ਜੰਗ ਨੂੰ ਨਵੇਂ ਅਰਥ ਦੇ ਗਿਆ ਬ੍ਰਿਗੇਡੀਅਰ ਪ੍ਰੀਤਮ ਸਿੰਘ

ਕਮਲਪ੍ਰੀਤ ਸਿੰਘ
ਫੋਨ: 91-75080-42072
“ਜੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨਾ ਹੁੰਦੇ ਤਾਂ ਅੱਜ ਪੁਣਛ ਪਾਕਿਸਤਾਨ ਵਿਚ ਹੁੰਦਾ ਤੇ ਅਸੀਂ ਸਾਰੇ ਮਾਰੇ ਜਾ ਚੁਕੇ ਹੁੰਦੇ। ਅੱਜ ਕਰੀਬ ਦਸ ਲੱਖ ਪੁਣਛੀ ਲੋਕ ਸਿਰਫ ਤੇ ਸਿਰਫ ਬ੍ਰਿਗੇਡੀਅਰ ਪ੍ਰੀਤਮ ਸਿੰਘ ਕਰਕੇ ਜਿਉਂਦੇ ਹਨ।” ਪੁਣਛ ਦੇ ਬਾਸ਼ਿੰਦਿਆਂ ਦੀ ਇਹ ਸਾਂਝੀ ਆਵਾਜ਼ ਹੈ।

ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ‘ਪੁਣਛ ਦੇ ਰਖਵਾਲੇ’ (ੰਅਵਿਰ ਾ ਫੋਨਚਹ) ਵਜੋਂ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਨਾਂ ‘ਤੇ ਪੁਣਛ ‘ਚ ਸਥਾਪਤ ਸਮਾਰਕ ਤੇ ਯਾਦਗਾਰਾਂ ਬੀਤੇ ਵੇਲੇ ਦਾ ਹਾਲ ਬਿਆਨ ਕਰਦੀਆਂ ਹਨ। ਅਸਲ ਵਿਚ ਪ੍ਰੀਤਮ ਸਿੰਘ ਮਹਿਜ ਪੁਣਛ ਖਿੱਤੇ ਨੂੰ ਹੀ ਬਚਾਉਣ ਵਾਲੇ ਨਹੀਂ ਸਨ, ਸਗੋਂ ਉਨ੍ਹਾਂ ਨੇ ਅਜਿਹਾ ਬਹੁਤ ਕੁਝ ਬਚਾਇਆ ਤੇ ਸਿਰਜਿਆ, ਜਿਸ ਦੀ ਕਥਾ ਉਨ੍ਹਾਂ ਬਾਰੇ ਬਣ ਰਹੀ ਦਸਤਾਵੇਜ਼ੀ ਫਿਲਮ ਅਤੇ ਉਨ੍ਹਾਂ ‘ਤੇ ਲਿਖੀ ਜਾ ਰਹੀ ਪੁਸਤਕ ਦੀ ਤਿਆਰੀ ਸਬੰਧੀ ਪੁਣਛ ਖਿੱਤੇ ਦੇ ਫੇਰੇ ਦੌਰਾਨ ਸਾਹਮਣੇ ਆਈ।
ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜੀਵਨ ਪਹਾੜੀ ਪਗਡੰਡੀ ਵਾਂਗ ਹੈ, ਜਿਸ ਵਿਚ ਕਈ ਵਲ-ਵਲੇਵੇਂ ਹਨ-ਇਕ ਪਾਸਾ ਪਹਾੜੀ ਚੋਟੀ ਵਾਂਗ ਸਿਖਰ ਤਾਂ ਦੂਜਾ ਡੂੰਘੀ ਖਾਈ ਵਾਂਗ ਗੁੰਮਸੁਮ। ਜਿਵੇਂ ਵੀਹਵੀਂ ਸਦੀ ਦਾ ਮਨੁੱਖੀ ਇਤਿਹਾਸ ਅਦਭੁੱਤ ਪ੍ਰਾਪਤੀਆਂ ਤੇ ਤਬਾਹਕੁਨ ਘਟਨਾਵਾਂ ਨਾਲ ਭਰਿਆ ਪਿਆ ਹੈ, ਉਸੇ ਤਰ੍ਹਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜੀਵਨ ਹੈ, ਜੋ ਹੈਰਾਨ ਕਰਦਾ ਜਾਂਦਾ ਹੈ!
ਦੂਜਾ ਵਿਸ਼ਵ ਯੁੱਧ: ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜਨਮ ਉਸ ਥਾਂ ਹੋਇਆ, ਜਿੱਥੇ ਦਸਵੇਂ ਗੁਰੂ ਨੇ ਜ਼ਫਰਨਾਮਾ ਰਚਿਆ। ਉਨ੍ਹਾਂ ਦੀ ਸ਼ਖਸੀਅਤ ‘ਤੇ ਦਸਮ ਪਾਤਸ਼ਾਹ ਦਾ ਬਹੁਤ ਅਸਰ ਸੀ। ਚੜ੍ਹਦੀ ਜਵਾਨੀ ਵਿਚ ਪ੍ਰੀਤਮ ਸਿੰਘ ਪੰਜਾਬ ਰੈਜੀਮੈਂਟ ਦੀ 5/6 ਬਟਾਲੀਅਨ ਵਿਚ ਬਤੌਰ ਕੈਪਟਨ ਦੂਜੇ ਵਿਸ਼ਵ ਯੁੱਧ ਵਿਚ ਸਿੰਘਾਪੁਰ ਦੇ ਮੋਰਚੇ ‘ਤੇ ਲੜ ਰਹੇ ਸਨ, ਪਰ ਜੰਗ ਦੌਰਾਨ ਦੁਸ਼ਮਣ ਦੇ ਕੈਂਪ ਵਿਚ ਫੜੇ ਗਏ। 4 ਮਈ 1942 ਨੂੰ ਆਪਣੇ ਦੋ ਸਾਥੀਆਂ-ਕੈਪਟਨ ਬਲਵੀਰ ਸਿੰਘ ਤੇ ਕੈਪਟਨ ਜੀ. ਆਰ. ਪ੍ਰਭ ਨਾਲ ਉਥੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਲਗਭਗ ਛੇ ਮਹੀਨਿਆਂ ਦਾ ਇਹ ਸਫਰ ਬਹੁਤ ਹੀ ਬਿਖੜਾ ਤੇ ਮੁਸ਼ਕਿਲਾਂ ਭਰਿਆ ਸੀ। ਕੈਦਖਾਨੇ ‘ਚੋਂ ਭੱਜਣ ਤੇ ਫੜੇ ਜਾਣ ਦਾ ਅਰਥ ਸੀ ਮੌਤ। ਪਰ ਉਨ੍ਹਾਂ ਹੌਸਲਾ ਨਾ ਹਾਰਿਆ ਅਤੇ ਕਈ ਦਿਨਾਂ ਦੀ ਯੋਜਨਾ ਪਿਛੋਂ ਉਹ ਕੈਦ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਏ। ਜਾਅਲੀ ਪਛਾਣ-ਪੱਤਰ ‘ਤੇ ਸਿੰਘਾਪੁਰ ਤੋਂ ਰੇਲ ਰਾਹੀਂ ਮਲਾਇਆ ਦੇ ਬਾਰਡਰ ‘ਤੇ ਪਹੁੰਚੇ। ਬਾਰਡਰ ‘ਤੇ ਕਿੰਨੇ ਹੀ ਦਿਨ ਛੁਪ ਕੇ ਰਹਿਣਾ ਪਿਆ। ਉਥੋਂ ਇਕ ਬੈਲਗੱਡੀ ਰਾਹੀਂ ਸਰਹੱਦ ਪਾਰ ਕੀਤੀ। ਮਲਾਇਆ, ਥਾਈਲੈਂਡ ਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫਰ ਤੈਅ ਕਰਦਿਆਂ ਛੇ ਮਹੀਨਿਆਂ ਪਿਛੋਂ ਆਖਰ ਭਾਰਤ ਪਹੁੰਚ ਗਏ। ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਨੂੰ ਵੱਕਾਰੀ ਮੈਡਲ ‘ਮਿਲਟਰੀ ਕਰਾਸ’ ਨਾਲ ਸਨਮਾਨਿਆ ਗਿਆ।
