ਬਾਬੇ ਨਾਨਕ ਦੀ ਚਿੰਤਨ ਧਾਰਾ ਅਤੇ ਪੰਜਾਬੀ ਭਾਸ਼ਾ

ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਸਮਾਜਕ ਚੇਤਨਾ, ਚਿੰਤਨ ਅਤੇ ਸਮਾਜਕ ਤਬਦੀਲੀ ਦੀ ਭਾਸ਼ਾ ਬਣਾਇਆ। ਉਨ੍ਹਾਂ ਨੇ ਦਮਨਕਾਰੀ ਤਾਕਤਾਂ ਅਤੇ ਬ੍ਰਾਹਮਣੀ ਅਧਿਆਤਮ ਵਿਰੁਧ ਸਿੱਖ ਲਹਿਰ ਸ਼ੁਰੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਮੁੱਖ ਵਸੀਲੇ ਵਜੋਂ ਇਸਤੇਮਾਲ ਕੀਤਾ। ਇਸ ਤਰ੍ਹਾਂ ਗੁਰੂ ਸ਼ਬਦ ਪੰਜਾਬ ਦੀ ਭੋਇੰ ਲਈ ਇੱਕ ਕ੍ਰਿਸ਼ਮਈ ਵਰਤਾਰਾ ਬਣ ਗਿਆ, ਜਿਸ ਨੇ ਅੱਗੇ ਜਾ ਕੇ ਪੰਜਾਬ ਦੇ ਸੱਤਾਹੀਣ ਨਿਮਾਣੇ ਬੰਦਿਆਂ ਨੂੰ ਸਵੈ-ਸੱਤਾ ਅਤੇ ਆਜ਼ਾਦੀ ਬਾਰੇ ਚੇਤੰਨ ਕੀਤਾ। ਬਾਬੇ ਨਾਨਕ ਦੀ ਪੰਜਾਬੀ ਭਾਸ਼ਾ ਨੂੰ ਦੇਣ ਸਬੰਧੀ ਵਡਮੁੱਲੀ ਜਾਣਕਾਰੀ ਦੇਣ ਵਾਲੇ ਗੁਰਬਚਨ ਦਾ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਗੁਰਬਚਨ
ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਅਜ਼ੀਮ ਬਾਣੀਕਾਰ ਤੇ ਭਾਸ਼ਾਕਾਰ ਹਨ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਚਿੰਤਨ, ਸਮਾਜਕ ਚੇਤਨਾ ਤੇ ਸਮਾਜਕ ਬਦਲਾਓ ਦੀ ਭਾਸ਼ਾ ਬਣਾਇਆ। ਉਨ੍ਹਾਂ ਦੀ ਬਾਣੀ ਵਿਚ ਵਿਚਾਰ, ਸ਼ਬਦ, ਲੈਅ ਤੇ ਸੁਰ-ਤਾਲ ਦਾ ਅਦਭੁੱਤ ਸੰਗਮ ਹੈ। ਪੰਜਾਬੀ ਭਾਸ਼ਾ ਨੂੰ ਉਨ੍ਹਾਂ ਦੀ ਦੇਣ ਅਦੁੱਤੀ ਹੈ।
