ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਭਾਈ ਕਪੂਰ ਸਿੰਘ ਦਾ ਪਰਿਵਾਰਕ ਪੁਸ਼ਤੈਨੀ ਪਿੰਡ ਮੰਨਣ ਚੱਕ ਕਲਾਂ, ਜਿਲਾ ਲੁਧਿਆਣਾ ਸੀ, ਪਰ ਜਮੀਨ ਦੇ ਸਿਲਸਿਲੇ ਵਿਚ ਉਨ੍ਹਾਂ ਦਾ ਪਰਿਵਾਰ ਅਜੋਕੇ ਪਾਕਿਸਤਾਨ ਵਾਲੇ ਪੰਜਾਬ ਦੇ ਜਿਲਾ ਲਾਇਲਪੁਰ ਵਿਚ 531 ਚੱਕ ਵਿਖੇ ਜਾ ਵੱਸਿਆ ਸੀ, ਜਿੱਥੇ 2 ਮਾਰਚ 1909 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ ਭਾਈ ਕਪੂਰ ਸਿੰਘ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਦੀਦਾਰ ਸਿੰਘ ਸੀ।
ਭਾਈ ਕਪੂਰ ਸਿੰਘ ਨੇ ਮੁਢਲੀ ਵਿੱਦਿਆ ਇਸੇ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਨੌਂਵੀਂ-ਦਸਵੀਂ ਜਮਾਤ ਲਈ ਉਨ੍ਹਾਂ ਨੂੰ ਖਾਲਸਾ ਹਾਈ ਸਕੂਲ, ਲਾਇਲਪੁਰ ਵਿਖੇ ਜਾਣਾ ਪਿਆ, ਜਿੱਥੇ ਉਹ ਆਪਣੇ ਪਿੰਡ ਤੋਂ ਹਰ ਰੋਜ ਟਾਂਗੇ ‘ਤੇ ਜਾਇਆ ਕਰਦੇ ਸਨ। ਇਸੇ ਸਕੂਲ ਵਿਚ ਪੰਥ ਰਤਨ ਮਾਸਟਰ ਤਾਰਾ ਸਿੰਘ ਅਧਿਆਪਕ ਸਨ। ਕਹਿੰਦੇ ਹਨ, ਕਪੂਰ ਸਿੰਘ ਮਾਸਟਰ ਤਾਰਾ ਸਿੰਘ ਦੇ ਬੜੇ ਹੋਣਹਾਰ ਅਤੇ ਚਹੇਤੇ ਵਿਦਿਆਰਥੀ ਸਨ। ਇਸੇ ਪ੍ਰੇਮ ਸਦਕਾ ਭਾਈ ਸਾਹਿਬ ਹਮੇਸ਼ਾ ਮਾਸਟਰ ਜੀ ਦੇ ਸੰਪਰਕ ਵਿਚ ਰਹੇ।
ਦਸਵੀਂ ਦੀ ਪ੍ਰੀਖਿਆ ਵਿਚ ਉਹ ਪੰਜਾਬ ਭਰ ਵਿਚੋਂ ਅੱਵਲ ਆਏ। ਉਸ ਵੇਲੇ ਦਾ ਪੰਜਾਬ ਸਾਬਤ ਸਬੂਤਾ ਮਹਾਂ ਪੰਜਾਬ ਸੀ, ਜਿਸ ਦਾ ਜ਼ਿਕਰ ਧਨੀਰਾਮ ਚਾਤ੍ਰਿਕ ਨੇ ਆਪਣੀ ਕਵਿਤਾ ‘ਪੰਜਾਬ ਕਰਾਂ ਕੀ ਸਿਫਤ ਤੇਰੀ’ ਵਿਚ ਇਸ ਤਰ੍ਹਾਂ ਕੀਤਾ: “ਸ਼ਿਮਲਾ ਡਲਹੌਜੀ, ਮਰੀ ਤਿਰੇ, ਕਸ਼ਮੀਰ ਤਿਰਾ, ਗੁਲਮਰਗ ਤਿਰਾ। ਦਿੱਲੀ ਤੇਰੀ, ਲਾਹੌਰ ਤਿਰਾ, ਅੰਮ੍ਰਿਤਸਰ ਸੋਹੇ ਸਵਰਗ ਤੇਰਾ।” ਏਸ ਪੰਜਾਬ ਵਿਚੋਂ ਅੱਵਲ ਆਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ।
