ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਅੱਜ ਸਾਡੇ ਸਮਾਜ ਵਿਚ ਜਿਸ ਰਿਸ਼ਤੇ ਦਾ ਸਭ ਤੋਂ ਵੱਧ ਪ੍ਰਚਾਰ ਹੋ ਰਿਹਾ ਹੈ ਜਾਂ ਕੀਤਾ ਜਾ ਰਿਹਾ ਹੈ, ਉਹ ਹਨ ਬਜੁਰਗ ਮਾਪੇ। ਸੋਸ਼ਲ ਮੀਡੀਆ ‘ਤੇ ਬੇਸ਼ੁਮਾਰ ਪੋਸਟਾਂ ਬਜੁਰਗ ਮਾਪਿਆਂ ਦੇ ਰੋਣਿਆਂ ‘ਤੇ ਪਾਈਆਂ ਜਾ ਰਹੀਆਂ ਹਨ, ਪਰ ਦੇਖਣ-ਸੋਚਣ ਵਾਲੀ ਗੱਲ ਹੈ ਕਿ ਕੀ ਇਸ ਪ੍ਰਚਾਰ ਨਾਲ ਜਵਾਨ ਬੱਚਿਆਂ ਵਲੋਂ ਮਾਂ-ਬਾਪ ਨਾਲ ਕੀਤੇ ਜਾ ਰਹੇ ਦੁਰ-ਵਿਹਾਰ ਵਿਚ ਕੋਈ ਕਮੀ ਆ ਰਹੀ ਹੈ? ਜਵਾਬ ਹਾਂ ਵਿਚ ਨਹੀਂ, ਨਾਂਹ ਵਿਚ ਹੀ ਆਵੇਗਾ।
ਸਾਡੇ ਵਕਤੀਂ ਬਚਪਨ ਦੀ ਰੂਪ-ਰੇਖਾ ਹੁਣ ਨਾਲੋਂ ਬਿਲਕੁਲ ਅਲੱਗ ਸੀ, ਸਾਡੇ ਪਿੰਡਾਂ ਵਿਚ ਸਾਰੇ ਪਰਿਵਾਰ ਇਕੱਠੇ ਰਹਿੰਦੇ ਸਨ ਅਤੇ ਪਰਿਵਾਰ ਵੀ ਗਿਣਤੀ ਵਿਚ ਵੱਡੇ ਹੁੰਦੇ ਸਨ। ਘਰ ਵਿਚ ਵੱਡੇ ਬਜੁਰਗ, ਉਨ੍ਹਾਂ ਦੇ 4-4, 5-5 ਵਿਆਹੇ-ਵਰੇ ਪੁੱਤ, ਨੂੰਹਾਂ, ਧੀਆਂ ਅਤੇ ਪੋਤੇ-ਪੋਤੀਆਂ ਵੀ ਸ਼ਾਮਲ ਹੁੰਦੇ ਸਨ। ਔਰਤਾਂ ਘਰ-ਬਾਹਰ ਦਾ ਸਾਰਾ ਕੰਮ-ਧੰਦਾ ਹੱਸਦਿਆਂ-ਖੇਡਦਿਆਂ ਮਿਲ ਕੇ ਕਰ ਲੈਂਦੀਆਂ ਸਨ। ਕਈ ਪਰਿਵਾਰਾਂ ਵਿਚ ਤਾਂ ਵੱਡੇ ਬਜੁਰਗ ਭਾਵ ਦਾਦਾ-ਦਾਦੀ ਵੀ ਹੁੰਦੇ ਸਨ। ਤਿੰਨੇ ਵਕਤ ਦੀ ਰੋਟੀ ਬਣਨ ‘ਤੇ ਸਭ ਤੋਂ ਪਹਿਲਾਂ ਘਰ ਦੇ ਵੱਡੇ ਬਜੁਰਗਾਂ ਕੋਲ ਪਹੁੰਚਦੀ ਸੀ। ਬਜੁਰਗਾਂ ਦਾ ਦਬਦਬਾ ਵੀ ਪੂਰੇ ਘਰ ਵਿਚ ਬਾ-ਦਸਤੂਰ ਕਾਇਮ ਸੀ। ਕੀ ਮਜਾਲ, ਕੋਈ ਨੂੰਹ-ਧੀ ਜਾਂ ਪੁੱਤ ਵੱਡਿਆਂ ਦੀ ਗੱਲ ਨਾ ਮੰਨੇ, ਜਾਂ ਉਨ੍ਹਾਂ ਨੂੰ ਪੁੱਛ ਕੇ ਨਾ ਤੁਰੇ। ਇਸ ਦੇ ਬਾਵਜੂਦ ਉਸ ਵੇਲੇ ਵੀ ਇਕ-ਦੋ ਬਜੁਰਗਾਂ ਨੂੰ ਚਾਰ ਪੁੱਤਾਂ ਦੇ ਘਰੀਂ 3-3 ਮਹੀਨੇ ਜਾਂ ਤਿੰਨ ਪੁੱਤਾਂ ਦੇ ਘਰੀਂ 4-4 ਮਹੀਨੇ ਕੱਟਦਿਆਂ ਦੇਖਿਆ ਹੈ।
ਇਹ ਗੱਲ ਸਾਰੇ ਘਰੀਂ ਤਾਂ ਨਹੀਂ ਸੀ ਪਰ ਕਿਤੇ ਨਾ ਕਿਤੇ ਤੁਰ ਜ਼ਰੂਰ ਪਈ ਸੀ। ਸਮੇਂ ਨੇ ਕਰਵਟ ਬਦਲੀ, ਪੜ੍ਹਾਈ-ਲਿਖਾਈ ਦੇ ਨਾਲ ਨਾਲ ‘ਪ੍ਰਾਈਵੇਸੀ’ ਸ਼ਬਦ ਵੀ ਜ਼ੋਰ ਫੜਨ ਲੱਗਾ। ਪੜ੍ਹੇ-ਲਿਖੇ ਮੁੰਡਿਆਂ ਨੇ ਨੌਕਰੀਆਂ ਕਰਨ ਲਈ ਸ਼ਹਿਰਾਂ ਦੇ ਰੁਖ ਕੀਤੇ ਅਤੇ ਆਪਣੇ ਪਿੰਡ ਤੇ ਪਰਿਵਾਰ ਛੱਡ ਪਤਨੀਆਂ ਨੂੰ ਨਾਲ ਲੈ ਸ਼ਹਿਰ ਜਾ ਵੱਸੇ। ਸ਼ਹਿਰੀ ਜੀਵਨ ਦੇ ਪ੍ਰਭਾਵ ‘ਚ ਜਕੜੇ ਜਦ ਉਨ੍ਹਾਂ ਜੋੜਿਆਂ ਨੇ ਕਦੀ ਪਿੰਡਾਂ ਨੂੰ ਗੇੜਾ ਲਾਉਣਾ ਤਾਂ ਉਨ੍ਹਾਂ ਨੂੰ ਆਜ਼ਾਦ ਵਿਚਰਦੇ ਦੇਖ ਹੋਰਾਂ ਅੰਦਰ ਵੀ ਮਰਜ਼ੀ ਨਾਲ ਜਿਉਣ ਦੀ ਖਹਿਸ਼ ਨੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ। ਜਦ ਮਾਂ-ਬਾਪ ਨੇ ਕੁਝ ਸਮਝਾਉਣਾ ਜਾਂ ਬੰਦਿਸ਼ਾਂ ਦੀ ਗੱਲ ਤੋਰਨੀ ਤਾਂ ਬਖੇੜੇ ਸ਼ੁਰੂ ਹੋ ਜਾਣੇ। ਜਿਥੇ ਪਹਿਲਾਂ ਘਰਾਂ ਵਿਚ ਮਾਂ-ਬਾਪ ਦੀ ਚਲਦੀ ਸੀ, ਉਥੇ ਹੁਣ ਬੱਚਿਆਂ ਦੀ ਚਲਣ ਲੱਗ ਪਈ ਅਤੇ ਮਾਂ-ਬਾਪ ਇਕ ਪਾਸੇ ਹੋ ਸਮਾਂ ਕੱਟਣ ਲੱਗੇ।
