ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ

ਪੰਜਾਬ ਟਾਈਮਜ਼ ਦੇ 16 ਫਰਵਰੀ 2019 ਦੇ ਅੰਕ ਵਿਚ ਪੰਜਾਬ ਦੀ ਉਘੀ ਸ਼ਖਸੀਅਤ ਅਤੇ ਬਠਿੰਡਾ ਸਥਿਤ ਕੇਂਦਰੀ ਯੂਨੀਵਰਸਿਟੀ, ਪੰਜਾਬ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਨੇ ਸਿੱਖ ਧਰਮ ਵਿਚ ਮੀਰੀ ਤੇ ਪੀਰੀ ਦੇ ਸੰਕਲਪ ਦੇ ਪਰਿਪੇਖ ਵਿਚ ਅਜੋਕੇ ਹਾਲਾਤ ਦੀ ਪੜਚੋਲ ਕਰਦਿਆਂ ਸਿੱਖ ਸਮਾਜ ਨੂੰ ਸੰਕਟ ਵਿਚੋਂ ਕੱਢਣ ਲਈ ਕੁਝ ਸੁਝਾਅ ਦਿੱਤੇ ਸਨ। ਉਸ ਲੇਖ ਦੇ ਪ੍ਰਤੀਕਰਮ ਵਿਚ ਸ਼ ਨੰਦ ਸਿੰਘ ਬਰਾੜ ਨੇ ਗੱਲ ਨੂੰ ਅੱਗੇ ਤੋਰਦਿਆਂ ਕੁਝ ਟਿੱਪਣੀਆਂ ਕੀਤੀਆਂ ਹਨ, ਜੋ ਪਾਠਕਾਂ ਦੀ ਨਜ਼ਰ ਹਨ। ਇਸ ਸਬੰਧੀ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

-ਸੰਪਾਦਕ

ਨੰਦ ਸਿੰਘ ਬਰਾੜ
ਫੋਨ: 916-501-3974

ਸ਼ ਸਰਦਾਰਾ ਸਿੰਘ ਜੌਹਲ ਉਚ ਕੋਟੀ ਦੇ ਵਿਦਵਾਨ ਤੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਉਨ੍ਹਾਂ ਨੂੰ ਸਿੱਖ ਧਰਮ ਦੇ ਚਲ ਰਹੇ ਪ੍ਰਬੰਧਕੀ ਢਾਂਚੇ ਨੇ ਕਾਫੀ ਵਿਚਲਿਤ ਕੀਤਾ ਲਗਦਾ ਹੈ, ਜੋ ਹਰੇਕ ਪੜ੍ਹੇ-ਲਿਖੇ ਅਤੇ ਇਮਾਨਦਾਰ ਮਨੁੱਖ ਵਾਸਤੇ ਸਹੀ ਗੱਲ ਹੈ। ਇਸ ਦੇ ਸੁਧਾਰ ਵਾਸਤੇ ਉਨ੍ਹਾਂ ਨੇ ਕਾਫੀ ਸੁਝਾਅ ਵੀ ਦਿੱਤੇ ਹਨ, ਜਿਨ੍ਹਾਂ ਵਿਚੋਂ ਕੁਝ ਇੱਕ ਨਾਲ ਮੈਂ ਆਪਣੇ ਆਪ ਨੂੰ ਸਹਿਮਤ ਨਹੀਂ ਕਰ ਸਕਿਆ।
