ਸ਼ਫਕਤ ਤਨਵੀਰ ਮਿਰਜ਼ਾ
ਸੂਫੀ ਸ਼ਾਇਰ ਸ਼ਾਹ ਹੁਸੈਨ ਦੀ ਜੀਵਨੀ ‘ਹਕੀਕਤੁਲ ਫੁਕਰਾ’ ਸਿਰਲੇਖ ਹੇਠ ਫਾਰਸੀ ਜ਼ੁਬਾਨ ਵਿਚ ਸ਼ੇਖ ਮੁਹੰਮਦ ਪੀਰ ਨੇ 1071 ਹਿਜਰੀ ਸੰਨ ਵਿਚ ਲਿਖੀ ਸੀ, ਭਾਵ ਹੁਸੈਨ ਦੀ ਮੌਤ ਤੋਂ ਮਹਿਜ 63 ਵਰ੍ਹੇ ਬਾਅਦ। ਇਸ ਤੋਂ ਨੌਂ ਸਾਲ ਪਹਿਲਾਂ ਦਾਰਾ ਸ਼ਿਕੋਹ ਨੇ ਆਪਣੀ ਕਿਤਾਬ ‘ਹਸਨਾਤੁਲ ਆਰਿਫੀਨ’ ਵਿਚ ਸ਼ਾਹ ਹੁਸੈਨ ਨੂੰ ਜ਼ਬਰਦਸਤ ਸ਼ਖਸ ਕਰਾਰ ਦਿੱਤਾ, ਜਿਸ ਨੂੰ ਸ਼ਰੀਅਤ ਤੋਂ ਲਾਂਭੇ ਰਹਿਣ ਤੋਂ ਕੋਈ ਨਾ ਰੋਕ ਸਕਿਆ।
ਸ਼ੇਖ ਮੁਹੰਮਦ ਪੀਰ ਕਹਿੰਦਾ ਹੈ ਕਿ ਜਦੋਂ ਅਕਬਰ ਅਤੇ ਉਸ ਦੇ ਸ਼ੇਖੁਲ ਇਸਲਾਮ, ਅਬਦੁੱਲਾ ਸੁਲਤਾਨਪੁਰੀ ਨੂੰ ਇਸ ਸੂਫੀ ਬਾਰੇ ਇਤਲਾਹ ਮਿਲੀ ਤਾਂ ਬਾਦਸ਼ਾਹ ਨੇ ਆਪਣੇ ਕੋਤਵਾਲ ਮਲਿਕ ਅਲੀ ਨੂੰ ਹੁਕਮ ਦਿੱਤਾ ਕਿ ਉਹ ਸ਼ਾਹ ਹੁਸੈਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਅੱਗੇ ਪੇਸ਼ ਕਰੇ, ਪਰ ਸ਼ਾਇਰ ਨੂੰ ਕੋਤਵਾਲ ਫੜ ਨਾ ਸਕਿਆ। ਉਨ੍ਹੀਂ ਦਿਨੀਂ ਸਾਂਦਲ ਬਾਰ ਇਲਾਕੇ ਦਾ ਬਾਗੀ ਦੁੱਲਾ ਭੱਟੀ ਜੇਲ੍ਹ ਵਿਚ ਸੀ। ਅਕਬਰ ਨੇ ਹੁਕਮ ਦਿੱਤਾ ਸੀ ਕਿ ਦੁੱਲੇ ਨੂੰ ਨਾਖਾਸ ਇਲਾਕੇ (ਜਿਸ ਨੂੰ ਹੁਣ ਲੰਡਾ ਬਾਜ਼ਾਰ ਕਹਿੰਦੇ ਹਨ) ਵਿਚ ਸੱ.