1970-72 ਦੌਰਾਨ ਆਪਣੇ ਹੱਕ ਮੰਗਦੇ ਪ੍ਰੋਫੈਸਰਾਂ ਦਾ ਸੰਘਰਸ਼ ਚੱਲਿਆ ਸੀ, ਜਿਸ ਵਿਚ ਬਹੁਤ ਦੇਰ ਉਨ੍ਹਾਂ ਨੂੰ ਲਾਠੀ ਚਾਰਜ ਤੇ ਪਾਣੀ ਦੀਆਂ ਤੋਪਾਂ ਦੀ ਮਾਰ ਪੈਂਦੀ ਰਹੀ। ਹੁਣ ਓਹੋ ਹਸ਼ਰ ਪੰਜਾਬ ਵਿਚ ਹੱਕ ਮੰਗਦੇ ਅਧਿਆਪਕਾਂ, ਨਰਸਾਂ ਤੇ ਹੋਰ ਮੁਲਾਜਮਾਂ ਨਾਲ ਹੁੰਦਾ ਵੇਖ ਕੇ ਮੇਰੀ ਲਿਖੀ ਪੁਰਾਣੀ ਕਹਾਣੀ ਤਾਜ਼ਾ ਹੋ ਗਈ ਹੈ।
ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ
ਫੋਨ: 408-608-4961
‘ਠੱਕ…ਠੱਕ…ਠੱਕ’ ਦਰਵਾਜੇ ਦੀ ਕੁੰਡੀ ਖੜਕੀ। ਪ੍ਰੋਫੈਸਰ ਕੁਮਾਰ ਨੇ ਉਤੇ ਲਈ ਲੋਈ ‘ਚੋਂ ਸਿਰ ਬਾਹਰ ਕੱਢ ਕੇ ਵੇਖਿਆ।
‘ਠੱਕ…ਠੱਕ…ਠੱਕ’ ਦਰਵਾਜਾ ਫਿਰ ਖੜਕਿਆ।
“ਕੌਣ ਐ ਭਾਈ ਸਵੇਰੇ ਸਵੇਰੇ!”
“ਅਖਬਾਰ!”
“ਤੇ ਸੁੱਟ ਦੇ ਅੰਦਰ ਰੋਜ ਵਾਂਗ।” ਉਹ ਖਿਝ ਕੇ ਬੋਲਿਆ। ਫਿਰ ਕੁਝ ਯਾਦ ਆਉਣ ‘ਤੇ ਅੱਖਾਂ ਮਲਦਾ ਉਠਿਆ ਤੇ ਬਾਹਰਲੇ ਦਰਵਾਜੇ ਤੱਕ ਜਾ ਪਹੁੰਚਾ। ਅਖਬਾਰ ਵਾਲਾ ਸਾਹਮਣੇ ਖੜਾ ਸੀ, ਖੜਾ ਰਿਹਾ, ਸਵੇਰੇ ਸਵੇਰੇ ਨੰਬਰਦਾਰ ਦੇ ਮੱਥੇ ਲੱਗਣ ਵਾਂਗ ਮਨਹੂਸ। ਅਖਬਾਰ ਵਾਲੇ ਦੀਆਂ ਅੱਖਾਂ ਵਿਚੋਂ ਡਰਾਉਣੀ ਵੰਗਾਰ ਨਿਕਲਦੀ ਦਿਸੀ। ਵੰਗਾਰ ਨਹੀਂ, ਉਸ ਦਾ ਆਪਣਾ ਹੱਕ ਹੀ ਤਾਂ ਸੀ। ਪਿਛਲੇ ਕਈ ਮਹੀਨਿਆਂ ਤੋਂ ਅਖਬਾਰ ਦਾ ਬਿੱਲ ਬਕਾਇਆ ਸੀ ਤੇ ਉਹ ਆਪਣਾ ਹੱਕ ਹੀ ਤਾਂ ਮੰਗ ਰਿਹਾ ਸੀ।
“ਅਜੇ ਤਾਂ ਤਨਖਾਹ ਨਹੀਂ ਮਿਲੀ ਸੋਮੇ। ਬੱਸ ਅੱਜ ਕੱਲ੍ਹ ਫੈਸਲਾ ਹੋਣ ਹੀ ਵਾਲਾ ਹੈ। ਹੋ ਸਕਦੈ, ਅੱਜ ਹੀ ਕੱਟੀ-ਕੱਟਾ ਨਿਕਲ ਜਾਏ, ਸਰਕਾਰ ਈ ਭੁੱਖੀ ਨੰਗੀ ਹੋਈ ਪਈ ਏ। ਛੇ ਮਹੀਨੇ ਤੋਂ ਤਨਖਾਹ ਟਰਕਾਈ ਜਾ ਰਹੇ ਨੇ।” ਕੁਮਾਰ ਦਾ ਤਰਲੇ ਭਰਿਆ ਲੰਮਾ ਹਉਕਾ ਸੋਮੇ ਨੂੰ ਵੀ ਝੰਜੋੜ ਗਿਆ। ਉਸ ਨੂੰ ਪੂਰੀ ਉਮੀਦ ਸੀ ਪਈ ਇੱਧਰੋਂ ਅੱਜ ਕੁਝ ਨਾ ਕੁਝ ਜ਼ਰੂਰ ਮਿਲੇਗਾ। ਉਹ ਨਿਰਾਸ਼ਾ ਦੇ ਘੁੱਟ ਭਰ ਚੁਪ ਚੁਪੀਤਾ ਅਗਲੇ ਦਰਵਾਜੇ ਵੱਲ ਤੁਰ ਗਿਆ।
ਪ੍ਰੋਫੈਸਰ ਸਾਹਿਬ ਦਾ ਮਨ ਤਰਸ ਨਾਲ ਪਿਘਲ ਉਠਿਆ ਤੇ ਸੋਮੇ ‘ਤੇ ਬਹੁਤ ਤਰਸ ਆਇਆ, ਉਸ ਦਾ ਕੀ ਕਸੂਰ! ਤਨਖਾਹ ਸਾਨੂੰ ਨਹੀਂ ਮਿਲੀ ਤੇ ਭੁਗਤੇ ਵਿਚਾਰਾ ਸੋਮਾ! ਇਕੱਲਾ ਸੋਮਾ ਹੀ ਨਹੀਂ, ਹੁਣੇ ਹੁਣੇ ਦੁੱਧ ਵਾਲਾ ਵੀ ਆਉਣ ਵਾਲਾ ਹੈ, ਬਾਣੀਆ ਵੀ ਆ ਧਮਕੇਗਾ। ਸਭ ਨੂੰ ਪਤਾ ਹੈ ਕਿ ਪਹਿਲੇ ਹਫਤੇ ਸਭ ਮੁਲਾਜ਼ਮਾਂ ਨੂੰ ਤਨਖਾਹ ਮਿਲ ਜਾਂਦੀ ਐ, ਪਰ ਉਨ੍ਹਾਂ ਨੂੰ ਕੀ ਪਤਾ, ਦੇਸ਼ ਦੀ ਪਨੀਰੀ ਸਿੰਜਣ ਵਾਲੇ ਤੇ ਨੇਪਰੇ ਚਾੜ੍ਹਨ ਵਾਲੇ ਅਧਿਆਪਕ ਅੱਜ ਆਪ ਢਿੱਡੋਂ ਭੁੱਖੇ ਨੇ। ਅਸੀਂ ਇਹ ਵੀ ਨਹੀਂ ਕਹਿ ਸਕਦੇ, ‘ਭੁਖੇ ਭਗਤ ਨਾ ਕੀਚੈ, ਇਹ ਮਾਲਾ ਆਪਣੀ ਲੀਜੇ।’ ਹਾਂ, ਇਹ ਜ਼ਰੂਰ ਹੈ ਕਿ ਜੇ ਮਿਹਨਤ ਦਾ ਇਵਜ਼ਾਨਾ ਸੁਲ੍ਹਾ ਸਫਾਈ ਨਾਲ ਨਹੀਂ ਮਿਲਦਾ ਤਾਂ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਹੀ ਪੈਂਦਾ ਹੈ।
ਕੀ ਬਣੂੰ ਇਸ ਦੇਸ਼ ਦਾ? ਕੀ ਬਣੂੰ ਇਸ ਸਮਾਜ ਦਾ? ਜਿੱਥੇ ਹੱਕ, ਸੱਚ ਤੇ ਇਨਸਾਫ ਲਈ ਪਿੰਡੇ ‘ਤੇ ਲੋਹੇ ਦੇ ਸੰਗਲ ਖਾਣੇ ਪੈਂਦੇ ਨੇ, ਜੇਲ੍ਹ ਜਾਣਾ ਪੈਂਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, ‘ਸਾਡੇ ਦੇਸ਼ ਦਾ ਬੱਚਾ ਚੰਗਾ ਖਿਡਾਰੀ ਨਹੀਂ ਬਣ ਸਕਦਾ, ਜਿਸ ਦਾ ਢਿੱਡ ਵੀ ਭੁਖਾ ਹੈ ਤੇ ਕੱਛਾ ਵੀ ਪਾਟਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਬੱਚਿਆਂ ਦੇ ਭਵਿੱਖ ਘੜਨ ਵਾਲੇ ਵਿਚਲ ਜਾਣ ਤਾਂ ਸਾਰੀ ਸਰਕਾਰ ਠਹਿਚਲ ਜਾਵੇਗੀ।’
ਅਖਬਾਰ ਦੀਆਂ ਸੁਰਖੀਆਂ ਪੜ੍ਹਦਿਆਂ ਉਸ ਦੀ ਨਜ਼ਰ ਰਾਸ਼ੀਫਲ ਵਾਲੇ ਕਾਲਮ ‘ਤੇ ਟਿਕ ਗਈ। ‘ਸਿਤਾਰਾ ਉਤਮ, ਕਾਰੋਬਾਰ ਬਿਹਤਰ, ਸਮਾਜਕ ਰੁਤਬਾ ਉਚਾ, ਸਾਰੇ ਵਿਗੜੇ ਕੰਮ ਰਾਸ ਆਉਣਗੇ…ਜਿੱਧਰ ਜਾਓ ਫਤਿਹ ਪਾਓ।’ ਉਸ ਦਾ ਚਿਹਰਾ ਉਤਸ਼ਾਹ ਨਾਲ ਚਮਕ ਉਠਿਆ।
