ਅਸੀਂ ਚੁੱਪ ਕਿਉਂ ਹਾਂ…?

ਕਲਾਕਾਰਾਂ ਉਤੇ ਪਾਬੰਦੀ ਖਿਲਾਫ ਆਵਾਜ਼ ਬੁਲੰਦ
ਪੰਜ ਸਾਲ ਪਹਿਲਾਂ ਕੇਂਦਰ ਵਿਚ ਮੋਦੀ ਸਰਕਾਰ ਕਾਇਮ ਹੁੰਦੇ ਸਾਰ ਵੱਖ-ਵੱਖ ਤਬਕਿਆਂ ਉਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ ਨੂੰ ਇਨ੍ਹਾਂ ਪਾਬੰਦੀਆਂ ਦੀ ਮਾਰ ਸਭ ਤੋਂ ਜ਼ਿਆਦਾ ਸਹਿਣੀ ਪਈ। ਇਸ ਲੇਖ ਵਿਚ ਉਘੇ ਨਾਟਕਕਾਰ ਸਵਰਾਜਬੀਰ ਨੇ ਇਨ੍ਹਾਂ ਪਾਬੰਦੀਆਂ ਬਾਰੇ ਚਰਚਾ ਕੀਤੀ ਹੈ। ਹਾਲ ਹੀ ਵਿਚ ਮੁੰਬਈ ਵਿਚ ਇਕ ਸਮਾਗਮ ਦੌਰਾਨ ਉਘੇ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਨੂੰ ਭਾਸ਼ਨ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਵੀ ਆਪਣਾ ਭਾਸ਼ਨ ਪੂਰਾ ਕਰਕੇ ਹੀ ਸਾਹ ਲਿਆ।

-ਸੰਪਾਦਕ

ਸਵਰਾਜਬੀਰ

ਮੁੰਬਈ ਵਿਚ ਪਿਛੇ ਜਿਹੇ ਨੈਸ਼ਨਲ ਗੈਲਰੀ ਆਫ ਮਾਡਰਨ ਆਰਟਸ (ਐਨ.ਜੀ.ਐਮ.ਏ.) ਵਿਚ ਮਰਹੂਮ ਮਹਾਰਾਸ਼ਟਰੀ ਚਿੱਤਰਕਾਰ ਪ੍ਰਭਾਕਰ ਬਾਰਵੇ ਦੀ ਯਾਦ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਨੁਮਾਇਸ਼ ਦੇ ਉਦਘਾਟਨੀ ਸਮਾਰੋਹ ਦੌਰਾਨ ਬੋਲ ਰਹੇ ਮਸ਼ਹੂਰ ਫਿਲਮੀ ਅਦਾਕਾਰ ਤੇ ਨਾਟ-ਕਰਮੀ ਅਮੋਲ ਪਾਲੇਕਰ ਨੂੰ ਉਨ੍ਹਾਂ ਦੇ ਭਾਸ਼ਨ ਦੌਰਾਨ ਵਾਰ ਵਾਰ ਟੋਕਿਆ ਗਿਆ। 1936 ਵਿਚ ਜਨਮੇ ਪ੍ਰਭਾਕਰ ਬਾਰਵੇ ਨੂੰ ਹਿੰਦੋਸਤਾਨ ਵਿਚ ਆਧੁਨਿਕ ਚਿੱਤਰਕਾਰੀ ਦੇ ਮੋਢੀਆਂ ਵਿਚੋਂ ਮੰਨਿਆ ਜਾਂਦਾ ਹੈ। ਉਸ ਦੇ ਚਿੱਤਰਾਂ ਵਿਚ ਹਿੰਦੋਸਤਾਨ ਦੀ ਪੁਰਾਣੀ ਤਾਂਤਰਿਕ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਉਸ ਦੀ ਯਾਦ ਵਿਚ ਰੱਖੇ ਗਏ ਸਮਾਰੋਹ ਵਿਚ ਅਮੋਲ ਪਾਲੇਕਰ ਨੇ ਨੈਸ਼ਨਲ ਗੈਲਰੀ ਦੇ ਖੇਤਰੀ ਕੇਂਦਰਾਂ ਮੁੰਬਈ ਤੇ ਬੰਗਲੌਰ ਦੀਆਂ ਸਲਾਹਕਾਰ ਕਮੇਟੀਆਂ ਨੂੰ ਮੋਦੀ ਸਰਕਾਰ ਵਲੋਂ ਖਤਮ ਕਰਨ ਸਬੰਧੀ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਇਸ ਸਮਾਰੋਹ ਵਿਚ ਸ਼ਾਮਲ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਪ੍ਰਭਾਕਰ ਬਾਰਵੇ ਵਾਲਾ ਸਮਾਗਮ ਉਹ ਆਖਰੀ ਸਮਾਗਮ ਹੈ ਜੋ ਸਥਾਨਕ ਕਲਾਕਾਰਾਂ ਦੀ ਸਲਾਹਕਾਰ ਕਮੇਟੀ ਦੀ ਸਿਫਾਰਸ਼ ‘ਤੇ ਕੀਤਾ ਜਾ ਰਿਹਾ ਸੀ। ਉਸ ਦੇ ਇਹ ਕਹਿਣ ‘ਤੇ ਐਨ.ਜੀ.ਐਮ.ਏ. ਦੀ ਮੁੰਬਈ ਕੇਂਦਰ ਦੀ ਡਾਇਰੈਕਟਰ ਅਨੀਤਾ ਰੂਪਾਵਰਤਮ ਨੇ ਅਮੋਲ ਪਾਲੇਕਰ ਨੂੰ ਟੋਕਿਆ ਤੇ ਕਿਹਾ ਕਿ ਉਹ ਆਪਣਾ ਭਾਸ਼ਨ ਬਾਰਵੇ ਸਮਾਰੋਹ ਬਾਰੇ ਹੀ ਸੀਮਤ ਰੱਖੇ। ਜਵਾਬ ਵਿਚ ਪਾਲੇਕਰ ਨੇ ਕਿਹਾ ਕਿ ਉਹ ਸਮਾਗਮ ਬਾਰੇ ਹੀ ਗੱਲਬਾਤ ਕਰ ਰਿਹਾ ਹੈ ਅਤੇ ਕੀ ਡਾਇਰੈਕਟਰ ਉਸ ‘ਤੇ ਸੈਂਸਰਸ਼ਿਪ ਲਾਗੂ ਕਰ ਰਹੀ ਹੈ?
ਜਦ ਪਾਲੇਕਰ ਨੇ ਸਲਹਾਕਾਰ ਕਮੇਟੀਆਂ ਭੰਗ ਕਰਨ ਦੀ ਗੱਲ ਕੀਤੀ ਤਾਂ ਇਕ ਹੋਰ ਮਹਿਲਾ ਮੈਂਬਰ ਨੇ ਉਸ ਨੂੰ ਟੋਕਿਆ। ਪਾਲੇਕਰ ਨੇ ਬੋਲਣਾ ਜਾਰੀ ਰੱਖਿਆ ਅਤੇ ਕਿਹਾ ਕਿ ਐਨ.ਜੀ.ਐਮ.ਏ. ਕਲਾ ਦੇ ਪ੍ਰਦਰਸ਼ਨ ਕਰਨ ਦਾ ਪਵਿਤਰ ਸਥਾਨ ਹੈ ਪਰ ਜਿਸ ਤਰ੍ਹਾਂ ਦਾ ਜ਼ਾਬਤਾ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਸਾਡਾ ਸਭ ਤੋਂ ਵੱਡਾ ਦੁਖਾਂਤ ਹੈ। ਪਾਲੇਕਰ ਨੇ ਆਪਣੀ ਚਿੰਤਾ ਇਸ ਤਰ੍ਹਾਂ ਦੱਸੀ: “ਮੈਂ ਇਸ ਤੋਂ ਬਹੁਤ ਪ੍ਰੇਸ਼ਾਨ ਹਾਂ ਅਤੇ ਹੁਣ ਹੋਰ ਜ਼ਿਆਦਾ ਪ੍ਰੇਸ਼ਾਨ ਹੋਇਆ ਹਾਂ। ਇਹ ਸਭ ਕੁਝ ਕਦੋਂ ਰੁਕੇਗਾ? ਆਜ਼ਾਦੀ ਦਾ ਸਾਗਰ ਸਿਮਟ ਰਿਹਾ ਹੈ, ਹੌਲੀ ਹੌਲੀ ਲੇਕਿਨ ਲਗਾਤਾਰ। ਅਸੀਂ ਚੁੱਪ ਕਿਉਂ ਹਾਂ?” ਪਾਲੇਕਰ ਨੂੰ ਵਾਰ-ਵਾਰ ਟੋਕਿਆ ਗਿਆ ਪਰ ਉਸ ਨੇ ਬੋਲਣਾ ਜਾਰੀ ਰੱਖਿਆ ਤੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਦਿਨੀਂ ਮਰਾਠੀ ਸਾਹਿਤ ਸੰਮੇਲਨ ਵਿਚ ਮਸ਼ਹੂਰ ਅੰਗਰੇਜ਼ੀ ਸਾਹਿਤਕਾਰ ਨਯਨਤਾਰਾ ਸਹਿਗਲ ਨੂੰ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਇਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਘੱਟ ਗਿਣਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਿਰੋਧ ਵਿਚ ਛੇੜੀ ਗਈ ਮੁਹਿੰਮ ਵਿਚ ਨਯਨਤਾਰਾ ਸਹਿਗਲ ਉਹ ਪਹਿਲੀ ਸਾਹਿਤਕਾਰ ਸੀ ਜਿਸ ਨੇ ਆਪਣਾ ਸਾਹਿਤ ਅਕਾਦਮੀ ਦਾ ਇਨਾਮ ਵਾਪਸ ਕੀਤਾ ਸੀ ਅਤੇ ਉਸ ਤੋਂ ਬਾਅਦ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣੇ ਇਨਾਮ ਵਾਪਸ ਕੀਤੇ ਸਨ। ਕੇਂਦਰ ਸਰਕਾਰ ਦੇ ਪ੍ਰਮੁੱਖ ਮੰਤਰੀ ਨੇ ਉਸ ਮੁਹਿੰਮ ਨੂੰ ‘ਮਸਨੂਈ ਵਿਰੋਧ’ ਕਿਹਾ ਸੀ ਤੇ ਸੱਤਾਧਾਰੀ ਪਾਰਟੀ ਦੇ ਕਈ ਨੇਤਾਵਾਂ ਨੇ ਉਨ੍ਹਾਂ ਲੇਖਕਾਂ ਤੇ ਕਲਾਕਾਰਾਂ ਦੀ ਨਿਖੇਧੀ ਕੀਤੀ ਸੀ ਜਿਨ੍ਹਾਂ ਨੇ ਆਪਣੇ ਇਨਾਮ ਵਾਪਸ ਕੀਤੇ ਸਨ। ਬਾਅਦ ਵਿਚ ਪੱਤਰਕਾਰਾਂ ਨਾਲ ਗੁਫਤਗੂ ਦੌਰਾਨ ਅਮੋਲ ਪਾਲੇਕਰ ਨੇ ਕਿਹਾ ਕਿ ਉਸ ਨੂੰ ਸੈਂਸਰਸ਼ਿਪ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸਾਡੇ ਦੇਸ਼ ਵਿਚ ਇਹ ਯਤਨ ਕੀਤੇ ਜਾ ਰਹੇ ਹਨ ਕਿ ਸਾਰੇ ਲੋਕ ਇਕ ਹੀ ਤਰੀਕੇ ਨਾਲ ਬੋਲਣ ਤੇ ਸੋਚਣ।
76 ਸਾਲਾਂ ਦਾ ਅਮੋਲ ਪਾਲੇਕਰ ਖੁਦ ਚਿੱਤਰਕਾਰ ਬਣਨਾ ਚਾਹੁੰਦਾ ਸੀ ਤੇ ਉਸ ਨੇ ਮੁੰਬਈ ਦੇ ਮਸ਼ਹੂਰ ਜੇ.ਜੇ. ਸਕੂਲ ਆਫ ਆਰਟਸ ਵਿਚ ਤਾਲੀਮ ਹਾਸਲ ਕੀਤੀ। ਉਸ ਨੇ ਚਿੱਤਰ ਬਣਾਏ ਅਤੇ ਕਈ ਪ੍ਰਦਰਸ਼ਨੀਆਂ ਲਾਈਆਂ। ਇਸ ਤੋਂ ਬਾਅਦ ਉਸ ਨੇ ਮਰਾਠੀ ਤੇ ਹਿੰਦੀ ਨਾਟਕਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ ਤੇ 1972 ਵਿਚ ਸੱਤਿਆ ਦੇਵ ਦੂਬੇ ਨਾਲ ਮਿਲ ਕੇ ਮਰਾਠੀ ਥੀਏਟਰ ਗਰੁੱਪ ‘ਅਨੀਕੇਤ’ ਬਣਾਇਆ। ਉਸ ਦਾ ਫਿਲਮੀ ਕਰੀਅਰ ਵੀ ਵਿਜੇ ਤੇਂਦੁਲਕਰ ਦੇ ਮਸ਼ਹੂਰ ਨਾਟਕ ‘ਸ਼ੰਨਤਤਾ! ਕੋਟ ਚਾਲੇ ਆਹੇ’ (ਖਾਮੋਸ਼! ਅਦਾਲਤ ਜਾਰੀ ਹੈ) ਨਾਲ ਸ਼ੁਰੂ ਹੋਇਆ। ਹਿੰਦੀ ਫਿਲਮਾਂ ‘ਰਜਨੀਗੰਧਾ’, ‘ਛੋਟੀ ਸੀ ਬਾਤ’, ‘ਗੋਲਮਾਲ’, ‘ਨਰਮ ਗਰਮ’, ‘ਘਰੌਂਦਾ’ ਆਦਿ ਵਿਚ ਉਸ ਨੇ ਯਾਦਗਾਰੀ ਰੋਲ ਨਿਭਾਏ ਅਤੇ ਉਸ ਦਾ ਅਕਸ ਦਰਸ਼ਕਾਂ ਦੇ ਮਨ ਵਿਚ ਇਕ ਇਹੋ ਜਿਹੇ ਕਿਰਦਾਰ ਵਜੋਂ ਹੋਇਆ ਜੋ ਸਾਡਾ ਆਂਢੀ-ਗੁਆਂਢੀ ਹੋਵੇ ਤੇ ਸੜਕ, ਬਾਜ਼ਾਰਾਂ ਤੇ ਗਲੀਆਂ ਵਿਚ ਸਾਨੂੰ ਰੋਜ਼ ਮਿਲਦਾ ਹੋਵੇ। ਉਸ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਜਿਨ੍ਹਾਂ ਵਿਚ ‘ਥੋੜ੍ਹਾ ਸਾ ਰੁਮਾਨੀ ਹੋ ਜਾਏਂ’ ਜ਼ਿਕਰਯੋਗ ਹੈ ਕਿਉਂਕਿ ਇਹ ਬਿਹਤਰੀਨ ਫਿਲਮ ਹੀ ਨਹੀਂ ਸੀ ਸਗੋਂ ਕਈ ਐਮ.