ਫਿਰ ਉਨ੍ਹਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਵਿਚ ਦਾਖਲਾ ਲੈ ਲਿਆ। ਬੇਸ਼ੱਕ ਉਨ੍ਹਾਂ ਨੂੰ ਵਜ਼ੀਫਾ ਲੱਗ ਗਿਆ ਸੀ, ਪਰ ਖਰਚੇ ਉਸ ਤੋਂ ਕਿਤੇ ਵੱਧ ਸਨ। ਉਨ੍ਹਾਂ ਨੇ ਘਰੇ ਚਿੱਠੀ ਘੱਲੀ ਕਿ ਚੰਦਾ ਤਾਰਨ ਲਈ ਡੂਢ ਸੌ ਰੁਪਏ ਦੀ ਫੌਰੀ ਲੋੜ ਹੈ। ਪਿਤਾ ਦੀਦਾਰ ਸਿੰਘ ਚਿੱਠੀ ਪੜ੍ਹ ਕੇ ਲੋਹੇ ਲਾਖੇ ਹੋ ਗਏ ਤੇ ਕਹਿਣ ਲੱਗੇ ‘ਅਸੀਂ ਨਹੀਂ ਪੜ੍ਹਾਉਣਾ, ਵਾਪਸ ਆ ਜਾਵੇ।’ ਕੋਮਲ ਚਿੱਤ ਅਤੇ ਦ੍ਰਿੜ ਇਰਾਦਾ ਮਾਂ ਨੇ ਕਹਿ-ਸੁਣ ਕੇ ਜਿਉਣੇ ਆੜ੍ਹਤੀਏ ਤੋਂ ਪੈਸੇ ਮੰਗਵਾਏ ਤੇ ਬੇਟੇ ਨੂੰ ਪੁਜਦੇ ਕਰਨ ਲਈ ਦੀਦਾਰ ਸਿੰਘ ਨੂੰ ਲਾਹੌਰ ਘੱਲ ਦਿੱਤਾ। ਉਧਰੋਂ ਕਪੂਰ ਸਿੰਘ ਨੇ ਸੋਚਿਆ ਕਿ ਘਰ ਦਿਆਂ ਤੋਂ ਏਨੇ ਪੈਸੇ ਦਾ ਬੰਦੋਬਸਤ ਕਿੱਥੇ ਹੋਣਾ ਹੈ; ਇਸ ਲਈ ਉਹ ਮਾਯੂਸੀ ਦੇ ਆਲਮ ਵਿਚ ਟਾਂਗਾ ਫੜ ਕੇ ਪਿੰਡ ਆ ਗਏ।
ਮਾਂ ਨੇ ਝਿੜਕ ਕੇ, ਉਨ੍ਹੀਂ ਪੈਰੀਂ ਵਾਪਸ ਮੋੜ ਦਿੱਤਾ। ਉਨ੍ਹਾਂ ਜਾ ਕੇ ਆਪਣੇ ਪਿਤਾ ਜੀ ਤੋਂ ਪੈਸੇ ਫੜੇ, ਚੰਦਾ ਤਾਰਿਆ ਤੇ ਆਪਣੀ ਪੜ੍ਹਾਈ ਜਾਰੀ ਰਖੀ। ਮਾਂ ਹੌਸਲਾ ਨਾ ਕਰਦੀ ਤਾਂ ਅਸੀਂ ਕਪੂਰ ਸਿੰਘ ਦੀ ਵਿਦਵਤਾ ਤੋਂ ਵਿਰਵੇ ਰਹਿ ਜਾਣਾ ਸੀ। ਇਸ ਕਾਲਜ ਵਿਚ ਉਨ੍ਹਾਂ ਨੇ ਮੁਹੰਮਦ ਇਕਬਾਲ ਦੀ ਨੇੜਤਾ ਵਿਚ ਫਲਸਫੇ ਦੀ ਵਿੱਦਿਆ ਹਾਸਲ ਕੀਤੀ, ਅੰਗਰੇਜ਼ੀ ਭਾਸ਼ਾ ਦੇ ਮਾਹਿਰ ਵਿਦਵਾਨਾਂ ਤੋਂ ਗੂੜ੍ਹ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਇੱਥੇ ਵੀ ਉਹ ਪੰਜਾਬ ਯੂਨੀਵਰਸਿਟੀ ਵਿਚੋਂ ਅੱਵਲ ਆਏ ਤੇ ਵਜ਼ੀਫਾ ਹਾਸਲ ਕੀਤਾ। ਡਾ. ਇਕਬਾਲ ਨੇ ਦਸਤਖਤ ਕਰਕੇ ਆਪਣੀ ਵੱਡੀ ਫੋਟੋ ਸਿਰਦਾਰ ਸਾਹਿਬ ਨੂੰ ਨਿਸ਼ਾਨੀ ਵਜੋਂ ਦਿੱਤੀ। ਕਾਲਜ ਦੇ ਪ੍ਰਿੰਸੀਪਲ ਨੇ ਵੀ ਵਿੱਲ ਦਿਉਰਾਂ ਦੀ ਪੁਸਤਕ ‘ਦਾ ਸਟੋਰੀ ਔਫ ਫਿਲਾਸਫੀ’ ਭਾਈ ਸਾਹਿਬ ਨੂੰ ਆਪਣੇ ਦਸਤਖਤ ਕਰਕੇ ਇਨਾਮ ਵਜੋਂ ਦਿੱਤੀ।
ਫਿਰ ਇੱਥੋਂ ਉਚ ਵਿੱਦਿਆ ਲਈ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ; ਜਿੱਥੇ ਵਿਸ਼ਵ ਦੇ ਮਹਾਨ ਵਿਦਵਾਨਾਂ ਨਾਲ ਉਨ੍ਹਾਂ ਦਾ ਸੰਪਰਕ ਬਣਿਆ। ਅਰਥਸ਼ਾਸਤਰੀ ਡਾ. ਕੇਨਜ, ਭਾਸ਼ਾ ਵਿਗਿਆਨੀ ਡਾ. ਫਰਥ, ਫਲਸਫੇ ਦੇ ਮਾਹਿਰ ਬਰਟਰਨਡ ਰੱਸਲ, ਲਾਸਕੀ, ਡਾ. ਬਰੌਡ, ਮੋਰ ਅਤੇ ਵਿਟਗਨ ਸਟਾਈਨ ਜਿਹੇ ਕੱਦਾਵਰ ਵਿਦਵਾਨਾਂ ਦੀ ਸੰਗਤ ਵਿਚ ਜਗਤ ਵਿਚ ਪ੍ਰਚੱਲਤ ਗਿਆਨ ਦੇ ਤਮਾਮ ਦਿਸਹੱਦਿਆਂ ਦੀ ਟੋਹ ਤੇ ਛੋਹ ਪ੍ਰਾਪਤ ਕੀਤੀ। ਕੈਂਬ੍ਰਿਜ ਵਿਖੇ ਕਿਤੇ ਗਾਂਧੀ ਜੀ ਲੈਕਚਰ ਦੇਣ ਗਏ ਤਾਂ ਉਨ੍ਹਾਂ ਸਰੋਤਿਆਂ ਵਿਚ ਪੱਗ ਬੰਨੀ ਬੈਠੇ ਇਕੋ ਇਕ ਵਿਦਿਆਰਥੀ ਕਪੂਰ ਸਿੰਘ ਨੂੰ ਬੁਲਾ ਕੇ ਆਪਣੇ ਨਾਲ ਬਿਠਾ ਲਿਆ ਸੀ।
ਕੈਂਬ੍ਰਿਜ ਯੂਨੀਵਰਸਿਟੀ ਨੇ ਕਪੂਰ ਸਿੰਘ ਨੂੰ ਅਧਿਆਪਨ ਦੀ ਸੇਵਾ ਪੇਸ਼ ਕੀਤੀ, ਪਰ ਉਨ੍ਹਾਂ ਨੇ ਅਸਵੀਕਾਰ ਕਰ ਦਿੱਤੀ ਤੇ ਆਈ. ਸੀ. ਐਸ਼ ਕਰਕੇ ਆਪਣੇ ਮੁਲਕ ਦੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ।
ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਉਨ੍ਹਾਂ ਨੇ ਬਤੌਰ ਡਿਪਟੀ ਕਮਿਸ਼ਨਰ ਸੇਵਾ ਨਿਭਾਈ। ਲੇਕਿਨ ਸੰਤਾਲੀ ਦੀ ਦੇਸ਼ ਵੰਡ ਪਿਛੋਂ ਉਨ੍ਹਾਂ ਦੀਆਂ ਸੇਵਾਵਾਂ ਭਾਰਤ ਸਰਕਾਰ ਨੂੰ ਰਾਸ ਨਾ ਆਈਆਂ ਤੇ ਆਨੇ-ਬਹਾਨੇ ਉਨ੍ਹਾਂ ਨੂੰ ਆਈ. ਸੀ. ਐਸ਼ ਦੀ ਉਚ ਪਦਵੀ ਤੋਂ ਹਟਾ ਦਿੱਤਾ ਗਿਆ।
ਫਿਰ ਉਨ੍ਹਾਂ ਨੇ ਸਿਆਸਤ ਵਿਚ ਹੱਥ ਅਜ਼ਮਾਏ; ਐਮ. ਐਲ਼ ਏ. ਅਤੇ ਐਮ. ਪੀ. ਬਣੇ। ਉਥੇ ਵੀ ਉਨ੍ਹਾਂ ਦੀ ਦਾਲ ਨਾ ਗਲੀ। ਸਾਡੇ ਸਿਆਸੀ ਗਲਿਆਰਿਆਂ ਵਿਚ ਪੜ੍ਹੇ-ਲਿਖੇ, ਇੱਜਤਦਾਰ ਤੇ ਇਮਾਨਦਾਰ ਬੰਦੇ ਦੀ ਰੱਤੀ ਭਰ ਕਦਰ ਨਹੀਂ ਪੈਂਦੀ। ਉਹ ਘਰੇ ਬੈਠ ਗਏ।
ਇਸ ਬਿਖੜੇ, ਉਖੜੇ ਤੇ ਉਜੜੇ ਜਿਹੇ ਜੀਵਨ ਪੰਧ ਅਤੇ ਚੌਗਿਰਦੇ ਵਿਚ ਵੀ ਉਨ੍ਹਾਂ ਨੇ ਪੜ੍ਹਨ-ਲਿਖਣ ਦਾ ਕਾਰਜ ਜਾਰੀ ਰੱਖਿਆ। ਪੰਜਾਬੀ ਵਿਚ ‘ਪੁੰਦ੍ਰੀਕ’, ‘ਸ਼ਪਤ ਸ਼੍ਰਿੰਗ’, ‘ਬਹੁ ਵਿਸਤਾਰ’ ਅਤੇ ‘ਸਾਚੀ ਸਾਖੀ’ ਪੁਸਤਕਾਂ ਲਿਖੀਆਂ। ਅੰਗਰੇਜ਼ੀ ਵਿਚ ‘ਪ੍ਰਾਸ਼ਰਪ੍ਰਸ਼ਨ’, ‘ਸਿੱਖਇਜ਼ਮ ਐਂਡ ਦੀ ਮੌਡਰਨ ਮੈਨ’ ਅਤੇ ‘ਗੁਰੂ ਅਰਜਨ ਐਂਡ ਹਿਜ਼ ਸੁਖਮਨੀ’ ਕਿਤਾਬਾਂ ਲਿਖੀਆਂ।
ਇਨ੍ਹਾਂ ਤੋਂ ਇਲਾਵਾ ਪੰਜਾਬੀ ਦੇ ‘ਪੰਜ ਦਰਿਆ’ ਰਸਾਲੇ ਵਿਚ ਅਤੇ ਅੰਗਰੇਜ਼ੀ ਦੇ ‘ਸਿੱਖ ਰਿਵਿਊ’ ਜਰਨਲ ਵਿਚ ਉਚ ਪਾਏ ਦੇ ਦਰਜਨਾਂ ਲੇਖ ਲਿਖੇ। ਉਨ੍ਹਾਂ ਦੇ ਦਰਜਨਾਂ ਖੋਜ ਪੱਤਰ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਚੇਚੇ ਛਾਪੇ ਜਾਂਦੇ ਰਹੇ। ‘ਬਿਖ ਮਹਿ ਅੰਮ੍ਰਿਤ’, ‘ਚਹੁੰ ਜੁੱਗਾਂ ਦਾ ਨਿਬੇੜਾ’, ‘ਮਿਰਜ਼ਾ ਸਾਹਿਬਾਂ’, ‘ਸੂਫੀ ਮੱਤ ਦਾ ਨਿਕਾਸ ਤੇ ਵਿਕਾਸ’, ‘ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ’, ‘ਯਾਸਾ ਅਤੇ ਗੁਰੂ ਅਰਜਨ’ ਅਤੇ ‘ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਖੰਡੇ ਨਾਲ ਅੰਮ੍ਰਿਤ’ ਜਿਹੇ ਲੇਖ ਉਨ੍ਹਾਂ ਦੇ ਬੌਧਿਕ ਕੱਦ ਅਤੇ ਸਰੋਕਾਰਾਂ ਦੀ ਗੰਭੀਰਤਾ ਦੇ ਜ਼ਾਮਨ ਹਨ।
ਇਤਿਹਾਸਕ ਮੌਕਿਆਂ ਅਤੇ ਯੂਨੀਵਰਸਿਟੀਆਂ ਦੇ ਵਿਸ਼ੇਸ਼ ਸਮਾਗਮਾਂ ਵਿਚ ਅਕਸਰ ਉਨ੍ਹਾਂ ਦੇ ਲੈਕਚਰ ਕਰਵਾਏ ਜਾਂਦੇ। ਵੱਡੇ ਵੱਡੇ ਕੱਦਾਵਰ ਵਿਦਵਾਨ ਉਨ੍ਹਾਂ ਦੀ ਲਿਆਕਤ ਦਾ ਲੋਹਾ ਮੰਨਦੇ ਸਨ ਤੇ ਉਨ੍ਹਾਂ ਸਾਹਮਣੇ ਬੋਲਣ ਤੋਂ ਝੇਂਪ ਖਾਂਦੇ ਸਨ। ਭਾਈ ਸਾਹਿਬ ਵਿਦਿਆਰਥੀਆਂ ਨੂੰ ਮਿਲ ਕੇ ਬੇਹੱਦ ਖੁਸ਼ ਹੁੰਦੇ ਸਨ। ਇਸ ਰਾਹੀਂ ਸ਼ਾਇਦ ਉਹ ਆਪਣੀ ਅਧਿਆਪਨ ਦੀ ਅਧੂਰੀ ਖਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹੋਣ।
ਉਨ੍ਹਾਂ ਦੀ ਸਿਹਤ ਨਾਸਾਜ਼ ਹੋ ਗਈ ਤੇ ਉਨ੍ਹਾਂ ਦੀ ਦੇਖ-ਰੇਖ ਲਈ ਸਾਰੇ ਸਿੱਖ ਸਮਾਜ ਕੋਲ ਵਿਹਲ ਵੀ ਸੀ ਤੇ ਵਸੀਲੇ ਵੀ ਸਨ; ਜੇ ਨਹੀਂ ਸੀ ਤਾਂ ਸਿਰਫ ਨੀਅਤ ਅਤੇ ਨੇਕ ਨੀਤੀ ਦੀ ਘਾਟ ਸੀ। ਭਾਈ ਸਾਹਿਬ ਨੂੰ ਉਨ੍ਹਾਂ ਦਾ ਛੋਟਾ ਭਾਈ ਗੰਗਾ ਸਿੰਘ ਆ ਕੇ ਆਪਣੇ ਪਿੰਡ ਜਗਰਾਵੀਂ ਲੈ ਗਿਆ, ਜਿੱਥੇ ਉਹ ਸੰਤਾਲੀ ‘ਚ ਆ ਕੇ ਬੈਠ ਗਏ ਸਨ। ਭਾਈ ਸਾਹਿਬ ਦਾ ਪਤਾ ‘707/ਯੀ, ਛਹਅਨਦਗਿਅਰਹ’ ਬਦਲ ਕੇ ‘ਤਿੰਨ ਜਾਮਣ, ਖਾਜਾਬਾਜੂ, ਜਗਰਾਵਾਂ’ ਹੋ ਗਿਆ।