ਅੱਜ ਪਰਿਵਾਰਾਂ ਵਿਚ ਮਾਂ-ਬਾਪ ਦਾ ਜੋ ਹਾਲ ਹੈ, ਉਹ ਕੋਈ ਲੁਕਿਆ ਛਿਪਿਆ ਨਹੀਂ। ਹੁਣ ਤਾਂ ਮਾਂ-ਬਾਪ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤਕ ਚਾਹੀਦੇ ਹਨ, ਫਿਰ ਤੂੰ ਕੌਣ ਤੇ ਮੈਂ ਕੌਣ! ਬਹੁਤੇ ਮਾਂ-ਬਾਪ ਤਾਂ ਡਾਢੇ ਔਖੇ ਹਨ ਅਤੇ ਬੇਬਸੀ ਦੇ ਮਾਰੇ ਡਰਦੇ ਨਾ ਆਪਣੀ ਪੀੜਾ ਕਿਸੇ ਨਾਲ ਸਾਂਝੀ ਕਰ ਸਕਦੇ ਹਨ ਤੇ ਨਾ ਕਿਤੇ ਆ-ਜਾ ਸਕਦੇ ਹਨ। ਬਸ ਚਿੰਤਾ ਦੇ ਸਾਗਰ ਵਿਚ ਫਸੇ ਹਉਕੇ ਭਰਦੇ ਹਨ ਜਾਂ ਲੁਕ ਲੁਕ ਰੋਂਦੇ ਹਨ।
ਹਾਲ ਤਾਂ ਆਪਣੇ ਸਮਾਜ ਦਾ ਪਿਛੇ ਵਤਨੀਂ ਵੀ ਮਾੜਾ ਹੈ, ਪਰ ਜਿਹੜੇ ਮਾਂ-ਬਾਪ ਬਾਹਰਲੇ ਮੁਲਕੀਂ ਬੱਚਿਆਂ ਕੋਲ ਆ ਪਹੁੰਚੇ ਹਨ, ਉਹ ਡਾਢੇ ਅਵਾਜਾਰ ਹਨ, ਉਨ੍ਹਾਂ ਨੂੰ ਸੁਣਨ-ਦੇਖਣ ਵਾਲਾ ਕੋਈ ਨਹੀਂ। ਉਨ੍ਹਾਂ ਦੇ ਧੀਆਂ-ਪੁੱਤ ਆਪਣੇ ਕੰਮਾਂ ਵਿਚ ਮਸ਼ਰੂਫ ਹਨ। ਤੀਜੀ ਪੀੜ੍ਹੀ! ਉਹ ਤਾਂ ਬਜੁਰਗਾਂ ਤੋਂ ਇੰਜ ਦੂਰ ਭੱਜਦੀ ਹੈ, ਜਿਵੇਂ ਬਜੁਰਗ ਕਿਸੇ ਛੂਤ ਦੀ ਬੀਮਾਰੀ ਤੋਂ ਪੀੜਤ ਹੋਣ।
ਚੰਗੀ ਗੱਲ ਹੈ ਕਿ ਬਜੁਰਗਾਂ ਦੇ ਹੱਕ ਵਿਚ ਪ੍ਰਚਾਰ ਹੋ ਰਿਹਾ ਹੈ, ਪਰ ਸਮਾਜ ਵਿਚ ਆਈਆਂ ਹੋਰ ਕੁਰੀਤੀਆਂ ਵਾਂਗ ਇਹ ਕੁਰੀਤੀ ਵੀ ਇੰਨਾ ਜ਼ੋਰ ਫੜ ਗਈ ਹੈ ਕਿ ਇਸ ‘ਤੇ ਕਾਬੂ ਪਾਉਣਾ ਆਸਾਨ ਨਹੀਂ ਹੈ। ਇਥੇ ਇਹ ਵੀ ਕਹਿਣਾ ਬਣਦਾ ਹੈ ਕਿ ਕੁਝ ਕੁ ਮਾਪੇ ਵੀ ਆਪਣੇ ਬੋਲ ਚਾਲ ਜਾਂ ਵਿਹਾਰ ਵਿਚ ਜਿਵੇਂ ਕਿ ਹਰ ਗੱਲ ‘ਤੇ ਟੋਕਾ ਟਾਕੀ ਕਰਨੀ, ਜਾਂ ਇਨ੍ਹਾਂ ਗੱਲਾਂ ਦਾ ਬੁਰਾ ਮਨਾਉਣਾ ਕਿ ਸਾਡੇ ਬੱਚੇ ਸਾਨੂੰ ਪੁੱਛ ਕੇ ਕਿਉਂ ਨਹੀਂ ਤੁਰਦੇ, ਵੀ ਸ਼ਾਮਲ ਹੈ। ਬੇਨਤੀ ਹੈ ਕਿ ਮਾਪਿਆਂ ਨੂੰ ਆਪਣੀਆਂ ਇਨ੍ਹਾਂ ਅਤਿ ਕੋਮਲ ਤੇ ਸੂਖਮ ਭਾਵਨਾਵਾਂ ਉਤੇ ਕਾਬੂ ਪਾਉਣਾ ਸਿਖਣਾ ਪਵੇਗਾ, ਤਾਂ ਕਿ ਉਨ੍ਹਾਂ ਦਾ ਟਿਕਾਣਾ ਘਰ ਵਿਚ ਹੀ ਬਣਿਆ ਰਹਿ ਸਕੇ। ਇਹ ਬੁਢਾਪੇ ਦੇ ਅਤਿ ਮਾੜੇ ਸਮੇਂ ਦੀ ਵੇਦਨਾ ਹੈ, ਜਿਸ ਦਾ ਹੋਰ ਕੋਈ ਇਲਾਜ ਵੀ ਨਹੀਂ ਹੈ। ਇਹ ਤਾਂ ਉਹ ਲੋਕ ਹੀ ਜਾਣਦੇ ਹਨ, ਜੋ ਭੁਗਤ ਰਹੇ ਹਨ। ਭਗਤ ਭੀਖਣ ਆਖਦੇ ਹਨ, “ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ॥”
ਕਿਸ ਪਰਿਵਾਰ ਦੇ ਕਿਸ ਬੱਚੇ ਨੂੰ ਕੌਣ ਸਮਝਾਵੇਗਾ ਜਾਂ ਸਮਝਾ ਸਕਦਾ ਹੈ, ਇਹ ਹਰ ਘਰ ਦੀ ਕਹਾਣੀ ਹੈ। ਪਿਤਾ ਜੀ ਆਖਦੇ ਹੁੰਦੇ ਸਨ, “ਵਿਗੜੇ ਇਕ ਤਾਂ ਸਮਝਾਵੇ ਵਿਹੜਾ, ਜੇ ਵਿਗੜੇ ਵਿਹੜਾ ਤਾਂ ਸਮਝਾਵੇ ਕਿਹੜਾ?” ਅਜੋਕੇ ਸਮੇਂ ਵਿਚ ਕੋਈ ਵੀ ਕਿਸੇ ਦੀ ਸੁਣਨ ਨੂੰ ਤਿਆਰ ਨਹੀ, ਪਰ ਬਜੁਰਗ ਮਾਪੇ ਜਾਣ ਕਿੱਥੇ? ਉਹ ਕਰਨ ਕੀ ਕਿ ਉਨ੍ਹਾਂ ਦੇ ਵਸੇਬੇ ਵੀ ਆਪਣੇ ਘਰਾਂ ਵਿਚ ਰਹਿਣ, ਉਹ ਰਹਿਣ ਵੀ ਆਪਣੇ ਬੱਚਿਆਂ ਕੋਲ ਅਤੇ ਸੁੱਖ ਸ਼ਾਂਤੀ ਵੀ ਬਣੀ ਰਹੇ, ਬਹੁਤ ਮੁਸ਼ਕਿਲ ਹੈ। ਬੱਚੇ ਹਰ ਗੱਲ ਦਾ ਬਹਾਨਾ ਭਾਲਦੇ ਹਨ ਅਤੇ ਖਾਨਾਜੰਗੀ ਸ਼ੁਰੂ ਹੋ ਜਾਂਦੀ ਹੈ, ਜੋ ਕਦੀ ਮੁਕਣ ਦਾ ਨਾਂ ਨਹੀਂ ਲੈਂਦੀ। ਫਿਰ ਇਸ ਨਰਕ ਵਰਗੇ ਜੀਵਨ ਦਾ ਹੱਲ ਨਿਕਲਦਾ ਹੈ, ਬਿਰਧ ਆਸ਼ਰਮ, ਜਿਸ ਵਿਚ ਮਾਪਿਆਂ ਨੂੰ ਛੱਡ ਕੇ ਬੱਚੇ ਤਾਂ ਸੁਰਖਰੂ ਹੋ ਜਾਂਦੇ ਹਨ, ਪਰ ਉਹ ਬਦਕਿਸਮਤ ਮਾਪੇ ਨਾ ਘਰ ਦੇ ਰਹਿੰਦੇ ਹਨ ਤੇ ਨਾ ਘਾਟ ਦੇ।
ਬਿਰਧ ਆਸ਼ਰਮ, ਜਿਥੇ ਪਹਿਲਾਂ ਸਮਾਜ ਪੁੱਤਰ-ਪ੍ਰਧਾਨ ਸੀ, ਉਥੇ ਹੁਣ ਧੀ ਦਾ ਨਾਂ ਵੀ ਮਾਣ ਨਾਲ ਲਿਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਧੀਆਂ ਆਪਣੇ ਮਾਪਿਆਂ ਨੂੰ ਸੰਭਾਲ ਵੀ ਰਹੀਆਂ ਹਨ। ਮਾਪੇ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਦੇ ਹਨ, ਸਾਡਾ ਸਮਾਜ ਇਸ ਗੱਲ ਨੂੰ ਇੱਜਤ ਜਾਂ ਸਤਿਕਾਰ ਦੀ ਨਜ਼ਰ ਨਾਲ ਦੇਖਣ ਨੂੰ ਤਿਆਰ ਹੀ ਨਹੀਂ ਕਿ ਬੁੱਢੇ ਮਾਂ-ਬਾਪ ਆਪਣੀ ਧੀ ਦੇ ਘਰ ਡੇਰਾ ਲਾ ਕੇ ਬੈਠ ਜਾਣ। ਉਲਟਾ ਰਿਸ਼ਤੇ ਅਤੇ ਸਾਕ ਸਬੰਧੀ ਇਸ ਗੱਲ ਦੀ ਖਿੱਲੀ ਉਡਾਉਂਦੇ ਹਨ। ਕਾਸ਼! ਪੁੱਤਰ-ਨੂੰਹਾਂ ਇਸ ਦਰਦ ਨੂੰ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਜਨਮ ਦੇਣ ਵਾਲੇ ਮਾਪੇ ਜਾਣ ਤਾਂ ਜਾਣ ਕਿੱਥੇ? ਇਸ ਅਵਸਥਾ ਦਾ ਜ਼ਿਕਰ ਕਰਦਿਆਂ ਬਾਬਾ ਫਰੀਦ ਆਖਦੇ ਹਨ,
ਫਰੀਦਾ ਬਾਰ ਪਰਾਇਐ ਬੈਸਣਾ ਸਾਈਂ ਮੁਝੈ ਨ ਦੇਹ॥
ਜੇ ਤੂੰ ਏਵੈ ਰਖਸੀ ਜੀਉ ਸਰੀਰਹੁ ਲੇਹ॥
