ਕਾਮਾਗਾਟਾ ਮਾਰੂ ‘ਚੋਂ ਡਿੱਗੀ ਤਸਵੀਰ

ਕਾਮਾਗਾਟਾ ਮਾਰੂ ਇਤਿਹਾਸ ਦਾ ਉਹ ਕਾਂਡ ਹੈ, ਜਿਸ ਦੀਆਂ ਤੰਦਾਂ ਦੇ ਪਾਸਾਰ ਅਨੇਕ ਹਨ। ਇਸ ਅੰਦਰ ਰੋਜ਼ੀ-ਰੋਟੀ ਦੀ ਤਲਾਸ਼ ਅਤੇ ਦੇਸ਼ ਭਗਤੀ ਦੇ ਜਜ਼ਬਾਤ ਇਕ-ਮਿੱਕ ਹੋਏ ਪਏ ਹਨ। ਵੱਖ-ਵੱਖ ਸ਼ਖਸੀਅਤਾਂ ਅਤੇ ਮਸਲਿਆਂ-ਮੁੱਦਿਆਂ ਬਾਰੇ ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲੇ ਉਘੇ ਸ਼ਾਇਰ ਜਸਵੰਤ ਦੀਦ ਨੇ ਕਾਮਾਗਾਟਾ ਮਾਰੂ ਨਾਲ ਜੁੜੀ ਇਕ ਤਸਵੀਰ ਦੇ ਬਹਾਨੇ ਜੋ ਗੱਲਾਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ, ਉਹ ਅਸਲੋਂ ਨਿਵੇਕਲੀਆਂ ਅਤੇ ਨਿਆਰੀਆਂ ਹਨ। ਇਹ ਗੱਲਾਂ ਪੜ੍ਹਦਿਆਂ ਪਾਠਕ ਜਿਗਿਆਸਾ ਵੱਸ ਕਿਸੇ ਅਣਗਾਹੇ ਸਫਰ ਉਤੇ ਨਿਕਲਿਆ ਮਹਿਸੂਸ ਕਰਦਾ ਹੈ।

-ਸੰਪਾਦਕ

ਜਸਵੰਤ ਦੀਦ
ਜਦ ਪਹਿਲੀ ਵਾਰੀ ਇਹ ਨਾਂ ਪੜ੍ਹਿਆ ਤਾਂ ਅਰਥ ਸਮਝ ਨਾ ਆਏ। ਇਸ ਸ਼ਬਦ ਨੂੰ ਦੁਬਾਰਾ ਪੜ੍ਹਿਆ, ਸੰਧੀ-ਛੇਦ ਕਰਕੇ ਦੇਖਿਆ-ਕਾਮਾ, ਗਾਟਾ, ਮਾਰੂ। ਬੋਲ-ਬੋਲ ਕੇ ਦੇਖਿਆ, ਕਾਮਾ-ਗਾਟਾ-ਮਾਰੂ। ਕਾਮਾਗਾਟਾ ਮਾਰੂ। ਕਾਮਾਗਾਟਾ ਮਾਰੂ। ਕਾਮਾ- ਮਤਲਬ ਕਾਮੇ, ਗਾਟਾ- ਮਤਲਬ ਧੌਣ, ਮਾਰੂ- ਮਤਲਬ ਮੌਤ; ਲੱਗਾ, ਇਹਦਾ ਮਤਲਬ ਹੈ, ਕਾਮਿਆਂ ਦੇ ਗਾਟੇ ਲਾਹ-ਲਾਹ ਮਾਰੇ ਗਏ। ਉਦੋਂ ਉਮਰ ਨਿਆਣੀ ਸੀ, ਸ਼ਾਇਦ 10ਵੀਂ ਜਮਾਤ ‘ਚ ਪੜ੍ਹਦਾ ਸੀ। ਇਸ ਨਾਂ ਦਾ ਹਵਾਲਾ ਕਿਤੇ ਪੜ੍ਹਿਆ ਤਾਂ ਇਹ ਨਾਂ ਕਿਸੇ ਸ਼ਹਿਰ ਦਾ ਲੱਗਦਾ ਸੀ। ਕਿਸੇ ਦੇਸ਼ ਜਾਂ ਕਿਸੇ ਜਗ੍ਹਾ ਦਾ ਪਰ ਪੜ੍ਹ ਕੇ ਪਤਾ ਲੱਗਾ, ਇਹ ਕਿਸੇ ਜਹਾਜ ਦਾ ਨਾਮ ਸੀ- ਕਾਮਾਗਾਟਾ ਮਾਰੂ। ਇਸ ਸ਼ਬਦ ਦੇ ਵਾਪਰਨ ਤੋਂ ਕੋਈ 100 ਸਾਲ ਬਾਅਦ ਇਸ ਨੂੰ ਫਿਰ ਤੋਂ ਸੁਣਿਆ ਤਾਂ ਮੈਨੂੰ ਉਹੀ 30-40 ਸਾਲ ਪਹਿਲਾਂ ਵਾਲਾ ਸਮਾਂ ਯਾਦ ਆ ਗਿਆ। ਮੈਂ ਆਪਣੇ ਆਪ ਨੂੰ ਬੜਾ ਸਮਝਾਉਂਦਾ ਹਾਂ ਕਿ ਹੁਣ ਤਾਂ ਮੈਨੂੰ ਇਸ ਸ਼ਬਦ ਦੇ ਅਸਲੀ ਅਰਥ ਵੀ ਪਤਾ ਲਗ ਗਏ ਨੇ, ਮੈਂ ਇਸ ਬਾਰੇ ਅਨੇਕਾਂ ਲੇਖ ਅਤੇ ਕਿਤਾਬਾਂ ਵੀ ਦੇਖ ਲਈਆਂ ਨੇ, ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਜਿਨ੍ਹਾਂ ਗਦਰੀ ਬਾਬਿਆਂ ਦਾ ਇਹ ਜਹਾਜ ਸੀ, ਉਨ੍ਹਾਂ ਬਾਰੇ ਚੰਗੀ-ਭਲੀ ਦਸਤਾਵੇਜ਼ੀ (ਡਾਕੂਮੈਂਟਰੀ) ਵੀ ਬਣਾ ਚੁਕਾ ਹਾਂ, ਪਰ ਮੈਨੂੰ ਅਜੇ ਵੀ ਇਸ ਸ਼ਬਦ ਨੂੰ ਮੁੜ-ਮੁੜ ਉਚਾਰ ਕੇ ਦੇਖਣ ਦੀ ਲੋੜ ਕਿਉਂ ਪੈ ਰਹੀ ਹੈ?
ਕਾਮਾਗਾਟਾ ਮਾਰੂ। ਸ਼ਾਇਦ ਇਸ ਸ਼ਬਦ ਅੰਦਰ ਕੋਈ ਰਹੱਸ ਹੈ, ਕੋਈ ਸੰਗੀਤ ਹੈ, ਕੋਈ ਸ਼ੋਰ ਹੈ, ਕੋਈ ਚੁੱਪ ਹੈ, ਕੋਈ ਦਰਦ ਹੈ, ਕੋਈ ਖੜਾਕ ਹੈ। ਇਸੇ ਲਈ ਇਹ ਉਚਾਰ ਹੈ- ਕਾਮਾਗਾਟਾ ਮਾਰੂ। ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਪੜ੍ਹਨ, ਸੁਣਨ, ਲਿਖਣ ਤੋਂ ਬਾਅਦ ਵੀ ਮੈਨੂੰ ਮੇਰੇ 10ਵੀਂ ਜਮਾਤ ‘ਚ ਪੜ੍ਹੇ ਤੇ ਹੈਰਾਨੀ ਵਿਚ ਉਚਾਰੇ ਸ਼ਬਦ-ਜੋੜਾਂ ਵਾਲਾ ਉਚਾਰ ਤੇ ਮਤਲਬ ਹੀ ਅੱਜ ਵੀ ਠੀਕ ਲਗਦਾ ਹੈ, ਕਾਮਾ-ਗਾਟਾ-ਮਾਰੂ; ਯਾਨਿ ਕਾਮਿਆਂ ਦੇ ਗਾਟੇ ਲਾਹ-ਲਾਹ ਮਾਰੇ ਗਏ; ਹਾਲਾਂਕਿ ਇਨ੍ਹਾਂ ਮੁਸਾਫਰਾਂ ਨੂੰ ਗਾਟੇ ਲਾਹ-ਲਾਹ ਨਹੀਂ ਮਾਰਿਆ ਗਿਆ ਸੀ ਸਗੋਂ ਗੋਲੀਆਂ ਨਾਲ ਭੁੰਨਿਆ ਗਿਆ ਸੀ। ਰੋਜ਼ੀ-ਰੋਟੀ ਕਮਾਉਣ ਗਿਆਂ ਨੂੰ ਵੈਨਕੂਵਰ ਸਮੁੰਦਰ ਦੇ ਕੰਢਿਓਂ ਵਾਪਸ ਭਾਰਤ ਮੋੜ ਦਿੱਤਾ ਗਿਆ ਸੀ। ਜਿਹੜੇ ਕੈਨੇਡਾ ਦੇ ਘਾਟ ਉਤਰ ਗਏ ਸਨ, ਮੌਤ ਦੇ ਘਾਟ ਉਤਾਰੇ ਗਏ। ਜਿਹੜੇ ਬਚ ਗਏ, ਉਹ ਸੀਸ-ਹੀਣ ਜਿਉਂਦੇ ਰਹੇ ਤਲੀਆਂ ‘ਤੇ ਟਿਕੇ ਸੀਸ ਲੈ ਕੇ, ਤੇ ਇਹ ਸ਼ਬਦ ਆਪਣੇ ਇਤਿਹਾਸਕ ਅਰਥ ਲੈ ਕੇ ਅੱਜ ਤਕ ਗੂੰਜ ਰਿਹਾ ਹੈ, ਕਾਮਾਗਾਟਾ ਮਾਰੂ।
ਕੈਨੇਡਾ ਪੱਕੇ ਤੌਰ ‘ਤੇ ਜਾਣ ਬਾਰੇ ਸੋਚ ਰਿਹਾ ਸਾਂ ਕਿ ਟੋਰਾਂਟੋ ਗਦਰ ਸ਼ਤਾਬਦੀ ਕਮੇਟੀ ਵਲੋਂ ਸੁਨੇਹਾ ਮਿਲਿਆ ਕਿ ਗਦਰੀ ਬਾਬਿਆਂ ‘ਤੇ ਦਸਤਾਵੇਜ਼ੀ ਫਿਲਮ ਬਣਾਉਣ ਦੀ ਤਜਵੀਜ਼ ਹੈ। ਮਨ ਨੇ ਕਿਹਾ, ਇਸ ਨਾਲੋਂ ਭਲਾ ਕੰਮ ਹੋਰ ਕੀ ਹੋ ਸਕਦਾ ਹੈ ਭਲਾ? ਪਹੁੰਚ ਗਏ ਟੋਰਾਂਟੋ। ਹੋ ਗਈ ਸ਼ੁਰੂ ਡਾਕੂਮੈਂਟਰੀ। ਇਸ ਡਾਕੂਮੈਂਟਰੀ ਦੀ ਤਿਆਰੀ ਲਈ ਅਨੇਕ ਕਿਤਾਬਾਂ, ਰਸਾਲੇ, ਲੇਖ ਪੜ੍ਹੇ, ਗਦਰ ਲਹਿਰ ਦਾ ਇਤਿਹਾਸ ਦੇਖਿਆ। ‘ਕਾਮਾਗਾਟਾ ਮਾਰੂ’ ‘ਤੇ ਰੌਸ਼ਨੀ ਪਈ।
ਕਾਮਾਗਾਟਾ ਮਾਰੂ ਦੀ ਘਟਨਾ ਦੱਖਣੀ ਅਮਰੀਕਾ ਵਿਚ ਏਸ਼ੀਅਨਾਂ ਦੇ ਪਰਵਾਸੀ ਇਤਿਹਾਸ ਦਾ ਅਹਿਮ ਵਰਕਾ ਹੈ। ਕੈਨੇਡਾ ਸਰਕਾਰ ਅਤੇ ਇਥੋਂ ਦੇ ਗੋਰੇ ਲੋਕ ਨਹੀਂ ਸਨ ਚਾਹੁੰਦੇ ਕਿ ਕਾਲੇ ਲੋਕ ਇਧਰ ਆਉਣ। ਕੈਨੇਡਾ ਵਿਚ ਭਾਰਤੀਆਂ ਦਾ ਦਾਖਲਾ ਬੰਦ ਕਰਨ ਲਈ ਗਵਰਨਰ ਜਨਰਲ ਨੇ ਕਾਨੂੰਨ ਦੀ ਦਫਾ 38 (ਏ) ਤਹਿਤ ਹੁਕਮ ਨੰਬਰ 220 ਪਾਸ ਕੀਤਾ, ਜੋ 9 ਮਈ 1910 ਨੂੰ ਲਾਗੂ ਹੋਇਆ। ਇਸ ਕਾਨੂੰਨ ਮੁਤਾਬਕ ਕੈਨੇਡਾ ਆਉਣ ਵਾਲੇ ਹਰ ਸ਼ਖਸ ਲਈ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਆਪਣੇ ਮੁਲਕ ਤੋਂ ਸਿੱਧਾ ਜਹਾਜ ਲੈ ਕੇ ਕੈਨੇਡਾ ਪੁੱਜੇ ਅਤੇ ਹਰ ਆਉਣ ਵਾਲਾ ਬੰਦਾ 200 ਡਾਲਰ ਦੀ ਕਰੰਸੀ ਨਾਲ ਲੈ ਕੇ ਆਵੇ। ਇਸ ਹੁਕਮ ਨਾਲ ਭਾਰਤੀਆਂ ਦਾ ਕੈਨੇਡਾ ਜਾਣਾ ਅਸੰਭਵ ਹੋ ਗਿਆ, ਕਿਉਂਕਿ ਇੰਡੀਆ ਤੋਂ ਕੋਈ ਵੀ ਜਹਾਜ ਉਸ ਵੇਲੇ ਸਿੱਧਾ ਕੈਨੇਡਾ ਨਹੀਂ ਸੀ ਆਉਂਦਾ।
ਇਸ ਮਸਲੇ ਦਾ ਹੱਲ ਕੱਢਣ ਲਈ ਸਿੰਗਾਪੁਰ ਰਹਿੰਦੇ ਪੰਜਾਬੀ ਵਪਾਰੀ ਗੁਰਦਿੱਤ ਸਿੰਘ ਸਰਹਾਲੀ ਨੇ ਸਕੀਮ ਕੱਢੀ। ਉਸ ਨੇ ਵਪਾਰਕ ਨੁਕਤੇ ਤੋਂ ਕੰਪਨੀ ਬਣਾਈ ਜਿਸ ਦਾ ਨਾਂ ਰੱਖਿਆ ਗੁਰੂ ਨਾਨਕ ਜਹਾਜ ਕੰਪਨੀ ਅਤੇ ਇਸ ਕੰਪਨੀ ਦੇ ਨਾਂ ਹੇਠ ਉਸ ਨੇ ਜਹਾਜ ਕਿਰਾਏ ‘ਤੇ ਲਿਆ। ਇਹ ਜਹਾਜ 4 ਅਪਰੈਲ 1914 ਨੂੰ ਹਾਂਗਕਾਂਗ ਤੋਂ 376 ਮੁਸਾਫਰ ਲੈ ਕੇ ਕੈਨੇਡਾ ਲਈ ਚੱਲ ਪਿਆ। ਗੁਰੂ ਨਾਨਕ ਜਹਾਜ ਕੰਪਨੀ ਦੇ ਕਿਰਾਏ ‘ਤੇ ਲਏ ਇਸੇ ਜਹਾਜ ਦਾ ਨਾਮ ਸੀ, ਕਾਮਾਗਾਟਾ ਮਾਰੂ। ਕਾਮਾਗਾਟਾ ਮਾਰੂ ਰਾਹੀਂ ਗੁਰਦਿੱਤ ਸਿੰਘ ਨੇ ਆਪਣੀ ਕਮਾਈ ਕਰਨ ਦਾ ਵੀ ਸਾਧਨ ਬਣਾਇਆ ਅਤੇ ਨਾਲ ਹੀ ਆਪਣੇ ਪੰਜਾਬੀ ਭਾਈਚਾਰੇ ਨੂੰ ਕੈਨੇਡਾ ਪਹੁੰਚਾਉਣ ਦਾ ਵੀ ਇੰਤਜ਼ਾਮ ਕਰ ਲਿਆ। ਇਸ ਜਹਾਜ ਵਿਚ ਰੰਗ-ਬਰੰਗੇ ਭਾਰਤੀ ਮੁਸਾਫਰ ਕੈਨੇਡਾ ਲਈ ਰਵਾਨਾ ਹੋਏ। ਜਹਾਜ ਸ਼ੰਘਈ (ਚੀਨ) ਤੇ ਯੋਕੋਹਾਮਾ (ਜਾਪਾਨ) ਵਿਚ ਦੀ ਹੁੰਦਾ ਕੈਨੇਡਾ ਵਲ ਵਧਿਆ।
ਜਹਾਜ ਵਿਚ 21 ਮੁਸਲਿਮ ਮੁਸਾਫਰਾਂ ਤੋਂ ਇਲਾਵਾ ਬਾਕੀ ਦੇ ਕਰੀਬ ਸਾਰੇ ਮੁਸਾਫਰ ਸਿੱਖ ਮਰਦ ਸਨ। ਇਹ ਜਹਾਜ ਉਸ ਵੇਲੇ ਗਦਰ ਲਹਿਰ ਨਾਲ ਭਰਿਆ ਜਹਾਜ ਨਹੀਂ ਸੀ, ਸਗੋਂ ਇਹ ਤਾਂ ਵਿਚਾਰੇ ਰੋਜ਼ੀ-ਰੋਟੀ ਲਈ ਪਰਦੇਸਾਂ ਵਿਚ ਭਟਕਣ ਲਈ ਜਾ ਰਹੇ ਆਲੇ-ਭੋਲੇ ਮਾਸੂਮ ਮਜ਼ਦੂਰਾਂ ਨਾਲ ਭਰਿਆ ਜਹਾਜ ਸੀ, ਪਰ ਇਸ ਜਹਾਜ ਦੇ ਮੁਸਾਫਰਾਂ ਨੂੰ ਭਾਈ ਭਗਵਾਨ ਸਿੰਘ ਤੇ ਮੌਲਵੀ ਬਰਕਤ ਉਲਾ ਵਰਗੇ ਦੇਸ਼ ਭਗਤ ਯੋਕੋਹਾਮਾ ਵਿਖੇ ਮਿਲੇ, ਜਿਨ੍ਹਾਂ ਨੇ ਮੁਸਾਫਰਾਂ ਨੂੰ ਕੈਨੇਡਾ ਤੇ ਅਮਰੀਕਾ ਵਿਚ ਚੱਲ ਰਹੇ ਹਾਲਾਤ ਤੋਂ ਵਾਕਫ ਕਰਵਾਇਆ। ਹਰ ਬੰਦਰਗਾਹ ‘ਤੇ ਮੁਸਾਫਰਾਂ ਵਿਚ ਗਦਰੀ ਸਾਹਿਤ ਵੰਡਿਆ ਜਾਂਦਾ ਰਿਹਾ। ਇਸ ਨਾਲ ਮੁਸਾਫਰ ਦੇਸ਼ ਦੀ ਆਜ਼ਾਦੀ ਲਹਿਰ ਬਾਰੇ ਚੇਤੰਨ ਜ਼ਰੂਰ ਹੋਏ ਪਰ ਰੋਜ਼ੀ-ਰੋਟੀ ਉਨ੍ਹਾਂ ਦਾ ਮੁੱਖ ਮੁੱਦਾ ਸੀ। ਅੱਖਾਂ ਵਿਚ ਡਾਲਰ ਕਮਾਉਣ ਦੀ ਚਮਕ ਲੈ ਕੇ ਇਹ ਮੁਸਾਫਰ ਪਾਣੀ ਵਾਲੇ ਜਹਾਜ ਦੀਆਂ ਛੱਲਾਂ ਦੀ ਆਵਾਜ਼ ਵਿਚ ਸੌਂਦੇ ਜਾਗਦੇ ਆਖਰ 23 ਮਈ 1914 ਨੂੰ ਕੈਨੇਡਾ ਵਿਚ ਵੈਨਕੂਵਰ ਜਾ ਪੁੱਜੇ ਪਰ ਮੁਸਾਫਰਾਂ ਦੀਆਂ ਉਣੀਂਦੀਆਂ ਅੱਖਾਂ ਇਕਦਮ ਹੈਰਾਨੀ ਨਾਲ ਭਰ ਗਈਆਂ ਜਦੋਂ ਕੈਨੇਡਾ ਸਰਕਾਰ ਨੇ ਸਮੁੰਦਰ ਕੰਢੇ ਲੱਗੇ ਜਹਾਜ ਵਿਚੋਂ ਕਿਸੇ ਵੀ ਮੁਸਾਫਰ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੀ। ਜਹਾਜ ਵਿਚ ਸਵਾਰ ਸਾਰੇ 376 ਮੁਸਾਫਰਾਂ ਦਾ ਕੈਨੇਡਾ ਵਿਚ ਦਾਖਲਾ ਬੰਦ!