ਜੋ ਸੰਘਰਸ਼ ਦਮਨਕਾਰੀ ਤਾਕਤਾਂ ਅਤੇ ਬ੍ਰਾਹਮਣੀ ਅਧਿਆਤਮ ਵਿਰੁਧ ਬਾਬੇ ਨਾਨਕ ਦੀ ਅਰੰਭ ਕੀਤੀ ਸਿੱਖ ਲਹਿਰ ਰਾਹੀਂ ਸ਼ੁਰੂ ਹੋਇਆ, ਉਹ ਦੇਸ਼ ਪੰਜਾਬ ਦੇ ਸਭਿਆਚਾਰ+ਸ਼ਬਦ ਸੰਸਾਰ ਦੀ ਖਾਤਰ ਕੀਤਾ ਗਿਆ ਸੰਘਰਸ਼ ਵੀ ਸੀ। ਇਹ ਸ਼ਬਦ ਸੰਸਾਰ, ਗੁਰੂ-ਸ਼ਬਦ ਰਾਹੀਂ ਸਟੀਕ ਰੂਪ ਧਾਰਨ ਕਰ ਚੁਕਾ ਸੀ।
ਗੁਰੂ ਸ਼ਬਦ ਦਾ ਉਤਪੰਨ ਹੋਣਾ ਪੰਜਾਬ ਦੀ ਭੋਇੰ ਲਈ ਕ੍ਰਿਸ਼ਮਈ ਵਰਤਾਰਾ ਬਣ ਗਿਆ। ਇਸ ਦੀਆਂ ਅੰਤਰ-ਧੁਨੀਆਂ ਦਾ ਪਾਸਾਰ ਲੋਕ ਮਾਨਸ ਦੇ ਨਿੱਜੀ ਜੀਵਨ, ਉਹਦੀ ਸਮਾਜਕਤਾ ਅਤੇ ਸਭਿਆਚਾਰਕਤਾ ਤੱਕ ਫੈਲ ਗਿਆ। ਇਹਦਾ ਸਿਆਸੀ ਪ੍ਰਸੰਗਾਂ ਵਿਚ ਵਿਸਥਾਰ ਹੋਣਾ ਸੁਭਾਵਿਕ ਸੀ।
ਆਧੁਨਿਕ ਸ਼ਬਦਾਵਲੀ ਵਿਚ ਜੇ ਬਾਬੇ ਨਾਨਕ ਦੀ ਚਲਾਈ ਲਹਿਰ ਨੂੰ ਸਮਝਣਾ ਹੋਵੇ ਤਾਂ ਕਹਾਂਗੇ, ਇਹ ਪੰਜਾਬ ਦੀ ਭੋਇੰ ਨੂੰ ਪ੍ਰਾਪਤ ਹੋਇਆ ਬਹੁ-ਪਾਸਾਰੀ ਨੈਰੇਟਿਵ ਸੀ, ਜਿਸ ਨੂੰ ਪ੍ਰਣਾ ਕੇ ਸੱਤਾਹੀਣ ਨਿਮਾਣਾ ਬੰਦਾ ਸਵੈ-ਸੱਤਾ ਅਤੇ ਸੁਤੰਤਰ ਹੋਣ ਬਾਰੇ ਚੇਤੰਨ ਹੋਇਆ। ਇਹਦੀ ਖਾਤਰ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਪਾਈਆਂ। ਇਹਦੀ ਨਿਰੰਤਰਤਾ ਦਾ ਰਹਿਣਾ ਤੈਅ ਹੋ ਗਿਆ।
ਸਭਿਆਚਾਰਕ ਅਵਚੇਤਨ ਦੇ ਸਿਆਸੀ ਅਵਚੇਤਨ ਵਿਚ ਵਿਸਤਾਰੇ ਜਾਣ ਨਾਲ ਪੰਜਾਬੀ ਬੰਦਾ ਆਪਣੇ ਪ੍ਰਵਚਨ ਸੰਸਾਰ ਦੀ ਖਾਤਰ ਹਥਿਆਰ ਚੁੱਕਣ ਲਈ ਤਿਆਰ ਹੋ ਗਿਆ। ਸ਼ਬਦ ਅਤੇ ਸਸ਼ਤਰ ਦੇ ਅੰਤਰ-ਮੇਲ ਰਾਹੀਂ ਇਹਨੇ ਸਵੈ-ਸੱਤਾ ਵੱਲ ਪੁਲਾਂਘ ਪੁੱਟੀ। ਇਸ ਵਰਤਾਰੇ ਦੇ ਕੇਂਦਰ ਵਿਚ ਇਸ ਭੋਇੰ ਦੀ ਭਾਸ਼ਾ ਸੀ, ਲੋਕ ਭਾਸ਼ਾ ਪੰਜਾਬੀ।
ਆਪਣੀ ਹੀ ਭਾਸ਼ਾ ਰਾਹੀਂ ਇਲਾਹੀ ਅੰਤਰ-ਨਾਦਾਂ ਨਾਲ ਵਰੋਸਾਏ ਜਾਣਾ ਉਨ੍ਹਾਂ ਸੱਤਾਧਾਰੀ ਧਿਰਾਂ ਲਈ ਰੜਕ ਦਾ ਕਾਰਨ ਬਣ ਗਿਆ, ਜਿਸ ਦਾ ਗਲਬਾ ਆਮ ਲੋਕਾਈ ਉਤੇ ਛਾਇਆ ਹੋਇਆ ਸੀ। ਇਹ ਨੈਰੇਟਿਵ ਬ੍ਰਾਹਮਣੀ ਅਧਿਆਤਮ ਦੀ ਚੜ੍ਹਤ ਦਾ ਤੋੜਕ ਬਣ ਗਿਆ। ਇਹਦੇ ਗੈਰ-ਕੁਲੀਨੀ ਸੁਭਾਅ ਦੀ ਨਿਸ਼ਾਨਦੇਹੀ ਨਿਸ਼ਚਿਤ ਹੋ ਗਈ। ਲੰਗਰ+ਪੰਗਤ ਰਾਹੀਂ ਬਰਾਬਰੀ ਅਤੇ ਸਰਬ ਸਾਂਝੀਵਾਲਤਾ ਦੇ ਤਸੱਵਰ ਨੇ ਅਮਲੀ ਰੂਪ ਧਾਰਨ ਕੀਤਾ।
ਸਰਬੱਤ ਦੇ ਭਲੇ ਦਾ ਸੰਕਲਪ ਨਾਲ ਪੰਜਾਬ ਵਿਚ ਸਿਵਲ ਸਮਾਜ ਦੀ ਬਣਤ ਤਿਆਰ ਹੋਣ ਲੱਗੀ। ‘ਸਰਬੱਤ ਦਾ ਭਲਾ’ ਮੰਗਣ ਵਾਲਾ ਫਿਰਕੂ ਵੰਡੀਆਂ ਨੂੰ ਨਕਾਰਦਾ ਹੈ। ਮਨੁੱਖ ਨੂੰ ਇਕਮੁੱਠ ਹੋਣ ਦਾ ਸੱਦਾ ਦਿੰਦਾ ਹੈ। ਇਨਸਾਫ-ਪਸੰਦੀ ਦੀ ਚੜ੍ਹਤ ਸਥਾਪਤ ਕਰਦਾ ਹੈ।
ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਪਿਛੋਂ ਪੰਜਾਬ ਦਾ ਏਜੰਡਾ ਪੰਜਾਬ-ਬਾਹਰੀਆਂ ਧਿਰਾਂ ਨੇ ਹਥਿਆ ਲਿਆ। ਸ਼ਾਹ ਮੁਹੰਮਦ ਅੰਗਰੇਜ਼ਾਂ-ਸਿੱਖਾਂ ਵਿਚਕਾਰ ਜੰਗ ਨੂੰ ਠੀਕ ਹੀ ‘ਜੰਗ ਹਿੰਦ ਪੰਜਾਬ ਦਾ’ ਕਹਿੰਦਾ ਹੈ। ਇਸ ਕਥਨ ਦੀ ਡੂੰਘਾਈ ਵਿਚ ਇਤਿਹਾਸਕ ਅਰਥ ਪਏ ਹਨ। ਇਹਦੇ ਰਾਹੀਂ ਪੰਜਾਬ ਦੇ ਇਤਿਹਾਸ ਵਿਚ ਪੈਦਾ ਹੋਣ ਵਾਲੀਆਂ ਵਿਕ੍ਰਿਤ ਰੇਖਾਵਾਂ (ਾਂਅੁਲਟ ਲਨਿeਸ) ਦਾ ਵੀ ਪਤਾ ਚਲਦਾ ਹੈ।