ਪੁਣਛ ਦਾ ਰਖਵਾਲਾ: 1947 ਵਿਚ ਭਾਰਤ ਦੀ ਵੰਡ ਦੌਰਾਨ ਹਾਲਾਤ ਬਦ ਤੋਂ ਬਦਤਰ ਹੋ ਗਏ। ਪ੍ਰੀਤਮ ਸਿੰਘ ਨੇ ਫੌਜ ਦੇ ਦਿੱਲੀ ਸਥਿਤ ਹੈਡਕੁਆਰਟਰ ਵਿਚ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਵੰਡ ਦੇ ਨਾਜ਼ੁਕ ਮਾਹੌਲ ਵਿਚ ਗੁੜਗਾਓਂ ਦੇ ਖਿੱਤੇ ਵਿਚ ਸ਼ਾਂਤੀ ਬਹਾਲੀ ਤੇ ਉਜੜ ਕੇ ਆਏ ਲੋਕਾਂ ਦੇ ਮੁੜ ਵਸੇਬੇ ਲਈ ਸੇਵਾਵਾਂ ਦਿੱਤੀਆਂ। ਬਾਅਦ ਵਿਚ ਸ੍ਰੀਨਗਰ ਵਿਖੇ ਭਾਰਤੀ ਫੌਜ ਦੀ ਫੈਸਲਾਕੁਨ ਸ਼ਾਲਟੈਂਗ ਦੀ ਲੜਾਈ ਵਿਚ ਸ਼ਾਮਿਲ ਹੋਏ ਅਤੇ ਤਿੰਨ ਮਹੀਨਿਆਂ ਵਿਚ ਹੀ ਪਾਕਿਸਤਾਨੀ ਫੌਜ ਨੂੰ ਉੜੀ ਤੋਂ ਵੀ ਪਿੱਛੇ ਧੱਕ ਦਿੱਤਾ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦਿਆਂ 20 ਨਵੰਬਰ 1947 ਨੂੰ ਪੁਣਛ ਨੂੰ ਬਚਾਉਣ ਭੇਜਿਆ ਗਿਆ।
ਜਦੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਫੌਜ ਸਮੇਤ ਪੁਣਛ ਵਿਚ ਦਾਖਲ ਹੋ ਰਹੇ ਸਨ ਤਾਂ ਉਥੋਂ ਦੀ ਡੋਗਰਾ ਫੌਜ ਨੂੰ ਲੱਗਾ ਕਿ ਪਾਕਿਸਤਾਨੀ ਫੌਜ ਆ ਰਹੀ ਹੈ ਤੇ ਉਨ੍ਹਾਂ ਨੇ ਜਿਸ ਲੱਕੜ ਦੇ ਪੁਲ ਉਪਰੋਂ ਦੀ ਫੌਜ ਆ ਰਹੀ ਸੀ, ਉਸ ਨੂੰ ਅੱਗ ਲਾ ਦਿੱਤੀ। ਬ੍ਰਿਗੇਡੀਅਰ ਪ੍ਰੀਤਮ ਸਿੰਘ ਕੁਝ ਕੁ ਫੌਜੀਆਂ ਸਮੇਤ ਦਰਿਆ ਪਾਰ ਕਰਨ ਵਿਚ ਸਫਲ ਰਹੇ। ਇਸ ਪਿਛੋਂ ਉਨ੍ਹਾਂ ਦੀ ਬਹਾਦਰੀ ਦਾ ਇਮਤਿਹਾਨ ਸ਼ੁਰੂ ਹੋਇਆ। ਤਿੰਨ ਪਾਸੇ ਪਹਾੜੀਆਂ ਨਾਲ ਘਿਰੇ ਹੋਏ ਪੁਣਛ ਨੂੰ ਪਾਕਿਸਤਾਨੀ ਫੌਜ ਨੇ ਘੇਰ ਲਿਆ ਸੀ ਅਤੇ ਕਬਾਇਲੀਆਂ ਦੇ ਹਮਲੇ ਅਲੱਗ ਤੋਂ ਹੋ ਰਹੇ ਸਨ। ਦਸ ਕੁ ਹਜ਼ਾਰ ਦੀ ਵਸੋਂ ਵਾਲੇ ਖਿੱਤੇ ਵਿਚ ਪਾਕਿਸਤਾਨ ਵਾਲੇ ਪਾਸਿਓਂ ਤੀਹ ਤੋਂ ਚਾਲੀ ਹਜ਼ਾਰ ਲੋਕ ਪੁਣਛ ਵਿਚ ਆ ਚੁਕੇ ਸਨ।
