇ ਨਿਮਰਤਾ।…ਹਾਰ ਜਾਣੀ ਜੰਗ, ਜ਼ੁਲਮ, ਜਨੂੰਨ ਅਤੇ ਜਾਹਲਪੁਣਾ। ਜਿੱਤ ਜਾਣਾ ਜ਼ਜਬਾ, ਜਜ਼ਬਾਤ, ਜਿੰ.ਦਗੀ ਅਤੇ ਜਿੰ.ਦਗੀਨਾਮਾ।” ਉਨ੍ਹਾਂ ਦੇ ਇਸ ਲੇਖ ਵਿਚਲੇ ਨਜ਼ਰੀਏ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਕਸ਼ੀਦਗੀ ਦੇ ਪ੍ਰਸੰਗ ਵਿਚ ਵੀ ਦੇਖਿਆ ਜਾ ਸਕਦਾ ਹੈ। ਡਾ. ਭੰਡਾਲ ਦੀ ਸੋਚ ਤੇ ਆਸ ਨੂੰ ਸਲਾਮ! -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080

ਹਾਰ ਜਾਣੀਆਂ ਕਬਰਾਂ, ਕਤਲਗਾਹਾਂ, ਸਿਵੇ, ਸ਼ਮਸ਼ਾਨਘਾਟ, ਸਮਾਧਾਂ ਅਤੇ ਮਕਬਰੇ। ਜਿੱਤ ਜਾਣੇ ਘਰ, ਕਮਰੇ, ਵਿਹੜੇ, ਚੌਂਕੇ, ਹਵੇਲੀਆਂ ਅਤੇ ਖੇਤ, ਜਿਨ੍ਹਾਂ ਨੂੰ ਰੱਸਣ-ਵੱਸਣ ਤੇ ਜਿਉਣ ਦਾ ਵਰਦਾਨ ਮਿਲਿਆ।
ਹਾਰ ਜਾਣੇ ਹੰਝੂ, ਹਾਵੇ, ਹੌਕੇ ਅਤੇ ਸਿਸਕੀਆਂ, ਜਿਨ੍ਹਾਂ ਨੇ ਮਾਸੂਮ ਅਤੇ ਹਾਰੇ ਹੋਏ ਲੋਕਾਂ ਦੇ ਮੁੱਖੜੇ ‘ਤੇ ਚਿਪਕਣਾ। ਜਿੱਤ ਜਾਣੇ ਹਾਸੇ, ਹਿੰਮਤ ਅਤੇ ਹੌਸਲੇ, ਜਿਨ੍ਹਾਂ ਨੇ ਪੁਲਾਂਘਾਂ ਨੂੰ ਨਵੀਂਆਂ ਦਿਸ਼ਾਵਾਂ ਦੇਣੀਆਂ।
ਹਾਰ ਜਾਣੇ ਬੰਬ, ਬੰਦੂਕਾਂ, ਮਿਜ਼ਾਇਲਾਂ ਅਤੇ ਪ੍ਰਮਾਣੂ ਹਥਿਆਰ, ਜਿਨ੍ਹਾਂ ਨੇ ਸੱਥਰ ਵਿਛਾਉਣੇ ਅਤੇ ਘਰਾਂ ਦੇ ਚਿਰਾਗ ਬੁਝਾਉਣੇ ਸਨ। ਜਿੱਤ ਜਾਣੀਆਂ ਮਿੱਤਰ-ਮਿਲਣੀਆਂ, ਜਿਨ੍ਹਾਂ ਨੇ ਜ਼ਿੰਦਗੀ-ਜਸ਼ਨ ਲਈ ਸੰਦਲੀ ਸਮਿਆਂ ਦੀ ਇਬਾਰਤ ਬਣਨਾ।
ਹਾਰ ਜਾਣੇ ਸ਼ੈਤਾਨ, ਸ਼ਾਤਰ ਅਤੇ ਹੈਵਾਨੀਅਤ। ਜਿੱਤ ਜਾਣਾ ਇਮਾਨ, ਇਨਸਾਨ ਤੇ ਇਨਸਾਨੀਅਤ ਜਿਸ ਨੇ ਸਦਾ ਜਿਉਂਦੀ ਰਹਿਣਾ ਅਤੇ ਜਿਸ ਸਦਕਾ ਮਨੁੱਖ ਨੂੰ ਮਨੁੱਖ ਹੋਣ ਦਾ ਸ਼ਰਫ ਹਾਸਲ।
ਹਾਰ ਜਾਣੇ ਮੌਤ ਦੇ ਵਪਾਰੀ ਤੇ ਅਸਲੇ ਬਣਾਉਣ ਵਾਲੇ ਕਾਰਪੋਰੇਟ ਅਦਾਰੇ, ਜਿਨ੍ਹਾਂ ਨੇ ਗਰੀਬ ਦੀ ਬੁਰਕੀ ‘ਚ ਬਾਰੂਦ ਭਰਨਾ ਅਤੇ ਆਦਮੀ ਦੇ ਤੂੰਬੇ ਉਡਾ ਕੇ ਆਪਣੇ ਖਜਾਨੇ ਨੂੰ ਭਰਨਾ। ਜਿੱਤ ਜਾਣੇ ਸੁੱਖਨ ਦੀਆਂ ਬਾਤਾਂ ਪਾਉਣ ਵਾਲੇ ਦਾਨਸ਼ਵਰ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਦਾ ਜਾਗ ਲਾਉਣ ਵਾਲੇ ਧਰਮੀ ਲੋਕ, ਜਿਨ੍ਹਾਂ ਦੀ ਇਬਾਦਤ ਵਿਚੋਂ ਅਨਾਇਤ ਤੇ ਸਦਾਕਤ ਦੀ ਮਹਿਕ ਆਉਂਦੀ।
ਹਾਰ ਜਾਣੀਆਂ ਗਿਰਝਾਂ ਅਤੇ ਕਾਂ, ਜਿਨ੍ਹਾਂ ਨੇ ਕਾਂਵਾਂ-ਰੌਲੀ ਪਾ ਕੇ ਲਾਸ਼ਾਂ ਨੂੰ ਚਰੂੰਡਣਾ। ਜਿੱਤ ਜਾਣੇ ਗੋਲੇ ਕਬੂਤਰ ਅਤੇ ਘੁੱਗੀਆਂ, ਜਿਨ੍ਹਾਂ ਨੇ ਅਮਨ-ਅੰਬਰ ਵਿਚ ਉਚੇਰੀ ਉਡਾਣ ਭਰ, ਚੌਗਿਰਦੇ ਵਿਚ ਮੋਹ ਦੀਆਂ ਬਾਤਾਂ ਪਾਉਂਦਿਆਂ ਆਪਣੀ ਉਡਾਣ ਨੂੰ ਨਵੀਂਆਂ ਤਰਜ਼ੀਹਾਂ ਅਤੇ ਤਦਬੀਰਾਂ ਨਾਲ ਵਿਉਂਤਣਾ।
ਹਾਰ ਜਾਣੇ ਅਖਬਾਰਾਂ ਦੇ ਕਾਲੇ ਪੰਨੇ, ਕਲੂਟੇ ਹਰਫ ਅਤੇ ਸੋਗ ਦੇ ਪੰਨੇ, ਜਿਨ੍ਹਾਂ ਵਿਚਲੀਆਂ ਸੋਗੀਆਂ ਸੂਰਤਾਂ ਨੇ ਮਨੁੱਖ ਨੂੰ ਅਮਨੁੱਖ ਹੋਣ ਦਾ ਮਿਹਣਾ ਦੇਣਾ। ਜਿੱਤ ਜਾਣੀਆਂ ਕਿਤਾਬਾਂ ‘ਚ ਰੱਖੀਆਂ ਗੁਲਾਬ-ਪੱਤੀਆਂ, ਹਰਫਾਂ ‘ਚ ਖਿੜੀਆਂ ਕਲੀਆਂ, ਵਾਕਾਂ ਦੀਆਂ ਡੋਡੀਆਂ ਅਤੇ ਪੁਸਤਕੀ ਸੰਵੇਦਨਾ ਵਿਚ ਸੁਹਜ ਤੇ ਸੁੰਦਰਤਾ ਦੀਆਂ ਪੰਕਤੀਆਂ, ਜਿਨ੍ਹਾਂ ਨੇ ਹਰਫਾਂ ਨੂੰ ਧਰਮ-ਗ੍ਰੰਥ ਦਾ ਰੁਤਬਾ ਦੇਣਾ।
ਹਾਰ ਜਾਣੀਆਂ ਚੁੜੈਲਾਂ ਤੇ ਚੌਧਰੀ, ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਅਤੇ ਉਹ ਮਨੁੱਖੀ ਖੂਨ ਨਾਲ ਆਪਣੀ ਪਿਆਸ ਮਿਟਾਉਣਾ ਲੋਚਦੇ। ਜਿੱਤ ਜਾਣੇ ਦੇਵ-ਪੁਰਸ਼, ਜਿਨ੍ਹਾਂ ਦੇ ਮਨਾਂ ਵਿਚ ਇਨਸਾਨੀਅਤ ਦਾ ਦੀਵਾ ਬਲਦਾ, ਜਿਨ੍ਹਾਂ ਦੀ ਸੋਚ ਵਿਚ ਸੁੱਚਮ ਤੇ ਸਾਦਗੀ ਦੀ ਸੁੱਚੀ ਜੋਤ ਦਾ ਨਿੱਘ ਤੇ ਚਾਨਣ।
