ਭਾਰਤ ਵਿਚ ਨਾਰੀ ਹੱਕ ਦੇ ਅਲੰਬਰਦਾਰ ਡਾ. ਅੰਬੇਡਕਰ

ਹਰਬੰਸ ਵਿਰਦੀ, ਵੈਸਟ ਲੰਡਨ
ਫੋਨ: 0044-7903839047
ਹਰ ਸਾਲ 8 ਮਾਰਚ ਨੂੰ ਸਾਰੇ ਸੰਸਾਰ ਵਿਚ ਵੁਮਨ’ਜ਼ ਡੇਅ ਭਾਵ ਨਾਰੀ ਦਿਵਸ ਮਨਾਇਆ ਜਾਂਦਾ ਹੈ। ਜਿਵੇਂ ਜਿਵੇਂ ਸਾਇੰਸ ਦਾ ਯੁੱਗ ਆ ਰਿਹਾ ਹੈ, ਔਰਤ ਹੀ ਨਹੀਂ, ਦੁਨੀਆਂ ਦੇ ਹਰ ਕੋਨੇ ਵਿਚ ਹਰ ਇਨਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਧੰਨਵਾਦ ਹੈ ਸੋਸ਼ਲ ਮੀਡੀਏ ਦਾ ਜਿਸ ਨਾਲ ਬਹੁਤ ਹੀ ਹਰ ਖਬਰ ਪਲਾਂ ਛਿਣਾਂ ਵਿਚ ਸਾਰੇ ਸੰਸਾਰ ਵਿਚ ਫੈਲ ਜਾਂਦੀ ਹੈ।
ਬਹੁਤੇ ਧਰਮਾਂ ਨੇ ਔਰਤ ਨੂੰ ਹਰ ਪੱਖੋਂ ਕੁਚਲਿਆ ਹੈ। ਜੰਬੂਦੀਪ (ਭਾਰਤ) ਵਿਚ ਯੂਰੇਸ਼ੀਅਨਾਂ ਦੇ ਆਉਣ ਤੋਂ ਪਹਿਲਾਂ ਮੋਹੰਜੋਦਾੜੋ, ਹੜੱਪਾ, ਸਿੰਧੂ ਘਾਟੀ ਤੋਂ ਇਲਾਵਾ ਲੂਥਨਕਾਲੀਬੰਗਰ, ਧੋਲਾਵੀਰਾ, ਰਾਖੀਗਾਰਥੀ ਆਦਿ ਹੋਰ ਵੀ ਸ਼ਹਿਰ ਸਨ, ਜਿੱਥੇ ਔਰਤ ਪੂਰੀ ਤਰ੍ਹਾਂ ਆਜ਼ਾਦ ਸੀ। ਇਸ ਦੇ ਸਬੂਤ ਇਨ੍ਹਾਂ ਦੇ ਖੰਡਰਾਂ ਵਿਚੋਂ ਮਿਲਦੇ ਹਨ।

ਸਾਕੀਆ ਮੁਨੀ ਮਹਾਤਮਾ ਗੌਤਮ ਬੁੱਧ ਨੇ ਤਾਂ 2,600 ਸਾਲ ਪਹਿਲਾਂ ਜਿਵੇਂ ਮਰਦਾਂ ਦਾ ਭਿੱਖੂ ਸੰਘ ਬਣਾਇਆ, ਉਸ ਤੋਂ ਛੇ ਸਾਲ ਬਾਅਦ ਔਰਤਾਂ ਦਾ ਵੀ ਵੈਸ਼ਾਲੀ ਵਿਖੇ ਭਿੱਖੂਣੀ ਸੰਘ ਬਣਾਇਆ। ਭਿੱਖੂਆਂ ਨੂੰ 227 ਅਸੂਲ ਮੰਨਣੇ ਪੈਂਦੇ ਹਨ ਅਤੇ ਭਿੱਖੂਣੀਆਂ ਨੂੰ 310 ਮੰਨਣੇ ਪੈਂਦੇ ਹਨ। ਮਹਾਤਮਾ ਬੁੱਧ ਨੂੰ ਕਿਸੇ ਨੇ ਸਵਾਲ ਕੀਤਾ, “ਦੁਨੀਆਂ ਵਿਚ ਸਭ ਤੋਂ ਪਵਿੱਤਰ ਕੀ ਹੈ?”
