ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ

ਨਾਮਧਾਰੀ ਪਰਿਵਾਰ ਵਿਚ ਜਨਮੇ ਸੁਵਰਨ ਸਿੰਘ ਵਿਰਕ ਨੇ ਸਿਆਸੀ ਅਤੇ ਸਾਹਿਤਕ ਖੇਤਰ ਵਿਚ ਵੀ ਨਾਮਣਾ ਖੱਟਿਆ ਹੈ। ਉਨ੍ਹਾਂ ‘ਕੂਕਾ ਲਹਿਰ ਦਾ ਪੰਜਾਬੀ ਸਾਹਿਤ’ ਵਰਗੀ ਵੱਡ-ਆਕਾਰੀ ਪੋਥੀ ਲਿਖੀ ਹੈ। ਕਰੀਬ ਦੋ ਦਹਾਕੇ ਪਹਿਲਾਂ ਪੱਛਮੀ ਪੰਜਾਬ ਦੀ ਯਾਤਰਾ ਦਾ ਲੇਖਾ-ਜੋਖਾ ਉਨ੍ਹਾਂ ਜਲੰਧਰ ਤੋਂ ਛਪਦੇ ਮਸ਼ਹੂਰ ਪਰਚੇ ‘ਵਰਿਆਮ’ ਵਿਚ ਕੀਤਾ ਸੀ। ਇਸ ਲੇਖ ਵਿਚ ਉਨ੍ਹਾਂ ਲਾਹੌਰ ਦੀ ਯਾਤਰਾ ਦਾ ਜ਼ਿਕਰ ਕੀਤਾ ਹੈ।

-ਸੰਪਾਦਕ

ਸੁਵਰਨ ਸਿੰਘ ਵਿਰਕ
ਸਾਡੀ ਗੱਡੀ ਸ਼ਾਹਦਰੇ ਦੇ ਜੰਕਸ਼ਨ ‘ਤੇ ਜਾ ਰੁਕੀ ਸੀ। ਕੁਝ ਚਿਰ ਬਾਅਦ ਰਾਵੀ ਦਰਿਆ ਨੂੰ ਦੁਬਾਰਾ ਪਾਰ ਕੀਤਾ ਅਤੇ ਲਾਹੌਰ ਦੇ ਲੋਕਾਂ ਤੇ ਇਮਾਰਤਾਂ ਨੂੰ ਨਿਹਾਰਦਿਆਂ ਅਸੀਂ ਅੱਗੇ ਵਧੇ। ਸਿਆਸੀ ਪਾਰਟੀਆਂ ਦੇ ਝੰਡੇ ਮਕਾਨਾਂ ਉਤੇ ਲਹਿਰਾਉਣ ਦਾ ਰਿਵਾਜ, ਇਧਰ ਵੀ ਸਾਡੇ ਵਾਂਗ ਹੀ ਸੀ। ਸਾਢੇ ਕੁ ਪੰਜ ਵੱਜੇ ਸਾਡੀ ਗੱਡੀ ਬਦਾਮੀ ਬਾਗ ਦੇ ਰੇਲਵੇ ਸਟੇਸ਼ਨ ‘ਤੇ ਪੁੱਜ ਗਈ। ਗੁਰਦੁਆਰਾ ਡੇਹਰਾ ਸਾਹਿਬ ਨੂੰ ਇਹੋ ਸਟੇਸ਼ਨ ਲੱਗਦਾ ਸੀ ਤੇ ਗੁਰਦੁਆਰਾ, ਸ਼ਾਹੀ ਕਿਲ੍ਹੇ ਦੇ ਬਿਲਕੁਲ ਲਾਗੇ ਸੀ। ਸੋ, ਜਦੋਂ ਅਸੀਂ ਸਟੇਸ਼ਨ ਤੋਂ ਬਾਹਰ ਆ ਕੇ ਟਾਂਗੇ ਵਗੈਰਾ ਲਈ ਪੁੱਛਗਿੱਛ ਕੀਤੀ ਤਾਂ ਇਕ-ਦੋ ਜਣਿਆਂ ਨੇ ਸਮਝਾਇਆ ਕਿ ਆਹ ਇਥੋਂ ਸੱਜੇ ਹੱਥ ਹੋ ਕੇ ਅੱਗੇ ਖੱਬੇ, ਫਿਰ ਗਲੀ ਵਿਚ ਮੁੜ ਜਾਉ। ਸਾਹਮਣੇ ਬਹੁਤ ਵੱਡੀ ਪਾਰਕ ਹੈ। ਇਹਦੇ ਦੂਜੇ ਪਾਸੇ ‘ਤੇ ਵਾਕਿਆ ਹੈ, ਤੁਹਾਡਾ ਗੁਰਦੁਆਰਾ। ਸਾਡੇ ਜਥੇ ਦੇ ਸਾਰੇ ਜਵਾਨ ਸਾਥੀਆਂ ਨੇ ਇਉਂ ਹੀ ਕੀਤਾ। ਸਮਾਨ ਦੇ ਬੈਗ ਹੱਥਾਂ ਵਿਚ ਲਟਕਾਏ ਅਤੇ ਚੱਲ ਪਏ।
ਪਾਰਕ ਵਿਚ ਕ੍ਰਿਕਟ ਖੇਡਦੇ ਬੱਚੇ ਬੜੀ ਉਕਸੁਕਤਾ ਨਾਲ ਸਾਨੂੰ ਵੇਖਦੇ ਅਤੇ ਹਾਲ-ਚਾਲ ਪੁੱਛਦੇ। ਸਾਹਮਣੇ ਹੀ ਦਿਸ ਰਹੀ ਸੀ ਮੀਨਾਰ-ਏ-ਪਾਕਿਸਤਾਨ। ਇਹ ਉਹੋ ਜਗ੍ਹਾ ਸੀ, ਜਿਥੇ ਵੰਡ ਤੋਂ ਪਹਿਲਾਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਹੇਠ ਮੁਸਲਿਮ ਲੀਗ ਦੇ ਇਕੱਠ ਵਿਚ ਪਾਕਿਸਤਾਨ ਦੀ ਕਾਇਮੀ ਲਈ ਜੱਦੋਜਹਿਦ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਪਾਰਕ ਲੰਘ ਕੇ ਪੱਕੀ ਸੜਕ ਆ ਗਈ ਅਤੇ ਪਾਰ ਕਰਦਿਆਂ ਹੀ ਸਾਹਮਣੇ, ਇਕ ਪਾਸੇ ਸ਼ਾਹੀ ਕਿਲ੍ਹਾ (ਲਾਹੌਰ) ਦਿਸ ਰਿਹਾ ਸੀ ਤੇ ਕਿਲ੍ਹੇ ਦੀ ਉਰਲੀ ਗੁੱਠ ਦੇ ਸਾਹਮਣੇ ਜਿਹੇ ਹੀ ਸੀ ਗੁਰਦੁਆਰਾ ਡੇਹਰਾ ਸਾਹਿਬ ਦੀ ਇਮਾਰਤ, ਜੋ ਬਹੁਤ ਵੱਡੀ ਨਹੀਂ ਸੀ ਅਤੇ ਇਹ ਜਗ੍ਹਾ ਵੀ ਉਤਨੀ ਵਿਸ਼ਾਲ ਨਹੀਂ ਸੀ, ਜਿੰਨੀ ਪੰਜਾ ਸਾਹਿਬ ਜਾਂ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੀ ਸੀ। ਇਕ ਕਾਰਨ ਸ਼ਾਇਦ ਇਹ ਹੋਵੇਗਾ ਕਿ ਉਹ ਗੁਰਦੁਆਰੇ ਛੋਟੇ ਕਸਬਿਆਂ ਵਿਚ ਸਨ। ਇਹ ਪੰਜਾਬ ਦੀ ਰਾਜਧਾਨੀ ਵਿਚ ਸੀ, ਜਿਥੇ ਜਗ੍ਹਾ ਦੀ ਕਾਫੀ ਕੀਮਤ ਹੁੰਦੀ ਹੈ ਪਰ ਇਸ ਦੇ ਦੁਆਲੇ ਖੁੱਲ੍ਹੇ ਮੈਦਾਨ ਸਨ।
