ਗੁਲਜ਼ਾਰ ਸਿੰਘ ਸੰਧੂ
ਮੈਂ ਪਿਛਲੇ ਹਫਤੇ ਲਾਹੌਰ ਤੋਂ ਪਰਤਿਆਂ ਹਾਂ। 8-10 ਦਿਨ ਲਈ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ ਸੀ। ਨਨਕਾਣਾ ਸਾਹਿਬ ਮੇਰੇ ਲਈ ਨਵਾਂ ਨਹੀਂ ਸੀ। ਮੈਂ 1998 ਦੀ ਵਿਸਾਖੀ ਸਮੇਂ ਦਰਸ਼ਨ ਕਰ ਚੁਕਾ ਸਾਂ। ਨਵੀਂ ਗੱਲ ਇਹ ਕਿ ਇੱਕੀ ਸਾਲਾਂ ਵਿਚ ਗੁਰਦੁਆਰਾ ਜਨਮ ਅਸਥਾਨ ਹੀ ਨਹੀਂ, ਗੁਰਦੁਆਰਾ ਬਾਲ ਲੀਲ੍ਹਾ, ਪੱਟੀ ਸਾਹਿਬ, ਤੰਬੂ ਸਾਹਿਬ ਤੇ ਕਿਆਰਾ ਸਾਹਿਬ ਵੀ ਪਹਿਲਾਂ ਨਾਲੋਂ ਕਿਤੇ ਵਧ ਵਿਕਾਸ ਕਰ ਚੁਕੇ ਹਨ। ਸਾਰੀ ਦਿੱਖ ਬਦਲ ਚੁਕੀ ਹੈ। ਬਾਜ਼ਾਰ ਵਿਚ ਪੂਰੀ ਗਹਿਮਾ ਗਹਿਮੀ ਹੈ। ਫੁੱਟ ਪਾਥ ਉਤੇ ਬੱਚਿਆਂ ਲਈ ਖਿਡੌਣੇ ਤੇ ਵੱਡਿਆਂ ਲਈ ਵੰਨ ਸਵੰਨੀਆਂ ਪੱਖੀਆਂ ਵੇਚਣ ਵਾਲੇ ਬੈਠੇ ਹੁੰਦੇ ਹਨ।
ਬਰਤਾਨੀਆ ਸਰਕਾਰ ਵਲੋਂ ਵਿਛਾਈ ਰੇਲਵੇ ਲਾਈਨ ਦੇ ਆਦਰ ਮਾਣ ਵਿਚ ਕਈ ਤਰ੍ਹਾਂ ਦੇ ਪੰਛੀ ਉਡਾਰੀਆਂ ਭਰਦੇ ਹਨ। ਉਨ੍ਹਾਂ ਦੇ ਖਾਣ ਲਈ ਦਾਣੇ ਤੇ ਹੋਰ ਵਸਤਾਂ ਦਾ ਕੋਈ ਅੰਤ ਨਹੀਂ। ਹਰ ਗੁਰਦੁਆਰੇ ਦੇ ਨਾਂ ਕਈ ਕਈ ਮੁਰੱਬੇ ਜਮੀਨ ਹੈ। ਕੇਵਲ ਗੁਰਦੁਆਰਾ ਜਨਮ ਅਸਥਾਨ ਦੇ ਨਾਂ ਅਠਾਰਾਂ ਹਜ਼ਾਰ ਏਕੜ ਜਮੀਨ ਹੈ। ਹਰ ਕੋਈ ਬਾਬੇ ਨਾਨਕ ਦਾ ਸ਼ਰਧਾਲੂ ਹੈ। ਸਿੱਖ ਸੇਵਾਦਾਰ ਜਮੀਨਾਂ ਦੇ ਮਾਲਕ ਹਨ। ਸਾਡੀ ਸ਼ਾਮ ਦੀ ਚਾਹ ਸਤਿੰਦਰ ਸਿੰਘ ਨਾਂ ਦੇ ਸੇਵਾਦਾਰ ਦੇ ਘਰ ਸੀ, ਜਾ ਕੇ ਵੇਖਿਆ ਉਹ 25 ਏਕੜ ਜਮੀਨ ਦਾ ਮਾਲਕ ਹੈ।
ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ 15-18 ਸਾਲ ਕਰਤਾਰਪੁਰ ਦੇ ਬੰਜਰ ਇਲਾਕੇ ਵਿਚ ਆਪਣੇ ਹੱਥੀਂ ਖੇਤੀ ਕਰਕੇ ਇਸ ਨੂੰ ਆਬਾਦ ਕਰਨ ਵਿਚ ਲਾਏ ਅਤੇ ਲੋਕਾਈ ਨੂੰ ਮਿਹਨਤ ਕਰਕੇ ਖਾਣ ਦਾ ਸਬਕ ਦਿੱਤਾ। ਇਸੇ ਥਾਂ 70 ਸਾਲ ਚਾਰ ਮਹੀਨੇ ਤਿੰਨ ਦਿਨ ਦੀ ਵਧੀਆ ਉਮਰ ਭੋਗ ਕੇ ਜੋਤੀ ਜੋਤਿ ਸਮਾ ਗਏ। ਉਨ੍ਹਾਂ ਦੇ ਅਕਾਲ ਚਲਾਣੇ ਸਮੇਂ ਉਹ ਸਾਰੇ ਧਰਮਾਂ ਵਿਚ ਏਨੇ ਪ੍ਰਵਾਨ ਹੋ ਚੁਕੇ ਸਨ ਕਿ ਹਿੰਦੂ-ਸਿੱਖ ਉਨ੍ਹਾਂ ਦਾ ਸਸਕਾਰ ਕਰਨਾ ਚਾਹੁੰਦੇ ਸਨ ਤੇ ਮੁਸਲਮਾਨ ਉਨ੍ਹਾਂ ਦੀ ਮਜਾਰ ਬਣਾਉਣ ਲਈ ਉਤਾਵਲੇ ਸਨ। ਅੰਤ ਗੁਰੂ ਸਾਹਿਬ ਦੀ ਚਾਦਰ ਦੇ ਦੋ ਟੁਕੜੇ ਕਰਕੇ ਹਿੰਦੂ-ਸਿੱਖਾਂ ਨੇ ਸਸਕਾਰ ਕੀਤਾ ਤੇ ਮੁਸਲਮਾਨਾਂ ਨੇ ਕਬਰ ਬਣਾਈ, ਜਿਸ ਨੂੰ ਰਾਵੀ ਨਦੀ ਹੜ੍ਹਾ ਕੇ ਲੈ ਗਈ। ਅਜੋਕੀ ਮੜ੍ਹੀ ਤੇ ਕਬਰ ਉਸ ਦਾ ਸੰਕੇਤ ਮਾਤਰ ਹੈ।
ਸਨ ਸੰਤਾਲੀ ਦੀ ਦੇਸ਼ ਵੰਡ ਸਮੇਂ ਕਰਤਾਰਪੁਰ ਸਾਹਿਬ ਦਾ ਸਥਾਨ ਭਾਰਤ-ਪਾਕਿਸਤਾਨ ਬਾਰਡਰ ਉਤੇ ਆ ਜਾਣ ਕਾਰਨ ਇਸ ਦੀ ਮਾਨਤਾ ਉਨੀ ਨਾ ਹੋ ਸਕੀ, ਜਿੰਨੀ ਹੋਣੀ ਚਾਹੀਦੀ ਸੀ। ਹੁਣ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦੇ ਯਤਨਾਂ ਨੂੰ ਬੂਰ ਪੈ ਰਿਹਾ ਹੈ। ਸਾਡੇ ਉਥੇ ਪਹੁੰਚਣ ਸਮੇਂ ਦਰਜਨਾਂ ਟਰੱਕ ਤੇ ਬੁਲਡੋਜ਼ਰ ਉਸ ਸਥਾਨ ਨੂੰ ਇਕਸਾਰ ਕਰ ਰਹੇ ਸਨ। ਸਾਰੇ ਚੌਗਿਰਦੇ ਵਿਚ ਗੁਰੂ ਸਾਹਿਬ ਦੇ ਵਾਕ ਲਿਖ ਕੇ ਉਨ੍ਹਾਂ ਦਾ ਉਰਦੂ ਅਨੁਵਾਦ ਗੁਰਮੁਖੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਸਥਾਨਕ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸਾਡੀ ਫੇਰੀ ਵਾਲੀ ਦਿਨ 18 ਫਰਵਰੀ 2019 ਦਾ ਮੁਖ ਵਾਕ ਸੀ,