ਹਾਰ ਜਾਣੀਆਂ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਵਾਲੀਆਂ ਸੋਚਾਂ, ਚਾਲਾਂ ਅਤੇ ਕੋਝੀਆਂ ਹਰਕਤਾਂ। ਜਿੱਤ ਜਾਣੀਆਂ ਦੋਸਤੀਆਂ, ਗਲਵੱਕੜੀਆਂ ਤੇ ਮੁਹਬੱਤੀ ਤਰਾਨੇ, ਜਿਨ੍ਹਾਂ ਵਿਚ ਮਿਠਾਸ ਅਤੇ ਹਮਜੋਲਤਾ ਦਾ ਸੁਗਮ ਸੰਦੇਸ਼।
ਹਾਰ ਜਾਣੀਆਂ ਟਾਹਰਾਂ ਦੀਆਂ ਧਾੜਾਂ ਅਤੇ ਧਾਵੇ। ਜਿੱਤ ਜਾਣੀ ਸੰਤੁਲਤ ਤੇ ਸਾਵੀਂ ਸੋਚ ਦੀ ਬੋਲ-ਬਾਣੀ ਅਤੇ ਭਾਈਚਾਰਕ ਸਾਂਝ ਦਾ ਹੋਕਾ।
ਹਾਰ ਜਾਣਾ ਸਮਾਜਕ ਤਾਣੇ-ਬਾਣੇ ਨੂੰ ਲੀਰਾਂ ਕਰਨ ਵਾਲਾ ਸੇਹ ਦਾ ਤਕਲਾ। ਜਿੱਤ ਜਾਣਾ ਬੋਧ-ਬਿਰਖ, ਜੋ ਇਕ ਘਰ ਦੀ ਛਾਂ ਬਣਨ ਪਿਛੋਂ ਦੂਸਰੇ ਘਰ ਦੀਆਂ ਕੰਧਾਂ ਤੋਂ ਵੀ ਛਾਂ ਬਣਨ ਲਈ ਅਹੁਲਦਾ।
ਹਾਰ ਜਾਣੀ ਘਿੱਗੀ, ਹਿੱਚਕੀ ਅਤੇ ਭੁੱਬ। ਜਿੱਤ ਜਾਣੀ ਜ਼ਿੰਦਗੀ, ਜਿੰ.ਦਾਦਿਲੀ ਅਤੇ ਜਾਂ-ਬਾਜ਼ੀ, ਜੋ ਹੈ ਸਮਿਆਂ ਦਾ ਸੱਚ।
ਹਾਰ ਜਾਣੀਆਂ ਨਫਰਤ, ਘ੍ਰਿਣਾ ਅਤੇ ਵਿਰੋਧ ਦੀਆਂ ਲਿਖਤਾਂ। ਜਿੱਤ ਜਾਣਾ ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਬਾਬਾ ਨਜ਼ਮੀ, ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਿਰਤਾਂ ਵਿਚਲਾ ਕਿਰਨ-ਕਾਫਲਾ, ਜਿਨ੍ਹਾਂ ਨੇ ਹਨੇਰੇ ਰਾਹਾਂ ਵਿਚ ਹਮੇਸ਼ਾ ਰੌਸ਼ਨੀ ਫੈਲਾਈ।
ਹਾਰ ਜਾਣੇ ਮੰਦਿਰ, ਮਸਜਿਦ, ਗੁਰਦੁਆਰੇ ਅਤੇ ਚਰਚਾਂ ‘ਤੇ ਕਾਬਜ਼ ਅਧਰਮੀ ਲੋਕ। ਜਿੱਤ ਜਾਣੀਆਂ ਭਲਿਆਈ, ਚੰਗਿਆਈ ਤੇ ਬੰਦਿਆਈ ਦੀਆਂ ਬਰਕਤਾਂ, ਜਿਨ੍ਹਾਂ ਵਿਚੋਂ ਜਿੰ.ਦਗੀ ਨੂੰ ਨਵੀਂ ਸੇਧ, ਸੁਪਨਾ ਅਤੇ ਸਮਰਪਣ ਦਾ ਅਹਿਸਾਸ। ਆਦਮੀਅਤ ਦਾ ਜਿੱਤਣਾ ਹੀ ਸਭ ਤੋਂ ਵੱਡਾ ਜਸ਼ਨ।
