ਬਲਜੀਤ ਬਾਸੀ
ਖੇਡਾਂ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ-ਸਰੀਰਕ, ਦਿਮਾਗੀ ਅਤੇ ਚਾਂਸ ਜਾਂ ਸਬੱਬ ਵਾਲੀਆਂ। ਮੇਰੇ ਖਿਆਲ ਵਿਚ ਨਿਰੀ ਸਰੀਰਕ ਖੇਡ ਕੋਈ ਨਹੀਂ ਹੁੰਦੀ, ਫੁੱਟਬਾਲ, ਕਬੱਡੀ, ਕੁਸ਼ਤੀ ਆਦਿ ਕਿਸੇ ਵੀ ਸਰੀਰਕ ਕਹੀ ਜਾਂਦੀ ਖੇਡ ਵਿਚ ਦਿਮਾਗ ਦੀ ਵਰਤੋਂ ਦੇ ਨਾਲ ਦਾਅ-ਪੇਚ ਚਲਾਉਣੇ ਬੜੇ ਜ਼ਰੂਰੀ ਹੁੰਦੇ ਹਨ ਅਤੇ ਚਾਂਸ ਵੀ ਆਪਣਾ ਰੋਲ ਅਦਾ ਕਰਦਾ ਹੈ। ਦੂਜੇ ਪਾਸੇ ਬਹੁਤ ਸਾਰੀਆਂ ਦਿਮਾਗੀ ਖੇਡਾਂ ਨਿਰੀਆਂ ਦਿਮਾਗੀ ਹੋ ਸਕਦੀਆਂ ਹਨ, ਜਿਵੇਂ ਤਾਸ਼, ਸ਼ਤਰੰਜ, ਚੌਪਟ ਆਦਿ, ਪਰ ਇਨ੍ਹਾਂ ਵਿਚ ਵੀ ਚਾਂਸ ਭਾਰੀ ਪੈ ਜਾਂਦਾ ਹੈ। ਕੁਝ ਨਿਰੀਆਂ ਚਾਂਸ ਵਾਲੀਆਂ ਖੇਡਾਂ ਵੀ ਹੁੰਦੀਆਂ ਹਨ, ਜਿਵੇਂ ਬੱਚਿਆਂ ਦੀ ਨੋਟ ਭੰਨਾਉਣ ਵਾਲੀ ਤਾਸ਼ ਦੀ ਖੇਡ।
ਜੂਏ ਦੀਆਂ ਖੇਡਾਂ ਵਿਚ ਭਾਵੇਂ ਕੁਝ ਹੱਦ ਤੱਕ ਦਿਮਾਗ ਦੀ ਵਰਤੋਂ ਵੀ ਹੁੰਦੀ ਹੈ, ਪਰ ਇਨ੍ਹਾਂ ਦਾ ਸਿੱਟਾ ਬਹੁਤਾ ਚਾਂਸ, ਮੌਕਾਮੇਲ ਜਾਂ ਸਬੱਬ ‘ਤੇ ਨਿਰਭਰ ਕਰਦਾ ਹੈ। ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬਹੁਤ ਸਾਰਾ ਧਨ ਦੌਲਤ, ਜਾਂ ਹੋਰ ਕੀਮਤੀ ਚੀਜ਼ਾਂ ਇਸ ਚਾਂਸ ‘ਤੇ ਨਿਰਭਰ ਕਰਦਿਆਂ ਦਾਅ ‘ਤੇ ਲਾ ਦਿੰਦੇ ਹਾਂ। ਵਿਸ਼ਾਲ ਪਰਿਪੇਖ ਵਿਚ ਦੇਖੀਏ ਤਾਂ ਕਿਸੇ ਨੂੰ ਕਸ਼ਟ ਦੇਣ ਜਾਂ ਹੀਣਾ ਦਿਖਾਉਣ ਦੀ ਮਨਸ਼ਾ ਵੀ ਜੂਆ ਹੀ ਹੈ। ਬਚਪਨ ਵਿਚ ਖੁਨੂੰ-ਖੁਨੂੰ ਖੇਡੀਦੀ ਸੀ। ਖੇਡ ਵਿਚ ਇਕ ਜਣਾ ਹੱਥ ਵਿਚ ਬੰਟੇ ਘੁੱਟ ਲੈਂਦਾ, ਦੂਜੇ ਨੇ ਬੁੱਝਣੇ ਹੁੰਦੇ ਕਿ ਮੁੱਠ ਵਿਚ ਕਿੰਨੇ ਬੰਟੇ ਲੁਕੋਏ ਹਨ। ਜੇ ਦੂਜਾ ਸਹੀ ਦੱਸ ਦੇਵੇ ਤਾਂ ਉਹ ਵਾਰੀ ਲੈਂਦਾ ਸੀ, ਨਹੀਂ ਤਾਂ ਗਲਤ ਦੱਸਣ ਵਾਲੇ ਦਾ ਹੱਥ ਪੁੱਠਾ ਕਰਕੇ ਬੰਟਿਆਂ ਵਾਲਾ ਖੁੰਨੂੰ ਖੁਨੂੰ ਕਹਿੰਦਿਆਂ ਉਸ ਤੇ ਓਨਾ ਚਿਰ ਮੁੱਕੇ ਮਾਰਦਾ ਰਹਿੰਦਾ ਸੀ, ਜਿੰਨਾ ਚਿਰ ਉਸ ਦਾ ਸਾਹ ਨਾ ਮੁੱਕ ਜਾਂਦਾ। ਕਈ ਸੰਵਦੇਨਹੀਣ ਮਾਰ ਮਾਰ ਕੇ ਹਮਾਤੜ ਦੇ ਮਲੂਕ ਹੱਥ ਨੀਲੇ ਕਰ ਦਿੰਦੇ ਸਨ।
ਮੇਰਾ ਖਿਆਲ ਹੈ ਕਿ ਖੁਨੂੰ ਸ਼ਬਦ ਸ਼ੁਨਯ ਤੋਂ ਬਣਿਆ ਹੈ, ਜਿਸ ਦਾ ਅਰਥ ਖਾਲੀ ਹੁੰਦਾ ਹੈ, ਕਿਉਂਕਿ ਕਈ ਵਾਰੀ ਹੱਥ ਵਿਚ ਕੋਈ ਵੀ ਬੰਟਾ ਨਹੀਂ ਸੀ ਰੱਖਿਆ ਜਾਂਦਾ। ਇਸੇ ਤੋਂ ਸੁੰਨ ਸ਼ਬਦ ਵੀ ਬਣਿਆ ਹੈ। ਬੰਟਿਆਂ ਦੀਆਂ ਖੇਡਾਂ ਪੈਸੇ ਲਾ ਕੇ ਵੀ ਖੇਡੀਆਂ ਜਾਂਦੀਆਂ ਸਨ, ਹੋਰ ਨਹੀਂ ਤਾਂ ਜਿੱਤੇ ਹੋਏ ਬੰਟੇ ਵੀ ਕੌਡੀਆਂ ਦੀ ਤਰ੍ਹਾਂ ਜਿੱਤੀ ਮੁਦਰਾ ਹੀ ਸਮਝੇ ਜਾਂਦੇ ਸਨ। ਸਲੇਟੀਆਂ ਤੇ ਠੀਕਰੀਆਂ ਨਾਲ ਨੱਕਾ ਪੂਰ ਵੀ ਬਥੇਰਾ ਖੇਡਿਆ ਹੈ।
ਮੈਂ ਇੱਕ ਹੋਰ ਨਜ਼ਰੀਏ ਤੋਂ ਵੀ ਹਰ ਖੇਡ ਨੂੰ ਜੂਆ ਆਖ ਰਿਹਾ ਹਾਂ। ਅੰਗਰੇਜ਼ੀ ਵਿਚ ਜੂਏ ਲਈ ਘਅਮਬਲe ਸ਼ਬਦ ਹੈ। ਇਹ ਪੁਰਾਣੀ ਅੰਗਰੇਜ਼ੀ ਦੇ ਸ਼ਬਦ ਘਅਮeਨeਨ ਤੋਂ ਬਣਿਆ ਹੈ, ਜਿਸ ਦਾ ਅਰਥ ਖੇਡਣਾ, ਹਾਸਾ ਠੱਠਾ ਕਰਨਾ, ਮਖੌਲ ਕਰਨਾ ਆਦਿ ਹੈ। ਇਹ ਹੋਰ ਅੱਗੇ ਗੇਮ ਘਅਮe ਸ਼ਬਦ ਨਾਲ ਹੀ ਜਾ ਜੁੜਦਾ ਹੈ। ਇਹ ਜਰਮੈਨਿਕ ਅਸਲੇ ਦਾ ਸ਼ਬਦ ਹੈ, ਇਸ ਲਈ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵੀ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ।
ਮਧਯੁੱਗ ਵਿਚ ਖੇਡ-ਕੁੱਦ, ਸ਼ਤਰੰਜ ਤੇ ਹੋਰ ਅਜਿਹੀਆਂ ਖੇਡਾਂ ਲਈ ਇਹ ਸ਼ਬਦ ਵਰਤਿਆ ਜਾਂਦਾ ਸੀ। ਸ਼ਿਕਾਰ ਕਰਨ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਮਾਰੇ ਜਾਂ ਫੜੇ ਸ਼ਿਕਾਰ ਨੂੰ ਅੱਜ ਵੀ ਗੇਮ ਕਿਹਾ ਜਾਂਦਾ ਹੈ। ਕੰਪਿਊਟਰ ਦੀਆਂ ਜੂਏ ਵਾਲੀਆਂ ਖੇਡਾਂ ਨੂੰ ਵੀ ਗੇਮ ਹੀ ਕਿਹਾ ਜਾਂਦਾ ਹੈ। ਸਾਡੀਆਂ ਭਾਸ਼ਾਵਾਂ ਵਿਚ ਸ਼ਿਕਾਰ ‘ਤੇ ਜਾਣ ਨੂੰ ਸ਼ਿਕਾਰ ਖੇਡਣਾ ਕਹਿੰਦੇ ਹਨ ਤੇ ਜੂਆ ਵੀ ਖੇਡਿਆ ਜਾਂਦਾ ਹੈ। ਸਪੱਸ਼ਟ ਹੈ ਕਿ ਜੂਏ ਦਾ ਮਨੋਰਥ ਮਨੋਰੰਜਨ ਵੀ ਹੁੰਦਾ ਹੈ, ਜਿਸ ਦੀ ਜੇ ਲਤ ਪੈ ਜਾਵੇ ਤਾਂ ਬੰਦਾ ਬਰਬਾਦ ਹੋ ਸਕਦਾ ਹੈ, “ਜੂਐ ਜਨਮੁ ਸਭ ਬਾਜੀ ਹਾਰੀ॥” (ਗੁਰੂ ਰਾਮਦਾਸ)
ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਮੈਸੋਪੋਟੇਮੀਆ ਵਿਚ ਪਾਸੇ ਦੀ ਖੇਡ ਪ੍ਰਚਲਿਤ ਸੀ। ਤਿੰਨ ਹਜ਼ਾਰ ਸਾਲ ਪਹਿਲਾਂ ਚੀਨ ਵਿਚ ਜਾਨਵਰਾਂ ਦੀ ਲੜਾਈ ਦੇ ਮੁਕਾਬਲੇ ਹੋਇਆ ਕਰਦੇ ਸਨ। 