ਨਵੰਬਰ ਦੀ ਠੰਢ, ਉਜਾੜਾ, ਭੁੱਖਮਰੀ, ਹਮਲੇ-ਇਸ ਸਭ ਕਾਸੇ ਵਿਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਲਈ ਕਈ ਚੁਣੌਤੀਆਂ ਸਨ। ਉਨ੍ਹਾਂ ਨੇ ਕਿਸ ਤਰ੍ਹਾਂ ਆਮ ਲੋਕਾਂ ਦੀਆਂ ਫੌਜੀ ਪਲਟਣਾਂ ਬਣਾਈਆਂ? ਕਿਸ ਤਰ੍ਹਾਂ ਜਹਾਜ ਉਤਾਰਨ ਲਈ ਏਅਰਫੀਲਡ ਤਿਆਰ ਕੀਤਾ? ਕਿਸ ਤਰ੍ਹਾਂ ਇਲਾਕੇ ਨੂੰ ਦੰਗਿਆਂ ਤੋਂ ਮਹਿਫੂਜ਼ ਰੱਖਿਆ? ਕਿਸ ਤਰ੍ਹਾਂ ਪਾਕਿਸਤਾਨ ਜਾਣ ਵਾਲਿਆਂ ਨੂੰ ਸੁਰੱਖਿਅਤ ਪਹੁੰਚਾਇਆ, ਗਲਤੀ ਨਾਲ ਸਰਹੱਦ ਦੇ ਇਸ ਪਾਸੇ ਆ ਵੜਿਆਂ ਨੂੰ ਕਿਵੇਂ ਵਾਪਿਸ ਭੇਜਿਆ? ਕਿਸ ਤਰ੍ਹਾਂ ਵਿਸ਼ੇਸ਼ ਧਰਮ ਦੀ ਥਾਂ ਮਨੁੱਖਤਾ ਨੂੰ ਪਹਿਲ ਦਿੱਤੀ? ਫਿਰ ਇਕ ਵੇਲੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਵੀ ਕਰਨਾ ਪਿਆ। ਕਿੰਜ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਗੁੰਮਨਾਮੀ ਵਿਚ ਗੁਜ਼ਾਰਿਆ-ਅਜਿਹੀਆਂ ਬਹੁਤ ਕਥਾਵਾਂ ਹਨ, ਜੋ ਉਨ੍ਹਾਂ ਬਾਰੇ ਬਣ ਰਹੀ ਦਸਤਾਵੇਜ਼ੀ ਫਿਲਮ ਅਤੇ ਪੁਸਤਕ ਰੂਪ ਵਿਚ ਸਾਹਮਣੇ ਆ ਰਹੀਆਂ ਹਨ।
ਦਸਤਾਵੇਜੀ ਫਿਲਮ: ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ‘ਤੇ ਆਧਾਰਤ ਫਿਲਮ ਦਾ ਨਿਰਦੇਸ਼ਨ ਪਰਮਜੀਤ ਸਿੰਘ ਕੱਟੂ ਕਰ ਰਿਹਾ ਹੈ। ਪਰਮਜੀਤ ਹੁਣ ਤਕ ‘ਅੱਡਾ ਖੱਡਾ’ ਅਤੇ ‘ਸਟਰੇਅ ਸਟਾਰ’ ਨਾਂ ਦੀਆਂ ਦੋ ਲਘੂ ਫਿਲਮਾਂ ਦਾ ਲੇਖਕ ਅਤੇ ਨਿਰਦੇਸ਼ਕ ਹੈ। ‘ਸਟਰੇਅ ਸਟਾਰ’ ਹੁਣ ਤਕ ਸੱਤ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿਚ ਸ਼ਾਮਲ ਹੋ ਚੁਕੀ ਹੈ। ਪਰਮਜੀਤ ਦਾ ਕਹਿਣਾ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜ਼ਿੰਦਗੀ ਬਾਰੇ ਬਣ ਰਹੀ ਦਸਤਾਵੇਜ਼ੀ ਫਿਲਮ ਲੋਕਾਂ ਲਈ ਪ੍ਰੇਰਨਾ ਸਰੋਤ ਬਣੇਗੀ। ਇਸ ਫਿਲਮ ਦਾ ਨਾਂ ‘ਦ ਸੇਵੀਅਰ’ (ਬਚਾਉਣ ਵਾਲਾ) ਇਸ ਕਰਕੇ ਰੱਖਿਆ ਗਿਆ ਹੈ, ਕਿਉਂਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਖਿੱਤੇ, ਧਰਮ, ਨਸਲ, ਮਨੁੱਖਤਾ, ਕੁਦਰਤ ਆਦਿ ਹਰ ਕਿਸੇ ਦੇ ਰਖਵਾਲੇ ਸਨ। ਪਰਮਜੀਤ ਦਾ ਦਾਅਵਾ ਹੈ ਕਿ ਅਜਿਹੇ ਸੂਰਬੀਰਾਂ ਉਪਰ ਵਿਸ਼ਵ ਸਿਨੇਮਾ ਵਿਚ ਤਾਂ ਫਿਲਮਾਂ ਮਿਲ ਜਾਂਦੀਆਂ ਹਨ ਪਰ ਇਸ ਪੱਖੋਂ ਹਾਲੇ ਤੱਕ ਪੰਜਾਬੀ ਸਿਨੇਮਾ ਵਿਚ ਕੋਈ ਬਹੁਤਾ ਕੰਮ ਨਹੀਂ ਹੋਇਆ। ਇਹ ਉਹ ਫਿਲਮ ਹੈ, ਜੋ ਜੰਗ ਨੂੰ ਪੁਨਰ-ਪਰਿਭਾਸ਼ਿਤ ਕਰੇਗੀ।
ਪੁਸਤਕ: ਬ੍ਰਿਗੇਡੀਅਰ ਪ੍ਰੀਤਮ ਸਿੰਘ ਅਤੇ ਬਾਬਾ ਮਿਹਰ ਦੇ ਨਾਂ ਨਾਲ ਜਾਣੇ ਜਾਂਦੇ ਭਾਰਤੀ ਏਅਰ ਫੋਰਸ ਦੇ ਪਾਇਲਟ ਦੇ ਜੀਵਨ ਉਪਰ ਪੁਸਤਕ ਸ਼ ਕਰਨਵੀਰ ਸਿੰਘ ਸਿਬੀਆ ਤੇ ਜੈਅਸਲ ਚੌਹਾਨ ਲਿਖ ਰਹੇ ਹਨ। ਕਰਨਵੀਰ ਸਿੰਘ ਸਿਬੀਆ ਇਸ ਸਾਰੇ ਪ੍ਰਾਜੈਕਟ ਦੇ ਕਰਤਾ-ਧਰਤਾ ਹਨ। ਸਮਾਜਕ ਅਤੇ ਸਾਹਿਤਕ ਕਾਰਜਾਂ ਲਈ ਸ਼ ਸਿਬੀਆ ਹਮੇਸ਼ਾ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹਿੰਦੇ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਸੰਗਰੂਰ ਵਿਚ ਅੰਤਰਰਾਸ਼ਟਰੀ ਪੱਧਰ ਦਾ ਸਾਹਿਤਕ ਮੇਲਾ ਕਰਵਾਉਂਦੇ ਆ ਰਹੇ ਹਨ। ਸ਼ ਸਿਬੀਆ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਉਨ੍ਹਾਂ ਦਾ ਆਪਣੇ ਮਹਾਨ ਪੁਰਖਿਆਂ ਦੀਆਂ ਕੁਰਬਾਨੀਆਂ ਲਈ ਤਿਲ-ਫੁਲ ਯੋਗਦਾਨ ਹੈ ਅਤੇ ਇਨ੍ਹਾਂ ਪ੍ਰਾਜੈਕਟਾਂ ਰਾਹੀਂ ਉਹ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਸਾਂਭਣਾ ਚਾਹੁੰਦੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਇਹ ਦਸਤਾਵੇਜ਼ੀ ਫਿਲਮ ਅਤੇ ਪੁਸਤਕ ਲੋਕਾਂ ਲਈ ਪ੍ਰੇਰਨਾ ਸਰੋਤ ਹੋਣਗੀਆਂ।