ਅੱਜ ਸਾਰੇ ਕਾਲਜਾਂ ਦੇ ਟੀਚਰਾਂ ਨੇ ਰਾਜਧਾਨੀ ਜਾਣਾ ਸੀ, ਰੈਲੀ ਕਰਨੀ ਸੀ, ਆਪਣੀਆਂ ਗਰਾਂਟਾਂ ਰਿਲੀਜ਼ ਕਰਾਉਣ ਲਈ। ਉਹ ਛੇਤੀ ਛੇਤੀ ਤਿਆਰ ਹੋ ਕੇ ਛਾਹ ਵੇਲਾ ਖਾਧੇ ਬਿਨਾ ਹੀ ਬਾਹਰ ਨਿਕਲ ਗਿਆ। ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਇਕ ਬਿੱਲੀ ਦੌੜੀ ਦੌੜੀ ਆਈ ਤੇ ਉਸ ਦੇ ਪੈਰਾਂ ਵਿਚ ਆ ਕੇ ਬੈਠ ਗਈ। ਉਸ ਦਾ ਸਾਰਾ ਵਜੂਦ ਕੰਬ ਗਿਆ। ਬਿੱਲੀ ਕੰਬ ਰਹੀ ਸੀ।
‘ਹਰੇ ਰਾਮ! ਇਹ ਕੀ ਬਦਸ਼ਗਨੀ?’ ਉਹ ਸੋਚਣ ਲੱਗਾ। ਜੇ ਬਿੱਲੀ ਰਸਤਾ ਕੱਟ ਜਾਏ ਤਾਂ ਅਨਰਥ ਹੁੰਦਾ ਹੈ, ਅਣਹੋਣੀ ਵਰਤਦੀ ਹੈ, ਨੁਕਸਾਨ ਹੁੰਦਾ ਹੈ, ਪਰ ਇਹ ਤਾਂ ਮੇਰੇ ਪੈਰਾਂ ਥੱਲੇ ਹੀ ਆ ਕੇ ਅੜ ਗਈ! ਉਸ ਨੇ ਭੁੜਕ ਕੇ ਠੁੱਡਾ ਮਾਰ ਕੇ ਬਿੱਲੀ ਪਰਾਂ ਸੁੱਟ ਮਾਰੀ।
ਜੀਭਿਆਣੀ ਬਿੱਲੀ! ਰਹਿਮ ਮੰਗਦੀ ਬਿੱਲੀ। ਉਸ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਵੱਡੇ ਕੁੱਤਿਆਂ ਨੇ ਲੀਰੋ ਲੀਰ ਕਰ ਦਿੱਤੀ। ਪਲ ਦੀ ਪਲ ਉਸ ਨੂੰ ਜਾਪਿਆ, ਬਿੱਲੀ ਨਹੀਂ, ਉਸ ਦੀ ਆਪਣੀ ਮਾਨਸਿਕਤਾ ਲੀਰੋ ਲੀਰ ਹੋਈ ਹੈ। ਉਸ ਨੇ ਆਪਣੇ ਆਪ ਨੂੰ ਬੜਾ ਵੱਡਾ ਗੁਨਾਹਗਾਰ ਸਮਝਿਆ। ‘ਬੜਾ ਪਾਪ ਹੋਇਆ ਮੈਥੋਂ। ਚਲੋ ਕੋਈ ਗੱਲ ਨਹੀਂ, ਪਤਾ ਨਹੀਂ ਕੀ ਬਲਾ ਸੀ, ਕੀ ਅਣਹੋਣੀ ਕਰਨੀ ਸੀ ਇਸ ਨੇ!’ ਉਸ ਨੇ ਆਪਣੀ ਅੰਤਰ ਆਤਮਾ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ।
ਰਾਸ਼ੀਫਲ ਦੀਆਂ ਸਤਰਾਂ ਵਾਰ ਵਾਰ ਉਸ ਦੇ ਢਹਿੰਦੇ ਮਨ ਨੂੰ ਸਹਾਰਾ ਦੇ ਰਹੀਆਂ ਸਨ। ਉਸ ਦਾ ਬੌਸ ਉਸ ਨਾਲ ਨਾਰਾਜ਼ ਰਹਿੰਦਾ ਸੀ, ਪ੍ਰਧਾਨ ਉਸ ਤੋਂ ਨਾ ਖੁਸ਼ ਸੀ। ਅੱਜ ਪਹਿਲਾਂ ਜਾ ਕੇ ਉਹ ਦੋਹਾਂ ਨੂੰ ਮਿਲੇਗਾ। ਸਭ ਗਿਲੇ ਸ਼ਿਕਵੇ ਦੂਰ ਕਰੇਗਾ, ਪੈਂਤੜੇਬਾਜ਼ੀ ਮਾਰੇਗਾ ਤੇ ਰਾਸ਼ੀਫਲ ਦੇ ਮਹਾਤਮ ਨੂੰ ਸਫਲਤਾ ਦੀ ਪੌੜੀ ਚੜ੍ਹਦਾ ਦੇਖੇਗਾ।
ਅੱਡੇ ਤੱਕ ਪਹੁੰਚਦਿਆਂ ਉਹ ਮੁੜ੍ਹਕੋ ਮੁੜਕੀ ਹੋ ਗਿਆ। ਬੋਟੀ ਬੋਟੀ ਤੁੜਾਉਂਦੀ ਬਿੱਲੀ ਦੀ ਕੁਰਲਾਹਟ ਉਸ ਨੂੰ ਅਸਮਾਨੋਂ ਲੱਥੇ ਸਰਾਪ ਵਾਂਗ ਰੜਕ ਰਹੀ ਸੀ। ਇਕ ਮਾਸੂਮ ਬਿੱਲੀ ਨੂੰ ਜਾਬਰ ਕੁੱਤਿਆਂ ਤੋਂ ਨਾ ਬਚਾਅ ਸਕਿਆ, ਲਾਹਨਤ ਹੈ ਅਜਿਹੇ ਮਾਣਸ ‘ਤੇ। ਅੱਡੇ ਦੇ ਇਕ ਪਾਸੇ ਸੜਕ ‘ਤੇ ਕੁਝ ਜ਼ਿਆਦਾ ਹੀ ਭੀੜ ਸੀ। ਲੋਕ ਉਧਰ ਆ-ਜਾ ਰਹੇ ਸਨ, ਜਿਵੇਂ ਕੋਈ ਭਿਆਨਕ ਹਾਦਸਾ ਹੋ ਗਿਆ ਹੋਵੇ।
“ਕੀ ਹੋਇਐ ਇੱਧਰ?” ਪ੍ਰੋਫੈਸਰ ਨੇ ਹੈਰਾਨੀ ਨਾਲ ਪੁਛਿਆ।
“ਬਾਬੇ ਪ੍ਰਗਟ ਹੋਏ ਨੇ ਇੱਥੇ ਪ੍ਰੋਫੈਸਰ ਸਾਹਿਬ! ਸ਼ੇਸ਼ ਨਾਗ ਦੀ ਜਨਮ ਭੂਮੀ ਉਜਾਗਰ ਹੋਈ ਹੈ ਇੱਥੇ।” ਹੱਸਦਿਆਂ ਰੁਲੀਏ ਅਮਲੀ ਨੇ ਉਧਰ ਇਸ਼ਾਰਾ ਕੀਤਾ।
“ਜਾਓ ਤੁਸੀਂ ਵੀ ਜਾ ਕੇ ਮੱਥਾ ਟੇਕ ਲਓ, ਦਿਲੀ ਮੁਰਾਦਾਂ ਪੂਰੀਆਂ ਕਰਦੇ ਨੇ ਬਾਬੇ।” ਕਿਸੇ ਹੋਰ ਸ਼ਰਧਾਲੂ ਦੀ ਸਿਫਾਰਸ਼ ਸੀ।
ਉਹ ਝਕਦਾ ਝਕਦਾ ਅੱਗੇ ਹੋਇਆ। ਸੱਚੀਂ ਮੁੱਚੀਂ ਕਈ ਤਰ੍ਹਾਂ ਦੇ ਸੱਪ, ਸਪੋਲੀਏ, ਸਪੂੰਡੇ, ਗਡੋਇਆਂ ਵਾਂਗ ਇਕੱਠੇ ਹੋਏ ਇਕ ਦੂਸਰੇ ਦੇ ਥੱਲੇ ਵੜ ਕੇ ਠੰਢ ਤੋਂ ਬਚਣ ਦਾ ਉਪਰਾਲਾ ਕਰ ਰਹੇ ਸਨ। ਲਾਗੇ ਮੱਥੇ ‘ਤੇ ਤਿਲਕ ਲਾਈ ਇਕ ਅਖੌਤੀ ਪੁਜਾਰੀ ਇਕ ਕੁੱਪੇ ਵਿਚ ਧੂਫ ਧੁਖਾ ਕੇ ਉਨ੍ਹਾਂ ਨੂੰ ਧੂਫ ਦਾ ਸੇਕ ਦੇ ਰਿਹਾ ਸੀ।
“ਆ ਜਾ ਭਗਤਾ ਤੂੰ ਵੀ ਆ ਜਾ, ਮੰਗ ਲੈ ਜੋ ਮੰਗਣਾ।” ਤਿਲਕਧਾਰੀ ਨੇ ਕਾਸਾ ਅੱਗੇ ਕੀਤਾ।
“ਨਾ ਬਾਬਾ ਨਾ, ਸੱਪ! ਹਾਂ ਸੱਪ ਤਾਂ ਸੱਪ ਹੀ ਹੁੰਦਾ ਹੈ। ਮੈਂ ਪੂਜਾਂ, ਮੱਥਾ ਟੇਕਾਂ? ਕੀ ਪਤਾ ਕਦੋਂ ਡੰਗ ਮਾਰ ਸੁੱਟੇ। ਤੌਬਾ ਤੌਬਾ, ਮੈ ਨਾਗ ਦੇਵਤਾ ਦੀ ਹਦੂਦ ਵਿਚ ਦਖਲ ਨਹੀਂ ਦੇਣਾ ਚਾਹੁੰਦਾ।” ਉਹ ਆਪਣਾ ਆਪ ਬਚਾਉਂਦਾ ਬੱਸ ‘ਤੇ ਜਾ ਚੜ੍ਹਿਆ।