ਰੇਬਾਜ਼ਾਰ ਫਾਂਸੀ ਦੇ ਦਿੱਤੀ ਜਾਵੇ। ਇਸ ਹੁਕਮ ਨੂੰ ਅਲੀ ਮਲਿਕ ਨੇ ਅਮਲ ਵਿਚ ਲਿਆਉਣਾ ਸੀ। ਜਦੋਂ ਦੁੱਲੇ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਸ਼ਾਹ ਹੁਸੈਨ ਆਪਣੇ ਸਾਥੀ, ਨੱਚਦੇ ਦਰਵੇਸ਼ਾਂ ਨੂੰ ਨਾਲ ਲੈ ਕੇ ਉਥੇ ਪੁੱਜ ਗਿਆ।
ਕੋਤਵਾਲ ਅਲੀ ਅਸਲ ‘ਚ ਸ਼ਾਹ ਹੁਸੈਨ ਦੀ ਤਲਾਸ਼ ਵਿਚ ਸੀ, ਜੋ ਕਿਤੇ ਵੀ ਨਹੀਂ ਸੀ ਮਿਲਿਆ। ਬਾਦਸ਼ਾਹ ਨੇ ਇਲਾਕੇ ਦੇ ਜ਼ਿਮੀਂਦਾਰ ਦੁੱਲਾ ਭੱਟੀ ਨੂੰ ਜਨਤਕ ਤੌਰ ‘ਤੇ ਫਾਂਸੀ ਲਾਉਣ ਦਾ ਹੁਕਮ ਦਿੱਤਾ। ਉਹ ਬਾਗੀ ਸੀ। ਦੁੱਲੇ ਨੂੰ ਫਾਂਸੀ ਲਾਏ ਜਾਣ ਵਾਲੇ ਦਿਨ ਵੱਡੀ ਗਿਣਤੀ ਵਿਚ ਲਾਹੌਰੀਏ ਉਥੇ ਇਕੱਤਰ ਹੋਏ ਅਤੇ ਅਚਾਨਕ ਸ਼ਾਹ ਹੁਸੈਨ ਵੀ ਉਥੇ ਆ ਹਾਜ਼ਰ ਹੋਇਆ।
ਕਹਾਣੀ ਮੁਤਾਬਕ ਇਸ ਤਰ੍ਹਾਂ ਕੋਤਵਾਲ ਮਲਿਕ ਅਲੀ ਨੇ ਸ਼ਾਹ ਹੁਸੈਨ ਨੂੰ ਉਸ ਦੀ ਆਜ਼ਾਦ-ਖਿਆਲੀ ਕਾਰਨ ਗ੍ਰਿਫਤਾਰ ਕਰ ਲਿਆ। ਜਦੋਂ ਅਲੀ ਨੇ ਸ਼ਾਹ ਹੁਸੈਨ ਨਾਲ ਨਾ ਸਿਰਫ ਗਾਲੀ-ਗਲੋਚ ਕੀਤਾ, ਸਗੋਂ ਉਸ ਨੂੰ ਬੜੀ ਮਾੜੀ ਮੌਤ ਦੇਣ ਦੇ ਦਬਕੇ ਵੀ ਮਾਰੇ ਤਾਂ ਸ਼ਾਹ ਹੁਸੈਨ ਬਹੁਤ ਨਾਰਾਜ਼ ਹੋ ਗਏ। ਸ਼ਾਹ ਹੁਸੈਨ ਨੇ ਮਲਿਕ ਅਲੀ ਨੂੰ ਖਬਰਦਾਰ ਕੀਤਾ ਕਿ ਜੋ ਕੁਝ ਉਹ ਉਸ (ਹੁਸੈਨ) ਨਾਲ ਕਰਨਾ ਚਾਹੁੰਦਾ ਹੈ, ਉਹੋ ਕੁਝ ਅਲੀ ਨਾਲ ਵੀ ਹੋਵੇਗਾ।
ਹਾਲੇ ਤੱਕ ਕੋਈ ਇਹ ਨਹੀਂ ਸੀ ਜਾਣਦਾ ਕਿ ਸ਼ਾਹ ਹੁਸੈਨ ਉਥੇ ਕਿਉਂ ਪੁੱਜਾ? ਕੀ ਉਹ ਦੁੱਲਾ ਭੱਟੀ ਨੂੰ ਫਾਂਸੀ ਦਿੱਤੇ ਜਾਣ ਕਾਰਨ ਅਕਬਰ ਤੇ ਅਲੀ ਤੋਂ ਨਾਰਾਜ਼ ਸੀ ਜਾਂ ਉਹ ਮਲਿਕ ਅਲੀ ਵਲੋਂ ਕੀਤੀ ਬਦਸਲੂਕੀ ਤੋਂ ਖਫਾ ਸੀ? ਪਰ ਹੁਸੈਨ ਦੀ ਆਖੀ ਗੱਲ ਉਦੋਂ ਸੱਚ ਹੋ ਗਈ, ਜਦੋਂ ਦੁੱਲੇ ਨੂੰ ਫਾਂਸੀ ਦੇਣ ਪਿਛੋਂ ਮਲਿਕ ਅਲੀ ਤੋਂ ਅਕਬਰ ਦੀ ਸਵੱਲੀ ਨਜ਼ਰ ਜਾਂਦੀ ਰਹੀ। ਬਾਦਸ਼ਾਹ ਉਸ ਤੋਂ ਇੰਨਾ ਨਾਰਾਜ਼ ਹੋਇਆ ਕਿ ਅਲੀ ਨੂੰ ਉਸੇ ਤਰ੍ਹਾਂ ਫਾਹੇ ਟੰਗ ਦਿੱਤਾ ਗਿਆ, ਜਿਵੇਂ ਹੁਸੈਨ ਨੇ ਪੇਸ਼ੀਨਗੋਈ ਕੀਤੀ ਸੀ।
ਸ਼ਾਹ ਹੁਸੈਨ ਨੂੰ ਵੀ ਬਾਦਸ਼ਾਹ ਅੱਗੇ ਪੇਸ਼ ਕੀਤਾ ਗਿਆ ਪਰ ਉਸ ਨੇ ਇਸ ਸੂਫੀ ਫਕੀਰ ਨੂੰ ਰਿਹਾ ਕਰ ਦਿੱਤਾ। ਪਿਛੋਂ ਬਾਦਸ਼ਾਹ ਦੇ ਕਈ ਨਾਮੀ ਵਜ਼ੀਰ ਅਤੇ ਸਿਪਾਹਸਾਲਾਰ ਸ਼ਾਹ ਹੁਸੈਨ ਦੇ ਮੁਰੀਦ ਬਣ ਗਏ। ਉਹ ਵੱਖੋ-ਵੱਖ ਮੁਹਿੰਮਾਂ ਵਿਚ ਆਪਣੀ ਕਾਮਯਾਬੀ ਲਈ ਸ਼ਾਹ ਹੁਸੈਨ ਦੀਆਂ ਮਿਹਰਾਂ ਮੰਗਣ ਲੱਗ ਪਏ। ਸ਼ਾਹ ਹੁਸੈਨ ਸਥਾਪਤੀ ਵਿਰੋਧੀ ਸ਼ਖਸ ਸੀ ਅਤੇ ਉਹ ਸ਼ੇਖੁਲ ਇਸਲਾਮ ਦੀ ਕਾਰਗੁਜ਼ਾਰੀ ਕਾਰਨ ਹਕੂਮਤ ਤੋਂ ਨਾਖੁਸ਼ ਸੀ। ਇਸ ਕਾਰਨ ਸੰਭਵ ਹੈ ਕਿ ਉਸ ਦੇ ਦਿਲ ਵਿਚ ਦੁੱਲਾ ਭੱਟੀ ਵਰਗੇ ਬਾਗੀਆਂ ਪ੍ਰਤੀ ਮੋਹ ਦੀ ਭਾਵਨਾ ਹੋਵੇ, ਜਾਂ ਉਸ ਦੇ ਬਾਗੀਆਂ ਨਾਲ ਕਿਸੇ ਕਿਸਮ ਦੇ ਤਾਲੁਕਾਤ ਵੀ ਹੋਣ। ਜਾਪਦਾ ਹੈ ਕਿ ਹੁਸੈਨ ਅਤੇ ਭੱਟੀ ਵਿਚਾਲੇ ਕੋਈ ਅਸਿੱਧਾ ਰਾਬਤਾ ਜ਼ਰੂਰ ਸੀ।