ਸਭ ਤੋਂ ਪਹਿਲਾਂ ਉਹ ਮੀਰੀ-ਪੀਰੀ ਦੇ ਸਿਧਾਂਤ ਸਬੰਧੀ ਗੱਲ ਕਰਦਿਆਂ ਲਿਖਦੇ ਹਨ ਕਿ ਗੁਰੂ ਸਾਹਿਬਾਨ ਦੇ ਸਮੇਂ ਸਿੱਖ ਸਮਾਜ ਛੋਟਾ ਜਿਹਾ ਸਮਾਜ ਸੀ ਤੇ ਸਿਰਫ ਪੰਜਾਬ ਵਿਚ ਹੀ ਸੀ। ਇਹ ਕਹਿਣ ਤੋਂ ਉਨ੍ਹਾਂ ਦਾ ਭਾਵ ਇਹੀ ਲੱਗਦਾ ਹੈ ਕਿ ਉਸ ਸਮੇਂ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਚਲਣਾ ਸੌਖਾ ਸੀ। ਪਤਾ ਨਹੀਂ ਉਹ ਸਿੱਖ ਸਮਾਜ ਦੇ ਛੋਟਾ ਹੋਣ ਦੀ ਗੱਲ ਕਿਸ ਤਰ੍ਹਾਂ ਲਿਖਦੇ ਹਨ, ਜਦਕਿ ਸਭ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਸਿਰਫ ਸਮੁੱਚੇ ਭਾਰਤ ਵਿਚ ਹੀ ਨਹੀਂ, ਸਗੋਂ ਕੁਝ ਇੱਕ ਗੁਆਂਢੀ ਮੁਲਕਾਂ ਵਿਚ ਵੀ ਸੱਚ ਦਾ ਪ੍ਰਚਾਰ ਕੀਤਾ। ਉਸ ਵੇਲੇ ਤੋਂ ਹੀ ਹਰ ਥਾਂ ਉਨ੍ਹਾਂ ਦੇ ਪੈਰੋਕਾਰ ਮਿਲਦੇ ਹਨ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਵੀ ਪੰਜਾਬੋਂ ਬਾਹਰ ਪ੍ਰਚਾਰ ਕਰਦੇ ਰਹੇ ਹਨ। ਗੁਰੂ ਅਮਰਦਾਸ ਜੀ ਨੇ ਤਾਂ ਸਾਰੇ ਭਾਰਤ ਵਿਚ ਪ੍ਰਚਾਰ ਵਾਸਤੇ ਬਾਈ ਮੰਜੀਆਂ ਵੀ ਸਥਾਪਤ ਕੀਤੀਆਂ ਸਨ। ਪ੍ਰਚਾਰ ਵਾਸਤੇ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਦਾ ਬਹੁਤਾ ਸਮਾਂ ਪੰਜਾਬੋਂ ਬਾਹਰ ਬੀਤਿਆ, ਜਿਸ ਵਿਚ ਉਹ ਸਮਾਂ ਵੀ ਸ਼ਾਮਲ ਹੈ, ਜਦੋਂ ਉਨ੍ਹਾਂ ਨੂੰ ਅਜੇ ਗੁਰਗੱਦੀ ਨਹੀਂ ਸੀ ਮਿਲੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੰਜਾਬੋਂ ਬਾਹਰ ਹੋਇਆ ਅਤੇ ਪੰਜ ਪਿਆਰੇ ਵੀ ਸਾਰੇ ਭਾਰਤ (ਸਮੇਤ ਅੱਜ ਦਾ ਪਾਕਿਸਤਾਨ) ਵਿਚੋਂ ਸਨ।