ਜਹਾਜ ਵਿਚ ਖਲਬਲੀ ਮਚ ਗਈ। ਰੋਹ ਦੀਆਂ ਚਿਣਗਾਂ ਫੁੱਟਣ ਲੱਗੀਆਂ। ਫੈਸਲਾ ਕਰਨ ਲਈ ਕਮੇਟੀ ਬਣਾਈ ਗਈ। ਇਸ ਵਿਚ ਬਲਵੰਤ ਸਿੰਘ, ਹੁਸੈਨ ਰਹੀਮ ਤੇ ਸੋਹਣ ਲਾਲ ਪਾਠਕ ਮੈਂਬਰ ਬਣੇ। ਵੈਨਕੂਵਰ ਵਿਚ ਕੋਈ 400 ਭਾਰਤੀ ਅਤੇ 150 ਗੋਰੇ, ਇਨ੍ਹਾਂ ਮੁਸਾਫਰਾਂ ਦੇ ਹੱਕ ਵਿਚ ਇਕੱਠੇ ਹੋਏ। ਨਤੀਜਾ ਕੋਈ ਨਾ ਨਿਕਲਿਆ ਸਗੋਂ ਜਹਾਜ ਨੂੰ ਵਾਪਸ ਲਿਜਾਣ ਦੇ ਹੁਕਮ ਦਿਤੇ ਗਏ। ਹੁਕਮ ਨਾ ਮੰਨੇ ਜਾਣ ‘ਤੇ ‘ਸੀ ਲਾਇਨ’ ਨਾਂ ਦੇ ਜਹਾਜ ਵਿਚ ਮੁਸਾਫਰਾਂ ਨੂੰ ਧੱਕੇ ਨਾਲ ਚਾੜ੍ਹ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਮੁਸਾਫਰਾਂ ਨੇ ਇੰਜ ਨਾ ਹੋਣ ਦਿੱਤਾ। ਕੈਨੇਡੀਅਨ ਪੁਲਿਸ ਤੇ ਮੁਸਾਫਰਾਂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ। ਜਹਾਜ ਅੰਦਰ ਲੜਾਈ ਚੱਲੀ। ਮੁਸਾਫਰਾਂ ਨੇ ਇੱਟਾਂ ਤੇ ਕੋਲਿਆਂ ਨਾਲ ਕੈਨੇਡੀਅਨ ਪੁਲਿਸ ਦਾ ਮੁਕਾਬਲਾ ਕੀਤਾ। ‘ਰੇਨਬੋ’ ਨਾਂ ਦੇ ਵੱਡੇ ਜਹਾਜ ਨੂੰ ਕਾਮਾਗਾਟਾ ਮਾਰੂ ਲਾਗੇ ਖੜ੍ਹਾ ਕਰਕੇ ਪੁਲਿਸ ਨੇ ਮੁਸਾਫਰਾਂ ਵੱਲ ਤੋਪਾਂ ਸੇਧ ਦਿੱਤੀਆਂ। ਮੁਸਾਫਰ ਤਾਂ ਵੀ ਡਟੇ ਰਹੇ। ਲੋਕਾਂ ਨੇ ਪੈਸੇ ਇਕੱਠੇ ਕਰਕੇ ਸਰਕਾਰ ਖਿਲਾਫ ਮੁਕੱਦਮਾ ਕੀਤਾ।
ਜਹਾਜ ਵੈਨਕੂਵਰ ਦੇ ਪਾਣੀਆਂ ਕੰਢੇ ਰੁਕਿਆ ਰਿਹਾ। ਭੁੱਖਣ-ਭਾਣੇ ਮੁਸਾਫਰਾਂ ਨੇ ਰਾਸ਼ਨ ਲਈ ਹਾਅ ਦਾ ਨਾਹਰਾ ਮਾਰਿਆ। ਮਜਬੂਰਨ ਸਰਕਾਰ ਨੂੰ ਰਾਸ਼ਨ ਮੁਹੱਈਆ ਕਰਨਾ ਪਿਆ। ਰੁਕੇ ਜਹਾਜ ਦੀ ਇਹ ਜਦੋ-ਜਹਿਦ ਦੋ ਮਹੀਨੇ ਚੱਲਦੀ ਰਹੀ। ਆਖਰ ਮੁਸਾਫਿਰ ਮੁਕੱਦਮਾ ਹਾਰ ਗਏ ਤੇ ਅੰਤ 23 ਜੁਲਾਈ 1914 ਨੂੰ ਸਭ ਨੂੰ ਵਾਪਸੀ ਦੇ ਹੁਕਮ ਹੋ ਗਏ। ਕੈਨੇਡਾ ਦੇ ਭਾਰਤੀਆਂ ਨੇ 60 ਹਜ਼ਾਰ ਡਾਲਰ ਇਕੱਠੇ ਕਰਕੇ ਮਦਦ ਵਜੋਂ ਦਿਤੇ, ਜੋ ਜਹਾਜ ਦੇ ਕਿਰਾਏ ਲਈ ਸਨ। ਜਹਾਜ ਵਾਪਸ ਚਲਾ ਗਿਆ। ਇਨ੍ਹਾਂ ਮੁਸਾਫਰਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਦੇ ਸੁਪਨੇ ਤਬਾਹ ਹੋ ਗਏ।
26 ਸਤੰਬਰ 1914 ਨੂੰ ਇਹ ਜਹਾਜ ਡਾਇਮੰਡ ਬੰਦਰਗਾਹ ਕਲਕੱਤਾ ਪੁੱਜਾ। ਜਹਾਜ ਦੀ ਤਲਾਸ਼ੀ ਲਈ ਗਈ। ਕੁਝ ਇਤਰਾਜ਼ਯੋਗ ਨਾ ਮਿਲਿਆ। 29 ਸਤੰਬਰ ਨੂੰ ਜਹਾਜ ਬਜ ਬਜ ਘਾਟ ਕਲਕੱਤੇ ਆ ਲੱਗਾ। ਸਭ ਮੁਸਾਫਰਾਂ ਨੂੰ ਉਤਰਨ ਦਾ ਹੁਕਮ ਹੋਇਆ। 17 ਮੁਸਾਫਰ ਉਤਰ ਗਏ ਪਰ ਬਾਕੀਆਂ ਨੇ ਕਲਕੱਤੇ ਜਾਣ ਦੀ ਜ਼ਿਦ ਕੀਤੀ। ਪੁਲਿਸ ਨੇ ਹੁਕਮ ਨਾ ਮੰਨੇ ਜਾਣ ‘ਤੇ ਗੋਲੀ ਚਲਾ ਦਿੱਤੀ। 19 ਮੁਸਾਫਰ ਮਾਰੇ ਗਏ ਅਤੇ 96 ਮੁਸਾਫਰਾਂ ਨੂੰ ਫੜ ਕੇ ਜੇਲ੍ਹ ‘ਚ ਪਾ ਦਿੱਤਾ। ਕੁਝ ਇਕ ਨੂੰ ਜੇਲ੍ਹ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ। ਕੁਝ ਮੁਸਾਫਰ ਬਚ ਕੇ ਨਿਕਲ ਗਏ। ਗੁਰਦਿੱਤ ਸਿੰਘ ਸਰਹਾਲੀ ਵੀ ਇਨ੍ਹਾਂ ਬਚ ਕੇ ਨਿਕਲਣ ਵਾਲਿਆਂ ‘ਚੋਂ ਸੀ। ਉਹ ਕਰੀਬ 7 ਸਾਲ ਰੂਪੋਸ਼ ਰਿਹਾ।
ਕਾਮਾਗਾਟਾ ਮਾਰੂ ਡਾਕੂਮੈਂਟਰੀ ਦੀ ਸਕ੍ਰਿਪਟ ‘ਤੇ ਕੰਮ ਕਰਨ ਬਾਅਦ, ਸ਼ੂਟਿੰਗ ਲਈ ਟੋਰਾਂਟੋ, ਵੈਨਕੂਵਰ, ਅਮਰੀਕਾ ਘੁੰਮਦਾ ਘੁਮਾਉਂਦਾ ਗਦਰ ਲਹਿਰ ਦੀਆਂ ਤਹਿਆਂ ਫਰੋਲਦਾ ਆਖਰ ਕੁੱਲ ਸ਼ੂਟਿੰਗ ਦੀ ਰਿਕਾਰਡਿੰਗ ਵਾਲਾ ਡਾਟਾ ਲੈ ਮੈਂ ਪਹੁੰਚ ਗਿਆ ਐਡਿਟਿੰਗ ਟੇਬਲ ‘ਤੇ। ਰਫ ਕੱਟ ਦੇਖਦਿਆਂ ਵੱਖ-ਵੱਖ ਸਟਿੱਲ ਤਸਵੀਰਾਂ ਨੂੰ ਇਕ ਥਾਂ ਵੱਖਰੇ ਫੋਲਡਰ ‘ਚ ਰੱਖਦਿਆਂ ਇਕ ਫੋਟੋ ‘ਤੇ ਨਜ਼ਰ ਅਟਕ ਗਈ, ਬੱਸ ਅਟਕੀ ਹੀ ਰਹਿ ਗਈ। ਫਰੇਮ ਸਟਿਲ ਕਰ ਦਿੱਤਾ ਇਸ ਤਸਵੀਰ ਵਾਲਾ। ਵਾਰ-ਵਾਰ ਲਏ ਇਸ ਫੋਟੋ ਦੇ ਵੱਖ-ਵੱਖ ਐਂਗਲ ਰੀਵਾਂਈਡ ਫਾਰਵਰਡ ਕਰ-ਕਰ ਦੇਖਣ ਲੱਗਾ। ਫੋਟੋ ‘ਚ ਜਾਨ ਪੈ ਗਈ ਜਿਵੇਂ। ਇਹ ਮਰੇ ਬੰਦਿਆਂ ਦੀ ਫੋਟੋ ਸੀ, ਪਰ ਇਹ ਬੰਦੇ ਜਿਉਂ ਕਿਵੇਂ ਪਏ? ਜਾਂ ਇਹ ਮਰੇ ਹੀ ਮੇਰੀ ਵੱਲ ਝਾਕੀ ਜਾ ਰਹੇ ਨੇ? ਫੋਟੋ ਵਿਚ ਇਕ ਬਜੁਰਗ, ਇਕ ਬੱਚਾ, ਸਾਹਮਣੇ ਝਾਕ ਰਹੇ ਨੇ। ਬੱਸ। ਸ਼ਾਇਦ ਕੈਮਰੇ ‘ਚ ਝਾਕ ਰਹੇ ਨੇ ਜਾਂ ਖਲਾਅ ‘ਚ ਝਾਕ ਰਹੇ ਨੇ, ਕੀ ਦੇਖ ਰਹੇ ਨੇ? ਵਾਂਢੇ ਚੱਲੇ ਨੇ ਸ਼ਾਇਦ। ਬਜੁਰਗ ਦਾ ਦਾੜ੍ਹਾ ਖੁੱਲ੍ਹਾ ਹੈ। ਗਲਮੇ ਕੋਟ ਹੈ। ਰੋਅਬਦਾਰ ਬੰਦਾ, ਨਾਲ ਉਹਦੇ ਬੱਚਾ ਹੈ। ਕੁੜਤਾ ਪਜਾਮਾ ਪਾ ਕੇ ਸਿਰ ‘ਤੇ ਖੁੱਲ੍ਹੀ ਸਫੇਦ ਦਸਤਾਰ ਸਜਾ ਕੇ ਖਲੋਤਾ। ਪਤਾ ਨਹੀਂ ਇਹ ਕੱਪੜੇ, ਫੋਟੋ ਖਿਚਵਾਉਣ ਖਾਤਰ ਹੀ ਪਾਏ ਹੋਣ, ਜਾਂ ਵਾਂਢੇ ਜਾਣ ਲੱਗਿਆਂ, ਕਿਸੇ ਨੇ ਕਿਹਾ ਹੋਵੇ, ਠਹਿਰੋ! ਪਹਿਲਾਂ ਫੋਟੋ ਖਿਚਵਾ ਲਓ!