ਹਾਰ ਜਾਣੀਆਂ ਨੇ ਵਲਗਣਾਂ, ਕੰਧਾਂ ਅਤੇ ਓਹਲੇ। ਜਿੱਤ ਜਾਣੇ ਖੁੱਲ੍ਹੇ ਵਿਹੜੇ, ਦੂਰ ਤੀਕ ਫੈਲਦੇ ਖੇਤ, ਵਿਸ਼ਾਲ ਅੰਬਰ, ਹਵਾ, ਧਰਤੀ, ਪਾਣੀ ਅਤੇ ਪਰਿੰਦਿਆਂ ਦੀ ਉਡਾਣ।
ਹਾਰ ਜਾਣੀ ਸੰਕੀਰਨਤਾ, ਸਾਜਿਸ਼ ਅਤੇ ਸੂਲੀ। ਜਿੱਤ ਜਾਣੀ ਵਿਚਾਰਕ-ਸਾਂਝ, ਇਕ ਦੂਜੇ ਦੇ ਦਰਦਾਂ ਦੀ ਹਾਥ, ਕਿਸੇ ਦੀ ਪੀੜ ਵਿਚ ਬਣਿਆ ਹੰਝੂ, ਦੂਜੇ ਦੀ ਖੁਸ਼ੀ ਵਿਚ ਪਾਏ ਭੰਗੜੇ ਅਤੇ ਦੂਜੇ ਦੀ ਆਮਦ ਵਿਚ ਡਾਹਿਆ ਦਿਲ ਦਾ ਪੀੜ੍ਹਾ।
ਹਾਰ ਜਾਣੇ ਤੁਅੱਸਬੀ ਲੋਕ। ਜਿੱਤ ਜਾਣਾ ਬਾਬਾ ਨਾਨਕ, ਰਾਮ, ਸ਼ੇਖ ਫਰੀਦ, ਸਾਈਂ ਮੀਆਂ ਮੀਰ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਭਗਤ ਅਤੇ ਪੀਰ।
ਹਾਰ ਜਾਣੀ ਨਿੱਕੇ ਜਿਹੇ ਦਾਇਰੇ ਵਿਚ ਸਿਮਟੀ ਮਾਨਸਿਕਤਾ ਵਿਚਲੀ ਕਮੀਨਗੀ। ਜਿੱਤ ਜਾਣਾ ਨਨਕਾਣਾ ਸਾਹਿਬ, ਅਜਮੇਰ, ਦਿੱਲੀ, ਲਾਹੌਰ, ਕਟਾਸ ਰਾਜ ਅਤੇ ਅੰਮ੍ਰਿਤਸਰ।
ਹਾਰ ਜਾਣੀਆਂ ਬਖਤਰਬੰਦ ਗੱਡੀਆਂ, ਟੈਂਕ, ਤੋਪਾਂ, ਤਲਵਾਰਾਂ, ਬਰਛੇ, ਨੇਜ਼ੇ ਅਤੇ ਤੀਰ। ਜਿੱਤ ਜਾਣਾ ਕਲਮਾਂ, ਦਵਾਤਾਂ, ਪਹਾੜਿਆਂ ਅਤੇ ਮੁਹਾਰਨੀ ਦਾ ਮੰਗਲਾਚਾਰ।
ਹਾਰ ਜਾਣੀਆਂ ਉਜਾੜਾਂ, ਥੇਹ, ਮਾਰੂਥਲ ਅਤੇ ਬਰੇਤੇ। ਜਿੱਤ ਜਾਣੇ ਪਿੰਡ, ਸ਼ਹਿਰ, ਦਰਿਆ ਅਤੇ ਬੰਦੇ ਜੰਮਣ ਵਾਲੀਆਂ ਜਮੀਨਾਂ।
ਹਾਰ ਜਾਣੀਆਂ ਚਾਲਾਂ, ਚਾਣਕੀਆ ਅਤੇ ਚਲਾਕੀਆਂ। ਜਿੱਤ ਜਾਣੀਆਂ ਸੁੰਦਰ ਸੁਪਨੇ ਦੀਆਂ ਤਰਕੀਬਾਂ ਅਤੇ ਸੁਖਨ-ਸੋਚ ਵਿਚਲਾ ਜੀਵਨ ਦਾ ਸ਼ੁਭ-ਆਗਮਨ।
ਹਾਰ ਜਾਣੀਆਂ ਕਰਤੂਤਾਂ, ਕੋਹਝ ਅਤੇ ਕਰੂਰਤਾ, ਜਿਨ੍ਹਾਂ ਨੇ ਮੁਹਾਂਦਰਿਆਂ ਨੂੰ ਧੁਆਂਖਣਾ। ਜਿੱਤ ਜਾਣੇ ਕਰਨੀਆਂ, ਕੀਰਤੀਆਂ ਅਤੇ ਕਰਮਯੋਗਤਾ ਵਿਚਲੇ ਕੀਰਤੀਮਾਨ।
ਹਾਰ ਜਾਣੀ ਸਿਉਂਕੀ ਸੋਚ, ਸਰਾਪ ਅਤੇ ਤੰਗ-ਦਿਲੀ। ਜਿੱਤ ਜਾਣਾ ਵਰ, ਵਰਦਾਨ, ਵਜੂਦ ਅਤੇ ਵੰਝਲੀਆਂ, ਜੋ ਨੇ ਮਨੁੱਖ-ਭਾਵੀ ਹੋਣ ਦਾ ਫਰਜ਼।
ਹਾਰ ਜਾਣਾ ਹਫਣਾ, ਹਾਰਨਾ, ਹੰਭਣਾ, ਹੌਂਕਣਾ ਅਤੇ ਹਿਝੋਕੇ। ਜਿੱਤ ਜਾਣੀਆਂ ਜ਼ਿੰਦਗਾਨੀਆਂ, ਜਵਾਨੀਆਂ ਅਤੇ ਜਿੱਤਾਂ।
ਹਾਰ ਜਾਣੀ ਰੁੰਡ-ਮਰੁੰਡਤਾ, ਹੀਣਤਾ ਅਤੇ ਹਰਖ। ਜਿੱਤ ਜਾਣੀਆਂ ਕੋਮਲ ਪੱਤੀਆਂ, ਕੂਲੀਆਂ ਲਗਰਾਂ, ਬਹਾਰਾਂ ਦੀ ਰੁੱਤ, ਫੁੱਲਾਂ ਦੇ ਰੰਗ, ਮਹਿਕਾਂ ਦਾ ਵਣਜ, ਤਿਤਲੀਆਂ ਦੀ ਰੰਗ-ਬਿਰੰਗਤਾ ਅਤੇ ਇਨ੍ਹਾਂ ਦੇ ਪਰਾਂ ਵਿਚ ਨਿੱਕੀ-ਨਿੱਕੀ ਪਰਵਾਜ਼ ਦਾ ਹੁਲਾਰ।
ਹਾਰ ਜਾਣੀ ਮੱਸਿਆ, ਝੱਖੜ, ਹਨੇਰੀ ਅਤੇ ਅਲਾਮਤਾਂ ਦਾ ਸ਼ੋਰ। ਜਿੱਤ ਜਾਣੀ ਪੁੰਨਿਆਂ, ਬਨੇਰੇ ‘ਤੇ ਜਗਦੀ ਮੋਮਬੱਤੀਆਂ ਦੀ ਡਾਰ, ਰੁਮਕਦੀ ਪੌਣ ਅਤੇ ਨਿਆਮਤਾਂ ਦੀ ਨਿਰਮਲ-ਧਾਰਾ।
ਹਾਰ ਜਾਣਾ ਬੋਲਾਂ ਵਿਚਲਾ ਜ਼ਹਿਰ, ਕਹਿਰੀ ਕਹਿਰ ਅਤੇ ਖੰਡਰ ਸ਼ਹਿਰ। ਜਿੱਤ ਜਾਣੀ ਅੰਮ੍ਰਿਤਧਾਰਾ, ਬਰਸਦੀ ਮਿਹਰ ਅਤੇ ਘੁੱਗ ਵੱਸਦਾ ਮਿੱਤਰਾਂ ਦਾ ਸ਼ਹਿਰ, ਜਿਸ ਦੀ ਹਰ ਨੁੱਕਰ ਵਿਚੋਂ ਉਗਮਦੀ ਹੈ ਸਵੇਰ ਅਤੇ ਹਰ ਗਲੀ ‘ਚ ਗੂੰਜਦੀ ਫੱਕਰਾਂ ਦੀ ਇਲਹਾਮੀ ਹੂਕ।
ਹਾਰ ਜਾਣੀ ਸੁੰਨ-ਮਸਾਨ, ਮੂਕ-ਚੁੱਪ, ਅੰਤਿਮ-ਅਰਦਾਸ ਅਤੇ ਮਰਸੀਆ। ਜਿੱਤ ਜਾਣੀ ਹਰਦਿਲ-ਅਜ਼ੀਜੀ, ਮੰਨਤਾਂ ਤੇ ਮੁਰਾਦਾਂ ਦੀ ਮਰਿਆਦਾ ਅਤੇ ਜਿਉਂਦੇ ਰਹਿਣ ਦੀ ਦੁਆ।
ਹਾਰ ਜਾਣੀ ਨਮੋਸ਼ੀ, ਨਾਕਾਰਾਤਮਕਤਾ ਅਤੇ ਨਾਲਾਇਕੀ। ਜਿੱਤ ਜਾਣੀ ਸਾਕਾਰਾਤਮਕਤਾ, ਸੁਪਨਾ ਅਤੇ ਸਰਗੋਸ਼ੀ, ਜਿਸ ਨੇ ਜ਼ਿੰਦਗੀ ਨੂੰ ਜਿਉਣ ਦਾ ਵੱਲ ਸਿਖਾਉਣਾ ਅਤੇ ਸੂਝ-ਸਿਆਣਪ ਨੂੰ ਜੀਵਨ-ਪਗਡੰਡੀ ‘ਚ ਉਪਜਾਣਾ।