ਮਿਲ ਸਤਿ ਸੰਗਤ ਗੁਰਾਹਾ॥
ਪੂੰਜੀ ਨਾਲ ਗੁਰਮੁਖਿ ਵੇਸਾਹਾ॥
ਹਰਿ ਰਹਿ ਕਿਰਪਾ ਧਾਰਿ ਮਧੂਸੂਦਨ
ਮਿਲਿ ਸਤਿ ਸੰਗ ਉਮਾਹਾ ਰਾਮ॥
ਪਾਕਿਸਤਾਨ ਵਿਚ ਪੰਜਾ ਸਾਹਿਬ ਦੀ ਮਹੱਤਤਾ ਵੀ ਇਸ ਫੇਰੀ ਸਮੇਂ ਹੀ ਉਜਾਗਰ ਹੋਈ। ਅਸੀਂ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਦੇਹਰਾ ਸਾਹਿਬ ਵਿਚ ਰਹਿ ਰਹੇ ਸਾਂ, ਜਿਥੇ ਆਉਣ-ਜਾਣ ਵਾਲਿਆਂ ਲਈ ਵਾਸ਼ਰੂਮ ਵਾਲੇ ਕਮਰੇ ਹਨ। ਸਾਡੇ ਰਹਿਣ ਸਮੇਂ ਭਾਵਨਾ ਨਾਂ ਦੀ ਇਕ ਮਹਿਲਾ ਆਪਣੇ ਪਤੀ ਬਲਦੇਵ ਸਿੰਘ ਸਮੇਤ ਉਥੇ ਠਹਿਰੀ ਹੋਈ ਸੀ। ਪਤਨੀ ਖੰਨਾ ਮੰਡੀ ਦੀ ਜੰਮਪਲ ਹੈ ਤੇ ਸਵਾਤ (ਫਰੰਟੀਅਰ) ਇਲਾਕੇ ਦੇ ਬਲਦੇਵ ਸਿੰਘ ਨੂੰ ਵਿਆਹੀ ਹੋਈ ਹੈ। ਦੋਹਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਵੀ ਉਨ੍ਹਾਂ ਦੇ ਨਾਲ ਸਨ। ਭਾਵਨਾ ਨੂੰ ਖੰਨਾ ਮੰਡੀ ਗਿਆਂ ਅੱਠ ਸਾਲ ਹੋ ਚੁਕੇ ਸਨ। ਉਨ੍ਹਾਂ ਦੇ ਵੀਜੇ ਲੱਗਣ ਵਿਚ ਕੋਈ ਅੜਚਣ ਸੀ। ਅਸੀਂ ਉਨ੍ਹਾਂ ਨਾਲ ਹਮਦਰਦੀ ਜਤਾਈ ਤਾਂ ਉਹ ਬਿਲਕੁਲ ਨਿਸ਼ਚਿੰਤ ਨਜ਼ਰ ਆਏ। ਪਤੀ-ਪਤਨੀ ਉਤਰ ਵਿਚ ਕੇਵਲ ਦੋ ਹੀ ਸ਼ਬਦ ਬੋਲਦੇ, ‘ਪੰਜੇ ਵਾਲਾ ਕਰਸੀ।’ ਉਹ ਪੰਜੇ ਵਾਲਾ ਗੁਰੂ ਨਾਨਕ ਦੇਵ ਲਈ ਵਰਤਦੇ ਸਨ। ਉਨ੍ਹਾਂ ਦਾ ‘ਪੰਜੇ ਵਾਲੇ’ ਉਤੇ ਉਨਾ ਹੀ ਭਰੋਸਾ ਸੀ, ਜਿੰਨਾ ਪਾਕਿਸਤਾਨ ਦੀ ਮੁਸਲਿਮ ਵੱਸੋਂ ਦਾ ਅੱਲਾਹ ਤਾਅਲਾ ਉਤੇ। ਥੋੜ੍ਹਾ ਵਧ ਹੀ ਹੋਵੇਗਾ, ਘੱਟ ਨਹੀਂ।