‘ਹਿੰਦ’ ਤੋਂ ਸ਼ਾਹ ਮੁਹੰਮਦ ਦਾ ਮਤਲਬ ਉਹ ਧਿਰ, ਜੋ ਪੰਜਾਬ ਉਤੇ ਕਾਬਜ਼ ਹੋਣਾ ਚਾਹੁੰਦੀ ਸੀ। ਇਹ ਬਸਤੀਵਾਦੀ ਧਿਰ ਸੀ, ਜਿਸ ਦੇ ਅਪਨਾਏ ਹਥਕੰਡਿਆਂ ਨੇ ਪੰਜਾਬ ਦੀ ਲੋਕਾਈ ਨੂੰ ਧਾਰਮਕ ਖਿੱਚੋਤਾਣ ਦੇ ਗੇੜ ਵਿਚ ਫਾਹ ਦਿੱਤਾ। ਸੰਕਟ ਗਹਿਰਾ ਉਦੋਂ ਹੋਇਆ, ਜਦੋਂ ਪੰਜਾਬ ਵਿਚ ਵਾਸਾ ਕਰਦੀਆਂ ਕੁਝ ਧਿਰਾਂ ਨੇ ਪੰਜਾਬੋਂ-ਬਾਹਰ ਦੀਆਂ ਧਿਰਾਂ ਨਾਲ ਸਾਂਝਦਾਰੀ ਪਾ ਲਈ। ਸੁਆਮੀ ਦਯਾਨੰਦ ਨੇ ਉਨੀਵੀਂ ਸਦੀ ਦੇ ਦੂਜੇ ਅੱਧ ਵਿਚ ਗੁਜਰਾਤ ਤੋਂ ਪੰਜਾਬ ਦੇ ਸ਼ਹਿਰਾਂ ਵਿਚ ਆ ਪ੍ਰਸਥਾਨ ਕੀਤਾ ਤਾਂ ਜੋ ਉਸ ਅਧਿਆਤਮ ਦੀ ਪ੍ਰਭੁਤਾ ਬਹਾਲ ਹੋ ਸਕੇ, ਜੋ ਪੰਜਾਬ ਦੇ ਨੈਰੇਟਿਵ ਰਾਹੀਂ ਬੇਜਮੀਨਾ ਹੋ ਚੁਕਾ ਸੀ। ਸੁਆਮੀ ਦਯਾਨੰਦ ਦੇ ਤਸੱਵਰਾਂ ਨੂੰ ਇਥੋਂ ਦੀ ਸ਼ਹਿਰੀ ਮਿਡਲ ਕਲਾਸ ਨੇ ਵੱਧ ਚੜ੍ਹ ਕੇ ਸਵੀਕਾਰ ਕੀਤਾ। ਉਨ੍ਹਾਂ ਪੰਜਾਬ ਵਿਚ ਆਪਣਾ ਨੈਰੇਟਿਵ ਸਿਰਜ ਲਿਆ।
ਅੰਗਰੇਜ਼ਾਂ ਨੇ ਪੰਜਾਬ ਵਿਚ ਰਾਜ ਪ੍ਰਬੰਧ ਲਈ ਅਮਲਾ ਉਸ ਖਿੱਤੇ ਤੋਂ ਲਿਆਂਦਾ, ਜਿੱਥੇ ਉਰਦੂ ਦੀ ਪ੍ਰਧਾਨਤਾ ਸੀ। ਵਸੀਹ ਪੱਧਰ ਉਤੇ ਪੰਜਾਬ ਵਿਚ ਉਰਦੂ ਨੂੰ ਫੈਲਾਇਆ ਗਿਆ; ਇਹਦੀ ਪੜ੍ਹਾਈ ਪ੍ਰਾਇਮਰੀ ਜਮਾਤ ਤੋਂ ਸ਼ੁਰੂ ਕਰ ਦਿੱਤੀ। ਉਰਦੂ ਦਾ ਵਿਰੋਧ ਲਾਲਾ ਲਾਜਪਤ ਰਾਏ ਨੇ ਕੀਤਾ, ਉਦੋਂ ਉਹ ਹਿੰਦੂ ਮਹਾਂ ਸਭਾ ਵਿਚ ਸਰਗਰਮ ਸਨ। ਉਨੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਪੰਜਾਬ ਅੰਦਰ ਉਰਦੂ ਦੇ ਵਿਰੋਧ ਅਤੇ ਹਿੰਦੀ ਦੇ ਹੱਕ ਵਿਚ ਕਈ ਪੈਂਫਲਿਟ ਵੰਡੇ ਗਏ। ਇਸ ਮੁਹਿੰਮ ਵਿਚ ਲਾਲਾ ਲਾਜਪਤ ਰਾਏ ਮੋਹਰੀ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਹਿੰਦੀ ਰਾਹੀਂ ਦੇਸ਼ ਵਿਚ ਇਕਮੁੱਠਤਾ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਹ ਭਾਸ਼ਾ ਦੇਸ਼ ਦੀ ਆਜ਼ਾਦੀ ਦਾ ਮਾਧਿਅਮ ਬਣਨ ਦੇ ਯੋਗ ਹੈ। ਇਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਪਿੱਛਲ-ਭੂਮੀ ਵਿਚ ਰੱਖਣ ਨਾਲ ਉਸ ਨੈਰੇਟਿਵ ਪ੍ਰਤੀ ਬੇਪ੍ਰਤੀਤੀ ਵੀ ਪ੍ਰਗਟ ਹੋ ਗਈ, ਜਿਸ ਨੇ ਪੰਜਾਬ ਦੇ ਕਿਰਤੀ ਕਿਸਾਨ ਤੇ ਨਿਮਨ ਵਰਗ ਨੂੰ ਸੱਤਾਵਾਨ ਕੀਤਾ ਸੀ।
ਇਸ ਦੇ ਉਲਟ ਪੰਜਾਬ ਦੇ ਕਿਰਤੀ ਕਿਸਾਨ ਵੱਲ ਧਿਆਨ ਜਾਣਾ ਜ਼ਰੂਰੀ ਹੈ, ਜੋ ਉਸ ਦੌਰ ਵਿਚ ਆਰਥਕ ਪੀੜਾ ਵਿਚੋਂ ਗੁਜ਼ਰ ਰਿਹਾ ਸੀ। ਇਹ ਪੀੜਾ ਉਹਦੇ ਸਵੈਮਾਣ ਉਤੇ ਗਹਿਰੀ ਸੱਟ ਸੀ। ਇਸ ਤੋਂ ਨਿਜ਼ਾਤ ਪਾਉਣ ਲਈ ਉਹਦੇ ਕੋਲ ਸਿਰਫ ਦੋ ਜੁਗਤਾਂ ਸਨ: ਹੱਡ-ਤੋੜਵੀਂ ਮਿਹਨਤ ਅਤੇ ਪੰਜਾਬ ਦਾ ਨੈਰੇਟਿਵ, ਜੋ ਉਸ ਦੀ ਰਹਿਤਲ ਵਿਚ ਸਮੋਇਆ ਹੋਇਆ ਸੀ। ਇਨ੍ਹਾਂ ਜੁਗਤਾਂ ਨਾਲ ਲੈਸ ਉਹ ਫੌਜ ਵਿਚ ਭਰਤੀ ਹੋਣ ਲੱਗਾ। ਫਿਰ ਉਹਨੇ ਵਿਦੇਸ਼ਾਂ ਵਿਚ ਮਿਹਨਤ ਕਰਕੇ ਸਿਰ ਉਚਾ ਕਰਕੇ ਜਿਉਣ ਦਾ ਰਾਹ ਲੱਭਿਆ।
ਜਦ ਇਹ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ਰੋਜ਼ੀ-ਰੋਟੀ ਦੀ ਖਾਤਰ ਅਮਰੀਕਾ ਪੁੱਜਾ ਤਾਂ ਹਰ ਪੱਧਰ ਉਤੇ ਹੁੰਦੇ ਵਿਤਕਰੇ ਨੂੰ ਦੇਖ ਕੇ ਉਹਦਾ ਉਮਾਹ ਪਸਤ ਹੋ ਗਿਆ। ਰੋਸ ਦੀ ਲਹਿਰ ਉਗਮ ਪਈ; ਸਵੈਮਾਣ/ਸੁਤੰਤਰ ਹਸਤੀ ਦੀ ਚਿਣਗ ਮਘਣ ਲੱਗੀ। ਸੁਆਲ ਸੀ, ਉਹਦੇ ਹੋਣੇ ਦੀ ਟੇਕ ਜੇ ਵਿਦੇਸ਼ ਵਿਚ ਨਹੀਂ ਤਾਂ ਜੋ ਭੋਇੰ ਉਹਦਾ ਵਤਨ ਹੈ, ਉਹ ਵੀ ਤਾਂ ਪਰਾਇਆਂ ਦੇ ਕਬਜ਼ੇ ਵਿਚ ਹੈ। ਆਜ਼ਾਦੀ/ਬਰਾਬਰੀ ਦੇ ਵਿਸ਼ਵਾਸਾਂ ਨਾਲ ਊਰਜਿਤ ਹੋਇਆ, ਉਹ ਗਦਰ ਲਈ ਤਿਆਰ ਹੋ ਗਿਆ। ਉਹਦੇ ਅਮਲਾਂ ਦਾ ਉਠਾਣ ਸਥਲ ਸਟਾਕਟਨ (ਕੈਲੀਫੋਰਨੀਆ) ਦਾ ਗੁਰਦੁਆਰਾ ਬਣਿਆ, ਜਿਵੇਂ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਪੈਰਵੀ ਦਾ ਕੇਂਦਰ ਵੈਨਕੂਵਰ ਵਾਲਾ ਗੁਰਦੁਆਰਾ ਬਣਿਆ ਸੀ। ਕੈਲੀਫੋਰਨੀਆ ਵਿਚ ਬਾਬਾ ਬਸਾਖਾ ਸਿੰਘ ਦੇ ਫਾਰਮ ਉਤੇ ਸਰਬ-ਸਾਂਝੀਵਾਲਤਾ ਦੀ ਸੇਵਾ ਭਾਵਨਾ ਵਾਲਾ ਲੰਗਰ-ਪੰਗਤ ਦਾ ਵਰਤਾਰਾ ਜੀਵੰਤ ਹੋ ਉਠਿਆ। ਪਰਾਈ ਧਰਤੀ ਵਿਚ ਸਰਲ ਸਾਧਾਰਨ ਕਿਰਤੀ ਕਿਸਾਨ ਨੇ ਪੰਜਾਬ ਦੇ ਨੈਰੇਟਿਵ ਦਾ ਪਰਤੌ ਸਿਰਜ ਲਿਆ ਤੇ ਆਮ ਮਨੁੱਖ ਤੋਂ ਗਦਰੀ ਬਾਬਾ ਬਣ ਗਿਆ। ਗਦਰ ਲਹਿਰ ਦੀ ਕਵਿਤਾ ਤੋਂ ਪਤਾ ਚਲਦਾ ਹੈ ਕਿ ਏਨੀ ਵੱਡੀ ਤਬਦੀਲੀ ਦੇ ਕੇਂਦਰ ਵਿਚ ਪੰਜਾਬੀ ਭਾਸ਼ਾ ਸੀ।