ਕਾਦਰੀ ਸੂਫੀ ਪਰੰਪਰਾ ਦੇ ਮਸ਼ਹੂਰ ਸ਼ਖਸ ਸ਼ਾਹ ਬਹਿਲੋਲ ਨੇ ਇਰਾਨ, ਅਫਗਾਨਿਸਤਾਨ, ਇਰਾਕ ਅਤੇ ਅਰਬ ਵਿਚਲੀਆਂ ਸਾਰੀਆਂ ਪਾਕਿ-ਪਵਿਤਰ ਥਾਂਵਾਂ ਦੀ ਜ਼ਿਆਰਤ ਕੀਤੀ ਸੀ। ਵਾਪਸੀ ਉਤੇ ਉਹ ਲਾਹੌਰ ਆਇਆ ਅਤੇ ਉਸ ਨੇ ਇਕ ਮਦਰੱਸੇ ਦੇ ਬਾਹਰ ਹੁਸੈਨ ਨੂੰ ਦੇਖਿਆ। ਪਿਛੋਂ ਉਸ ਨੇ ਹੁਸੈਨ ਨੂੰ ਪੜ੍ਹਾਇਆ ਤੇ ਸਿਖਿਅਤ ਕੀਤਾ। ਜਦੋਂ ਹੁਸੈਨ ਛੱਬੀ ਵਰ੍ਹਿਆਂ ਦਾ ਹੋਇਆ ਤਾਂ ਸ਼ਾਹ ਬਹਿਲੋਲ ਆਪਣੇ ਜੱਦੀ ਪਿੰਡ ਚਿਨਿਓਟ ਪਰਤ ਗਿਆ, ਜੋ ਦੁੱਲਾ ਭੱਟੀ ਦੇ ਪਿੰਡ ਪਿੰਡੀ ਭੱਟੀਆਂ ਦੇ ਨਾਲ ਲੱਗਦਾ ਸੀ। ਉਹ ਕਿਲ੍ਹਾ ਕਿੰਗਰਾਂ ਵਿਚ ਰਹਿੰਦਾ ਸੀ ਅਤੇ ਅਕਸਰ ਹੁਸੈਨ ਨੂੰ ਮਿਲਣ ਲਾਹੌਰ ਆਉਂਦਾ-ਜਾਂਦਾ। ਹਿਜਰੀ ਸੰਨ 983 ਵਿਚ ਸ਼ਾਹ ਬਹਿਲੋਲ ਦੀ ਮੌਤ ਹੋ ਗਈ। ਇਹੋ ਉਹ ਸਮਾਂ ਸੀ, ਜਦੋਂ ਦੁੱਲਾ ਭੱਟੀ ਨੂੰ ਫਾਂਸੀ ਲਾਈ ਗਈ। ਇਸ ਦੌਰਾਨ ਸ਼ਾਹ ਬਹਿਲੋਲ ਦਾ ਪੁੱਤਰ ਮੁਹੰਮਦ ਅਲੀ ਵੀ ਲਾਂਭੇ ਹੋ ਗਿਆ। ਉਸ ਨੇ ਦੱਖਣ ਵਿਚ ਹੈਦਰਾਬਾਦ ਜਾ ਕੇ ਪਨਾਹ ਲੈ ਲਈ, ਜੋ ਸਿੱਧੇ ਤੌਰ ‘ਤੇ ਅਕਬਰ ਦੀ ਸਲਤਨਤ ਦਾ ਹਿੱਸਾ ਨਹੀਂ ਸੀ। ਮੈਸੂਰ ਦਾ ਹੈਦਰ ਅਲੀ ਇਸ ਮੁਹੰਮਦ ਅਲੀ ਦਾ ਹੀ ਪੁੱਤਰ ਸੀ, ਜੋ ਸਿਪਰਾ ਜੱਟ ਸੀ।
ਬਹਿਲੋਲ ਦੇ ਦੌਰੇ