ਫੋਟੋ ਵਿਚ ਬਜੁਰਗ ਤੇ ਬੱਚਾ ਹੈਰਾਨ ਖੜ੍ਹੇ ਨੇ। ਮੈਂ ਹੈਰਾਨ ਹੋਇਆ ਫੋਟੋ ਨੂੰ ਅੱਗੇ ਪਿੱਛੇ ਕਰਕੇ ਦੇਖ ਰਿਹਾ ਹਾਂ। ਘੋਖਣ ‘ਤੇ ਪਤਾ ਲੱਗਾ, ਇਹ ਫੋਟੋ ਗੁਰਦਿੱਤ ਸਿੰਘ ਸਰਹਾਲੀ ਦੀ ਹੈ ਪਰ ਨਾਲ ਖੜ੍ਹਾ ਬੱਚਾ ਕੌਣ ਹੈ? ਇਸ ਬੱਚੇ ਨੇ ਮੇਰੇ ਅੱਗੇ ਪ੍ਰਸ਼ਨਾਂ ਦਾ ਢੇਰ ਲਾ ਦਿੱਤਾ ਹੈ। ਮੇਰਾ ਮੂੰਹ ਇਕ ਸਦੀ ਪਿੱਛੇ ਘੁਮਾ ਦਿੱਤਾ ਹੈ। ਮੇਰਾ ਸਾਰਾ ਕੁਝ ਇਸ ਫੋਟੋ ਦੀ ਹੈਰਾਨੀ ਖੋਹ ਕੇ ਲੈ ਗਈ ਹੈ। ਗਦਰ ਲਹਿਰ ਬਾਰੇ ਬਣਾਈ ਡਾਕੂਮੈਂਟਰੀ ‘ਚੋਂ ਇਹ ਹੈਰਾਨੀ ਹੀ ਮੇਰੀ ਕਮਾਈ ਹੈ। ਪਰਦੇਸ ਕਮਾਉਣ ਗਏ ਇਸ ਫੋਟੋ ਵਿਚਲਿਆਂ ਦੀ ਹੈਰਾਨੀ ਹੀ ਮੇਰੀ ਕਮਾਈ ਹੈ। ਫੋਟੋ ਵਿਚਲਿਆਂ ਨੂੰ ਵੀ ਹੈਰਾਨੀ ਤੋਂ ਵੱਧ ਕੁਝ ਹੱਥ ਨਹੀਂ ਲੱਗਾ ਸੀ। ਕਿਉਂ ਹੈ ਇਹ ਬੱਚਾ ਫੋਟੋ ਵਿਚ? ਕੀ ਇਹ ਕਾਮਾਗਾਟਾ ਮਾਰੂ ਦਾ ਮੁਸਾਫਰ ਸੀ? ਇਹ ਪਰਦੇਸ ਕਮਾਈ ਕਰਨ ਚੱਲਿਆ ਕਿ ਚੋਰੀ ਜਹਾਜ ਵਿਚ ਚੜ੍ਹ ਆਇਆ? ਇਹ ਫੋਟੋ ਐਡਿਟਿੰਗ ਟੇਬਲ ‘ਤੇ ਮੈਂ ਫਰੇਮ ਫਰੀਜ਼ ਕਰਕੇ ਛੱਡ ਦਿੱਤੀ, ਜੋ ਮੇਰੇ ਦਿਮਾਗ ‘ਚ ਟੰਗੀ ਗਈ ਹੈ। ਇੰਨੀ ਹੈਰਾਨੀ ਮੈਂ ਸਾਰੀ ਉਮਰ ਨਾ ਕਿਸੇ ਦੀ ਫੋਟੋ ‘ਚ ਦੇਖੀ, ਨਾ ਕਿਸੇ ਬੱਚੇ ਦੀਆਂ ਅੱਖਾਂ ਅੰਦਰ। ਨਾ ਕਿਸੇ ਜਿਉਂਦੇ ਦੀਆਂ, ਨਾ ਮੋਏ ਦੀਆਂ ਅੱਖਾਂ ਅੰਦਰ। ਨਾ ਕਿਸੇ ਕੈਦੀ ਨਾ ਕਿਸੇ ਕਾਤਲ, ਨਾ ਸਰਾਭੇ, ਨਾ ਭਗਤ ਸਿੰਘ ਦੀਆਂ ਅੱਖਾਂ ਅੰਦਰ। ਨਾ ਦੇਸ਼ ਆਜ਼ਾਦੀ ਦੇ ਕੁੱਲ ਪਰਵਾਨਿਆਂ ਦੀਆਂ ਕੁੱਲ ਨਜ਼ਰਾਂ ਅੰਦਰ ਤੇ ਨਾ ਹੀ ਕਾਮਾਗਾਟਾ ਮਾਰੂ ਦੇ ਤਮਾਮ ਮੁਸਾਫਰਾਂ ਦੀਆਂ ਅੱਖਾਂ ਅੰਦਰ!
ਕੀ ਇਸ ਹੈਰਾਨੀ ਦਾ ਨਾਮ ਹੀ ਹੈ, ਕਾਮਾਗਾਟਾ ਮਾਰੂ! ਫੋਟੋ ਵਿਚਲੇ ਬੱਚੇ ਦੀ ਉਮਰ ਕੋਈ 8-9 ਸਾਲ। ਰੰਗ ਗੰਦਮੀ। ਸਿਰ ‘ਤੇ ਮੜਾਸਾ। ਅੱਖਾਂ ਮੋਟੀਆਂ। ਕੱਦ ਕੋਈ 3 ਫੁੱਟ। ਸਫੇਦ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ। ਇਹ ਲਿਖਦਿਆਂ ਲਗ ਰਿਹਾ ਹੈ, ਮੈਂ ਟੀ. ਵੀ. ਲਈ ਗੁਆਚੇ ਦੀ ਭਾਲ ਦਾ ਇਸ਼ਤਿਹਾਰ ਦੇ ਰਿਹਾ ਹਾਂ। ਇਕ ਸਦੀ ਬਾਅਦ ਵੀ ਕੋਈ ਪਤਾ ਨਹੀਂ ਕੌਣ ਹੈ ਇਹ ਬੱਚਾ? ਤਸਵੀਰ ਵਿਚੋਂ ਨਿਕਲ ਇਹ ਬੱਚਾ ਮੇਰੇ ਮਗਰ ਪੈ ਗਿਆ ਹੈ! ਕਹਿੰਦਾ ਹੈ, ਮੈਨੂੰ ਲੱਭ! ਦੱਸ ਮੈਂ ਕੌਣ ਹਾਂ! ਕਿਥੋਂ ਆਇਆ ਤੇ ਕਿਥੇ ਗਿਆ? ਕਾਮਾਗਾਟਾ ਮਾਰੂ ਬਾਰੇ ਸੌ ਸਾਲਾਂ ਤੋਂ ਗੱਲਾਂ ਕਰੀ ਜਾਂਦੇ ਹੋ, ਮੇਰੇ ਬਾਰੇ ਕਿਸੇ ਨੂੰ ਕੋਈ ਖਿਆਲ ਨਹੀਂ?
ਇਕ ਵਾਰੀ ਮੈਂ ਨੰਗਲਾਂ ਦੇ ਮੇਲੇ ‘ਚ ਆਪਣੇ ਨਾਨੇ ਨਾਲ ਖਿਚਵਾਈ ਸੀ ਇਸੇ ਤਰ੍ਹਾਂ ਫੋਟੋ। ਕਾਲੇ ਕੱਪੜੇ ਵਾਲੇ ਕੈਮਰੇ ਦੇ ਸਾਹਮਣੇ ਅਸੀਂ ਗੋਡਿਆਂ ‘ਤੇ ਹੱਥ ਰੱਖੀ ਕੁਰਸੀਆਂ ‘ਤੇ ਬੈਠੇ ਹਾਂ, ਨਾਨਾ-ਦੋਹਤਾ। ਪਿੱਛੇ ਸਾਡੇ ਪਰਦਾ ਲੱਗਾ ਹੋਇਆ, ਲਾਲ ਨੀਲੇ ਰੰਗ ਦਾ, ਤੇ ਉਹਦੇ ‘ਤੇ ਵੱਡੇ ਜਹਾਜ ਦੀ ਫੋਟੋ ਛਪੀ ਹੋਈ। ਕੀ ਪਤਾ, ਉਹ ਛਪੀ ਹੋਈ ਫੋਟੋ ਕਾਮਾਗਾਟਾ ਮਾਰੂ ਦੀ ਹੀ ਹੋਵੇ। ਇਸ ਫੋਟੋ ਵਿਚ ਵੀ ਮੈਨੂੰ ਲੱਗਦਾ, ਨਾਨਾ ਦੋਹਤਾ ਨਾਲ-ਨਾਲ ਖਲੋਤੇ ਨੇ। ਸੋਚਦਾ ਹਾਂ, ਫੋਟੋ ਵਿਚਲੇ ਮੁੰਡੇ ਦੀ ਮਾਂ ਨੇ ਮੁਸਾਫਰ ਪੁੱਤ ਲਈ ਨਵਾਂ ਕੁੜਤਾ ਪਜਾਮਾ ਹੱਥੀਂ ਸਿਉਂਤਾ ਹੋਣਾ। ਲਾਲਿਆਂ ਦੀ ਦੁਕਾਨ ਤੋਂ ਵੱਡੀ ਪੱਗ ਖਰੀਦੀ ਹੋਣੀ। ਮੁਸਾਫਰ ਬੱਚਾ ਗਲੀ ਦੇ ਆਪਣੇ ਦੋਸਤਾਂ ਨੂੰ ਦੱਸ ਰਿਹਾ ਹੋਣਾ ਕਿ ਉਹ ਨਾਨੇ ਨਾਲ ਪਾਣੀ ਵਾਲੇ ਜਹਾਜ ਵਿਚ ਜਾਵੇਗਾ। ਸਮੁੰਦਰ ਦੇਖੇਗਾ! ਬੱਚੇ ਹੈਰਾਨ ਨੇ। ਜਾਣ ਦਾ ਦਿਨ ਆ ਗਿਆ ਹੈ। ਪਿੰਡੋਂ ਤੁਰਨ ਲੱਗਿਆਂ ਮਾਂ ਨੇ ਜੱਫੀ ‘ਚ ਲੈ ਕੇ ਦੋਹਤੇ ਨੂੰ ਚੁੰਮਿਆ ਹੈ। ਗਲਵਕੜੀ ‘ਚ ਲਿਆ ਹੈ। ਅੱਖਾਂ ‘ਚੋਂ ਅੱਥਰੂ ਪਰਲ-ਪਰਲ ਵਗ ਤੁਰੇ ਨੇ। ਮਾਂ ਨੇ ਤਾਂ ਕਦੇ ਆਪਣੇ ਪੁੱਤ ਨੂੰ ਪਿੰਡੋਂ ਬਾਹਰ ਨਹੀਂ ਭੇਜਿਆ ਤੇ ਇਹ ਸਮੁੰਦਰੋਂ ਪਾਰ ਜਾ ਰਿਹਾ ਸੀ। ਸੱਤ ਸਮੁੰਦਰੋਂ ਪਾਰ! ਪਰਦੇਸ! ਪਰਦੇਸ – ਕਹਿੰਦਿਆਂ ਮਾਂ ਦਾ ਕਾਲਜਾ ਮੂੰਹ ਨੂੰ ਆ ਗਿਆ ਹੈ। ਕੋਲ ਖੜ੍ਹੇ ਨਾਨੇ ਦੀ ਵੀ ਅੱਖ ਭਰ ਆਈ ਹੈ। ਅੱਧਾ ਪਿੰਡ ਨਾਨੇ ਦੋਹਤੇ ਨੂੰ ਟਾਂਗੇ ‘ਚ ਬਿਠਾਉਣ ਆਇਆ ਹੈ। ਟਾਂਗੇ ‘ਚ ਦੋਹਤਾ ਮਾਸੂਮ ਪੰਛੀ ਵਾਂਗ ਨਾਨੇ ਨਾਲ ਬੈਠਾ ਹੈ। ਟਾਂਗੇ ਦੀ ਟਾਪ ਉਨ੍ਹਾਂ ਨੂੰ ਟੇਸ਼ਣ ਵੱਲ ਲੈ ਗਈ ਹੈ। ਗੱਡੀ ਨੇ ਉਨ੍ਹਾਂ ਨੂੰ ਉਥੇ ਲੈ ਜਾਣਾ ਹੈ, ਜਿਥੋਂ ਉਨ੍ਹਾਂ ਨੇ ਪਾਣੀ ਵਾਲੇ ਜਹਾਜ ‘ਚ ਬੈਠਣਾ ਹੈ ਤੇ ਜਿਸ ਜਹਾਜ ‘ਚ ਬੈਠਣਾ ਹੈ, ਉਸ ਦਾ ਨਾਂ ਹੈ ਕਾਮਾਗਾਟਾ ਮਾਰੂ! ਤੇ ਕਾਮਾਗਾਟਾ ਮਾਰੂ ਨੇ ਉਨ੍ਹਾਂ ਨੂੰ ਲੈ ਕੇ ਜਾ ਪਹੁੰਚਣਾ ਹੈ, ਕੈਨੇਡਾ।
ਸਮੁੰਦਰ ਕਿਨਾਰੇ ਲੱਗੇ ਜਹਾਜ ‘ਚ ਚੜ੍ਹਨ ਤੋਂ ਪਹਿਲਾਂ ਫੋਟੋ ਖਿੱਚੀ ਗਈ ਹੋਵੇਗੀ, ਬਲੈਕ ਐਂਡ ਵਾਈਟ। ਇਹੀ ਹੈ ਉਹ ਫੋਟੋ। ਦੋਹਤਾ ਸਮੁੰਦਰ ਸਾਹਮਣੇ ਖੜ੍ਹੇ ਜਹਾਜ ਨੂੰ ਹੈਰਾਨੀ ਨਾਲ ਦੇਖ ਰਿਹਾ ਹੈ। ਫੋਟੋ ਖਿੱਚੀ ਗਈ ਹੈ ਤੇ ਨਾਨਾ-ਦੋਹਤਾ ਜਹਾਜ ‘ਚ ਚੜ੍ਹ ਗਏ ਨੇ। ਦੋਵੇਂ ਨਾਲੋ-ਨਾਲ ਬੈਠ ਗਏ ਨੇ ਸੀਟਾਂ ‘ਤੇ। ਜਹਾਜ ਦੀ ਸੀਟ ਹੇਠ ਮਾਂ ਦੀਆਂ ਬਣਾਈਆਂ ਪਿੰਨੀਆਂ ਦੀ ਛੋਟੀ ਜਿਹੀ ਪੀਪੀ ਹੈ। ਬੱਚਾ ਪੀਪੀ ਖੋਲ੍ਹ ਕੇ ਪਿੰਨੀਆਂ ਖਾਣ ਲੱਗ ਪਿਆ ਹੈ। ਨਾਨੇ ਨੇ ਦੋਹਤੇ ਦੇ ਝੱਗੇ ‘ਤੇ ਡਿੱਗੀ ਭੂਰ-ਚੂਰ ਸਾਫ ਕੀਤੀ ਹੈ। ਸਿਰ ‘ਤੇ ਬੰਨ੍ਹੀ ਪੱਗ ਸਵਾਰੀ ਹੈ। ਬਾਹਰ ਸਮੁੰਦਰ ਦੀਆਂ ਛੱਲਾਂ ਨੇ। ਜਹਾਜ ਮਜੂਰੀ ਲਈ ਪਰਦੇਸ ਜਾ ਰਹੇ ਪਰਦੇਸੀਆਂ ਨਾਲ ਭਰਿਆ ਪਿਆ ਹੈ। ਸਭ ਦੀਆਂ ਅੱਖਾਂ ਵਿਚ ਸੁਪਨੇ ਨੇ, ਅੱਖਾਂ ‘ਚ ਉਣੀਂਦਰਾ ਹੈ। ਉਣੀਂਦਰੇ ਭਰੀਆਂ ਅੱਖਾਂ ਨੂੰ ਨੀਂਦ ਆ ਗਈ ਹੈ। ਬੱਚੇ ਦੀਆਂ ਅੱਖਾਂ ਜਾਗੋ ਮੀਟੀ ‘ਚ ਨੇ। ਹੌਲੀ ਹੌਲੀ ਸਮੁੰਦਰ ਦੇ ਝੂਟਿਆਂ ਨਾਲ ਬੱਚਾ ਘੂਕ ਸੌਂ ਗਿਆ ਹੈ।
26 ਮਈ 1914 ਦਾ ਦਿਨ ਆ ਗਿਆ ਹੈ। ਕਾਮਾਗਾਟਾ ਮਾਰੂ ਜਹਾਜ ਕੈਨੇਡਾ ਪਹੁੰਚ ਗਿਆ ਹੈ। ਵੈਨਕੂਵਰ! ਵੈਨਕੂਵਰ ਦੇ ਸਮੁੰਦਰ ਕੰਢੇ ਕਾਮਾਗਾਟਾ ਮਾਰੂ ਰੋਕ ਦਿੱਤਾ ਗਿਆ ਹੈ। ਕਿਸੇ ਮੁਸਾਫਰ ਨੂੰ ਵੀ ਜਹਾਜ ‘ਚੋਂ ਉਤਰਨ ਦੀ ਆਗਿਆ ਨਹੀਂ ਹੈ। ਬੱਚੇ ਦੀ ਅਚਾਨਕ ਅੱਖ ਖੁੱਲ੍ਹਦੀ ਹੈ। ਜਹਾਜ ਨੂੰ ਕਿਉਂ ਰੋਕ ਦਿੱਤਾ ਗਿਆ ਹੈ? ਬੱਚਾ ਹੈਰਾਨ ਹੈ। ਆਸੇ ਪਾਸੇ ਝਾਕਦਾ ਹੈ। ਕੋਈ ਅੰਗਰੇਜ਼ ਜਹਾਜ ਅੰਦਰ ਘੁੰਮ ਰਿਹਾ ਹੈ। ਇਹ ਮੈਲਕਮ ਰੀਡ ਹੈ। ਇਮੀਗਰੇਸ਼ਨ ਅਫਸਰ। ਬੱਚਾ ਮੈਲਕਮ ਰੀਡ ਵੱਲ ਝਾਕਦਾ ਹੈ। ਭਾਸ਼ਾ ਸਮਝ ਨਹੀਂ ਆਉਂਦੀ। ਭਾਸ਼ਾ ਤੇ ਪਹਿਰਾਵਾ ਦੋਨੋਂ ਹੈਰਾਨ ਕਰਦੇ ਨੇ। ਪਤਾ ਲੱਗਾ, ਜਹਾਜ ਨੂੰ ਇੰਡੀਆ ਵਾਪਸ ਮੁੜਨਾ ਪਵੇਗਾ। ਕੋਈ ਮੁਸਾਫਰ ਕੈਨੇਡਾ ਨਹੀਂ ਜਾ ਸਕੇਗਾ। ਬੱਚਾ ਵੀ ਨਹੀਂ। ਬੱਚੇ ਦੀਆਂ ਅੱਖਾਂ ਅੰਦਰ ਹਜ਼ਾਰਾਂ ਸੁਆਲ ਨੇ ਪਰ ਕਿਸੇ ਇਕ ਦਾ ਵੀ ਜੁਆਬ ਕਿਸੇ ਕੋਲ ਨਹੀਂ। ਉਸ ਦੇ ਆਪਣੇ ਕੋਲ ਤਾਂ ਬਿਲਕੁਲ ਹੀ ਨਹੀਂ। ਉਹ ਤਾਂ ਕੈਨੇਡਾ ਆਇਆ ਹੀ ਸੁਆਲ ਕਰਨ ਸੀ। ਜਵਾਬ ਤਾਂ ਸਾਰੇ ਉਸ ਦੇ ਪਿੰਡ ਵਾਲੇ ਘਰ ‘ਚ ਰਹਿ ਗਏ ਨੇ। ਕੁਝ ਮਾਂ ਕੋਲ, ਕੁਝ ਦਾਦੀ ਕੋਲ, ਕੁਝ ਯਾਰਾਂ ਬੇਲੀਆਂ ਕੋਲ ਤੇ ਕੁਝ ਪਿੰਡ ਦੇ ਕੱਚੇ ਰਾਹਾਂ ਤੇ ਹਰੇ ਭਰੇ ਰੁੱਖਾਂ ਕੋਲ!
ਕਿਆਸ-ਆਰਾਈਆਂ ਤੇ ਕਲਪਨਾ ਦੇ ਘੋੜਿਆਂ ਤੋਂ ਮੈਂ ਧੜਾਮ ਥੱਲੇ ਡਿੱਗਦਾ ਹਾਂ। ਕੱਪੜੇ ਝਾੜਦਾ ਉਠਦਾ ਹਾਂ। ਕੌਣ ਹੈ ਇਹ ਬੱਚਾ? ਇਸ ਵਾਰ ਮੈਨੂੰ ਲਗਦਾ ਹੈ ਕਿ ਇਹ ਬੱਚਾ ਗੁਰਦਿੱਤ ਸਿੰਘ ਦਾ ਕੁਝ ਨਹੀਂ ਲਗਦਾ। ਸਿਰਫ ਚਾਅ ਖਾਤਰ ਇਹਦੇ ਨਾਲ ਖੜ੍ਹਾ ਹੈ। ਫੋਟੋ ਖਿਚਵਾਉਣ ਖਾਤਰ। ‘ਕੌਣ?’ ਦੀ ਘੁੰਡੀ ਮੇਰੇ ਦਿਮਾਗ ਅੰਦਰ ਕਰੜੇ ਘੋਗੇ ਵਾਂਗ ਸਖਤ ਹੋਈ ਜਾਂਦੀ ਹੈ। ਆਪਣੀ ਕਲਪਨਾ ਦਾ ਸਖਤ ਘੋਗਾ ਭੰਨਣ ਲਈ ਮੈਂ ਕੈਨੇਡਾ ਦੇ ਪੈਂਦੇ ਮੀਂਹ ਵਿਚ ਫੋਨ ਚੁੱਕ ਮਿਲਾਇਆ, ਕਾਮਾਗਾਟਾ ਮਾਰੂ ਦੇ ਇਕ ਸਿੱਕੇਬੰਦ ਆਲੋਚਕ-ਨੁਮਾ ਪਗੜੀਧਾਰੀ ਨੂੰ। ਮਹਾਂਪੁਰਸ਼ ਕਹਿੰਦਾ, ‘ਤੁਸੀਂ ਕੌਣ ਹੁੰਦੇ ਓ ਕਾਮਾਗਾਟਾ ਮਾਰੂ ਦਾ ਨਾਂ ਲੈਣ ਵਾਲੇ? ਇਹ ਤਾਂ ਸਾਡਾ ਫੀਲਡ ਹੈ।’ ਮੈਂ ਉਹਦਾ ਫੀਲਡ ਉਹਦੇ ਚਰਨ ਲਈ ਛੱਡ ਕੇ ਖਹਿੜਾ ਛੁਡਾਉਂਦਾ ਹਾਂ। ਇਕ ਫੋਟੋ-ਮਾਹਰ ਵਾਕਫ-ਕਵੀ ਨੂੰ ਫੋਨ ਮਿਲਾਉਂਦਾ ਹਾਂ। ਜਿਵੇਂ ਕ੍ਰਿਸ਼ਨ ਅਸ਼ਾਂਤ ਪੱਤਰੀ ਦੇਖਣ ਦਾ ਮਾਹਰ ਸੀ। ਸਾਰੇ ਗ੍ਰਹਿ ਤੁਹਾਡੇ ਸਾਹਮਣੇ ਰੱਖ ਦਿੰਦਾ ਸੀ। ਇਹ ਤਸਵੀਰਾਂ ਦੀਆਂ ਲਕੀਰਾਂ ਦੇਖ ਕੇ ਦੱਸ ਦਿੰਦਾ ਸੰਨ, ਤਿਥ, ਵਾਰ, ਜੜ। ਵੇਰਵਾ ਦੱਸਿਆ ਤੇ ਪੁੱਛਿਆ, ਕੌਣ ਹੈ ਇਹ ਬੱਚਾ ਤਸਵੀਰ ਵਿਚਲਾ? ਜੁਆਬ ਮਿਲਿਆ, “ਗੁਰਦਿੱਤ ਸਿੰਘ ਦਾ ਮੁੰਡਾ।” ਉਸ ਦੇ ਜੁਆਬ ‘ਚ ਗਲਤ ਹੋਣ ਦੀ ਗੁੰਜਾਇਸ਼ ਘੱਟ ਸੀ ਤੇ ਐਡੀਟਿੰਗ ਟੇਬਲ ‘ਤੇ ਸਟਿਲ ਕੀਤੀ ਬੱਚੇ ਦੀ ਇਸ ਹੈਰਾਨ ਤਸਵੀਰ ਅੰਦਰ ਮੈਂ ਹੋਰ ਡੂੰਘੀ ਅਜਨਬੀ ਨਜ਼ਰ ਨਾਲ ਝਾਕਦਾ ਹਾਂ। ਮੇਰੀ ਦ੍ਰਿਸ਼ਟੀ ‘ਕੌਣ’ ਤੋਂ ‘ਕਿਥੇ’ ਤੇ ‘ਕਿਉਂ’ ਵੱਲ ਕ੍ਰੇਂਦਿਤ ਹੋਣੀ ਸ਼ੁਰੂ ਹੋ ਗਈ। ਮੈਂ ਜਹਾਜ ਦੇ ਮਾਲਕਾਂ ਤੇ ਕੰਪਨੀਆਂ ਨੂੰ ਭੁੱਲ ਗਿਆ। ਅਕਸਰ ਇਵੇਂ ਹੁੰਦਾ ਮੇਰੇ ਨਾਲ। ਮੇਰੀ ਦਿਲਚਸਪੀ ਮੁੱਖ ਕਿਰਦਾਰਾਂ ਤੋਂ ਹਟ ਕੇ ਉਨ੍ਹਾਂ ਕਿਰਦਾਰਾਂ ਵੱਲ ਚਲੇ ਜਾਂਦੀ, ਜਿਨ੍ਹਾਂ ਦੇ ਚਿਹਰੇ ਅਣਗੌਲੇ ਨੇ, ਧੁੰਦਲੇ ਨੇ ਪਰ ਅਹਿਮ ਨੇ। ਭੀੜ ਤੋਂ ਹਟ ਕੇ ਖਲੋਤੇ ਇਕੱਲੇ ਬੰਦੇ ਵੱਲ ਜਾ ਟਿਕਦੀ ਮੇਰੀ ਨਜ਼ਰ। ਫਿਲਮਾਂ, ਨਾਟਕਾਂ, ਕਹਾਣੀਆਂ, ਕਵਿਤਾਵਾਂ ਦੇ ਨਾਇਕਾਂ ਤੋਂ ਹਟ ਮੈਂ ਉਨ੍ਹਾਂ ਚਿਹਰਿਆਂ ਵੱਲ ਚਲਾ ਜਾਂਦਾ ਜੋ ਚੁੱਪ ਨੇ, ਹੈਰਾਨ ਨੇ ਤੇ ਇਕੱਲੇ ਨੇ। ਮਹਾਭਾਰਤ ਤੋਂ ਲੈ ਕੇ ਸਿੱਖ ਇਤਿਹਾਸ ਤੇ ਦੇਸ਼ ਆਜ਼ਾਦੀ ਦੇ ਅਨੇਕ ਅਜਿਹੇ ਕਿਰਦਾਰ ਮੇਰੀ ਨਜ਼ਰ ਅੱਗੇ ਆਣ ਖਲੋਤੇ ਤੇ ਕਾਮਾਗਾਟਾ ਮਾਰੂ ਦੇ ਇਸ ਬੱਚੇ ਦੀ ਕਹਾਣੀ ਫੋਲਣ ਮੈਂ ਥਾਂ-ਕੁਥਾਂ ਭਟਕਣ ਲੱਗਾ। ਦੇਸ਼ ਭਗਤ ਯਾਦਗਾਰ ਹਾਲ ਜਾਂਦਾ ਹਾਂ। ਸਰਹਾਲੀ ਪਿੰਡ ਦੀਆਂ ਨੁੱਕਰਾਂ ਛਾਣਦਾ ਹਾਂ। ਕੰਪਿਊਟਰ ਨੂੰ ਅੱਧੀ-ਅੱਧੀ ਰਾਤ ਕਈ ਸੁਆਲ ਪਾਉਂਦਾ ਹਾਂ। ਇਹ ਬੱਚਾ ਕਿਤਾਬਾਂ ਕੰਪਿਊਟਰਾਂ ‘ਚੋਂ ਗਾਇਬ ਹੈ। ਆਖਰ ਗੁਰਦਿੱਤ ਸਿੰਘ ਦੇ ਰਿਸ਼ਤੇਦਾਰਾਂ ਦੀ ਅੰਗਲੀ-ਸੰਗਲੀ ਲੱਭਦਿਆਂ ਮੇਰੀ ਤਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਰਹਿੰਦੇ ਬਾਬਾ ਗੁਰਦਿੱਤ ਸਿੰਘ ਦੇ ਪੜਪੋਤਰੇ ਨਾਲ ਜਾ ਜੁੜਦੀ ਹੈ। ਪਤਾ ਲਗਦਾ ਹੈ ਕਿ ਮੇਰੀ ਫੋਟੋ ਵਿਚਲਾ ਬੱਚਾ ਗੁਰਦਿੱਤ ਸਿੰਘ ਦੀ ਇਕਲੌਤੀ ਔਲਾਦ ਹੈ ਤੇ ਇਸ ਇਕਲੌਤੇ ਪੁੱਤਰ ਦਾ ਨਾਮ ਹੈ, ਬਲਵੰਤ ਸਿੰਘ।
ਫੋਟੋ ਵਿਚਲੇ ਬੱਚੇ ਦਾ ਬਾਪ ਗੁਰਦਿੱਤ ਸਿੰਘ ਅੰਮ੍ਰਿਤਸਰ ਜਿਲੇ ਦੇ ਪਿੰਡ ਸਰਹਾਲੀ ‘ਚ ਵਸਦੇ ਹੁਕਮ ਸਿੰਘ ਦਾ ਪੁੱਤਰ ਸੀ ਤੇ ਸਿੰਗਾਪੁਰ ਮਲਾਇਆ ਠੇਕੇਦਾਰੀ ਦਾ ਕੰਮ ਕਰਦਾ ਸੀ। ਇਸੇ ਗੁਰਦਿੱਤ ਸਿੰਘ ਨੇ ਵਪਾਰਕ ਨਜ਼ਰੀਏ ਨਾਲ ਕਾਮਾਗਾਟਾ ਮਾਰੂ ਜਹਾਜ ਹਾਂਗਕਾਂਗ ਤੋਂ ਕਿਰਾਏ ‘ਤੇ ਲਿਆ, ਪੰਜਾਬੀਆਂ ਨੂੰ ਕੈਨੇਡਾ ਪਹੁੰਚਾਉਣ ਵਾਸਤੇ। ਇਸੇ ਜਹਾਜ ਵਿਚ ਚੜ੍ਹੇ ਸਨ ਗੁਰਦਿੱਤ ਸਿੰਘ ਸਰਹਾਲੀ ਅਤੇ ਉਹਦਾ ਇਕਲੌਤਾ ਪੁੱਤਰ ਬਲਵੰਤ ਸਿੰਘ। ਬਲਵੰਤ ਸਿੰਘ ਦੀ ਉਮਰ ਉਸ ਵੇਲੇ ਕੋਈ 7-8 ਸਾਲ ਸੀ।
ਅਸਲ ਵਿਚ ਗੁਰਦਿੱਤ ਸਿੰਘ ਸਰਹਾਲੀ ਦੇ ਦੋ ਵਿਆਹ ਸਨ। ਪਹਿਲੇ ਵਿਆਹ ‘ਚੋਂ ਕੋਈ ਔਲਾਦ ਨਾ ਹੋਣ ਕਾਰਨ ਦੂਜਾ ਵਿਆਹ ਕਰਵਾਇਆ ਤੇ ਦੂਜੇ ਵਿਆਹ ‘ਚੋਂ ਪੈਦਾ ਹੋਇਆ ਇਕਲੌਤਾ ਪੁੱਤਰ ਬਲਵੰਤ ਸਿੰਘ। ਬਚਪਨ ਵਿਚ ਹੀ ਬਲਵੰਤ ਸਿੰਘ ਦੀ ਮਾਂ ਦੀ ਮੌਤ ਹੋ ਗਈ। ਗੁਰਦਿੱਤ ਸਿੰਘ ਦੀਆਂ ਦੋਵੇਂ ਪਤਨੀਆਂ ਦੀ ਮੌਤ ਹੋਣ ਕਾਰਨ ਪੁੱਤਰ ਬਲਵੰਤ ਦੀ ਸਾਂਭ ਸੰਭਾਲ ਗੁਰਦਿੱਤ ਸਿੰਘ ਨੂੰ ਆਪ ਕਰਨੀ ਪਈ ਤੇ ਇਸੇ ਵਜ੍ਹਾ ਕਾਰਨ ਇਕਲੌਤੇ ਪੁੱਤਰ ਬਲਵੰਤ ਸਿੰਘ ਨੂੰ ਵੀ ਕਾਮਾਗਾਟਾ ਮਾਰੂ ‘ਚ ਨਾਲ ਲਿਜਾਣਾ ਪਿਆ। ਬੱਚੇ ਨੂੰ ਕੀ ਪਤਾ ਸੀ, ਉਸ ਦੀ ਇਹ ਯਾਤਰਾ ਸਦੀਆਂ ਦਾ ਇਤਿਹਾਸ ਬਣੇਗੀ।
ਕਾਮਾਗਾਟਾ ਮਾਰੂ ਨੂੰ ਕੈਨੇਡਾ ਤੋਂ ਵਾਪਸੀ ਦੇ ਹੁਕਮਾਂ ਅਧੀਨ ਕਲਕੱਤੇ ਮੁੜਨਾ ਪਿਆ। ਇਥੇ ਪੁਲਿਸ ਨਾਲ ਝੜਪ ਤੋਂ ਬਾਅਦ ਗੁਰਦਿੱਤ ਸਿੰਘ ਸਰਹਾਲੀ ਅੰਡਰਗਰਾਊਂਡ ਹੋ ਗਿਆ। ਬਜ ਬਜ ਘਾਟ ‘ਤੇ ਖੜ੍ਹੇ ਕਾਮਾਗਾਟਾ ਮਾਰੂ ਜਹਾਜ ‘ਚ ਭਗਦੜ ਮਚ ਗਈ। ਇਕਲੌਤੇ ਪੁੱਤਰ ਬਲਵੰਤ ਸਿੰਘ ਦੀਆਂ ਮਾਸੂਮ ਨਜ਼ਰਾਂ ਬਾਪ ਗੁਰਦਿੱਤ ਸਿੰਘ ਨੂੰ ਲੱਭਦੀਆਂ ਹੈਰਾਨ ਹੋ ਗਈਆਂ। ਬਾਪੂ ਰੂਪੋਸ਼ ਹੋ ਗਿਆ। ਪੁਲਿਸ ਵਲੋਂ ਉਸ ਦੀ ਸੂਹ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਵਪਾਰੀ ਗੁਰਦਿੱਤ ਸਿੰਘ ਇਉਂ ਦੇਸ਼-ਆਜ਼ਾਦੀ ਦਾ ਪ੍ਰਵਾਨਾ ਬਣ ਗਿਆ ਤੇ ਬੱਚੇ ਬਲਵੰਤ ਸਿੰਘ ਨੂੰ ਸਾਥੀਆਂ ਨੇ ਉਸ ਦੇ ਦਾਦੇ ਹੁਕਮ ਸਿੰਘ ਕੋਲ ਪੁਚਾ ਦਿੱਤਾ। ਫੋਟੋ ਵਿਚਲਾ ਬੱਚਾ ਆਪਣੇ ਦਾਦਕੇ ਪਲਦਾ ਰਿਹਾ ਤੇ ਖੌਫ ਕਾਰਨ ਪੜ੍ਹਾਈ ਨਾ ਕਰ ਸਕਿਆ।
ਗਰਮਦਲੀਆ ਗੁਰਦਿੱਤ ਸਿੰਘ ਮਹਾਤਮਾ ਗਾਂਧੀ ਦੇ ਸੰਪਰਕ ‘ਚ ਆਉਣ ਨਾਲ ਨਰਮਦਲੀਆ ਹੋ ਗਿਆ ਤੇ ਆਖਰ ਗਾਂਧੀ ਦੇ ਕਹਿਣ ‘ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਕਈ ਸਾਲ ਰੂਪੋਸ਼ ਰਹਿਣ ਬਾਅਦ ਇਕਲੌਤੇ ਪੁੱਤਰ ਬਲਵੰਤ ਸਿੰਘ ਨਾਲ ਮੇਲ ਹੋਇਆ। ਦੇਸ਼ ਆਜ਼ਾਦ ਹੋਇਆ।
ਕਾਮਾਗਾਟਾ ਮਾਰੂ ਦਾ ਨਾਇਕ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਸਰਹਾਲੀ 90 ਸਾਲ ਦੀ ਉਮਰ ਭੋਗ ਕੇ 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਿਆ।
ਸਾਡੀ ਫੋਟੋ ਵਿਚਲਾ ਇਕਲੌਤਾ ਪੁੱਤਰ ਬਲਵੰਤ ਸਿੰਘ ਅੱਗੋਂ ਪੰਜ ਧੀਆਂ ਤੇ ਦੋ ਪੁੱਤਰਾਂ ਦਾ ਬਾਪ ਬਣਿਆ। ਉਮਰ ਦਾ ਬਹੁਤਾ ਹਿੱਸਾ ਬਿਹਾਰ-ਬੰਗਾਲ ਬਿਤਾਇਆ। ਟਰਾਂਸਪੋਰਟ ਕੰਪਨੀ ਚਲਾਈ ਤੇ ਬਾਪ ਦੇ ਅਕਾਲ ਚਲਾਣੇ ਬਾਅਦ ਆਪਣੇ ਜੱਦੀ ਪਿੰਡ ਸਰਹਾਲੀ ਆਣ ਡੇਰਾ ਕੀਤਾ। ਅੰਤ 14 ਜਨਵਰੀ 1974 ਨੂੰ ਸਰਹਾਲੀ ਵਿਖੇ ਅੰਤਮ ਸਵਾਸ ਲਿਆ। ਫੋਟੋ ਵਿਚਲੇ ਬਲਵੰਤ ਸਿੰਘ ਦੇ ਪਰਿਵਾਰ ‘ਚੋਂ ਹੁਣ ਉਸ ਦਾ ਪੋਤਰਾ ਤੇ ਉਸ ਦੀ ਨੂੰਹ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਰਹਿੰਦੇ ਹਨ ਤੇ ਫੋਟੋ ਦਾ ਮੂਲ ਲੱਭਦੇ-ਲਭਾਉਂਦੇ ਇਸੇ ਪਰਿਵਾਰ ਨਾਲ ਮੈਂ ਫੋਨ ‘ਤੇ ਗੱਲ ਕੀਤੀ।
ਗੁਰਦਿੱਤ ਸਿੰਘ ਦੇ ਪੜਪੋਤਰੇ ਤੇ ਫੋਟੋ ਵਿਚਲੇ ਬਲਵੰਤ ਸਿੰਘ ਦੇ ਪੋਤਰੇ ਤੇਜਪਾਲ ਸਿੰਘ ਨੇ ਭਾਵਕ ਤੇ ਗੱਠੀ ਵਾਜ ਵਿਚ ਕਿਹਾ: 90 ਸਾਲ ਸਾਡੇ ਪੂਰੇ ਪਰਿਵਾਰ ਵਿਚੋਂ ਕੋਈ ਕੈਨੇਡਾ ਨਹੀਂ ਆਇਆ। ਕਾਮਾਗਾਟਾ ਮਾਰੂ ਕਾਂਡ ਬਾਅਦ ਹਜ਼ਾਰਾਂ ਲੋਕ ਕੈਨੇਡਾ ਆਏ ਪਰ ਕਿਸੇ ਨੂੰ ਇਹ ਚੇਤਾ ਵੀ ਨਹੀਂ ਕਿ ਗੁਰਦਿੱਤ ਸਿੰਘ ਸਰਹਾਲੀ ਅਤੇ ਜਿਹੜੇ ਫੋਟੋ ਵਿਚਲੇ ਬੱਚੇ ਬਲਵੰਤ ਸਿੰਘ ਦੀ ਤੁਸੀਂ ਗੱਲ ਕਰਦੇ ਹੋ, ਉਨ੍ਹਾਂ ਦੇ ਪਰਿਵਾਰ ਦਾ ਕੋਈ ਬੰਦਾ ਇਥੇ ਆਇਆ ਕਿ ਨਹੀਂ? ਇਹ ਤਾਂ ਅਸੀਂ ਆਪ 90 ਸਾਲਾਂ ਬਾਅਦ 2003 ਵਿਚ ਪੀ. ਆਰ. ਲੈ ਕੇ ਆਏ ਹਾਂ। ਮੇਰਾ ਪੜਦਾਦਾ ਤੇ ਮੇਰਾ ਦਾਦਾ ਜਿਉਂਦੇ ਜੀ ਇਥੇ ਨਾ ਆ ਸਕੇ ਪਰ ਕੈਨੇਡਾ ਵਿਚ ਪੰਜਾਬੀਆਂ ਦਾ ਦਾਖਲਾ ਉਹ ਆਪਣੀਆਂ ਜਾਨਾਂ ‘ਤੇ ਖੇਲ ਕੇ ਖੋਲ੍ਹ ਗਏ।