ਇਹ ਗੁਰਦੁਆਰਾ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੀ ਯਾਦਗਾਰ ਹੈ। ਪੰਜਵੇਂ ਗੁਰੂ ਨੇ ਸਿੱਖਾਂ ਨੂੰ ਧਰਮ ਪੁਸਤਕ (ਸ੍ਰੀ ਗੁਰੂ ਗ੍ਰੰਥ ਸਾਹਿਬ) ਅਤੇ ਅੰਮ੍ਰਿਤਸਰ ਦੇ ਰੂਪ ਵਿਚ ਧਾਰਮਕ ਕੇਂਦਰ ਦਿੱਤਾ ਸੀ। ਵੇਲੇ ਦੇ ਬਾਦਸ਼ਾਹ ਜਹਾਂਗੀਰ ਨੂੰ ਆਮ ਲੋਕਾਂ ਦਾ ਵੱਡੀ ਗਿਣਤੀ ਵਿਚ ਇਸ ਨਵੇਂ ਧਰਮ ਵਿਚ ਪ੍ਰਵੇਸ਼ ਕਰਨਾ ਭਾਉਂਦਾ ਨਹੀਂ ਸੀ। ਇਸ ਲਈ ਉਹਨੇ ਸਤਾਰਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੱਧ ਵਿਚ ਹੀ ਗੁਰੂ ਸਾਹਿਬ ਲਈ ਮੌਤ ਦੀ ਸਜ਼ਾ ਤਜਵੀਜ਼ ਕਰ ਦਿੱਤੀ ਸੀ। ਜਿਵੇਂ ਹਰ ਵਾਰ ਹੁੰਦਾ ਹੈ, ਰਾਜ ਆਪਣੇ ਪ੍ਰਚਾਰ-ਤੰਤਰ ਦੇ ਸਿਰ ‘ਤੇ ਲੋਕਾਂ ਨੂੰ ਅਸਲ ਇਤਿਹਾਸ ਤੱਕ ਪਹੁੰਚਣ ਨਹੀਂ ਦਿੰਦਾ। ਇਸ ਲਈ ਚੰਦੂ ਦੀਵਾਨ ਦੀ ਪੁੱਤਰੀ ਦੀ ਗੁਰੂ ਹਰਗੋਬਿੰਦ ਸਾਹਿਬ ਨਾਲ ਕੁੜਮਾਈ ਅਤੇ ਫਿਰ ਚੰਦੂ ਵਲੋਂ ‘ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣਾ’ ਕਹਿਣ ‘ਤੇ ਲਾਹੌਰ ਦੇ ਸਿੱਖਾਂ ਨੇ ਗੁਰੂ ਜੀ ਨੂੰ ਇਸ ਰਿਸ਼ਤੇ ਤੋਂ ਵਰਜਿਆ। ਰਿਸ਼ਤਾ ਛੱਡਣ ਕਾਰਨ ਚੰਦੂ ਨੂੰ ਹੀ ਪੁਰਾਤਨ ਸਿੱਖ ਇਤਿਹਾਸ, ਗੁਰੂ ਜੀ ਦੀ ਸ਼ਹੀਦੀ ਦਾ ਮੁੱਖ ਜ਼ਿੰਮੇਵਾਰ ਲਿਖਦਾ ਹੈ। ਇਹ ਮੁੱਖ ਕਾਰਨ ਹੁੰਦਾ ਤਾਂ ਜਹਾਂਗੀਰ ਆਪਣੀ ਆਤਮ ਕਥਾ ਵਿਚ ਗੁਰੂ ਅਰਜਨ ਦੇਵ ਦੀ ‘ਕੁਫਰ ਦੀ ਦੁਕਾਨ’ ਬੰਦ ਕਰਨ ਬਾਰੇ ਕਿਉਂ ਲਿਖਦਾ। ਇਕ ਕਾਰਨ ਇਹ ਛੋਟਾ-ਮੋਟਾ ਨਾਲ ਰਲ ਗਿਆ ਹੋਵੇਗਾ। ਨਿਰੋਲ ਕਾਰਨ ਤਾਂ ਜਹਾਂਗੀਰ ਦੀ ਕੱਟੜ ਧਾਰਮਕ ਨੀਤੀ ਸੀ, ਜੋ ਉਹਦੇ ਬਾਪ ਅਕਬਰ ਦੀ ਨੀਤੀ ਤੋਂ ਬਿਲਕੁਲ ਉਲਟ ਸੀ।
ਗੁਰੂ ਜੀ ਨੂੰ ਕਾਫੀ ਤਸੀਹੇ ਦਿੱਤੇ ਗਏ ਸਨ। ਯਾਸਾ ਦੇ ਕਾਨੂੰਨ ਮੁਤਾਬਕ ਕਾਫਰਾਂ ਨੂੰ ਇਸ ਤਰ੍ਹਾਂ ਮਾਰੋ ਕਿ ਉਨ੍ਹਾਂ ਦੇ ‘ਅਪਵਿਤਰ ਖੂਨ’ ਦਾ ਕੋਈ ਕਤਰਾ ਧਰਤੀ ‘ਤੇ ਡਿੱਗ ਕੇ ਇਹਨੂੰ ਪਲੀਤ ਨਾ ਕਰੇ। ਇਸ ਲਈ ਗੁਰੂ ਜੀ ਨੂੰ ਕਦੇ ਤੱਤੀ ਤਵੀ ‘ਤੇ ਬੈਠਾ ਕੇ ਉਨ੍ਹਾਂ ਦੇ ਸਿਰ ‘ਤੇ ਸੜਦੀ ਬਲਦੀ ਰੇਤ ਪਾਈ ਗਈ, ਕਦੇ ਉਨ੍ਹਾਂ ਨੂੰ ਉਬਲਦੇ ਪਾਣੀ ਦੀ ਦੇਗ ਵਿਚ ਉਬਾਲਿਆ ਗਿਆ। ਜਦੋਂ ਗਰਮ ਪਾਣੀ ਵਿਚੋਂ ਉਬਾਲ ਕੇ ਬਾਹਰ ਕੱਢਿਆ ਤਾਂ ਫਿਰ ਉਨ੍ਹਾਂ ਨੂੰ ਕਿਲ੍ਹੇ ਦੇ ਨਾਲ ਹੀ ਵਗਦੀ ਰਾਵੀ ਨਦੀ ਦੇ ਬਰਫੀਲੇ ਪਾਣੀ ਵਿਚ ਸੁੱਟ ਦਿੱਤਾ ਗਿਆ। ਭਾਈ ਰਤਨ ਸਿੰਘ ਭੰਗੂ ਵੀ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਹੋ ਲਿਖਦਾ ਹੈ:
ਕੈ ਗੁਰ ਅਰਜਨ ਦਰਿਆਉ ਨ ਬੋੜਿਉ।
ਸਿੱਖ ਰਾਜ ਵੇਲੇ ਰਾਵੀ ਦਰਿਆ ਤਾਂ ਤਕਰੀਬਨ ਇਥੋਂ ਦੋ ਸਦੀਆਂ ਤੋਂ ਵਧ ਸਮਾਂ ਬੀਤ ਜਾਣ ਬਾਅਦ ਵਾਹਵਾ ਦੂਰ ਚਲਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਹ ਗੁਰਦੁਆਰਾ ਸ਼ਹੀਦਾਂ ਦੇ ਸਿਰਤਾਜ ਗੁਰੂ ਜੀ ਦੀ ਯਾਦ ਵਿਚ ਬਣਵਾਇਆ ਸੀ। ਭਾਈ ਬਿਧੀ ਚੰਦ ਦਾ ਘੋੜਿਆਂ ਵਾਲਾ ਪ੍ਰਸੰਗ ਵੀ ਇਸੇ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਕਦੇ ਰਾਵੀ ਦਰਿਆ ਕਿਲ੍ਹੇ ਦੀਆਂ ਕੰਧਾਂ ਨਾਲ ਖਹਿ ਕੇ ਲੰਘਦਾ ਸੀ। ਗੁਰੂ ਕੇ ਸਿੱਖਾਂ ਦੇ ਕਾਬਲੋਂ ਲਿਆਂਦੇ ਦੋ ਘੋੜੇ ਬਾਦਸ਼ਾਹੀ ਕਾਰਿੰਦਿਆਂ ਵਲੋਂ ਖੋਹੇ ਜਾਣ ਬਾਅਦ ਭਾਈ ਬਿਧੀ ਚੰਦ ਇਸ ਕਿਲ੍ਹੇ ਵਿਚ ਜਿਵੇਂ ਕਿਵੇਂ ਘਾਹੀ ਬਣ ਕੇ ਪਹੁੰਚ ਗਿਆ। ਪਹਿਲਾ ਘੋੜਾ ਤਾਂ ਉਸ ਸਾਰੇ ਆਲੇ-ਦੁਆਲੇ ਨੂੰ ਸ਼ਰਾਬੀ ਕਰਕੇ ਰਾਤ ਦੇ ਸਮੇਂ ਦਰਿਆ ਵਿਚ ਕਿਲ੍ਹੇ ਦੀ ਫਸੀਲ ਤੋਂ ਠੇਲ੍ਹਿਆ ਸੀ, ਦੂਜਾ ਘੋੜਾ ਉਹ ਨਜੂਮੀ ਬਣ ਕੇ ਫਿਰ ਦਰਿਆ ਵਿਚ ਸੁੱਟ ਕੇ ਲੈ ਗਿਆ ਸੀ। ਵੈਸੇ ਵੀ ਜਿੰਨੇ ਪੁਰਾਣੇ ਕਿਲ੍ਹੇ ਸਨ, ਸੁਰੱਖਿਆ ਦ੍ਰਿਸ਼ਟੀ ਤੋਂ ਉਨ੍ਹਾਂ ਦੀ ਇਕ ਜਾਂ ਦੋ ਬਾਹੀਆਂ ਵੱਲ ਦਰਿਆ ਹੁੰਦਾ ਸੀ, ਬਾਕੀ ਪਾਸਿਆਂ ‘ਤੇ ਪਾਣੀ ਭਰੀਆਂ ਨਹਿਰਾਂ ਹੁੰਦੀਆਂ ਸਨ। ਲਾਲ ਕਿਲ੍ਹਾ ਦਿੱਲੀ ਅਤੇ ਆਗਰੇ ਦਾ ਕਿਲ੍ਹਾ ਜਮਨਾ ਦੇ ਕੰਢੇ ਸੀ। ਬਠਿੰਡਾ ਦੇ ਕਿਲ੍ਹੇ ਪਾਸ ਵੀ ਪੁਰਾਣੇ ਸਮੇਂ ਵਿਚ ਸਤਲੁਜ ਜਾਂ ਇਸ ਦੀ ਕੋਈ ਸ਼ਾਖਾ ਜ਼ਰੂਰ ਲੰਘਦੀ ਸੀ, ਜਿਹਦੇ ਪੁਰਾਣੇ ਵਹਿਣ ਅੱਜ ਵੀ ਜ਼ਿਲ੍ਹਾ ਸਿਰਸਾ ਵਿਚ ਵੇਖੇ ਜਾ ਸਕਦੇ ਹਨ। ਹਨੂੰਮਾਨਗੜ੍ਹ ਦੇ ਕਿਲ੍ਹੇ ਦੇ ਨਾਲ ਵਹਿਣ ਵਾਲੀ ਘੱਗਰ ਨਦੀ ਸੀ, ਜਿਸ ਨੂੰ ਸਰਸਵਤੀ ਵੀ ਕਿਹਾ ਜਾਂਦਾ ਸੀ। ਕਿਸੇ ਸਮੇਂ ਜਦੋਂ ਇਹ ਕਿਲ੍ਹਾ ਬਣਿਆ, ਇਹ ਬਾਰਾਂ ਮਾਸੀ ਨਦੀ ਸੀ। ਅੱਜ ਨਾ ਬਠਿੰਡਾ ਦੇ ਕਿਲ੍ਹੇ ਨੇੜੇ ਕੋਈ ਦਰਿਆ ਰਿਹਾ ਹੈ, ਨਾ ਭਟਨੇਰ (ਹਨੂੰਮਾਨਗੜ੍ਹ) ਵਾਲੇ ਕਿਲ੍ਹੇ ਕੋਲੋਂ ਵਹਿਣ ਵਾਲੀ ਘੱਗਰ ਬਾਰਾਂ ਮਾਸੀ ਰਹੀ ਹੈ। ਇਨ੍ਹਾਂ ਭੂਗੋਲਿਕ ਤਬਦੀਲੀਆਂ ਦਾ ਵੀ ਕਿਸੇ ਇਲਾਕੇ ਦੇ ਇਤਿਹਾਸ ‘ਤੇ ਇਸ ਤਰ੍ਹਾਂ ਹੌਲੀ-ਹੌਲੀ ਅਸਰ ਪੈਂਦਾ ਹੈ।
ਸਵੇਰੇ ਤੁਰਨ ਲੱਗਿਆਂ ਕਮਰੇ ਨਨਕਾਣਾ ਸਾਹਿਬ ਵਿਖੇ ਹੀ ਅਲਾਟ ਕਰ ਦਿੱਤੇ ਗਏ ਸਨ। ਅਸੀਂ ਜਦੋਂ ਇਥੇ ਪੁੱਜੇ ਤਾਂ ਹਨੇਰਾ ਹੋ ਚੁੱਕਾ ਸੀ। ਸਾਡਾ ਕਮਰਾ ਨੰਬਰ 38 ਸੀ ਅਤੇ ਇਹ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦੀਆਂ ਸਮਾਧਾਂ ਦੇ ਹੇਠਾਂ ਬਣੇ ਭੋਰਿਆਂ ਵਿਚ ਲੰਮੀ ਗੁਫਾ ਵਰਗਾ ਕਮਰਾ ਸੀ। ਸਾਥੋਂ ਅਗਲੇ ਹਿੱਸੇ ਵਿਚ ਫਰੀਦਕੋਟ ਜ਼ਿਲ੍ਹੇ ਦੇ ਯਾਤਰੀ ਟਿਕੇ ਹੋਏ ਸਨ ਅਤੇ ਅਸੀਂ ਲਾਂਘੇ ਜਿਹੇ ਵਿਚ ਹੀ ਤਿੰਨ ਰਾਤਾਂ ਕੱਟੀਆਂ। ਉਹ ਸੁੱਤੇ ਸਰੀਰਾਂ ਦੇ ਉਤੋਂ ਦੀ ਲੰਘ ਜਾਂਦੇ ਸਨ ਪਰ ਦਿਨ ਭਰ ਦੀ ਥਕਾਵਟ ਕਰਕੇ ਰਾਤ ਨੂੰ ਨੀਂਦ ਘੂਕ ਆ ਜਾਂਦੀ। ਕੋਈ ਪ੍ਰੇਸ਼ਾਨੀ ਨਹੀਂ ਸੀ ਹੁੰਦੀ। ਉਂਜ, ਲੰਗਰ ਦੀ ਜਗ੍ਹਾ ਵੀ ਇਥੇ ਥੋੜ੍ਹੀ ਸੀ ਅਤੇ ਸ਼ੋਚ-ਇਸ਼ਨਾਨ ਦੀਆਂ ਸਹੂਲਤਾਂ ਦੀ ਵੀ ਘਾਟ ਸੀ। ਇਸ ਲਈ ਸਿੰਧੀ ਅਤੇ ਹੋਰ ਪਾਕਿਸਤਾਨੀ ਸਿੱਖਾਂ ਦੇ ਜਥੇ ਰਾਤ ਹੀ ਆਪੋ-ਆਪਣੀਆਂ ਬੱਸਾਂ ਜਾਂ ਗੱਡੀਆਂ ਰਾਹੀਂ ਇਥੋਂ ਵਾਪਸ ਪਰਤ ਗਏ ਸਨ। ਜੇ ਉਸ ਸੰਗਤ ਨੇ ਵੀ ਦੋ ਦਿਨ ਹੋਰ ਕੱਟਣੇ ਹੁੰਦੇ ਤਾਂ ਬੜਾ ਕੁਹਰਾਮ ਮੱਚ ਸਕਦਾ ਸੀ। ਉਂਜ, ਨੇੜੇ ਹੀ ਸਕੂਲ ਵਿਚ ਸੰਗਤ ਦਾ ਪ੍ਰਬੰਧ ਕੀਤਾ ਹੋਇਆ ਸੀ।
ਸਮਾਨ ਆਪਣੀ ਸੁਰੰਗ ਦੀਆਂ ਕੰਧਾਂ ਨਾਲ ਟਿਕਾ ਕੇ ਅਸੀਂ, ਸਾਥੀ ਚੰਨਣ ਸਿੰਘ ਵਿਰਕ ਦੀਆਂ ਚਿੱਠੀਆਂ ਅਤੇ ਰਸਾਲੇ-ਕਿਤਾਬਾਂ ਇਲਿਆਸ ਘੁੰਮਣ ਨੂੰ ਦੇਣ ਲਈ ਉਨ੍ਹਾਂ ਨੂੰ ਫੋਨ ਕੀਤਾ। ਉਨ੍ਹਾਂ ਆਖਿਆ ਕਿ ਪੰਦਰਾਂ ਮਿੰਟਾਂ ਤੱਕ ਕਿਲ੍ਹੇ ਦੀ ਕੰਧ ਨਾਲ ਚਿੱਟੇ ਰੰਗ ਦੀ ਕਾਰ ਰੁਕੇਗੀ। ਉਨ੍ਹਾਂ ਕਾਰ ਦਾ ਨੰਬਰ ਵੀ ਦੱਸਿਆ। ਮਿਥੇ ਸਮੇਂ ‘ਤੇ ਗੱਡੀ ਆ ਗਈ ਅਤੇ ਇਲਿਆਸ ਘੁੰਮਣ ਉਸ ਵਿਚੋਂ ਬਾਹਰ ਨਿਕਲ ਰਹੇ ਸਨ। ਮੈਂ ਕਿਹਾ, ਤੁਹਾਡੀ ਮੁਲਾਕਾਤ ਦੀ ਤੀਬਰਤਾ ਨੇ ਲੋਕ ਗੀਤ ਦੀ ਇਹ ਤੁਕ ਕਿੰਨੀ ਸਾਰਥਕ ਕਰ ਦਿੱਤੀ ਹੈ:
ਸੱਦੀ ਹੋਈ ਮਿੱਤਰਾਂ ਦੀ,
ਪੈਰ ਜੁੱਤੀ ਨਾ ਪਾਵਾਂ।
ਸਾਨੂੰ ਤਿੰਨਾਂ ਨੂੰ ਉਹ ਨਿੱਘੀਆਂ ਜੱਫੀਆਂ ਪਾ ਕੇ ਮਿਲੇ। ਉਨ੍ਹਾਂ ਚੰਨਣ ਸਿੰਘ ਵਿਰਕ ਦੀ ਸੁੱਖ-ਸਾਂਦ ਅਤੇ ਸਾਡੇ ਸਫਰ ਬਾਰੇ ਪੁੱਛਿਆ। ਅਸੀਂ ਉਨ੍ਹਾਂ ਨੂੰ ਚੰਨਣ ਸਿੰਘ ਵਾਲਾ ਸਮਾਨ ਦੇ ਦਿੱਤਾ ਅਤੇ ‘ਸਮਕਾਲੀ ਸਾਹਿਤ’, ‘ਵਰਿਆਮ’ ਤੇ ਨਵਾਂ ਜ਼ਮਾਨਾ ਦੇ ‘ਐਤਵਾਰਤਾ’ ਦੇ ਕੁਝ ਅੰਕ ਉਨ੍ਹਾਂ ਨੂੰ ਆਪਣੇ ਵਲੋਂ ਭੇਟ ਕਰ ਦਿੱਤੇ। ਇਸ ਤੋਂ ਪਹਿਲਾਂ ਕੁਝ ਰਸਾਲੇ ਆਜ਼ਾਦ ਸਾਹਿਬ ਨੂੰ ਨਨਕਾਣਾ ਸਾਹਿਬ ਵਿਖੇ ਦੇ ਆਏ ਸਾਂ ਅਤੇ ਉਨ੍ਹਾਂ ਨੇ ਬੁੱਲੇ ਸ਼ਾਹ ਟਰਸਟ, ਕਸੂਰ ਦੀਆਂ ਕੁਝ ਪ੍ਰਕਾਸ਼ਨਾਵਾਂ ਸਾਨੂੰ ਚੰਨਣ ਸਿੰਘ ਨੂੰ ਦੇਣ ਲਈ ਦਿੱਤੀਆਂ ਸਨ। ਇਲਿਆਸ ਘੁੰਮਣ ਨਾਲ ਪ੍ਰੋਗਰਾਮ ਬਣਿਆ ਕਿ ਕੱਲ੍ਹ ਦਾ ਦਿਨ ਅਸੀਂ ਖਰੀਦ ਵਗੈਰਾ ਕਰਨ ਲਈ ਲਾਵਾਂਗੇ। ਨਾਲੇ ਕਿਲ੍ਹਾ ਵੇਖ ਲਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਪਰਸੋਂ ਤੁਸੀਂ ਸ਼ਾਮ ਚਾਰ ਵਜੇ ਬਿਲਾਲ ਵਿਚ ਸਾਡੇ ਦਫਤਰ ਆ ਜਾਣਾ, ਗੱਡੀ ਭੇਜ ਦਿਆਂਗਾ ਅਤੇ ਲਾਹੌਰ ਦੇ ਕੁਝ ਕੁ ਅਦੀਬ ਸੱਜਣਾਂ ਨੂੰ ਉਥੇ ਬੁਲਾ ਲਵਾਂਗੇ ਤੁਹਾਡੇ ਨਾਲ ਮਿਲਣੀ ਵਾਸਤੇ। ਜਿਹੜੇ ਵੀ ਅਦੀਬ ਤੁਹਾਡੇ ਨਾਲ ਇਸ ਜਥੇ ਵਿਚ ਆਏ ਹਨ, ਉਨ੍ਹਾਂ ਸਾਰਿਆਂ ਨੂੰ ਤੁਸੀਂ ਲੈ ਆਇਉ।”
