ਭਾਰਤੀ ਫੌਜ ਨੇ ਪਾਕਿਸਤਾਨ ਅੰਦਰ ਕੀਤੀ ਮਾਰ

ਦਹਿਸ਼ਤੀ ਕੈਂਪ ਉਡਾਉਣ ਤੇ ਪੁਲਵਾਮਾ ਹਮਲੇ ਦਾ ਬਦਲਾ ਲੈਣ ਦਾ ਦਾਅਵਾ
ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਸਰਹੱਦ ਉਲੰਘ ਕੇ ਕੀਤੇ ਹਵਾਈ ਹਮਲੇ ਵਿਚ 350 ਅਤਿਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਭਾਰਤ ਨੇ ਇਹ ਕਾਰਵਾਈ ਪੁਲਵਾਮਾ ਵਿਚ 14 ਫਰਵਰੀ ਨੂੰ ਅਤਿਵਾਦੀਆਂ ਵਲੋਂ ਸੀæਆਰæਪੀæਐਫ਼ ਦੇ ਕਾਫਲੇ ਉਤੇ ਹਮਲਾ ਕਰਕੇ 42 ਜਵਾਨਾਂ ਦੀ ਹੱਤਿਆ ਦੇ ਬਦਲੇ ਵਜੋਂ ਕੀਤੀ ਹੈ। ਇਸ ਹਮਲੇ ਪਿੱਛੋਂ ਦੋਵੇਂ ਮੁਲਕ ਇਕ ਦੂਜੇ ਦੇ ਖੁੱਲ੍ਹ ਕੇ ਆਹਮੋ-ਸਾਹਮਣੇ ਹਨ। ਭਾਰਤੀ ਫੌਜ ਨੇ ਪਾਕਿਸਤਾਨ ਦੇ 88 ਕਿਲੋਮੀਟਰ ਅੰਦਰ ਜਾ ਕੇ ਹਮਲਾ ਕੀਤਾ। ਹਮਲੇ ਵਿਚ 12 ਮਿਰਾਜ-2000 ਜਹਾਜ਼ਾਂ ਦੀ ਵਰਤੋਂ ਕੀਤੀ ਗਈ।

ਜਾਣਕਾਰੀ ਅਨੁਸਾਰ, ਇਸ ਹਮਲੇ ਦੀ ਰਣਨੀਤੀ 18 ਫਰਵਰੀ ਨੂੰ ਹੀ ਬਣ ਗਈ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਨੂੰ ਕੋਈ ਵੀ ਕਾਰਵਾਈ ਕਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। ਭਾਰਤੀ ਫੌਜ ਉਤੇ ਹਮਲੇ ਤੋਂ ਤੁਰੰਤ ਬਾਅਦ ਮੋਦੀ ਸਰਕਾਰ ਨੇ ਇਸ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਦਿੱਤਾ ਸੀ; ਹਾਲਾਂਕਿ ਪਾਕਿਸਤਾਨ ਨੇ ਇਹ ਦੋਸ਼ ਮੁੱਢੋਂ ਰੱਦ ਕਰਦਿਆਂ ਸਬੂਤ ਦੇਣ ਦੀ ਗੱਲ ਆਖੀ ਸੀ। ਇਥੋਂ ਤੱਕ ਕਿ ਕਈ ਭਾਰਤੀ ਸਿਆਸਤਦਾਨਾਂ ਨੇ ਵੀ ਕਿਸੇ ਦੇਸ਼ ਨੂੰ ਧਰਮ ਜਾਂ ਜਾਤ ਦੇ ਨਾਮ ਉਤੇ ਅਤਿਵਾਦ ਨਾਲ ਜੋੜਨ ਉਤੇ ਇਤਰਾਜ਼ ਕੀਤਾ ਸੀ। ਇਨ੍ਹਾਂ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਸਨ ਪਰ ਅਜਿਹੇ ਆਗੂਆਂ ਨੂੰ ਦੇਸ਼ਧ੍ਰੋਹੀ ਕਹਿ ਕੇ ਇਨ੍ਹਾਂ ਦੀ ਆਲੋਚਨਾ ਕੀਤੀ ਗਈ।