ਉਹ ਮਾਂ-ਬਾਪ, ਜੋ ਤਿਲ ਤਿਲ ਜੋੜ ਕੇ ਘਰ, ਜਮੀਨਾਂ, ਜਾਇਦਾਦ ਤੇ ਹੋਰ ਬਹੁਤ ਸਾਰੇ ਸੁੱਖ ਸਾਧਨ ਬੱਚਿਆਂ ਨੂੰ ਮੁਹੱਈਆ ਕਰਵਾਉਂਦੇ ਹਨ ਅਤੇ ਬੱਚਿਆਂ ਨੂੰ ਪ੍ਰਵਾਨ ਚੜ੍ਹਾਉਣ ਤਕ ਟਿਕ ਕੇ ਨਹੀਂ ਬੈਠਦੇ ਤੇ ਨਾ ਹੀ ਸੁਖ ਦਾ ਸਾਹ ਲੈਂਦੇ ਹਨ, ਉਹੀ ਮਾਪੇ ਜਦ ਬੁਢਾਪੇ ਵਿਚ ਪ੍ਰਵੇਸ਼ ਕਰਦੇ ਹਨ, ਉਨ੍ਹਾਂ ਦੇ ਸਰੀਰ ਜਵਾਬ ਦੇ ਜਾਂਦੇ ਹਨ। ਉਨ੍ਹਾਂ ਦੇ ਜੰਮੇ ਜਾਏ ਵੀ ਉਨ੍ਹਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਹਨ ਜਾਂ ਬਿਰਧ ਆਸ਼ਰਮ ਵਿਚ ਛੱਡ ਆਉਂਦੇ ਹਨ, ਤਾਂ ਉਹ ਮਾਪੇ ਜਿਉਂਦੇ ਜੀਅ ਹੀ ਮਰ ਮੁਕ ਜਾਂਦੇ ਹਨ।
ਸਵਾਲ ਹੈ ਕਿ ਸਾਡਾ ਸਮਾਜ ਇਸ ਲਈ ਕੀ ਪਿਆ ਕਰਦਾ ਹੈ? ਕੁਝ ਵੀ ਨਹੀਂ! ਸਮਾਜ ਨੇ ਤਾਂ ਕਦੀ ਵੀ ਕੁਝ ਨਹੀਂ ਕੀਤਾ, ਇਹ ਤਾਂ ਸਾਡੀ ਬੀਮਾਰ ਮਾਨਸਿਕਤਾ ਹੈ, ਜੋ ਅਸੀਂ ਆਪ ਸਹੇੜੀ ਹੈ ਅਤੇ ਇਸ ਦਾ ਇਲਾਜ ਵੀ ਸਾਨੂੰ ਆਪੂੰ ਹੀ ਕਰਨਾ ਪਵੇਗਾ। ਮੇਰਾ ਵਿਚਾਰ ਹੈ ਕਿ ਜੇ ਅੱਜ ਦੀਆਂ ਪੜ੍ਹੀਆਂ-ਲਿਖੀਆਂ ਨੌਜਵਾਨ ਧੀਆਂ ਇਸ ਬੀਮਾਰੀ ਨੂੰ ਮੁਕਾਉਣ ਦਾ ਬੀੜਾ ਚੁੱਕਣ ਤਾਂ ਇਹ ਬਹੁਤ ਮੁਸ਼ਕਿਲ ਦਿਸਦਾ ਕੰਮ ਆਸਾਨ ਹੋ ਸਕਦਾ ਹੈ। ਜੇ ਹਰ ਸੁਚੱਜੀ ਤੇ ਸਿਆਣੀ ਧੀ ਇਹ ਸੋਚਦੀ ਜਾਂ ਚਾਹੁੰਦੀ ਹੈ ਕਿ ਮੇਰੇ ਬਜੁਰਗ ਮਾਂ-ਬਾਪ ਨੂੰ ਮੇਰਾ ਵੀਰ-ਭਰਜਾਈ ਸੁੱਖ ਦੇਣ ਤਾਂ ਉਸ ਨੂੰ ਵੀ ਆਪਣੇ ਸੱਸ-ਸਹੁਰੇ ਨੂੰ ਸਤਿਕਾਰ ਭਰਿਆ ਜੀਵਨ ਦੇਣਾ ਪਵੇਗਾ, ਕਿਉਂਕਿ ਹਰ ਧੀ ਇਹ ਤਾਂ ਚਾਹੁੰਦੀ ਹੈ, ਮੇਰੇ ਮਾਂ-ਬਾਪ ਸੁਖੀ ਰਹਿਣ, ਪਰ ਉਹ ਆਪਣੇ ਸੱਸ-ਸਹੁਰੇ ਨੂੰ ਘਰ ਵਿਚ ਥਾਂ ਨਹੀਂ ਦੇਣਾ ਚਾਹੁੰਦੀ।