10ਵੀਂ ਸਦੀ ਵਿਚ ਚੀਨ ਵਿਚ ਲੁੱਡੋ ਜਿਹੀਆਂ ਖੇਡਾਂ ਚੱਲੀਆਂ। 17ਵੀਂ ਸਦੀ ਦੇ ਪਹਿਲੇ ਅੱਧ ਵਿਚ ਇਟਲੀ ਵਿਚ ਕੈਸੀਨੋ ਚੱਲ ਪਏ। ਅੱਜ ਕਲ੍ਹ ਭਾਰਤ ਤੇ ਹੋਰ ਦੇਸ਼ਾਂ ਵਿਚ ਮਟਕਾ, ਚੌਪਟ, ਨੱਕਾਪੂਰ, ਫਲੈਸ਼, ਘੜਵੰਜ, ਪੋਕਰ, ਮਟਕਾ ਲਾਟਰੀ, ਰੋਲਟ, ਸਲਾਟ ਮਸ਼ੀਨ ਆਦਿ ਜੂਏ ਦੀਆਂ ਕਿਸਮਾਂ ਹਨ। ਪੁਰਾਣੇ ਭਾਰਤ ਵਿਚ ਕੋਈ ਪੰਜਾਹ ਕਿਸਮ ਦੀਆਂ ਖੇਡਾਂ ਜੂਏ ਵਜੋਂ ਖੇਡੀਆਂ ਜਾਂਦੀਆਂ ਸਨ। ਗੋਟੀਆਂ ਜਾਂ ਪਾਸਿਆਂ ਤੋਂ ਇਲਾਵਾ ਤਿੱਤਰ, ਬਟੇਰ, ਕੁੱਕੜ, ਹਾਥੀ, ਸ਼ੇਰ, ਝੋਟਿਆਂ, ਮੱਲਾਂ ਆਦਿ ਦੇ ਭੇੜ ਵੀ ਦਾਅ ਲਾ ਕੇ ਕਰਾਏ ਜਾਂਦੇ ਸਨ।
ਸਰਕਾਰਾਂ ਜੂਆ ਖੇਡਣ ਦੀ ਇਜਾਜ਼ਤ ਦਿੰਦੀਆਂ ਰਹੀਆਂ ਹਨ, ਕਿਉਂਕਿ ਇਸ ਨਾਲ ਸਰਕਾਰ ਨੂੰ ਟੈਕਸ ਦੇ ਰੂਪ ਵਿਚ ਢੇਰ ਸਾਰਾ ਪੈਸਾ ਮਿਲਦਾ ਹੈ। ਜੂਏ-ਘਰਾਂ ਵਿਚ ਲੜਾਈਆਂ ਝਗੜੇ ਹੁੰਦੇ ਹਨ, ਨਿਰਾਸ਼ਾ ਦਾ ਆਲਮ ਫੈਲਦਾ ਹੈ। ਘਰ ਬਰਬਾਦ ਹੁੰਦੇ ਹਨ। ਭਾਰਤ ਵਿਚ ਤਿਉਹਾਰਾਂ ਖਾਸ ਤੌਰ ‘ਤੇ ਦੀਵਾਲੀ ਅਤੇ ਹੋਲੀ ਮੌਕੇ ਜੂਆ ਖੇਡਣ ਦਾ ਰਿਵਾਜ ਹੈ।
ਭਾਰਤ ਵਿਚ ਜੂਆ ਸਦੀਆਂ ਤੋਂ ਪ੍ਰਚਲਿਤ ਰਿਹਾ ਹੈ। ਵੇਦਾਂ ਵਿਚ ਇਸ ਦਾ ਜ਼ਿਕਰ ਹੈ। ਪ੍ਰਾਚੀਨ ਵਿਚ ਇਸ ਨੂੰ ਅਕਸ਼ਕ੍ਰੀੜਾ ਜਾਂ ਅਕਸ਼ਦਯੂਤ ਕਿਹਾ ਜਾਂਦਾ ਸੀ। ਪੁਰਾਣੇ ਜ਼ਮਾਨੇ ਵਿਚ ਇਹ ਖੇਡ ਪਾਸਿਆਂ ਨਾਲ ਖੇਡੀ ਜਾਂਦੀ ਸੀ। ਇਨ੍ਹਾਂ ਨੂੰ ਸ਼ਲਾਕਾ (ਸਲਾਖ, ਸਲਾਈ) ਜਾਂ ਅਕਸ਼ ਵੀ ਕਿਹਾ ਜਾਂਦਾ ਸੀ। ‘ਪਾਸੇ ਪੁਠੇ ਪੈਣੇ’ ਮੁਹਾਵਰਾ ਪਾਸਿਆਂ ਦੀ ਖੇਡ ਤੋਂ ਹੀ ਬਣਿਆ ਹੈ। ਅਖਾੜਾ ਵਾਲੇ ਲੇਖ ਵਿਚ ਅਸੀਂ ਇਸ ਅਕਸ਼ ਦਾ ਜ਼ਿਕਰ ਕਰ ਆਏ ਹਾਂ।
ਪੁਰਾਣੇ ਜ਼ਮਾਨਿਆਂ ਵਿਚ ਰਾਜਿਆਂ ਵਲੋਂ ਜੂਆ ਖਿਡਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਜੂਆ ਖਿਡਾਉਣ ਵਾਲਿਆਂ ਨੂੰ ਦਿਯੁਤਾਅਧਿਅਕਸ਼ ਕਿਹਾ ਜਾਂਦਾ ਸੀ। ਇਨ੍ਹਾਂ ਦੀ ਜ਼ਿਮੇਵਾਰੀ ਹੁੰਦੀ ਸੀ ਕਿ ਉਹ ਜੁਆਰੀਆਂ ਨੂੰ ਪਾਸੇ ਜਾਂ ਅਕਸ਼ ਮੁਹੱਈਆ ਕਰਾਉਣ। ਪਾਸੇ ਜਾਂ ਅਕਸ਼ ਬਹੇੜੇ ਦੇ ਬੀਜ ਤੋਂ ਬਣਾਏ ਜਾਂਦੇ ਸਨ। ਅੱਜ ਅਸੀਂ ਇਸ ਨੂੰ ਗੀਟਾ ਜਾਂ ਗੋਟੀ ਵੀ ਆਖਦੇ ਹਾਂ। ਇਨ੍ਹਾਂ ਦੀ ਗਿਣਤੀ ਪੰਜ ਹੁੰਦੀ ਸੀ। ਗ੍ਰੰਥਾਂ ਵਿਚ ਇਨ੍ਹਾਂ ਦੇ ਨਾਂ ਵੀ ਦੱਸੇ ਗਏ ਹਨ ਜਿਵੇਂ ਅਕਸ਼ਰਾਜ, ਕਰਿਤ, ਤ੍ਰੇਤਾ, ਦਵਾਪਰ ਅਤੇ ਕਲਿ। ਇਨ੍ਹਾਂ ਲਈ ਸਮੁੱਚਵਚਕ ਸ਼ਬਦ ‘ਪੰਚਿਕਾ ਦਯੂਤ’ ਵੀ ਹੈ। ਜੇ ਪੰਜ ਗੋਟੀਆਂ ਚਿੱਤ ਡਿਗਣ ਜਾਂ ਪੁੱਠ ਡਿਗਣ ਤਾਂ ਗੋਟੀ ਸੁੱਟਣ ਵਾਲੇ ਦੀ ਜਿੱਤ ਹੁੰਦੀ ਸੀ। ਇੱਕ ਗੋਟੀ ਦੇ ਦੂਜੀਆਂ ਗੋਟੀਆਂ ਨਾਲੋਂ ਭਿੰਨ ਤਰ੍ਹਾਂ ਡਿਗ ਪੈਣ ਨਾਲ ਹਾਰ ਹੁੰਦੀ ਸੀ। ਅਜਿਹੀ ਹਾਰ ਨੂੰ ਇਕਪਰਿ ਕਿਹਾ ਜਾਂਦਾ ਸੀ। ਇਸ ਤਰ੍ਹਾਂ ਦੋ ਵਾਲੀਆਂ ਨੂੰ ਦਿਵਪਰਿ, ਤਿੰਨ ਵਾਲੀਆਂ ਨੂੰ ਤਿੰਨਪਰਿ ਅਤੇ ਚਾਰ ਵਾਲੀਆਂ ਨੂੰ ਚਤੁਸ਼ਪਰਿ ਕਿਹਾ ਜਾਂਦਾ ਸੀ। ਜਿੱਤਣ ਵਾਲਾ ਦਾਅ ਕਰਿਤ ਅਤੇ ਹਾਰਨ ਵਾਲਾ ਕਲਿ ਕਹਾਉਂਦਾ ਸੀ। ਪੁਰਾਣੇ ਗ੍ਰੰਥਾਂ ਵਿਚ ਜੂਆ ਖੇਡਣ ਦੇ ਪੱਕੇ ਨਿਯਮਾਂ ਦਾ ਵੀ ਉਲੇਖ ਹੈ।
ਰਿਗਵੇਦ ਵਿਚ ਇਕ 14 ਪਦਿਆਂ ਵਾਲੀ ਕਵਿਤਾ ਮਿਲਦੀ ਹੈ, ਜਿਸ ਵਿਚ ਇੱਕ ਜੁਆਰੀਏ ਦਾ ਬੜਾ ਹੀ ਮਾਰਮਿਕ ਰੇਖਾ-ਚਿੱਤਰ ਮਿਲਦਾ ਹੈ। ਜੂਏ ਵਿਚ ਹਾਰ ਜਾਣ ਪਿਛੋਂ ਉਸ ਦੀ ਘਰ ਵਾਲੀ ਉਸ ਨੂੰ ਬੁਲਾਉਣਾ ਬੰਦ ਕਰ ਦਿੰਦੀ ਹੈ। ਅਖੀਰ ਕਵੀ ਸਿਖਿਆ ਦਿੰਦਾ ਹੈ, “ਪਾਸੇ ਨਾਲ ਨਾ ਖੇਡੋ, ਅੰਨ ਉਗਾਓ, ਧਨ ਕਮਾਓ; ਤੇਰੇ ਪਸੂ ਹਨ, ਤੇਰੀ ਪਤਨੀ ਹੈ…।” ਗੁਰੂ ਨਾਨਕ ਫੁਰਮਾਉਂਦੇ ਹਨ, “ਚੋਰ ਜਾਰ ਜੂਆਰ ਪੀੜੇ ਘਾਣੀਐ॥” ਅਤੇ ਗੁਰੂ ਅਰਜਨ ਦੇਵ ਦਾ ਬਚਨ ਹੈ, “ਪਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀ॥”
ਬੁਲੇ ਸ਼ਾਹ ਦੀ ਵੀ ਸੁਣੋ,
ਹੱਕ ਪਰਾਇਆ ਜਾਤੋ ਨਾਹੀਂ,
ਖਾ ਕਰ ਭਾਰ ਉਠਾਵੇਂਗਾ।
ਫੇਰ ਨਾ ਆ ਕਰ ਬਦਲਾ ਦੇਸੇਂ
ਲਾਖੀ ਖੇਤ ਲੁਟਾਵੇਂਗਾ।
ਦਾਅ ਲਾ ਕੇ ਵਿਚ ਜਗ ਦੇ ਜੂਏ,
ਜਿੱਤੇ ਦਮ ਹਰਾਵੇਂਗਾ।
ਹਿਜਾਬ ਕਰੇਂ ਦਰਵੇਸ਼ੀ ਕੋਲੋਂ,
ਕਦ ਤਕ ਹੁਕਮ ਚਲਾਵੇਂਗਾ।
