ਦਰਸ਼ਨਪਾਲ ਦੋਸਾਂਝ
ਇਹ ਉਹ ਵੇਲਾ ਸੀ, ਜਦੋਂ ਪੜ੍ਹਿਆ-ਲਿਖਿਆ ਸੁਲਝਿਆ ਤਬਕਾ ਬਾਹਰ ਆਉਣਾ ਸ਼ੁਰੂ ਹੋਇਆ। ਕੋਈ ਵੀ ਬੀ. ਏ., ਐਮ. ਏ. ਤੋਂ ਘੱਟ ਨਹੀਂ ਸੀ। ਜ਼ਿਆਦਾਤਰ ਏਜੰਟਾਂ ਦੇ ਧੱਕੇ ਹੋਏ ਹੀ ਸਨ। ਉਸ ਵੇਲੇ ਸੜਕੀ ਰਸਤੇ ਰਾਹੀਂ ਅਫਗਾਨਿਸਤਾਨ, ਇਰਾਨ, ਤੁਰਕੀ ਅਤੇ ਪੂਰਬੀ ਬਲਾਕ ਦੇ ਮੁਲਕਾਂ ਵਿਚੋਂ ਹੁੰਦੇ ਨੌਜਵਾਨ ਜਰਮਨੀ ਆਇਆ ਕਰਦੇ ਸਨ। ਰਸਤਿਆਂ ਵਿਚ ਧੱਕੇ ਖਾ ਕੇ ਉਹ ਕਿਤੇ ਨਾ ਕਿਤੇ ਪਹੁੰਚ ਹੀ ਜਾਂਦੇ।
ਇਹ ਉਹ ਵੇਲਾ ਸੀ, ਜਦੋਂ ਹਿਪੀ ਲੋਕ ਇਸੇ ਰੂਟ ਤੋਂ ਕਾਬਲ ਆਉਂਦੇ-ਜਾਂਦੇ ਸਨ। ਖਤਰਾ ਵੀ ਸੀ, ਪਰ ਰਾਹ ਆਮ ਚਲਦਾ ਸੀ। ਹਿੰਦੁਸਤਾਨੀਆਂ ਲਈ ਜਰਮਨੀ ਦਾ ਵੀਜ਼ਾ ਨਹੀਂ ਸੀ। ਸਰਹੱਦ ‘ਤੇ ਛੋਟੀ ਜਿਹੀ ਮੋਹਰ ਲਾ ਦਿੱਤੀ ਜਾਂਦੀ ਸੀ, ਜੋ ਸੈਰ-ਸਪਾਟੇ ਲਈ ਤਿੰਨ ਮਹੀਨੇ ਲਈ ਹੁੰਦੀ ਸੀ। ਇਹ ਸਮਾਂ ਮਿਆਦ ਖਤਮ ਹੋਣ ਤੋਂ ਪਹਿਲਾਂ ਬਾਹਰ ਸਰਹੱਦ ਟੱਪ ਕੇ ਫਿਰ ਆ ਜਾਉ, ਉਹੀ ਮੋਹਰ ਫਿਰ ਲੱਗ ਜਾਂਦੀ ਸੀ। ਬਹੁਤਿਆਂ ਨੂੰ ਇਸ ਦਾ ਲੰਮਾ-ਚੌੜਾ ਅਭਿਆਸ ਹੋ ਗਿਆ ਸੀ। ਚਲੋ, ਹੁਣ ਅਸਲੀ ਸਵਾਲ ‘ਤੇ ਆਉਂਦੇ ਹਾਂ। ਹੇਮ ਅਸਲ ਵਿਚ ਹਾਈਮ ਹੈ। ਇਹ ਜਰਮਨ ਭਾਸ਼ਾ ਦਾ ਲਫਜ਼ ਹੈ। ਇਸ ਦਾ ਅਰਥ ਹੈ ਹੋਮ (ਘਰ)।
ਮਾਰਟੀਨੀ ਦੀ ਹੇਮ ਬੰਨਵੇਂ ਨੰਬਰ, ਰਿਡਲਰ ਸਟਰਾਸੇ (ਗਲੀ ਦਾ ਨਾਂ) ਮਿਊਨਿਖ ‘ਚ ਸਥਿਤ ਸੀ। ਉਹ ਉਚਾ-ਲੰਮਾ, ਖੁੱਲ੍ਹੀ ਦਾੜ੍ਹੀ ਵਾਲਾ ਗੋਰਾ ਚਿੱਟਾ, ਸਡੌਲ ਪਰ ਡਰਾਉਣਾ ਆਦਮੀ ਸੀ। ਉਹ ਹਰ ਵਕਤ ਨਸ਼ੇ ਵਿਚ ਰਹਿੰਦਾ। ਉਹ ਇਸ ਹੇਮ ਤੋਂ ਬਾਹਰ ਨਹੀਂ ਸੀ ਜਾ ਸਕਦਾ। ਦਰਅਸਲ, ਉਹ ਮੁਜ਼ਰਿਮ ਸੀ, ਜੋ ਘਰੇ ਨਜ਼ਰਬੰਦ ਸੀ। ਉਹਨੇ ਇਸ ਹੇਮ ਦੇ ਕਮਰੇ ਕਿਰਾਏ ‘ਤੇ ਚੜ੍ਹਾਏ ਹੋਏ ਸਨ। ਪੀਣ ਲਈ ਉਸ ਕੋਲ ਦੁਕਾਨ ਵਾਂਗ ਬੀਅਰ, ਸੋਡਾ, ਪਾਣੀ ਆਦਿ ਹੁੰਦਾ ਸੀ, ਜੋ ਉਥੇ ਰਹਿੰਦੇ ਲੋਕ ਖਰੀਦ ਸਕਦੇ ਸਨ। ਹੇਮ ਦੇ ਦਰਵਾਜੇ ਖੁੱਲ੍ਹੇ ਹੀ ਰਹਿੰਦੇ ਸਨ। ਕੋਈ ਜਿੰਦਰਾ-ਕੁੰਜੀ ਕਿਸੇ ਕਮਰੇ ਨੂੰ ਨਹੀਂ ਸੀ। ਦਰਵਾਜੇ ਖੁੱਲ੍ਹੇ, ਪੁਲਿਸ ਬਿਨਾ ਕਿਸੇ ਰੋਕ-ਟੋਕ ਦੇ ਆ ਜਾਂਦੀ ਸੀ। ਜਿਹੜੇ ਲੋਕ ਉਥੇ ਗੈਰ ਕਾਨੂੰਨੀ ਜਾਂ ਓਵਰਸਟੇਅ ਹੁੰਦੇ, ਤਾਕੀ ਰਾਹੀਂ ਬਾਹਰ ਭੱਜ ਜਾਂਦੇ।
ਘਰ ਦੇ ਹਰ ਕਮਰੇ ‘ਚ ਛੇ ਬੰਦਿਆਂ ਦਾ ਬੰਦੋਬਸਤ ਸੀ, ਭਾਵ ਲੋਹੇ ਦੇ ਮੰਜੇ ‘ਤੇ ਮੰਜਾ, ਜਿਸ ਨੂੰ ਬੰਕ ਬੈਡ ਕਹਿੰਦੇ ਹਨ। ਇਸ ਤਰ੍ਹਾਂ ਦੇ ਬੈਡ ਹਿਟਲਰ ਆਪਣੇ ਕੈਦੀਆਂ ਲਈ ਵਰਤਦਾ ਸੀ। ਠੰਢੇ ਕਮਰੇ, ਠੰਢਾ ਪਾਣੀ ਹੀ ਚਲਦਾ ਸੀ। ਗਰਮ ਪਾਣੀ ਜਾਂ ਕਮਰੇ ਗਰਮ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ। ਫਰਿਜ਼ਾਂ ਪੁਰਾਣੀਆਂ ਸਨ, ਪਰ ਕੋਈ ਕੰਮ ਨਹੀਂ ਸੀ ਕਰਦੀ। ਬੱਸ ਕਿਰਾਇਆ ਸਸਤਾ ਸੀ। ਇਕ ਬੈਡ ਦਾ ਪੰਝੀ (25) ਮਾਰਕ ਹਫਤਾ ਹੁੰਦਾ ਸੀ। ਸਸਤਾ ਸੀ, ਪਰ ਉਥੇ ਰਹਿਣਾ ਮਜਬੂਰੀ ਸੀ। ਖਾਣਾ ਬਣਾਉਣ ਲਈ ਚੁੱਲ੍ਹੇ ਸਨ। ਖਰਾਬ ਹੋਣ ਵਾਲੀ ਚੀਜ਼ ਦੁੱਧ ਜਾਂ ਮਸਰਾਂ ਦਾ ਡੱਬਾ ਖੁੱਲ੍ਹਿਆ ਜਾਂ ਹੋਰ ਕੁਝ, ਤਾਂ ਤਾਕੀ ਖੋਲ੍ਹ ਕੇ ਢਕ ਕੇ ਬਾਹਰਲੇ ਪਾਸੇ ਬੰਨੀ ‘ਤੇ ਰੱਖ ਛੱਡੋ। ਨਹਾਉਣ ਧੋਣ ਦਾ ਕੋਈ ਬੰਦੋਬਸਤ ਨਹੀਂ। ਪਬਲਿਕ ਬਾਥ ‘ਤੇ ਜਦੋਂ ਜਾਉ, ਨਾਲ ਝੋਲਾ ਕੱਪੜਿਆਂ ਦਾ ਵੀ ਪਾਣੀ ਵਿਚੋਂ ਕੱਢ ਲਿਆਉ। ਕੰਮ ਮਿਲਣਾ ਮੁਸ਼ਕਿਲ ਸੀ। ਕਿਸੇ ਕਿਸੇ ਦਾ ਮਦਦ ਵਜੋਂ ਇੰਗਲੈਂਡ ਤੋਂ ਵੀ ਪੈਸਾ ਆ ਰਿਹਾ ਸੀ।
ਮਾਰਟੀਨੀ ਦੀ ਇਕ ਸਿਫਤ ਸੀ। ਉਹ ਆਪਣੇ ਕਿਰਾਏਦਾਰ ਦਾ ਖਿਆਲ ਰੱਖਦਾ ਸੀ। ਕਿਤੇ ਨਾ ਕਿਤੇ ਵਾਰੀ ਸਿਰ ਦਿਹਾੜੀ ਲੁਆ ਦਿੰਦਾ ਸੀ; ਇਸ ਹਿਸਾਬ ਨਾਲ ਕਿ ਜਦੋਂ ਮਾਲਕ ਤੁਹਾਨੂੰ ਉਥੋਂ ਚੁੱਕੇ ਤਾਂ ਵਾਪਿਸ ਛੱਡ ਕੇ ਜਾਵੇ, ਉਹ ਪੈਸੇ ਵੀ ਪੂਰੇ ਦਿਵਾ ਦਿੰਦਾ ਸੀ। ਕੋਈ ਇਕ ਕਮਰੇ ਤੋਂ ਦੂਜੇ ‘ਚ ਜਾ ਕੇ ਬੈਠ ਜਾਵੇ ਤਾਂ ਮਾਰਟੀਨੀ ਖਿੱਚ ਕੇ ਥੱਪੜ ਜੜ ਦਿੰਦਾ ਸੀ, ਜਾਂ ਪੌੜੀਆਂ ‘ਚ ਖੜ੍ਹਾ ਕਰਕੇ ਧੱਕਾ ਦੇ ਦਿੰਦਾ ਸੀ। ਕਈ ਕਮਰਿਆਂ ਵਿਚ ਮਾਂਗਣੂ ਸਨ। ਮੈਂ ਉਥੇ ਕੁਝ ਮਹੀਨੇ ਰਿਹਾ। ਜਿਸ ਤਰ੍ਹਾਂ ਪੰਜਾਬ ‘ਚ ਕੰਮ ਕਰਨ ਬਿਹਾਰ ਤੇ ਯੂ. ਪੀ. ਤੋਂ ਮਜ਼ਦੂਰ ਆਉਂਦੇ ਹਨ, ਅਸੀਂ ਅੱਡਿਆਂ ‘ਤੇ ਖੜ੍ਹ ਜਾਂਦੇ। ਜਿਸ ਨੂੰ ਮਜ਼ਦੂਰ ਚਾਹੀਦਾ ਹੁੰਦਾ, ਲੈ ਜਾਂਦਾ।
ਇਸੇ ਤਰ੍ਹਾਂ ਮਿਊਨਿਖ ਵਿਚ ਵੀ ਖਾਸ ਮਿਥੀ ਜਗ੍ਹਾ ‘ਤੇ ਖੜ੍ਹੇ ਹੋਵੋ, ਤਾਂ ਕੰਸਟਰਕਸ਼ਨ ਵਾਲੇ ਤੁਹਾਨੂੰ ਲੈ ਜਾਂਦੇ। ਇਵੇਂ ਹੀ ਇਕ ਪੌਸ਼ ਫਰਮ ਬੜੀ ਮਸ਼ਹੂਰ ਹੁੰਦੀ ਸੀ, ਉਹ ਪੰਜਾਬੀ ਜਵਾਨ ਮੁੰਡਿਆਂ ਨੂੰ ਲੈ ਜਾਂਦੇ ਸਨ, ਪੰਜ ਮਾਰਕ ਘੰਟਾ, ਸੋਮਵਾਰ ਤੋਂ ਸ਼ੁੱਕਰਵਾਰ ਤਕ। ਸਭ ਦਾ ਆਪਸੀ ਮਿਲਾਪ ਮੁੰਚਨ (ਮਿਊਨਿਖ ਦਾ ਲੋਕਲ ਨਾਂ) ਪੋਸਟ ਆਫਿਸ ਦੇ ਬਾਹਰ ਹੁੰਦਾ ਸੀ, ਕਿਉਂਕਿ ਹਰ ਇਕ ਦਾ ਖਤ ਉਥੇ ਹੀ ਆਉਂਦਾ ਸੀ। ਤਾਕੀ ਦੇ ਕੋਨੇ ਦੱਥੀ ਪਈ ਹੁੰਦੀ ਸੀ, ਛਾਂਟ ਕੇ ਆਪੋ-ਆਪਣੀ ਡਾਕ ਲੈ ਜਾਓ। ਕੋਈ ਕਿਸੇ ਦੀ ਚੁੱਕ ਵੀ ਲਿਜਾਏ, ਕੋਈ ਕੰਟਰੋਲ ਨਹੀਂ ਸੀ। ਮੁੰਚਨ ‘ਪਾਸਿੰਗ ਹੇਮ’ ਵੀ ਸੀ ਅਤੇ ਉਥੇ ਵੀ ਇਹੀ ਹਾਲਤ ਸੀ, ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਤੇ ਭੈੜੀ ਹਾਲਤ।
ਪੁਲਿਸ ਉਥੇ ਜਾਂ ਸੜਕਾਂ ‘ਤੇ ਆਮ ਚੈਕਿੰਗ ਦੌਰਾਨ ਫੜ ਕੇ ਵਾਪਸ ਭੇਜ ਦਿੰਦੀ ਸੀ। ਅਜਿਹੀ ਜ਼ਿੰਦਗੀ ਹਰ ਇਕ ਦੀ ਸੀ। ਜੇ ਕੋਈ ਕਿਤੇ ਹੋਟਲ ‘ਚ ਬਾਹਰ ਨਿਕਲ ਗਿਆ, ਵਾਹਵਾ ਕੰਮ ਕਰਦਾ ਰਿਹਾ ਪਰ ਸ਼ਹਿਰ ਮੁੜਨ ਵੇਲੇ ਹਰ ਵਕਤ ਪੁਲਿਸ ਦਾ ਡਰ ਰਹਿੰਦਾ ਸੀ। ਇਕ ਤਾਂ ਬੰਦਾ ਖੁਦ ਮੁਸੀਬਤ ‘ਚ ਹੁੰਦਾ, ਦੂਜੇ ਇੰਗਲੈਂਡ ਜਾਂ ਬ੍ਰਿਟਿਸ਼ ਕੀਨੀਆ ਦੇ ਕਈ ਵਿਹਲੜ ਲੋਕ ਸੋਹਣੀਆਂ ਠੋਕਵੀਆਂ ਪੱਗਾਂ ਬੰਨ੍ਹੀ ਭਰਮਾ ਕੇ ਆਪਣੇ ਜਾਲ ਵਿਚ ਫਸਾ ਲੈਂਦੇ ਕਿ ‘ਅਸੀਂ ਤੁਹਾਨੂੰ ਬ੍ਰਿਟਿਸ਼ ਪਾਸਪੋਰਟ ਲਿਆ ਦਿੰਦੇ ਹਾਂ, ਇੰਨੇ ਪੈਸੇ ਦਿਉ ਜਾਂ ਇੰਗਲੈਂਡ ‘ਚ ਕਿਸੇ ਤੋਂ ਦਿਵਾ ਦਿਉ।’ ਇਉਂ ਉਹ ਠੱਗ ਕੇ ਰਾਹ ਪੈਂਦੇ। ਜਿਸ ਤਨ ਲਾਗੈ ਸੋ ਤਨ ਜਾਣੈ।