ਕਾਲਜ ਦੇ ਗੇਟ ਤੱਕ ਪਹੁੰਚਦਿਆਂ ਉਸ ਨੇ ਵੇਖਿਆ, ਘਰੋਂ ਸਵਖਤੇ ਤੁਰ ਕੇ ਵੀ ਉਹ ਫਿਰ ਅੱਧਾ ਘੰਟਾ ਲੇਟ ਹੋ ਗਿਆ ਸੀ। ਉਸ ਦੇ ਮੱਥੇ ‘ਤੇ ਪਸੀਨਾ ਆ ਗਿਆ, ਅੱਜ ਕੀ ਬਹਾਨਾ ਲਾਊ? ਹਾਂ ਕਹਿ ਦਊਂ, ਸਕੂਟਰ ਪੈਂਚਰ ਹੋ ਗਿਆ। ਫਿਰ ਬੱਸ ਲਈ, ਸਾਲੀ ਬੱਸ ਵੀ ਪੈਂਚਰ ਹੋ ਗਈ ਜਾਂ ਕਹਿ ਦਊਂ ਹਾਦਸਾ ਹੁੰਦਾ ਮਸਾਂ ਟਲਿਆ। ਹਾਜ਼ਰੀ ਰਜਿਸਟਰ ਵੱਲ ਵਧਿਆ।
“ਸਾਹਿਬ ਦੇ ਅੰਦਰ…।” ਕਲਰਕ ਨੇ ਮੁਸਕਰਾ ਕੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ। ਪਰਦਾ ਚੁੱਕ ਕੇ ਅੰਦਰ ਗਿਆ। ਮੀਟਿੰਗ ਚੱਲ ਰਹੀ ਸੀ। ਉਹ ਚੁਪ ਚੁਪੀਤੇ ਪਿੱਛੇ ਬੈਠ ਗਿਆ। ਪ੍ਰੋਫੈਸਰ ਲਾਮਾ ਸਪੀਚ ਦੇ ਰਿਹਾ ਸੀ। ਰਾਜਧਾਨੀ ਦੀ ਰੈਲੀ ਬਾਰੇ, ਸਰਕਾਰ ਦੀ ਟਰਕਾਊ ਨੀਤੀ ਬਾਰੇ, ਜਾਦੂ ਟੂਣੇ ਵਹਿਮਾਂ-ਭਰਮਾਂ ਬਾਰੇ। ਤੇ ਫਿਰ…
“ਮੈਂ ਪ੍ਰੋਫੈਸਰ ਕੁਮਾਰ ਦਾ ਨਾਂ ਤਜਵੀਜ਼ ਕਰਦਾ ਹਾਂ ਕਿ ਉਹ ਅੱਜ ਦੀ ਸਾਰੀ ਮੁਹਿੰਮ ਦੀ ਅਗਵਾਈ ਕਰਨ।” ਸਾਰੀਆਂ ਧੌਣਾਂ ਪਿੱਛੇ ਮੁੜੀਆਂ।
“ਮੈਂ ਤਾਈਦ ਕਰਦਾ ਹਾਂ।” ਪ੍ਰਿੰਸੀਪਲ ਦੀ ਆਵਾਜ਼ ਆਈ। ਤਾੜੀਆਂ ਦੀ ਗੜਗੜਾਹਟ ਸੁਣ ਕੇ ਪ੍ਰੋਫੈਸਰ ਕੁਮਾਰ ਦੀ ਛਾਤੀ ਫੁਲ ਗਈ। ਉਸ ਨੂੰ ਰਾਸ਼ੀਫਲ ਦੇ ਹਰਫ ਸੱਚੋ ਸੱਚ ਚਮਕਦੇ ਨਜ਼ਰ ਆਉਣ ਲੱਗੇ। ਉਹ ਉਠ ਕੇ ਸਟੇਜ ਵੱਲ ਵਧਿਆ। ਤਾੜੀਆਂ ਨੇ ਫਿਰ ਉਸ ਦਾ ਸਵਾਗਤ ਕੀਤਾ। ਹੱਥ ਜੋੜ ਕੇ ਸਿਰ ਨਿਵਾ ਕੇ ਉਸ ਨੇ ਤਾੜੀਆਂ ਦਾ ਹੁੰਗਾਰਾ ਭਰਿਆ ਤੇ ਸਭ ਦਾ ਧੰਨਵਾਦ ਕੀਤਾ। ਉਸ ਨੇ ਪ੍ਰਿੰਸੀਪਲ ਤੇ ਪ੍ਰਧਾਨ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ, ਜਿਨ੍ਹਾਂ ਉਸ ਨਿਗੂਣੇ ਜਿਹੇ ਨੂੰ ਇਸ ਵੱਡੀ ਮੁਹਿੰਮ ਦਾ ਮੋਢੀ ਬਣਾਇਆ। ਉਸ ਦੇ ਸਾਹਮਣੇ ਉਸ ਦੇ ਆਪਣੇ ਹੀ ਨਹੀਂ, ਹੋਰਾਂ ਕਾਲਜਾਂ ਦੇ ਨੁਮਾਇੰਦੇ ਵੀ ਆਏ ਬੈਠੇ ਸਨ।
“ਸਾਥੀਓ! ਪ੍ਰੋਫੈਸਰ ਲਾਮਾ ਸਾਹਿਬ ਭੁੱਲ ਗਏ ਨੇ ਕਿ ਜਿੰਨਾ ਚਿਰ ਇਹ ਪੇਟ ਭੁੱਖਾ ਹੈ, ਜਿੰਨਾ ਚਿਰ ਇਸ ਭੱਠੀ ਵਿਚ ਬਾਲਣ ਨਹੀਂ ਪੈਂਦਾ, ਉਤਨੀ ਦੇਰ ਹੋਰ ਸੁਪਨੇ ਲੈਣੇ ਬੇਕਾਰ ਹਨ। ਭੁੱਖੇ ਢਿੱਡ ਤੁਸੀਂ ਸਰਕਾਰ ਨਾਲ ਜਾਂ ਭੂਤਾਂ ਚੁੜੇਲਾਂ ਨਾਲ ਤਾਂ ਕੀ, ਆਪਣੀ ਆਤਮਾ ਨਾਲ ਵੀ ਨਹੀਂ ਲੜ ਸਕਦੇ।”
“ਬਿਲਕੁਲ ਠੀਕ!” ਫਿਰ ਤਾੜੀਆਂ!
“ਛੇ ਮਹੀਨੇ ਜਿਸ ਮੁਲਾਜ਼ਮ ਨੂੰ ਤਨਖਾਹ ਨਾ ਮਿਲੇ, ਉਹ ਕੰਮ ਕੀ ਕਰੇਗਾ? ਛੇ ਮਹੀਨੇ ਜਿਸ ਪ੍ਰੋਫੈਸਰ ਨੂੰ ਰੋਟੀ ਨਾ ਮਿਲੇ, ਤਨਖਾਹ ਨਾ ਮਿਲੇ, ਜਿਸ ਦੇ ਬੱਚੇ ਰੋਟੀ ਕਪੜੇ ਤੋਂ ਊਣੇ ਹੋਣ, ਉਹ ਹੋਰਾਂ ਬੱਚਿਆਂ ਨੂੰ ਕੀ ਪੜ੍ਹਾਊ? ਕੀ ਸਿਖਾਊ?” ਪ੍ਰੋਫੈਸਰ ਕੁਮਾਰ ਨੇ ਜੁਝਾਰੂ ਰੰਗ ਭਰ ਕੇ ਮਾਹੌਲ ਬਦਲ ਦਿੱਤਾ।
“ਕਿਸੇ ਮਾਲਕ ਨੇ ਆਪਣੇ ਬੱਚੇ ਪਾਲਣ ਲਈ ਤੇ ਖਿਡਾਉਣ-ਪੜ੍ਹਾਉਣ ਲਈ ਨੌਕਰ ਰੱਖਿਆ, ਉਸ ਦੇ ਹੱਥੀਂ ਬੱਚਿਆਂ ਨੂੰ ਚੰਗਾ ਚੋਖਾ ਖਾਣ ਨੂੰ ਮਿਲਦਾ ਪਰ ਉਸ ਨੂੰ ਬਚੀ-ਖੁਚੀ ਬਹੀ ਵਾਧੂ ਘਾਟੂ ਖੁਰਾਕ ਨਸੀਬ ਹੁੰਦੀ। ਨੌਕਰ ਇਕ ਦਿਨ ਤੰਗ ਆ ਕੇ ਬੱਚਿਆਂ ਨੂੰ ਬਾਹਰ ਲੈ ਗਿਆ ਤੇ ਕੀੜਿਆਂ ਦੇ ਭੌਣ ‘ਤੇ ਬਿਠਾ ਦਿਤਾ। ਕੀੜੇ ਲੜਨ ਲੱਗੇ, ਬੱਚੇ ਚੀਕਾਂ ਮਾਰਨ ਲੱਗੇ। ਜਦ ਚੰਗੀ ਝੁੱਟੀ ਲੱਗ ਗਈ ਤਾਂ ਚੁੱਕ ਕੇ ਬੱਚੇ ਪਾਸੇ ਕਰ ਕਹਿਣ ਲੱਗਾ, ‘ਵੇਖਿਆ ਬੱਚਿਓ! ਕਿੰਨੇ ਚੰਗੇ ਸੀ ਇਹ ਕਾਢੇ? ਇਨ੍ਹਾਂ ਦੀ ਰਾਣੀ ਕਹਿੰਦੀ ਸੀ, ਅੱਗੇ ਤੋਂ ਜੋ ਖਾਣਾ ਬੱਚੇ ਖਾਣਗੇ, ਜੇ ਉਹੀ ਖਾਣਾ ਨੌਕਰ ਖਾਏਗਾ ਤਾਂ ਇਹ ਕੀੜੇ ਨਹੀਂ ਲੜਨਗੇ।’ ਬੱਚਿਆਂ ਨੇ ਉਹੀ ਸੁਨੇਹਾ ਘਰ ਜਾ ਕੇ ਦੇ ਦਿੱਤਾ। ਬੱਚਿਆਂ ਦੇ ਥਾਂ ਥਾਂ ਤੋਂ ਚਰੂੰਡੇ ਸਰੀਰਾਂ ਨੇ ਮਾਲਕ ਨੂੰ ਜਗਾਇਆ। ਉਨ੍ਹਾਂ ਦੀ ਹੋਸ਼ ਪਰਤੀ। ਉਨ੍ਹਾਂ ਸੱਚ ਮੁਚ ਹੀ ਆਪਣੀ ਗਲਤੀ ਮਹਿਸੂਸ ਕਰ ਕੇ ਨੌਕਰ ਨੂੰ ਵੀ ਸਾਵਾਂ ਚੰਗੇਰਾ ਖਾਣਾ ਦੇਣਾ ਸ਼ੁਰੂ ਕਰ ਦਿੱਤਾ।”
“ਅਸੀਂ ਕੀਹਨੂੰ ਰੱਖੀਏ ਭੌਣ ‘ਤੇ?” ਸਰੋਤਿਆਂ ‘ਚੋਂ ਆਵਾਜ਼ ਆਈ।
“ਸਾਨੂੰ ਭੌਣ ‘ਤੇ ਰੱਖਣ ਦੀ ਲੋੜ ਨਹੀਂ, ਸਾਨੂੰ ਧੌਣ ‘ਤੇ ਲੱਤ ਰੱਖਣ ਦੀ ਲੋੜ ਹੈ। ਇਹ ਕੰਮ ਸਖਤ ਹੱਥਾਂ ਨਾਲ ਕਰਨਾ ਪੈਣਾ ਹੈ। ਗਲ ਵਿਚ ਢੋਲ ਪਾ ਕੇ ਵਜਾਉਣਾ ਪੈਣਾ ਹੈ ਤਾਂ ਜੋ ਸੁੱਤਾ ਕੁੰਭਕਰਨ ਜਾਗੇ। ਸਾਨੂੰ ਆਪਣੇ ਹੱਕ ਦੇ ਨਾਲ ਫਰਜ਼ ਦੀ ਵੀ ਉਤਨੀ ਹੀ ਰਾਖੀ ਕਰਨੀ ਚਾਹੀਦੀ ਹੈ। ਅਸੀਂ ਵਿਦਿਆ ਨੂੰ ਵਪਾਰ ਨਹੀਂ, ਪਰਉਪਕਾਰ ਸਮਝਦੇ ਹਾਂ। ਟੀਚਰ ਟੀਚਰ ਹੀ ਰਹਿਣੇ ਚਾਹੀਦੇ ਨੇ। ਵਿਦਿਆ ਦਾ ਵਪਾਰੀਕਰਨ ਮਨੁੱਖਤਾ ਦੀ ਪਿੱਠ ਵਿਚ ਛੁਰਾ ਮਾਰਨਾ ਹੈ। ਅਸੀਂ ਪਹਿਲਾਂ ਹੀ ਭੁਖੇ ਹਾਂ, ਭੁਖ ਸਹਿਣ ਦੇ ਆਦੀ ਹੋ ਗਏ ਹਾਂ, ਕੀ ਅਸੀਂ ਦਸ ਦਿਨ ਹੋਰ ਭੁਖ ਹੜਤਾਲ ਨਹੀਂ ਕਰ ਸਕਦੇ!”
“ਕਰ ਸਕਦੇ ਹਾਂ…ਹਾਂ…ਕਰੋ…ਸ਼ਾਂਤਮਈ ਮਾਰਚ! ਭੁਖ ਹੜਤਾਲ।” ਸਰੋਤਿਆਂ ਦੀਆਂ ਆਵਾਜ਼ਾਂ।
“ਕਿੱਥੇ ਫਿਰ ਰਹੇ ਹੋ, ਭਲਿਓ ਲੋਕੋ! ਇਸ ਅਰਾਜਕਤਾ ਵਿਚ ਇਨਸਾਫ ਲੱਭਦੇ ਓ! ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਤੁਸੀਂ ਉਨ੍ਹਾਂ ਤੋਂ ਵੱਧ ਤਨਖਾਹਾਂ ਦੀ ਉਮੀਦ ਕਰਦੇ ਹੋ? ਰਾਸ਼ਟਰੀਅਤਾ ਦੇ ਨਾਂ ਥੱਲੇ ਉਨ੍ਹਾਂ ਦੀਆਂ ਮੜ੍ਹੀਆਂ ‘ਤੇ ਦੀਵੇ ਜਗਾਉਂਦੇ ਹੋ! ਉਹ ਤੁਹਾਡੇ ਲਈ ਟੋਏ ਪੁੱਟ ਰਹੇ ਨੇ। ਕਹਿੰਦੇ ਨੇ, ਡਰਾਈਵਰ ਭੁੱਖੇ ਰਹਿਣ ਤਾਂ ਐਕਟਿਵ ਰਹਿੰਦੇ ਨੇ ਤੇ ਜੇ ਰੱਜ ਕੇ ਸਟੇਅਰਿੰਗ ‘ਤੇ ਬੈਠ ਜਾਣ ਤਾਂ ਐਕਸੀਡੈਂਟ ਕਰ ਮਾਰਦੇ ਨੇ। ਅਧਿਆਪਕ ਭੁਖੇ ਹੀ ਚੰਗੇ, ਰੱਜ ਗਏ ਤਾਂ ਸੌਂ ਜਾਣਗੇ, ਸੌਂ ਗਏ ਤਾਂ ਦੇਸ਼ ਦੇ ਭਵਿਖ ਦਾ ਕੀ ਬਣੂੰ!” ਇਕ ਫੱਕਰ ਕਿਸਮ ਦਾ ਪ੍ਰੋਫੈਸਰ ਸਟੇਜ ‘ਤੇ ਚੜ੍ਹ ਬੈਠਾ।
“ਵਾਹ…ਵਾਹ! ਗੁੱਡ ਆਈਡੀਆ।”
“ਅਧਿਆਪਕ ਤਾਂ ਭੁਖ ਸਹਿਣ ਵਾਲੇ ਚਾਹੀਦੇ ਨੇ…ਪਾ ਦਿਓ ਉਨ੍ਹਾਂ ਦੇ ਗਲ ਕਾਠ ਦੀਆਂ ਰੋਟੀਆਂ। ਉਹ ਲੰਗੋਟਧਾਰੀ ਹੋਣੇ ਚਾਹੀਦੇ ਨੇ, ਦੇ ਦਿਓ ਉਨ੍ਹਾਂ ਨੂੰ ਅੱਧਾ ਮੀਟਰ ਕੱਪੜਾ। ਉਹ ਨਾਗੇ ਹੋਣੇ ਚਾਹੀਦੇ ਨੇ, ਦੇ ਦਿਓ ਉਨ੍ਹਾਂ ਨੂੰ ਕੇਲੇ ਦੇ ਪੱਤਿਆਂ ਦੀਆਂ ਕਾਤਰਾਂ। ਕਰਦੇ ਰਹੋ ਉਨ੍ਹਾਂ ਨਾਲ ਮਸ਼ਕਰੀਆਂ।” ਬੁਲਾਰੇ ਨੇ ਹਾਸੇ ਤੇ ਗੰਭੀਰਤਾ ਦਾ ਮਿਲਗੋਭਾ ਵੰਡ ਦਿਤਾ।
“ਗੰਧਲਾਏ ਅਸਮਾਨ ਦੇ ਚੰਦ ਧੁੰਦਲਾਏ ਹੀ ਹੋਣਗੇ, ਕਦੇ ਪੂਰਾ ਚਾਨਣ ਨਹੀਂ ਦੇਣਗੇ। ਆਵਾਰਾਗਰਦ ਨਸ਼ੀਲੀ ਹਵਾ ਕਦੇ ਵੀ ਸਵੱਛ ਪੌਣ ਪਾਣੀ ਨਹੀਂ ਦੇਵੇਗੀ। ਉਹ ਵੰਡੇਗੀ ਸਮੈਕ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ, ਦੇਸ਼ ਦੇ ਆਉਣ ਵਾਲੇ ਹਾਕਮਾਂ ਨੂੰ। ਜੇ ਮੰਨਦੇ ਹੋ ਕਿ ਅਧਿਆਪਕ ਦੇਸ਼ ਦੇ ਭਵਿਖ ਦੇ ਘੜਨ ਹਾਰੇ ਨੇ ਤਾਂ ਉਨ੍ਹਾਂ ਨਾਲ ਅਜਿਹਾ ਲੱਚਰਪੁਣਾ ਕਿਉਂ? ਸੌਂਕਣਾਂ ਵਾਲਾ ਵਤੀਰਾ ਕਿਉਂ? ਇਸ ਲਈ ਕਿ ਉਹ ਸਾਊ ਹਨ! ਤੁਹਾਡੀ ਡਾਂਗ ਅੱਗੋਂ ਨਹੀਂ ਫੜਦੇ, ਖੇਖਣਹਾਰੀਆਂ ਕਲਾਬਾਜ਼ੀਆਂ ਦਿਖਾਉਣ ਦੀ ਥਾਂ ਸਾਰਥਕ ਤੇ ਉਸਾਰੂ ਪਹੁੰਚ ਕਰਦੇ ਨੇ! ਅਧਿਆਪਕ ਬੜਾ ਉਚਾ ਤੇ ਸੁੱਚਾ ਰੁਤਬਾ ਹੈ। ਪਰ ਭੁੱਖ, ਹਾਂ ਭੁੱਖ ਤੇ ਨੀਂਦ ਤਾਂ ਜਿਉਂਦੇ ਜੀਅ ਆਉਂਦੀ ਹੀ ਹੈ ਸਭ ਨੂੰ, ਤੇ ਪੇਟ ਨੂੰ ਝੁਲਕਾ ਦੇਣ ਲਈ ਕੁਝ ਕਰਨਾ ਹੀ ਪੈਣਾ ਹੈ। ਅਧਿਆਪਕ ਚੋਰੀ ਨਹੀਂ ਕਰ ਸਕਦਾ, ਡਾਕੇ ਨਹੀਂ ਮਾਰ ਸਕਦਾ। ਉਸ ਨੇ ਤਾਂ ਸ਼ਾਂਤਮਈ ਤਰੀਕੇ ਨਾਲ ਆਪਣਾ ਹੱਕ ਮੰਗਣਾ ਹੈ।”
