ਲੋਕ ਮਨਾਂ ਦੀ ਨਾਇਕਾ ਹੀਰ ਸਿਆਲ

ਸੁਖਦੇਵ ਮਾਦਪੁਰੀ
ਫੋਨ: 91-94630-34472
ਹੀਰ-ਰਾਂਝੇ ਦੀ ਪ੍ਰੀਤ ਕਹਾਣੀ ਨੇ ਪੰਜਾਬੀਆਂ ਦੇ ਦਿਲਾਂ ‘ਤੇ ਇੱਕ ਅਮਿੱਟ ਛਾਪ ਲਾ ਦਿੱਤੀ ਹੈ| ਪੰਜਾਬ ਦੇ ਰੋਮ ਰੋਮ ਵਿਚ ਇਹ ਕਹਾਣੀ ਰਮੀ ਪਈ ਹੈ|

ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖਤ ਹਜ਼ਾਰੇ,
ਦੁਖੀਏ ਆਸ਼ਕ ਨੂੰ
ਨਾ ਝਿੱੜਕੀਂ ਮੁਟਿਆਰੇ|
ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਧੀਦੋ ਆਪਣੇ ਭਰਾਵਾਂ ਅਤੇ ਭਾਬੀਆਂ ਨਾਲ ਗੁੱਸੇ ਹੋ ਝੰਗ ਸਿਆਲੀਂ ਆ ਪੁੱਜਾ| ਇਥੋਂ ਦੇ ਚੌਧਰੀ ਚੂਚਕ ਦੀ ਅਲਬੇਲੀ ਧੀ ਹੀਰ ਨਾਲ ਧੀਦੋ ਰਾਂਝੇ ਦਾ ਪਿਆਰ ਪੈ ਗਿਆ| ਕਹਿੰਦੇ ਹਨ, ਰਾਂਝਾ ਪੂਰੇ ਬਾਰਾਂ ਵਰ੍ਹੇ ਹੀਰ ਸਲੇਟੀ ਦੀਆਂ ਮੱਝਾਂ ਚਾਰਦਾ ਰਿਹਾ। ਪਰ ਹੀਰ ਦੇ ਮਾਪਿਆਂ ਨੇ ਇਨ੍ਹਾਂ ਦੇ ਪਿਆਰ ਨੂੰ ਪ੍ਰਵਾਨ ਨਾ ਕੀਤਾ ਸਗੋਂ ਹੀਰ ਦਾ ਵਿਆਹ ਰੰਗਪੁਰ ਖੇੜੇ ਦੇ ਸੈਦੇ ਨਾਲ ਜੋਰੀਂ ਕਰ ਦਿੱਤਾ| ਹੀਰ ਵਿਲਕਦੀ ਰਹੀ, ਉਸ ਦੀ ਕਿਸੇ ਇਕ ਨਾ ਮੰਨੀ|
ਰਾਂਝੇ ਨੇ ਮੱਝੀਆਂ ਛੱਡ ਦਿੱਤੀਆਂ ਤੇ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਖੇੜੇ ਪੁੱਜ ਗਿਆ| ਹੀਰ ਦੀ ਨਣਦ ਸਹਿਤੀ ਰਾਹੀਂ ਰਾਂਝੇ ਦਾ ਮੇਲ ਹੀਰ ਨਾਲ ਹੋਇਆ| ਹੀਰ ਸੱਪ ਲੜੇ ਦਾ ਬਹਾਨਾ ਬਣਾ ਕੇ ਰਾਂਝੇ ਜੋਗੀ ਪਾਸ ਪੁੱਜੀ। ਰਾਤ ਸਮੇਂ ਦੋਵੇਂ ਨੱਸ ਟੁਰੇ| ਖੇੜਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਅੰਤ ਦੋਵੇਂ ਨਾਹੜਾ ਦੇ ਇਲਾਕੇ ਵਿਚ ਫੜੇ ਗਏ| ਝਗੜਾ ਕੋਟਕਬੂਲੇ ਦੇ ਹਾਕਮ ਪਾਸ ਪੁੱਜਾ| ਉਹਨੇ ਹੀਰ ਸੈਦੇ ਖੇੜੇ ਨੂੰ ਮੁੜਵਾ ਦਿੱਤੀ| ਕਹਿੰਦੇ ਨੇ, ਉਸੇ ਵੇਲੇ ਕੋਟਕਬੂਲੇ ਨੂੰ ਅੱਗ ਲੱਗ ਗਈ| ਲੋਕਾਂ ਸਮਝਿਆ ਕਿ ਇਹ ਹੀਰ-ਰਾਂਝੇ ਦੀ ਬਦਅਸੀਸ ਦਾ ਫਲ ਹੈ| ਸੋ ਉਸੇ ਵੇਲੇ ਹਾਕਮ ਨੂੰ ਆਪਣਾ ਫੈਸਲਾ ਬਦਲਨਾ ਪਿਆ| ਇਸ ਤਰ੍ਹਾਂ ਹੀਰ ਮੁੜ ਰਾਂਝੇ ਨੂੰ ਮਿਲ ਗਈ ਤੇ ਉਹ ਕਵੀ ਦਮੋਦਰ ਅਨੁਸਾਰ ਮੱਕੇ ਨੂੰ ਚਲੇ ਗਏ|
ਇਸ ਰੁਮਾਂਸ ਦਾ ਅੰਤ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਂਝਾ ਕੋਟਕਬੂਲੇ ਤੋਂ ਹੀਰ ਲੈ ਆਇਆ ਤਾਂ ਹੀਰ ਦੇ ਬਾਪ ਚੂਚਕ ਨੇ ਰਾਂਝੇ ਨੂੰ ਆਖਿਆ ਕਿ ਉਹ ਤਖਤ ਹਜ਼ਾਰੇ ਤੋਂ ਜੰਝ ਚਾੜ੍ਹ ਲਿਆਵੇ ਤਾਂ ਜੋ ਉਹ ਹੀਰ ਨੂੰ ਸ਼ਗਨਾਂ ਨਾਲ ਤੋਰਨ| ਰਾਂਝਾ ਜੰਝ ਲੈਣ ਚਲਾ ਗਿਆ ਤੇ ਮਗਰੋਂ ਚੂਚਕ ਨੇ ਹੀਰ ਦੇ ਚਾਚੇ ਕੈਦੋਂ ਦੇ ਆਖੇ ਲੱਗ ਕੇ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ| ਰਾਂਝਾ ਜੰਝ ਲੈ ਆਇਆ। ਅੱਗੋਂ ਹੀਰ ਦੀ ਮੌਤ ਸੁਣ ਕੇ ਰਾਂਝੇ ਨੇ ਵੀ ਹੀਰ ਦੀ ਕਬਰ ‘ਤੇ ਟੱਕਰਾਂ ਮਾਰ ਆਪਣੇ ਪ੍ਰਾਣ ਤਿਆਗ ਦਿੱਤੇ|
ਪੰਜਾਬ ਦੀ ਗੋਰੀ ਮੁਟਿਆਰ ਨੇ ਇਸ ਕਥਾ ਨੂੰ ਆਪਣੇ ਲੋਕ ਗੀਤਾਂ ਵਿਚ ਬੜੇ ਪਿਆਰੇ ਅੰਦਾਜ਼ ਨਾਲ ਗਾਇਆ ਹੈ| ਉਹ ਆਪਣੇ ਆਪ ਨੂੰ ਹੀਰ ਅਤੇ ਆਪਣੇ ਗੱਭਰੂ ਨੂੰ ਰਾਂਝੇ ਸਮਾਨ ਸਮਝਦੀ ਹੈ:
ਕੁੜੀਏ ਨੀ ਧਨੀਆ ਨੀ ਬੀਜੀਏ,
ਝੰਗ ਸਿਆਲਾਂ ਦੇ ਖੂਹ ‘ਤੇ।
ਮੁੰਡਿਆ ਵੇ ਬੰਸਰੀ ਵਾਲਿਆ,
ਆ ਮਿਲੀਏ ਝੰਗ ਸਿਆਲਾਂ ਦੇ ਖੂਹ ‘ਤੇ।
ਆਪਣੇ ਰਾਂਝੇ ਨੂੰ ਉਹ ਗੁਲਾਬ ਦੇ ਫੁੱਲ ਨਾਲ ਤੁਲਨਾ ਦਿੰਦੀ ਹੈ:
ਵਗਦੀ ਰਾਵੀ ਵਿਚ, ਦੁੰਬ ਵੇ ਜਵਾਰ ਦਾ।
ਮੈਂ ਅੰਗ੍ਰੇਜਣ ਬੂਟੀ ਰਾਂਝਾ ਫੁੱਲ ਏ ਗੁਲਾਬ ਦਾ।
ਉਸ ਦੀ ਤਾਂ ਉਸ ਨੂੰ ਪਟਾਰੀ ਵਿਚ ਕੀਲ ਕੇ ਰੱਖਣ ਦੀ ਵੀ ਤਮੰਨਾ ਹੈ:
ਜੇਠ ਹਾੜ ਵਿਚ ਅੰਬ ਬਥੇਰੇ