ਮਹਾਭਾਰਤ ਦਾ ਯੁੱਧ ਜੂਏ ਦੇ ਸਿੱਟੇ ਵਜੋਂ ਹੀ ਹੋਇਆ। ਪੰਜਵੀਂ-ਛੇਵੀਂ ਸਦੀ ਵਿਚ ਰਚੇ ਗਏ ਮਸ਼ਹੂਰ ਸੰਸਕ੍ਰਿਤ ਨਾਟਕ ‘ਮਰਿਛਕਟਿਕਾ’ (ਮਿੱਟੀ ਦਾ ਗਡੀਰਾ) ਵਿਚ ਇੱਕ ਜੁਆਰੀਏ ਦਾ ਜ਼ਿਕਰ ਹੈ, ਜੋ ਸੋਨੇ ਦੀਆਂ ਦਸ ਮੁਹਰਾਂ ਹਾਰ ਕੇ ਭੱਜ ਜਾਂਦਾ ਹੈ। ਜੂਏਘਰ ਦਾ ਮੋਹਰੀ ਉਸ ਨੂੰ ਫੜ ਲੈਂਦਾ ਹੈ, ਪਰ ਉਹ ਵਿਚਾਰਾ ਏਨੀਆਂ ਮੁਹਰਾਂ ਦੇ ਨਹੀਂ ਸਕਦਾ। ਉਸ ਨੂੰ ਆਪਣੀ ਮਾਂ ਜਾਂ ਪਿਉ ਨੂੰ ਵੇਚਣ ਲਈ ਕਿਹਾ ਜਾਂਦਾ ਹੈ, ਪਰ ਉਹ ਮਰ ਚੁਕੇ ਹੁੰਦੇ ਹਨ। ਅੰਤ ਉਹ ਆਪਣੇ ਆਪ ਨੂੰ ਹੀ ਵੇਚ ਸੁੱਟਦਾ ਹੈ।
ਪਾਣਿਨੀ ਦੇ ਅਸ਼ਟਾਧਿਆਇ ਅਤੇ ਪਾਤੰਜਲੀ ਦੀਆਂ ਲਿਖਤਾਂ ਵਿਚ ਅਕਸ਼ਕ੍ਰੀੜਾ ਦਾ ਜ਼ਿਕਰ ਮਿਲਦਾ ਹੈ। ਭਾਵੇਂ ਜੂਏ ਤੋਂ ਸਰਕਾਰਾਂ ਨੂੰ ਲਾਭ ਹੁੰਦਾ ਹੈ ਤੇ ਇਸ ਦੀ ਸਮੇਂ ਸਮੇਂ ਇਜਾਜ਼ਤ ਵੀ ਦਿੰਦੀਆਂ ਹਨ ਪਰ ਰਾਜਿਆਂ ਨੂੰ ਜੂਆ ਖੇਡਣ ਤੋਂ ਮਨਾਹੀ ਹੁੰਦੀ ਸੀ। ਇਸ ਨੂੰ ਇੱਕ ਸਮਾਜਕ ਬੁਰਾਈ ਮੰਨਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਮਿਸਾਲਾਂ ਲੈਂਦੇ ਹਾਂ, “ਚੋਰ ਜਾਰ ਜੂਆਰ ਪੀੜੇ ਘਾਣੀਐ॥” (ਗੁਰੂ ਨਾਨਕ); “ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ॥” (ਗੁਰੂ ਅਮਰ ਦਾਸ); ਪਰ ਕੌਣ ਨਹੀਂ ਚਾਹੇਗਾ ਨੈਣਾਂ ਦੇ ਦਾਅ ਲਾ ਕੇ ਜੂਆ ਹਾਰਨਾ,
ਕਜ਼ਲਬਾਸ਼ ਅਸਵਾਰ ਜੱਲਾਦ,
ਖੂਨੀ ਨਿੱਕਲ ਦੌੜਿਆ ਉਰਦ ਬਾਜ਼ਾਰ ਵਿਚੋਂ।
ਵਾਰਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ,