“ਮੈਂ ਮਰਨ ਵਰਤ ‘ਤੇ ਬੈਠਾਂਗਾ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਲੜੀ ਜਾਰੀ ਰਹੇਗੀ।” ਪ੍ਰੋਫੈਸਰ ਕੁਮਾਰ ਨੇ ਪੇਸ਼ਕਸ਼ ਕੀਤੀ।
“ਪਿਛਲੇ ਵੱਡੇ ਵਜੀਰ ਨੇ ਸਾਡੇ ਨਾਲ ਹਮਦਰਦੀ ਜਤਾਈ ਸੀ, ਸਾਡੇ ਗਰੇਡ ਕਲੀਅਰ ਕਰ ਦਿਤੇ ਸਨ, ਨੋਟੀਫਿਕੇਸ਼ਨ ਵੀ ਹੋ ਗਈ ਸੀ, ਪਰ ਉਸ ਨੇ ਆਪਣਾ ਫੈਸਲਾ ਸੁਹਿਰਦਤਾ ਨਾਲ ਲਾਗੂ ਨਹੀਂ ਕੀਤਾ। ਸਰਕਾਰ ਨੇ ਉਸ ਦੇ ਇੰਤਕਾਲ ਤੋਂ ਬਾਅਦ ਇਹ ਫੈਸਲਾ ਫੰਡ ਨਾ ਹੋਣ ਦਾ ਬਹਾਨਾ ਲਾ ਕੇ ਠੰਢੇ ਬਸਤੇ ਵਿਚ ਬੰਦ ਕਰ ਦਿੱਤਾ ਤੇ ਉਸ ਵਜੀਰ ਦੀ ਸਮਾਧ ਬਣਾਉਣ ਲਈ ਕਰੋੜਾਂ ਰੁਪਏ ਖਰਚ ਦਿਤੇ। ਉਨ੍ਹਾਂ ਹੀ ਪੈਸਿਆਂ ਨਾਲ ਹਜ਼ਾਰਾਂ ਰੁਲਦੇ ਅਧਿਆਪਕਾਂ ਦਾ ਭਵਿਖ ਸੰਵਰ ਸਕਦਾ ਸੀ। ਇਕ ਵਜੀਰ ‘ਤੇ ਘੱਟੋ ਘੱਟ ਪੰਜ-ਦਸ ਲੱਖ ਰੁਪਏ ਮਾਸਿਕ ਖਰਚ ਹੁੰਦਾ ਹੈ ਤੇ ਜੇ ਇਹ ਵਜੀਰਾਂ ਦੀ ਫੌਜ ਅੱਧੀ ਕਰ ਦਿੱਤੀ ਜਾਏ ਤਾਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਹਨ। ਕਿਸੇ ਵੀ ਮੁਲਾਜ਼ਮ ਜਥੇਬੰਦੀ ਨੂੰ ਹੜਤਾਲਾਂ ਕਰਨ ਲਈ ਮਜਬੂਰ ਨਹੀਂ ਹੋਣਾ ਪਵੇਗਾ।”
“ਰਾਣੀ ਨੂੰ ਕੌਣ ਕਹੇ, ਅੱਗਾ ਢੱਕ?”
ਬਾਹਰ ਗੱਡੀਆਂ ਦੇ ਹਾਰਨ ਵੱਜੇ। ਰੈਲੀ ਵਾਸਤੇ ਜਾਣ ਵਾਲੀਆਂ ਗੱਡੀਆਂ ਦੀ ਆਵਾਜ਼ ਸੁਣ ਕੇ ਪ੍ਰੋਫੈਸਰ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ। ਸ਼ਾਂਤਮਈ ਪ੍ਰਦਰਸ਼ਨ ਲਈ ਬੇਨਤੀ ਕੀਤੀ ਤੇ ਜੋਰ ਦਿੱਤਾ ਕਿ ਕੋਈ ਵੀ ਹਿੰਸਾ ਵਾਲਾ ਕੰਮ ਨਾ ਕੀਤਾ ਜਾਏ।
ਕੁਝ ਗੱਡੀਆਂ ਬੀਤ ਚੁੱਕੇ ਵਜ਼ੀਰ ਦੀ ਢਾਈ ਏਕੜ ਸਮਾਧ ਵੱਲ ਹੋ ਤੁਰੀਆਂ ਕਿ ਚੱਲੋ ਉਸ ਕੋਲ ਜਾ ਕੇ ਰੋਂਦੇ ਹਾਂ ਕਿ ਤੂੰ ਇਕਰਾਰ ਕੀਤਾ ਸੀ, ਹੁਣ ਆਪਣੇ ਜਾਂਨਸ਼ੀਨਾਂ ਨੂੰ ਕਹਿ ਕੇ ਆਪਣਾ ਇਕਰਾਰ ਲਾਗੂ ਕਰਵਾ। ਸਮਾਧ ‘ਤੇ ਕੀਤਾ ਕਰੋੜਾਂ ਰੁਪਏ ਦਾ ਖਰਚ, ਰਾਖੀ ਲਈ ਸੁਰੱਖਿਆ ਕਰਮੀ…, ਚਾਰ ਚੁਫੇਰੇ ਲਹਿਲਹਾਉਂਦੇ ਬਾਗ ਬਗੀਚੇ ਫੁਹਾਰੇ ਵੇਖ ਕੇ ਪ੍ਰੋਫੈਸਰ ਤੜਫ ਉਠੇ।
“ਕਿੰਨਾ ਲੋਹੜਾ ਲੋਕੋ! ਜਿਉਂਦਿਆਂ ਨੂੰ ਇੱਥੇ ਰੋਟੀ ਨ੍ਹੀਂ ਮਿਲਦੀ ਤੇ ਮੋਇਆਂ ‘ਤੇ ਇੰਨਾ ਬੇਲੋੜਾ ਖਰਚ! ਸ਼ਰਮ ਨਹੀਂ ਅਜਿਹੀ ਸਿਆਸਤ ਨੂੰ!” ਕੁਝ ਅਧਿਆਪਕਾਵਾਂ ਪੁਲਿਸ ਰੋਕਾਂ ਤੋੜ ਕੇ ਅੱਗੇ ਵੱਧ ਗਈਆਂ ਤੇ ਸਮਾਧ ‘ਤੇ ਖੜੋ ਕੇ ਪਿੱਟਣ ਲੱਗੀਆਂ, ਵੈਣ ਪਾਉਣ ਲੱਗੀਆਂ।
“ਹੈ ਹੈ ਸ਼ੇਰਾ…ਤੂੰ ਕਿਉਂ ਮਰਿਆ।” ਇਕ ਟੋਲੀ ਵੱਲੋਂ ਆਵਾਜ਼ ਆਈ।
“ਸਾਡਾ ਵਾਅਦਾ ਨਾ ਪੂਰਾ ਕਰਿਆ।” ਦੂਜੀ ਟੋਲੀ ਦੀ ਹੇਕ ਸੀ।
“ਤੂੰ ਨਾ ਆਪਣੀ ਜ਼ਬਾਨ ਪੁਗਾਈ। ਸਾਡੀ ਪਿੱਠ ਵਿਚ ਛੁਰੀ ਖੁਭੋਈ।”
ਭੀੜ ਵਿਚ ਹੁੱਲੜਬਾਜੀ ਮੱਚ ਗਈ। ਪੁਲਿਸ ਹੱਥਾਂ ਵਿਚ ਲਾਠੀਆਂ ਫੜੀ ਉਪਰੋਂ ਹੁਕਮ ਉਡੀਕ ਰਹੀ ਸੀ। ਕੁਝ ਲੀਡਰ ਨੁਮਾ ਲੋਕ ਸਮਾਧ ‘ਤੇ ਫੁਲ ਚੜਾ ਰਹੇ ਸਨ, ਕੁਝ ਬੁਰਾ ਭਲਾ ਕਹਿ ਰਹੇ ਸਨ।
“ਮੜ੍ਹੀਆਂ ਨੂੰ ਪੂਜਣ ਵਾਲਿਓਂ…ਸ਼ਰਮ ਕਰੋ…ਕੁਝ ਹੋਸ਼ ਕਰੋ। ਜੋ ਜਿਉਂਦੇ ਜੀਅ ਕੁਝ ਦੇ ਨਾ ਸਕਿਆ, ਕੀ ਮਰ ਕੇ ਤੁਹਾਨੂੰ ਦੇਵੇਗਾ।” ਲਾਗੇ ਦਰਖਤ ‘ਤੇ ਚੜ੍ਹਿਆ ਕੋਈ ਮੌਜੀ ਗਾਣਾ ਗਾ ਰਿਹਾ ਸੀ।
ਪ੍ਰੋਫੈਸਰ ਕੁਮਾਰ ਚਬੂਤਰੇ ‘ਤੇ ਚੜ੍ਹ ਕੇ ਮਾਈਕ ਫੜ ਬੈਠਾ। ਸਭ ਦਾ ਧਿਆਨ ਉਧਰ ਖਿੱਚਿਆ ਗਿਆ। ਉਸ ਦੇ ਹੱਥ ਵਿਚ ਸ਼ਾਮ ਦਾ ਖਬਰਨਾਮਾ-ਜ਼ਮੀਮਾ ਫੜਿਆ ਹੋਇਆ ਸੀ।
“ਭੈਣੋ ਤੇ ਭਰਾਓ! ਅੱਜ ਅਸੀਂ ਬੜੇ ਚੰਗੇ ਵੇਲੇ ਆ ਗਏ ਹਾਂ। ਸਾਡੀ ਵਜ਼ਾਰਤ ਵਿਚ ਦਸ ਨਵੇਂ ਵਜੀਰ ਸਹੁੰ ਚੁੱਕਣ ਵਾਲੇ ਹਨ, ਅਸੀਂ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਸ਼ੋਭਾ ਵਧਾਵਾਂਗੇ।”
“ਸਾਡੇ ਹੱਕ, ਇੱਥੇ ਰੱਖ।” ਨਾਅਰੇ ਲੱਗਣ ਲੱਗੇ।