ਗੁਲਾਬ ਦੇ ਫੁੱਲ, ਕਿਸੇ ਨਦੀ ਦਾ ਪਾਣੀ, ਜਿਸ ਤੋਂ ਉਸ ਵਕਤ ਕੱਪੜਾ ਬਣਦਾ ਸੀ, ਕਪਾਹ ਦਾ ਫੁੱਲ ਆਦਿ ਕਹਿ ਸਕਦੇ ਸਨ ਪਰ ਮਹਾਤਮਾ ਬੁੱਧ ਨੇ ਕਿਹਾ, “ਔਰਤ ਸਭ ਤੋਂ ਪਵਿੱਤਰ ਹੈ।” ਇਸੇ ਤਰ੍ਹਾਂ ਮਹਾਮਾਨਵ ਬੁੱਧ ਨੂੰ ਪੁੱਛਿਆ, “ਦੁਨੀਆਂ ਵਿਚ ਸਭ ਤੋਂ ਵਧੀਆ ਸਾਥ ਕਿਸ ਦਾ ਹੈ?” ਉਨ੍ਹਾਂ ਕਿਹਾ, ਪਤੀ ਅਤੇ ਭਾਰੀਆ (ਪਾਲੀ ਭਾਸ਼ਾ ਵਿਚ ਘਰ ਵਾਲੀ) ਦਾ ਸਾਥ ਸਭ ਤੋਂ ਵਧੀਆ ਸਾਥ ਹੈ।
“ਉਹ ਕਿਵੇਂ?”
ਮਹਾਤਮਾ ਬੁੱਧ ਨੇ ਜਬਾਬ ਦਿੱਤਾ, “ਮਾਂ ਆਪਣੇ ਪੁੱਤਰ ਅਤੇ ਪੁਤਰੀ ਨੂੰ ਨੌਂ ਮਹੀਨੇ ਪੇਟ ਵਿਚ ਰੱਖਦੀ ਹੈ, ਮਲ-ਮੂਤਰ ਸਾਫ ਕਰਦੀ ਹੈ ਪਰ ਕੁਛ ਉਮਰ ਪਿਛੋਂ ਸ਼ਰਮ ਦਾ ਪਰਦਾ ਵਿਚ ਆ ਜਾਂਦਾ ਹੈ, ਦੋਨੋਂ ਅਲੱਗ ਕਮਰੇ ਵਿਚ ਜਾ ਕੇ ਬਸਤਰ ਬਦਲਦੇ ਹਨ। ਇਸੇ ਹੀ ਤਰ੍ਹਾਂ ਬਾਪ ਦਾ ਰਿਸ਼ਤਾ ਹੈ। ਜਿਨ੍ਹਾਂ ਬੱਚਿਆਂ ਨੂੰ ਉਹ ਨੰਗੇ ਖੇਡਦੇ ਦੇਖਦਾ ਹੈ, ਉਹ ਬੱਚੇ 6-7 ਸਾਲ ਦੇ ਹੋਣ ‘ਤੇ ਅਲੱਗ ਜਾ ਕੇ ਕੱਪੜੇ ਬਦਲਦੇ ਹਨ। ਭੈਣ, ਭਰਾ ਅਤੇ ਬਾਕੀ ਸਾਰੇ ਰਿਸ਼ਤੇ ਇਸ ਤਰ੍ਹਾਂ ਹੀ ਹਨ ਪਰ ਪਤੀ ਅਤੇ ਭਾਰੀਆ ਦਾ ਰਿਸ਼ਤਾ ਜਿਵੇਂ ਪਹਿਲੇ ਦਿਨ ਤੋਂ ਸ਼ੁਰੂ ਹੁੰਦਾ ਹੈ, ਮਰਦੇ ਦਮ ਤੱਕ ਉਸੇ ਹੀ ਤਰ੍ਹਾਂ ਰਹਿੰਦਾ ਹੈ। ਪਤੀ ਆਪਣੀ ਭਾਰੀਆਂ ਨੂੰ ਅਤੇ ਭਾਰੀਆ ਆਪਣੇ ਪਤੀ ਨੂੰ ਹੀ ਦੱਸ ਸਕਦਾ ਹੈ ਕਿ ਉਸ ਦੇ ਸਰੀਰ ਦੇ ਕਿਸ ਗੁਪਤ ਅੰਗ ਵਿਚ ਦਰਦ ਹੈ।”
ਚੰਦਰਗੁਪਤ ਮੋਰੀਆ ਤੋਂ ਲੈ ਕੇ ਹਰਸ਼ ਵਰਧਨ, ਜੋ 647 ਈਸਵੀ ਵਿਚ ਪੂਰੇ ਹੋਏ, ਤੱਕ ਜੰਬੂਦੀਪ ਵਿਚ ਔਰਤ ਪੂਰੀ ਤਰ੍ਹਾਂ ਆਜ਼ਾਦ ਸੀ, ਬੁੱਧ ਧਰਮ ਨੂੰ ਤਾਂ ਬ੍ਰਾਹਮਣਾਂ ਨੇ ਬਹੁਤ ਸਾਰੀਆਂ ਸਾਜਿਸ਼ਾਂ ਰਚ ਕੇ ਉਸ ਦੀ ਜਨਮ ਭੂਮੀ ਜੰਬੂਦੀਪ ਤੋਂ ਅਲੋਪ ਕਰ ਦਿੱਤਾ ਅਤੇ ਬਾਅਦ ਵਿਚ ਆਪਣੇ ਸਾਰੇ ਧਰਮ ਗ੍ਰੰਥਾਂ ਵਿਚ ਔਰਤ ਉਤੇ ਹਰ ਤਰ੍ਹਾਂ ਦੀ ਗੁਲਾਮੀ ਦੇ ਆਦੇਸ਼ ਲਿਖ ਦਿੱਤੇ।
ਈਸਾਈ ਧਰਮ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਅਮੀਰ ਧਰਮ ਹੈ। ਇਸ ਵਿਚ ਔਰਤ ਨੂੰ ਮਰਦ ਦੇ ਬਰਾਬਰ ਹੱਕ ਨਹੀਂ ਹਨ। ਔਰਤ ਇਸ ਧਰਮ ਵਿਚ ਬਰਾਬਰੀ ਪਾਉਣ ਲਈ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ। ਅੱਜ ਵੀ ਈਸਾਈ ਧਰਮ ਵਿਚ ਔਰਤ ਨੂੰ ਬਰਾਬਰੀ ਹਾਸਲ ਨਹੀਂ ਹੈ। ਨਵੰਬਰ 2016 ਵਿਚ ਬੜੇ ਸੰਘਰਸ਼ ਤੋਂ ਬਾਅਦ ਔਰਤ ਨੂੰ ਬਿਸ਼ਪ ਬਣਨ ਦਾ ਹੱਕ ਦਿੱਤਾ ਗਿਆ, ਹਾਲੇ ਵੀ ਇਸ ਧਰਮ ਵਿਚ ਔਰਤ ਕਾਰਡੀਨਲ ਅਤੇ ਪੋਪ ਨਹੀਂ ਬਣ ਸਕਦੀ।
ਇਸਲਾਮ ਵਿਚ ਤਾਂ ਔਰਤ ਨੂੰ ਮਸਜਿਦ ਵਿਚ ਜਾਣ ਦੀ ਮਨਾਹੀ ਹੈ। ਔਰਤ ਧਰਮ ਪ੍ਰਚਾਰਕ (ਮੌਲਵੀ ਜਾਂ ਕੋਈ ਵੀ ਪਦਵੀ) ਨਹੀਂ ਬਣ ਸਕਦੀ। ਮਰਦ ਜੋ ਮਨ ਚਾਹੇ ਕੱਪੜੇ ਪਹਿਨੇ, ਪਰ ਔਰਤ ਨੂੰ ਬੁਰਕੇ ਵਿਚ ਕੇਵਲ ਅੱਖਾਂ ਹੀ ਨੰਗੀਆਂ ਰੱਖਣੀਆਂ ਹਨ। ਬੰਬਈ ਫਿਲਮ ਇੰਡਸਟਰੀ ਵਲੋਂ ਬਣੀ ਫਿਲਮ ‘ਤਲਾਕ’ ਵਿਚ ਕਾਫੀ ਕੁਝ ਬਿਆਨ ਕੀਤਾ ਹੋਇਆ ਹੈ।
ਪਹਿਲੇ ਮੁਗਲ ਬਾਦਸ਼ਾਹ ਬਾਬਰ ਦੇ ਰਾਜ ਤੋਂ ਲੈ ਕੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਤੱਕ ਕਿਸੇ ਵੀ ਬ੍ਰਾਹਮਣ ਲੇਖਕ ਨੇ ਇਹ ਨਹੀਂ ਲਿਖਿਆ ਕਿ “ਸਾਡੇ ਦੇਸ਼ ਵਿਚ ਵਿਦੇਸ਼ੀਆਂ ਦਾ ਰਾਜ ਹੈ, ਐ ਦੇਸ਼ ਦੇ ਨੌਜਵਾਨੋ ਉਠੋ ਅਤੇ ਦੇਸ਼ ਨੂੰ ਵਿਦੇਸ਼ੀਆਂ ਦੇ ਰਾਜ ਤੋਂ ਮੁਕਤ ਕਰਾਓ।” ਮੁਗਲਾਂ ਦੇ ਰਾਜ ਵਿਚ ਜਦੋਂ ਅਕਬਰ ਦਾ ਰਾਜ ਸੀ ਤਾਂ ਅਬਲਾ ਨਾਰੀ ਬਾਰੇ ਇਨ੍ਹਾਂ ਦੇ ਵਿਦਵਾਨ ਲੇਖਕ ਗੌਸਵਾਮੀ ਤੁਲਸੀ ਦਾਸ ਲਿਖਦੇ ਹਨ, “ਢੋਲ, ਗਵਾਰ, ਸ਼ੂਦਰ, ਪਸੂ, ਨਾਰੀ ਪਾਂਚੋਂ ਤਾੜਨ ਕੇ ਅਧਿਕਾਰੀ।” ਇਨ੍ਹਾਂ ਯੂਰੇਸ਼ੀਅਨਾਂ ਨੇ ਜੰਬੂਦੀਪ ਦੇ ਮੂਲਨਿਵਾਸੀਆਂ ਬਾਰੇ ਕਿਹੋ ਜਿਹੇ ਨਫਰਤ ਭਰੇ ਲਫਜ਼ ਲਿਖੇ, “ਪੂਜੀਏ ਬਿਪਰ ਸ਼ੀਲ ਗੁਣ ਹੀਨਾ, ਨਹੀਂ ਸ਼ੂਦਰ ਗੁਣ ਗਿਆਨ ਪ੍ਰਵੀਨਾ।” ਭਾਵ ਬ੍ਰਾਹਮਣ ਦੀ ਪੂਜਾ ਕਰੋ, ਚਾਹੇ ਉਹ ਕਿੰਨਾ ਵੀ ਬਦਚਲਨ ਕਿਉਂ ਨਾ ਹੋਵੇ, ਪਰ ਸ਼ੂਦਰ ਦੀ ਕਦੀ ਵੀ ਪੂਜਾ ਨਾ ਕਰੋ ਚਾਹੇ ਉਹ ਕਿੰਨਾ ਵੀ ਚਰਿਤਰਵਾਨ ਹੋਵੇ।
ਹਿੰਦੂ ਧਰਮ ਦੇ ਕਾਨੂੰਨ ਦੀ ਕਿਤਾਬ ਮਨੂੰ ਸਿਮਰਤੀ ਤਾਂ ਔਰਤ ਅਤੇ ਸ਼ੂਦਰਾਂ ਨੂੰ ਕਿਵੇਂ ਗੁਲਾਮ ਬਣਾ ਕੇ ਰੱਖਣਾ ਹੈ, ਬਾਰੇ ਭਰੀ ਪਈ ਹੈ। ਰਮਾਇਣ ਵਿਚ ਸੀਤਾ ਨੂੰ ਰਾਵਣ ਕੋਲੋਂ ਵਾਪਸ ਆਉਣ ਪਿਛੋਂ ਉਸ ਵਿਚਾਰੀ ਨੂੰ ਆਪਣੀ ਪਵਿੱਤਰਤਾ ਸਿੱਧ ਕਰਨ ਲਈ ਅਗਨੀ ਪ੍ਰੀਖਿਆ ਦੇਣੀ ਪਈ, ਪਰ ਰਾਮ ਚੰਦਰ ਨੇ ਆਪਣੀ ਪ੍ਰੀਖਿਆ ਕਿਉਂ ਨਾ ਦਿੱਤੀ? ਉਹ ਵੀ ਤਾਂ ਸੀਤਾ ਤੋਂ ਬਿਨਾ ਇੰਨਾ ਲੰਮਾ ਸਮਾਂ ਰਿਹਾ ਸੀ! ਇੱਥੇ ਹੀ ਗੱਲ ਖਤਮ ਨਹੀਂ ਹੋਈ, ਫਿਰ ਵੀ ਮੌਕਾ ਮਿਲਣ ‘ਤੇ ਸੀਤਾ ਨੂੰ ਗਰਭਵਤੀ ਹਾਲਤ ਵਿਚ ਉਸ ਦੇ ਮਾਂ-ਬਾਪ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਨਹੀਂ, ਸਗੋਂ ਜੰਗਲਾਂ ਵਿਚ ਭੇਜ ਦਿੱਤਾ। ਸਭ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੰਗਲ ਵਿਚ ਸ਼ੇਰ, ਚੀਤੇ, ਬਘਿਆੜ, ਲੱਕੜਬੱਘਾ ਆਦਿ ਖਤਰਨਾਕ ਜਾਨਵਰ ਹੁੰਦੇ ਹਨ। ਮਹਾਭਾਰਤ ਵਿਚ ਵਿਚਾਰੀ ਦਰੋਪਤੀ ਨੇ ਤਾਂ ਅਰਜਨ ਨਾਲ ਵਿਆਹ ਕੀਤਾ ਸੀ, ਪਰ ਉਸ ਨੂੰ ਪੰਜਾਂ ਹੀ ਭਰਾਵਾਂ ਦੀ ਕਾਮਵਾਸਨਾ ਦਾ ਸ਼ਿਕਾਰ ਹੋਣਾ ਪਿਆ। ਇਸ ਵਿਸ਼ੇ ‘ਤੇ ਬਹੁਤ ਵੱਡੀ ਕਿਤਾਬ ਲਿਖੀ ਜਾ ਸਕਦੀ ਹੈ, ਪਰ ਇਹ ਹੀ ਕਾਫੀ ਹੈ। ਜਿਉਂ ਹੀ ਜੰਬੂਦੀਪ ਵਿਚੋਂ ਬੁੱਧ ਧਰਮ ਅਲੋਪ ਹੋਇਆ, ਔਰਤ ਦੀ ਗੁਲਾਮੀ ਦੇ ਦਿਨ ਸ਼ੁਰੂ ਹੋ ਗਏ।