ਮੈਂ ਕਿਹਾ, “ਪ੍ਰਿੰਸੀਪਲ ਸ਼ੇਰ ਸਿੰਘ ‘ਸ਼ੇਰ’ ਨੇ ਸਾਡੇ ਨਾਲ, ਵੱਡੇ ਅਦੀਬ, ਪਰ ਉਹ ਕੁਝ ਫੈਨੇਟਿਕ (ਕੱਟੜ) ਕਿਸਮ ਦੇ ਨੇ।” ਉਨ੍ਹਾਂ ਕਿਹਾ, “ਕੋਈ ਗੱਲ ਨਹੀਂ, ਤੁਸੀ ਜਮ ਜਮ ਲਿਆਓ ਉਨ੍ਹਾਂ ਨੂੰ ਨਾਲ।” ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਗੁਰਦੁਆਰਿਆਂ ਵਿਚ ਮੈਂ ਸ਼ੇਰ ਜੀ ਦੇ ਨਾਲ ਉਥੋਂ ਦੇ ਮੁਸਲਿਮ ਬੁੱਧੀਜੀਵੀਆਂ ਨੂੰ ਜਦੋਂ ਮਿਲਿਆ, ਜਾਂ ਤਾਂ ਉਹ ਜਾਣ-ਬੁੱਝ ਕੇ, ਪਰ ਕਈ ਵਾਰ ਉਨ੍ਹਾਂ ਦੀ ਦੁਖਦੀ ਰਗ ‘ਤੇ ਇਹ ਕਹਿ ਕੇ ਹੱਥ ਰੱਖ ਦਿੰਦੇ ਸਨ ਕਿ ਇਸਲਾਮ ਵਿਚ ਜ਼ਿੰਮੀ (ਮੁਸਲਮਾਨ ਤੋਂ ਇਲਾਵਾ ਦੂਜੇ ਧਾਰਮਕ ਵਿਸ਼ਵਾਸਾਂ ਵਾਲੇ ਲੋਕ) ਦੀ ਕੀ ਥਾਂ ਹੈ। ਮੈਨੂੰ ਇਹ ਵੀ ਲਗਦਾ ਕਿ ਉਹ ਆਪਣੀ ਇਸਲਾਮ ਦੀ ਅਥਾਹ ਵਾਕਫੀਅਤ ਅਤੇ ਵਿਦਵਤਾ ਸਦਕਾ ਉਨ੍ਹਾਂ ਨੂੰ ਕਦੇ-ਕਦੇ ਚਿੜਾਉਂਦੇ ਵੀ ਸਨ। ਕੁਝ ਹੰਕਾਰੀ ਸੁਭਾਅ ਦੇ ਲੱਗੇ ਸਨ। ਇਕ ਹੋਰ ਗੱਲ ਉਨ੍ਹਾਂ ਦੀ ਮੈਨੂੰ ਚੰਗੀ ਨਹੀਂ ਸੀ ਲੱਗਦੀ, ਜਦੋਂ ਉਹ ਇਹ ਕਹਿੰਦੇ, ਵੰਡ ਸਮੇਂ ਤੁਹਾਨੂੰ ਇਹੋ ਜਿਹਾ ਹਿਊਮਨ ਐਲੀਮੈਂਟ (ਮਨੁੱਖੀ ਤੱਤ) ਨਹੀਂ ਮਿਲਿਆ ਜਿਹੋ ਜਿਹਾ ਅਸੀਂ ਇਧਰੋਂ ਲੈ ਗਏ ਹਾਂ। ਉਹ ਯੂ. ਪੀ. ਦੇ ਮੁਹਾਜਰਾਂ ਜਿਨ੍ਹਾਂ ਨੂੰ ਉਹ ਤਿਲੀਅਰ ਵੀ ਕਹਿੰਦੇ ਸਨ, ਨੂੰ ਵੀ ਕੁਝ ਹੇਚ ਦ੍ਰਿਸ਼ਟੀ ਨਾਲ ਵੇਖਦੇ ਅਤੇ ਆਪਣੇ ਕਥਨ ਦੀ ਪੁਸ਼ਟੀ ਲਈ ਪਾਕਿਸਤਾਨ ਦੇ ਪ੍ਰਸਿਧ ਢੋਲਈ ਨੂਰੀ ਕੈਬੋਕੇ ਦੇ ਢੋਲੇ ਦੀਆਂ ਇਨ੍ਹਾਂ ਤੁਕਾਂ ਦਾ ਪਾਠ ਵੀ ਕਰਦੇ:
ਸੁਇੰਨਾ ਦੇ ਮੁਲੰਮਾ ਵਿਹਾਜਿਹਾ ਸੂ
ਕਿਨ੍ਹੇ ਨਾ ਦਿੱਤੀ ਮੱਤ ਜਿਨਾਹ ਨੂੰ।
ਭਾਵ ਪਈ ਕਿਥੇ ਇਧਰੋਂ ਜਾਣ ਵਾਲੇ ਸਿੰਘ ਸਰਦਾਰ ਤੇ ਕਿਥੇ ਉਧਰੋਂ ਆਉਣ ਵਾਲੇ ਇਹ ਯੂ. ਪੀ. ਭਈਅਨ। ਉਹ ਯੂ. ਪੀ. ਵਿਚੋਂ ਗਏ ਮੁਸਲਮਾਨਾਂ ਦੇ ਸਨਮੁਖ ਇਹ ਬੋਲਬਾਣੀ ਵਰਤਦੇ। ਇਨ੍ਹਾਂ ਮੁਹਾਜਰਾਂ ਪ੍ਰਤੀ ਹਿਕਾਰਤ ਭਰਿਆ ਇਹ ਵਤੀਰਾ ਮੈਨੂੰ ਤਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਸਿਖਿਆ ਦੇ ਉਲਟ ਜਾਪਦਾ। ਇਸ ਲਈ ਮੈਂ ਕਈ ਵਾਰ ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਹਜ਼ਮ ਕਰਨ ਤੋਂ ਅਸਰਮਥ ਹੋ ਜਾਂਦਾ। ਮੇਰੀ ਉਨ੍ਹਾਂ ਨਾਲ ਗੁਰੂਆਂ ਦੀ ਸਿੱਖਿਆ ਦੇ ਸਬੰਧ ਵਿਚ ਝੜਪ ਵੀ ਹੋ ਜਾਂਦੀ ਤਾਂ ਉਨ੍ਹਾਂ ਦੀ ਹੋਰ ਕੋਈ ਵਾਹ ਨਾ ਚੱਲਦੀ ਤਾਂ ਮੈਨੂੰ ਉਚੀ-ਉਚੀ ਖਾਸ ਕਰਕੇ ਖਾਲਸਤਾਨੀਆਂ ਦੇ ਟੈਂਟਾਂ ਪਾਸ, ਜਿਥੇ ਉਨ੍ਹਾਂ ਦੇ ਭੜਕਾਊ ਪ੍ਰਚਾਰ ਦੀਆਂ ਕੈਸਟਾਂ ਵੱਜਦੀਆਂ ਸਨ, ਕਹਿਣ ਲੱਗਦੇ, “ਓਇ ਮਾਰਕਸ ਦਿਆ ਚੇਲਿਆ! ਤੂੰ ਇਥੇ ਗੁਰੂ ਨਾਨਕ ਦੇ ਘਰ ਆਇਆ ਕੀ ਕਰਨ ਹੈਂ?”