ਹਾਰ ਜਾਣੀਆਂ ਭੂਤਰੀ ਹਵਾ, ਔਂਤਰੀ ਫਿਜ਼ਾ ਅਤੇ ਸਾੜ-ਸਤੀ ਵਰਤਾਉਣ ਵਾਲੀ ਬਲਾ। ਜਿੱਤ ਜਾਣੀ ‘ਵਾਵਾਂ ਦੀ ਧੁਨ, ਪੌਣਾਂ ਦੀ ਪਾਕੀਜ਼ਗੀ ਅਤੇ ਦਰਦਮੰਦਾਂ ਲਈ ਦੁਆ, ਜਿਨ੍ਹਾਂ ਨੇ ਬਣਨਾ ਔੜਾਂ ਦੇ ਪਿੰਡੇ ਦੀਆਂ ਕਾਲੀਆਂ ਘਟਾਵਾਂ ਅਤੇ ਭੁੱਖਮਰੀ ਦੀ ਜਹਾਲਤ ਲਈ ਅਦਲੀ-ਅਦਾ।
ਹਾਰ ਜਾਣੇ ਝੂਠ, ਝਮੇਲੇ, ਝਗੜੇ ਅਤੇ ਝਰੀਟਾਂ। ਜਿੱਤ ਜਾਣਾ ਸੱਚ, ਸੁਲਾਹ, ਸਮਝੌਤਾ ਅਤੇ ਸਿਹਤਮੰਦੀ, ਜਿਸ ਨੇ ਜਗਾਉਣਾ ਹਰ ਵਿਹੜੇ ਵਿਚ ਚਿਰਾਗ, ਹਰ ਚੁੱਲ੍ਹੇ ਦੀ ਅੱਗ ਨੇ ਕਰਨੀਆਂ ਚੁਗਲੀਆਂ ਅਤੇ ਚੌਂਕੇ ਵਿਚ ਲੱਗਣੀ ਪਰਿਵਾਰਕ-ਮਹਿਫਿਲ। ਕੰਧਾਂ ਦੀਆਂ ਵਲਗਣਾਂ ਨੇ ਬਣਨਾ ਘਰ ਅਤੇ ਕਮਰਿਆਂ ਨੇ ਕਰਨੀ ਕਰਮੀਆਂ ਲਈ ਕਾਮਨਾ।
ਹਾਰ ਜਾਣਾ ਹਾਕਮ, ਹੰਕਾਰ ਅਤੇ ਹੈਂਕੜ। ਜਿੱਤ ਜਾਣੀ ਨਿਰਮਾਣਤਾ, ਨੀਝ, ਨਿਰਮਲਤਾ ਅਤੇ ਨਿਮਰਤਾ।
ਹਾਰ ਜਾਣਾ ਤੁਫਾਨਾਂ ਦਾ ਕਹਿਰ, ਹਵਾਵਾਂ ਦੀ ਤਬਾਹੀ ਅਤੇ ਛੰਨਾਂ ਤੇ ਢਾਰਿਆਂ ‘ਚੋਂ ਪੈਦਾ ਹੋਣ ਵਾਲਾ ਰੁਦਨ ਤੇ ਵਿਰਲਾਪ। ਜਿੱਤ ਜਾਣੀ ਜੀਵਨ ਬਖਲਣ ਵਾਲੀ ਕੁਦਰਤੀ ਨਿਆਮਤਾਂ ਦੀ ਦੇਣ।
ਹਾਰ ਜਾਣੀਆਂ ਚੀਖਾਂ, ਘਬਰਾਹਟ, ਚਿੜਚਿੜਾਪਣ ਅਤੇ ਚੀਖ-ਚਿਹਾੜਾ। ਜਿੱਤ ਜਾਣੀਆਂ ਬੱਚਿਆਂ ਦੀਆਂ ਲੋਰੀਆਂ, ਪੂਰਨੇ, ਪਹਾੜੇ, ਕਲਮਾਂ, ਫੱਟੀਆਂ ਅਤੇ ਕਿਤਾਬਾਂ ਵਿਚ ਰੱਖੇ ਮੋਰ-ਪੰਖ।
ਹਾਰ ਜਾਣੇ ਚਮਗਿੱਦੜ, ਹਵਾਂਕਦੇ ਗਿੱਦੜ ਅਤੇ ਰੋਂਦੀ ਕਤੀੜ। ਜਿੱਤ ਜਾਣੇ ਚੌਂਕੇ ‘ਤੇ ਪਾਏ ਘੁੱਗੀਆਂ ਤੇ ਮੋਰ, ਦਰੀਆਂ ‘ਤੇ ਟਹਿਕਦੇ ਫੁੱਲ ਅਤੇ ਕੰਧਾਂ ‘ਤੇ ਉਕਰੇ ਵੇਲ-ਬੂਟੇ, ਜੋ ਨੇ ਜ਼ਿੰਦਗੀ ਦਾ ਦਾਨ।
ਹਾਰ ਜਾਣਾ ਸੇਜਾਂ, ਸਾਥ, ਸਾਂਝਾਂ, ਸੱਜਣਤਾਈ ਅਤੇ ਸੱਥਾਂ ‘ਤੇ ਪੈਣ ਵਾਲਾ ਪ੍ਰਭਾਵੀ ਸਰਾਪ। ਜਿੱਤ ਜਾਣਾ ਕਮਰਿਆਂ ਵਿਚ ਪਸਰਿਆ ਚੁਲਬੁਲਾਪਣ, ਰਾਂਗਲਾ ਪਲੰਘ, ਹਾਸੇ-ਠੱਠਿਆਂ ਦੀ ਮੰਡਲੀ, ਮਿੱਤਰ-ਮੋਢਿਆਂ ਦਾ ਮਾਣ ਅਤੇ ਸਾਂਵੀਂ ਸੋਚ ਵਿਚਲੀ ਸਥਿਰਤਾ ਤੇ ਸਦੀਵਤਾ।