ਜੀਵਨੀ ‘ਹਕੀਕਤੁਲ ਫੁਕਰਾ’ ਦਾ ਕਰੀਬ ਚੌਥਾ ਹਿੱਸਾ ਸ਼ਾਹ ਹੁਸੈਨ ਦੇ ਉਸਤਾਦ ਸ਼ਾਹ ਬਹਿਲੋਲ ਦੇ ਦੌਰਿਆਂ ਨੂੰ ਸਮਰਪਿਤ ਹੈ। ਯਕੀਨਨ ਉਸ ਦਾ ਸ਼ਾਹ ਹੁਸੈਨ ਉਤੇ ਕਾਫੀ ਅਸਰ ਰਿਹਾ ਹੋਵੇਗਾ। ਸ਼ਾਹ ਹੁਸੈਨ ਪਹਿਲਾ ਅਜਿਹਾ ਪੰਜਾਬੀ ਸ਼ਾਇਰ ਸੀ, ਜਿਸ ਨੇ ਹੀਰ-ਰਾਂਝੇ ਦੀ ਪ੍ਰੀਤ ਕਥਾ ਨੂੰ ਆਪਣੇ ਸ਼ਾਇਰਾਨਾ ਇਜ਼ਹਾਰ ਲਈ ਇਸਤੇਮਾਲ ਕੀਤਾ। ਇਸ ਤੋਂ ਪਹਿਲਾਂ ਸਿਰਫ ਇਕ ਫਾਰਸੀ ਸ਼ਾਇਰ ਬਾਕੀ ਕੋਲਾਬੀ (ਦੇਹਾਂਤ 1556 ਈਸਵੀ) ਨੇ ਹੀਰ-ਰਾਂਝੇ ਬਾਰੇ ਛੋਟੀ ਜਿਹੀ ਨਜ਼ਮ ਲਿਖੀ ਸੀ। ਉਸ ਤੋਂ ਪਹਿਲਾਂ ਇਸ ਪ੍ਰੇਮ ਕਹਾਣੀ ਦਾ ਪਹਿਲੋਂ-ਪਹਿਲੜਾ ਹਵਾਲਾ ਹਮਾਯੂੰ ਦੇ ਦੌਰ (1530-1556) ਵਿਚ ਲਿਖੀ ਗਈ ‘ਮੁਕਾਮਤ-ਏ-ਦਾਉਦੀ’ ਵਿਚ ਮਿਲਦਾ ਹੈ।
ਹੀਰ-ਰਾਂਝੇ ਦੀ ਪ੍ਰੀਤ ਕਥਾ ਦਾ ਸ਼ਾਹ ਹੁਸੈਨ ਉਤੇ ਭਾਰੀ ਅਸਰ ਸੀ ਅਤੇ ਉਸ ਦੀ ਸਾਰੀ ਸ਼ਾਇਰੀ ਵਿਚ ਹੀਰ-ਰਾਂਝੇ ਤੋਂ ਬਿਨਾ ਹੋਰ ਕਿਸੇ ਪ੍ਰੇਮ ਕਹਾਣੀ (ਇਰਾਨੀ, ਅਰਬੀ ਜਾਂ ਭਾਰਤੀ) ਦਾ ਜ਼ਿਕਰ ਨਹੀਂ ਆਉਂਦਾ। ਮਿਸਾਲ ਵਜੋਂ,
ਮਾਹੀ ਮਾਹੀ ਕੂਕਦੀ
ਮੈਂ ਆਪੇ ਰਾਂਝਣ ਹੋਈ।
ਰਾਂਝਣ ਰਾਂਝਣ ਸਭ ਕੋਈ ਆਖੋ
ਮੈਨੂੰ ਹੀਰ ਨਾ ਆਖੋ ਕੋਈ।
ਇੰਜ ਜਾਪਦਾ ਹੈ ਕਿ ਸ਼ਾਹ ਬਹਿਲੋਲ ਨਾ ਸਿਰਫ ਸ਼ਾਹ ਹੁਸੈਨ ਅਤੇ ਦੁੱਲਾ ਭੱਟੀ ਵਿਚਾਲੇ ਹੀ ਕੜੀ ਸੀ, ਸਗੋਂ ਉਹ ਹੀਰ-ਰਾਂਝੇ ਦੀ ਕਹਾਣੀ ਅਤੇ ਸ਼ਾਹ ਹੁਸੈਨ ਵਿਚਾਲੇ ਵੀ ਮਜ਼ਬੂਤ ਕੜੀ ਸੀ। ਹੀਰ-ਰਾਂਝੇ ਦੀ ਕਹਾਣੀ ਸ਼ਾਹ ਬਹਿਲੋਲ ਦੇ ਇਲਾਕੇ ਨਾਲ ਸਬੰਧਤ ਸੀ। ਇਹ ਪਿਆਰ ਕਹਾਣੀ ਬਹਿਲੋਲ ਲੋਧੀ ਦੇ ਦੌਰ ਵਿਚ ਵਾਪਰੀ ਪਰ ਸ਼ਾਹ ਹੁਸੈਨ ਨੇ ਹੀ ਸ਼ਾਹ ਬਹਿਲੋਲ ਦੇ ਪ੍ਰਭਾਵ ਸਦਕਾ ਇਸ ਪੰਜਾਬੀ ਕਹਾਣੀ ਨੂੰ ਏਨੀ ਕਾਮਯਾਬੀ ਨਾਲ ਪੇਸ਼ ਕੀਤਾ।
ਜਿਥੋਂ ਤੱਕ ਦੁੱਲਾ ਭੱਟੀ ਦਾ ਸਰੋਕਾਰ ਹੈ, ਅਕਬਰ ਦੇ ਦੌਰ ਦੇ ਸਰਕਾਰੀ ਰਿਕਾਰਡ ਵਿਚ ਉਸ ਦਾ ਕਿਤੇ ਕੋਈ ਹਵਾਲਾ ਨਹੀਂ ਮਿਲਦਾ। ਨੂਰ ਅਹਿਮਦ ਚਿਸ਼ਤੀ ਆਪਣੀ ਕਿਤਾਬ ‘ਤਹਿਕੀਕਾਤ ਚਿਸ਼ਤੀ’ ਲਿਖਦਿਆਂ 1860 ਵਿਚ ਮਿਆਣੀ ਸਾਹਿਬ ਵਿਖੇ ਮਲਿਕ ਅਲੀ ਕੋਤਵਾਲ ਦੇ ਪਰਿਵਾਰ ਦੀ ਕਬਰਗਾਹ ਦੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਥੋੜ੍ਹੇ ਜਿਹੇ ਫਰਕ ਨਾਲ ਦੁੱਲਾ ਭੱਟੀ ਦੀ ਉਕਤ ਕਹਾਣੀ ਹੀ ਸੁਣਾਈ। ਉਨ੍ਹਾਂ ਚਿਸ਼ਤੀ ਨੂੰ ਦੱਸਿਆ ਕਿ ਦੁੱਲਾ ਭੱਟੀ ਦਰਬਾਰੀ ਮਸਖਰਾ ਸੀ ਅਤੇ ਉਹ ਆਪਣੀ ਜ਼ਿਦ ਕਾਰਨ ਅਕਬਰ ਨੂੰ ਨਾਰਾਜ਼ ਕਰ ਬੈਠਾ ਸੀ।
ਦੁੱਲਾ ਭੱਟੀ ਚਾਹੇ ਡਾਕੂ ਸੀ ਜਾਂ ਬਾਗੀ, ਪਰ ਅਕਬਰ ਦੇ ਜ਼ਮਾਨੇ ਤੋਂ ਹੀ ਸ਼ਾਇਰਾਂ ਨੇ ਉਸ ਨੂੰ ਵੱਡੇ ਦਲੇਰ ਸੂਰਮੇ ਵਾਂਗ ਵਡਿਆਇਆ ਹੈ। ਸਾਡੇ ਸਮਿਆਂ ਦੌਰਾਨ ਨਜਮ ਹੁਸੈਨ ਸੱਯਦ ਨੇ ਆਪਣੇ ਨਾਟਕ ‘ਤਖਤ ਲਾਹੌਰ’ ਵਿਚ ਦੁੱਲੇ ਤੇ ਸ਼ਾਹ ਹੁਸੈਨ-ਦੋਹਾਂ ਨੂੰ ਨਾਇਕਾਂ ਵਜੋਂ ਦਿਖਾਇਆ ਹੈ, ਜੋ ਮੁਗਲ ਹਕੂਮਤ ਦੇ ਜ਼ੁਲਮਾਂ ਖਿਲਾਫ ਜਿਸਮਾਨੀ ਤੇ ਬੌਧਿਕ ਮੁਹਾਜ਼ਾਂ ‘ਤੇ ਲੜ ਰਹੇ ਸਨ। ਮੇਜਰ ਇਸਹਾਕ ਮੁਹੰਮਦ ਨੇ ਵੀ ਦੁੱਲਾ ਭੱਟੀ ‘ਤੇ ‘ਕੁਕਨਸ’ ਨਾਂ ਦਾ ਪੰਜਾਬੀ ਨਾਟਕ ਲਿਖਿਆ।
ਦੁੱਲਾ ਭੱਟੀ ਬਾਰੇ ਇਕ ਲੋਕ ਵਾਰ ਵਿਚ ਇੰਜ ਬਿਆਨ ਕੀਤਾ ਗਿਆ ਹੈ:
ਵਲ ਵਲ ਮਾਰਾਂ ਮੁਗਲਾਂ ਦੀਆਂ ਢਾਣੀਆਂ
ਦੇਵਾਂ ਪੂਰ ਦੇ ਪੂਰ ਉਥੱਲ।
ਮੈਂ ਬੱਦਲ ਬਣਾ ਦੇਵਾਂ ਧੂੜ ਦੇ
ਤੇ ਕੋਟੀ ਉਮਰ ਤਰਥੱਲ।
ਮੈਂ ਮਾਰ ਦਿਆਂ ਬੱਗੇ ਸ਼ੇਰ ਨੂੰ
ਓਹਦੀ ਹੇਠ ਵਿਛਾਵਾਂ ਖੱਲ।
ਮੈਂ ਚੜ੍ਹ ਕੇ ਘੋੜਾ ਫੇਰ ਲਾਂ
ਮੇਰੀ ਜੱਗ ‘ਤੇ ਰਹਿ ਜਾਊ ਗੱਲ।
ਕੌਣ, ਕਮੀਨਾ ਬਾਦਸ਼ਾਹ
ਆਵੇ ਦੁੱਲੇ ਜਵਾਨ ‘ਤੇ ਚੱਲ।
ਭੱਟੀਆਂ ਬਾਰੇ ਫਾਰਸੀ ਅਖਾਣ ਬਣਿਆ ਸੀ, ਜੋ ਇਲਾਕੇ ਵਿਚ ਅੰਗਰੇਜ਼ਾਂ ਦੇ ਆਉਣ ਤੱਕ ਚੱਲਦਾ ਰਿਹਾ। ਮਿਸਟਰ ਐਚ. ਏ. ਰੋਜ਼ ਆਪਣੀ ਕਿਤਾਬ ‘ਗਲੌਸਰੀ ਆਫ ਦਿ ਟਰਾਈਬਜ਼ ਐਂਡ ਕਾਸਟਸ ਆਫ ਦਿ ਪੰਜਾਬ ਐਂਡ ਫਰੰਟੀਅਰ’ (ਪੰਜਾਬ ਅਤੇ ਸਰਹੱਦੀ ਸੂਬੇ ਦੇ ਕਬੀਲਿਆਂ ਤੇ ਜਾਤਾਂ ਦੀ ਸ਼ਬਦਾਵਲੀ) ਵਿਚ ਲਿਖਦਾ ਹੈ, “ਫਾਰਸੀ ਅਖੌਤ ਕਹਿੰਦੀ ਹੈ ਕਿ ਡੋਗਰ, ਭੱਟੀ ਅਤੇ ਖਰਲ-ਸਾਰੇ ਬਾਗੀ ਲੋਕ ਹਨ ਤੇ ਇਨ੍ਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।”