ਦੂਜੀ ਤਾਜ਼ਾ ਖਬਰ…ਵਜੀਰਾਂ ਅਤੇ ਵਿਧਾਇਕਾਂ ਦੀ ਤਨਖਾਹ ਤੇ ਭੱਤੇ ਵਧਾਉਣ ਲਈ ਮਤਾ ਪਾਸ ਹੋ ਗਿਆ ਹੈ। ਤੀਜੀ ਮੰਦਭਾਗੀ ਖਬਰ…ਅਸੈਂਬਲੀ ਭਵਨ ਵਿਚ ਬਹਿਸ ਮੁਬਾਹਿਸੇ ਵਿਚ ਵਿਧਾਇਕਾਂ ਦੀ ਇਕ ਦੂਜੇ ਨਾਲ ਹੱਥੋ ਪਾਈ…ਛਿੱਤਰੋ-ਛਿੱਤਰੀ, ਲੜਾਈ ਵਿਚ ਅੱਧੀ ਦਰਜਨ ਵਿਧਾਇਕ ਜ਼ਖਮੀ।
“ਭੂਤ, ਭੂਤ। ਸਾਰੇ ਭੂਤ।” ਭੀੜ ਵਿਚੋਂ ਆਵਾਜ਼ਾਂ ਸੁਣ ਕੇ ਲੋਕ ਖਿੰਡ-ਪੁੰਡ ਕੇ ਗੱਡੀਆਂ ਵਿਚ ਜਾ ਸਵਾਰ ਹੋਏ।
ਸਾਰੇ ਪ੍ਰੋਫੈਸਰ ਇਕ ਦੂਜੇ ਤੋਂ ਮੂਹਰੇ ਸਕੱਤਰੇਤ ਪਹੁੰਚਣ ਦੀ ਕਾਹਲ ਵਿਚ ਸਨ। ਗੱਡੀਆਂ ਦਾ ਕਾਫਲਾ ਬਹੁਤ ਦੂਰ ਪਹਿਲਾਂ ਹੀ ਰੁਕ ਗਿਆ, ਇਸ ਤੋਂ ਅਗੇ ਪੈਦਲ ਮਾਰਚ! ਪੈਰ ਪੈਰ ‘ਤੇ ਪੁਲਿਸ ਦੀ ਚੈਕਿੰਗ। ਪੁਲਿਸ ਮੋਬਾਈਲ ਫੋਨ ਤੇ ਵਾਇਰਲੈਸ ਚੌਕੰਨੇ ਹੋਏ, ਥਾਂ ਥਾਂ ਟੂੰ ਟੂੰ ਕਰ ਰਹੇ ਸਨ।
ਅਗਲੇ ਪੁਲਿਸ ਨਾਕੇ ਤੇ ਸਿਪਾਹੀ ਔਰਤਾਂ ਤੇ ਮਰਦ ਬੜੀ ਬੇਸਬਰੀ ਨਾਲ ਕੌਮ ਦੇ ਘਾੜਿਆਂ ਦੀ ਸੇਵਾ ਲਈ ਉਡੀਕ ਕਰ ਰਹੇ ਸਨ। ਸੜਕ ਡਰੰਮਾਂ, ਲੋਹੇ ਦੇ ਸੰਗਲਾਂ ਤੇ ਰੱਸਿਆਂ ਨਾਲ ਬੰਦ ਕੀਤੀ ਪਈ ਸੀ। ਪਿੱਛੇ ਸਿਪਾਹੀ ਹੱਥ ਨਾਲ ਹੱਥ ਪਾਈ ਇਕ ਲਾਈਨ ਵਿਚ ਖੜੇ ਸਨ, ਜਿਵੇਂ ਕਿਸੇ ਵਜੀਰ ਨੇ ਇੱਥੇ ਫੀਤਾ ਕੱਟਣ ਦੀ ਰਸਮ ਲਈ ਆਉਣਾ ਹੋਵੇ।
“ਸਾਡਾ ਸਬਰ ਹੋਰ ਨਾ ਪਰਖੋ। ਤੁਹਾਨੂੰ ਪਤਾ ਹੈ ਸਾਡੀ ਇਹ ਕੌਮ ਬਹੁਤ ਸਾਊ ਹੈ। ਤੁਸੀਂ ਸਰਕਾਰ ਦੇ ਚੌਕੀਦਾਰ ਸਾਡੇ ਨਾਲ ਮੱਥਾ ਨਾ ਲਾਓ।” ਤੇਜ ਹੜ੍ਹ ਵਾਂਗ ਇਕੋ ਧੱਕੇ ਵਿਚ ਹਜੂਮ ਰੱਸੇ ਧੂੰਹਦਾ ਸਿਪਾਹੀਆਂ ਨੂੰ ਪਾਸੇ ਧੱਕਦਾ ਅੱਗੇ ਵਧ ਗਿਆ। ਇਹ ਸਭ ਵੇਖ ਕੇ ਅੱਗੇ ਖੜੇ ਪੁਲਿਸ ਸੁਪਰਿਟੈਂਡੈਂਟ ਤੇ ਮੈਜਿਸਟਰੇਟ ਦੀਆਂ ਫੀਤੀਆਂ ਥਰਥਰਾਈਆਂ।
“ਵਾਟਰ ਫਾਇਰ…।” ਹੁਕਮ ਮਿਲਦਿਆਂ ਹੀ ਤਿਆਰ ਖੜੀਆਂ ਪਾਣੀ ਦੀਆਂ ਤੋਪਾਂ ਨੇ ਅੱਧ-ਪਚੱਧੇ ਮੁਜਾਹਰਾਕਾਰੀ ਨਿੱਸਲ ਕਰ ਦਿੱਤੇ। ਬਾਕੀ ਅੱਗੇ-ਪਿੱਛੇ ਦੌੜਦੇ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋਏ। ਪੁਲਿਸ ਉਨ੍ਹਾਂ ਦਾ ਪਿਛਾ ਕਰ ਰਹੀ ਸੀ। ਨਾਇਕ ਕੁਮਾਰ ਕੁਝ ਪਾਣੀ ਦੀ ਸੱਟ ਖਾ ਕੇ ਤੇ ਕੁਝ ਸੜਕ ‘ਤੇ ਸਿਰ ਭਾਰ ਡਿੱਗਣ ਕਰ ਕੇ ਨੀਮ ਬੇਹੋਸ਼ ਲਹੂ ਦੇ ਛੱਪੜ ਵਿਚ ਪਿਆ ਸੀ। ਬਾਕੀ ਔਰਤਾਂ-ਮਰਦ ਗੜੁੱਚ ਹੋਏ ਕੱਪੜੇ ਸਮੇਟ ਕੇ ਪਿੱਛੇ ਬੈਰੀਕੇਡ ਦੇ ਬਾਹਰ ਪੁਲਿਸ ਘੇਰੇ ਵਿਚ ਧਰਨੇ ‘ਤੇ ਬੈਠ ਗਏ। ਪ੍ਰੋਫੈਸਰ ਕੁਮਾਰ ਨੇ ਸਿਰ ਚੁੱਕਿਆ, ਆਸੇ-ਪਾਸੇ ਵੇਖਿਆ, ਉਸ ਨੂੰ ਅਸਮਾਨ ਘੁੰਮਦਾ ਜਾਪਿਆ, ਅਸੈਂਬਲੀ ਹਾਲ ਤੇ ਸਕੱਤਰੇਤ ਘੁੰਮਦੇ ਜਾਪੇ।
ਐਸ਼ ਪੀ. ਅਤੇ ਮੈਜਿਸਟਰੇਟ ਐਂਬੂਲੈਂਸ ਨੂੰ ਇਸ਼ਾਰਾ ਕਰ ਕੇ ਇੱਧਰ ਦੌੜੇ।
“ਪ੍ਰੋਫੈਸਰ ਕੁਮਾਰ…।” ਮੈਜਿਸਟਰੇਟ ਦੀਆਂ ਡਾਡਾਂ ਨਿਕਲ ਗਈਆਂ। ਪ੍ਰੋਫੈਸਰ ਨੇ ਅੱਖਾਂ ਪੁੱਟ ਕੇ ਵੇਖਿਆ, ਫਿਰ ਅੱਖ ਝਪਕ ਕੇ ਵੇਖਿਆ। ਉਹ ਅਰਧ ਚੇਤਨਾ ਵਿਚ ਬੋਲਿਆ, ‘ਸੁਦਰ…ਸ਼…ਨ।’
“ਹਾਂ ਸੁਦਰਸ਼ਨ! ਮੈਂ ਤੁਹਾਡਾ ਸੁਦਰਸ਼ਨ! ਤੁਹਾਡਾ ਸਟੂਡੈਂਟ।”
ਉਸ ਨੇ ਪ੍ਰੋਫੈਸਰ ਦਾ ਸਿਰ ਆਪਣੇ ਪੱਟਾਂ ‘ਤੇ ਰੱਖਿਆ। ਮਰਹਮ ਪੱਟੀ ਕਰਾਈ। ਉਧਰ ਉਸ ਦੇ ਸਾਥੀ ਪੁਲਿਸ ਘੇਰੇ ਵਿਚ ਤਰਲੋਮੱਛੀ ਹੋ ਰਹੇ ਸਨ। ਕੁਝ ਦੇਰ ਬਾਅਦ ਉਸ ਦੀ ਪੂਰੀ ਯਾਦ-ਸ਼ਕਤੀ ਪਰਤੀ।
“ਮੁਆਫ ਕਰਨਾ ਸਰ! ਤੁਹਾਨੂੰ ਹਸਪਤਾਲ ਪਹੁੰਚਾ ਰਹੇ ਹਾਂ।”
“ਨਹੀਂ! ਨਹੀਂ! ਮੈਂ ਹਸਪਤਾਲ ਨਹੀਂ ਜਾਣਾ, ਮੈਨੂੰ ਮੇਰੇ ਸਾਥੀ ਮਿਲਾਓ।”
“ਮੈਂ ਤੁਹਾਡਾ ਸ਼ਾਗਿਰਦ ਹਾਂ, ਬੇਟੇ ਜਿਹਾ, ਤੁਸੀਂ ਮੈਨੂੰ ਪਿਆਰ ਨਾਲ ਬੇਟਾ ਕਿਹਾ ਕਰਦੇ ਸੀ।”
“ਹਾਂ…ਹਾਂ, ਮੈਨੂੰ ਯਾਦ ਹੈ। ਤੂੰ ਵੀ ਕਿਹਾ ਕਰਦਾ ਸੀ, ਅਫਸਰ ਬਣ ਕੇ ਮੈਂ ਕਾਨੂੰਨ ਅਨੁਸਾਰ ਫਰਜ਼ ਨਿਭਾਵਾਂਗਾ ਤੇ ਇਸ ਵਾਸਤੇ ਆਪਣੇ ਪਿਉ ਦਾ ਵੀ ਲਿਹਾਜ਼ ਨਹੀਂ ਕਰਾਂਗਾ। ਤੇ ਹਾਂ…ਅੱਜ ਤੂੰ ਕਰ ਵਿਖਾਈ ਆਪਣੀ ਨੌਕਰੀ…ਸ਼ਾਬਾਸ਼!”