ਕੋਈ ਬਚੇ ਨਾ ਜੂਏ ਦੀ ਹਾਰ ਵਿਚੋਂ। (ਵਾਰਿਸ ਸ਼ਾਹ)
ਅਗੇ ਹੋਸ਼ੁ ਆਹੀ ਫਰਹਾਦੇ,
ਇਸ਼ਕ ਜੂਏ ਵਿਚ ਹਾਰੀ।
ਮਗਰੋਂ ਹੋਰ ਜਹਾਨੀ ਗੌਗੇ,
ਅਕਲ ਵਧੇਰੇ ਮਾਰੀ। (ਹਾਸ਼ਮ ਸ਼ਾਹ)
ਉਪਰ ਅਸੀਂ ਵਾਰ ਵਾਰ ਦਯੂਤ ਸ਼ਬਦ ਵਰਤਿਆ ਹੈ। ਦਰਅਸਲ ਜੂਆ ਸ਼ਬਦ ਬਣਿਆ ਹੀ ਦਯੂਤ ਤੋਂ ਹੈ। ਸੰਸਕ੍ਰਿਤ ਦਾ ਇਕ ਧਾਤੂ ਹੈ, ‘ਦਿਵ’ ਜਿਸ ਦੇ ਕਈ ਅਰਥ ਹਨ, ਜਿਵੇਂ ਚਮਕਣਾ, ਸੁੱਟਣਾ, ਪਾਸੇ ਸੁੱਟਣਾ ਜਾਂ ਚੱਲਣਾ, ਮਜ਼ਾਕ ਕਰਨਾ। ਇਸ ਦੇ ਚਮਕਣ ਵਾਲੇ ਅਰਥ ਤੋਂ ਦੀਵਾ, ਦੀਵਾਲੀ, ਦਿੱਬ, ਦੇਵ ਆਦਿ ਸ਼ਬਦ ਬਣੇ ਹਨ, ਪਰ ਸਾਡੇ ਕੰਮ ਦਾ ਅਰਥ ਸੁੱਟਣਾ ਹੈ, ਜਿਸ ਤੋਂ ਪਾਸਾ ਸੁੱਟਣ ਦਾ ਭਾਵ ਵਿਕਸਿਤ ਹੁੰਦਾ ਹੈ। ਦੀਵਾਲੀ ਦੇ ਜਿਸ ਦਿਨ ਜੂਆ ਖੇਡਿਆ ਜਾਂਦਾ ਹੈ, ਉਸ ਨੂੰ ਦਯੂਤਪ੍ਰਤਿਪਦਾ ਕਿਹਾ ਜਾਂਦਾ ਹੈ। ਸੌਖੇ ਵਿਚ ਜੂਆ ਸ਼ਬਦ ਦਿਵ ਤੋਂ ਬਣੇ ਦਯੂਤ ਦਾ ਵਿਉਤਪਤ ਰੂਪ ਹੈ। ਇਸ ਦਾ ਪਾਲੀ ਰੂਪ ਜੂਤ ਅਤੇ ਪ੍ਰਾਕ੍ਰਿਤ ਰੂਪ ਜੂਅਦ ਹੈ। ਹੋਰ ਭਾਸ਼ਾਵਾਂ ਵਿਚ ਜੂ, ਜ਼ੁਵਾ, ਜੂਯਾ, ਜੁਵੋ ਆਦਿ ਵੀ ਹਨ। ਜੂਆ ਤੋਂ ਅੱਗੇ ਜੂਆ ਖੇਡਣ ਵਾਲਾ ਜੁਆਰੀਆ/ਜੁਹਾਰੀਆ ਬਣ ਗਿਆ। ਜੂਏ ਦੇ ਅੱਗੇ ਖੇਡ ਦੇ ਅਰਥਾਂ ਵਾਲਾ ਬਾਜ਼ ਸ਼ਬਦ ਲੱਗ ਕੇ ਜੂਏਬਾਜ਼ ਸ਼ਬਦ ਸਾਹਮਣੇ ਆਇਆ। ਪੈਸੇ ਜਿੱਤ ਕੇ ਦੌੜਨ ਵਾਲੇ ਨੂੰ ਜੂਆਚੋਰ ਕਿਹਾ ਜਾਂਦਾ ਹੈ।