“ਡਾਕਟਰ ਸਾਹਿਬ, ਮੈਨੂੰ ਤਾਂ ਮਾਰਕਸ ਅਤੇ ਗੁਰੂ ਨਾਨਕ ਸਮਤਾ ਆਧਾਰਤ ਸਮਾਜ ਦੀ ਮੰਜ਼ਿਲ ਵੱਲ ਵਧਦੇ ਹੋਏ ਦੋਵੇਂ ਮੁਕਤੀ ਮਾਰਗ ਦੇ ਹੀ ਪਾਂਧੀ ਜਾਪਦੇ ਹਨ। ਤੁਸੀ ਖਾਹ-ਮਖਾਹ ਇਨ੍ਹਾਂ ਵਿਚ ਵਿਥਾਂ ਲੱਭਦੇ ਫਿਰਦੇ ਹੋ।” ਡਾਕਟਰ ਸਾਹਿਬ ਬੁੜ-ਬੁੜ ਕਰਦੇ ਆਪਣੇ ਵੀ. ਆਈ. ਪੀ. ਰੂਮ ਵਲ ਟੁਰ ਜਾਂਦੇ।
6 ਨਵੰਬਰ ਦਾ ਦਿਨ ਅਸੀਂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਦੋਹਾਂ ਪਾਤਸ਼ਾਹ ਪੁੱਤਰਾਂ-ਖੜਕ ਸਿੰਘ ਤੇ ਸ਼ੇਰ ਸਿੰਘ ਦੀਆਂ ਸਮਾਧਾਂ ਦੇ ਦਰਸ਼ਨਾਂ ਨਾਲ ਸ਼ੁਰੂ ਕੀਤਾ, ਜਿਥੇ ਪੌੜੀਆਂ ਚੜ੍ਹ ਕੇ ਉਪਰ ਤੱਕ ਜਾਇਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਸ਼ਾਹੀ ਮਸਜਿਦ ਅਤੇ ਗੁਰਦੁਆਰਾ ਡੇਹਰਾ ਸਾਹਿਬ ਦੇ ਵਿਚਾਲੇ ਸੀ। ਮਸੀਤ ਵਾਲੇ ਪਾਸੇ ਦਾ ਇਹ ਵੱਡਾ ਗੇਟ ਤਾਂ ਹੁਣ ਬੰਦ ਸੀ, ਸ਼ਾਇਦ ਇਹ ਵੰਡ ਤੋਂ ਪਹਿਲਾਂ ਖੁੱਲ੍ਹਦਾ ਹੋਵੇ। ਮੁਗਲ ਬਾਦਸ਼ਾਹਾਂ ਦੇ ਮਕਬਰਿਆਂ ਵਾਂਗ ਹੀ ਸਿੱਖ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਦੇ ਮਿਸ਼ਰਨ ਵਾਲੀ ਇਹ ਸਮਾਧ ਆਪਣੇ ਪੂਰੇ ਜਾਹੋ-ਜਲਾਲ ਵਿਚ ਖਲੋਤੀ ਸੀ ਅਤੇ ਪੰਜਾਬੀਆਂ ਦੇ ਪਹਿਲੇ ਪ੍ਰਭੂਸੱਤਾ ਸੰਪੰਨ ਮਹਾਰਾਜੇ ਦੀ ਕੀਰਤੀ ਦਾ ਵਿਖਿਆਨ ਕਰ ਰਹੀ ਸੀ, ਜਿਸ ਨੂੰ ਕੋਈ ਅੱਠ ਸਦੀਆਂ ਪਿਛੋਂ ਪੰਜਾਬ ਵਿਚ ਆਪਣਾ ਰਾਜ ਚਲਾਉਣ ਦਾ ਹੱਕ ਮਿਲਿਆ ਸੀ। ਸਮਾਧ ਵਿਚ ਮਹਾਰਾਜੇ ਦੇ ਅੰਗੀਠੇ ਵਾਲੀ ਥਾਂ ‘ਤੇ ਵੱਡਾ ਸਾਰਾ ਥੜ੍ਹਾ ਬਣਿਆ ਸੀ ਅਤੇ ਲਾਗੇ ਛੋਟੀਆਂ ਛੋਟੀਆਂ ਮਮਟੀਆਂ ਜਿਹੀਆਂ ਖੜ੍ਹੀਆਂ ਸਨ। ਇਹ ਉਨ੍ਹਾਂ ਰਾਣੀਆਂ ਦੀ ਯਾਦ ਦਿਵਾਉਂਦੀਆਂ ਸਨ, ਜੋ ਮਹਾਰਾਜੇ ਦੀ ਦੇਹ ਨਾਲ ਆਪਣੇ ਹਿੰਦੂ ਕਰਮ-ਕਾਂਡ ਕਰਕੇ ਸਤੀ ਹੋ ਗਈਆਂ ਸਨ। ਇਹ ਜ਼ਿਆਦਾ ਪਹਾੜਨਾਂ ਹੀ ਸਨ। ਮਹਾਰਾਜੇ ਦੇ ਅਦੁੱਤੀ ਵੈਭਵ ਦੀ ਪ੍ਰਤੀਕ ਇਸ ਸਮਾਧ ਦੀ ਜ਼ਿਆਰਤ ਕਰਦਿਆਂ ਸਾਂਝੇ ਪੰਜਾਬ ਦੇ ਕੌਮੀ ਕਵੀ ਸ਼ਾਹ ਮੁਹੰਮਦ ਦੀਆਂ ਇਹ ਤੁਕਾਂ ਜ਼ਿਹਨ ਵਿਚ ਘੁੰਮ ਰਹੀਆਂ ਸਨ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ, ਕੋਟ ਨਿਵਾਇ ਗਿਆ।
ਤਿੱਬਤ ਦੇਸ ਲਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਮਹਾਰਾਜਾ ਰਣਜੀਤ ਸਿੰਘ 1799 ਵਿਚ 19 ਵਰ੍ਹਿਆਂ ਦੀ ਉਮਰੇ ਲਾਹੌਰ ਦੇ ਤਖਤ ‘ਤੇ ਬੈਠਾ ਸੀ। 1839 ਵਿਚ ਉਹ ਕਾਲ ਵੱਸ ਹੋਇਆ। ਅੰਗਰੇਜ਼ਾਂ ਨੇ ਆਪਣੀ ਕੁਟਲ ਨੀਤੀ ਨਾਲ ਪੰਜਾਬ ‘ਤੇ 1849 ਵਿਚ ਮੁਕੰਮਲ ਏਕਾਧਿਕਾਰ ਕਰ ਲਿਆ। ਪੰਜਾਬ ਵਿਚ ਇਹ ਦਸ ਵਰ੍ਹੇ ਖਾਨਾਜੰਗੀ ਦੇ ਸਨ, ‘ਜਿਹੜਾ ਬਹੇ ਗੱਦੀ ਉਹਨੂੰ ਮਾਰ ਦੇਂਦੇ, ਚੱਲੀ ਵਿਚ ਦਰਬਾਰ ਤਲਵਾਰ ਮੀਆਂ।’ ਪੰਜਾਬੀਆਂ ਦੇ ਇਸ ਸਾਂਝੇ ਰਾਜ ਨੇ ਅੱਧੀ ਸਦੀ ਵਿਚ ਖਿੱਤੇ ਦੇ ਲੋਕਾਂ ਦੇ ਆਤਮ ਸਨਮਾਨ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਸੀ। ਜੱਟ ਭਾਈਚਾਰੇ ਨੇ ਪਹਿਲੀ ਵਾਰ ਸੱਤਾ ਦਾ ਜਲੌਅ ਵੇਖਿਆ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਜਾਤੀ ਅਭਿਮਾਨ ਚੋਖਾ ਵਧ ਗਿਆ ਸੀ। ਇਸ ਤੋਂ ਪਹਿਲਾਂ ਬ੍ਰਾਹਮਣ, ਖੱਤਰੀ, ਰਾਜਪੂਤ ਜਾਂ ਮੁਗਲ ਪਠਾਣ ਆਦਿ ਹੀ ਹਾਕਮ ਹੁੰਦੇ ਸਨ। ਦਰਿਆਵਾਂ ਦੇ ਕੰਢਿਆਂ ‘ਤੇ ਇਸੇ ਸਮੇਂ ਹੀ ਸਿੱਖ ਕਿਸਾਨੀ ਆਬਾਦ ਹੋਈ ਸੀ। ਕਈ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੇ ਇਸ ਵਿਸ਼ਾਲ ਰਾਜ ਦੇ ਪਤਨ ਦਾ ਕਾਰਨ ਘਰ ਦੀ ਫੁੱਟ ਅਤੇ ਡੋਗਰਿਆਂ ਦੀਆਂ ਸਾਜ਼ਿਸ਼ਾਂ ਦੱਸਦੇ ਹਨ ਪਰ ਇਤਿਹਾਸਕ ਭੌਤਿਕਵਾਦ ਸਾਨੂੰ ਦੱਸਦਾ ਹੈ ਕਿ ਸਿੱਖਾਂ ਦਾ ਰਾਜ ਜਿਸ ਪੈਦਾਵਾਰੀ ਢਾਂਚੇ ਉਪਰ ਖੜ੍ਹਾ ਸੀ, ਉਹ ਜਗੀਰਦਾਰੀ ਸੀ। ਜੇ ਕਿਤੇ ਰਣਜੀਤ ਸਿੰਘ ਗੁਰੂ ਆਸ਼ੇ ਮੁਤਾਬਕ ਭੋਇੰ ਦੀ ਵੰਡ ਕਿਸਾਨਾਂ ਵਿਚ ਸਾਵੀਂ ਕਰ ਦਿੰਦਾ, ਬਿਨਾ ਮਜਹਬ ਤੇ ਜਾਤ ਦੇ ਵਿਤਕਰੇ ਦੇ ਅਤੇ ਸ਼ਹਿਰਾਂ ਵਿਚ ਜਿਹੜੇ ਉਦਯੋਗ ਧੰਦੇ ਵਿਕਸਿਤ ਹੋਏ ਸਨ, ਉਨ੍ਹਾਂ ਵਿਚ ਦਸਤਕਾਰਾਂ ਤੇ ਕਿਰਤੀਆਂ ਨੂੰ, ਦਸੌਰ ਮਾਲ ਭੇਜਣ ਵਾਲੇ ਵਪਾਰੀਆਂ ਦੇ ਕਰੜੇ ਕੰਟਰੋਲ ਤੋਂ ਮੁਕਤ ਕਰਕੇ ਆਪ ਸਿੱਧਾ ਮਾਲ ਲੈ ਕੇ ਉਨ੍ਹਾਂ ਨੂੰ ਪੂਰਾ ਮੁੱਲ ਦੇ ਕੇ ਬਾਹਰ ਭੇਜਣਾ ਸ਼ੁਰੂ ਕਰ ਦਿੰਦਾ ਤਾਂ ਇਹ ਰਾਜ ਇਸ ਤਰ੍ਹਾਂ ਰੇਤ ਦੀਆਂ ਕੰਧਾਂ ਵਾਂਗ ਨਾ ਖੁਰਦਾ। ਨਿੱਜੀ ਸੰਪਤੀ ਅਤੇ ਸੱਤਾ ਦੀ ਭੁੱਖ ਵਿਚ ਭਰਾਵਾਂ ਦੇ ਗਲੇ ਵੱਢੇ ਜਾਂਦੇ ਰਹੇ। ਅੰਗਰੇਜ਼ ਉਸ ਸਮੇਂ ਵਪਾਰਕ ਸਰਮਾਏਦਾਰੀ ਦੀ ਪ੍ਰਤੀਨਿਧਤਾ ਕਰਦੇ ਸਨ, ਜੋ ਸਾਮੰਤੀ ਪ੍ਰਬੰਧ ਨਾਲੋਂ ਉਚੇਰੀ ਅਵਸਥਾ ਸੀ। ਇਸ ਲਈ ਸਿੱਖ ਰਾਜ ਦਾ ਖਾਤਮਾ ਇਤਿਹਾਸ ਦੀ ਤੋਰ ਮੁਤਾਬਕ ਦਰੁਸਤ ਸੀ ਅਤੇ ਇਸ ‘ਤੇ ਹੰਝੂ ਵਹਾਉਣ ਦੀ ਥਾਂ ਲੋੜ ਆਪਾ ਚੀਨਣ ਅਤੇ ਇਤਿਹਾਸ ਦੀਆਂ ਅਗਰਗਾਮੀ ਸ਼ਕਤੀਆਂ ਨਾਲ ਕਰਿੰਗੜੀ ਪਾਉਣ ਦੀ ਹੁੰਦੀ ਹੈ।
ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਸੀ। ਇਸ ਦਾ ਰਾਜ ਵਰ੍ਹਾ ਕੁ ਰਿਹਾ। ਇਹ ਲੋਲ੍ਹਾ ਜਿਹਾ ਸ਼ਖਸ ਸੀ ਅਤੇ ਅਫੀਮ ਦੀ ਪੀਨਕ ਵਿਚ ਹੀ ਇਸ ਨੇ ਆਪਣੀ ਅਉਧ ਹੰਢਾਈ ਸੀ। ਡੋਗਰਿਆਂ ਨੇ ਇਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਇਸ ਦੇ ਵਿਰੁਧ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ਇਹਨੂੰ ਹੌਲੀ-ਹੌਲੀ ਕੋਈ ਜ਼ਹਿਰ ਵੀ ਦਿੱਤਾ ਗਿਆ ਸੀ। ਉਸ ਦੇ ਮਿੱਤਰ ਸ਼ ਚੇਤ ਸਿੰਘ ਬਾਜਵਾ ਦੇ ਕਤਲ ਨਾਲ ਹੀ ਲਾਹੌਰ ਦਰਬਾਰ ਵਿਚ ਖਾਨਾਜੰਗੀ ਦਾ ਮੁੱਢ ਬੱਝਦਾ ਹੈ। ਇਸ ਕਤਲ ਤੋਂ ਬਾਅਦ ਮਹਾਰਾਜ ਛੇਤੀ ਹੀ ਮਰ ਜਾਂਦਾ ਹੈ। ਸ਼ਾਹ ਮੁਹੰਮਦ ਲਿਖਦਾ ਹੈ:
ਖੜਗ ਸਿੰਘ ਮਹਾਰਾਜੇ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,
ਸਾਡਾ ਏਹੋ ਸੀ ਕੌਲ ਕਰਾਰ ਮੀਆਂ।