ਪ੍ਰੋਫੈਸਰ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਸੁਦਰਸ਼ਨ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਗਈਆਂ।
“ਤੇ ਸਰ ਤੁਹਾਨੂੰ ਯਾਦ ਹੈ, ਤਾਰੂ ਪੰਛੀ!” ਉਸ ਨੇ ਰੁਮਾਲ ਨਾਲ ਅੱਖਾਂ ਦੀ ਨਮੀ ਛੁਪਾਉਂਦਿਆਂ ਕਿਹਾ।
“ਹਾਂ…ਹਾਂ। ਕੀ ਹੋਇਐ ਉਹਨੂੰ? ਮੈਂ ਹੀ ਪੰਛੀ ਨਾਮ ਰੱਖਿਆ ਸੀ ਉਸ ਦਾ। ਕਲਾਸ ਵਿਚ ਕਦੇ ਟਿਕ ਕੇ ਨਹੀਂ ਸੀ ਬੈਠਦਾ, ਉਡਿਆ ਹੀ ਰਹਿੰਦਾ ਸੀ ਸਦਾ।” ਪ੍ਰੋਫੈਸਰ ਕੁਮਾਰ ਹੁਣ ਉਠ ਕੇ ਖੜੋ ਗਿਆ।
“ਉਹ ਅੱਜ ਵਿਦਿਆ ਮੰਤਰੀ ਬਣਿਆ ਹੈ, ਉਸ ਨੇ ਸਹੁੰ ਚੁੱਕਣੀ ਹੈ।”
“ਹੈਂ ਉਹ ਵਿਦਿਆ ਮੰਤਰੀ! ਉਹ ਤਾਰੂ, ਜੋ ਕਈ ਸਾਲ ਫੇਲ੍ਹ ਹੁੰਦਾ ਰਿਹਾ ਤੇ ਅਖੀਰ ਰਿੜ੍ਹਦਾ ਖੜ੍ਹਦਾ ਪਤਾ ਨਹੀਂ ਕਿੱਦਾਂ ਪਾਸ ਹੋ ਗਿਆ, ਇਹ ਮੈਨੂੰ ਹੀ ਪਤਾ ਹੈ।” ਪ੍ਰੋਫੈਸਰ ਸਾਹਿਬ ਦੀਆਂ ਅੱਖਾਂ ਵਿਚ ਚਮਕ ਆ ਗਈ। ਸਰੀਰ ਵਿਚ ਜਿਵੇਂ ਵੀਹ ਘੋੜਿਆਂ ਜਿੰਨਾ ਜੋਰ ਆ ਗਿਆ ਹੋਵੇ।
“ਬਣ ਗਿਆ ਕੰਮ ਫਿਰ ਸਮਝੋ…।” ਉਸ ਨੇ ਚੁਟਕੀ ਮਾਰੀ, “ਲੱਜੋਂ ਕੁਲੱਜੋਂ ਸਾਡੇ ਕੀਤੇ ਪਰਉਪਕਾਰ ਦੀ ਵਿੜ੍ਹੀ ਤਾਂ ਲਾਹੇਗਾ ਹੀ।” ਅੱਜ ਉਹ ਵੱਧ ਤੋਂ ਵੱਧ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ‘ਤੇ ਬੰਨ੍ਹਣ ਲਈ ਤਤਪਰ ਸੀ। ਉਸ ਦਾ ਜੀਅ ਕੀਤਾ, ਹੁਣੇ ਹੀ ਜਾ ਮਿਲੇ ਆਪਣੇ ਤਾਰੂ ਨੂੰ! ਤਾਰੂ ਪੰਛੀ ਨੂੰ, ਤੇ ਰੱਖ ਦੇਵੇ ਮੰਗਾਂ ਦਾ ਚਾਰਟਰ ਉਹਦੇ ਅੱਗੇ। ਪ੍ਰੋ. ਕੁਮਾਰ ਦੀ ਜ਼ਿੱਦ ਕਰ ਕੇ ਉਸ ਨੂੰ ਬਾਇੱਜਤ ਧਰਨਾਕਾਰੀਆਂ ਵਿਚ ਪਹੁੰਚਾ ਦਿਤਾ ਗਿਆ। ਸੁਦਰਸ਼ਨ ਦੇ ਮੋਬਾਈਲ ਫੋਨ ਨੇ ਤਾਰੂ ਨੂੰ ਉਨ੍ਹਾਂ ਬਾਰੇ ਖਬਰ ਦੇ ਦਿਤੀ। ਮੈਜਿਸਟਰੇਟ ਦੀ ਚਾਹ ਦੀ ਸੁਲ੍ਹਾ ਸਭ ਨੇ ਠੁਕਰਾ ਦਿੱਤੀ।
ਰਾਤ ਪਈ। ਐਮ. ਐਲ਼ ਏ. ਹੋਸਟਲ ਵਿਚੋਂ ਆਤਿਸ਼ਬਾਜ਼ੀ ਦੀ ਆਵਾਜ਼, ਦੀਪ ਮਾਲਾ ਤੇ ਨਵੇਂ ਵਜੀਰਾਂ ਦੇ ਜਸ਼ਨ ਨੇ ਧਰਨਾਕਾਰੀਆਂ ਦੇ ਗੁੱਸੇ ਨੂੰ ਹੋਰ ਬਲਦੀ ‘ਤੇ ਤੇਲ ਵਾਂਗ ਭਾਂਬੜ ਭੜਕਾ ਦਿਤੇ। ਉਥੇ ਮੁਰਗੇ ਭੁੰਨੇ ਗਏ, ਵਿਸਕੀਆਂ ਦੇ ਡੱਟ ਖੁੱਲ੍ਹੇ ਤੇ ਇੱਧਰ ਇਹ ਵਜੀਰ, ਮੈਜਿਸਟਰੇਟ, ਐਸ਼ ਪੀ. ਤੇ ਹੋਰ ਸਭ ਨੂੰ ਉਚੀਆਂ ਪੌੜੀਆਂ ਚੜ੍ਹਾਉਣ ਵਾਲੇ ਕੌਮ ਦੇ ਥੰਮ ਭੁਖੇ ਬੈਠੇ ਆਪਣੀ ਕਿਸਮਤ ਨੂੰ ਝੂਰਦੇ ਉਨ੍ਹਾਂ ਤੋਂ ਆਪਣੇ ਬੱਚਿਆਂ ਲਈ ਰੋਟੀ ਮੰਗ ਰਹੇ ਸਨ।
“ਅੱਜ ਦੀ ਰਾਤ ਔਖੀ ਸੌਖੀ ਕੱਟੋ, ਵਿਦਿਆ ਮੰਤਰੀ ਮੇਰਾ ਚੇਲਾ ਹੈ, ਮੇਰਾ ਸਟੂਡੈਂਟ ਹੈ, ਮੇਰਾ ਬਰਖੁਰਦਾਰ ਹੈ। ਕੱਲ੍ਹ ਨੂੰ ਸਾਡਾ ਕੰਮ ਤਾਂ ਉਹ ਕਰ ਹੀ ਦੇਵੇਗਾ।” ਪ੍ਰੋਫੈਸਰ ਕੁਮਾਰ ਨੇ ਥਿੜਕਦੇ ਵਿਸ਼ਵਾਸ ਨਾਲ ਸਭ ਨੂੰ ਢਾਰਸ ਬੰਨਾਇਆ।
“ਪਰ ਪ੍ਰੋਫੈਸਰ ਸਾਹਿਬ! ਅਸਾਂ ਲਿਖਤੀ ਇਕਰਾਰਨਾਮਾ ਲੈਣਾ ਹੈ, ਜ਼ਬਾਨੀ ਕਲਾਮੀ ਉਨ੍ਹਾਂ ‘ਤੇ ਯਕੀਨ ਨਾ ਕਰ ਲਿਉ, ਸਿਆਸਤ ਬੜੀ ਬੁਰੀ ਬਲਾ ਹੈ।” ਇਹ ਸ਼ਬਦ ਪ੍ਰੋਫੈਸਰ ਕੁਮਾਰ ਨੇ ਅਣਗੌਲੇ ਕਰ ਦਿੱਤੇ ਤੇ ਮੱਥੇ ‘ਚੋਂ ਨਿਕਲਦੀ ਚੀਸ ਟੋਹਣ ਲੱਗਾ।
ਸਾਰੇ ਅਧਿਆਪਕ ਦਿਨ ਦੇ ਥੱਕੇ ਸੁਸਤਾ ਰਹੇ ਸਨ। ਭੁਖ ਨਾਲ ਸਭ ਦੇ ਕਾਲਜੇ ਲੂਸ ਰਹੇ ਸਨ। ਚੌਧਰੀ ਕਿਸਮ ਦੇ ਕੁਝ ਆਗੂ ਬਿਆਨਬਾਜ਼ੀ ਕਰ ਰਹੇ ਸਨ। ਟੀਚਰਾਂ ਨਾਲ ਕੀਤਾ ਪੁਲਿਸ ਦਾ ਸਲੂਕ, ਪਾਣੀ ਵਰ੍ਹਾਉਣ, ਡਾਂਗਾਂ ਵਰ੍ਹਾਉਣ ਤੇ ਡੰਡੇ ਦੇ ਜੋਰ ਨਾਲ ਉਨ੍ਹਾਂ ਦੀ ਜ਼ਬਾਨ ਬੰਦ ਕਰਾਉਣ ਬਾਰੇ ਵਿਖਿਆਨ ਚੱਲ ਰਹੇ ਸਨ। ਭੁਖੇ ਢਿੱਡ ਨੀਂਦ ਕਿਸ ਨੂੰ ਆਏ!