ਦਰਅਸਲ, ਸਿਆਸੀ ਲਿਹਾਜ਼ ਤੋਂ ਮੋਦੀ ਸਰਕਾਰ ਨੂੰ ਇਹ ਕਾਰਵਾਈ ਕਰਨੀ ਹੀ ਪੈਣੀ ਸੀ। ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਬਣੀ ਅਤੇ ਕਰਤਾਰਪੁਰ ਲਾਂਘੇ ਦੇ ਰੂਪ ਵਿਚ ਭਾਰਤੀਆਂ (ਸਿੱਖਾਂ) ਨੂੰ ਵੱਡਾ ਤੋਹਫਾ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਜਿਸ ਤਰ੍ਹਾਂ ਜੰਗੀ ਪੱਧਰ ਉਤੇ ਕੰਮ ਹੋਇਆ, ਇਮਰਾਨ ਖਾਨ ਦੀ ਚਾਰੇ ਪਾਸੇ ਵਾਹ-ਵਾਹ ਹੋਈ। ਲੋਕ ਸਭਾ ਚੋਣਾਂ ਨੇੜੇ ਵੇਖ ਭਾਜਪਾ ਨੂੰ ਆਪਣੀ ਦੇਸ਼ ਭਗਤੀ ਦੀ ਮਿਸਾਲ ਦੇਣੀ ਹੀ ਪੈਣੀ ਸੀ। ਦਰਅਸਲ, ਭਾਜਪਾ 2014 ਵਿਚ ਸੱਤਾ ਸਾਂਭਣ ਤੋਂ ਲੈ ਕੇ ਵਿਕਾਸ ਦੇ ਨਾਅਰੇ ਨੂੰ ਅੱਗੇ ਰੱਖ ਮੈਦਾਨ ਵਿਚ ਉਤਰਦੀ ਰਹੀ ਸੀ ਪਰ ਜ਼ਿਮਨੀ ਚੋਣਾਂ ਵਿਚ ਲਗਾਤਾਰ ਹਾਰ ਤੋਂ ਬਾਅਦ ਵਿਕਾਸ ਦੀ ਥਾਂ ਦੇਸ਼ ਭਗਤੀ ਨੂੰ ਅੱਗੇ ਕਰਨਾ ਪਿਆ। ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਨੇ ਕਈ ਵੱਡੇ ਕਾਂਗਰਸੀ ਆਗੂਆਂ ਦੀਆਂ ਪਾਕਿਸਤਾਨੀ ਸਿਆਸੀ ਆਗੂਆਂ ਨਾਲ ਫੋਟੋਆਂ ਵਿਖਾ ਕੇ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਰਣਨੀਤੀ ਸਫਲ ਵੀ ਰਹੀ। ਹੁਣ ਪਾਕਿਸਤਾਨ ਖਿਲਾਫ ਕਾਰਵਾਈ ਪਿਛੋਂ ਫਿਰ ਹਰ ਪਾਸੇ ‘ਜੈ ਜੈ ਮੋਦੀ’ ਹੋਣੀ ਸ਼ੁਰੂ ਹੋ ਗਈ ਹੈ। ਇਥੋਂ ਤੱਕ ਹੀ ਵਿਰੋਧੀ ਧਿਰਾਂ ਵੀ ਭਾਜਪਾ ਸਰਕਾਰ ਦੀ ਇਸ ਕਾਰਵਾਈ ਦੇ ਹੱਕ ਵਿਚ ਖੜ੍ਹਨ ਲਈ ਮਜਬੂਰ ਹਨ।
ਇਸ ਨੂੰ ਮੋਦੀ ਦੀ ਦਲੇਰ ਕਾਰਵਾਈ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਭਾਰਤੀ ਫੌਜ ਨੇ ਪਾਕਿਸਤਾਨ ਦੇ 88 ਕਿਲੋਮੀਟਰ ਅੰਦਰ ਜਾ ਕੇ ਹਮਲਾ ਕੀਤਾ ਤੇ 350 ਅਤਿਵਾਦੀ ਮਾਰਨ ਦਾ ਦਾਅਵਾ ਕੀਤਾ। ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਸਾਲਾ ਯੂਸਫ ਅਜ਼ਹਰ ਵੀ ਮਾਰਿਆ ਗਿਆ। ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਧਮਾਕੇ ਭੂਚਾਲ ਵਾਂਗ ਸਨ। ਧਰਤੀ ਹਿੱਲ ਗਈ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਹਮਲੇ ਵਿਚ 12 ਮਿਰਾਜ-2000 ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਇਸ ਉਪਰੇਸ਼ਨ ਨੂੰ ਅੰਜਾਮ ਦੇਣ ਲਈ ਕਈ ਡ੍ਰੋਨ ਕੈਮਰਿਆਂ ਦੀ ਵੀ ਵਰਤੋਂ ਕੀਤੀ ਗਈ। ਇਨ੍ਹਾਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਇਹ ਹਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ‘ਚ ਬਾਲਾਕੋਟ ਵਿਚ ਕੀਤਾ ਗਿਆ। ਬਾਲਾਕੋਟ ਇਸਲਾਮਾਬਾਦ ਤੋਂ ਕਰੀਬ 160 ਕਿਲੋਮੀਟਰ ਦੂਰ ਹੈ। ਇਹ ਐਲ਼ਓæਸੀæ ਤੋਂ 88 ਕਿਲੋਮੀਟਰ ਦੂਰ ਹੈ।
_________________
ਸਰਹੱਦੀ ਪਿੰਡਾਂ ਵਿਚ ਫਿਕਰਮੰਦੀ
ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਦਹਿਸ਼ਤੀ ਕੈਂਪ ‘ਤੇ ਕੀਤੇ ਗਏ ਹਮਲੇ ਮਗਰੋਂ ਫਾਜ਼ਿਲਕਾ-ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ‘ਚ ਫ਼ਿਕਰਮੰਦੀ ਦਾ ਮਾਹੌਲ ਹੈ। ਹਮਲੇ ਤੋਂ ਬਾਅਦ ਕਿਸਾਨਾਂ ਨੇ ਸਰਹੱਦੀ ਪਿੰਡਾਂ ‘ਚੋਂ ਖੇਤੀ ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਡਰੰਮਾਂ ‘ਚੋਂ ਕਣਕ ਕੱਢ ਕੇ ਬੋਰੀਆਂ ਭਰ ਲਈਆਂ ਹਨ। ਪੁਲਿਸ ਤੇ ਫੌਜ ਨੇ ਮੁੱਖ ਸਰਹੱਦੀ ਸੜਕਾਂ ‘ਤੇ ਸਾਂਝੇ ਨਾਕੇ ਲਾਏ ਹਨ ਤੇ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ‘ਤੇ ਚੈਕਿੰਗ ਵਧ ਗਈ ਹੈ। ਭਾਰਤ-ਪਾਕਿ ਸਰਹੱਦ ਤੇ ਜੰਮੂ ਕਸ਼ਮੀਰ ਨਾਲ ਲੱਗਦੇ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਾਮਿਆਲ ਦੇ ਸਰਹੱਦੀ ਇਲਾਕਿਆਂ ਵਿਚ ਪੁਲਿਸ ਨਾਕਿਆਂ ‘ਤੇ ਵੀ ਪੁਲਿਸ ਚੌਕਸੀ ਵਧਾ ਦਿਤੀ ਗਈ ਹੈ। ਇਸ ਦੇ ਇਲਾਵਾ ਹਰ ਨਾਕੇ ‘ਤੇ ਭਾਰਤੀ ਫੌਜ ਦੀ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।