ਵਿਸ਼ਵ ਰਤਨ ਬਾਬਾ ਸਾਹਿਬ ਡਾ. ਅੰਬੇਡਕਰ, ਜੋ ਸਾਕੀਆ ਮੁਨੀ ਗੌਤਮ ਬੁੱਧ, ਸੰਤ ਕਬੀਰ, ਮਹਾਤਮਾ ਜਿਓਤੀ ਰਾਓ ਫੂਲੇ ਆਦਿ ਮਹਾਪੁਰਸ਼ਾਂ ਦੀ ਸਿੱਖਿਆ ਨੂੰ ਮੰਨਣ ਵਾਲੇ ਸਨ, ਭਾਰਤ ਦੀ ਹਰ ਨਾਰੀ ਨੂੰ ਇਸ ਨਾਰੀ ਦਿਵਸ ਉਤੇ ਉਨ੍ਹਾਂ ਨੂੰ ਜਰੂਰ ਆਦਰ, ਸਤਿਕਾਰ ਨਾਲ ਸ਼ਰਧਾ ਭੇਟ ਕਰਨੀ ਚਾਹੀਦੀ ਹੈ। ਅੱਜ ਭਾਰਤ ਵਿਚ ਹਰ ਔਰਤ ਨੂੰ ਜੇ ਇਨਸਾਨੀ ਹੱਕ ਮਿਲੇ ਹਨ ਤਾਂ ਉਹ ਕੇਵਲ ਤੇ ਕੇਵਲ ਇਸ ਮਹਾਪੁਰਸ਼ ਦੀ ਜੱਦੋਜਹਿਦ ਦਾ ਨਤੀਜਾ ਹੈ।
ਭਾਰਤ ਦੇ ਇਤਿਹਾਸ ਵਿਚ ਔਰਤ ਦੀ ਕੀ ਸਥਿਤੀ ਸੀ? ਮਰਦ ਕਿੰਨਾ ਵੀ ਬੁਰਾ ਹੋਵੇ, ਔਰਤ ਉਸ ਨੂੰ ਛੱਡ ਨਹੀਂ ਸੀ ਸਕਦੀ, ਮਰਦ ਜਦੋਂ ਮਨ ਚਾਹੇ ਔਰਤ ਨੂੰ ਆਪਣੀ ਜਾਇਦਾਦ ਵਿਚੋਂ ਫੁੱਟੀ ਕੌਡੀ ਦਿੱਤੇ ਬਿਨਾ ਘਰੋਂ ਬਾਹਰ ਕੱਢ ਸਕਦਾ ਸੀ। ਪਿਤਾ ਦੀ ਜਾਇਦਾਦ ਵਿਚੋਂ ਬੇਟੇ ਹੀ ਹੱਕਦਾਰ ਸਨ, ਬੇਟੀ ਨੂੰ ਕੋਈ ਵੀ ਹੱਕ ਨਹੀਂ ਸੀ। ਪਤਨੀ ਮਰਨ ਤੋਂ ਬਾਅਦ ਪਤੀ ਸ਼ਮਸ਼ਾਨਘਾਟ ਤੋਂ ਉਸ ਸਮੇਂ ਤੱਕ ਵਾਪਸ ਨਹੀਂ ਸੀ ਆ ਸਕਦਾ, ਜਦੋਂ ਤੱਕ ਉਸ ਦੀ ਮੰਗਣੀ ਨਹੀਂ ਸੀ ਹੋ ਜਾਂਦੀ, ਪਰ ਪਤੀ ਮਰ ਜਾਵੇ ਤਾਂ ਪਤਨੀ ਨੂੰ ਅੱਗ ਵਿਚ ਸੜ੍ਹ ਕੇ ਸਤੀ ਹੋਣਾ ਪੈਂਦਾ ਜਾਂ ਬਾਕੀ ਸਾਰੀ ਉਮਰ, ਵਾਲ ਕਟਵਾ ਕੇ, ਚਿੱਟੇ ਕੱਪੜੇ ਪਾ ਕੇ ਪਸੂਆਂ ਵਾਲੇ ਮਕਾਨ ਵਿਚ ਰਹਿਣਾ ਪੈਂਦਾ, ਉਸ ਨੂੰ ਕਿਸੇ ਵੀ ਧਾਰਮਕ ਰੀਤੀ-ਰਿਵਾਜ ਆਦਿ ਵਿਚ ਹਿੱਸਾ ਲੈਣ ਦਾ ਕੋਈ ਹੱਕ ਨਹੀਂ ਸੀ। ਬੰਗਾਲ ਤੋਂ ਰਾਜਾ ਰਾਮ ਮੋਹਨ ਰਾਏ ਨੇ ਬਚਪਨ ਵਿਚ ਆਪਣੇ ਵੱਡੇ ਭਰਾ ਦੀ ਮੌਤ ਪਿਛੋਂ ਆਪਣੀ ਵੱਡੀ ਭਰਜਾਈ ਨੂੰ ਬ੍ਰਾਹਮਣਾਂ ਵਲੋਂ ਜ਼ਬਰਦਸਤੀ ਬਲਦੀ ਚਿਤਾ ਵਿਚ ਸੁਟਦਿਆਂ ਦੇਖਿਆ ਸੀ। ਉਨ੍ਹਾਂ ਨੇ ਇੰਗਲੈਂਡ ਜਾ ਕੇ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਕਿ ਇਸ ਵਹਿਸ਼ੀਪਣੇ ਨੂੰ ਹਰ ਹਾਲਤ ਰੋਕਿਆ ਜਾਵੇ ਤਾਂ ਗਵਰਨਲ ਜਨਰਲ ਲਾਰਡ ਵਿਲੀਅਮ ਵੈਂਟਿਨਕ ਨੇ 4 ਦਸੰਬਰ 1828 ਨੂੰ ਬੰਗਾਲ ਸਤੀ ਕਾਨੂੰਨ ਸਾਰੇ ਭਾਰਤ ਵਿਚ ਲਾਗੂ ਕਰਾਇਆ। ਜਿੱਥੇ ਵੀ ਕੋਈ ਸ਼ਾਦੀ-ਸ਼ੁਦਾ ਹਿੰਦੂ ਮਰ ਜਾਂਦਾ ਤਾਂ ਉਥੇ ਫੌਜ ਨੂੰ ਭੇਜ ਕੇ ਔਰਤ ਦੀ ਹਿਫਾਜ਼ਤ ਕਰਦਾ।
ਡਾ. ਅੰਬੇਡਕਰ ਨੇ ਹਿੰਦੂ ਕੋਡ ਬਿੱਲ ਬਣਾ ਕੇ ਔਰਤ ਨੂੰ ਸਾਰੇ ਹੱਕ ਲੈ ਕੇ ਦਿੱਤੇ। ਜਦੋਂ ਬਾਬਾ ਸਾਹਿਬ ਹਿੰਦੂ ਕੋਡ ਬਿੱਲ ਲਿਖ ਰਹੇ ਸਨ ਤਾਂ ਉਨ੍ਹਾਂ ਦੀ ਕੋਠੀ ਵਿਚ ਰਹਿੰਦੇ ਸੋਹਨ ਲਾਲ ਸ਼ਾਸਤਰੀ ਨੇ ਪੁੱਛਿਆ, “ਬਾਬਾ ਸਾਹਿਬ, ਹਿੰਦੂ ਕੋਡ ਬਿੱਲ ਬਣਾਉਣ ਦਾ ਕੀ ਫਾਇਦਾ ਹੋਵੇਗਾ?” ਬਾਬਾ ਸਾਹਿਬ ਨੇ ਮੁਸਕਰਾ ਕੇ ਜਬਾਬ ਦਿੱਤਾ, “ਸੋਹਣ ਲਾਲ, ਅੱਗੇ ਤੋਂ ਕੋਈ ਰਾਮ, ਗਰਭਵਤੀ ਸੀਤਾ ਨੂੰ ਘਰੋਂ ਨਹੀਂ ਕੱਢ ਸਕੇਗਾ।”
ਇਸ ਹਿੰਦੂ ਕੋਡ ਬਿੱਲ ਨੂੰ ਜਦੋਂ ਬਾਬਾ ਸਾਹਿਬ ਨੇ ਪਾਰਲੀਮੈਂਟ ਵਿਚ ਪੇਸ਼ ਕੀਤਾ ਤਾਂ ਬ੍ਰਾਹਮਣਾਂ ਨੇ ਇਸ ਨੂੰ ਹਿੰਦੂ ਕੋਡ ਬਿੱਲ ਨਹੀਂ, ‘ਹਿੰਦੂ ਕੋੜ੍ਹ ਬਿੱਲ’ ਕਿਹਾ। ਜਵਾਹਰ ਲਾਲ ਨਹਿਰੂ ਨੇ ਬਾਬਾ ਸਾਹਿਬ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਨੂੰ ਪਾਸ ਕਰਾਉਣ ਲਈ ਪੂਰਾ ਸਹਿਯੋਗ ਦੇਣਗੇ। ਇਹ ਉਨ੍ਹਾਂ ਨੇ ਸ਼ਾਇਦ ਆਪਣੀ ਇਕਲੌਤੀ ਬੇਟੀ ਹੋਣ ਕਰਕੇ ਹੀ ਕਿਹਾ ਹੋਵੇ! ਪਰ ਮੌਕਾ ਆਉਣ ‘ਤੇ ਨਹਿਰੂ ਨੇ ਸਾਥ ਨਾ ਦਿੱਤਾ। ਬਾਬਾ ਸਾਹਿਬ ਨੇ ਕਿਸੇ ਹਿੰਦੂ ਨੂੰ ਇਹ ਬਿੱਲ ਕੁਛ ਸੋਧ ਕਰਕੇ ਪੇਸ਼ ਕਰਨ ਲਈ ਦੇ ਦਿੱਤਾ, ਬਿੱਲ ਪਾਸ ਹੋ ਗਿਆ। ਬਾਬਾ ਸਾਹਿਬ ਨੇ ਇਸ ਬਿੱਲ ਨੂੰ ਨਾ ਪਾਸ ਕਰਨ ਦੇ ਵਿਰੋਧ ਵਿਚ ਆਪਣੇ ਕਾਨੂੰਨ ਮੰਤਰੀ ਪੱਦ ਤੋਂ ਅਸਤੀਫਾ ਦੇ ਦਿੱਤਾ।