ਇਸ ਲਈ ਇਹ ਕਹਿਣਾ ਠੀਕ ਨਹੀਂ ਲੱਗਦਾ ਕਿ ਗੁਰੂ ਸਾਹਿਬਾਨ ਦੇ ਪੈਰੋਕਾਰ ਸਿਰਫ ਪੰਜਾਬ ਵਿਚ ਹੀ ਸਨ। ਹਾਂ, ਇਹ ਠੀਕ ਹੈ ਕਿ ਜਦੋਂ ਗੁਰੂ ਸਾਹਿਬਾਨ ਦਾ ਸੱਚਾ ਸੁੱਚਾ ਇਨਸਾਨੀ ਧਰਮ ਹਾਕਮਾਂ ਦੀ ਮਿਲੀਭੁਗਤ ਨਾਲ ਇੱਕ ਸਥਾਪਤ ਧਰਮ ਭਾਵ ਸਮੁੱਚੀ ਮਾਨਵਤਾ ਦੇ ਧਰਮ ਦੀ ਥਾਂ ਸਿਰਫ ਇੱਕ ਵਰਗ ਦਾ ਧਰਮ ਬਣ ਗਿਆ ਤਾਂ ਇਸ ਦੀ ਸੀਮਾ ਇਸ ਦੇ ਹਾਕਮਾਂ ਦੇ ਰਾਜਾਂ ਦੀ ਸੀਮਾ ਤੱਕ ਹੀ ਸੁੰਗੜ ਕੇ ਰਹਿ ਗਈ।
ਯੁਗਾਂ ਯੁਗਾਂ ਤੋਂ ਮਹਾਂਪੁਰਖ ਹੱਕ, ਸੱਚ ਤੇ ਇਨਸਾਫ ਖਾਤਰ ਆਪਾ ਵਾਰਨ ਦਾ ਸੁਨੇਹਾ ਦਿੰਦੇ ਰਹੇ ਹਨ। ਭਗਤ ਕਬੀਰ ਦਾ ਇਹ ਸ਼ਬਦ, “ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟ ਮਰੈ ਕਬਹੂੰ ਨ ਛਾਡੈ ਖੇਤ॥” ਅਤੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ, “ਜੋ ਤਉ ਪ੍ਰੇਮ ਖੇਲਨ ਕਾ ਚਾਓ॥ ਸਿਰ ਧਰ ਤਲੀ ਗਲੀ ਮੋਰੀ ਆਓ॥” ਮਨੁੱਖ ਨੂੰ ਹੱਕ, ਸੱਚ ਤੇ ਇਨਸਾਫ (ਧਰਮ) ਵਾਸਤੇ, ਜੇ ਲੋੜ ਪਵੇ ਤਾਂ ਲੜਨ ਅਤੇ ਮਰਨ ਲਈ ਤਿਆਰ ਰਹਿਣ ਵਾਸਤੇ ਪ੍ਰੇਰਦੇ ਹਨ। ਪਰ ਮੀਰੀ-ਪੀਰੀ ਦੇ ਸਿਧਾਂਤ ਦਾ ਪ੍ਰਚਾਰ ਕੁਝ ਵੱਖਰੇ ਦ੍ਰਿਸ਼ਟੀਕੋਣ ਨਾਲ ਕੀਤਾ ਜਾਂਦਾ ਲਗਦਾ ਹੈ। ਇਸ ਮੁਤਾਬਕ ਧਰਮ (ਸਥਾਪਤ ਧਰਮ) ਅਤੇ ਰਾਜਨੀਤੀ ਨਾਲੋ ਨਾਲ ਚਲਣੇ ਚਾਹੀਦੇ ਹਨ। ਉਨ੍ਹਾਂ ਮੁਤਾਬਕ ਧਰਮ ਦੇ ਕੁੰਡੇ ਕਰਕੇ ਰਾਜਨੀਤੀ ਕੁਰਾਹੇ ਪੈਣ ਤੋਂ ਬਚੀ ਰਹੇਗੀ ਅਤੇ ਰਾਜਨੀਤੀ ਦੇ ਆਸਰੇ ਨਾਲ ਧਰਮ ਹੋਰ ਫੈਲੇ-ਫੁੱਲੇਗਾ, ਪ੍ਰੰਤੂ ਇਤਿਹਾਸ ਵਿਚ ਅਸੀਂ ਕਦੇ ਅਜਿਹਾ ਵਾਪਰਿਆ ਸੁਣਿਆ ਨਹੀਂ ਅਤੇ ਹੁਣ ਵੀ ਇਸ ਤਰ੍ਹਾਂ ਹੁੰਦਾ ਨਹੀਂ ਵੇਖਦੇ। ਜਦੋਂ ਜਦੋਂ ਧਰਮ ਤੇ ਰਾਜਨੀਤੀ ਨੂੰ ਰਲਗੱਡ ਕੀਤਾ ਗਿਆ ਹੈ, ਬਹੁਤੀ ਵਾਰ ਰਾਜਨੀਤੀ ਹੀ ਭਾਰੂ ਰਹੀ ਹੈ ਅਤੇ ਧਰਮ ਰਾਜਨੀਤੀ ਦਾ ਪਿਛਲੱਗ ਤੇ ਉਸ ਵਾਸਤੇ ਹਥਿਆਰ ਬਣਿਆ ਹੈ। ਕਦੇ ਕਦੇ ਇਸ ਤੋਂ ਉਲਟ ਯਾਨਿ ਧਰਮ ਰਾਜਨੀਤੀ ‘ਤੇ ਭਾਰੂ ਹੋਇਆ ਹੈ ਅਤੇ ਰਾਜਨੀਤੀ ਉਸ ਦਾ ਹਥਿਆਰ ਬਣੀ ਹੈ ਤਾਂ ਇਹ ਮਨੁੱਖਤਾ ਵਾਸਤੇ ਹੋਰ ਵੀ ਤਬਾਹੀ ਦਾ ਕਾਰਨ ਬਣਿਆ ਹੈ। ਇਤਿਹਾਸ ਵਿਚ ਨਾ ਜਾਂਦਿਆਂ ਪਾਕਿਸਤਾਨ ਦੀ ਮਿਸਾਲ ਸਾਡੇ ਸਾਹਮਣੇ ਹੈ।
ਦੂਜੇ, ਉਨ੍ਹਾਂ ਮੁਤਾਬਕ ਅਜੋਕੇ ਲੋਕਤੰਤਰੀ ਪ੍ਰਬੰਧਾਂ ਅਧੀਨ ਮੀਰੀ-ਪੀਰੀ ਦੇ ਸਿਧਾਂਤ ਨੂੰ ਅਸਰਦਾਰ ਕਰਨ ਲਈ ਅਕਾਲ ਤਖਤ ਦੀ ਪ੍ਰਮੁੱਖਤਾ ਤੇ ਉਚਤਾ ਬਹਾਲ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਂ ਤਖਤਾਂ ਦੇ ਜਥੇਦਾਰ ਅਤੇ ਹਰ ਤਖਤ ਦੇ ਪੰਜ ਪਿਆਰੇ ਚੁਣਨ ਵਾਸਤੇ ਇੱਕ ਕੁਲੀਜੀਅਮ ਦਾ ਸੁਝਾਅ ਦਿੱਤਾ ਹੈ, ਜਿਸ ਦੀ ਬਣਤਰ ਵਿਚ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਨੁਮਾਇੰਦਗੀ ਹੋਵੇ।
ਇਥੇ ਮੈਂ ਇਸ ਬਹਿਸ ਵਿਚ ਨਹੀਂ ਪੈਣਾ ਚਾਹੁੰਦਾ ਕਿ ਇਸ ਤਰ੍ਹਾਂ ਚੁਣੇ ਹੋਏ ਜਥੇਦਾਰਾਂ ਤੇ ਪੰਜ ਪਿਆਰਿਆਂ ਦੀ ਨਿਯੁਕਤੀ ਕਿੰਨੇ ਸਮੇਂ ਵਾਸਤੇ ਹੋਵੇਗੀ ਅਤੇ ਇਨ੍ਹਾਂ ਵਿਚੋਂ ਜੇ ਕੋਈ ਆਪਣੀ ਜਿੰਮੇਵਾਰੀ ਵਿਚ ਕੁਤਾਹੀ ਕਰੇ ਤਾਂ ਉਸ ਖਿਲਾਫ ਕੀ ਕੀਤਾ ਜਾ ਸਕੇਗਾ, ਕਿਉਂਕਿ ਮਨੁੱਖ ਇੱਕ ਮਨੁੱਖ ਹੈ ਅਤੇ ਜੇ ਉਸ ‘ਤੇ ਕੋਈ ਕੁੰਡਾ ਨਾ ਹੋਵੇ ਤਾਂ ਉਹ ਕਿਸ ਪਾਸੇ ਜਾਵੇਗਾ, ਕੁਝ ਕਿਹਾ ਨਹੀਂ ਜਾ ਸਕਦਾ! ਪ੍ਰੰਤੂ ਮੈਨੂੰ ਇਸ ਤਰ੍ਹਾਂ ਦੇ ਇੰਤਜਾਮ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਸਾਡਾ ਸਿੱਖ ਧਰਮ ਇੱਕ ਸੰਸਥਾਗਤ ਧਰਮ ਬਣ ਚੁਕਾ ਹੈ, ਭਾਵ ਇਸ ਦਾ ਪ੍ਰਬੰਧ ਇੱਕ ਸੰਸਥਾ ਦੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਇਹ ਸੰਸਥਾ ਸਰਕਾਰੀ ਪ੍ਰਬੰਧਾਂ ਦੀ ਦੇਖ-ਰੇਖ ਹੇਠ ਚੁਣੀ ਜਾਂਦੀ ਹੈ ਅਤੇ ਸਰਕਾਰੀ ਕਾਨੂੰਨ ਹੇਠ ਕੰਮ ਕਰਦੀ ਹੈ। ਇਸ ਦੇ ਪ੍ਰਬੰਧਕੀ ਢਾਂਚੇ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਹੱਕ ਆਪਣੇ ਦੇਸ਼ ਦੀ ਪਾਰਲੀਮੈਂਟ ਕੋਲ ਹੈ। ਇਸੇ ਅਧਿਕਾਰ ਰਾਹੀਂ ਹੀ ਪਾਰਲੀਮੈਂਟ ਨੇ ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਿਆ ਹੈ। ਇਸ ਲਈ ਸਰਕਾਰ ਨੂੰ ਜੋ ਹੱਕ ਮਿਲੇ ਹੋਏ ਹਨ, ਉਹ ਛੱਡਣ ਲਈ ਕਿਵੇਂ ਤਿਆਰ ਹੋਵੇਗੀ?
ਸੋ, ਇਸ ਵੇਲੇ ਸਾਡੇ ਕੋਲ ਇੱਕ ਤਰੀਕਾ ਚੋਣਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਮੈਂਬਰ ਚੁਣਨ ਦਾ ਹੱਕ ਹੈ, ਜੋ ਪ੍ਰਬੰਧਾਂ ਵਿਚ ਕੋਈ ਸੁਧਾਰ ਲਿਆ ਸਕਦੇ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਚੋਣ ਬਹੁਤ ਮਹਿੰਗੀ ਹੋ ਚੁਕੀ ਹੈ ਅਤੇ ਅੰਨਾ ਪੈਸਾ ਖਰਚ ਕੇ ਨਵੇਂ ਬਣੇ ਮੈਂਬਰਾਂ ਤੇ ਅਹੁਦੇਦਾਰਾਂ ਤੋਂ ਸੁਧਾਰਾਂ ਦੀ ਕੋਈ ਉਮੀਦ ਨਹੀਂ ਲਗਦੀ। ਦੂਜਾ ਤਰੀਕਾ ਲੋਕਾਂ ਨੂੰ ਲਾਮਬੰਧ ਕਰਕੇ ਸੰਘਰਸ਼ ਵਿੱਢ ਕੇ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਹੈ। ਇਹ ਤਰੀਕਾ ਇੱਕ ਵਾਰ ਪਹਿਲਾਂ ਵੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਪਰਖ ਚੁਕੇ ਹਾਂ, ਜਿਸ ਦੌਰਾਨ ਅਨੇਕਾਂ ਕੁਰਬਾਨੀਆਂ ਦੇ ਬਾਵਜੂਦ ਸਿਰਫ ਪੁਜਾਰੀਆਂ ਦੀ ਤਬਦੀਲੀ ਹੀ ਹੋਈ ਸੀ। ਜੇ ਅਸੀਂ ਭਵਿੱਖ ਵਿਚ ਵੀ ਅਜਿਹਾ ਕੋਈ ਰਾਹ ਚੁਣਦੇ ਹਾਂ ਤਾਂ ਫੇਰ ਵੀ ਨਤੀਜਾ ਪੁਜਾਰੀਆਂ ਦੀ ਤਬਦੀਲੀ ਹੀ ਹੋਵੇਗਾ। ਅਸਲ ਵਿਚ ਸਥਾਪਤ ਧਰਮਾਂ ਦੀ ਅਖੌਤੀ ਪਵਿੱਤਰਤਾ ਬਰਕਰਾਰ ਰੱਖਣ ਅਤੇ ਸੁਧਾਰ ਲਿਆਉਣ ਦੇ ਨਾਂ ‘ਤੇ ਅਣਗਿਣਤ ਕੁਰਬਾਨੀਆਂ ਤਾਂ ਆਮ ਲੋਕਾਂ ਤੇ ਪੈਰੋਕਾਰਾਂ ਨੂੰ ਦੇਣੀਆਂ ਪੈਂਦੀਆਂ ਹਨ, ਪਰ ਇਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਜੀਵਨ ਪੱਧਰ ਵਿਚ ਕੋਈ ਸੁਧਾਰ ਨਹੀਂ ਹੁੰਦਾ। ਇਸ ਲਈ ਲੋਕਾਂ ਨੂੰ ਸਿਰਫ ਬਲੀ ਦੇ ਬੱਕਰੇ ਹੀ ਬਣਨ ਲਈ ਭੱਠੀ ਵਿਚ ਝੋਕਣਾ ਅਕਲਮੰਦੀ ਨਹੀਂ ਹੈ।
ਉਨ੍ਹਾਂ ਦੇ ਲੇਖ ਦੇ ਅਖੀਰ ਵਿਚ, “ਸਿੱਖ ਧਰਮ ਅਤੇ ਇਨਸਾਨੀ ਭਾਈਚਾਰਾ” ਨਾਲ ਮੈਂ ਬਿਲਕੁਲ ਸਹਿਮਤ ਹਾਂ, ਜਿਸ ਵਿਚ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਅਸਲ ਸੰਦੇਸ਼ ਨੂੰ ਬਿਆਨ ਕੀਤਾ ਹੈ। ਇਹ ਇੱਕ ਸੱਚਾਈ ਹੈ ਕਿ ਕਿਸੇ ਵੀ ਸੱਚੇ ਸੁੱਚੇ ਮਹਾਂਪੁਰਖ ਨੇ ਧਰਮਾਂ ਨੂੰ ਵਲਗਣਾਂ ਵਿਚ ਨਹੀਂ ਬੰਨਿਆ, ਸਗੋਂ ਮਨੁੱਖ ਨੂੰ ਕਰਾਮਾਤਾਂ, ਅੰਧਵਿਸ਼ਵਾਸਾਂ ਅਤੇ ਕਰਮਕਾਂਡ ਵਾਲੇ ਝੂਠੇ ਧਾਰਮਕ ਬੰਧਨਾਂ ਵਿਚੋਂ ਨਿਕਲ ਕੇ ਇਨਸਾਨੀਅਤ ਦੇ ਸੱਚੇ ਸੁੱਚੇ ਰਾਹ ‘ਤੇ ਚਲਣ ਲਈ ਪ੍ਰੇਰਿਆ ਹੈ। ਸੋ, ਅੰਤ ਵਿਚ ਮੇਰੀ ਵੀ ਇਹੀ ਬੇਨਤੀ ਹੈ ਕਿ ਅਸੀਂ ਆਪਣੀ ਆਸਥਾ ਆਪਣੇ ਅਨੁਸਾਰ ਰੱਖਦਿਆਂ ਇਨਸਾਨ ਬਣਨ ਦਾ ਨਿਸਚਾ ਕਰੀਏ ਤਾਂ ਕਿ ਅਸੀਂ ਭਰਾ ਮਾਰੂ ਜੰਗ ਤੋਂ ਬਚ ਸਕੀਏ ਅਤੇ ਇਹ ਸਮੁੱਚਾ ਸੰਸਾਰ ਇਨਸਾਨਾਂ ਦੇ ਰਹਿਣਯੋਗ ਬਣ ਜਾਵੇ।