ਮੈਂ ਆਪਣੇ ਵਿਦਿਆਰਥੀ ਜੀਵਨ ਵਿਚ ਆਪਣੇ ਅਧਿਆਪਕ ਪ੍ਰੋ. ਹਰਪਾਲ ਸਿੰਘ ਦੀ ਸੰਗਤ ਵਿਚ ਚਾਰ ਵਾਰ ਉਨ੍ਹਾਂ ਦੇ ਦਰਸ਼ਨ ਕਰਨ ਲਈ ਜਗਰਾਵੀਂ ਗਿਆ; ਦੋ ਵਾਰ ਸਿੱਖ ਨੈਸ਼ਨਲ ਕਾਲਜ, ਚਰਨ ਕੰਵਲ ਬੰਗੇ ਤੋਂ ਅਤੇ ਦੋ ਵਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ। ਜਗਰਾਵਾਂ ਦੇ ਅੱਡੇ ਤੋਂ ਟਾਂਗੇ ਵਿਚ ਬੈਠਦਿਆਂ ਇਵੇਂ ਲੱਗਦਾ ਜਿਵੇਂ ਕਿਸੇ ਮਹਾਂ ਯਾਤਰਾ ‘ਤੇ ਨਿਕਲੇ ਹੋਈਏ। ਖਾਜਾਬਾਜੂ ਮਹੱਲੇ ਵਿਚ ‘ਤਿੰਨ ਜਾਮਣ’ ਵਿਖੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ, ਦਿਲਾਂ ਨੂੰ ਰਾਹਤ ਮਿਲਦੀ ਤੇ ਮਸਤਕ ਦੇ ਬੰਦ ਫਾਟਕ ਖੁੱਲ੍ਹਦੇ। ਵਾਪਸੀ ਵੇਲੇ ਉਨ੍ਹਾਂ ਦਾ ਬੋਲਿਆ ਇੱਕ ਇੱਕ ਵਾਕ ਚੇਤੇ ਕਰਦੇ ਤੇ ਉਨ੍ਹਾਂ ਦੇ ਖਸੂਸੀ ਅੰਦਾਜ਼ ਦੀਆਂ ਗੱਲਾਂ ਕਰਕੇ ਵਿਸਮਾਦੀ ਜਿਹਾ ਅਨੰਦ ਲੈਂਦੇ। ਹਮੇਸ਼ਾ ਇੰਜ ਮਹਿਸੂਸ ਹੁੰਦਾ, ਜਿਵੇਂ ਅਸੀਂ ਕੈਂਬ੍ਰਿਜ ਦੀ ਯਾਤਰਾ ਕਰ ਲਈ ਹੋਵੇ। ਦਿਲ ਅਸ਼ ਅਸ਼ ਕਰ ਉਠਦਾ; ਉਤਸ਼ਾਹ ਠਾਠਾਂ ਮਾਰਦਾ।
ਮੈਂ ਅਕਸਰ ਦੇਖਦਾ ਕਿ ਆਸ ਪਾਸ ਦਾ ਸਾਰਾ ਚੌਗਿਰਦਾ ਉਨ੍ਹਾਂ ਦੇ ਹੁਕਮ ਵਿਚ ਵਿਚਰਦਾ ਸੀ। ਮੈਨੂੰ ਯਾਦ ਹੈ, ਇੱਕ ਵਾਰੀ ਉਨ੍ਹਾਂ ਦੇ ਨਜ਼ਦੀਕ ਬੈਠਾ ਘਰੇਲੂ ਕੁੱਤਾ ਗੱਲਬਾਤ ਵਿਚ ਵਿਘਨ ਪਾ ਰਿਹਾ ਸੀ ਕਿ ਉਨ੍ਹਾਂ ਉਸ ਨੂੰ ਰਤਾ ਘੂਰ ਕੇ ਸਿਰਫ ਏਨਾ ਹੀ ਕਿਹਾ, ‘ਗੋ।’ ਅਸੀਂ ਹੈਰਾਨ ਰਹਿ ਗਏ ਕਿ ਕੁੱਤਾ ਬੜੇ ਇਤਮਿਨਾਨ ਨਾਲ ਉਠਿਆ ਤੇ ਚਲਾ ਗਿਆ।
ਉਹ ਠੀਕ ਨਹੀਂ ਸਨ। ਵਿਦਵਾਨ ਲੋਕ ਦੂਰੋਂ ਦੂਰੋਂ ਉਨ੍ਹਾਂ ਦੀ ਖਬਰ-ਸਾਰ ਲੈਣ ਜਾਂ ਵੈਸੇ ਮਿਲਣ-ਗਿਲਣ ਆਉਂਦੇ ਰਹਿੰਦੇ। ਉਹ ਸਭ ਨੂੰ ਖਰੀਆਂ ਖਰੀਆਂ ਸੁਣਾ ਕੇ ਤੋਰ ਦਿੰਦੇ। ਕਿਸੇ ਤਰ੍ਹਾਂ ਦਾ ਲਮ ਲਮੇਟ ਉਨ੍ਹਾਂ ਦੇ ਸੁਭਾ ਦਾ ਹਿੱਸਾ ਨਹੀਂ ਸੀ। ਵੱਡੇ ਵੱਡੇ ਦੌਲਤਮੰਦਾਂ ਅਤੇ ਰਾਜਸੀ ਖਾਹਿਸ਼ਮੰਦਾਂ ਨੂੰ ਉਹ ਪੂਰੀ ਤਰ੍ਹਾਂ ਨਿਰਉਤਸ਼ਾਹਿਤ ਅਤੇ ਨਿਰਉਤਰ ਕਰਕੇ ਤੋਰ ਦਿੰਦੇ। ਆਉਣ ਵਾਲੇ ਦੀ ਮਨਸ਼ਾ ਉਹ ਝੱਟ ਤਾੜ ਲੈਂਦੇ।