ਬੀ.ਏ. ਦੇ ਕੋਰਸਾਂ ਵਿਚ ਇਸ ਨੂੰ ਮਨੁੱਖੀ ਵਿਹਾਰ ਨੂੰ ਸਮਝਣ ਵਾਸਤੇ ਦਿਖਾਇਆ ਜਾ ਰਿਹਾ ਹੈ। ਹਿੰਦੋਸਤਾਨ ਨੇ ਉਸ ਦੀ ਫਿਲਮ ‘ਪਹੇਲੀ’ ਨੂੰ ਆਸਕਰ ਐਵਾਰਡ ਵਾਸਤੇ ਨਾਮਜ਼ਦ ਕੀਤਾ।
ਸਮਾਗਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਅਮੋਲ ਪਾਲੇਕਰ ਦੇ ਬੋਲਣ ਦੀ ਆਜ਼ਾਦੀ ‘ਤੇ ਰੋਕ ਨਹੀਂ ਸੀ ਲਾਉਣੀ ਚਾਹੁੰਦੇ, ਉਨ੍ਹਾਂ ਦੀ ਮਨਸ਼ਾ ਸਿਰਫ ਇਹੀ ਸੀ ਕਿ ਇਹ ਸ਼ਾਮ ਪ੍ਰਭਾਕਰ ਬਾਰਵੇ ਦੇ ਨਾਮ ਹੈ ਤੇ ਉਸ ਬਾਰੇ ਹੀ ਗੱਲਬਾਤ ਹੋਣੀ ਚਾਹੀਦੀ ਹੈ। ਇਥੇ ਇਹ ਸਵਾਲ ਉਠਦਾ ਹੈ ਕਿ ਸਾਰੇ ਸਮਾਰੋਹਾਂ ਵਿਚ ਕੀ ਏਦਾਂ ਹੀ ਹੁੰਦਾ ਹੈ? ਜਦੋਂ ਅਸੀਂ ਕਿਸੇ ਕਲਾਕਾਰ, ਲੇਖਕ ਜਾਂ ਚਿੰਤਕ ਨੂੰ ਯਾਦ ਕਰਨ ਲਈ ਜੁੜ ਬੈਠਦੇ ਹਾਂ ਤਾਂ ਕੀ ਸਿਰਫ ਉਸ ਬਾਰੇ ਹੀ ਗੱਲ ਕਰਦੇ ਹਾਂ? ਕੋਈ ਵੀ ਸਾਹਿਤਕਾਰ, ਦਾਨਿਸ਼ਵਰ ਜਾਂ ਚਿੱਤਰਕਾਰ ਆਪਣੇ ਤਕ ਸੀਮਤ ਨਹੀਂ ਹੁੰਦਾ। ਉਹ ਸਮਾਜ ਨਾਲ ਜੁੜਿਆ ਹੁੰਦਾ ਹੈ ਤੇ ਜਦੋਂ ਉਸ ਬਾਰੇ ਗੱਲ ਕਰਾਂਗੇ ਤਾਂ ਨਿਸ਼ਚੇ ਹੀ ਅਸੀਂ ਵੇਲੇ ਦੇ ਸਮਾਜਿਕ ਤੇ ਸਿਆਸੀ ਹਾਲਾਤ ਬਾਰੇ ਵੀ ਗੱਲ ਕਰਾਂਗੇ।
ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਕਾਫੀ ਦੇਰ ਤੋਂ ਹਿੰਦੋਸਤਾਨ ਵਿਚ ਇਸ ਤਰ੍ਹਾਂ ਦੀ ਸੋਚ-ਸਮਝ ਦਾ ਸੰਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਸੱਤਾਧਾਰੀ ਪਾਰਟੀ ਤੇ ਉਸ ਦੀ ਵਿਚਾਰਧਾਰਾ ਨਾਲ ਅਸਹਿਮਤੀ ਜ਼ਾਹਿਰ ਨਹੀਂ ਕਰਨੀ ਚਾਹੀਦੀ। ਅਸਹਿਮਤੀ ਜ਼ਾਹਿਰ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ, ਅਰਬਨ ਨਕਸਲਾਈਟ ਅਤੇ ਕਈ ਇਹੋ ਜਿਹੇ ਹੋਰ ਮੰਦੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਕਈਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਜੇ ਉਹ ਇਸ ਦੇਸ਼ ਵਿਚ ਖੁਸ਼ ਨਹੀਂ ਤਾਂ ਗੁਆਂਢੀ ਦੇਸ਼ ਚਲੇ ਜਾਣ। ਜਮਹੂਰੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਵਿਦਿਆਰਥੀ ਕਾਰਕੁਨਾਂ ‘ਤੇ ਦੇਸ਼-ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਜਿਸ ਦੇਸ਼ ਵਿਚ ਬੋਲਣ ਦੀ ਆਜ਼ਾਦੀ ‘ਤੇ ਪਾਬੰਦੀ ਲਗਾਈ ਜਾਏ ਜਾਂ ਪਾਬੰਦੀ ਲਾਉਣ ਦੇ ਯਤਨ ਕੀਤੇ ਜਾਣ ਜਾਂ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾਏ ਜਿਸ ਵਿਚ ਸੱਤਾਧਾਰੀਆਂ ਨਾਲ ਅਸਹਿਮਤੀ ਰੱਖਣੀ ਮੁਸ਼ਕਲ ਬਣ ਜਾਏ, ਉਸ ਦੇਸ਼ ਦਾ ਬੌਧਿਕ ਵਿਕਾਸ ਹੋਣਾ ਬਹੁਤ ਮੁਸ਼ਕਿਲ ਹੈ। ਉਸ ਦਾ ਭਵਿਖ ਧੁੰਦਲਾ ਹੋਵੇਗਾ। ਬਹੁਤ ਸਾਰੇ ਦੇਸ਼ਾਂ ਨੇ ਇਹੋ ਜਿਹੇ ਹਾਲਾਤ ਵੇਖੇ ਹਨ ਅਤੇ ਉਥੋਂ ਦੇ ਚਿੰਤਕ, ਸਾਹਿਤਕਾਰ, ਵਿਗਿਆਨੀ, ਚਿੱਤਰਕਾਰ, ਸੰਗੀਤਕਾਰ, ਦਾਨਿਸ਼ਵਰ ਤੇ ਲੋਕ-ਹਿੱਤਾਂ ਲਈ ਲੜਨ ਵਾਲੇ ਲੋਕ ਬੋਲਣ ‘ਤੇ ਲਾਈਆਂ ਜਾਣ ਵਾਲੀਆਂ ਬੰਦਸ਼ਾਂ ਵਿਰੁੱਧ ਲੜੇ ਹਨ। ਗਵਾਂਢੀ ਦੇਸ਼ ਵਿਚ ਇਹੋ ਜਿਹੇ ਹਾਲਾਤ ਦੌਰਾਨ ਹੀ ਫੈਜ਼ ਅਹਿਮਦ ਫੈਜ਼ ਨੇ ਕਿਹਾ ਸੀ:
ਬੋਲ ਕੇ ਲਬ ਆਜ਼ਾਦ ਹੈਂ ਤੇਰੇ
ਬੋਲ ਜ਼ਬਾਂ ਅਬ ਏਕ ਤੇਰੀ ਹੈ