ਖਾਲਸਾ ਕਾਲਜ ਪਟਿਆਲਾ ਦੀ ਗਲੋਬਲ ਕਾਨਫਰੰਸ: ਪਿਛਲੇ ਵਰ੍ਹੇ ਤੋਂ ਖਾਲਸਾ ਕਾਲਜ, ਪਟਿਆਲਾ ਨੇ ਹਰ ਸਾਲ ਗਲੋਬਲ ਪੰਜਾਬੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ। 2019 ਵਾਲਾ ਇਕੱਠ 7 ਮਾਰਚ ਨੂੰ ਹੋ ਰਿਹਾ ਹੈ। ਹੋਰਨਾਂ ਪ੍ਰੋਗਰਾਮਾਂ ਤੋਂ ਬਿਨਾ ਇਸ ਵਾਰ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਪੰਜ ਮਹਾਰਥੀਆਂ ਦਾ ਸਨਮਾਨ ਕਰਨਾ ਨਿਸ਼ਚਿਤ ਹੈ। ਸਾਰੇ ਆਪੋ ਆਪਣੇ ਕਸਬ ਦੇ ਧਨੀ ਹਨ। 1. ਪ੍ਰਿੰਸੀਪਲ ਸਰਵਣ ਸਿੰਘ (ਰੇਖਾ ਚਿੱਤਰ), 2. ਗੁਰਭਜਨ ਗਿੱਲ (ਸਾਹਿਤਕ ਪ੍ਰਬੰਧਨ), 3. ਸਤੀਸ਼ ਕੁਮਾਰ ਵਰਮਾ (ਮੰਚ ਸੰਚਾਲਨ), 4. ਵਨੀਤਾ (ਨੈਸ਼ਨਲ ਸਾਹਿਤ ਅਕਾਡਮੀ ਕਨਵੀਨਰ) ਅਤੇ ਡਾ. ਗੁਰਨਾਮ ਸਿੰਘ (ਗਾਇਕੀ)। ਸਭਨਾਂ ਨੂੰ ਮਾਣ ਪੱਤਰ, ਦੁਸ਼ਾਲਾ ਤੇ ਰਾਸ਼ੀ ਭੇਟ ਕੀਤੀ ਜਾਵੇਗੀ। ਮੁਬਾਰਕਾਂ!
ਅੰਤਿਕਾ: ਧਨੀ ਰਾਮ ਚਾਤ੍ਰਿਕ
ਤੁਰਨ ਲੱਗਿਆਂ ਨਾਲ ਨ ਤੁਰੇ ਦੌਲਤ,
ਸਾਰੇ ਭਰੇ ਖਜਾਨੜੇ ਧਰੇ ਰਹਿੰਦੇ।
ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ,
ਸੀਨੇ ਉਨ੍ਹਾਂ ਦੇ ਅੰਦਰੋਂ ਠਰੇ ਰਹਿੰਦੇ।
ਜਿਨ੍ਹਾਂ ਬੀਜਿਆ ਬਦੀ ਦਾ ਬੀਜ ਖੋਟਾ,
ਨਾਗ ਦੁੱਖ ਦੇ ਉਨ੍ਹਾਂ ਨੂੰ ਲੜੇ ਰਹਿੰਦੇ।
ਚਾਤ੍ਰਿਕ ਨੇਕੀਆਂ ਜਿਨ੍ਹਾਂ ਨੇ ਕੀਤੀਆਂ ਨੇ,
ਲੋਕੀਂ ਪੂਜਦੇ ਉਨ੍ਹਾਂ ਦੇ ਥੜ੍ਹੇ ਰਹਿੰਦੇ।