ਹਾਰ ਜਾਣੇ ਨਿੱਜੀ ਮੁਫਾਦ, ਸੌੜੀ ਸੋਚ ਅਤੇ ਸੋਗੀ ਵਾਤਾਵਰਣ। ਜਿੱਤ ਜਾਣਾ ਸਰਬੱਤ ਦਾ ਭਲਾ, ਸ਼ੁਭ-ਕਰਮਨ ਅਤੇ ਵਿਸ਼ਵ-ਦਾਇਰਿਆਂ ਵਿਚ ਵਿਸ਼ਾਲਤਾ ਦਾ ਪ੍ਰਵਾਹ।
ਹਾਰ ਜਾਣੇ ਤਿਜੋਰੀਆਂ ਅਤੇ ਤਹਿਖਾਨਿਆਂ ਵਿਚ ਤਹਿ-ਦਰ-ਤਹਿ ਲੱਗਣ ਵਾਲੇ ਧਨ-ਅੰਬਾਰਾਂ ਦੇ ਅੰਕੜੇ। ਜਿੱਤ ਜਾਣੀ ਗਰੀਬੀ, ਗੁਰਬਤ, ਗੁੰਮਨਾਮੀ ਅਤੇ ਗਨੀਮਤ ਨੂੰ ਗਲੇ ਲਾ ਕੇ ਨਵੇਂ ਸਮਾਜ ਤੇ ਸਰੋਕਾਰਾਂ ਦੀ ਸਿਰਜਣ-ਸੋਝੀ।
ਹਾਰ ਜਾਣੀ ਹਾਬੜੇ ਹਾਵ-ਭਾਵ ਦੀ ਹਰਕਤ ਅਤੇ ਹਲਕਿਆ ਹਰਕਾਰਾ। ਜਿੱਤ ਜਾਣਾ ਸਹਿਜ, ਸੰਤੋਖ, ਸੂਖਮਤਾ ਅਤੇ ਸੰਪੂਰਨਤਾ ਵਿਚੋਂ ਜੀਵਨ ਦੇ ਸੁੱਚਮ ਲੋਚਣ ਵਾਲੀ ਸੋਚ-ਧਾਰਾ।
ਹਾਰ ਜਾਣੇ ਮਹਿਲ ਮੁਨਾਰੇ, ਬਹੁ-ਮੰਜ਼ਿਲੇ ਚੁਬਾਰੇ ਅਤੇ ਉਚ-ਦੁਮੇਲੜੇ ਦੁਆਰੇ। ਜਿੱਤ ਜਾਣੀਆਂ ਕੁੱਲੀਆਂ, ਢਾਰੇ, ਛੰਨਾਂ ਅਤੇ ਚਾਰ ਕੁ ਖਾਨਿਆਂ ਵਾਲੇ ਬਿਨ-ਬੂਹੇ ਘਰ ਦੇ ਖੁੱਲ੍ਹੇ ਭਿੱਤ।
ਹਾਰ ਜਾਣੇ ਬਗਲ ‘ਚ ਛੁਪਾਏ ਹਥਿਆਰ, ਮਨ ਦੇ ਮਾਰੂ ਵਿਚਾਰ ਅਤੇ ਕੱਛ ਵਿਚ ਲਕੋਈ ਕਟਾਰ। ਜਿੱਤ ਜਾਣੀ ਸ਼ਬਦਾਂ ਦੀ ਫੁਹਾਰ, ਬੋਲਾਂ ਦੀਆਂ ਫੁੱਲਪੱਤੀਆਂ ਅਤੇ ਨੈਣਾਂ ਵਿਚ ਲੋਕਾਈ ਦੀ ਲੋਰ।
ਹਾਰ ਜਾਣਾ ਪਾਪ, ਪਤਝੜੀ-ਅੰਦਾਜ਼ ਅਤੇ ਪਖੰਡ। ਜਿੱਤ ਜਾਣਾ ਪੁੰਨ, ਕੂਲੇ ਪੱਤਿਆਂ ਦੀ ਰੁੱਤ ਅਤੇ ਅਸਲੀਅਤ ਦੀ ਅਲੰਮਬਰਤਾ।
ਹਾਰ ਜਾਣਾ ਕਤਲ, ਕੁਹਰਾਮ, ਕਠੋਰਤਾ ਅਤੇ ਕਰੂਪਤਾ। ਜਿੱਤ ਜਾਣਾ ਜੀਵਨ, ਮਹਿਫਿਲ, ਕੋਮਲਤਾ ਅਤੇ ਭਾਈ ਘਨੱਈਆ।
ਹਾਰ ਜਾਣੀ ਹਾਸਿਆਂ ਦੀ ਹਵਾਲਾਤ ਅਤੇ ਕਹਿਕਹਿਆਂ ਦੀ ਕਾਲ-ਕੋਠੜੀ। ਜਿੱਤ ਜਾਣੀ ਚਾਵਾਂ ਦੀ ਚੰਗੇਰ ਅਤੇ ਸੂਰਜ-ਸੰਧਾਰਾ।