ਤੇਰਾ ਸੁਤਵਾਂ ਜਿਸਮ ਹੈ ਤੇਰਾ
ਬੋਲ ਕੇ: ਜਾਂ ਅਬ ਤਕ ਤੇਰੀ ਹੈ।
___________________
ਜਦੋਂ ਗੁਰਸ਼ਰਨ ਸਿੰਘ ਨੂੰ ਛੁਡਾਇਆ
ਅਮੋਲ ਪਾਲੇਕਰ ਸਮਾਜਿਕ ਤੌਰ ‘ਤੇ ਵੀ ਸਜੱਗ ਕਲਾਕਾਰ ਹੈ। ਉਹ ਬਾਕੀ ਪ੍ਰਦੇਸ਼ਾਂ ਦੀਆਂ ਨਾਟ-ਮੰਡਲੀਆਂ ਨਾਲ ਸੰਪਰਕ ਰੱਖਦਾ ਹੈ। ਇਥੇ ਪੰਜਾਬੀ ਨਾਟ-ਸੰਸਾਰ ਨਾਲ ਸਬੰਧਤ ਇਕ ਘਟਨਾ ਨੂੰ ਯਾਦ ਕਰਨਾ ਬਣਦਾ ਹੈ। ਇਹ ਗੱਲ ਸੰਨ 84 ਦੀ ਹੈ ਜਦ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਵਿਚ ਸਿੱਖਾਂ ਵਿਰੁੱਧ ਹਿੰਸਾ ਦਾ ਦੌਰ ਚੱਲ ਰਿਹਾ ਸੀ। ਉਸ ਵੇਲੇ ਭਾਅ ਜੀ ਗੁਰਸ਼ਰਨ ਸਿੰਘ ਦੀ ਨਾਟ-ਮੰਡਲੀ ਮੁੰਬਈ ਵਿਚ ਨਾਟਕ ਕਰ ਰਹੀ ਸੀ। ਜਦ ਉਹ ਸਟੂਡੀਓ ਵਿਚ ਇਨਕਲਾਬੀ ਗੀਤ ਰਿਕਾਰਡ ਕਰ ਰਹੇ ਸਨ ਤਾਂ ਕਿਸੇ ਨੇ ਉਥੇ ‘ਅਤਿਵਾਦੀ’ ‘ਸ਼ੱਕੀ ਬੰਦੇ’ ਹੋਣ ਦੀ ਖਬਰ ਦਿੱਤੀ ਤੇ ਪੁਲਿਸ ਭਾਅ ਜੀ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਸੁਖਦੇਵ ਪ੍ਰੀਤ, ਨਰਿੰਦਰ ਸਾਂਘੀ, ਇੰਦਰਜੀਤ ਗੋਗੋਆਣੀ, ਗੁਲਸ਼ਨ ਸ਼ਰਮਾ, ਪਰਮਜੀਤ ਸਿੰਘ, ਰੇਣੂ ਸਿੰਘ ਅਤੇ ਜਸਵੰਤ ਜੱਸ ਨੂੰ ਫੜ ਕੇ ਥਾਣੇ ਲੈ ਗਈ। ਪੁੱੱਛਗਿੱਛ ਸ਼ੁਰੂ ਕੀਤੀ ਗਈ। ਖਬਰ ਮਿਲਣ ‘ਤੇ ਅਮੋਲ ਪਾਲੇਕਰ, ਸਾਗਰ ਸਰਹੱਦੀ, ਸ਼ਾਬਾਨਾ ਆਜ਼ਮੀ, ਰੋਹਿਨੀ ਹਤੰਗੜੀ ਤੇ ਹੋਰ ਫਿਲਮੀ ਤੇ ਰੰਗਮੰਚ ਦੇ ਕਲਾਕਾਰ ਪੁਲਿਸ ਸਟੇਸ਼ਨ ਆਏ ਅਤੇ ਪੁਲਿਸ ਨੂੰ ਭਾਅ ਜੀ ਗੁਰਸ਼ਰਨ ਸਿੰਘ ਤੇ ਉਨ੍ਹਾਂ ਦੀ ਨਾਟ-ਮੰਡਲੀ ਬਾਰੇ ਦੱਸਿਆ ਤੇ ਰਿਹਾਅ ਕਰਾਇਆ।