ਖੜਕ ਸਿੰਘ ਦੇ ਸਸਕਾਰ ਤੋਂ ਮੁੜਦਿਆਂ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਉਤੇ ਕਿਲ੍ਹੇ ਦੇ ਦਰਵਾਜੇ ਦਾ ਛੱਜਾ, ਜਿਸ ਵਿਚ ਬਾਰੂਦ ਦੱਬਿਆ ਸੀ, ਡੇਗਿਆ ਗਿਆ। ਉਹ ਫੱਟੜ ਹੋ ਗਿਆ ਅਤੇ ਬਾਅਦ ਵਿਚ ਉਸ ਦਾ ਕੀਰਤਨ ਸੋਹਿਲਾ ਵੀ ਪੜ੍ਹ ਦਿੱਤਾ ਗਿਆ। ਪਿਉ-ਪੁੱਤਰ ਇਉਂ ਇਕੱਠੇ ਹੀ ਗਏ। ਨੌਨਿਹਾਲ ਸਿੰਘ ਤੋਂ ਵੈਸੇ ਪੰਜਾਬ ਦੇ ਲੋਕਾਂ ਨੂੰ ਕਾਫੀ ਆਸਾਂ ਸਨ। ਫਿਰ ਮਹਾਰਾਜੇ ਦਾ ਦੂਜਾ ਪੁੱਤਰ ਸ਼ੇਰ ਸਿੰਘ ਕੁਝ ਕੁ ਦਿਨ ਚੰਦ ਕੌਰ (ਖੜਕ ਸਿੰਘ ਦੀ ਵਿਧਵਾ ਮਹਾਰਾਣੀ) ਦੇ ਰੋਕਣ ਬਾਅਦ ਤਖਤ ‘ਤੇ ਬਹਿਣ ਵਿਚ ਕਾਮਯਾਬ ਹੋ ਗਿਆ। ਰਣਜੀਤ ਸਿੰਘ ਦੀ ਬਰਾਦਰੀ ਦੇ ਸੰਧਾਵਾਲੀਆ ਸਰਦਾਰਾਂ ਦੇ ਹੱਥੋਂ ਉਸ ਦੀ ਹੱਤਿਆ ਹੋਈ। ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਵੀ ਝਟਕਾ ਦਿੱਤਾ ਅਤੇ ਹੁਣ ਗੱਦੀ ‘ਤੇ ਬਾਲਕ ਦਲੀਪ ਸਿੰਘ ਨੂੰ ਬਹਾਇਆ ਗਿਆ। ਰਾਜ-ਕਾਜ ਦਾ ਕੰਮ ਉਸ ਦੀ ਮਾਤਾ (ਰਣਜੀਤ ਸਿੰਘ ਦੀ ਸਭ ਤੋਂ ਛੋਟੀ ਮਹਾਰਾਣੀ) ਜਿੰਦ ਕੌਰ ਚਲਾਉਂਦੀ ਰਹੀ।
ਮਹਾਰਾਜਾ ਸ਼ੇਰ ਸਿੰਘ ਸ਼ੁਕੀਨ ਸੁਭਾਉ ਦਾ ਸੀ। ਕਿਹਾ ਜਾਂਦਾ ਹੈ ਕਿ ਸਿੱਖਾਂ ਵਿਚ ਦਾੜ੍ਹੀ ਬੰਨ੍ਹਣ ਦਾ ਰਿਵਾਜ ਰਾਜਪੂਤਾਂ ਵਾਂਗ ਉਸ ਨੇ ਹੀ ਸ਼ੁਰੂ ਕੀਤਾ। ਨੌਨਿਹਾਲ ਸਿੰਘ ਕਿਉਂਕਿ ਗੱਦੀਨਸ਼ੀਨ ਨਹੀਂ ਹੋਇਆ ਸੀ, ਇਸ ਲਈ ਉਹਦੀ ਸਮਾਧ ਇਨ੍ਹਾਂ ਸ਼ਾਹੀ ਸਮਾਧਾਂ ਦੇ ਨਾਲ ਨਹੀਂ ਬਣਾਈ ਜਾ ਸਕਦੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਵੰਡ ਤੋਂ ਪਹਿਲਾਂ ਉਸ ਦੀ ਬਰਸੀ ‘ਤੇ ਬੜੇ ਸ਼ਾਨਦਾਰ ਪੰਜਾਬੀ ਕਵੀ ਦਰਬਾਰ ਹੁੰਦੇ ਸਨ। ਵਿਧਾਤਾ ਸਿੰਘ ਤੀਰ ਦੀ ਇਕ ਕਵਿਤਾ, ਜੋ ਮਹਾਰਾਣੀ ਜਿੰਦਾਂ ਦਾ ਰੁਦਨ ਪੇਸ਼ ਕਰਦੀ ਹੈ, ਬੜੀ ਪ੍ਰਸਿਧ ਸੀ:
ਜਾਗ ਜਾਗ ਵੇ ਸੁੱਤਿਆ ਸ਼ੇਰ ਕੰਤਾ
ਤੈਨੂੰ ਜਿੰਦ ਜਗਾਉਣ ਲਈ ਆਈ ਹੋਈ ਆ।
ਇਨ੍ਹਾਂ ਸਮਾਧਾਂ ਦਾ ਦੀਦਾਰ ਮਨ ਨੂੰ ਕਿਸੇ ਸੋਗੀ ਅਵਸਥਾ ਵਿਚ ਪੁਚਾ ਦਿੰਦਾ ਸੀ। ਲਾਹੌਰ ਦਰਬਾਰ ਦਾ ਦੁਖਾਂਤ ਅੱਖਾਂ ਅੱਗੇ ਘੁੰਮ ਰਿਹਾ ਸੀ। ਮਹਾਰਾਜਾ ਦਲੀਪ ਸਿੰਘ ਨੂੰ ਵੀ ਅਲਪ ਆਯੂ ਵਿਚ ਹੀ ਗੱਦੀਉਂ ਉਤਾਰਿਆ ਜਾਂਦਾ ਹੈ। ਮਾਂ ਪੁੱਤਰ ਨਿਖੇੜ ਦਿੱਤੇ ਜਾਂਦੇ ਹਨ। ਬਾਲ ਮਹਾਰਾਜੇ ਨੂੰ ਪੰਜਾਬ ਬਦਰ ਕਰ ਦਿੱਤਾ ਗਿਆ। ਉਸ ਦੇ ਪੁਰਖਿਆਂ ਦਾ ਧਾਰਮਕ ਅਕੀਦਾ ਵੀ ਵਿਦੇਸ਼ੀਆਂ ਦੇ ਧਰਮ ਨੂੰ ਮਹਿਮਾ-ਮੰਡਿਤ ਕਰਕੇ ਉਸ ਤੋਂ ਖੋਹ ਲਿਆ। ਲੰਮੇ ਸਮੇਂ ਬਾਅਦ ਮਾਂ-ਪੁੱਤਰ ਕਲਕੱਤੇ ਅਤੇ ਫਿਰ ਵਲਾਇਤ ਇਕੱਠੇ ਹੁੰਦੇ ਹਨ। ਮਹਾਰਾਣੀ ਜਿੰਦਾਂ ਦੀ ਤ੍ਰਾਸਦੀ, ਹਾਰੀ ਹੋਈ ਕੌਮ ਦੀ ਤ੍ਰਾਸਦੀ ਬਣ ਜਾਂਦੀ ਹੈ।
ਅੰਤਿਮ ਮਹਾਰਾਜੇ ਦਲੀਪ ਸਿੰਘ ਦੀ ਹੋਣੀ ਚਿਤਵਦਾ ਮੈਂ ਉਸ ਦੇ ਵਿਸ਼ਵ ਵਿਖਿਆਤ ਬਾਪ ਅਤੇ ਵੱਡੇ ਭਰਾਵਾਂ ਦੀਆਂ ਸਮਾਧਾਂ ਦੀ ਪਰਿਕਰਮਾ ਕਰ ਰਿਹਾ ਸੀ। ਉਦੋਂ ਹੀ ਮੈਨੂੰ 1980-81 ਦਾ ਆਪਣਾ ਮਾਸਕੋ ਦਾ ਕਿਆਮ ਯਾਦ ਆਇਆ, ਜਿਥੋਂ ਮੈਂ ਉਹ ਹੋਟਲ ਲੱਭਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਿਸ ਵਿਚ 1887 ‘ਚ ਮਹਾਰਾਜਾ ਦਲੀਪ ਸਿੰਘ ਰੂਸੀਆਂ ਨੂੰ ਅੰਗਰੇਜ਼ਾਂ ਵਿਰੁਧ ਜੰਗ ਦੇ ਮੈਦਾਨ ਵਿਚ ਉਤਾਰਨ ਲਈ ਗਿਆ ਸੀ।