ਸਰਕਾਰੀ ਜੀਪਾਂ, ਕਾਰਾਂ ਦੇ ਹੂਟਰਾਂ ਨੇ ਸਭ ਨੂੰ ਫਿਰ ਭੱਜ-ਦੌੜ ਪਾ ਦਿਤੀ, ਪਤਾ ਨਹੀਂ ਕੀ ਹੋਣ ਵਾਲਾ ਹੈ। ਸਾਰੇ ਡਰ ਕੇ ਸੁੰਗੜ ਗਏ। ਹਾਰਾਂ ਨਾਲ ਲੱਦਿਆ ਲੜਖੜਾਉਂਦਾ ਤਾਰੂ…, ਤਾਰੂ ਪੰਛੀ, ਵਿਦਿਆ ਮੰਤਰੀ ਲਾਲ ਬੱਤੀ ਵਾਲੀ ਕਾਰ ਵਿਚੋਂ ਉਤਰਿਆ ਵੇਖ ਕੇ ਪ੍ਰੋਫੈਸਰ ਕੁਮਾਰ ਦੇ ਸਭ ਦੁਖ ਦਰਦ, ਥਕੇਵੇਂ ਦੂਰ ਹੋ ਗਏ।
“ਸਾਡੇ ਹੱਕ, ਇੱਥੇ ਰੱਖ।” ਅੱਧ ਸੁੱਤੀਆਂ ਜ਼ੁਬਾਨਾਂ ਫਿਰ ਗਰਜ ਉਠੀਆਂ।
ਮੰਤਰੀ ਨੇ ਪ੍ਰੋਫੈਸਰ ਕੁਮਾਰ ਦੇ ਪੈਰੀਂ ਹੱਥ ਲਾਇਆ, ਹੱਥ ਜੋੜ ਕੇ ਸਭ ਨੂੰ ਨਮਸਕਾਰ ਕੀਤੀ।
“ਮੇਰੇ ਬਹੁਤ ਪੂਜਣਯੋਗ ਪ੍ਰੋਫੈਸਰ ਸਾਹਿਬਾਨ, ਤੁਸੀਂ ਮੇਰੇ ਦੇਸ਼ ਦੀ ਕਿਸ਼ਤੀ ਦੇ ਮਲਾਹ ਹੋ, ਸਾਰੀ ਕੌਮ ਦੇ ਘਾੜੇ…। ਮੈਨੂੰ ਸੁਣ ਕੇ ਬਹੁਤ ਸ਼ਰਮ ਆਈ ਕਿ ਮੇਰੇ ਅਧਿਆਪਕ ਆਪਣੇ ਹੱਕਾਂ ਲਈ ਏਨਾ ਕਸ਼ਟ ਝੱਲ ਕੇ ਏਥੇ ਆਏ ਹਨ। ਮੈਂ ਸਭ ਕੁਝ ਸੁਣ ਲਿਆ ਹੈ। ਮੈਂ ਯਕੀਨ ਦਿਵਾਉਂਦਾ ਹਾਂ, ਤੁਹਾਡੇ ਸਾਰੇ ਹੱਕ ਥਾਲੀ ਵਿਚ ਪਰੋਸ ਕੇ ਮੈਂ ਤੁਹਾਡੇ ਅੱਗੇ ਸਜਾਵਾਂਗਾ। ਮੈਨੂੰ ਦੋ ਦਿਨ ਦਾ ਸਮਾਂ ਦਿਓ। ਤੁਸੀਂ ਅੱਜ ਤੋਂ ਸਮਝੋ ਕਿ ਤੁਹਾਡੀਆਂ ਸੱਭੇ ਮੰਗਾਂ ਮੰਨੀਆਂ ਜਾ ਚੁਕੀਆਂ ਹਨ। ਮੇਰੇ ਸਾਰੇ ਆਦਰਯੋਗ ਅਧਿਆਪਕ ਤੇ ਇਸ ਮੁਹਿੰਮ ਦੇ ਹੋਰ ਸਾਰੇ ਨੇਤਾਵਾਂ ਨੂੰ ਬੇਨਤੀ ਹੈ ਕਿ ਉਧਰ ਸਾਹਮਣੇ ਹੋਸਟਲ ਵਿਚ ਪਾਰਟੀ ਚੱਲ ਰਹੀ ਹੈ, ਮੇਰੀ ਸਭ ਨੂੰ ਦਾਅਵਤ ਹੈ, ਚੱਲ ਕੇ ਸਾਰੇ ਅਨੰਦ ਮਾਣੋ…ਤੇ ਆਪਣੇ ਬਾਲ ਬੱਚਿਆਂ ਵਿਚ ਘਰਾਂ ਨੂੰ ਜਾਓ।”
“ਵਿਦਿਆ ਮੰਤਰੀ ਜਿੰਦਾਬਾਦ।” ਪ੍ਰੋਫੈਸਰਾਂ ਦਾ ਨਾਅਰਾ ਗੂੰਜਿਆ।
“ਪ੍ਰੋਫੈਸਰ ਕੁਮਾਰ ਜਿੰਦਾਬਾਦ।” ਵਿਦਿਆ ਮੰਤਰੀ ਦਾ ਜੁਆਬ ਆਇਆ।
ਪ੍ਰੋਫੈਸਰਾਂ ਵਿਚ ਕੁਝ ਤੂੰ ਤੂੰ, ਮੈਂ ਮੈਂ ਹੋਈ, ਪਰ ਟਕਰਾਓ ਤੋਂ ਛੇਤੀ ਹੀ ਨਿਜ਼ਾਤ ਮਿਲ ਗਈ। ਕੁਝ ਲੋਕ ਲਿਖਤੀ ਸਰਕਾਰੀ ਸਹਿਮਤੀ ਹੁਕਮ ਚਾਹੁੰਦੇ ਸਨ ਤੇ ਕੁਝ ਮੰਤਰੀ ਦੀ ਜ਼ਬਾਨ ‘ਤੇ ਯਕੀਨ ਕਰਨਾ ਮੰਨਦੇ ਸਨ।
“ਚਲੋ! ਚਲੋ ਮੇਰੇ ਬਜੁਰਗੋ, ਪਹਿਲਾਂ ਵੀ ਮੈਂ ਤੁਹਾਡੀ ਮਿਹਰਬਾਨੀ ਸਦਕਾ ਇਸ ਪੌੜੀ ‘ਤੇ ਚੜ੍ਹਿਆ ਹਾਂ ਤੇ ਅੱਗੇ ਵੀ ਮੈਨੂੰ ਅਸ਼ੀਰਵਾਦ ਦਿਓ। ਮੈਂ ਯਕੀਨ ਦਿਵਾਉਂਦਾ ਹਾਂ, ਤੁਹਾਡਾ ਕੰਮ ਪਹਿਲ ਦੇ ਆਧਾਰ ‘ਤੇ ਕਰਾਂਗਾ।” ਤਾਰੂ ਪੰਛੀ ਦੀ ਅਧੀਨਗੀ ਭਰੀ ਬੇਨਤੀ ਤੇ ਜੁੜੇ ਹੱਥ ਵੇਖ ਕੇ ਕੁਝ ਲੋਕ ਉਠੇ ਤੇ ਬਾਕੀ ਉਨ੍ਹਾਂ ਦੇ ਪਿੱਛੇ ਹੋ ਤੁਰੇ।
ਵਜੀਰਾਂ ਦੇ ਸਲੂਣੇ ਨਾਲ ਦਾੜ੍ਹ ਸਲੂਣੀ ਕਰ ਕੇ, ਪੇਟ ਭਰ ਕੇ ਡਕਾਰ ਮਾਰ ਕੇ ਤੇ ਕੁਝ ਵੋਦਕਾ ਦੇ ਸਰੂਰ ਨਾਲ ਦੇਸ਼ ਦੇ ਉਸਰੱਈਏ ਨਿਹਾਲ ਹੋ ਗਏ।
ਅਗਲੀ ਸਵੇਰ ਕੁੱਕੜ ਨੇ ਬਾਂਗ ਦਿਤੀ ਤਾਂ ਪ੍ਰੋਫੈਸਰ ਕੁਮਾਰ ਆਪਣੇ ਆਪ ਨੂੰ ਆਪਣੇ ਘਰ, ਆਪਣੇ ਬੈਡ ‘ਤੇ ਦੇਖ ਕੇ ਫਿਰ ਚਿੰਤਾਵਾਨ ਹੋ ਗਿਆ।
ਅਖਬਾਰ ਦੇ ਪਹਿਲੇ ਪੰਨੇ ‘ਤੇ ਪਹਿਲੀ ਮੋਟੀ ਖਬਰ ਪੜ੍ਹ ਕੇ ਉਸ ਦਾ ਸਾਹ ਘੁੱਟਣ ਲੱਗਾ, ਗਲਾ ਖੁਸ਼ਕ ਹੋ ਗਿਆ। “ਅਧਿਆਪਕਾਂ ਦੀ ਰੈਲੀ ਠੁੱਸ। ਉਹ ਇਕ ਵੇਰਾਂ ਫਿਰ ਸਿਆਸਤ ਦੇ ਹੱਥੋਂ ਠੱਗੇ ਗਏ।”