ਸਿਰਫ ਕੁਝ ਵਿਦਿਆਰਥੀ ਸਨ, ਜਿਨ੍ਹਾਂ ਨੂੰ ਉਹ ਉਤਸ਼ਾਹਿਤ ਕਰਦੇ ਤੇ ਗਿਆਨ ਸਾਂਝਾ ਕਰਕੇ ਸਕੂਨ ਮਹਿਸੂਸ ਕਰਦੇ। ਵਿਦਿਆਰਥੀਆਂ ਨੂੰ ‘ਮੁੰਡਿਓ’ ਕਹਿਣਾ ਉਨ੍ਹਾਂ ਦਾ ਤਕੀਆ ਕਲਾਮ ਸੀ, ਇਸ ਵਿਚੋਂ ਅੰਤਾਂ ਦੀ ਅਪਣੱਤ ਅਤੇ ਨਿੱਘ ਮਹਿਸੂਸ ਹੁੰਦਾ। ਮੈਂ ਉਨ੍ਹਾਂ ਸਾਹਮਣੇ ਕਦੇ ਕੁਝ ਨਹੀਂ ਸੀ ਬੋਲਿਆ; ਮੇਰਾ ਬੋਲਣਾ ਬਣਦਾ ਵੀ ਨਹੀਂ ਸੀ। ਪ੍ਰੋ. ਹਰਪਾਲ ਸਿੰਘ ਕੋਈ ਗੱਲ ਕਰਦੇ ਤਾਂ ਭਾਈ ਸਾਹਿਬ ਮੈਨੂੰ ਨਿਹਾਰਦੇ ਰਹਿੰਦੇ। ਉਨ੍ਹਾਂ ਦਾ ਨਿਹਾਰਨਾ ਮੇਰੇ ਲਈ ਕਿਸੇ ਨੇਮਤ ਤੋਂ ਘੱਟ ਨਹੀਂ ਸੀ। ਉਹ ਬਾਲਗ ਨਜ਼ਰ, ਮੁਨਫਰਦ ਹਸਤੀ, ਜੁਦਾਗਾਨਾ ਹੈਸੀਅਤ ਤੇ ਬੇਜੋੜ ਕੈਫੀਅਤ। ਵਾਹ! ਵਾਹ! ਇਸ ਨੂੰ ਕਹਿੰਦੇ ਹਨ, “ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।”
ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਮੈਂ ਉਨ੍ਹਾਂ ਨੂੰ ਉਸੇ ਵੱਡੇ ਦਲਾਨ ਵਿਚ ਡੱਠੇ ਪਲੰਘ ‘ਤੇ ਬਿਰਾਜਮਾਨ ਦੇਖ ਸਕਦਾ ਹਾਂ। ਚਿੱਟੀ ਵੱਡੀ ਦਸਤਾਰ, ਚਿੱਟਾ ਦੁੱਧ ਪ੍ਰਕਾਸ਼ ਦਾਹੜਾ, ਚੂੜੀਦਾਰ ਪਜਾਮਾ ਤੇ ਕਲੀਆਂ ਵਾਲਾ ਕੁੜਤਾ। ਕਾਲੇ ਫਰੇਮ ਵਾਲੀ ਵੱਡੀ ਐਨਕ ਤੇ ਵਿਚੋਂ ਦਿਖਦੀਆਂ ਅਤੇ ਦੇਖਦੀਆਂ ਦਾਨਿਸ਼ਵਰਾਨਾ ਅੱਖਾਂ। ਮੱਥੇ ‘ਤੇ ਅਦਿੱਖ ਜਿਹੇ ਬਲਦੇ ਅਲੌਕਿਕ ਚਿਰਾਗ। ਨਾਲ ਨਾਲ ਸੱਜੇ ਹੱਥ ਨੂੰ ਵਾਰ ਵਾਰ ਘੁੱਟਦੇ, ਮੀਚਦੇ ਤੇ ਖੋਲ੍ਹਦੇ। ਖਬਰੇ ਕਸਰਤ ਕਰਦੇ, ਕੁਝ ਸੋਚਦੇ, ਕੁਝ ਰੱਦ ਕਰਦੇ ਤੇ ਕੁਝ ਕਬੂਲਦੇ ਹੋਣ। ਪੈਰੀਂ ਪਈ ਜੁੱਤੀ ਤੋਂ ਉਨ੍ਹਾਂ ਦੇ ਠਾਠ ਬਾਠ ਦਾ ਅੰਦਾਜ਼ਾ ਲੱਗਦਾ। ਉਨ੍ਹਾਂ ਦਾ ਬੋਲ ਜਿਵੇਂ ਸੌ ਗਜ ਰੱਸਾ ਤੇ ਸਿਰੇ ਦੀ ਗੰਢ ਹੋਵੇ; ਜਿਵੇਂ ਇਲਾਹੀ ਇਲਮ ਜਾਂ ਸ਼ਾਹੀ ਫੁਰਮਾਨ ਹੋਵੇ। ਜਿਨ੍ਹਾਂ ਨੇ ਉਹ ਬੋਲ ਸੁਣੇ, ਉਨ੍ਹਾਂ ਨੂੰ ਮੁੜ ਕੋਈ ਹੋਰ ਬੋਲ ਪ੍ਰਭਾਵਤ ਨਾ ਕਰ ਸਕਿਆ। ਸਿਰਦਾਰ ਦੇ ਦਰਸ਼ਨ ਕਿਸੇ ਕਰਾਮਾਤ ਤੋਂ ਘੱਟ ਨਹੀਂ ਸਨ।
ਪਿੱਛੇ ਜਿਹੇ ਕਿਸੇ ਦੋਸਤ ਨੇ ਦੱਸਿਆ ਕਿ ਉਸ ਨੇ ਘਰ ਖਰੀਦਿਆ ਹੈ: ‘707/ਯੀ, ਛਹਅਨਦਗਿਅਰਹ’ ਇਹ ਤਾਂ ਭਾਈ ਸਾਹਿਬ ਦਾ ਘਰ ਸੀ। ਇਹ ਪਤਾ ਤਾਂ ਉਨ੍ਹਾਂ ਦੀਆਂ ਕਈ ਕਿਤਾਬਾਂ ‘ਤੇ ਲਿਖਿਆ ਹੋਇਆ ਹੈ। ਇੱਥੇ ਤਾਂ ਉਨ੍ਹਾਂ ਕੋਲ ਡਾ. ਮੋਹਣ ਸਿੰਘ ਦੀਵਾਨਾ ਜਾਇਆ ਕਰਦੇ ਸਨ; ਡਾ. ਅਤਰ ਸਿੰਘ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੇ ਸਨ। ਯੂਨੀਵਰਸਿਟੀ ਦੇ ਵਿਦਿਆਰਥੀਆ ਲਈ ਇਹ ਪਤਾ ਇੱਕ ਤਰ੍ਹਾਂ ਦੀ ਜ਼ਿਆਰਤਕਦਾ ਜਾਂ ਗਿਆਨ ਦੀ ਦਰਗਾਹ ਸੀ।
ਪਤਾ ਲੱਗਾ ਕਿ ਭਾਈ ਸਾਹਿਬ ਦੇ ਪੁੱਤਰ ਨੇ ਉਹ ਘਰ ਵੇਚ ਦਿੱਤਾ ਹੈ। ਪ੍ਰੋ. ਹਰਪਾਲ ਸਿੰਘ ਆਪਣੇ ਦੋਸਤ ਦੇ ਨਾਲ ਉਥੇ ਗਏ; ਦੇਖਿਆ ਕਿ ਟਿਊਬਾਂ, ਬੱਲਬ ਤੇ ਪੱਖੇ ਸਭ ਉਤਰੇ ਹੋਏ ਸਨ ਤੇ ਕਿਤਾਬਾਂ ਦੇ ਢੇਰ ਕਿਸੇ ਦੀਦਾਵਰ ਦੀ ਉਡੀਕ ਵਿਚ ਖਿੱਲਰੇ ਪਏ ਸਨ। ਭਾਈ ਸਾਹਿਬ ਦੀਆਂ ਬੇਸ਼ਕੀਮਤੀ ਕਿਤਾਬਾਂ ਦਾ ਕੋਈ ਖੈਰਖਾਹ ਨਹੀਂ ਸੀ। ਪ੍ਰੋ. ਹਰਪਾਲ ਸਿੰਘ ਕਾਫੀ ਕਿਤਾਬਾਂ ਚੁਗ ਲਿਆਏ ਤੇ ਉਨ੍ਹਾਂ ਨੇ ਆਪਣੇ ਦੋਸਤਾਂ ਦੀ ਦਿਲਚਸਪੀ ਅਨੁਸਾਰ ਵੰਡ ਦਿੱਤੀਆਂ। ਗਿਆਨ ਦੇ ਇਸ ਪ੍ਰਸ਼ਾਦ ਦਾ ਗੱਫਾ ਮੈਨੂੰ ਵੀ ਨਸੀਬ ਹੋਇਆ। ਕਿਤਾਬਾਂ ਦੇ ਮੂਹਰਲੇ ਪੰਨੇ ‘ਤੇ ਭਾਈ ਸਾਹਿਬ ਦੇ ਕੈਂਬ੍ਰਿਜੀਅਨ ਦਸਤਖਤ ਦੇਖ ਦੇਖ ਰੂਹ ਖਿੜ ਖਿੜ ਜਾਵੇ। ਉਨ੍ਹਾਂ ਦੇ ਲਏ ਹੋਏ ਨੋਟ ਅਤੇ ਲਾਏ ਹੋਏ ਨਿਸ਼ਾਨ ਦੇਖ ਕੇ ਭਾਈ ਸਾਹਿਬ ਦੇ ਰੌਸ਼ਨ ਮਸਤਕ ਦੀ ਟੋਹ ਲੱਗਦੀ ਹੈ। ਹਾਸ਼ੀਏ ‘ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਭਾਈ ਸਾਹਿਬ ਦੇ ਸਿੱਖ ਪ੍ਰੇਮ ਦੀ ਦੱਸ ਪਾਉਂਦੀਆਂ ਹਨ। ਭਰਤਰੀ ਦੇ ਤ੍ਰੈਸ਼ਤਕ ਦੇਖ ਕੇ ਉਨ੍ਹਾਂ ਦੇ ਅੰਦਰ ਪ੍ਰਾਚੀਨ ਭਾਰਤੀ ਸਾਹਿਤ ਦੇ ਲਗਾਓ ਦਾ ਰਹੱਸ ਖੁੱਲ੍ਹਦਾ ਹੈ।