ਸਾਉਣ ਮਹੀਨੇ ਪੀਲ੍ਹਾਂ,
ਰਾਝਿਆਂ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ।
ਉਹ ਆਪਣੇ ਦਿਲ ਦੇ ਮਹਿਰਮ ਨੂੰ ਮਿਲਣ ਲਈ ਸੈਆਂ ਔਕੜਾਂ ਦਾ ਸਾਹਮਣਾ ਕਰਦੀ ਹੈ:
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਬਾਗੋਂ ਲਿਆਈ ਭੂੰਕਾ ਵੇ
ਰਿੰਨ੍ਹ ਬਣਾ ਕੇ ਥਾਲੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ।
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿੱਬਿਆਂ ਦਾ ਰੇਤਾ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਮੀਂਹ ਵਰਸੇਂਦੇ ਆਈ ਵੇ
ਭਿੱਜਗੀ ਤੋੜ ਦੀ ਲੂੰਗੀ
ਕੋਈ ਭਿੱਜਗੀ ਜਰਦ ਕਨਾਰੀ ਵੇ।
ਪਰਦੇਸੀ ਰਾਂਝੇ ਨੂੰ ਹੀਰ ਤੋਤੇ ਰਾਹੀਂ ਆਪਣੇ ਦਿਲ ਦੀ ਵੇਦਨਾ ਦੱਸਦੀ ਹੈ:
ਉਡ ਜਾਈਂ ਵੇ ਤੋਤਿਆ
ਗਿਰਨੀ ਖਾਈਂ ਵੇ ਤੋਤਿਆ
ਲੰਬੀ ਲਾਈਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ ਤੇਰੇ ਦਿਲ ਦੀ ਹੀਰ ਤੈਂ
ਮੈਂ ਮਨੋ ਵੇ ਵਸਾਰੀ।
ਰਾਂਝਾ ਹੀਰ ਦੇ ਹਰ ਦੁੱਖ ਵਿਚ ਸਰੀਕ ਹੁੰਦਾ ਹੈ:
ਬੇਰੀਏ ਨੀ ਤੈਨੂੰ ਬੇਰ ਬਥੇਰੇ ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ, ਦੂਰ ਖੜਾ ਦੁੱਖ ਪੁੱਛੇ|
ਕਿਧਰੇ ਰਾਂਝਾ ਆਪਣੀ ਕੂੰਜ ਜਿਹੀ ਹੀਰ ਨੂੰ ਗਿੱਧੇ ‘ਚ ਨੱਚਣ ਲਈ ਹਾਰ ਸ਼ਿੰਗਾਰ ਲਾਉਣ ਲਈ ਆਖ ਦਿੰਦਾ ਹੈ:
ਰਾਂਝੇ ਦਾ ਕਹਿਣਾ ਮੰਨ ਲੈ ਹੀਰੇ,
ਹਾਰ ਸ਼ਿੰਗਾਰ ਲਗਾਈਂ।
ਪੁੰਨਿਆ ਦਾ ਚੰਦ ਆਪੇ ਚੜ੍ਹ ਜੂ,
ਰੂਪ ਦੀ ਛਹਿਬਰ ਲਾਈਂ।
ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ,
ਸੁੱਤੀਆਂ ਕਲਾਂ ਜਗਾਈਂ।
ਸ਼ੌਕ ਨਾਲ ਨੱਚ ਕੇ ਨੀ
ਦਿਲ ਦੀਆਂ ਖੋਹਲ ਸੁਣਾਈਂ।
ਗੋਰੀ ਆਪਣੇ ਰਾਂਝੇ ਲਈ ਹਾਰ ਸ਼ਿੰਗਾਰ ਲਾ ਕੇ ਗਿੱਧੇ ਦੇ ਪਿੜ ਵਿਚ ਧੁੰਮਾਂ ਪਾ ਦਿੰਦੀ ਹੈ:
ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਂਆਂ ਪੁਸ਼ਾਕਾਂ।
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵਲ ਝਾਕਾਂ।
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿਚ ਬਾਂਕਾਂ।
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ।
ਉਹ ਆਪਣੇ ਦਿਲ ਦੀ ਟੁਕੜੀ ਹੀਰ ਸਲੇਟੀ ਦੀ ਸਿਫਤ ਕਰਦਾ ਨਹੀਂ ਥੱਕਦਾ:
ਆਖੇਂ ਗੱਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਨੱਢੀਏ ਤੈਨੂੰ ਸੋਹਣ ਨੀ ਹਵਾਲੇ।
ਇੰਦਰ ਖਾੜੇ ਦੇ ਵਿਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ।
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਨ੍ਹਾਂ ਅੱਖੀਆਂ ਦੇ ਚਾਲੇ।
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾ’ਲੇ|
ਜਦੋਂ ਰਾਂਝੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹਦੀ ਹੀਰ ਨੂੰ ਖੇੜੇ ਪਰਨਾ ਕੇ ਲੈ ਜਾ ਰਹੇ ਹਨ ਤਾਂ ਉਹਦਾ ਮਨ ਕੁਰਲਾ ਉਠਦਾ ਹੈ:
ਹੀਰ ਨੀ ਬਿਨ ਸ਼ਗਨੀਏਂ
ਮੈਂ ਭੁਲਿਆ ਚਾਕ ਵਿਚਾਰਾ।
ਦਿਹ ਜਵਾਬ ਘਰਾਂ ਨੂੰ ਚੱਲੀਏ
ਸੁੰਨਾ ਪਿਆ ਤਖਤ ਹਜ਼ਾਰਾ|
ਹੀਰ ਰਾਂਝੇ ਦੀ ਪੀੜਾ ਨੂੰ ਸਮਝਦੀ ਆਪਣੇ ਮਾਂ ਬਾਪ ਤੇ ਧਰਮ ਰੱਖਿਅਕ ਕਾਜ਼ੀ ਨਾਲ ਵੀ ਆਪਣਾ ਰਾਂਝਾ ਪ੍ਰਾਪਤ ਕਰਨ ਲਈ ਝਗੜਦੀ ਹੈ:
ਛਣਕ ਛਣਕ ਦੋ ਛੱਲੇ ਕਰਾ’ਲੇ,
ਛੱਲੇ ਭਨਾ ਕੇ ਵੰਗਾਂ।
ਬਾਹਰ ਗਈ ਨੂੰ ਬਾਬਲ ਝਿੜਕਦਾ,