ਫੋਟੋ ਵਿਚਲੇ ਬੱਚੇ ਬਲਵੰਤ ਸਿੰਘ ਦੀ ਨੂੰਹ ਬਲਬੀਰ ਕੌਰ ਨੇ ਆਪਣੀ ਲੰਮੀ ਉਮਰ ਦਾ ਹਲਕਾ ਤਨਜ਼ੀ ਹਾਸਾ ਹੱਸਦਿਆਂ ਕਿਹਾ, ਲੀਡਰਾਂ ਨੇ ਦੇਸ਼ ਭਗਤਾਂ ਦੇ ਸੁਪਨੇ ਕੀ ਪੂਰੇ ਕਰਨੇ ਨੇ, ਇਨ੍ਹਾਂ ਦੇ ਤਾਂ ਆਪਣੇ ਸੁਪਨੇ ਈ ਨਹੀਂ ਮੁੱਕਦੇ। ਮੇਰੇ ਸਹੁਰਾ ਸਾਹਿਬ ਬਾਬਾ ਬਲਵੰਤ ਸਿੰਘ ਦਾ ਜਿਵੇਂ ਕਹਿ ਲਉ, ਮਨ ਈ ਨਹੀਂ ਕੀਤਾ ਮੁੜ ਕੇ ਕੈਨੇਡਾ ਆਉਣ ਨੂੰ। ਉਨ੍ਹਾਂ ਨੇ ਤਾਂ ਉਹੀ ਕੈਨੇਡਾ ਦੇਖਿਆ, ਜਿੰਨਾ ਕੁ ਖੜ੍ਹੇ ਕਾਮਾਗਾਟਾ ਮਾਰੂ ‘ਚੋਂ ਦਿਸਦਾ ਸੀ। ਬੱਸ ਕੈਨੇਡਾ ਦਾ ਪਾਣੀ ਈ ਦੇਖਿਆ। ਉਹ ਤਾਂ ਉਦੋਂ ਛੋਟੇ ਈ ਸਨ 6-7 ਸਾਲ ਦੇ, ਉਨ੍ਹਾਂ ਨੂੰ ਜ਼ਿਆਦਾ ਯਾਦ ਵੀ ਨਹੀਂ ਸਨ ਕਾਮਾਗਾਟਾ ਮਾਰੂ ਦੀਆਂ ਗੱਲਾਂ। ਸਾਨੂੰ ਹੁਣ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਦੇ ਸੌ ਸਾਲਾਂ ‘ਤੇ ਮੁਆਫੀ ਮੰਗ ਸਮਾਰੋਹ ‘ਚ ਬੁਲਾਇਆ ਸੀ।
1914 ਵਿਚ ਵਾਪਰੀ ਕਾਮਾਗਾਟਾ ਮਾਰੂ ਕਾਂਡ ਨੂੰ 100 ਸਾਲ ਬੀਤ ਗਿਆ। ਇਕ ਪੂਰੀ ਸਦੀ ਬੀਤ ਗਈ। ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਦੀ ਇਤਿਹਾਸਕ ਭੁੱਲ ਲਈ ਇਕ ਸਦੀ ਬਾਅਦ ਮੁਆਫੀ ਮੰਗੀ। ਪੂਰੇ ਪੰਜਾਬੀਆਂ ਨੇ ਪੂਰੇ ਜੋਸ਼ ਨਾਲ ਇਸ ਮੁਆਫੀ ਦੇ ਜਸ਼ਨ ਮਨਾਏ।
ਅਸੀਂ ਸ਼ਹੀਦੀਆਂ ਪ੍ਰਾਪਤ ਕਰਕੇ ਤੇ ਮੁਆਫੀਆਂ ਮੰਗਵਾ ਕੇ ਖੁਸ਼ ਹੋਣ ਵਾਲੀ ਕੌਮ ਹਾਂ ਪਰ ਇਨ੍ਹਾਂ ਸ਼ਹੀਦੀਆਂ ਦੇ ਮਨੋਰਥ ਤੇ ਮੁਆਫੀਆਂ ਦੀ ਅਸਲੀਅਤ ਮਗਰ ਨਹੀਂ ਜਾਂਦੇ। ਅਜੇ ਵੀ ਬਹੁਤ ਕੁਝ ਉਹੀ ਵਾਪਰ ਰਿਹਾ ਹੈ, ਜੋ ਸੌ ਸਾਲ ਪਹਿਲਾਂ ਸੀ, ਸਿਰਫ ਉਸ ਦਾ ਰੂਪ ਬਦਲ ਗਿਆ ਹੈ। ਚਿਹਰੇ ਬਦਲ ਗਏ ਹਨ। ਅੱਜ ਜੋ ਪੂਰੇ ਵਿਸ਼ਵ ਵਿਚ ਮਨੁੱਖਤਾ ਦਾ ਘਾਣ ਰੰਗ, ਨਸਲ ਤੇ ਕੌਮ ਆਧਾਰਿਤ ਹੋ ਰਿਹਾ ਹੈ, ਕੀ ਇਹ ਮੁਆਫੀਆਂ ਮੰਗਵਾਉਣ ਨਾਲ ਖਤਮ ਹੋ ਗਿਆ ਹੈ, ਜਾਂ ਖਤਮ ਹੋਣ ਵਾਲਾ ਹੈ? ਸਾਡੇ ਅੱਗੇ ਕਾਮਾਗਾਟਾ ਮਾਰੂ ‘ਚ ਡੱਕੇ ਮੁਸਾਫਰਾਂ ਦੀਆਂ ਅੱਖਾਂ ਸੁਆਲ ਕਰਦੀਆਂ ਨੇ, ਕੀ ਕਾਮਾਗਾਟਾ ਮਾਰੂ ਦੀ ਲੜਾਈ ਖਤਮ ਹੋ ਚੁਕੀ ਹੈ? ਅਜੇ ਵੀ ਕੁਲ ਦੁਨੀਆਂ ਦੀ ਇਨਸਾਨੀਅਤ ਉਸੇ ਫੋਟੋ ਵਿਚਲੇ ਬੰਦਿਆਂ ਵਾਂਗ ਡਰੀ ਖਲੋਤੀ ਹੈ, ਜੋ ਮੁਲਕਾਂ, ਧਰਤੀਆਂ ਦੇ ਹੱਦਾਂ ਬੰਨੇ ਤੋੜ ਕੇ ਗਲਵੱਕੜੀਆਂ ਪਾ ਕੇ ਇਕ ਦੂਜੇ ਨੂੰ ਮਿਲਣਾ ਚਾਹੁੰਦੀ ਹੈ ਪਰ ਅਜੇ ਵੀ ਸਮੁੰਦਰੀ ਪਾਣੀਆਂ ਦੀਆਂ ਖੌਫਨਾਕ ਛੱਲਾਂ ਵਿਚੋਂ ‘ਗੋ-ਬੈਕ’ ਦੀ ਖੂੰਖਾਰ ਗੂੰਜ ਉਠਦੀ ਹੈ ਤੇ ਅਜੇ ਵੀ ਫੋਟੋ ਵਿਚ ਤਮਾਮ ਚਿਹਰੇ ਡਰੇ ਹੋਏ ਨੇ। ਤੇ ਫੋਟੋ ਵਿਚਲੇ ਬੱਚਿਆਂ ਦੀਆਂ ਖਾਲੀ ਨਜ਼ਰਾਂ ਅੰਦਰ ਹੈਰਾਨੀ ਉਸੇ ਤਰ੍ਹਾਂ ਅੜੀ ਹੋਈ ਹੈ, ਸੁਆਲ ਕਰਦੀ ਹੋਈ: ਕਿਥੇ ਕੁ ਪੁੱਜੇ ਹਾਂ ਅਸੀਂ? ਆਖਰ ਕਿਥੇ ਜਾ ਰਹੇ ਹਾਂ? ਰੋਕ ਕਿਉਂ ਦਿੱਤੇ ਗਏ ਅੱਧ ਵਿਚਕਾਰ? ਕਦੋਂ ਚੱਲੇਗਾ ‘ਕਾਮਾਗਾਟਾ ਮਾਰੂ?’ ਕਦੋਂ ਪਹੁੰਚੇਗਾ?
ਮੇਰੀ ਨਿਗ੍ਹਾ ਫਿਰ ਅਚਾਨਕ ਐਡਿਟਿੰਗ ਟੇਬਲ ‘ਤੇ ਸਟਿਲ ਕੀਤੀ ਬੱਚੇ ਦੀ ਤਸਵੀਰ ‘ਤੇ ਜਾਂਦੀ ਹੈ। ਮੈਂ ਤਸਵੀਰ ਦਾ ਫਰੇਮ ਖੋਲ੍ਹ ਦਿੰਦਾ ਹਾਂ। ਮੇਰੇ ਖਿਆਲਾਂ ਅੰਦਰ ਚਲਦੇ ਕਾਮਾਗਾਟਮਾਰੂ ਦਾ ਗਾੜ੍ਹਾ ਧੂੰਆਂ ਪੂਰੀ ਸਕਰੀਨ ਨੂੰ ਢਕ ਲੈਂਦਾ ਹੈ। ਇਸ ਧੂੰਏਂ ਦੇ ਗੁੱਛੇ ਸਕਰੀਨ ਦੇ ਹੱਦਾਂ ਬੰਨੇ ਤੋੜ ਕੇ ਬਾਹਰ ਆ ਜਾਂਦੇ ਨੇ। ਸੰਘਣੇ ਧੂੰਏਂ ਦੇ ਅਨੰਤ ਫੈਲਾਓ ਅੰਦਰੋਂ ਮੈਂ ਗੁੰਮ ਗਏ ਮੁਸਾਫਰਾਂ ਨੂੰ ਟੋਲਦਾ ਹਾਂ। ਕੁਝ ਹੱਥਕੜੀਆਂ ‘ਚ ਬੰਨ੍ਹੇ ਜੇਲ੍ਹਾਂ ਵੱਲ ਲਿਜਾਏ ਜਾ ਰਹੇ ਨੇ, ਕੁਝ ਗੋਲੀਆਂ ਨਾਲ ਭੁੰਨੇ ਜਾ ਰਹੇ ਨੇ, ਕੁਝ ਫਾਂਸੀ ਦੇ ਤਖਤਿਆਂ ‘ਤੇ ਝੂਲ ਰਹੇ ਨੇ, ਕੁਝ ਗੁੰਮਨਾਮ ਹਨੇਰਿਆਂ ਅੰਦਰ ਉਤਰ ਰਹੇ ਨੇ ਪਰ ਉਨ੍ਹਾਂ ਦੇ ਸੁਪਨਿਆਂ ਵਾਲੀਆਂ ਹਮੇਸ਼ਾ ਲਈ ਮੀਟੀਆਂ ਗਈਆਂ ਅੱਖਾਂ ਅਜੇ ਵੀ ਦੂਰ ਕਿਧਰੇ ਜਗਦੀਆਂ ਨੇ। ਘੁੱਪ ਕਾਲੇ ਧੂਏਂ ਅੰਦਰ ਚਮਕਦੀਆਂ ਨੇ। ਸਾਨੂੰ ਦੇਖਦੀਆਂ ਨੇ… ਤੇ ਫੋਟੋ ਵਿਚਲੇ ਬੱਚੇ ਦੀਆਂ ਸੁਲਘਦੀਆਂ ਉਂਗਲਾਂ ਦੇ ਨਿਸ਼ਾਨ ਕਾਮਾਗਾਟਾ ਮਾਰੂ ਨੂੰ ਹੁਣੇ ਛੋਹ ਕੇ ਲੰਘੇ ਸਮੁੰਦਰ ‘ਤੇ ਡੂੰਘੇ ਛਪੇ ਹੋਏ ਨੇ। ਪਾਣੀਆਂ ਤੋਂ ਜ਼ਖਮਾਂ ਦੇ ਨਿਸ਼ਾਨ ਐਵੇਂ ਕਿਵੇਂ ਨਹੀਂ ਮਿਟ ਜਾਂਦੇ!