ਪ੍ਰੋ. ਹਰਪਾਲ ਸਿੰਘ ਦਰਵੇਸ਼ਾਨਾ ਅੰਦਾਜ਼ ਵਿਚ ਵਿਚਰਦੇ ਹਨ ਤੇ ਕਦੀ ਕਿਸੇ ਤਰ੍ਹਾਂ ਦੇ ਲੋਭ ਦਾ ਇਜ਼ਹਾਰ ਨਹੀਂ ਕਰਦੇ। ਜੇ ਉਹ ਉਥੋਂ ਕਿਤਾਬਾਂ ਨਾ ਲਿਆਉਂਦੇ ਤਾਂ ਉਹ ਮਲਬੇ ਵਿਚ ਲੱਦ ਹੋ ਜਾਣੀਆਂ ਸਨ; ਜਾਂ ਵੱਧ ਤੋਂ ਵੱਧ ਕਿਸੇ ਰੱਦੀ ਵਾਲੇ ਨੂੰ ਚੁਕਾ ਦਿੱਤੀਆਂ ਜਾਣੀਆਂ ਸਨ। ਪ੍ਰੋ. ਸਾਹਿਬ ਨੇ ਤਾਂ ਉਹ ਕਿਤਾਬਾਂ ਚੁਣ ਚੁਣ ਕੇ ਦੋਸਤਾਂ ਦੇ ਟੇਸਟ ਮੁਤਾਬਕ ਵੰਡ ਦਿੱਤੀਆਂ। ਪਤਾ ਲੱਗਾ ਕਿ ਨ੍ਹੇਰੇ-ਸਵੇਰੇ ਕੋਈ ਹੋਰ ਬੋਰਾ ਲੈ ਕੇ ਕਿਤਾਬਾਂ ਲੈਣ ਆ ਗਿਆ ਤਾਂ ਗਲੀ ਦੀ ਕੁੱਤੀ ਨੇ ਹੀ ਉਸ ਦੀ ਲੱਤ ਉਤੇ ਚੱਕ ਮਾਰ ਕੇ ਭਜਾ ਦਿੱਤਾ।
ਸਿਰਦਾਰ ਕਪੂਰ ਸਿੰਘ ਦਾ ਘਰ ਵਿਕਿਆ ਦੇਖ-ਸੁਣ ਕੇ ਮਨ ਵਿਚ ਅੰਤਾਂ ਦਾ ਉਦਰੇਵਾਂ ਭਰ ਗਿਆ ਕਿ ਸਿੱਖ ਸਮਾਜ ਕਿਸ ਹੱਦ ਤੱਕ ਉਜੜ ਗਿਆ ਹੈ ਕਿ ਆਪਣੇ ਇੱਕ ਬਲਦੇ ਚਿਰਾਗ ਦਾ ਘਰ ਵੀ ਨਾ ਸਾਂਭ ਸਕਿਆ। ਮਨ ਵਿਚ ਸਿੱਖ ਰਈਸਾਂ ‘ਤੇ ਸ਼ਿਕਵਾ ਪੈਦਾ ਹੋਇਆ। ਕਿਸੇ ਜਾਗਦੇ ਸਮਾਜ ਵਿਚ ਅਜਿਹਾ ਵਿਦਵਾਨ ਪੈਦਾ ਹੋਇਆ ਹੁੰਦਾ ਤਾਂ ਉਹ ਘਰ ਦਾਰਸ਼ਨਿਕ ਅਜਾਇਬ ਘਰ ਵਜੋਂ ਵਿਕਸਿਤ ਕਰ ਲਿਆ ਹੁੰਦਾ।
ਇੱਥੇ ਇੱਕ ਦਿਲ ਦੀ ਹੂਕ, ਵੇਦਨਾ ਜਾਂ ਚਾਹਤ ਸਾਂਝੀ ਕਰਦਾ ਹਾਂ ਕਿ ਜੇ ਸਾਡੇ ਸਮਾਜ ਵਿਚ ਭਾਈ ਸਾਹਿਬ ਦੇ ਹਾਣ ਦੇ ਵੀਹ ਕੁ ਬੰਦੇ ਵੀ ਹੋਣ ਤਾਂ ਸਾਡੀ ਕਿਤੇ ਪੁੱਛ ਪ੍ਰਤੀਤ ਹੋ ਸਕਦੀ ਹੈ; ਨਹੀਂ ਤਾਂ ਅਨਪੜ੍ਹ ਗਵਾਰਾਂ ਨੂੰ ਕੋਈ ਕਿਤੇ ਖੜ੍ਹਨ ਤੱਕ ਨਹੀਂ ਦਿੰਦਾ, ਆਦਰ ਮਾਣ ਤਾਂ ਕਿਤੇ ਰਿਹਾ!
ਅੱਜ ਉਨ੍ਹਾਂ ਦੀ ਸ਼ਖਸੀਅਤ ਦੇ ਹੋਰ ਕਿੰਨੇ ਹੀ ਅਨਮੋਲ ਪਹਿਲੂ ਚੇਤੇ ਆਏ, ਜਿਨ੍ਹਾਂ ਨੂੰ ਫੇਰ ਕਿਤੇ ਲਿਖਣ ਅਤੇ ਸਾਂਝਾ ਕਰਨ ਦੇ ਪ੍ਰਣ ਨਾਲ, ਇਸ ਲਿਖਤ ਨੂੰ ਇਥੇ ਹੀ ਵਿਰਾਮ ਦਿੰਦਾ ਹਾਂ। ਆਓ, ਭਾਈ ਸਾਹਿਬ ਸਿਰਦਾਰ ਕਪੂਰ ਸਿੰਘ, ਆਈ. ਸੀ. ਐਸ਼ ਅਤੇ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਨੂੰ ਪੜ੍ਹਨ ਦਾ ਪ੍ਰਣ ਕਰੀਏ।