ਇਸ ਹਿੰਦੂ ਕੋਡ ਬਿੱਲ ਰਾਹੀਂ ਔਰਤ ਨੂੰ ਉਸ ਦੇ ਪਤੀ ਵਲੋਂ ਛੱਡਣ ‘ਤੇ ਪਤਨੀ ਨੂੰ ਸਾਰੀ ਜਾਇਦਾਦ ਵਿਚੋਂ ਅੱਧਾ ਹਿੱਸਾ ਮਿਲਦਾ, ਔਰਤ ਦੂਸਰੀ ਸ਼ਾਦੀ ਕਰ ਸਕਦੀ ਹੈ। ਪਤੀ ਬਦਚਲਣ, ਸ਼ਰਾਬੀ, ਜੂਏਬਾਜ ਹੋਵੇ ਤਾਂ ਪਤਨੀ ਵੀ ਪਤੀ ਨੂੰ ਛੱਡ ਸਕਦੀ ਹੈ। ਬਾਪ ਦੀ ਜਾਇਦਾਦ ਵਿਚੋਂ ਵੀ ਬੇਟੀ ਨੂੰ ਬੇਟਿਆਂ ਦੇ ਬਰਾਬਰ ਹਿੱਸਾ ਮਿਲਦਾ ਹੈ। ਜਿਸ ਵੋਟ ਦੇ ਹੱਕ ਨੂੰ ਲੈਣ ਲਈ ਸੌ ਸਾਲ ਪਹਿਲਾਂ ਯੂ. ਕੇ. ਵਿਚ ਸੈਂਕੜੇ ਔਰਤਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ, ਭਾਰਤ ਵਿਚ ਉਹ ਹੱਕ ਹਰ ਨਾਰੀ ਨੂੰ ਬਾਬਾ ਸਾਹਿਬ ਨੇ ਕਲਮ ਦੀ ਤਾਕਤ ਨਾਲ ਹੀ ਲੈ ਕੇ ਦਿੱਤਾ। ਅੱਜ ਜਿੰਨੀ ਤਾਕਤ ਸੋਨੀਆ ਗਾਂਧੀ ਦੀ ਵੋਟ ਦੀ ਹੈ, ਉਨੀ ਹੀ ਤਾਕਤ ਇੱਕ ਪਿੰਡ ਦੀ ਅਨਪੜ੍ਹ ਔਰਤ ਦੀ ਵੋਟ ਦੀ ਹੈ। ਜਦੋਂ ਬਾਬਾ ਸਾਹਿਬ ਅੰਗਰੇਜ਼ਾਂ ਦੀ ਸਰਕਾਰ ਵਿਚ ਲੇਬਰ ਮੈਂਬਰ ਸਨ ਤਾਂ ਬਾਬਾ ਸਾਹਿਬ ਨੇ ਕੋਇਲੇ ਦੀਆਂ ਖਾਨਾਂ ਵਿਚ ਔਰਤਾਂ ਦੇ ਕੰਮ ਕਰਨ ਉਤੇ ਪਾਬੰਦੀ ਲਾ ਦਿੱਤੀ ਸੀ, ਕਿਉਂਕਿ ਔਰਤ ਦਾ ਪੇਟ ਬਹੁਤ ਨਾਜ਼ਕ ਹੁੰਦਾ ਹੈ, ਜਿਸ ਵਿਚ ਬੱਚਾ ਪਲਦਾ ਹੈ। ਕੋਇਲੇ ਦੀ ਖਾਨ ਵਿਚ ਕੰਮ ਕਰਨ ਨਾਲ ਬਹੁਤ ਕੋਇਲਾ ਅੰਦਰ ਜਾਂਦਾ ਹੈ, ਜੋ ਔਰਤ ਅਤੇ ਬੱਚੇ ਲਈ ਬਹੁਤ ਖਤਰਨਾਕ ਹੈ। ਯੂ. ਕੇ. ਵਿਚ 15-20 ਸਾਲ ਪਹਿਲਾਂ ਹੀ ਔਰਤ ਨੂੰ ਬੱਚੇ ਦਾ ਜਨਮ ਹੋਣ ਤੋਂ ਪਹਿਲਾਂ ਤੇ ਬਾਅਦ ਵਿਚ ਤਨਖਾਹ ਸਮੇਤ ਛੁੱਟੀ ਸ਼ੁਰੂ ਕੀਤੀ ਗਈ ਸੀ, ਡਾ. ਅੰਬੇਡਕਰ ਨੇ 1942 ਵਿਚ ਅੰਗਰੇਜ਼ ਸਰਕਾਰ ਵਿਚ ਲੇਬਰ ਦੇ ਮੈਂਬਰ ਬਣਨ ਪਿਛੋਂ ਭਾਰਤ ਵਿਚ ਔਰਤ ਨੂੰ ਇਹ ਹੱਕ ਦੇ ਦਿੱਤੇ ਸਨ।