ਘਰ ਆਈ ਨੂੰ ਅੰਮਾ।
ਵਿਚ ਕਚਹਿਰੀ ਹੀਰ ਝਗੜਦੀ,
ਮੁਨਸਫ ਕਰਦੇ ਗੱਲਾਂ।
ਵਿਚ ਤ੍ਰਿੰਜਣਾਂ ਕੁੜੀਆਂ ਝਿੜਕਣ,
ਵਿਚ ਗਲੀਆਂ ਦੇ ਰੰਨਾਂ।
ਏਹਨੀ ਓਹਨੀ ਦੋਹੀਂ ਜਹਾਨੀਂ,
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ।
ਜੇ ਜਾਣਾ ਦੁਖ ਰਾਂਝਣੇ ਨੂੰ ਪੈਣੇ,
ਮੈਂ ਨਿਜ ਨੂੰ ਸਿਆਲੀਂ ਜੰਮਾਂ|
ਉਹ ਰਾਂਝੇ ਦੀ ਖੈਰ ਮੰਗਦੀ ਰਹਿ ਜਾਂਦੀ ਹੈ| ਉਹਦਾ ਵਿਆਹ ਜ਼ੋਰੀਂ ਸੈਦੇ ਖੇੜੇ ਨਾਲ ਕਰ ਦਿੱਤਾ ਜਾਂਦਾ ਹੈ|
ਅੱਜ ਹੋ’ਗੀ ਹੀਰ ਪਰਾਈ,
ਕੁੜੀਆਂ ਨੂੰ ਲੈ ਜੋ ਮੋੜ ਕੇ।
ਖੇੜੇ ਹੀਰ ਲੈ ਜਾਂਦੇ ਹਨ ਅਤੇ ਵਿਚਾਰਾ ਰਾਂਝਾ ਮੱਝਾਂ ਚਾਰਦਾ ਰਹਿ ਜਾਂਦਾ ਹੈ:
ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈ’ਗੇ ਹੀਰ ਚੁੱਕ ਕੇ।
ਅਤੇ
ਬੀਨ ਬਜਾਈ ਰਾਂਝੇ ਚਾਕ ਲੱਗੀ ਮੰਨ ਮੇਰੇ
ਤਖਤ ਹਜ਼ਾਰੇ ਦਿਆ ਮਾਲਕਾ ਕਿੱਥੇ ਲਾਏ ਨੀ ਡੇਰੇ
ਕਿਨ ਵੇ ਬਣਾਇਆ ਲਾੜਾ ਜੰਜਾਂ ਦਾ ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ ਭੈਣ ਬੱਧੇ ਸਿਹਰੇ
ਕੱਢ ਖਾਂ ਪਾਂਧਿਆ ਪੱਤਰੀ ਲਿੱਖੀਂ ਲੇਖ ਮੇਰੇ
ਲਿਖਣ ਵਾਲਾ ਲਿਖ ਗਿਆ ਵਸ ਨਹੀਂ ਮੇਰੇ
ਆਖਿਓ ਰਾਂਝੇ ਚਾਕ ਨੂੰ ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ ਹੀਰ ਲੈ ਗਏ ਖੇੜੇ|
ਪੰਜਾਬ ਦੀ ਗੋਰੀ ਹੀਰ ਦੇ ਖੇੜੀਂ ਤੁਰਨ ‘ਤੇ ਰਾਂਝੇ ਵੱਲੋਂ ਹੀਰ ਨੂੰ ਦਰਦ ਭਰਿਆ ਉਲਾਂਭਾ ਦਿੰਦੀ ਹੈ| ਇਹ ਉਲਾਂਭਾ ਦਿੰਦਿਆਂ ਸ਼ਾਇਦ ਗੋਰੀ ਆਪਣੇ ਰਾਂਝੇ ਨੂੰ ਚਿਤਵਦੀ ਏ:
ਹੀਰੇ ਨੀ ਲਿਸ਼ਕੇ ਬਿਜਲੀ, ਚਮਕਣ ਤਾਰੇ
ਨਾਗੀਂ ਡੰਗ ਸੰਵਾਰੇ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ।