ਇਹ ਉਸ ਦੌਰ ਦੀਆਂ ਗੱਲਾਂ ਹਨ, ਜਦ ਪੰਜਾਬ ਦੀ ਉਭਰ ਰਹੀ ਮਧਲੀ ਜਮਾਤ ਯੂਨੀਵਰਸਟੀਆਂ ਤੋਂ ਉਚ-ਵਿਦਿਆ ਪ੍ਰਾਪਤ ਕਰਕੇ ਦੇਸ਼-ਕੌਮ ਦੀ ਹਾਕਮ ਧਿਰ ਵਿਚ ਤਬਦੀਲ ਹੋਣ ਦਾ ਸੁਪਨਾ ਪਾਲ ਰਹੀ ਸੀ। ਇਹਦੀ ਬਿਰਤੀ ਪੰਜਾਬ ਬਾਹਰੇ ਪ੍ਰਸੰਗਾਂ ਨਾਲ ਅੰਤਰੰਗ ਹੋਣ ਲੱਗੀ। ਇਹਦੀ ਸਵੈ-ਸੱਤਾ ਵਿਚ ਵਾਧਾ ਇਵੇਂ ਹੀ ਹੋ ਸਕਦਾ ਸੀ। ਪੰਜਾਬ-ਬਾਹਰਾ ਏਜੰਡਾ ਇਹਦਾ ਆਪਣਾ ਏਜੰਡਾ ਬਣ ਗਿਆ। ਇਸ ਭੋਇੰ ਦੀ ਭਾਸ਼ਾ ਤਿਆਗ ਦਿੱਤੀ। ਆਰਥਕ ਤਾਣ ਵਾਲੀ ਇਹ ਧਿਰ ਬਹੁ-ਸੰਖਿਅਕ ਰਾਸ਼ਟਰਵਾਦ ਦੀ ਸਮਰਥਕ ਬਣ ਗਈ। ਪੰਜਾਬ ਵਿਚ ਵਾਸਾ ਕਰਕੇ ਇਥੋਂ ਦੇ ਹਿਤਾਂ ਤੋਂ ਪਰਾਈ ਹੋਣ ‘ਚ ਇਹ ਸੁਖ ਭਾਲਣ ਲੱਗੀ। ਨਤੀਜਾ ਸਭ ਦੇ ਸਾਹਮਣੇ ਹੈ।
ਜ਼ਿਆਦਾ ਤਫਸੀਲ ਵਿਚ ਨਾ ਜਾਂਦਿਆਂ ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਧਿਰ ਨੇ ਪੰਜਾਬ ਦੇ ਨੈਰੇਟਿਵ ਨੂੰ ਨਹੀਂ ਸਮਝਿਆ ਅਤੇ ਇਸ ਭੋਇੰ ਦੇ ਬੰਦੇ ਉਤੇ ਆਪਣਾ ਗਲਬਾ ਫੈਲਾਉਣਾ ਚਾਹਿਆ, ਉਹਦੇ ਨਾਲ ਪੰਜਾਬ ਦਾ ਆਢਾ ਲੱਗਣਾ ਤੈਅ ਹੋ ਗਿਆ। ਇਸ ਪ੍ਰਸੰਗ ਵਿਚ ਇਕ ਅਹਿਮ ਘਟਨਾ ਦਾ ਹਵਾਲਾ ਦੇਣਾ ਜ਼ਰੂਰੀ ਹੈ। ਫਿਲਮ ਅਭਿਨੇਤਾ ਬਲਰਾਜ ਸਾਹਨੀ ਫਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਰਾਬਿੰਦਰ ਨਾਥ ਟੈਗੋਰ ਦੇ ਨਿਕਟ ਰਹਿਣ ਦੀ ਚਾਹ ਵਿਚ ਸ਼ਾਂਤੀ ਨਿਕੇਤਨ ਵਿਚ ਟੀਚਰ ਜਾ ਲੱਗਾ ਸੀ। ਉਹ ਹਿੰਦੀ ਵਿਚ ਕਹਾਣੀਆਂ ਲਿਖਦਾ ਸੀ, ਜਿਵੇਂ ਬਾਅਦ ਵਿਚ ਉਹਦਾ ਨਿੱਕਾ ਭਰਾ ਭੀਸ਼ਮ ਸਾਹਨੀ ਹਿੰਦੀ ਵਿਚ ਕਹਾਣੀਆਂ ਲਿਖਣ ਲੱਗ ਪਿਆ ਸੀ। ਬਲਰਾਜ ਨੇ ਸ਼ਾਂਤੀ ਨਿਕੇਤਨ ਵਿਚ ਹਿੰਦੀ ਸਾਹਿਤ ਸੰਮੇਲਨ ਬਣਾ ਰੱਖਿਆ, ਜੀਹਦੀ ਖਾਤਰ ਉਹ ਟੈਗੋਰ ਨੂੰ ਸੱਦਾ ਦੇਣ ਚਲਾ ਗਿਆ। ਟੈਗੋਰ ਨੇ ਕਿਹਾ, “ਤੂੰ ਹਿੰਦੀ ਵਿਚ ਕਿਉਂ ਲਿਖਦਾਂ, ਤੇਰੀ ਮਾਂ ਬੋਲੀ ਤਾਂ ਪੰਜਾਬੀ ਹੈ।”
ਬਲਰਾਜ ਨੇ ਜੁਆਬ ਦਿੱਤਾ, “ਪੰਜਾਬੀ ਨੂੰ ਪੱਛੜੀ ਹੋਈ ਜ਼ੁਬਾਨ ਮੰਨਿਆ ਜਾਂਦਾ; ਪੰਜਾਬ ਵਿਚ ਉਰਦੂ ਜਾਂ ਹਿੰਦੀ ਵਿਚ ਲਿਖਣ ਵਾਲੇ ਹੀ ਜ਼ਿਆਦਾ ਹਨ।”
ਟੈਗੋਰ ਨੇ ਕਿਹਾ, “ਮੈਂ ਤੇਰੇ ਨਾਲ ਸਹਿਮਤ ਨਹੀਂ। ਜਿਸ ਭਾਸ਼ਾ ਵਿਚ ਗੁਰੂ ਨਾਨਕ ਨੇ ਲਿਖਿਆ ਹੋਵੇ, ਉਹ ਪੱਛੜੀ ਹੋਈ ਕਿਵੇਂ ਕਹੀ ਜਾ ਸਕਦੀ ਹੈ?”
ਟੈਗੋਰ ਨਾਲ ਇਸ ਮਿਲਣੀ ਪਿਛੋਂ ਬਲਰਾਜ ਸਾਹਨੀ ਅੰਦਰ ਕ੍ਰਿਸ਼ਮਈ ਪੱਧਰ ਦੀ ਤਬਦੀਲੀ ਆਈ। ਉਹਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਗੁਰੂ ਸ਼ਬਦ ਨਾਲ ਸ਼ਿੱਦਤ ਨਾਲ ਜੁੜ ਗਿਆ ਤੇ ਸੱਚੇ ਅਰਥਾਂ ਵਿਚ ਪੰਜਾਬ-ਪੁਤਰ ਬਣ ਗਿਆ।
ਪੰਜਾਬ ਨੂੰ ਅੱਜ ਜੋ ਹਜ਼ਾਰਾਂ ਬਲਰਾਜ ਸਾਹਨੀਆਂ ਦੀ ਲੋੜ ਹੈ, ਉਹ ਕਿੱਥੇ ਹਨ?