ਹਾਰ ਜਾਣਾ ਦੈਂਤ, ਰਾਖਸ਼ਸ਼ ਅਤੇ ਰਾਵਣ। ਜਿੱਤ ਜਾਣਾ ਦੇਵਤਾ, ਦਾਨੀ ਅਤੇ ਹਾਸਾ।
ਹਾਰ ਜਾਣੇ ਧੌਣਾਂ ‘ਚ ਗੱਡੇ ਕਿੱਲੇ, ਹੰਕਾਰ, ਹਠ-ਧਰਮੀ ਅਤੇ ਹਿੰਡ। ਜਿੱਤ ਜਾਣੀ ਹਲੀਮੀ, ਹਰਮਨ-ਪਿਆਰਤਾ ਅਤੇ ਹਾਂ-ਮੁਖੀ ਹੁੰਗਾਰਾ।
ਹਾਰ ਜਾਣੀ ਤੋਤਲੇ ਬੋਲਾਂ ‘ਤੇ ਹੋਣ ਵਾਲੀ ਗੜ੍ਹੇਮਾਰੀ, ਮਿੱਟੀ ਦੇ ਖਿਡੌਣਿਆਂ ਨੂੰ ਖੋਹਣ ਅਤੇ ਫੇਹਣ ਦੀ ਬਿਰਤੀ। ਜਿੱਤ ਜਾਣਾ ਮਾਪਿਆਂ ਦਾ ਬੱਚਿਆਂ ਲਈ ਲਾਡ-ਪਿਆਰ, ਦੁਲਾਰ, ਗੋਦ ਦਾ ਨਿੱਘ, ਬੁੱਕਲ ਦੀ ਓਟ ਅਤੇ ਸਿਰ ਦੀ ਛਾਂ।
ਹਾਰ ਜਾਣੀਆਂ ਰਾਹ ਦੀਆਂ ਖਾਈਆਂ, ਪੈਂਡਿਆਂ ਵਿਚਲੇ ਕੰਡੇ, ਤੇਜ਼ ਤੱਤੀਆਂ ਲੂਆਂ ਅਤੇ ਚੌਮਾਸੇ। ਜਿੱਤ ਜਾਣੇ ਬਾਲਾਂ ਦੇ ਗਡੀਰੇ, ਬਜੁਰਗਾਂ ਦੀਆਂ ਡੰਗੋਰੀਆਂ, ਮਾਂ ਲਈ ਜਵਾਨ ਮੋਢੇ ਅਤੇ ਮੋਹ-ਭਿੱਜੀ ਮਮਤਾ।
ਹਾਰ ਜਾਣੀ ਸਿਰ ‘ਤੇ ਲਈ ਜਾਣ ਵਾਲੀ ਚਿੱਟੀ ਚੁੰਨੀ, ਦੀਦਿਆਂ ਵਿਚ ਸੁਪਨਿਆਂ ਦਾ ਮਾਤਮ ਅਤੇ ਹੋਠਾਂ ‘ਤੇ ਚੁੱਪ ਦੀ ਪੇਪੜੀ। ਜਿੱਤ ਜਾਣੀ ਸਿਰ ‘ਤੇ ਸਜੀ ਸੂਹੀ ਫੁਲਕਾਰੀ, ਸੰਧੂਰੀ ਸੁਪਨਿਆਂ ਦਾ ਸੱਚ ਅਤੇ ਬੁੱਲ੍ਹਾਂ ‘ਤੇ ਨਿੱਕੀਆਂ-ਨਿੱਕੀਆਂ ਬਾਤਾਂ ਤੇ ਹੁੰਗਾਰੇ।
ਹਾਰ ਜਾਣੇ ਮਜ਼ਮੇ, ਮਸਖਰੇ ਅਤੇ ਮਖੌਟੇ। ਜਿੱਤ ਜਾਣਾ ਭਰਾਤਰੀ ਭਾਵ, ਪਾਕ-ਵਿਚਾਰ ਅਤੇ ਅਸਲੀਅਤ ਦਾ ਦੀਦਾਰ।
ਹਾਰ ਜਾਣੀ ਬੁਰਿਆਈ, ਬਦਬੂ, ਬਦ-ਇਖਲਾਕੀ ਅਤੇ ਬਦ-ਅਮਨੀ। ਜਿੱਤ ਜਾਣੀ ਚੰਗਿਆਈ, ਖੁਸ਼ਬੋਈ, ਇਖਲਾਕ ਅਤੇ ਚਿੱਟੇ ਕਬੂਤਰਾਂ ਦੀ ਲਾਮਡੋਰੀ।
ਹਾਰ ਜਾਣੀ ਜੰਗ, ਜ਼ੁਲਮ, ਜਨੂੰਨ ਅਤੇ ਜਾਹਲਪੁਣਾ। ਜਿੱਤ ਜਾਣਾ ਜ਼ਜਬਾ, ਜਜ਼ਬਾਤ, ਜਿੰ.ਦਗੀ ਅਤੇ ਜਿੰ.ਦਗੀਨਾਮਾ।
ਅਜਿਹੇ ਮੌਕੇ ‘ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣਾ ਤਾਂ ਬਣਦਾ ਹੀ ਹੈ।