ਉਤੋਂ ਸਿਤਮਜ਼ਰੀਫੀ ਇਹ ਕਿ ਜਿਨ੍ਹਾਂ ਪਰਿਵਾਰਾਂ ਦਾ ਇੱਕ ਇੱਕ ਪੁੱਤ ਹੈ, ਉਥੇ ਵੀ ਕੋਈ ਦੀਦ ਲਿਹਾਜ ਨਹੀਂ ਹੋ ਰਿਹਾ, ਮਾਪਿਆਂ ਨਾਲ ਬਦਸਲੂਕੀ ਬਾਦਸਤੂਰ ਜਾਰੀ ਹੈ। ਪੁੱਤ ਵੀ ਮਾਪਿਆਂ ਵੱਲ ਪਰਤ ਕੇ ਦੇਖਣ ਨੂੰ ਤਿਆਰ ਨਹੀਂ ਹਨ। ਪੁੱਤ ਪੜ੍ਹ-ਲਿਖ ਕੇ, ਡਿਗਰੀ ਲੈ ਕੇ, ਵਿਆਹ ਕਰਵਾ ਕੇ ਆਪਣਾ ਘਰ ਬਣਾ ਬੈਠ ਜਾਂਦਾ ਹੈ ਅਤੇ ਮਾਪੇ ਵਿਚਾਰੇ ਬਿਟ ਬਿਟ ਤੱਕਦੇ ਹੱਥ ਮਲਦੇ ਵੇਖਦੇ ਹੀ ਰਹਿ ਜਾਂਦੇ ਹਨ ਕਿ ਹੁਣ ਕਰੀਏ ਕੀ? ਕਿੰਨਾ ਭਿਆਨਕ ਸਵਾਲ ਹੈ ਇਹ। ਸਾਰੀ ਉਮਰ ਦੇ ਬਣੇ ਸੁਪਨ-ਮਹੱਲ ਪਲਾਂ ਵਿਚ ਹੀ ਢਹਿ ਢੇਰੀ ਹੋ ਜਾਂਦੇ ਹਨ, ਜਦ ਕੋਈ ਸੱਧਰਾਂ ਤੇ ਲਾਡਾਂ ਪਾਲਿਆ ਪੁੱਤ ਮਾਂ-ਬਾਪ ਨੂੰ ਅਚਾਨਕ ਇਹ ਕਹਿ ਦਿੰਦਾ ਹੈ ਕਿ ਮੈਂ ਤੇ ਮੇਰੀ ਪਤਨੀ ਅਲੱਗ ਰਹਿਣਾ ਚਾਹੁੰਦੇ ਹਾਂ ਅਤੇ ਜਾਂ ਕਿਸੇ ਦੂਜੇ ਸ਼ਹਿਰ ਵਿਚ ਜਾ ਵੱਸਣਾ ਚਾਹੁੰਦੇ ਹਾਂ। ਉਸ ਮਾਂ-ਬਾਪ ‘ਤੇ ਕੀ ਬੀਤਦੀ ਹੈ? ਹੈ ਕਿਸੇ ਨੂੰ ਅੰਦਾਜ਼ਾ? ਹਾਂ ਹੈ, ਮੈਂ ਜਾਣਦੀ ਹਾਂ ਐਸੇ ਬਹੁਤ ਸਾਰੇ ਮਾਪਿਆਂ ਨੂੰ, ਜੋ ਟੁੱਟੇ ਦਿਲ ਨਾਲ ਅੱਥਰੂ ਲੁਕਾ ਕੇ ਵੀ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੰਦੇ ਹਨ ਅਤੇ ਆਪ ਲੁਕ ਲੁਕ ਕੇ ਰੋਂਦੇ ਹਨ। ਕੀ ਹੋ ਗਿਆ ਹੈ ਅੱਜ ਦੀ ਜਵਾਨੀ ਨੂੰ, ਕੀ ਹੋ ਗਿਐ ਅੱਜ ਦੇ ਪੜ੍ਹੇ-ਲਿਖੇ ਬੱਚਿਆਂ ਨੂੰ, ਜੋ ਆਪਣੇ ਮਾਪਿਆਂ ਨੂੰ ਇਸ ਤਰ੍ਹਾਂ ਦੁਰਕਾਰ ਰਹੇ ਹਨ। “ਸਰਮ ਧਰਮ ਦੋਇ ਛਿਪ ਖਲੋਏ ਕੂੜ ਫਿਰੈ ਪਰਧਾਨ ਵੇ ਲਾਲੋ॥”
ਮੈਂ ਦੇਖੇ ਹਨ ਬਿਰਧ ਆਸ਼ਰਮ, ਉਥੇ ਸਿਰ ਸੁੱਟ ਕੇ ਬੈਠੇ ਬੁੱਢੜੇ ਬਾਪ ਅਤੇ ਰੋ ਰੋ ਵਾਟਾਂ ਨਿਹਾਰਦੀਆਂ ਲਾਚਾਰ ਬੁੱਢੀਆਂ ਮਾਂਵਾਂ, ਜੋ ਹਰ ਆਏ-ਗਏ ਨੂੰ ਪੁਛਦੀਆਂ ਨੇ, ‘ਮੇਰੇ ਪੁੱਤ ਨੇ ਕੀ ਸੁਨੇਹਾ ਘੱਲਿਆ ਈ, ਕੀ ਆਂਹਦਾ ਸੀ, ਕਦੋਂ ਆਵੇਗਾ ਸਾਨੂੰ ਲੈਣ?’ ਪਰ ਜਵਾਬ ਤਾਂ ਕਿਸੇ ਕੋਲ ਵੀ ਹੈ ਨਹੀਂ ਕਿ ਕਿਹਦਾ ਪੁੱਤ ਕਦੋਂ ਉਸ ਨੂੰ ਲੈਣ ਆਵੇਗਾ!
ਉਏ ਨਵੀਂ ਪੀੜ੍ਹੀ ਦੇ ਪੜ੍ਹੇ-ਲਿਖੇ ਸਿਆਣੇ ਪੁੱਤਰੋ! ਰੱਬ ਦਾ ਵਾਸਤਾ ਈ, ਆਪਣੇ ਮਾਪਿਆਂ ਨੂੰ ਘਰੋਂ ਬਾਹਰ ਨਾ ਕੱਢੋ। ਉਏ ਦੂਰ ਵਸੇਂਦਿਓ ਪੁੱਤਰੋ! ਮੁੜ ਆਵੋ ਆਪਣੇ ਘਰਾਂ ਨੂੰ, ਬੁੱਢੇ ਮਾਪੇ ਤੁਹਾਡੀਆਂ ਰਾਹਾਂ ਪਏ ਤੱਕਦੇ ਨੇ। ਆ ਜਾਓ, ਅਜੇ ਵੇਲਾ ਏ, ਪਾ ਦਿਓ ਠੰਢ ਇਨ੍ਹਾਂ ਤਪਦੇ ਦਿਲਾਂ ਨੂੰ, ਮਗਰੋਂ ਕਰਾਏ ਗਏ ਪਾਠ ਤੇ ਲਾਏ ਗਏ ਲੰਗਰ ਕਿਸੇ ਵੀ ਕੰਮ ਨਹੀਂ ਆਉਣੇ। ਲੈ ਜਾਓ ਇਨ੍ਹਾਂ ਨੂੰ ਆਪਣੇ ਘਰੀਂ ਤੇ ਖੇਡਣ ਦਿਓ ਆਪਣੇ ਬੱਚਿਆਂ ਨਾਲ, ਅਤੇ ਆਪ ਵੀ ਖੇਡੋ ਇਨ੍ਹਾਂ ਦੇ ਨਾਲ। ਫਿਰ ਵੇਖੋ, ਇਹ ਸਾਰਾ ਹੀ ਸੰਸਾਰ ਸਵਰਗ ਬਣ ਜਾਵੇਗਾ।