ਹੀਰੇ ਨੀ ਖਾਰਿਆਂ ਖੂਹਾਂ ਦੇ
ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲੱਖ ਮਣਾ ਗੁੜ ਪਾਈਏ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ।

ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
ਭਾਵੇਂ ਲਖ ਮਣਾ ਦੁੱਧ ਪਿਆਈਏ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ।

ਹੀਰੇ ਨੀ ਆਹ ਲੈ ਆਪਣੀਆਂ ਮੱਝਾਂ ਨੀ ਫੜ ਲੈ
ਕੀਲੇ ਪਏ ਧਲਿਆਰੇ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ।

ਹੀਰੇ ਨੀ ਬਾਰਾਂ ਵਰਸ ਮੱਝੀਆਂ ਨੀ ਚਾਰੀਆਂ
ਅਜੇ ਵੀ ਲਾਵੇਂ ਲਾਰੇ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ।

ਹੀਰੇ ਨੀ ਪਹਿਨ ਓਹੜ ਕੇ ਚੜ੍ਹਗੀ ਖਾਰੇ
ਤੈਨੂੰ ਸਬਰ ਫੱਕਰ ਦਾ ਮਾਰੇ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ|
ਰਾਝਾਂ ਹੀਰ ਬਿਨਾ ਇਕ ਪਲ ਵੀ ਸਹਾਰ ਨਹੀਂ ਸਕਦਾ| ਉਹ ਹੀਰ ਨੂੰ ਮਿਲਣ ਲਈ ਜੋਗੀ ਦਾ ਭੇਸ ਧਾਰ ਲੈਂਦਾ ਹੈ। ਪੰਜਾਬ ਦੀ ਗੋਰੀ ਰਾਂਝੇ ਦੇ ਜੋਗੀ ਬਣਨ ਦੇ ਬਿਰਤਾਂਤ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ:
ਸਾਂਵਲਿਆ ਤੇ ਸੌਲਿਆ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ।
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲਿਆ
ਪਾ ਰਾਂਝਣ ਵਾਲੀ ਫੇਰੀ।
ਪਾ ਜੋਗੀ ਵਾਲੀ ਫੇਰੀ ਚੀਰੇ ਵਾਲਿਆ।

ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝੇ ਬਾਗ ਲਵਾਇਆ।
ਖਟੜੇ ਲਗੜੇ ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ।

ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਭੇਸ ਵਟਾਇਆ।
ਕੰਨ ਪੜਵਾ ਕੇ ਮੁੰਦਰਾਂ ਪਾਈਆਂ
ਮੱਥੇ ਤਿਲਕ ਲਗਾਇਆ।
ਹੀਰ ਦੀ ਖਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ|
ਜੋਗੀ ਬਣਿਆ ਰਾਂਝਾ ਰੰਗਪੁਰ ਖੇੜੇ ਪੁੱਜ ਜਾਂਦਾ ਹੈ ਤੇ ਸੈਦੇ ਦੇ ਦਰ ਅੱਗੇ ਜਾ ਅਲਖ ਜਗਾਉਂਦਾ ਹੈ। ਹੀਰ ਨਾਗ ਲੜੇ ਦਾ ਬਹਾਨਾ ਕਰਕੇ ਰਾਂਝੇ ਨੂੰ ਮਿਲਣ ਜਾਂਦੀ ਹੈ:
ਉਰਲੇ ਤਾਂ ਵਿਹੜੇ ਜੋਗੀ ਆ ਵੜਿਆ
ਉਥੇ ਕੁੜੀਆਂ ਦਾ ਤਿੰ੍ਰਜਣ ਗੂੰਜਦਾ ਸੀ।
ਉਠੀਂ-ਉਠੀਂ ਭਾਬੋ ਜੋਗੀ ਖੈਰ ਪਾ ਦੇ
ਜੋਗੀ ਖੜਿਆਂ ਨੂੰ ਰੈਣ ਬਤੀਤ ਗਈ।

ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਢੇ ਅੱਗੇ ਫਰਿਆਦ ਹੋਵੇ।
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ।

ਤੈਨੂੰ ਕੀ ਹੋਇਆ, ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ।
ਮੇਰੇ ਨਾਗ ਲੜਿਆ, ਨੀ ਨਣਦੇ ਨਾਗ ਲੜਿਆ
ਡੰਗ ਮਾਰ ਬਾਗੀਂ ਜਾ ਨੀ ਵੜਿਆ।

ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲੋਂ ਕਰਵਾ ਲਈਏ ਨੀ।
ਉਠੀਂ-ਉਠੀਂ ਜੋਗੀ ਕੁੰਡਾ ਖੋਲ੍ਹ
ਸਾਨੂੰ ਖੜਿਆਂ ਨੂੰ ਰੈਣ ਵਿਹਾ ਗਈ।
ਸਾਡਾ ਹਾਰ ਟੁੱਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ|
ਗੋਰੀ ਹੀਰ ਅਤੇ ਉਸ ਦੀ ਨਣਾਨ ਸਹਿਤੀ ਦੇ ਜੋਗੀ ਨੂੰ ਮਿਲਣ ਦਾ ਬਿਰਤਾਂਤ ਚਿਤਰਦੀ ਆਪਣੇ ਦਿਲ ਦੇ ਜਾਨੀ ਦਾ ਵਰਣਨ ਬੜੀਆਂ ਲਟਕਾਂ ਨਾਲ ਕਰ ਜਾਂਦੀ ਹੈ| ਇਹ ਬੜਾ ਹਰਮਨ ਪਿਆਰਾ ਗੀਤ ਹੈ, ਸਾਡੀਆਂ ਪੰਜਾਬਣਾਂ ਦਾ:
ਅੰਬਾ ਤੇ ਤੂਤੀਂ ਠੰਡੀ ਛਾਂ
ਕੋਈ ਪਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ।

ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜ੍ਹ ਕੇ ਜੋਗੀ ਦੇਖੀਏ ਨੀ।
ਨੀਵੇਂ ਤਾਂ ਧਰ ਦੇ ਭਾਬੋ ਡੋਲ ਨੀ
ਉਚੇ ਤਾਂ ਖੜ੍ਹ ਕੇ ਜੋਗੀ ਦੇਖੀਏ ਨੀ।

ਇਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੇ ਜੋਗੀ ਨਹਾਂਵਦਾ ਨੀ।
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਨੀ।
ਇਸ ਜੋਗੀ ਦੇ ਸੋਹਣੇ-ਸੋਹਣੇ ਨੈਣ ਨੀ
ਸੁਰਮਾ ਸਲਾਈ ਜੋਗੀ ਪਾਂਵਦਾ ਨੀ।
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜਰਾਬਾਂ ਜੋਗੀ ਪਾਂਵਦਾ ਨੀ।

ਚਲ ਨੀ ਭਾਬੋ ਘਰ ਨੂੰ ਚੱਲੀਏ
ਸੱਸ ਉਡੀਕੇ ਨੂੰਹੇ ਆ ਘਰੇ।
ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ।

ਚਲ ਨੀ ਭਾਬੋ ਘਰ ਨੂੰ ਚਲੀਏ
ਸਹੁਰਾ ਉਡੀਕੇ ਨੂੰਹੇ ਆ ਘਰੇ।
ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ।

ਚਲ ਵੇ ਜੋਗੀ ਕਿਸੇ ਦੇਸ ਵੇ
ਕੂੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ।
ਮਰ ਵੇ ਜੋਗੀ ਕਿਸੇ ਦੇਸ ਵੇ
ਤੈਂ ਮੇਰੀ ਚੰਚਲ ਭਾਬੋ ਮੋਹ ਲਈ ਵੇ।

ਮਰਨ ਨੀ ਨਣਦੇ ਤੇਰੇ ਵੀਰ
ਇਹ ਪਰਦੇਸੀ ਜੋਗੀ ਕਿਉਂ ਮਰੇ|
ਹੀਰ-ਰਾਂਝੇ ਦੀ ਪ੍ਰੀਤ ਕਥਾ ਨੂੰ ਵਾਪਰਿਆਂ ਸਦੀਆਂ ਬੀਤ ਗਈਆਂ ਹਨ| ਉਸ ਸਮੇਂ ਦੇ ਸਮਾਜ ਨੇ ਜਿਹੜਾ ਅਨਿਆਂ ਹੀਰ ਨਾਲ ਕੀਤਾ ਸੀ, ਉਸ ਨੂੰ ਪੰਜਾਬਣਾਂ ਅਜੇ ਤੀਕ ਨਹੀਂ ਭੁੱਲੀਆਂ| ਅਜੋਕੇ ਸਮਾਜ ਵਿਚ ਵੀ ਜਦੋਂ ਕਿਸੇ ਹੀਰ ਸਲੇਟੀ ਨੂੰ ਖੇੜੇ ਪਰਨਾ ਕੇ ਲੈ ਜਾਂਦੇ ਹਨ ਤਾਂ ਗੋਰੀਆਂ ਉਸ ਦੇ ਵਿਰੋਧ ਲਈ ਲੋਕ ਕਚਹਿਰੀ ਵਿਚ ਆਵਾਜ਼ ਬੁਲੰਦ ਕਰਦੀਆਂ ਹਨ| ਪਤਾ ਨਹੀਂ ਅਜੋਕਾ ਮਰਦ ਸਮਾਜ ਇਸ ਆਵਾਜ਼ ਨੂੰ ਕਦੋਂ ਸੁਣੇਗਾ?