ਇੰਡੀਆ ਦੀ ਆਜ਼ਾਦੀ ਤੋਂ ਬਾਅਦ ਕਾਨੂੰਨ ਵਿਚ ਸਭ ਹੱਕ ਹੋਣ ਦੇ ਬਾਵਜੂਦ ਔਰਤ ਜੁਲਮ ਦੀ ਚੱਕੀ ਵਿਚ ਪਿਸ ਰਹੀ ਹੈ। ਹਰ 20 ਮਿੰਟ ਬਾਅਦ ਉਥੇ ਔਰਤ ਨਾਲ ਬਲਾਤਕਾਰ ਹੋ ਰਿਹਾ ਹੈ, ਬਲਾਤਕਾਰ ਕਰਨ ਵਾਲੇ ਮਨਿਸਟਰਾਂ, ਐਮ. ਪੀ., ਐਮ. ਐਲ਼ ਏ. ਆਦਿ ਦੇ ਭਰਾ, ਬੇਟੇ, ਭਤੀਜੇ, ਭਾਣਜੇ ਹੋਣ ਕਰਕੇ ਉਨ੍ਹਾਂ ਖਿਲਾਫ ਕੋਈ ਸਖਤ ਕਾਨੂੰਨ ਨਹੀਂ ਬਣ ਰਹੇ, ਕਿਉਂਕਿ ਇਨ੍ਹਾਂ ਦੀਆਂ ਪਤਨੀਆਂ, ਧੀਆਂ, ਭੈਣਾਂ ਆਦਿ ਤਾਂ ਏਅਰ ਕੰਡੀਸ਼ਨ ਕਾਰਾਂ ਵਿਚ ਘੁੰਮਦੀਆਂ ਹਨ। ਬਾਬਾ ਸਾਹਿਬ ਦੁਆਰਾ ਬਣਾਇਆ ਹਿੰਦੂ ਕੋਡ ਬਿੱਲ ਨਾ ਹੁੰਦਾ ਤਾਂ ਇੰਦਰਾ ਗਾਂਧੀ ਕਦੀ ਵੀ ਪ੍ਰਾਈਮ ਮਨਿਸਟਰ ਨਾ ਬਣਦੀ!
ਇੱਕੀਵੀਂ ਸਦੀ ਵਿਚ ਮਰਦਾਂ ਦੇ ਬਰਾਬਰ ਇੰਡੀਆ ਵਿਚ ਇੱਕ ਹਜ਼ਾਰ ਮਰਦ ਪਿੱਛੇ ਔਰਤਾਂ ਦੀ ਗਿਣਤੀ ਘੱਟ ਹੈ, 2011 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਖ ਅਤੇ ਜੈਨ ਧਰਮ ਵਿਚ 1,000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ ਬਾਕੀ ਧਰਮਾਂ ਨਾਲੋਂ ਸਭ ਤੋਂ ਘੱਟ ਹੈ। ਈਸਾਈ ਧਰਮ ਵਿਚ ਲੜਕੀਆਂ ਦੀ ਗਿਣਤੀ ਬਾਕੀ ਸਭ ਧਰਮਾਂ ਤੋਂ ਵੱਧ ਹੈ। 2011 ਦੀ ਮਰਦਮ ਸ਼ੁਮਾਰੀ ਅਨੁਸਾਰ ਇਕ ਹਜ਼ਾਰ ਲੜਕਿਆਂ ਪਿਛੇ 0 ਤੋਂ 6 ਸਾਲ ਦੀ ਉਮਰ ਦੀਆਂ ਲੜਕੀਆਂ ਦਾ ਅਨੁਪਾਤ ਇਸ ਤਰ੍ਹਾਂ ਹੈ:
ਸਿੱਖ ਧਰਮ: 828
ਜੈਨ ਧਰਮ: 889
ਹਿੰਦੂ ਧਰਮ: 913
ਬੁੱਧ ਧਰਮ: 933
ਇਸਲਾਮ: 943
ਈਸਾਈ ਧਰਮ: 958
ਸਹੀ ਲਫਜ਼ਾਂ ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਭਾਰਤ ਦੀ ਹਰ ਨਾਰੀ ਦੇ ਮੁਕਤੀ ਦਾਤਾ ਹਨ। ਅੱਜ ਭਾਰਤ ਦੇਸ਼ ਦੀਆਂ ਔਰਤਾਂ ਨੂੰ ਸਹੀ ਲਫਜ਼ਾਂ ਵਿਚ ਜੇ ਕਿਸੇ ਮਹਾਪੁਰਸ਼ ਦੇ ਗੁਣਗਾਣ ਕਰਨੇ ਚਾਹੀਦੇ ਹਨ ਤਾਂ ਉਹ ਕੇਵਲ ਡਾ. ਅੰਬੇਡਕਰ ਹੀ ਹਨ।